ਸਵੈਜੀਵਨੀ: ਛਾਂਗਿਆ ਰੁੱਖ (ਕਾਂਡ ਪਹਿਲਾ: ਸਵੈਜੀਵਨੀ ਲਿਖਣ ਦਾ ਸਬੱਬ)

ਛਾਂਗਿਆ ਰੁੱਖ (ਕਾਂਡ ਦੂਜਾ)
ਸਿੰਮ ਸਿੰਮ ਪਾਣੀਆਂ,
ਘੁੱਗੀ ਤਿਹਾਈ ਆ।

ਮੈਂ ਅਤੇ ਮੇਰੇ ਹਾਣੀ ਬਰਸਾਤਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਜ਼ਮੀਨ ਵਿਚ ਨਿੱਕੀਆਂ-ਨਿੱਕੀਆਂ ਖੁੱਤੀਆਂ ਪੁੱਟਦੇ ਹੋਏ ਉੱਪਰਲੀ ਤੁਕ ਵਾਰ-ਵਾਰ ਬੋਲਦੇ। ਦੇਖਦਿਆਂ ਹੀ ਦੇਖਦਿਆਂ ਇਹ ਪਾਣੀ ਨਾਲ ਭਰ ਜਾਂਦੀਆਂ। ਜਦੋਂ ਅੱਡੀ ਭਾਰ ਘੁੰਮਦੇ - ਛੋਟੀ ਜਿਹੀ ਗੋਲ ਖੁੱਤੀ ਪਾਣੀ ਨਾਲ ਨੱਕੋ-ਨੱਕ ਭਰ ਜਾਂਦੀ ਅਤੇ ਪਾਣੀ ਬਾਹਰ ਨੂੰ ਵਗਣ ਲੱਗ ਪੈਂਦਾ।

ਦਰਅਸਲ ਮਾਧੋਪੁਰ (ਜ਼ਿਲ੍ਹਾ ਜਲੰਧਰ) ਬਿਆਸ ਦਰਿਆ ਦੇ ਮੰਡ ਵਿਚ ਵਸੇ ਪਿੰਡਾਂ ਵਿੱਚੋਂ ਹੈ। ਪੰਜ-ਨਦ ਯਾਨੀ ਪੰਜ ਨਦੀਆਂ ਵਾਲੇ ਇਲਾਕੇ ਪੰਜਾਬ ਵਿਚ ਵਹਿੰਦਾ ਬਿਆਸ ਦਰਿਆ ਰੋਹਤਾਂਗ (ਕੁੱਲੂ) ਕੋਲੋਂ ਨਿਕਲ ਕੇ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ 290 ਮੀਲ ਦਾ ਪੈਂਡਾ ਤੈਅ ਕਰ ਕੇ ਕਪੂਰਥਲੇ ਦੀ ਹੱਦ ਉੱਤੇ ਸਤਲੁਜ ਦਰਿਆ ਵਿਚ ਜਾ ਰਲ਼ਦਾ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦਾ ਜਿੱਥੇ ਸੰਗਮ ਹੁੰਦਾ ਹੈ, ਉਸ ਨੂੰ 'ਹਰੀ ਕਾ ਪੱਤਣ' ਆਖਿਆ ਜਾਂਦਾ ਹੈ।

ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਜਿਉਂ-ਜਿਉਂ ਇਹ ਦਰਿਆ ਲਹਿੰਦੇ ਵਲ ਨੂੰ ਢਾਹ ਲਾਉਂਦਾ ਗਿਆ, ਤਿਉਂ-ਤਿਉਂ ਚੜ੍ਹਦੇ ਕਿਨਾਰੇ ਦੇ ਮੰਡ ਵਿਚ ਟਾਵੀਂ-ਟਾਵੀਂ ਵਸੋਂ ਵਸਦੀ ਗਈ। ਖੇੜੇ ਬੱਝਦੇ ਗਏ ਤੇ ਪਿੰਡਾਂ ਦੀ ਸ਼ਕਲ ਇਖ਼ਤਿਆਰ ਕਰਦੇ ਗਏ। ਹੁਣ ਸਾਡੇ ਪਿੰਡ ਤੋਂ ਬਿਆਸ ਦਰਿਆ ਤਕਰੀਬਨ 21 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ।

ਸਤਲੁਜ ਅਤੇ ਬਿਆਸ ਵਿਚਾਲੇ ਦੇ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲੇ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਜ਼ਿਲ੍ਹਾ ਜਲੰਧਰ ਦੇ ਕੁਝ ਪਿੰਡਾਂ ਨੂੰ ‘ਸੀਰੋਵਾਲ’ ਦਾ ਨਾਂ ਇਸ ਲਈ ਦਿੱਤਾ ਗਿਆ ਹੈ ਕਿ ਇੱਥੇ ਜ਼ਮੀਨ ਵਿੱਚੋਂ ਆਪਣੇ-ਆਪ ਸੀਰਾਂ ਫੁੱਟ ਪੈਂਦੀਆਂ ਸਨ। ਬਰੀਕ ਧਾਰ ਵਾਲੇ ਇਨ੍ਹਾਂ ਨਿੱਕੇ-ਨਿੱਕੇ ਖ਼ੂਬਸੂਰਤ ਝਰਨਿਆਂ ਦਾ ਪਾਣੀ ਇਕ ਛੋਟੀ ਜਿਹੀ ਕੂਲ੍ਹ ਦੀ ਸ਼ਕਲ ਧਾਰ ਲੈਂਦਾ। ਪਿੰਡ ਦੇ ਪੱਛਮ ਪਾਸੇ ਟਿੱਬੇ ਵਿੱਚੋਂ ਦੀ ਬਹੁਤ ਹੀ ਸਾਫ਼ ਤੇ ਪਾਰਦਰਸ਼ੀ ਪਾਣੀ ਦੀ ਵਗਦੀ ਇਸ ਚੋਈ ਵਿਚ ਅਸੀਂ ਗਰਮੀਆਂ ਨੂੰ ਨਹਾਉਂਦੇ। ਇਹ ਅਨੇਕ ਜੀਵ-ਜੰਤੂਆਂ, ਖ਼ਰਗੋਸ਼ਾਂ, ਪਸ਼ੂਆਂ-ਪੰਛੀਆਂ ਦਾ ਬੇਓੜਕ ਸਹਾਰਾ ਬਣਦੀ। ਇਹਦੇ ਕਿਨਾਰੇ ਟਾਹਲੀਆਂ ਦੀਆਂ ਝਿੜੀਆਂ ਤੇ ਹਰਿਆਲੀ ਸਦਾ ਬਹਾਰ ਸਨ।

ਨੀਵਾਂ ਇਲਾਕਾ ਹੋਣ ਕਰ ਕੇ ਸਾਡੇ ਪਿੰਡਾਂ ਦੇ ਖੂਹਾਂ ਦਾ ਪੱਤਣ ਬਹੁਤਾ ਡੂੰਘਾ ਨਹੀਂ ਸੀ। ਤੜਕੇ ਤੋਂ ਦੁਪਹਿਰ ਤਕ ਹਲਟ ਚਲਦਾ ਰਹਿੰਦਾ ਤਾਂ ਕਿਤੇ ਜਾ ਕੇ ਮਾਲ੍ਹ ਤਰਦੀ ਤੇ ਚਿੱਟੀ-ਕੱਕੀ ਰੇਤ ਚਮਕਦੀ ਦਿਸਦੀ। ਇਹ ਸਾਰਾ ਕੁਝ ਅਸੀਂ ਸਕੂਲ ਦੀ ਛੁੱਟੀ ਤੋਂ ਬਾਅਦ ਅਵਾਰਗੀ ਦੌਰਾਨ ਤੱਕਦੇ। ... ਤੇ ਨਵੇਂ ਖੂਹ ਲੱਗਣ ਦਾ ਨਜ਼ਾਰਾ ਦਿਲ ਨੂੰ ਧੂਹ ਪਾਉਣ ਵਾਲਾ ਹੁੰਦਾ। ਅੱਛਰੂ ਬਾਜ਼ੀਗਰ ਕਈ ਦਿਨ ਪਹਿਲਾਂ ਢੋਲ ਵਜਾਉਂਦਾ। ਖੂਹ ਦਾ ਪਾੜ ਪੁੱਟਣ ਲਈ ਟੱਕ ਲਾਉਣ ਵੇਲੇ ਅਰਦਾਸ ਹੁੰਦੀ। ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ। ਵਿਆਹ ਸਮੇਂ ਧੀ ਦੀ ਡੋਲੀ ਤੋਰੇ ਜਾਣ ਵਕਤ ਵਾਂਗ ਪੈਸੇ ਵਰ੍ਹਾ ਕੇ ਸੁੱਟੇ ਜਾਂਦੇ। ਖ਼ੁਸ਼ੀਆਂ ਭਰਿਆ ਮਾਹੌਲ ਉਦੋਂ ਗੰਭੀਰ ਅਤੇ ਉਦਾਸ ਜਿਹਾ ਹੋ ਜਾਂਦਾ ਜਦੋਂ ਔਰਤਾਂ ਵਿਰਾਗ ਭਰੀ ਆਵਾਜ਼ ਵਿਚ ਗਾ ਕੇ ਵਾਰ-ਵਾਰ ਦੁਹਰਾਉਂਦੀਆਂ:

ਪ੍ਰਦੇਸਣ ਲੱਕੜੀ ਜੀ,
ਦਰਸ਼ਣ ਕਰ ਲਓ ਸਾਰੇ ਜੀ।

ਤੂਤ ਦੇ ਦਰਖ਼ਤ ਤੋਂ ਲੱਕੜ ਵਿਚ ਬਦਲ ਗਏ ਗੰਡ ਪ੍ਰਤੀ ਭਾਵੁਕ ਮੋਹ ਦਾ ਪ੍ਰਗਟਾਵਾ ਮਨ ਨੂੰ ਹਲੂਣ ਦਿੰਦਾ - ਕਈ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ 18 ਇੰਚ ਚੌੜੇ ਗੋਲ ਆਕਾਰ ਦੇ ਗੰਡ - ਲੱਕੜੀ ਨੇ ਹਮੇਸ਼ਾ ਧਰਤੀ ਅੰਦਰ ਰਹਿਣਾ ਹੁੰਦਾ ਸੀ। ਇਸ ਉੱਤੇ 13 ਇੰਚ ਦੀ ਦੀਵਾਰ ਦੀ ਚਿਣਾਈ ਹੁੰਦੀ। ਗੰਡ ਦੇ ਗੋਲ ਆਕਾਰ ਦਾ ਵਿਆਸ ਖੂਹ ਜਾਂ ਖੂਹੀ ਅਨੁਸਾਰ ਰੱਖਿਆ ਜਾਂਦਾ। ਚੋਭੇ ਅਕਸਰ ਝਿਊਰ ਬਿਰਾਦਰੀ ਦੇ ਹੁੰਦੇ ਜੋ ਖੂਹ ਦੇ ਪਾਣੀ ਅੰਦਰ ਉੱਤਰ ਕੇ ਝਾਮ ਨੂੰ ਮਿੱਟੀ ਨਾਲ ਭਰਦੇ। ਪਾਣੀ ਵਿਚ ਉਨ੍ਹਾਂ ਦੀ ਲੰਮੀ ਚੁੱਭੀ ਦੇਖਦਿਆਂ ਸਾਹ ਸੁੱਕਦਾ ਮਹਿਸੂਸ ਹੁੰਦਾ। ਖੂਹ ਲਾਏ ਜਾਣ ਦਾ ਸਾਰਾ ਕੰਮ ਥੋੜ੍ਹੇ ਦਿਨਾਂ ਵਿਚ ਮੁਕੰਮਲ ਹੋ ਜਾਂਦਾ ਤੇ ਖ਼ਵਾਜ਼ਾ ਖ਼ਿਜ਼ਰ ਦੀ ਹੋਈ ਮਿਹਰ ਲਈ ਦਲ਼ੀਆ ਵੰਡਿਆ ਜਾਂਦਾ। ਮਿਸਤਰੀ ਬੁੱਢਾ ਰਾਮ ਵਲਦ ਕੂੜਾ ਰਾਮ ਦਾ ਖੂਹ ਮੈਂ ਇੰਜ ਹੀ ਲੱਗਦਾ ਦੇਖਿਆ। ਇਸ ਮੌਕੇ ਮੈਂ ਆਪਣੇ ਤੋਂ ਵੱਡੇ ਜੱਟਾਂ ਦੇ ਮੁੰਡਿਆਂ ਨੂੰ ਇਹ ਟੋਟਕਾ ਕਹਿੰਦੇ ਸੁਣਿਆ ਜੋ ਕਿਸੇ ਕੁੜੀ ਨੂੰ ਸੁਣਾ ਕੇ ਕਹਿ ਰਹੇ ਸਨ:

ਖੂਹ ਦੇ ਚੱਕ ਆਂਙੂੰ,
ਤੈਂ ਮੁੜ ਕੇ ਨਹੀਂ ਆਉਣਾ।

ਜਦੋਂ ਜ਼ਮੀਨ ਦੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ ਤੇ ਹਰੇ ਇਨਕਲਾਬ ਦਾ ਨਾਅਰਾ ਲੱਗਾ ਤਾਂ ਟਿਊਬਵੈੱਲ ਲੱਗਣ ਲੱਗੇ, ਤਾਂ ਵੀ 'ਕੰਮੀਆਂ' ਦੇ ਨਿਆਣਿਆਂ ਨੂੰ ਦਲ਼ੀਆ ਲੈਣ ਆਉਣ ਲਈ ਜਾਗਰ ਚੌਂਕੀਦਾਰ ਵਲੋਂ ਹੋਕਾ ਦੇ ਕੇ ਸੱਦਿਆ ਜਾਂਦਾ।

ਮੇਰੇ ਪਿੰਡ ਦਾ ਸਭ ਤੋਂ ਪਹਿਲਾ ਦੋਹਲਟਾ ਖੂਹ (ਚੜ੍ਹਦੇ ਪਾਸੇ) ਸੰਨ 1800 ਵਿਚ (ਬਾਬਾ) ਸੰਗਤੀਆ ਵਲੋਂ ਲਗਾਇਆ ਗਿਆ। ਇਸ ਦਾ ਸਬੂਤ ਇਕ ਇੱਟ ਉੱਤੇ ਉੱਕਰੀ ਇਬਾਰਤ ਤੋਂ ਮਿਲਦਾ ਹੈ, ਜਿਸ ਨੂੰ 1981 ਵਿਚ ਮੈਂ ਖੂਹ ਦੀ ਦੀਵਾਰ ਵਿੱਚੋਂ ਕੱਢ ਕੇ ਉਸ ਦੀ ਫੋਟੋ ਲਈ ਤੇ ਫਿਰ 'ਜਠੇਰਿਆਂ' ਦੇ ਇਕ ਪੱਕੇ ਥੜ੍ਹੇ ਉੱਤੇ ਇਸ ਨੂੰ ਸਦਾ ਲਈ ਜੜਵਾ ਦਿੱਤਾ। ਇਸ ਇਤਿਹਾਸਕ ਇੱਟ ਉਤਲੀ ਇਬਾਰਤ ਦਾ ਤਰਜਮਾ ਇਸ ਤਰ੍ਹਾਂ ਹੈ:

'ਖੂਹ ਦੀ ਇਮਾਰਤ ਸੰਗਤੀਆ ਨੇ ਸੰਨ 1800 ਵਿਚ ਉਸਾਰੀ ਜਿਸ ਉੱਤੇ 419811 ਇੱਟਾਂ ਲੱਗੀਆਂ।' ... ਤੇ ਹਾਂ, ਇਸ ਖੂਹ ਦਾ ਪਾਣੀ 5-6 ਕਿਲੋਮੀਟਰ ਦੂਰ ਕੁਰੇਸ਼ੀਆਂ ਤਕ ਵੀ ਲਿਜਾਇਆ ਜਾਂਦਾ ਰਿਹਾ। ਸਾਰਾ ਪਿੰਡ ਪੀਣ ਲਈ ਇੱਥੋਂ ਪਾਣੀ ਭਰਦਾ।

ਸੰਗਤੀਆ ਪਿੱਛਿਓਂ ਮੁੱਗੋਵਾਲ (ਨੇੜੇ ਟੂਟੋ ਮਜਾਰਾ, ਜ਼ਿਲ੍ਹਾ ਹੁਸ਼ਿਆਰਪੁਰ) ਤੋਂ ਸੀ। ਅੰਗਰੇਜ਼ ਵਿਦਵਾਨ ਸਰ ਤੇਨਸਿਨ ਚਾਰਲਸ ਜੋਲਫ਼ ਏਸਬਸਟ ਅਤੇ ਈ.ਡੀ. ਮੈਕਲੈਂਗਨ ਦੀ ਖੋਜ ਅਨੁਸਾਰ ਮੁੱਗੋਵਾਲ ਤੋਂ ਉੱਠ ਕੇ ਸੰਘਾ ਗੋਤ ਦੇ ਜੱਟ ਸਕਰੂਲੀ, ਲੰਗੇਰੀ, ਨਰਿਆਲਾਂ (ਤੇ ਸ਼ਾਇਦ ਮਾਧੋਪੁਰ) ਵਿਚ ਜਾ ਵਸੇ (ਪੰਜਾਬੀ ਟ੍ਰਿਬਿਊਨ, 25 ਮਈ 2001)।

(ਬਾਬਾ) ਸੰਗਤੀਆ ਦਾ ਪਿੰਡ ਚੋਆਂ ਦੀ ਮਾਰ ਹੇਠ ਸੀ। ਖੇਤੀਬਾੜੀ ਲਈ ਜ਼ਮੀਨ ਦੀ ਤਲਾਸ਼ ਦੌਰਾਨ ਉਸ ਨੇ ਹੀ ਇਸ ਹਰੇ-ਭਰੇ ਇਲਾਕੇ ਨੂੰ ਦੇਖ ਕੇ ਇਸ ਨੂੰ 'ਮਾਧੋ ਦੀ ਪੁਰੀ' ਆਖਿਆ - ਜਦੋਂ ਉਸ ਨੇ ਇੱਥੇ ਪੱਕਾ ਡੇਰਾ ਜਮਾ ਲਿਆ ਤਾਂ ਇਹ ਮਾਧੋਪੁਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਅੰਗਰੇਜ਼ੀ ਸਰਕਾਰ ਦੇ ਡਾਕ-ਤਾਰ ਮਹਿਕਮੇ ਵਲੋਂ ਆਪਣੀ ਸਹੂਲਤ ਲਈ ਇਸ ਦਾ ਨਾਂ 'ਮਾਧੋਪੁਰ ਸੀਰੋਵਾਲ' ਕਰ ਦਿੱਤਾ ਗਿਆ ਕਿਉਂਕਿ ਜ਼ਿਲ੍ਹੇ ਵਿਚ ਇਸ ਨਾਂ ਦਾ ਇਕ ਹੋਰ ਪਿੰਡ ਵੀ ਹੈ।

(ਬਾਬਾ) ਸੰਗਤੀਆ ਵਲੋਂ ਇੱਥੇ ਰਹਿੰਦਿਆਂ ਕੁਝ ਸਾਲਾਂ ਵਿਚ ਹੀ ਪੱਕੇ ਮਕਾਨਾਂ ਦੀ ਉਸਾਰੀ ਕਰ ਲਈ ਗਈ। ਸਿੱਟੇ ਵਜੋਂ, ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ 'ਪੱਕਿਆਂ ਵਾਲੇ' ਤੇ ਜਿੱਥੋਂ ਮਿੱਟੀ ਪੁੱਟੀ ਗਈ, ਉਸ ਨੂੰ ਹੁਣ ਤਕ 'ਗੋਰਾ ਛੱਪੜ' ਕਿਹਾ ਜਾਂਦਾ ਹੈ। ਪਟਵਾਰੀ ਦੇ ਕਾਗ਼ਜ਼ਾਂ ਮੁਤਾਬਿਕ ਇਹ ਸ਼ਾਮਲਾਤ ਹੈ ਅਤੇ ਨਿਮਨ ਜਾਤੀਆਂ ਨੂੰ ਇੱਥੋਂ ਮਿੱਟੀ ਪੁੱਟ ਕੇ ਆਪਣੇ ਘਰ ਲਿੱਪਣ-ਪੋਚਣ ਦੀ ਖੁੱਲ੍ਹ ਹੈ। ਆਪਣੇ ਪਰਿਵਾਰ ਦੇ ਜੀਆਂ ਨਾਲ ਮੈਂ ਵੀ ਇੱਥੋਂ ਕਈ ਵਾਰ ਮਿੱਟੀ ਪੁੱਟ ਕੇ ਲਿਆਇਆ ਹਾਂ। ਖ਼ੈਰ, ਪਿੰਡ ਦੇ ਹੋਰ ਛੱਪੜਾਂ ਵਾਂਗ ਜੱਟ ਇਨ੍ਹਾਂ ਨੂੰ ਪੂਰ ਕੇ ਆਪਣੀ ਜਾਇਦਾਦ ਦਾ ਹਿੱਸਾ ਬਣਾਈ ਜਾ ਰਹੇ ਹਨ।

'ਵਿਰਦੀ' ਗੋਤ ਦਾ ਇਕ ਆਦਿਧਰਮੀ (ਚਮਾਰ) ਪਰਿਵਾਰ (ਬਾਬਾ) ਸੰਗਤੀਆ ਨੇ ਆਪਣੇ ਜੱਦੀ ਪਿੰਡ ਦੇ ਲਾਗਲੇ ਪਿੰਡ ਪੰਡੋਰੀ ਤੋਂ ਲਿਆ ਕੇ ਵਸਾ ਲਿਆ। ਪੰਜਾਬ ਸਿੰਘ ਰਾਮਦਾਸੀਆ ਸੈਨਪੁਰ (ਹੁਸ਼ਿਆਰਪੁਰ) ਤੋਂ ਡੇਢ ਸਦੀ ਪਹਿਲਾਂ ਆ ਵਸਿਆ। ਜਿੱਥੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ, ਉਸ ਨੂੰ 'ਗਾਂਢਿਆਂ ਦਾ ਛੱਪੜ' ਆਖਿਆ ਜਾਂਦਾ ਹੈ। ਇਕ ਝਿਊਰ ਪਰਿਵਾਰ ਲੜੋਏ (5 ਕਿਲੋਮੀਟਰ ਦੂਰ ਪਿੰਡ, ਜ਼ਿਲ੍ਹਾ ਜਲੰਧਰ) ਦੇ ਸਰਦਾਰਾਂ ਨੂੰ ਸੰਗਤੀਆ ਵਲੋਂ ਕੀਤੀ ਬੇਨਤੀ ਉੱਤੇ ਮਾਧੋਪੁਰ ਆ ਟਿਕਿਆ। ਇਉਂ ਬਾਹਮਣ, ਸੁਨਿਆਰੇ, ਤਰਖਾਣ, ਨਾਈ ਤੇ ਇਕ ਪੂਰਬੀਆ ਧੋਬੀ ਪਰਿਵਾਰ ਆ ਵਸੇ।

ਪਿੰਡ ਦੇਖਣ ਨੂੰ ਭਾਵੇਂ ਇਕੱਠਾ ਪਰ ਪੀਣ ਦੇ ਪਾਣੀ ਲਈ ਖੂਹ ਆਪੋ-ਆਪਣਾ। ਉਪਰੰਤ ਕੁਝ ਮੁਸਲਮਾਨ ਵੀ ਪਿੰਡ ਵਿੱਚ ਜ਼ਮੀਨਾਂ ਦੇ ਮਾਲਕ ਹੋ ਗਏ। ਉਹ ਹਿੰਦੂਆਂ-ਸਿੱਖਾਂ ਵਾਂਗ ਨੀਚ ਜਾਤੀਆਂ ਨਾਲ ਛੂਆ-ਛੂਤ ਨਾ ਕਰਦੇ - ਸ਼ਾਇਦ ਇਸ ਲਈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਪਿਛੋਕੜ ਅਛੂਤਾਂ ਤੇ ਕੰਮੀ-ਕਾਰੀਗਰ ਜਾਤੀਆਂ ਵਾਲਾ ਸੀ।

ਦੂਜੇ ਪਾਸੇ, ਜੇ ਅਛੂਤਾਂ (ਚਮਾਰਾਂ-ਚੂਹੜਿਆਂ) ਦਾ ਕੋਈ ਮੁੰਡਾ ਨਹਾ-ਧੋ ਕੇ ਤੇ ਬੋਦਾ ਵਾਹ ਕੇ ਘਰੋਂ ਬਾਹਰ ਨਿਕਲਦਾ ਤਾਂ ਰੁੱਖ ਹੇਠ ਜਾਂ ਥੜ੍ਹੇ ਉੱਤੇ ਬੈਠੀ ਜੱਟਾਂ ਦੀ ਢਾਣੀ ਵਿੱਚੋਂ ਕੋਈ ਜਣਾ ਉਹਦੇ ਸਿਰ ਵਿਚ ਮਿੱਟੀ ਪਾ ਦਿੰਦਾ। ਜੇ ਉਹ ਵਿਰੋਧ ਕਰਦਾ ਤਾਂ ਉਹਨੂੰ ਫ਼ੈਂਟਾ ਚਾੜ੍ਹਿਆ ਜਾਂਦਾ। ਇੰਜ ਹੀ ਅਛੂਤ ਜਾਤੀ ਦੇ ਕਿਸੇ ਆਦਮੀ ਵਲੋਂ ਨਵੇਂ ਕੱਪੜੇ ਪਹਿਨ ਕੇ ਨਿਕਲਣ ’ਤੇ ਉਹਦੀ ਮਾਰ-ਕੁੱਟ ਕੀਤੀ ਜਾਂਦੀ ਕਿ ਤੁਸੀਂ ਸਾਡੀ ਨਕਲ ਜਾਂ ਰੀਸ ਕਰਦੇ ਹੋ। ਇਉਂ ਜੱਟ ਕੰਮੀਆਂ ਲਈ 'ਹਊਆ' ਸਨ ਤੇ ਪਤਾ ਨਹੀਂ ਸੀ ਹੁੰਦਾ ਕਿ ਅਜਿਹੀ ਘਟਨਾ ਕਦੋਂ ਤੇ ਕਿੱਥੇ ਵਾਪਰ ਜਾਵੇ।

ਜ਼ੈਲਦਾਰ, ਜਾਗੀਰਦਾਰ, ਸਫ਼ੈਦਪੋਸ਼ ਤੇ ਲੰਬੜਦਾਰ ਤੋਂ ਸਾਰੇ ਲੋਕ ਥਰ-ਥਰ ਕੰਬਦੇ ਸਨ। ਜ਼ੈਲਦਾਰ ਦੀ ਜ਼ੈਲ ਵਿਚ ਕਈ-ਕਈ ਪਿੰਡ ਹੁੰਦੇ। ਉਹ ਕਚਹਿਰੀ ਲਾਉਂਦਾ - ਫ਼ੈਸਲੇ ਸੁਣਾਉਂਦਾ। ਉਹਦੇ ਕੋਲ ਅਦਾਲਤ ਦੇ ਜੱਜ ਵਾਂਗ ਹੱਕ ਹੁੰਦੇ ਸਨ। ਸੁਣਾਈ ਸਜ਼ਾ ਅਨੁਸਾਰ ਜੁਰਮਾਨਾ, ਹਰਜਾਨਾ ਤੇ ਹੋਰ ਡੰਨ ਭਰਨਾ ਪੈਂਦਾ। ਹਾਲਾਤ ਤੇ ਸੂਰਤ ਮੁਤਾਬਿਕ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਤੇ ਕਿਸੇ ਨੂੰ ਕੋਈ। ਕਹਿੰਦੇ ਹਨ ਕਿ ਕਿਸੇ ਜ਼ੈਲਦਾਰ ਨੂੰ ਪੰਜ ਤੇ ਕਿਸੇ ਨੂੰ ਸੱਤ ਖ਼ੂਨ ਮਾਫ਼ ਹੁੰਦੇ ਸਨ - ਇਸ ਕਰ ਕੇ ਲੋਕ ਉਹਦੇ ਮੋਹਰੇ ਧੌਣ ਅਕੜਾ ਕੇ ਗੱਲ ਕਰਨ ਦੀ ਕਦੇ ਜ਼ੁਰਅਤ ਨਾ ਕਰਦੇ। ... ਤੇ ਕਮੀਨਾਂ, ਖ਼ਾਸ ਕਰਕੇ ਅਛੂਤਾਂ ਪ੍ਰਤਿ ਉਹਦਾ ਰਵੱਈਆ ਅਕਸਰ ਡਰਾਉਣਾ ਤੇ ਅੱਤਿਆਚਾਰੀ ਹੁੰਦਾ। ਉਹ ਖੇਤੀਬਾੜੀ ਅਤੇ ਉਸਾਰੀ ਦੇ ਕੰਮਾਂ ਵਿਚ ਬਗਾਰ ਕਰਾਉਂਦਾ। ਜੇ ਇਨ੍ਹਾਂ ਦੋਹਾਂ ਖੇਤਰਾਂ ਵਿਚ ਕੋਈ ਕੰਮ ਨਾ ਹੁੰਦਾ ਤਾਂ ਉਹ ਬਗਾਰ ਦੇ ਨਿਸਚਤ ਦਿਨਾਂ ਵਿਚ ਖੇਤਾਂ ਵਿੱਚੋਂ ਮਿੱਟੀ ਪੁੱਟਵਾ ਕੇ ਪਿੰਡ ਦੇ ਬਾਹਰਵਾਰ ਸੁਟਵਾਉਂਦਾ। ਕਹਿਣ ਦਾ ਭਾਵ ਕਿ ਮਿਥੀ ਹੋਈ ਬਗਾਰ ਨੂੰ ਨਾ ਬਖ਼ਸ਼ਦਾ। ਮਿਸਾਲ ਵਜੋਂ, ਇਸ ਹਕੀਕਤ ਦੇ ਸਬੂਤ ਉਨ੍ਹਾਂ ਪਿੰਡਾਂ ਵਿਚ ਥੇਹਾਂ ਦੀ ਸ਼ਕਲ ਵਿਚ ਅੱਜ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਪਿੰਡਾਂ ਦੇ ਜ਼ੈਲਦਾਰ ਹੁੰਦੇ ਸਨ।

ਜਾਗੀਰਦਾਰ ਅੰਗਰੇਜ਼ੀ ਹਕੂਮਤ ਦੀ ਮਦਦ ਵਾਸਤੇ 15 ਤੋਂ 30 ਘੋੜੇ ਪਾਲਦਾ - ਆਪਣੇ ਦੇਸ਼ ਵਾਸੀਆਂ ਅੰਦਰ ਉੱਠਦੇ ਵਿਦਰੋਹ ਵਿਰੁੱਧ ਅੰਗਰੇਜ਼ਾਂ ਦਾ ਸਾਥ ਦੇ ਕੇ ਜਾਗੀਰਾਂ ਹਾਸਲ ਕਰਦਾ। ਉਹ ਵੀ ਅਛੂਤਾਂ ਤੋਂ ਬਗਾਰ ਕਰਾਉਂਦਾ ਤੇ ਇਨਾਮ ਵਜੋਂ ਧੌਲ਼-ਧੱਫਾ ਤੇ ਗਾਲ੍ਹਾਂ ਦੀ ਵਰਖਾ ਕਰਦਾ। ਗੱਲ ਕੀ, ਰੋਹਬ ਰੱਖਦਾ ਤੇ ਅਛੂਤਾਂ ਦੇ ਅਧਿਕਾਰ - ਰੋਹ ਨੂੰ ਪਨਪਣ ਨਾ ਦਿੰਦਾ।

ਸਫ਼ੈਦਪੋਸ਼ (ਚਿੱਟ-ਕੱਪੜੀਆ) ਦੋ-ਚਾਰ ਘੋੜੇ ਰੱਖਦਾ - ਕੁਝ ਪਿੰਡ ਉਹਦੇ ਮਤਹਿਤ ਹੁੰਦੇ। ਬਗਾਰ-ਬੁੱਤੀ ਲਈ ਅਛੂਤ ਹਾਜ਼ਰ ਰਹਿੰਦੇ। ਸਫ਼ੈਦਪੋਸ਼ ਸਰਕਾਰੀ ਏਜੰਟ ਵਾਂਗ ਕੰਮ ਕਰਦਾ - ਮੁਖ਼ਬਰੀ ਕਰਦਾ। ਆਪਣਾ ਇੰਜ ਦਾ ਰੁਤਬਾ ਕਾਇਮ ਰੱਖਦਿਆਂ ਸਰਕਾਰ ਤੋਂ 'ਬਖਸ਼ੀਸ਼' ਹਾਸਿਲ ਕਰਦਾ ਰਹਿੰਦਾ।

ਲੰਬੜਦਾਰ ਪਿੰਡ ਪੱਧਰ ਉੱਤੇ ਸਰਕਾਰੀ ਮੁਲਾਜ਼ਮ ਸੀ। ਉਹ ਆਪਣੇ ਉਤਲਿਆਂ ਦੀ ਸੇਵਾ ਲਈ ਉਤਾਵਲਾ ਰਹਿੰਦਾ। ਅਛੂਤਾਂ ਤੋਂ ਮਨ-ਮਰਜ਼ੀ ਨਾਲ ਬਿਨਾਂ ਇਵਜ਼ ਦੇ ਕੰਮ ਕਰਾਉਂਦਾ। ਉਸ ਤੋਂ ਕਮੀਆਂ ਸਮੇਤ ਬਾਕੀ ਲੋਕ ਬਹੁਤ ਡਰ ਕੇ ਰਹਿੰਦੇ ਕਿਉਂਕਿ ਉਹ ਠਾਣੇ ਵਿਚ ਜਾਂ ਜ਼ੈਲਦਾਰ ਕੋਲ ਜਾ ਕੇ ਕਿਸੇ ਦੀ ਵੀ ਸ਼ਿਕਾਇਤ ਕਰ ਸਕਦਾ ਸੀ। ਉਹਦੀ ਹਰ ਥਾਂ ਯਾਨੀ ਸਰਕਾਰੇ-ਦਰਬਾਰੇ ਸੁਣੀ ਜਾਂਦੀ। ਉਹਦੀ ਇੱਛਾ ਅਨੁਸਾਰ ਹੀ ਫੈਸਲੇ ਲਏ ਜਾਂਦੇ। ਉਹ ਲੋਕਾਂ ਨੂੰ ਸਰਕਾਰ ਪੱਖੀ ਸੋਚ ਰੱਖਣ ਤੇ ਸਰਕਾਰੀ ਨੀਤੀਆਂ ਦੀ ਹਿਮਾਇਤ ਕਰਨ ਵਿਚ ਨਿਵੇਕਲੀ ਭੂਮਿਕਾ ਨਿਭਾਉਂਦਾ। ਇਸੇ ਕਰ ਕੇ ਆਮ ਤੌਰ ਤੇ ਇਨ੍ਹਾਂ ਸਾਰਿਆਂ ਅਹੁਦੇਦਾਰਾਂ ਨੂੰ 'ਟੋਡੀ' ਜਾਂ ਸਰਕਾਰ ਦੇ 'ਪਿੱਠੂ' ਆਖਿਆ ਜਾਂਦਾ ਰਿਹਾ ਹੈ। ਇਨ੍ਹਾਂ ਵੱਲ ਦੇਖ ਕੇ ਹੀ ਜ਼ਿਮੀਦਾਰ ਅਛੂਤਾਂ ਦੇ ਖ਼ਿਲਾਫ਼ ਜਿਸਮਾਨੀ ਤਸ਼ੱਦਦ ਕਰਦੇ ਰਹਿੰਦੇ। ਅਜਿਹੀਆਂ ਉਦਾਹਰਣਾਂ 65-70 ਸਾਲ ਦੀ ਉਮਰ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਤੋਂ ਅੱਜ ਵੀ ਚੋਖੀ ਗਿਣਤੀ ਵਿਚ ਪੁੱਛੀਆਂ-ਸੁਣੀਆਂ ਜਾ ਸਕਦੀਆਂ ਹਨ।

ਸੋ, ਇਸ ਤਰ੍ਹਾਂ ਦੀ ਹੈ ਮੇਰੀ ਜੰਮਣ-ਭੋਂ। ... ਤੇ ਮਾਧੋਪੁਰ 'ਮੇਰਾ' ਪਿੰਡ ਬਹੁਤਾ ਵੱਡਾ ਨਹੀਂ (ਆਬਾਦੀ 1200 ਦੇ ਕਰੀਬ) ਤੇ ਨਾ ਹੀ ਬਹੁਤ ਪੁਰਾਣਾ - ਸਿਰਫ਼ 250 ਵਰ੍ਹਿਆਂ ਦਾ। 1914-15 ਦੇ ਬੰਦੋਬਸਤ ਮੁਤਾਬਿਕ ਇਸ ਦਾ ਕੁੱਲ ਰਕਬਾ 505 ਘੁਮਾਂ (4044 ਕਨਾਲ ਤੇ 11 ਮਰਲੇ) ਤੇ 12 ਖੂਹ ਸਨ। 885 ਰੁਪਏ ਮਾਮਲਾ ਤਰਦਾ ਸੀ। ਹੁਣ ਇਹ 154 ਏਕੜ ਹੈ (380.38 ਕਿੱਲੇ) ਤੇ ਮਾਮਲਾ 1200 ਰੁਪਏ ਤਰਦਾ ਹੈ। ਸ਼ਾਮਲਾਤ 134 ਕਨਾਲ 9 ਮਰਲੇ - ਇਹਦੇ ਵਿਚ ਰਾਹ ਤੇ ਛੱਪੜ ਆਦਿ ਸ਼ਾਮਿਲ ਹਨ। 30 ਦੇ ਕਰੀਬ ਖੂਹ ਖੇਤਾਂ ਵਿਚ ਸਨ। ਇਸ ਪਿੰਡ ਵਿਚ ਸਾਡੀ ਅਛੂਤਾਂ ਦੀ ਜ਼ਮੀਨ? ਸਿਫ਼ਰ ਦੇ ਬਰਾਬਰ! ਇਸ ਪ੍ਰਸੰਗ ਵਿਚ ਕੁਝ ਹਕੀਕਤਾਂ ਪੇਸ਼ ਹਨ। ਸਮੁੱਚੇ ਪੰਜਾਬ ਦੀ ਕੁੱਲ ਜ਼ਮੀਨ ਦੇ ਤਿੰਨ ਬੰਦੋਬਸਤ (ਮੁਰੱਬੇਬੰਦੀ) ਅੰਗਰੇਜ਼ ਸਰਕਾਰ ਵਲੋਂ ਕਰਵਾਏ ਗਏ। ਪਹਿਲਾ 1849-50 ਵਿਚ, ਦੂਜਾ 1880 ਤੇ ਤੀਜਾ 1914-15 ਵਿਚ। ਆਖ਼ਰੀ ਬੰਦੋਬਸਤ ਦੀਆਂ ਕੁਝ ਮੱਦਾਂ ਆਪਣੇ ਪਿੰਡ ਨਾਲ ਸੰਬੰਧਤ ਪੜ੍ਹਨ ਨੂੰ ਮਿਲੀਆਂ ਜੋ ਰਿਵਾਜ ਵਜੋਂ ਮਸ਼ਹੂਰ ਸਨ। ਦਸਤੂਰ ਨੰਬਰ-10 ਮੁਤਾਬਿਕ ਕਮੀਨ ਬਿਰਾਦਰੀਆਂ ਲਈ ਪਾਬੰਦੀਆਂ ਅਤੇ ਉਨ੍ਹਾਂ ਦੇ ਜ਼ਿੰਮੇ ਲਾਏ ਕੰਮ ਇਸ ਪ੍ਰਕਾਰ ਹਨ:

(ਬੰਦੋਬਸਤ (ਰਿਵਾਜ) ਪਿੰਡ ਮਾਧੋਪੁਰ, ਜ਼ਿਲ੍ਹਾ ਜਲੰਧਰ 1914-15)

ਕੰਮ ਕਰਨ ਵਾਲਾ: ਤਰਖਾਣ

ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਸਾਮਾਨ ਦੀ ਮੁਰੰਮਤ ਕਰਨੀ, ਪਰ ਲੱਕੜ ਮਾਲਕ ਦੇਵੇਗਾ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਹਾੜ੍ਹੀ ਫੀ ਹਲ਼ 15 ਦੇਰ ਕੱਚਾ ਅਨਾਜ। ਲੜਕੀ ਦੇ ਵਿਆਹ ’ਤੇ ਬੇਦੀ ਬਣਾਉਣ ਸਮੇਂ 8 ਆਨੇ।

ਘੁਮਿਆਰ:

ਕੰਮ: ਖੂਹ ਦੀਆਂ ਟਿੰਡਾਂ ਅਤੇ ਜ਼ਰੂਰਤ ਅਨੁਸਾਰ ਮਿੱਟੀ ਦੇ ਭਾਂਡੇ ਬਣਾਉਣੇ (ਘਰ ਦੀ ਜ਼ਰੂਰਤ ਅਤੇ ਵਿਆਹ ਲਈ)।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇੱਕ ਭਰੀ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ।

ਲੁਹਾਰ:

ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਲੋਹੇ ਦੇ ਸਾਮਾਨ ਦੀ ਮੁਰੰਮਤ ਅਤੇ ਕੜਾਹੇ ਦੀ ਮੁਰੰਮਤ ਕਰਨੀ।

ਕਿਸਾਨ ਦੇਵੇਗਾ: ਕਪਾਹ ਦੀ ਆਖਰੀ ਚੁਗਾਈ ਵਿੱਚੋਂ ਅੱਧਾ ਹਿੱਸਾ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ।

ਨਾਈ:

ਕੰਮ: ਹਜਾਮਤ ਕਰਨੀ, ਬੁੱਤੀ ਕਰਨੀ, ਖਾਣਾ ਬਣਾਉਣਾ ਅਤੇ ਸ਼ਾਦੀ-ਗ਼ਮੀ ਵੇਲੇ ਹਾਜ਼ਰ ਰਹਿਣਾ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਫੀ ਹਲ਼ 5 ਸੇਰ ਕੱਚਾ ਗੁੜ। ਧੀ ਦੀ ਸ਼ਾਦੀ ਸਮੇਂ 5 ਆਨੇ ਅਤੇ ਪੁੱਤਰ ਦੀ ਸ਼ਾਦੀ ਸਮੇਂ 4 ਆਨੇ।

ਚੂੜ੍ਹਾ ਜਾਂ ਚਮਾਰ:

ਕੰਮ: ਕਾਰ-ਬਗਾਰ ਕਰਨੀ।

ਕਿਸਾਨ ਦੇਵੇਗਾ: ਬਗਾਰ ਵਿੱਚ ਮੁਰਦਾ ਪਸ਼ੂ ਚੁੱਕਣ ਲਈ ਦੇਣਾ।

ਧੋਬੀ:

ਕੰਮ: ਕੱਪੜਿਆਂ ਦੀ ਧੁਲਾਈ ਅਤੇ ਕੋਰੇ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਇੱਕ ਭਰੀ ਫੀ ਹਲ਼, 5 ਸੇਰ ਕੱਚਾ ਗੁੜ।

ਝਿਊਰ:

ਕੰਮ: ਬੁੱਤੀ ਕਰਨੀ, ਇੱਕ ਘੜਾ ਸਵੇਰੇ ਅਤੇ ਇੱਕ ਘੜਾ ਸ਼ਾਮ ਪਾਣੀ ਦਾ ਦੇਣਾ। ਸ਼ਾਦੀ-ਗ਼ਮੀ ਮੌਕੇ ਹਾਜ਼ਰ ਰਹਿ ਕੇ ਕੰਮ ਕਰਨਾ।

ਕਿਸਾਨ ਦੇਵੇਗਾ: ਪਾਣੀ ਭਰਾਈ ਇੱਕ ਮਣ ਕੱਚਾ ਅਨਾਜ ਫੀ ਛਿਮਾਹੀ। ਧੀ ਅਤੇ ਪੁੱਤਰ ਦੇ ਵਿਆਹ ਵੇਲੇ 4 ਆਨੇ।

ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਚੂੜ੍ਹੇ/ਚਮਾਰਾਂ ਭਾਵ ਅਛੂਤਾਂ ਦੇ ਅਧਿਕਾਰਾਂ ਵਿਚ ਸਿਰਫ਼ ਬਗਾਰ ਤੇ ਬੁੱਤੀ ਕਰਨੀ ਸ਼ਾਮਿਲ ਸੀ। ਮਨੁੱਖੀ ਅਧਿਕਾਰਾਂ ਤੋਂ ਵੰਚਿਤ ਇਨ੍ਹਾਂ ਲੋਕਾਂ ਨੂੰ ਇਵਜ਼ ਵਿਚ ਮੁਰਦਾ ਪਸ਼ੂ ਚੁੱਕਣ ਲਈ ਦਿੱਤੇ ਜਾਂਦੇ - ਉਹ ਵੀ ਅਹਿਸਾਨ ਵਜੋਂ ਕਿ ਉਹ ਉਨ੍ਹਾਂ ਦੇ ਕੰਮੀ ਜਾਂ ਕਮੀਨ ਹਨ। ਸਮਾਜਿਕ-ਆਰਥਿਕ ਅਬਰਾਬਰੀ ਦੇ ਲੰਮੇ ਇਤਿਹਾਸ ਨੂੰ ਬਰਕਰਾਰ ਰੱਖਣ ਦੀ ਇਸ ਸਰਕਾਰੀ ਪੈਰਵੀ ਅਤੇ ਸਮਾਜਿਕ ਵਿਵਸਥਾ ਦੇ ਪੈਰੋਕਾਰਾਂ ਨੇ ਮੇਰੇ ਮਨ ਵਿਚ ਕਈ ਸਵਾਲ ਉਭਾਰੇ ਤੇ ਪਰੇਸ਼ਾਨੀ ਦਾ ਲੰਮਾ ਸਿਲਸਿਲਾ ਸ਼ੁਰੂ ਕੀਤਾ।

ਅੰਗਰੇਜ਼ ਭਾਵੇਂ ਮੁਲਕਾਂ ਨੂੰ ਫ਼ਤਹਿ ਕਰਦੇ ਰਹੇ ਪਰ ਉਨ੍ਹਾਂ ਬਾਰੇ ਇਹ ਧਾਰਣਾ ਅਜੇ ਤਕ ਪ੍ਰਚੱਲਤ ਹੈ ਕਿ ਉਹ ਨਿਆਂ-ਪਸੰਦ ਤੇ ਵਿਗਿਆਨਕ ਦ੍ਰਿਸ਼ਟੀ ਵਾਲੇ ਹਨ। ਉਨ੍ਹਾਂ ਆਪਣੀਆਂ ਗੁਲਾਮ ਬਸਤੀਆਂ-ਮੁਲਕਾਂ ਦਾ ਭਰਵਾਂ ਵਿਕਾਸ ਕੀਤਾ। ਅਨੇਕ ਵੱਡੀਆਂ ਪਰਿਯੋਜਨਾਵਾਂ ਨੂੰ ਸਿਰੇ ਚੜ੍ਹਾਇਆ। ਲੋਕਾਂ ਨੂੰ ਵਿੱਦਿਆ ਰਾਹੀਂ ਆਪਣੇ ਸੱਭਿਆਚਾਰ, ਸੱਭਿਅਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ - ਉਨ੍ਹਾਂ ਅੰਦਰ ਇਕ ਨਿਵੇਕਲਾ ਨਜ਼ਰੀਆ ਪ੍ਰਫੁੱਲਤ ਕੀਤਾ ਪਰ ਅਛੂਤਾਂ ਦੇ ਸੰਦਰਭ ਵਿਚ ਉਨ੍ਹਾਂ ਦੇ ਵਿਚਾਰਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ।

ਪੰਜਾਬ ਵਿਚ ਅੰਗਰੇਜ਼ ਭਾਰਤ ਦੇ ਬਾਕੀਆਂ ਹਿੱਸਿਆਂ ਨਾਲੋਂ ਸਭ ਤੋਂ ਬਾਅਦ ਆਏ ਤੇ ਉਨ੍ਹਾਂ ਇੱਥੋਂ ਦੇ ਅਛੂਤਾਂ ਨੂੰ ਬਰਾਬਰੀ, ਸਿੱਖਿਆ, ਜਾਇਦਾਦ, ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਕਿਉਂ ਨਹੀਂ ਦਿੱਤੇ? ਸਪਸ਼ਟ ਹੈ ਕਿ ਵਰਣ-ਵਿਵਸਥਾ ਦੇ ਕੱਟੜ ਸਮਰਥਕਾਂ ਨਾਲ ਉਨ੍ਹਾਂ ਦਾ ਗੱਠਜੋੜ ਸੀ ਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਸਨ। ਪੰਜਾਬ ਵਿਚ ਆਪਣੀ 100 ਸਾਲ ਦੇ ਕਰੀਬ ਹਕੂਮਤ ਦੌਰਾਨ ਇੰਤਕਾਲੇ ਅਰਾਜੀ ਐਕਟ ਜਿਸ ਤਹਿਤ ਅਛੂਤ ਆਪਣੇ ਪੈਸੇ ਇਕੱਠੇ ਕਰ ਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ ਸਨ, ਲਾਗੂ ਰਿਹਾ - ਮੌਰੂਸੀ (ਪਿੰਡ ਦੇ ਜ਼ਿਮੀਂਦਾਰਾਂ ਵਲੋਂ ਕੰਮੀਆਂ-ਕਮੀਨਾਂ ਲਈ ਰਿਹਾਇਸ਼ ਵਾਸਤੇ ਦਿੱਤੀ ਸਾਂਝੀ ਜ਼ਮੀਨ) ਮਲਕੀਅਤ ਨਾ ਬਣੀ। ਅਛੂਤ ਜਾਗੀਰਦਾਰਾਂ ਤੇ ਭੂਮੀ ਮਾਲਕਾਂ ਦੇ ਰਹਿਮ ਉੱਤੇ ਵਿਚਰਦੇ, ਡਰ-ਡਰ ਕੇ ਵਕਤ-ਕਟੀ ਕਰਦੇ। ਜ਼ਮੀਨ ਮਾਲਕ ਇਸੇ ਆਧਾਰ ਉੱਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਦੇ - ਜ਼ਬਰਦਸਤੀ ਬਗਾਰ ਕਰਾਉਂਦੇ। ਨਾਂਹ-ਨੁੱਕਰ ਕਰਨ ’ਤੇ ਲਾਹ-ਪਾਹ ਅਤੇ ਕੁੱਟਮਾਰ ਸ਼ਰੇਆਮ ਕਰਦੇ। ਅੰਗਰੇਜ਼ਾਂ ਕੋਲੋਂ ਆਜ਼ਾਦੀ ਦੀ ਮੰਗ ਉਹ ਲੋਕ ਕਰਦੇ ਜੋ ਉਨ੍ਹਾਂ ਦੇ ਗੁਲਾਮ ਸਨ - ਪਰ ਉਨ੍ਹਾਂ ਨੂੰ ਆਪਣੇ ਅਧੀਨ ਗ਼ੁਲਾਮਾਂ ਦੀ ਆਜ਼ਾਦੀ ਦਾ ਕਦੇ ਖ਼ਿਆਲ ਹੀ ਨਾ ਆਇਆ - ਸਗੋਂ ਆਪਣੇ ਧਰਮ ਗ੍ਰੰਥਾਂ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਗ਼ੁਲਾਮ ਬਣਾਈ ਰੱਖਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਿਆ। ਇਹੀ ਤੱਥ ਸਮਾਜ ਤੇ ਦੇਸ਼ ਦੇ ਪਤਨ ਲਈ ਜ਼ੁੰਮੇਵਾਰ ਰਹੇ।

ਅਜਿਹੀ ਹਜ਼ਾਰਾਂ ਸਾਲਾਂ ਦੀ ਅਨਿਆਂ, ਵਿਤਕਰੇ ਤੇ ਅਬਰਾਬਰੀ ਭਰੀ ਸਮਾਜਿਕ ਵਿਵਸਥਾ ਦੀ ਮਿਸਾਲ ਪੂਰੀ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਪੂਰੇ ਵਿਸ਼ਵ ਵਿਚ ਅਜਿਹਾ ਕੋਈ ਧਰਮ ਨਹੀਂ ਜੋ ਨਫ਼ਰਤ, ਗ਼ੈਰ-ਇਖ਼ਲਾਕੀ ਰਹੁ-ਰੀਤਾਂ, ਭੇਦਭਾਵ ਭਰੇ ਆਦੇਸ਼ਾਂ ਤੇ ਅਣਮਨੁੱਖੀ ਪਰੰਪਰਾਵਾਂ ਦਾ ਝੰਡਾ-ਬਰਦਾਰ ਹੋਵੇ। ਕਿਰਤੀ ਵਰਗ ਤੇ ਇਸਤਰੀਆਂ ਪ੍ਰਤਿ ਅਜਿਹਾ ਅੱਤਿਆਚਾਰੀ, ਦਮਨਕਾਰੀ ਵਤੀਰਾ ਤੇ ਮਨੁੱਖਾਂ ਦੀ ਵੰਡ ਦਾ ਸਿਲਸਿਲਾ ਕਿਸੇ ਮੁਲਕ ਵਿਚ ਨਹੀਂ ਪਰ ਭਾਰਤ ਵਿਚ ਇਸ ਵਿਵਸਥਾ ਉੱਤੇ ਗੌਰਵ ਕੀਤਾ ਜਾਂਦਾ ਹੈ ਕਿ ਇਸ ਦੇ ਚੱਲਦਿਆਂ ਸਮੁੱਚੇ ਭਾਰਤੀ ਸਮਾਜ ਅੰਦਰ ਕਦੇ ਤਣਾਅ ਅਤੇ ਹਿੰਸਾ ਨਹੀਂ ਹੋਈ। ਇਸ ਵਿਚਾਰ ਦੇ ਧਾਰਨੀ ਪ੍ਰਗਤੀਵਾਦੀ ਸਮਝੇ ਜਾਂਦੇ ਲੋਕ ਵੀ ਸ਼ਾਮਿਲ ਹਨ ਜੋ ਉੱਚ ਜਾਤੀਆਂ ਨਾਲ ਸੰਬੰਧਤ ਹਨ ਤੇ ਅਛੂਤਾਂ ਦੀ ਵਜ੍ਹਾ ਜ਼ਿੰਦਗੀ ਦਾ ਲੁਤਫ਼ ਲੈ ਰਹੇ ਹਨ। ... ਭਲਾ ਅਜਿਹੀ ਘੋਰ ਅਨਿਆਂ-ਭਰੀ ਵਿਵਸਥਾ ਚੱਲ ਕਿਵੇਂ ਸਕਦੀ ਸੀ ਜੇ 'ਮਨੂੰ ਸਿਮ੍ਰਿਤੀ' ਵਰਗੀ ਪੁਸਤਕ ਸ਼ੂਦਰਾਂ ਅਤੇ ਅਤਿ ਸ਼ੂਦਰਾਂ ਵਿਰੁੱਧ ਕਠੋਰ ਸਮਾਜਿਕ ਨਿਯਮਾਂ ਨੂੰ ਪੱਕੀ ਕਰਨ ਵਾਲੀ ਨਾ ਹੁੰਦੀ। ਅਜਿਹੀਆਂ ਪੁਸਤਕਾਂ ਦੇ ਸੰਦਰਭ ਵਿਚ ਡਾ. ਭੀਮਰਾਓ ਅੰਬੇਡਕਰ ਨੇ ਲਿਖਿਆ ਹੈ, ‘ਜਿਨ੍ਹਾਂ ਪੁਸਤਕਾਂ ਨੂੰ ਪਵਿੱਤਰ ਗ੍ਰੰਥ ਕਿਹਾ ਜਾਂਦਾ ਹੈ ਉਹ ਅਜਿਹੀਆਂ ਜਾਹਲਸਾਜ਼ੀਆਂ ਨਾਲ ਭਰੇ ਪਏ ਹਨ, ਜਿਨ੍ਹਾਂ ਦੀ ਪ੍ਰਵਿਰਤੀ ਰਾਜਨੀਤਕ ਹੈ; ਜਿਨ੍ਹਾਂ ਦੀ ਰਚਨਾ ਪੱਖਪਾਤੀ ਹੈ ਤੇ ਉਨ੍ਹਾਂ ਦਾ ਮਨੋਰਥ ਤੇ ਪ੍ਰਯੋਜਨ ਹੈ ਕਪਟ ਤੇ ਛਲ।’

ਇਸ ਦੇ ਨਾਲ ਹੀ ਮੈਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸ਼ਬਦ ਯਾਦ ਆਉਂਦੇ ਹਨ, “ਹਿੰਦੂ ਨਿਸ਼ਚਤ ਤੌਰ ’ਤੇ ਉਦਾਰ ਤੇ ਸਹਿਣਸ਼ੀਲ ਨਹੀਂ ਹੈ। ਹਿੰਦੂ ਤੋਂ ਜ਼ਿਆਦਾ ਸੰਕੀਰਣ ਵਿਅਕਤੀ ਦੁਨੀਆਂ ਵਿਚ ਕਿਧਰੇ ਨਹੀਂ ਹੈ।” ਕਾਰਲ ਮਾਰਕਸ ਦਾ ਇਹ ਵਿਚਾਰ ਅਤੇ ਨਿਸਚਤਤਾ ਕਦੇ ਨਹੀਂ ਭੁੱਲਦੀ ਕਿ ਦੁਨੀਆਂ ਭਰ ਵਿਚ ਜੇ ਕਿਤੇ ਵੀ ਅਨਿਆਂ ਵਿਰੁੱਧ ਤੇ ਸਮਾਜਿਕ-ਆਰਥਿਕ ਬਰਾਬਰੀ ਲਈ ਇਕ ਹੱਥ ਉੱਠਦਾ ਹੈ ਤਾਂ ਮੇਰੇ ਦੋਵੇਂ ਹੱਥ ਉਸ ਨਾਲ ਹੋਣਗੇ।

ਇਸੇ ਤਰ੍ਹਾਂ ਦੀ ਭਾਵਨਾ ਨਾਲ ਇਕ ਨਿਧੜਕ ਪੰਜਾਬੀ ਸੂਰਮਾ ਸਮਾਜਿਕ ਇਨਸਾਫ਼ ਲਈ ਉੱਠਿਆ ਤੇ ਅਜੀਬ ਇਤਫ਼ਾਕ ਦੀ ਗੱਲ ਹੈ ਕਿ ਉਹ ਸੰਗਤੀਆ ਦੇ ਪਿੰਡ ਮੁੱਗੋਵਾਲ ਦਾ ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ ਸੀ ਜਿਨ੍ਹਾਂ ਅੰਗਰੇਜ਼ਾਂ ਵਿਰੁੱਧ ਦੇਸ਼ ਦੀ ਆਜ਼ਾਦੀ ਖ਼ਾਤਰ ਜੇਲ੍ਹਾਂ ਕੱਟੀਆਂ, ਫ਼ਾਂਸੀ ਦੇ ਤਖ਼ਤੇ ਤੋਂ ਫ਼ਰਾਰ ਹੋ ਕੇ, ਜੰਗਲਾਂ ਵਿਚ ਆਦਿਵਾਸੀਆਂ ਨਾਲ ਤਿੰਨ ਵਰ੍ਹੇ ਗੁਜ਼ਾਰੇ। 1925 ਵਿਚ ਉਹ ਮਨੀਲਾ ਛੱਡ ਕੇ ਭਾਰਤ ਦੇ ਦੱਖਣੀ-ਪੱਛਮੀ ਇਲਾਕਿਆਂ ਥਾਣੀਂ ਹੁੰਦੇ ਹੋਏ ਆਪਣੇ ਪਿੰਡ ਆ ਗਏ। ਉਨ੍ਹਾਂ ਅਛੂਤਾਂ ਦੀ ਦਲਿੱਦਰ ਤੇ ਦੁੱਭਰ ਜ਼ਿੰਦਗੀ ਨੂੰ ਮੁੜ ਤੱਕਿਆ। ਦੋਹਰੀ-ਤੇਹਰੀ ਗੁਲਾਮੀ ਦੇ ਅਹਿਸਾਸ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਲਾਲਾ ਹਰਦਿਆਲ ਦੀ ਜਵਾਬੀ ਚਿੱਠੀ ਮਿਲਣ ਉੱਤੇ ਉਹ ਅਛੂਤਾਂ ਦੇ ਉਧਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗੇ। 11-12 ਜੂਨ, 1926 ਨੂੰ ਆਪਣੇ ਪਿੰਡ ਮੁੱਗੋਵਾਲ ਵਿਚ 36 ਜਾਤਾਂ ਦੇ ਲੋਕਾਂ ਦਾ ਵਿਸ਼ਾਲ ਸੰਮੇਲਨ ਕੀਤਾ ਤੇ 'ਆਦਿਧਰਮ ਮੰਡਲ' ਦੀ ਸਥਾਪਨਾ ਕੀਤੀ। ਇਹ ਇਕ ਤਰ੍ਹਾਂ ਦਾ ਸੱਭਿਆਚਾਰਕ ਅੰਦੋਲਨ ਸੀ। ਉਨ੍ਹਾਂ ਸਮਾਜਿਕ ਅਸਮਾਨਤਾ ਦੇ ਖ਼ਿਲਾਫ਼ ‘ਆਦਿ ਡੰਕਾ’ ਨਾਂ ਦਾ ਅਖ਼ਬਾਰ ਚਾਲੂ ਕੀਤਾ। ਸਮਾਜਿਕ, ਰਾਜਨੀਤਕ ਤੇ ਆਰਥਿਕ ਸੰਘਰਸ਼ ਸਦਕਾ ਉਹ 1946 ਵਿਚ ਆਪਣੇ 3 ਹੋਰ ਸਾਥੀਆਂ ਨਾਲ ਐੱਮ.ਐੱਲ.ਏ.ਬਣੇ। 1936 ਵਿਚ ਆਦਿਧਰਮ ਦੇ 8 ਐੱਮ.ਐੱਲ.ਏ. ਬਣੇ ਸਨ।

ਇੱਥੇ ਜੋ ਸਬੱਬ ਦੀ ਗੱਲ ਹੈ, ਉਹ ਇਹ ਕਿ ਬਾਬੂ ਮੰਗੂ ਰਾਮ ਸਾਡੇ ਪਿੰਡ ਮਾਧੋਪੁਰ 1947 ਤੋਂ ਪਹਿਲਾਂ ਤੇ ਬਾਅਦ ਆਏ। ਦੱਸਦੇ ਹਨ ਕਿ ਉਨ੍ਹਾਂ ਦਾ ਬਹੁਤ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਵਿਚ ਸਮੁੱਚਾ ਪਿੰਡ ਸ਼ਾਮਿਲ ਸੀ। ਦੇਸ਼ ਦੀ ਆਜ਼ਾਦੀ ਤੇ ਅਛੂਤਾਂ ਦੇ ਉਧਾਰ ਵਾਸਤੇ ਉਨ੍ਹਾਂ ਦੇ ਸੰਘਰਸ਼ ਨੂੰ ਭਾਰਤ ਦੇ ਲੋਕ ਸਦਾ ਯਾਦ ਕਰਦੇ ਰਹਿਣਗੇ।

... ਤੇ ਚੌਥਾ ਬੰਦੋਬਸਤ ‘ਦਿ ਈਸਟ ਪੰਜਾਬ ਲੈਂਡ (ਐਂਡ ਪ੍ਰੀਵੈਸ਼ਨ ਫਰੈਗਮੈਂਟੇਸ਼ਨ) ਆਫ਼ ਹੋਲਡਿੰਗ ਐਕਟ, 1943 ਤਹਿਤ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਮਗਰੋਂ, 1948 ਵਿਚ ਹੋਇਆ ਜੋ 1960 ਤਕ ਚਲਦਾ ਰਿਹਾ। ਇਸ ਅਨੁਸਾਰ ਹਰ 'ਕੰਮੀ' ਪਰਿਵਾਰ ਨੂੰ ਦੋ-ਦੋ ਮਰਲੇ ਜ਼ਮੀਨ ਘਰਾਂ ਦਾ ਢੇਰ-ਕੂੜਾ ਸੁੱਟਣ ਲਈ ਦਿੱਤੀ ਗਈ। ਇਸ ਤੋਂ ਪਹਿਲਾਂ ਬੇਜ਼ਮੀਨੇ ਤੇ ਗ਼ੈਰਕਾਸ਼ਤਕਾਰ ਲੋਕਾਂ ਦਾ ਢੇਰ-ਕੂੜਾ ਮਾਲਕ ਮਾਲਕੀ ਦੇ ਹਿੱਸੇ ਅਨੁਸਾਰ ਤਕਸੀਮ ਕਰ ਲੈਂਦੇ ਸਨ। ਜਿਹੜੇ ਗ਼ੈਰ-ਮਾਲਕ ਕਾਸ਼ਤਕਾਰੀ ਕਰਦੇ ਸਨ ਉਹ ਆਪਣੇ ਖੇਤਾਂ ਵਿਚ ਪਾ ਲੈਂਦੇ ਸਨ। ਗ਼ੈਰ-ਮਾਲਕ ਨੂੰ ਢੇਰ-ਕੂੜਾ ਵੇਚਣ ਦਾ ਹੱਕ ਨਹੀਂ ਸੀ।

ਬਰਤਾਨਵੀ ਸਰਕਾਰ ਦੇ ਗੁਲਾਮ 15 ਅਗਸਤ, 1947 ਨੂੰ ਆਜ਼ਾਦ ਹੋ ਗਏ। ਉਨ੍ਹਾਂ ਨੂੰ ਅਨੇਕ ਹੋਰ ਅਧਿਕਾਰ ਪ੍ਰਾਪਤ ਹੋ ਗਏ ਪਰ 'ਰਜਅਤਨਾਮਾ' (ਜਾਗੀਰਦਾਰੀ ਬੰਦੋਬਸਤ ਤਹਿਤ ਸਰਦਾਰੀ, ਚੌਧਰ ਨੂੰ ਬਰਕਰਾਰ ਰੱਖਣ ਵਾਲਾ ਕਾਨੂੰਨ) ਜਿਉਂ ਦਾ ਤਿਉਂ ਰਿਹਾ ਭਾਵੇਂ ਕਿ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋ ਗਿਆ। ਲੰਬੀ ਜੱਦੋਜਹਿਦ ਤੇ ਅਧਿਕਾਰ ਚੇਤਨਾ ਸਦਕਾ 1957 ਵਿਚ 'ਮੌਰੂਸੀ' ਦਾ ਹੱਕ ਖ਼ਤਮ ਹੋ ਗਿਆ - ਭਾਵ 'ਕੰਮੀਆਂ' ਨੂੰ ਇਸ ਦੀ ਮਾਲਕੀ ਦੇ ਹੱਕ ਹਾਸਿਲ ਹੋ ਗਏ। ਵਸੋਂ ਲਈ ਅਛੂਤਾਂ ਨੂੰ ਦਿੱਤੀ ਮੌਰੂਸੀ (ਵਿਰਾਸਤ ਵਿਚ ਮਿਲੀ ਜ਼ਮੀਨ) ਬਦਲੇ ਬਗਾਰ ਕਰਾਉਣ ਦਾ ਹੱਕ; ਰਜਅਤਨਾਮਾ ਟੁੱਟ ਗਿਆ। ਅਛੂਤਾਂ ਦਾ ਜਬਰੀ ਤੇ ਮੁਫ਼ਤ ਕੰਮ ਕਰਵਾਏ ਜਾਣ ਵਾਲੇ ਕਾਨੂੰਨ ਤੋਂ ਛੁਟਕਾਰਾ ਹੋ ਗਿਆ। ਇੰਤਕਾਲੇ ਅਰਾਜੀ ਐਕਟ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ ਤੇ ਅਨੁਸੂਚਿਤ ਜਾਤੀਆਂ ਨੂੰ ਜਾਇਦਾਦ ਖ਼ਰੀਦਣ-ਵੇਚਣ ਦਾ ਸੰਪੂਰਨ ਅਧਿਕਾਰ ਪ੍ਰਾਪਤ ਹੋ ਗਿਆ।

ਅਛੂਤਾਂ ਦੇ ਮੁਹੱਲੇ/ਬਸਤੀਆਂ ਪੰਜਾਬ ਤੇ ਭਾਰਤ ਦੇ ਪਿੰਡਾਂ ਵਿਚ ਲਹਿੰਦੇ ਪਾਸੇ ਹਨ। ਇਸ ਲਈ ਕਿ ਇਹ ਵਰਗ ਹਿੰਦੂ ਸਮਾਜਿਕ ਵਿਵਸਥਾ ਅਨੁਸਾਰ ਚਹੁੰ ਵਰਣਾਂ ਵਿੱਚੋਂ ਕਿਸੇ ਵਿਚ ਵੀ ਨਹੀਂ ਆਉਂਦੇ ਤੇ ਵਿਵਸਥਾ ਸਮਰਥਕਾਂ ਅਨੁਸਾਰ ਉਨ੍ਹਾਂ ਦਾ ਪ੍ਰਛਾਵਾਂ ਵੀ ਨਹੀਂ ਲਿਆ ਜਾਣਾ ਚਾਹੀਦਾ। ਕਹਿਣ ਨੂੰ ਦਲਿਤ ਹਿੰਦੂ ਧਰਮ ਦਾ ਹਿੱਸਾ ਹਨ ਪਰ ਅਸਲੀਅਤ ਵਿਚ ਇਹ ਧਰਮ ਉਨ੍ਹਾਂ ਨੂੰ ਗੁਲਾਮ ਬਣਾਉਣ ਦਾ ਇਕ ਮਾਧਿਅਮ ਹੈ। ਇਸੇ ਕਰਕੇ ਇਨ੍ਹਾਂ ਲੋਕਾਂ ਨੂੰ ਸਮਾਜ ਦੀ 'ਮੁੱਖਧਾਰਾ' ਤੋਂ ਵੱਖ ਰੱਖਿਆ ਗਿਆ। ਦੂਜੀ ਇਹ ਸੋਚ ਸੀ ਕਿ ਪਿੰਡ ਦਾ ਗੰਦਾ ਪਾਣੀ ਹਮੇਸ਼ਾ ਨੀਵੇਂ ਪਾਸੇ ਯਾਨੀ ਲਹਿੰਦੇ ਨੂੰ ਵਗਦਾ ਹੈ - ਇਸ ਕਰ ਕੇ ਅਜਿਹੇ ਲੋਕਾਂ ਦਾ ਵਾਸ ਗੰਦਮੰਦ ਵਿਚ ਹੀ ਉਚਿਤ ਹੈ। ਅਜਿਹੀ ਘਟੀਆ ਤੇ ਘਿਨਾਉਣੀ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਅੱਜ ਵੀ ਸਮੂਹ ਪਿੰਡਾਂ ਵਿਚ ਦੇਖਿਆ ਜਾ ਸਕਦਾ ਹੈ।

ਖ਼ੈਰ, 1947 ਤੋਂ ਪਹਿਲਾਂ ਸਾਡੀ ਬਿਰਾਦਰੀ ਦੇ ਜਿਸ ਪਰਿਵਾਰ ਨੇ ਕਿਸੇ ਜੱਟ ਦੇ ਨਾਂ ਉੱਤੇ ਜ਼ਮੀਨ ਖ਼ਰੀਦੀ ਸੀ - ਉਸਨੇ ਬਾਅਦ ਵਿਚ ਪੂਰੀ ਈਮਾਨਦਾਰੀ ਨਾਲ ਉਸ ਦਲਿਤ ਦੇ ਨਾਂ ਚੜ੍ਹਵਾ ਦਿੱਤੀ। ਇਹ ਪਰਿਵਰਤਨ ਤੇ ਕ੍ਰਾਂਤੀ ਦਾ ਇਕ ਚਿੰਨ੍ਹ ਹੋ ਨਿੱਬੜੀ। ਆਜ਼ਾਦੀ ਦਾ ਅਹਿਸਾਸ ਚੁਫ਼ੇਰੇ ਫੈਲਣ ਲੱਗਾ। ਸੰਵਿਧਾਨਕ ਦ੍ਰਿਸ਼ਟੀ ਤੋਂ ਸਭ ਭਾਰਤ ਵਾਸੀ ਹਰ ਖੇਤਰ ਵਿਚ ਬਰਾਬਰ ਸਮਝੇ ਜਾਣ ਲੱਗੇ। ਅਛੂਤ ਹੁਣ ਹਰੀਜਨਾਂ ਤੋਂ ਅਨੁਸੂਚਿਤ ਜਾਤੀਆਂ ਦਾ ਸਫ਼ਰ ਕਰ ਗਏ। ਪਰ ਸਮਾਜਿਕ ਵਰਤਾਰਾ ਤੇ ਉੱਚ ਜਾਤੀਆਂ ਦੀ ਮਾਨਸਿਕਤਾ ਵਿਚ ਓਨਾ ਬਦਲਾਅ ਨਹੀਂ ਆਇਆ ਜਿੰਨੀ ਤੇਜ਼ੀ ਨਾਲ ਇਸ ਵਿਗਿਆਨਕ ਯੁੱਗ ਵਿਚ ਆਉਣਾ ਚਾਹੀਦਾ ਸੀ। ਬਹੁਤ ਸਾਰੇ ਕਾਨੂੰਨ ਜਿਸ ਭਾਵਨਾ ਨਾਲ ਬਣਾਏ ਗਏ, ਉਹ ਅਸਲ ਮਾਅਨਿਆਂ ਵਿਚ ਆਪਣਾ ਉਚਿਤ ਸਥਾਨ ਹਾਸਿਲ ਨਹੀਂ ਕਰ ਸਕੇ। ਸੰਖੇਪ ਵਿਚ, ਸਮਾਜਿਕ ਪਰਿਵਰਤਨ ਬਹੁਤ ਸਾਰਾ ਉੱਦਮ, ਸਾਹਸ ਤੇ ਦਲੇਰੀ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਲੋੜਦਾ ਹੈ। ਤਰਕਵਾਦੀ ਦਰਸ਼ਨ ਦੀ ਅਹਿਮ ਜ਼ਰੂਰਤ ਹੈ। ਦਲਿਤ ਸਮੁੱਚੇ ਦੇਸ਼ ਨੂੰ ਪ੍ਰਫੁੱਲਤ ਹੁੰਦਾ ਦੇਖਣਾ ਚਾਹੁੰਦੇ ਹਨ - ਅਜਿਹਾ ਮੈਂ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਦਲਿਤ ਬੁੱਧੀਜੀਵੀਆਂ ਦੀਆਂ ਬੈਠਕਾਂ ਵਿਚ ਮਹਿਸੂਸ ਕੀਤਾ ਹੈ।

ਛਾਂਗਿਆ ਰੁੱਖ (ਕਾਂਡ ਤੀਜਾ)

‘ਹਾਅ ਚਮ੍ਹਾਰਲੀ ਨੂੰ ਦਬਕਾ ਮਾਰ ਕੇ ਪਰੇ ਠਾਅ ਜ਼ਰਾ!’ ਗੁਰਦੁਆਰੇ ਦੀ ਇਮਾਰਤ ਦੀਆਂ ਤਾਕੀਆਂ ਨਾਲ ਸਾਨੂੰ ਚੁੰਬੜਿਆਂ ਤੇ ਇੱਕ ਦੂਜੇ ਦੇ ਉੱਤੋਂ ਦੀ ਪੱਬਾਂ ਭਾਰ ਸੀਖਾਂ ਫੜ-ਫੜ ਅੰਦਰ ਨੂੰ ਝਾਕਦਿਆਂ ਵੱਲ ਦੇਖ ਕੇ, ਪ੍ਰਸ਼ਾਦ ਵੰਡਦਾ ਪਿੰਡ ਦਾ ਜੱਟ ‘ਭਾਈ’ ਆਪਣੇ ਕੋਲ ਖੜ੍ਹੇ ਕਿਸੇ ਨੂੰ ਅਕਸਰ ਹੀ ਸੰਗਰਾਂਦ ਜਾਂ ਗੁਰਪੁਰਬ ਦੇ ਮੌਕੇ ਕਹਿੰਦਾ। ਅਸੀਂ ਖਿੜਕੀਆਂ ਨਾਲ ਲਮਕਦੇ ਤੇ ਚੁੰਬੜੇ ਹੋਏ ਸਾਰੇ ਨਿਆਣੇ ਪਲ ਦੀ ਪਲ ਜੁੱਤੀਆਂ ਮਿੱਧਦੇ ਪਿਛਾਂਹ ਹਟ ਜਾਂਦੇ। ਉਹਦਾ ਮੂੰਹ ਦੂਜੇ ਪਾਸੇ ਹੁੰਦਾ ਤਾਂ ਅਸੀਂ ਫਿਰ ਆਪਣੀ ਆਨੇ ਵਾਲੀ ਥਾਂ ਹੁੰਦੇ।

ਖਿਝੂ ਜਿਹੇ ਸੁਭਾਅ ਦੇ ਉਸ ‘ਭਾਈ’ ਦੇ ਤੇੜ ਸਿੱਖੀ ਸਰੂਪ ਦੀ ਦਿੱਖ ਵਾਲਾ ਕੱਛਾ, ਗੱਲ ਮਲੇਸ਼ੀਏ ਦਾ ਛਣ ਚੁੱਕਾ ਝੱਗਾ ਤੇ ਸਿਰ ’ਤੇ ਪੱਗ ਇੰਨੇ ਮੈਲ਼ੇ ਹੁੰਦੇ ਕਿ ਉਹਦੀਆਂ ਤੇਲ ਜਾਂ ਪਸੀਨੇ ਨਾਲ ਤਰ ਹੋਈਆਂ ਲੱਤਾਂ ਨਾਲ ਮੇਲ ਖਾਂਦੇ ਦਿਸਦੇ। ਉਹਦੇ ਮੂੰਹ ਉਤਲੇ ਮਾਤਾ ਦੇ ਵਿਰਲੇ-ਵਿਰਲੇ ਮੋਟੇ ਦਾਗ਼ ਇਉਂ ਲਗਦੇ ਜਿਵੇਂ ਪਾਥੀਆਂ ਦੀ ਸਲੇਟੀ ਰੰਗੀ ਸੁਆਹ ਉੱਤੇ ਛਿੱਟਾਂ ਪਈਆਂ ਹੋਣ। ਜਦੋਂ ਉਹ ਚੱਬ ਕੇ ਗੱਲ ਕਰਦਾ ਤਾਂ ਉਹਦੀ ਤਿਕੋਨੀ ਜਿਹੀ ਚਿੱਟੀ ਦਾਹੜੀ ਵੀ ਹਿੱਲਦੀ। ਉਹਦੀਆਂ ਚੁੰਨ੍ਹੀਆਂ ਅੱਖਾਂ ਦੀਆਂ ਅਸੀਂ ਸਾਂਗਾਂ ਲਾਉਂਦੇ।

‘ਚੰਨਣਾ ਤੇਰੇ ਕੋਲੋਂ ਨਈਂ ਕਾਬੂ ਆਉਣੇ ਇਹ ਚੀਂਗੜਬੋਟ, ਮੈਂ ਦਿੰਨਾ ਦਾਖੂ ਦਾਣਾ ਇਨ੍ਹਾਂ ਮਾਂ ਦਿਆਂ ...!’ ਉਹ ਫਿਰ ਉੱਲਰ ਕੇ ਸਾਨੂੰ ਅਧੂਰੀ ਗਾਲ੍ਹ ਕੱਢਦਾ ਜਿਸ ਦੀ ਖ਼ਾਲੀ ਥਾਂ ਸਾਡੇ ਮਨਾਂ ਵਿੱਚ ਆਪਣੇ ਆਪ ਭਰ ਜਾਂਦੀ। ਪ੍ਰਸ਼ਾਦ ਲਈ ਸਭ ਤੋਂ ਬਾਅਦ ਜਦੋਂ ਸਾਡੀ ਵਾਰੀ ਆਉਂਦੀ ਤਾਂ ਉਹ ਝਿੜਕ ਕੇ ਕਹਿੰਦਾ, ‘ਕਮਜਾਤੋ ਧੁਆਨੂੰ ਇੱਕ ਬਾਰੀ ਨਈਂ ਕਿਹਾ ਪਈ ਰਾਮ ਨਾ ਬਹਿ ਜਾਓ।’ ਪਰ ਅਸੀਂ ਖੜ੍ਹੇ-ਖੜ੍ਹੇ ਇੱਕ ਦੂਜੇ ਤੋਂ ਮੋਹਰੇ ਦੋਹਾਂ ਹੱਥਾਂ ਦੇ ਨਿੱਕੇ-ਨਿੱਕੇ ਬੁੱਕ ਬਣਾ ਕੇ ਉਹਦੇ ਵੱਲ ਵਧਾਉਂਦੇ। ਉਹ ਬਿਨਾਂ ਝੁਕਿਆਂ ਪ੍ਰਸ਼ਾਦ ਵਰਤਾਉਂਦਾ ਤੇ ਅਸੀਂ ਫ਼ੁਰਤੀ ਨਾਲ ਉੱਤੋਂ ਹੀ ਬੋਚ ਲੈਂਦੇ। ਕਦੀ ਕਦੀ ਕਿਸੇ ਦੇ ਬੁੱਕ ਵਿੱਚ ਪ੍ਰਸ਼ਾਦ ਨਾ ਆਉਂਦਾ ਤੇ ਭੁੰਜੇ ਡਿਗ ਪੈਂਦਾ ਅਤੇ ਉਹ ਰੋਣਹਾਕਾ ਹੋ ਜਾਂਦਾ। ਜਦੋਂ ਉਹ ਭੁੰਜਿਉਂ ਚੁੱਕਣ ਲੱਗਦਾ ਤਾਂ ਇੰਨੇ ਨੂੰ ਤਾੜ ਵਿੱਚ ਬੈਠਾ ਡੱਬੂ ਆਪਣੀ ਜੀਭ ਨਾਲ ਪ੍ਰਸ਼ਾਦ ਛਕ ਜਾਂਦਾ। ਇੱਦਾਂ ਹੀ ਇੱਕ-ਦੋ ਵਾਰ ਮੇਰੀ ਕੌਲੀ ਉਸ ਵੇਲੇ ਹੱਥੋਂ ਛੁੱਟ ਕੇ ਥੱਲੇ ਡਿਗ ਪਈ ਜਦੋਂ ‘ਭਾਈ’ ਕਾਹਲੀ-ਕਾਹਲੀ ਜ਼ੋਰ-ਜ਼ੋਰ ਨਾਲ ਛੱਡਵਾਂ ਜਿਹਾ ਪ੍ਰਸ਼ਾਦ ਉੱਤੋਂ ਹੀ ਸੁੱਟ ਰਿਹਾ ਸੀ ਕਿ ਕਿਤੇ ਉਹਦਾ ਹੱਥ ਕੌਲੀ ਜਾਂ ਹੱਥਾਂ ਨੂੰ ਨਾ ਛੋਹ ਜਾਵੇ। ਅਜਿਹੀ ਘਟਨਾ ਨਾਲ ਮੇਰੇ ਚਿਹਰੇ ’ਤੇ ਖੁਸ਼ੀ ਦੀ ਚੜ੍ਹੀ ਲਫ਼ ਇਕਦਮ ਲਹਿ ਕੇ ਕਿਤੇ ਦੂਰ ਚਲੇ ਜਾਂਦੀ ਜੋ ਸਹਿਜੇ ਕੀਤੇ ਮੇਰੇ ਵੱਲ ਛੇਤੀ ਨਾ ਪਰਤਦੀ।

ਕਦੀ ਉਹ ਕਿਸੇ ਨੂੰ ਕਹਿੰਦਾ, ‘ਤੂੰ ਪਈ੍ਹਲਾਂ ਨਹੀਂ ਲਿਆ ਓਏ!’

‘ਨਈਂ ਬਾਬਾ, ਮੈਂ ਨਈਂ ਲਿਆ ਹਾਲੇ!’ ਪ੍ਰਸ਼ਾਦ ਲੁਕੋ ਕੇ ਖਾਣ ਪਿੱਛੋਂ ਹੱਥ ਕੱਛੇ ਦੀ ਪਿਛਾੜੀ ਨਾਲ ਪੂੰਝ ਕੇ ਸਾਡੇ ਵਿੱਚੋਂ ਕੋਈ ਜਣਾ ਦੱਸਦਾ।

ਘਰਾਂ ਨੂੰ ਮੁੜਦੀ ਸਾਡੀ ਢਾਣੀ ਇਉਂ ਖੁਸ਼ ਹੁੰਦੀ ਜਿਵੇਂ ਵੱਡੀ ਮੱਲ ਮਾਰੀ ਹੋਵੇ। ਅਸੀਂ ਇੱਕ ਦੂਜੇ ਨੂੰ ਦੱਸਦੇ, ‘ਮੈਂਮ੍ਹੀਂ ਅੱਜ ਤੇਹਰਾ ਗੱਫ਼ਾ ਲਿਆ!’

‘ਅੱਗੇ ਨਈਂ ਪਤਾ, ਕਾਣਾ-ਬੰਡਾ ਕਰਦਾ ਇਹ ਮੁਚਰੂ ਜਿਹਾ। ਅੰਦਰ ਬਈਠਿਆਂ ਨੂੰ ਤਾਂ ਮੁੱਠਾਂ ਭਰ-ਭਰ ਦਿੰਦਾ ਤੇ ਹਮ੍ਹਾਤੜਾਂ ਨੂੰ ਝੁੱਗੇ ਵਿੱਚੋਂ ਓੲ੍ਹੀਓ ਚੂੰਢੀਆਂ ਜਿਹੀਆਂ ...।’ ਕੋਲੋਂ ਦੀ ਲੰਘ ਰਹੇ ਮੱਸੇ ਦੇ ਬੋਲ ਮੈਂਨੂੰ ਸੁਣੇ ਜਿਨ੍ਹਾਂ ਸਦਕਾ ਮੇਰੇ ਮਨ ਵਿੱਚ ਕੁਝ ਤਿੜਕ ਗਿਆ, ਜਿਵੇਂ ਭੁਚਾਲ ਨਾਲ ਸਾਡੀ ਕੋਠੜੀ ਦੀ ਗੁਰਦੁਆਰੇ ਵੱਲ ਦੀ ਕੰਧ ਵਿੱਚ ਤੇੜ ਆ ਗਈ ਸੀ।

ਜਦੋਂ ਮੈਂ ਇਕੱਲਾ ਹੁੰਦਾ ਤਾਂ ਮੇਰੀਆਂ ਸੋਚਾਂ ਫਿਰ ਗੁਰਦੁਆਰੇ ਦੇ ਬਾਹਰ ਕਿਸੇ ਅਰਦਾਸੀਏ ਵਾਂਗ ਜਾ ਖੜ੍ਹੀਆਂ ਹੁੰਦੀਆਂ, ਜਿਨ੍ਹਾਂ ਦੀ ਮੂਕ ਆਵਾਜ਼ ਮੇਰੇ ਸਿਵਾਏ ਕਿਸੇ ਨੂੰ ਨਾ ਸੁਣਦੀ। ਅੰਦਰ ਬੈਠੇ ਮੇਰੇ ਹਾਣ ਦੇ ਕੁੜੀਆਂ-ਮੁੰਡਿਆਂ ਦੇ ਸਜੇ-ਸੰਵਰੇ ਹੋਣ ਤੇ ਮੈਂਨੂੰ ਆਪਣੇ ਵਿਚਕਾਰ ਆਪਣੇ ਨੰਗ ਢਕਣ ਲਈ ਤੇੜ ਕੱਛਾ ਤੇ ਰੰਗ ਦਾ ਫ਼ਰਕ ਹੀ ਦਿਸਦਾ। ਚਾਣਚੱਕ ਪਾਠੀ-ਭਾਈ ਦੀ ‘ਕਰਮਾਂ’ ਦੇ ਪ੍ਰਸੰਗ ਵਿੱਚ ਲੰਮੀ-ਚੌੜੀ ਵਿਆਖਿਆ ਪਿੰਡ ਦੇ ਵੱਡੇ ਸਾਰੇ ਗੋਰੇ ਛੱਪੜ ਵਾਂਗ ਆ ਖੜ੍ਹਦੀ ਜਿਸਦੇ ਡੂੰਘੇ ਪਾਣੀ ਉੱਤੋਂ ਦੀ ਤਰ ਕੇ ਦੂਜੇ ਪਾਸੇ ਜਾਣ ਦਾ ਮੇਰਾ ਜਿਗਰਾ ਨਾ ਪੈਂਦਾ। ਕੋਠੜੀ ਦੀ ਕੰਧ ਦੀ ਤੇੜ ਵੱਡੀ ਦਰਾੜ ਵਿੱਚ ਬਦਲਦੀ ਤੇ ਛੱਤ ਡਿਗੂੰ-ਡਿਗੂੰ ਕਰਦੀ ਦਿਸਦੀ। ਵਿੱਚ-ਵਿੱਚ ਮੇਰੀਆਂ ਅੱਖਾਂ ਸਾਹਮਣੇ ਆਪਣੇ ਨਾਨਕੇ ਪਿੰਡ ਆਈ ਮੇਰੀ ਉਮਰ ਦੀ ਉਸ ਭੋਲੀ ਜਿਹੀ ਕੁੜੀ ਦਾ ਚਿਹਰਾ ਮੁੜ-ਮੁੜ ਸਾਕਾਰ ਹੁੰਦਾ ਜਦੋਂ ਮੇਰਾ ਪ੍ਰਸ਼ਾਦ ਕੁੱਤਾ ਖਾ ਗਿਆ ਸੀ ਤੇ ਉਹ ਰੋਣਹਾਕੀ ਹੋ ਗਈ ਸੀ। ਉਹ ਆਪਣੇ ਛੋਟੇ ਜਿਹੇ ਬੁੱਕ ਵਿੱਚੋਂ ਜਦੋਂ ਮੈਂਨੂੰ ਪ੍ਰਸ਼ਾਦ ਦੇਣ ਲੱਗੀ ਸੀ ਤਾਂ ਇੱਕ ਤੀਵੀਂ ਉਹਦੀਆਂ ਦੋਵੇਂ ਨਿੱਕੀਆਂ-ਨਿੱਕੀਆਂ ਚੂੰਡੀਆਂ ਫੜ ਕੇ ਉਹਨੂੰ ਧੂਹ ਕੇ ਲੈ ਗਈ ਸੀ। ਤੇ ਉਹ ‘ਮਾਮੀ-ਮਾਮੀ’ ਕਹਿੰਦੀ ਪੈਰ ਘਸੀਟਦੀ ਹੋਈ ਉਹਦੇ ਮੋਹਰੇ-ਮੋਹਰੇ ਤੁਰ ਪਈ ਸੀ। ਇਨ੍ਹੀਂ ਵਿਚਾਰੀਂ ਪਿਆ ਅਖੀਰ ਮੈਂ ਚਿੱਤ ਵਿੱਚ ਪੱਕੀ ਧਾਰ ਲੈਂਦਾ, ‘ਅੱਗੇ ਤੋਂ ਗੁਰਦੁਆਰੇ ਦੇ ਵਿਹੜੇ ਪੈਰ ਨਈਂ ਪਾਉਣਾ, ਇੱਦਾਂ ਦੇ ਪ੍ਰਸ਼ਾਦ ਲੈਣ ਖੁਣੋ ਕੀ ਥੁੜਿਆ ਆ।’

ਇਸੇ ਦੌਰਾਨ ਕਈ ਵਾਰ ਵਲੀਆਂ ਦੇ ਬਿੱਕਰ ਦੀ ਲਾਲ-ਚਿੱਟੀ ਡੱਬ-ਖੜੱਬੀ ਘੋੜੀ ਸਾਡੀ ਨਜ਼ਰੇ ਪੈਂਦੀ। ਸਾਡੀ ਸਾਰੀ ਢਾਣੀ ਚਾਂਗਰਾਂ ਮਾਰਦੀ ਉੱਧਰ ਨੂੰ ਹੋ ਜਾਂਦੀ।

ਬਿੱਕਰ ਜਦੋਂ ਸਾਡੇ ਘਰਾਂ ਕੋਲੋਂ ਦੀ ਲੰਘਦਾ ਤਾਂ ਘੋੜੀ ਦੀਆਂ ਵਾਗਾਂ ਫੜੀ ਉਹ ਉਸ ਤੋਂ ਮੋਹਰੇ-ਮੋਹਰੇ ਤੁਰਿਆ ਹੁੰਦਾ। ਘੋੜੀ ਆਪਣੀ ਪੂਛ ਵਾਰ-ਵਾਰ ਹੇਠਾਂ ਉੱਤੇ ਤੇ ਆਲੇ-ਦੁਆਲੇ ਨੂੰ ਹਿਲਾਉਂਦੀ-ਘੁਮਾਉਂਦੀ। ਅਸੀਂ ਹੈਕਨਾ, ਨਾਂਗਿਆਂ ਤੇ ਸ਼ੇਖਚਿਲੀਆਂ ਦੀਆਂ ਹਵੇਲੀਆਂ ਸਾਹਮਣਿਓਂ ਦੀ ਲੰਘਦੇ ਘੋੜਿਆਂ ਤੇ ਮੰਤਰੀਆਂ ਦੀ ਹਵੇਲੀ ਤਕ ਘੋੜੀ ਦੇ ਪਿੱਛੇ ਤੁਰੇ ਰਹਿੰਦੇ। ਮੇਰਾ ਚਿੱਤ ਘੋੜੀ ਦੀ ਨਿੱਕੀ ਜਿਹੀ ਵਛੇਰੀ ’ਤੇ ਪਲਾਕੀ ਮਾਰ ਕੇ ਚੜ੍ਹਨ ਨੂੰ ਕਰਦਾ ਜੋ ਘੋੜੀ ਦੀਆਂ ਮੋਹਰਲੀਆਂ ਤੇ ਕਦੀ ਪਿਛਲੀਆਂ ਲੱਤਾਂ ਵਿੱਚ ਆਪਣੀ ਬੂਥੀ ਵਾੜ ਲੈਂਦੀ ਸੀ। ਪਰ ‘ਕਰਮਾਂ ਦਾ ਖੇਲ੍ਹ’ ਮੇਰਾ ਖਹਿੜਾ ਨਾ ਛੱਡਦਾ ਤੇ ਵਛੇਰੀ ਉੱਤੇ ਚੜ੍ਹ ਝੂਟੇ ਲੈਣ ਦਾ ਖ਼ਿਆਲ ਛੱਡ ਦੇਣ ਲਈ ਨਾਲ ਦੀ ਨਾਲ ਪ੍ਰੇਰਦਾ। ਤੇ ਫਿਰ ਕਈ ਵਾਰ ਅਸੀਂ ਉਦੋਂ ਪਿਛਾਂਹ ਨੂੰ ਕੂਕਾਂ ਮਾਰਦੇ ਮੁੜਦੇ ਜਦੋਂ ਘੋੜੀ ਖੜ੍ਹੀ ਹੋ ਕੇ ਲਿੱਦ ਕਰਨ ਲੱਗ ਪੈਂਦੀ। ਇੱਕ ਵਾਰੀ ਨਾਂਗਿਆਂ ਦੇ ਛੱਪੜ ਕੋਲ ਗਏ ਤਾਂ ਮੇਰੇ ਨਾਲ ਦੇ ਮੁੰਡੇ ਛੱਪੜ ਦੇ ਪਾਣੀ ਉੱਤੇ ਕੁੱਜਿਆਂ-ਬੁੱਘਿਆਂ ਦੀਆਂ ਠੀਕਰੀਆਂ ਦੀਆਂ ਤਾਰੀਆਂ ਲਾਉਣ ਲੱਗ ਪਏ। ਉੱਥੇ ਹੀ ਮੇਰੀ ਨਿਗਾਹ ਅੰਬ ਦੇ ਨਵੇਂ ਉੱਗੇ ਬੂਟਿਆਂ ਉੱਤੇ ਪਈ। ਇਨ੍ਹਾਂ ਦੀਆਂ ਹੇਠਲੀਆਂ ਪੱਤੀਆਂ ਹਰੀਆਂ ਤੇ ਕਰੂੰਬਲਾਂ ਨਾਲ ਦੀਆਂ ਨਸਵਾਰੀ ਸਨ। ਮੈਂ ਇੱਕ ਬੂਟੇ ਦੀ ਚਕਲੀ ਕੱਢਣੀ ਚਾਹੀ ਪਰ ਕੋਈ ਗੱਲ ਨਾ ਬਣੀ ਤੇ ਹੌਲੀ-ਹੌਲੀ ਹੁਸ਼ਿਆਰੀ ਨਾਲ ਇੱਕ ਬੂਟਾ ਜੜ੍ਹਾਂ ਸਣੇ ਪੁੱਟ ਲਿਆਇਆ।

ਰੰਬੇ ਨਾਲ ਵਿਹੜੇ ਵਿੱਚ ਬੂਟਾ ਲਾਉਣ ਲਈ ਮਿੱਟੀ ਪੁੱਟ ਹੀ ਰਿਹਾ ਸੀ ਕਿ ਭਾਈਆ ਮੇਰੇ ਹੱਥੋਂ ਰੰਬਾ ਖੋਹ ਕੇ ਕਹਿਣ ਲੱਗਾ, ‘ਮਾਮਾ ਤੂੰ ਜੱਟਾਂ ਦੀਆਂ ਰੀਸਾਂ ਕਰਦਾਂ - ਉਨ੍ਹਾਂ ਦੀਆਂ ਤਾਂ ਛੇ-ਛੇ ਕਨਾਲਾਂ ਵਿੱਚ ਹਬੇਲੀਆਂ ਆਂ! ਸਾਡੇ ਕੋਲ ਤਾਂ ਇਹੋ ਕੁਛ ਈ ਆ ਬਹਿਣ-ਖਲੋਣ ਨੂੰ।’

ਅੰਬ ਦੇ ਬੂਟੇ ਵਾਂਗ ਮੇਰਾ ਮਨ ਵੀ ਮੁਰਝਾਉਣਾ ਸ਼ੁਰੂ ਹੋ ਗਿਆ। ਕਿਸੇ ਤੂਫ਼ਾਨੀ ਝੱਖੜ ਨੇ ਮੇਰੀਆਂ ਰੀਝਾਂ ਦੇ ਬੂਰ ਨੂੰ ਬੇਵਕਤਾ ਹੀ ਹਲੂਣ ਕੇ ਝਾੜ ਸੁੱਟਿਆ। ਮੈਂ ਤਾਂ ਵੀ ਸੋਚਦਾ, ‘ਸਾਡੇ ਵਿਹੜੇ ਬੀ ਕੋਈ ਰੁੱਖ ਹੋਬੇ - ਚਿੜੀਆਂ, ਘੁੱਗੀਆਂ ਤੇ ਤੋਤੇ ਆ ਕੇ ਬੈਠਣ।’

ਅਜੇ ਇਨ੍ਹਾਂ ਖ਼ਿਆਲਾਂ ਵਿੱਚ ਹੀ ਗੁਆਚਿਆ ਹੋਇਆ ਸੀ ਕਿ ਮੇਰੇ ਹਾਣੀ ਪਾਸ਼ ਨੇ ਅਚਾਨਕ ਸੂਰਜ ਡੁੱਬਣ ਤੋਂ ਥੋੜ੍ਹਾ ਜਿਹਾ ਪਹਿਲਾਂ ਆ ਕੇ ਮੈਂਨੂੰ ਦੱਸਿਆ, ‘ਆਪਣੇ ਸਿਵਿਆਂ ਦੇ ਰਾਹ ਵਿੱਚ ਛਲੇਡਾ ਰਹਿੰਦਾ, ਗੁੱਡ।’

ਦੌੜ ਕੇ ਆਏ ਦੱਸਦੇ ਦਾ ਉਹਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਮੈਂ ਡੈਂਬਰ ਗਿਆ।

‘ਕਿੱਦਾਂ ਦਾ ਹੁੰਦਾ ਓਹੋ?’

‘ਕਹਿੰਦੇ ਇੱਛਾਧਾਰੀ ਹੁੰਦਾ, ਕਦੀ ਆਦਮੀ ਬਣ ਜਾਂਦਾ, ਕਦੀ ਬੱਕਰੀ, ਕਦੀ ਕਉਡੀਆਂ ਆਲਾ ਖੜੱਪਾ ਸੱਪ ਤੇ ਕਦੀ ਕੁਛ!’ ਉਹਦੀ ਘਾਬਰੀ ਜ਼ਬਾਨ ਨਾਲ ਮੈਂ ਹੋਰ ਵੀ ਦਹਿਲ ਗਿਆ।

‘ਕਈਆਂ ਨੇ ਤਾਂ ਉਹਨੂੰ ਦੇਖਿਆ, ਦੱਸਦੇ ਆ ਪਈ ਉਹ ਬਾਂਬਰੀਆਂ ਆਲਾ ਬੌਨਾ ਸਾਧ ਬੀ ਬਣ ਜਾਂਦਾ ਤੇ ਉੰਨੇ ਕਾਲੇ ਲੀੜੇ ਪਾਇਓ ਹੁੰਦੇ ਆ।’ ਪਾਸ਼ ਦੀਆਂ ਅੱਖਾਂ ਦੀਆਂ ਪੁਤਲੀਆਂ ਕਦੀ ਫੈਲ ਜਾਂਦੀਆਂ ਤੇ ਕਦੀ ਅੱਖਾਂ ਸੁੰਗੜ ਜਾਂਦੀਆਂ। ਉਹਦੇ ਚਿਹਰੇ ’ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ।

ਮੇਰੀਆਂ ਹੈਰਾਨੀ ਭਰੀਆਂ ਅੱਖਾਂ ਮੋਹਰੇ ਇਹ ਸਾਰਾ ਕੁਝ ਸਾਕਾਰ ਹੁੰਦਾ। ਸਿਵਿਆਂ ਵਿੱਚ ਬਿੱਜੂ ਮਰੇ ਨਿਆਣਿਆਂ ਨੂੰ ਜ਼ਮੀਨ ਹੇਠੋਂ ਪੁੱਟਦੇ ਦਿਸਦੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਆਪਣੀ ਦਾਦੀ ਤੇ ਹਾਣੀਆਂ ਤੋਂ ਸੁਣਿਆ ਹੋਇਆ ਸੀ।

‘ਤਾਹੀਓਂ ਮੋਹਣ ਲਾਲ ਡਾਕੀਆ ਆਪਣੇ ਹੱਥ ਵਿੱਚ ਬਰਛਾ ਰੱਖਦਾ। ਇਸੇ ਕਰਕੇ ਉਹਨੇ ਡਾਂਗ ਦੇ ਸਿਰੇ ਉੱਤੇ ਲੱਗੇ ਬਰਛੇ ਦੇ ਐਨ ਹੇਠਾਂ ਘੁੰਗਰੂ ਬੰਨ੍ਹਿਓਂ ਆਂ - ਜਦੋਂ ਉਹ ਆਪਣੇ ਛੋਹਲੇ-ਛੋਹਲੇ ਪੈਰ ਪੱਟਦਾ ਆ ਤਾਂ ਘੁੰਗਰੂ-ਬੱਧੇ-ਬਰਛੇ ਬਾਲੀ ਡਾਂਗ ਬੀ ਫ਼ੁਰਤੀ ਨਾਲ ’ਗਾਂਹ ਰੱਖਦਾ ਆ। ਘੁੰਗਰੂਆਂ ਦੀ ਛਣਕ-ਛਣਕ ਤੇ ਡਾਂਗ ਦੀ ਠੱਕ-ਠੱਕ ਨਾਲ ਛਲੇਡਾ ਡਰਦਾ ਮਾਰਾ ਰਾਹ ਤੋਂ ਲਾਂਭੇ ਹੋ ਜਾਂਦਾ ਹੋਣਾ।’ ਮੈਂ ਸੋਚਿਆ। ਉਹਦੇ ਸਿਰ ਉਤਲੀ ਖ਼ਾਕੀ ਥੈਲੀ ਮੈਂਨੂੰ ਸੁਲੇਮਾਨੀ ਟੋਪੀ ਵਰਗੀ ਲੱਗੀ ਜਿਵੇਂ ਮੈਂ ਆਪਣੀ ਦਾਦੀ ਤੋਂ ਬਾਤਾਂ-ਕਹਾਣੀਆਂ ਸੁਣਦਿਆਂ ਕਲਪਨਾ ਕੀਤੀ ਹੁੰਦੀ ਸੀ। ਦਾਦੀ ਦੱਸਦੀ, ‘ਇਸ ਟੋਪੀ ਨਾਲ ਸਾਰੀਆਂ ਆਫ਼ਤਾਂ ਰਫ਼ੂ ਹੋ ਜਾਂਦੀਆਂ।’

ਉਸ ਰਾਤ ਮੈਂਨੂੰ ਹਲਕਾ ਜਿਹਾ ਤਾਪ ਚੜ੍ਹ ਗਿਆ। ਛਲੇਡੇ ਬਾਰੇ ਖ਼ਿਆਲਾਂ ਦੀ ਲੜੀ ਮੁੱਕਣ-ਟੁੱਟਣ ਵਿੱਚ ਹੀ ਨਹੀਂ ਆ ਰਹੀ ਸੀ। ਮੈਂ ਸਹਿਮਿਆ ਹੋਇਆ ਕਦੀ ਅੱਖਾਂ ਮੀਟ ਲੈਂਦਾ ਤੇ ਕਦੀ ਖੋਲ੍ਹ ਲੈਂਦਾ। ਦਲਾਨ ਦੀ ਗਭਲੀ ਕੰਧ ਦੇ ਆਲੇ ਵਿੱਚ ਜਗਦਾ ਮਿੱਟੀ ਦੇ ਤੇਲ ਦਾ ਨਿੱਕਾ ਜਿਹਾ ਲੋਹੇ ਦਾ ਕਾਲਾ ਹੋ ਚੁੱਕਾ ਦੀਵਾ ਮੇਰੇ ਅੰਦਰ ਖ਼ੌਫ਼ ਦੇ ਉੱਠਦੇ ਉੱਚੇ-ਉੱਚੇ ਜਵਾਰਭਾਟਿਆਂ ਨੂੰ ਠੱਲ੍ਹ ਪਾਉਂਦਾ। ਜਦੋਂ ਦੀਵੇ ਦੀ ਲਾਟ ਕੰਬਦੀ ਤਾਂ ਮੇਰੀ ਕੋਠੀ ਵਿਚਲਾ ਦਿਲ ਹੋਰ ਵੀ ਡੋਲ ਜਿਹਾ ਜਾਂਦਾ। ਮੈਂ ਸੋਚਦਾ, ‘ਸੁਲੇਮਾਨੀ ਟੋਪੀ ਮੈਂਨੂੰ ਬੀ ਕਿਤਿਓਂ ਮਿਲ ਜਾਵੇ!’

... ਤੇ ਅਗਲੇ ਦਿਨ ਤੋਂ ਹੀ ਮੈਂ ਪਿੰਡ ਤੋਂ ਲਹਿੰਦੇ ਪਾਸੇ ਢੱਡਾ-ਸਨੌਰਾ ਪਿੰਡ ਨੂੰ ਜਾਂਦੇ ਰਾਹ ਵੱਲ ਨਾ ਗਿਆ ਤੇ ਨਿਆਈਆਂ ਵਿੱਚ ਟੱਟੀ ਫਿਰ ਕੇ ਘਰ ਨੂੰ ਛੂਟ ਵੱਟ ਕੇ ਦੌੜਦਾ ਆ ਰਿਹਾ ਸੀ। ਗਲੀ ਵਿੱਚ ਮਾਈ ਈਸਰੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਭਾਵੇਂ ਉਹ ਕੁੱਬੀ ਹੋ ਕੇ ਤੁਰਦੀ ਸੀ ਪਰ ਸ਼ੁਕਰ ਇਹ ਕਿ ਡਿਗਦੀ ਡਿਗਦੀ ਕੰਧ ਦੇ ਸਹਾਰੇ ਨਾਲ ਸੰਭਲ ਗਈ। ਉਹਤੋਂ ਮੈਂ ਪਛਾਣਿਆ ਨਾ ਗਿਆ ਤੇ ਉਲਾਮੇ ਤੋਂ ਬਚ ਗਿਆ।

‘ਦੇਖ ਤਾਂ ਗੰਦ ਨਾ ਕਿੱਦਾਂ ਪੈਰ ਲਬੇੜ ਲਿਆਇਆ!’ ਘਰ ਦੇ ਵਗਲੇ ਦੇ ਬੂਹੇ ਕੋਲ ਇੱਟਾਂ-ਰੋੜਿਆਂ ਦੇ ਬਣਾਏ ਖੁਰੇ ਉੱਤੇ ਮੇਰੇ ਪੈਰ ਧੋਂਦੀ ਮੇਰੀ ਮਾਂ ਨੇ ਆਖਿਆ। ਫਿਰ ਉਹਨੇ ਦਲਾਨ ਪਿਛਲੀ ਕੋਠੜੀ ਅੰਦਰ ਜਾ ਕੇ ਮੈਂਨੂੰ ਹਾਕ ਮਾਰੀ, ‘ਆਈਂ ਮੇਰਾ ਪੁੱਤ, ਆਹ ਦਾਣਿਆਂ ਦੀ ਚੁੰਗ ਝੱਗੇ ਦੀ ਝੋਲੀ ਵਿੱਚ ਲੈ ਜਾ ਤੇ ਰੱਤੇ ਦਿਓਂ ਚਾਹ-ਪੱਤੀ ਲੈ ਆ।’

ਮੈਂ ਅਕਸਰ ਹੀ ਪਿੰਡ ਦੀ ਗਭਲੀ ਬੀਹੀ ਦੇ ਗੱਭੇ ਜਿਹੇ ਰੱਤੇ ਬਾਹਮਣ ਦੀ ਹੱਟੀ ਨੂੰ ਜਾਂਦਾ। ਦੇਖਦਾ, ਸਵੇਰੇ-ਸਵੇਰੇ ਝੀਰਾਂ ਦਾ ਕਿੱਛੀ ਤੇ ਪਾਸ਼ੂ ਜੱਟਾਂ, ਬਾਹਮਣਾਂ ਤੇ ਸੁਨਿਆਰਿਆਂ ਦੇ ਘਰਾਂ ਨੂੰ ਪਾਣੀ ਭਰੇ ਘੜੇ ਲਿਜਾ ਰਹੇ ਹੁੰਦੇ। ਉਨ੍ਹਾਂ ਨੇ ਖੱਬੇ ਮੋਢੇ ਉੱਤੇ ਘੜੇ, ਛੋਟੀ ਮਟਕੀ ਨੂੰ ਬੜੀ ਜੁਗਤ ਨਾਲ ਧੌਣ ਦਾ ਸਹਾਰਾ ਦਿੱਤਾ ਹੁੰਦਾ। ਖੱਬੇ-ਸੱਜੇ ਦੋਹਾਂ ਬਾਂਹਾਂ-ਹੱਥਾਂ ਨਾਲ ਘੜਿਆਂ ਦਾ ਗਲਮਾ ਘੁੱਟ ਕੇ ਫੜਿਆ ਹੁੰਦਾ। ਉਹ ਆਪਣੀ ਚੜ੍ਹਦੀ ਉਮਰ ਵਿੱਚ ਵੀ ਕਿਸੇ ਬੁੱਢੇ-ਠੇਰੇ ਵਾਂਗ ਕੁੱਬੇ ਹੋ ਕੇ ਤੁਰਦੇ। ਘੜਿਆਂ ਦੇ ਭਾਰ ਥੱਲੇ ਕਾਹਲੀ-ਕਾਹਲੀ ਤੁਰਿਆਂ ਉਨ੍ਹਾਂ ਨੂੰ ਹੌਂਕਣੀ ਚੜ੍ਹੀ ਹੁੰਦੀ। ਮੇਰੇ ਚਿੱਤ ਵਿੱਚ ਆਉਂਦਾ ਕਿ ਘੜੇ ਵਿੱਚ ਇੱਟ ਮਾਰ ਕੇ ਘੜਾ ਤੋੜ ਦਿਆਂ ਤੇ ਮੇਰੇ ਨਾਲੋਂ ਪੰਜ-ਛੇ ਸਾਲ ਵੱਡੇ ਪਾਸ਼ੂ ਦਾ ਭਾਰ ਤੋਂ ਛੁਟਕਾਰਾ ਹੋ ਜਾਵੇ। ਪਾਣੀ ਭਰੇ ਛਲਕਦੇ ਘੜਿਆਂ ਕਾਰਣ ਉਨ੍ਹਾਂ ਦੇ ਗੱਲ ਦੇ ਕੱਪੜੇ ਭਿੱਜੇ ਹੋਏ ਹੁੰਦੇ। ਥੋੜ੍ਹੇ ਚਿਰ ਪਿੱਛੋਂ ਉਨ੍ਹਾਂ ਸਕੂਲ ਨੂੰ ਦੜੁੱਕੀ ਲਾਈ ਹੁੰਦੀ। ਉਨ੍ਹਾਂ ਦਾ ਪਿਓ ਦੀਵਾਨ ਵੀ ਵਹਿੰਗੀ ਵਿੱਚ ਪਾਣੀ ਭਰੇ ਘੜੇ ਢੋਂਦਾ। ਉਹ ਉੱਲਰ-ਉੱਲਰ ਕੇ ਪੈਰ ਪੁੱਟਦਾ। ਵਹਿੰਗੀ ਦੀਆਂ ਰੱਸੀਆਂ-ਤਣੀਆਂ ਅੰਦਰ ਰੱਖੇ ਘੜੇ ਹੁਲਾਰੇ ਲੈਂਦੇ ਦਿਸਦੇ।

ਕੋਈ ਤੀਵੀਂ ਬੂਹੇ ਵਿੱਚ ਖੜ੍ਹੀ ਹੋ ਕੇ ਕਹਿੰਦੀ, ‘ਦਬਾਨ ਅੱਜ ਪਾਣੀ ਪੲ੍ਹੀਲਾਂ ਸਾਡੇ ਦੇ ਦੇ, ਅਸੀਂ ਮਕਾਣੇ ਜਾਣਾ।’

‘ਪੰਚਾ, ਬੜਾ ਮੁੜ੍ਹਕੋ-ਮੁੜ੍ਹਕੀ ਹੋਇਆ ਆਂ ਸਬੱਖਤੇ ਈ।’ ਕੋਈ ਜੱਟ ਦੀਵਾਨ ਦੇ ਪਸੀਨੇ ਨਾਲ ਭਿੱਜੇ ਲੀੜਿਆਂ ਵਲ ਦੇਖ ਕੇ ਪੁੱਛਦਾ।

‘ਕਿਧਰੇ ਜਾਣਾ ਈ, ਸੋਚਿਆ ਜ਼ਰਾ ਛੇਤੀ ਹੱਲਾ ਮਾਰ ਲਾਂ।’ ਉਹ (ਆਪਣੀ ਮਾਝੇ ਵਾਲੀ ਬੋਲੀ ਵਿੱਚ) ਦੱਸਦਾ।

ਕਈ ਵਾਰ ਤਾਈ ਸੀਬੋ (ਝੀਊਰੀ) ਤੇ ਉਹਦਾ ਪੁੱਤ ਜੀਤ ਵੀ ਲੋਕਾਂ ਦੇ ਘਰੀਂ ਪਾਣੀ ਭਰਦੇ ਮੇਰੀ ਨਜ਼ਰੀਂ ਪੈਂਦੇ। ਨਾਲ ਹੀ ‘ਕਰਮਾਂ ਦੇ ਖੇਲ੍ਹ’ ਦੀ ਮਾਲ੍ਹ ਵਗਦੇ ਖੂਹ ਵਾਂਗ ਲਗਾਤਾਰ ਚੱਲਣ ਲੱਗ ਪੈਂਦੀ। ਪਾਣੀ ਭਰੀਆਂ ਟਿੰਡਾਂ ‘ਭਾਈ’ ਦੇ ਪ੍ਰਵਚਨਾਂ ਦੀ ਸੱਚੀ ਸਾਖੀ ਤੇ ਮੋਰੀਆਂ ਵਾਲੀਆਂ ਪੁਰਾਣੀਆਂ ਖਾਲੀ ਆਈਆਂ ਟਿੰਡਾਂ ਇੱਕ ਮਨ-ਘੜਤ ਅਕੱਥ-ਕਥਾ ਦੀ ਸਾਖੀ ਭਰਦੀਆਂ ਜਾਪਦੀਆਂ। ਹੱਟੀ ਨੂੰ ਆਉਂਦੇ-ਜਾਂਦੇ ਦੇ ਮੇਰੇ ਕੰਨੀਂ ਗੁਰਦੁਆਰੇ ਦੇ ਭਾਈ ਦੇ ਪਾਠ ਦੀ ਆਵਾਜ਼ ਪੈਂਦੀ। ਪਰ ਭਾਈਆ ਕਈ ਵਾਰ ਕਹਿੰਦਾ, ‘ਖਬਨੀ ਭਾਈ ਅੱਜ ਮੂੰਹ ਵਿੱਚ ਈ ਮਿਣ-ਮਿਣ ਕਰੀ ਜਾਂਦਾ, ਕੱਲ੍ਹ ਤਾਂ ਕੁੱਕੜ ਦੀ ਬਾਂਗ ਨਾਲ ਈ ਦੁਹਾਈ ਪਾਉਣ ਡੈਹ ਪਿਆ ਸੀ।’

‘ਮੂੰਹ ਸਮ੍ਹਾਲ ਕੇ ਬੋਲਿਆ ਕਰ, ਕੋਈ ਸੁਣ ਲਊ ਤਾਂ ਕੀ ਕਹੂ?’ ਮਾਂ ਨੇ ਹੌਲੀ ਦੇਣੀ ਭਾਈਏ ਨੂੰ ਕਿਹਾ।

ਮੇਰਾ ਪਿੰਡ ਜਿਹੜਾ ਰਾਤ ਵੇਲੇ ਸੰਘਣੇ ਹਨ੍ਹੇਰਿਆਂ ਵਿੱਚ ਗੁਆਚ ਜਾਂਦਾ, ਦਿਨ ਦੇ ਚੜ੍ਹਾ ਨਾਲ ਪ੍ਰਗਟ ਹੋ ਕੇ ਫਿਰ ਇਸ ਤਰ੍ਹਾਂ ਹਰਕਤ ਵਿੱਚ ਆ ਜਾਂਦਾ। ਤੇ ਭਾਈਆ ਹੁੱਕੇ ਦੇ ਲੰਮੇ-ਲੰਮੇ ਘੁੱਟ ਭਰਨ ਮਗਰੋਂ ਪਿੱਤਲ ਦਾ ਗਲਾਸ ਚੁੱਕਦਾ। ਇੰਨੇ ਨੂੰ ਮੇਰੇ ਤਾਇਆਂ ਦੇ ਪੁੱਤ ਵੀ ਆ ਜਾਂਦੇ। ਉਨ੍ਹਾਂ ਨੇ ਹੱਥਾਂ ਵਿੱਚ ਜਾਂ ਕਈ ਵਾਰ ਜੇਬ ਵਿੱਚ ਜਾਂ ਪਰਨੇ ਦੇ ਲੜ ਬਾਟੀ-ਗਲਾਸ ਬੰਨ੍ਹਿਆ ਹੁੰਦਾ ਤੇ ਦਿਹਾੜੀ-ਡਗਾਰੇ (ਅੱਧੀ ਦਿਹਾੜੀ) ਲਈ ਘਰੋਂ ਨਿਕਲ ਜਾਂਦੇ।

ਮੇਰੀਆਂ ਅੱਖਾਂ ਉਨ੍ਹਾਂ ਦੀਆਂ ਪਿੱਠਾਂ ਦਾ ਪਿੱਛਾ ਕਰਦੀਆਂ। ਉਹ ਪਿਛਾਂਹ ਨੂੰ ਝਾਕ ਕੇ ਕਹਿੰਦੇ, ‘ਜਿਨ੍ਹਾਂ ਦੇ ਜਾਣਾ ਉਨ੍ਹਾਂ ਦੇ ਘਰੀਂ ਸਾਡੇ ਲਈ ਭਾਂਡਿਆਂ ਦੀ ਟੋਟ ਈ ਰਹਿੰਦੀ ਆ, ਹੋਰ ਦੱਸ!’

ਮੈਂ ਬੇਵਾਕ ਜਿਹਾ ਹੋ ਜਾਂਦਾ ਤੇ ਸੋਚਦਾ, ‘ਅਨਪੜ੍ਹਾਂ ਤੋਂ ਲਿਖੇ ਅੱਖਰ ਨਈਂ ਪੜ੍ਹ ਹੁੰਦੇ ਪਰ ਮੂੰਹ ’ਤੇ ਅਣਲਿਖੇ ਨੂੰ ਕਿੱਦਾਂ ਪੜ੍ਹ ਲੈਂਦੇ ਆ! '

ਪਰ ਮੇਰਾ ਮਨ ਛਲੇਡੇ ਦੀ ਕਲਪਨਾ ਕਰ-ਕਰ ਆਪੇ ਹੀ ਮੱਕੜੀ ਜਾਲ ਬੁਣਦਾ ਤੇ ਆਪੇ ਹੀ ਫ਼ਸ ਜਾਂਦਾ। ... ਤੇ ਇਉਂ ਕਿੰਨੀ-ਕਿੰਨੀ ਰਾਤ ਲੰਘ ਜਾਂਦੀ। ਇਸੇ ਦੌਰਾਨ ਗਿੱਦੜ ਕੂਕਾਂ ਮਾਰਨ ਲੱਗ ਪੈਂਦੇ ਜੋ ਰੋਣਹਾਕੀਆਂ ਤੇ ਡਰਾਉਣੀਆਂ ਹੁੰਦੀਆਂ। ਮੇਰੇ ਦਿਲ ਦੀ ਧੜਕਣ ਮੈਂਨੂੰ ਕੰਨਾਂ ਥਾਣੀ ਸੁਣਦੀ। ਸਿਆਲਾਂ ਦੀਆਂ ਰਾਤਾਂ ਮੁੱਕਣ ਵਿੱਚ ਹੀ ਨਾ ਆਉਂਦੀਆਂ। ਜਦੋਂ ਕਮਾਦ ਦੇ ਇਸ ਵੱਡੇ ਇਲਾਕੇ ਦੀ ਫ਼ਸਲ ਖ਼ਤਮ ਹੁੰਦੀ ਤਾਂ ਗਿੱਦੜਾਂ ਦੀਆਂ ਆਵਾਜ਼ਾਂ ਟਾਵੀਆਂ-ਟਾਵੀਆਂ ਹੀ ਸੁਣਦੀਆਂ।

ਉੱਧਰ, ਵੱਡੇ ਤੜਕੇ ਲੰਬੜਾਂ ਦੇ ਦਾਸ (ਗੁਰਦਾਸ ਸਿੰਘ) ਦੀ ਅਤਿ ਉੱਚੀ ਆਵਾਜ਼, ‘ਜੈ-ਅਲੀ, ਜੈ-ਅਲੀ', ਸਿਆਲ ਦੀਆਂ ਰਾਤਾਂ ਦੇ ਸਨਾਟੇ ਨੂੰ ਚੀਰਦੀ ਹੋਈ ਸਾਡੇ ਕੰਨੀਂ ਪੈਂਦੀ। ਨਿੱਘ ਵਿੱਚ ਵੀ ਕੁਝ ਪਲਾਂ ਲਈ ਮੈਂਨੂੰ ਕੰਬਣੀ ਜਿਹੀ ਛਿੜ ਪੈਂਦੀ। ਆਪਣੇ ਨਾਲ ਸੁੱਤੇ ਵੱਡੇ ਭਰਾ ਬਿਰਜੂ ਨੂੰ ਮੈਂ ਘੁੱਟ ਕੇ ਲਪੇਟਾ ਜਿਹਾ ਮਾਰ ਲੈਂਦਾ। ਮੈਂ ਡਰ ਦਾ ਮਾਰਾ ਅਦਿੱਖ ਪ੍ਰਮਾਤਮਾ ਨੂੰ ਮਨ ਹੀ ਮਨ ਧਿਆਉਣ ਲੱਗ ਪੈਂਦਾ। ਕਈ ਵਾਰ ਗੂੜ੍ਹੀ ਨੀਂਦ ਤੜਕ ਸਾਰ ਹੀ ਆਉਂਦੀ।

ਸਵੇਰ ਨੂੰ ਦਾਸ ਸਾਡੇ ਘਰ ਮੋਹਰਿਓਂ ਦੀ ਲੰਘਦਾ। ਉਹਦੇ ਕੇਸ ਖੁੱਲ੍ਹੇ ਤੇ ਗਿੱਲੇ ਹੁੰਦੇ। ਉਹਨੂੰ ਭਰਵੀਂ ਚਿੱਟੀ-ਕਾਲੀ ਦਾਹੜੀ ਫੱਬਦੀ ਪਰ ਉਹ ਕੋਈ ਦਿਓ ਜਾਂ ਜਿੰਨ-ਭੂਤ ਲੱਗਦਾ। ਉਹਦੇ ਤੇੜ ਉੱਚੀ ਜਿਹੀ ਧੋਤੀ ਤੇ ਗੱਲ ਨਿਹੰਗਾਂ ਵਰਗਾ ਕੁੜਤਾ ਹੁੰਦਾ। ਉਹਦੇ ਸੱਜੇ ਹੱਥ ਲੋਹੇ ਦੀ ਬਾਲਟੀ ਤੇ ਖੱਬੇ ਮੋਢੇ ਉੱਤੇ ਗੰਨਿਆਂ ਦਾ ਇੱਕ ਭਾਰਾ ਹੁੰਦਾ। ਉਹਦੀ ਇਸ ਤਰ੍ਹਾਂ ਦੀ ਦਿੱਖ ਦੇਖ ਕੇ ਮੇਰਾ ਤ੍ਰਾਹ ਨਿਕਲ ਜਾਂਦਾ। ਮੈਂ ਫ਼ੁਰਤੀ ਨਾਲ ਆਪਣੇ ਘਰ ਦੇ ਬਾਹਰਲੇ ਬੂਹੇ ਦੇ ਤਖ਼ਤੇ ਉਹਲੇ ਲੁਕ ਜਾਂਦਾ।

‘ਧਰਮ ਨਾ ਰਸ ਦੀ ਚਾਟੀ ਪੀ ਜਾਂਦਾ, ਲੰਬੜ। ਪੰ-ਸੱਤ ਦਿਨ ਹੋਏ ਤਾਂ ਮੁੰਡਿਆਂ ਨੇ ਚੱਕ-ਚਕਾ ਕੇ ਬੇਲਣੇ ’ਤੇ ਰਸ ਦੀ ਚਾਟੀ ਪਲਾਤੀ - ਜਦੋਂ ਮੂੰਧਾ ਹੋਇਆ ਤਾਂ ਬੱਘ-ਬੱਘ ਕਰਨ ਡੈਹ ਪਿਆ।’ ਇੱਕ ਦਿਨ ਸਵਰਨੇ ਨੇ ਦਾਸ ਨੂੰ ਆਉਂਦਿਆਂ ਦੇਖ ਕੇ ਆਪਣੇ ਬੂਹੇ ਮੋਹਰੇ ਖੜ੍ਹੇ ਮੇਰੇ ਭਾਈਏ ਨਾਲ ਸਰਸਰੀ ਲਹਿਜ਼ੇ ਨਾਲ ਗੱਲ ਤੋਰੀ।

‘ਖ਼ਬਰੇ ਕੀ ਰੁੰਨ੍ਹਣਾ ਇਨ੍ਹਾਂ ਦੇ ਘਰ! ਕਿੱਡਾ ਉੱਚਾ-ਲੰਮਾ ਜਵਾਨ ਆ ਪਰ ਅੱਧੀ ਰਾਤੀਂ ਖੂਹ ਗੇੜਨ ਲੱਗ ਪਈਂਦਾ!’ ਭਾਈਏ ਨੇ ਗੱਲ ਨੂੰ ਵਿਸਥਾਰ ਦਿੱਤਾ।

‘ਸਾਰਾ ਤਾਂ ਮਾਮਿਆਂ ਨੇ ਤਕੀਆ ਬਲਿਆ (ਵਗਲਿਆ) ਆ, ਪੀਰ ਨੇ ਆਪੇ ਈ ਸਿਰ ਚੜ੍ਹ ਕੇ ਬੋਲਣਾ - ਮੁਸਲਮਾਨ ਪਖੀਰ ਸੲ੍ਹੀਜੇ ਕੀਤੇ ਪਿੱਛਾ ਥੋੜ੍ਹੋ ਛੱਡਦੇ ਆ।’ ਸਵਰਨੇ ਨੇ ਲੋਕਾਂ ਦੇ ਮੂੰਹ ਚੜ੍ਹੀ ਗੱਲ ਨੂੰ ਦੁਹਰਾਇਆ।

‘ਖੰਡ-ਪਾਠ ਤਾਂ ਬਥੇਰੇ ਕਰਾਉਂਦੇ ਆ, ਫੇ ਬੀ ...!’ ਭਾਈਏ ਨੇ ਆਖਿਆ। ਇੰਨੇ ਨੂੰ ਦਾਸ ਕੋਲ ਆ ਕੇ ਖੜ੍ਹਾ ਹੋ ਗਿਆ। ਮੈਂ ਤਖ਼ਤੇ ਦੀ ਵਿਰਲ ਥਾਣੀ ਦੇਖਦਾ-ਸੁਣ ਰਿਹਾ ਸੀ।

‘ਠਾਕਰਾ, ਮੈਂ ਸਰੀਰ ਤੋੜ-ਤੋੜ ਸਿਟਦਾਂ, ਸਿਰ ਘਮਾਉਨਾ, ਅਈਨਾ ਉੱਚੀ ਬੋਲਦਾਂ, ਓਅਹਲੇ ਸੁੱਧ-ਬੁੱਧ ਨਈਂ ਰਹਿੰਦੀ। ਪੀਰ ਕਹਿੰਦਾ ਪਈ ਮੇਰੀ ਕਬਰ ਕਿਉਂ ਪੱਟੀ ਆ - ਮੇਰੀ ਖ਼ਾਨਗਾਹ ਬਣਾਓ, ਬੀਰਬਾਰ ਦੇ ਬੀਰਬਾਰ ਚਿਰਾਗ ਕਰੋ! ਨਿਆਜ ਦਿਓ। ਪਰ ਘਰ ਵਿੱਚ ਮੇਰੀ ਪੁੱਗਦੀ ਹੋਬੇ ਤਾਂ ਆ ਨਾ!’ ਦਾਸ ਨੇ ਹੱਥ ਵਿੱਚ ਫੜੀ ਬਾਲਟੀ ਨੂੰ ਉੱਤੇ-ਹੇਠਾਂ ਕਰਦਿਆਂ ਆਪਣੀ ਵਿਥਿਆ ਸੰਖੇਪ ਵਿੱਚ ਦੱਸੀ।

‘ਪੀਰ ਦੀ ਕਬਰ ਬੀ ਨਈਂ ਰਹੀ, ਫੇ ਉਹ ਰਹਿੰਦਾ ਕਿੱਥੇ ਆ, ਬੋਲਦਾ ਕਿੱਦਾਂ ਆ! ਰਾਤਾਂ ਨੂੰ ਡਰਾਉਣ ਬਾਲਾ ਦਿਨੇ ਕਿਹਤੋਂ ਡਰਦਾ ਆ!’ ਮੈਂ ਮਨ ਵਿੱਚ ਸੋਚਿਆ।

ਪਲ ਕੁ ਪਿੱਛੋਂ ਦਾਸ ਆਖਣ ਲੱਗਾ, ‘ਸਵਰਨਿਆਂ ਚੱਲ ਖੂਹ ਨੂੰ, ਤੇਰਾ ਬੇਲਣਾ ਬਗਦਾ ਆ ਨਾ? ਛੇਤੀ ਚੱਲ।’

‘ਸਬੇਰੇ ਈ ਡੌਂਅ ਲੱਗ ਗਿਆ ਲੰਬੜਾ?’ ਭਾਈਏ ਨੇ ਪੁੱਛਿਆ।

‘ਧਰਮ ਨਾ ਤੜਸ਼ ਲੱਗੀਊ ਆ, ਅੰਦਰ ਤਾਂ ਅਈਦਾਂ ਜਿੱਦਾਂ ਅੱਗ ਲੱਗੀਊ ਹੁੰਦੀ ਆ।’

ਜਦੋਂ ਦਾਸ ਤੇ ਸਵਰਨਾ ਬੋਹੜ ਵਾਲਿਆਂ ਦੇ ਘਰਾਂ ਕੋਲ ਚਲੇ ਗਏ ਤਾਂ ਮੈਂ ਤੇ ਹੋਰ ਨਿਆਣੇ ਰਾਹ ਵਿੱਚ ਆ ਕੇ ਇੱਕ ਆਵਾਜ਼ ਵਿੱਚ ਕਹਿਣ ਲੱਗ ਪਏ, ‘ਜੈ-ਅਲੀ, ਜੈ-ਅਲੀ।’

ਸਵਰਨੇ ਨੇ ਤਰਦੀ ਜਿਹੀ ਨਜ਼ਰ ਪਿਛਾਂਹ ਨੂੰ ਮਾਰੀ ਪਰ ਦਾਸ ਪਿੱਛੇ ਨੂੰ ਚੰਗੀ ਤਰ੍ਹਾਂ ਨਾ ਦੇਖ ਸਕਿਆ।

... ਤੇ ਇੱਧਰ ਭਾਈਆ ਰਾਹ ਦੇ ਨਾਲ ਹੀ ਬੋਹੜ-ਪਿੱਪਲ ਥੱਲੇ ਬੱਝੀਆਂ ਗਾਂ ਤੇ ਮੱਝ ਕੋਲ ਗਿਆ। ਉਹਨੇ ਮੱਝ ਦੇ ਪਿੰਡੇ ’ਤੇ ਥਾਪੀ ਦਿੱਤੀ ਤੇ ਉਹਦੇ ਚੱਡੇ ਤੋਂ ਚਿੱਚੜੀਆਂ ਲਾਹੁਣ ਲੱਗ ਪਿਆ। ਉਹ ਲਾਹੀ ਹੋਈ ਚਿੱਚੜੀ ਨੂੰ ਭੁੰਜੇ ਰੱਖ ਕੇ ਉੱਤੇ ਸੱਜੇ ਹੱਥ ਦੀ ਪਹਿਲੀ ਉਂਗਲ ਘਸਾਵੇ ਪਰ ਕੋਈ-ਕੋਈ ਮੁੜ ਦੌੜਨ ਲੱਗ ਪਵੇ। ਫਿਰ ਉਹਨੇ ਬਾਂਹ ਲੰਮੀ ਕਰਕੇ ਇੱਕ ਠੀਕਰੀ ਚੁੱਕ ਕੇ ਆਪਣੇ ਸੱਜੇ ਪੈਰ ਨੇੜੇ ਰੱਖ ਲਈ ਤੇ ਕਿਹਾ, ‘ਸਾਲੀਆਂ ਕਿੱਦਾਂ ਘੇਸਲ ਮਾਰ ਕੇ ਪਈਆਂ ਆਂ, ਹੁਣ ਕਰਦਾਂ ਅਲਾਜ ਧੁਆਡਾ।’ ਇਸ ਚਿੱਚੜੀ-ਮਾਰ ਸਿਲਸਿਲੇ ਦੌਰਾਨ ਮੈਂ ਦੇਖਿਆ ਕਿ ਮੱਝ ਅੱਖਾਂ ਮੀਟ ਕੇ ਜੁਗਾਲੀ ਕਰਨ ਲੱਗ ਪਈ ਸੀ। ਇੰਨੇ ਨੂੰ ਪਤਾ ਨਹੀਂ ਭਾਈਏ ਨੂੰ ਕੀ ਸੁੱਝਿਆ, ਮੈਂਨੂੰ ਕਹਿਣ ਲੱਗਾ, ‘ਗੁੱਡ ਘਰੋਂ ਖੁਰਲੀ ਕੋਲ ਪਿਆ ਮੇਰਾ ਪਾਟਾ ਕੱਛਾ ਚੱਕ ਲਿਆ।’

ਮੈਂ ਝੱਟ ਦੇਣੀ ਹਰਕਤ ਵਿੱਚ ਆ ਗਿਆ।

‘ਦੇਖ ਤਾਂ ਕਿੱਦਾਂ ਖੌਹੜਾ ਜੰਮਿਆਂ ਆ।’ ਮੱਝ ਦੇ ਪਿੰਡੇ ’ਤੇ ਜ਼ੋਰ ਨਾਲ ਲੀੜਾ ਘਸਾਉਂਦਿਆਂ ਬੋਲਿਆ। ‘ਤੇਰਾ ਬੀ ਬੇਧਾ (ਵੇਹਧਾ) ਲਾਹੁੰਨਾ।’ ਭਾਈਏ ਨੇ ਲਾਖੀ ਗਾਂ ਵਲ ਭਰਵੀਂ ਨਜ਼ਰ ਮਾਰਦਿਆਂ ਆਖਿਆ। ਮੈਂਨੂੰ ਲੱਗਿਆ ਜਿਵੇਂ ਉਹ ਗਾਂ ਨਾਲ ਗੱਲਾਂ ਕਰ ਰਿਹਾ ਹੋਵੇ।

... ਤੇ ਸਿਆਲ ਆਪਣੇ ਆਖ਼ਰੀ ਦਿਨ ਗਿਣ ਰਿਹਾ ਸੀ। ਮੈਂ ਤੇ ਮੇਰੇ ਹਾਣੀ ਬੋਹੜ-ਪਿੱਪਲ ਦੇ ਪੱਤਿਆਂ ਦੀਆਂ ਭੰਬੀਰੀਆਂ ਬਣਾਉਣ-ਉਡਾਉਣ ਵਿੱਚ ਰੁੱਝੇ ਰਹਿੰਦੇ। ਪਿੱਪਲ ਦੇ ਡਾਹਣਿਆਂ ਦੀਆਂ ਟਾਹਣੀਆਂ ਨਿਰਪੱਤੀਆਂ ਹੋ ਗਈਆਂ ਸਨ। ਨਵੀਆਂ ਲਾਲ-ਸੂਹੀਆਂ ਕਰੂੰਬਲਾਂ ਫੁੱਟਣ ਨੂੰ ਉਤਾਵਲੀਆਂ ਸਨ। ਇਸ ਪੱਤਝੜ (1962) ਦੇ ਖ਼ਾਤਮੇ ਨਾਲ ਹੀ ਮੇਰਾ ਸਕੂਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਸਕੂਲ ਜਾਣ ਤੋਂ ਪਹਿਲਾਂ ਵੀ ਮੈਂ ਅਨੇਕ ਵਾਰ ਸਕੂਲ ਜਾ ਚੁੱਕਾ ਸੀ ਪਰ ਛੂਹਣ-ਛੂਹਾਈ ਲਈ। ਮੈਂ, ਪਾਸ਼ ਤੇ ਧਿਆਨ ਤਿੰਨੋਂ ਜੋਟੀਦਾਰ ਕਈ ਵਾਰ ਸਕੂਲ ਦੇ ਵਿਹੜੇ ਵਿਚਲੀ ਹਲਟੀ ਨੂੰ ਗੇੜਦੇ ਰਹਿੰਦੇ। ਇਹ ਇੰਨੀ ਰੈਲ਼ੀ ਸੀ ਕਿ ਅਸੀਂ ਇਕੱਲਾ-ਇਕੱਲਾ ਵੀ ਗਾਧੀ ਦਾ ਪੂਰਾ ਗੇੜਾ ਦੇ ਦਿੰਦੇ। ਲੋਹੇ ਦੀਆਂ ਨਿੱਕੀਆਂ-ਨਿੱਕੀਆਂ ਪਾਣੀ ਭਰੀਆਂ ਟਿੰਡਾਂ ਬੈੜ ਦੇ ਸਿਖਰ ਉੱਤੇ ਜਾ ਮੂਧੀਆਂ ਹੋਣ ’ਤੇ ਖਾਲੀ ਹੁੰਦੀਆਂ ਤੇ ਪਾਰਸ਼ੇ ਦੇ ਪਾਣੀ ਦੀ ਨਸਾਰ ਨਾਲ ਇਹ ਵੱਡੀ ਸਾਰੀ ਖੁਰਲੀ ਤਾਲੋਤਾਲ ਭਰ ਜਾਂਦੀ। ਮੈਂ ਘਰ ਜਾ ਕੇ ਇਹ ਸਭ ਕੁਝ ਹੁੱਬ ਕੇ ਭਾਈਏ ਨੂੰ ਦੱਸਦਾ।

‘ਇਹ ਜਾਨ ਮੁਹੰਮਦ ਹੁਣਾ ਦੀ ਹਬੇਲੀ ਸੀ। ਉਨ੍ਹਾਂ ਨੇ ਬੜੇ ਸ਼ੌਕ ਨਾ ਇਹਦੇ ਬਰਾਂਡੇ, ਕਮਰੇ ਤੇ ਮਸੀਤ ਬਣਾਏ ਸੀ।’ ਭਾਈਏ ਨੇ ਦੱਸਿਆ। ਅਸੀਂ ਸਾਰਾ ਟੱਬਰ ਬੜੇ ਗਹੁ ਨਾਲ ਸੁਣਨ ਲੱਗ ਪਏ। ਮੈਂ ਦੇਖਿਆ ਕਿ ਭਾਈਏ ਦਾ ਚਿਹਰਾ ਉੱਤਰ ਜਿਹਾ ਗਿਆ ਸੀ।

ਭਾਈਏ ਨੇ ਕੁਝ ਚੇਤਾ ਜਿਹਾ ਕਰਦਿਆਂ ਆਖਿਆ, ‘ਇੱਕ ਦਿਨ ਐਹਲੇ ਕੁ ਲਊਢੇ ਬੇਲੇ ਜਦੋਂ ਮੈਂ ਦੌੜ ਕੇ ਜਾ ਕੇ ਤਕਈਏ ’ਤੇ ਬਈਠੇ ਮੋਹਕੂ ਨੂੰ ਦੱਸਿਆ ਪਈ ਧੁਆਡਾ ਜਾਨ ਔਹ ਲੜੋਏ ਦੇ ਰਾਹੇ ਆਉਂਦਾ ਤਾਂ ਉੱਥੇ ਬਈਠਿਆਂ ਵਿੱਚੋਂ ਕਿਸੇ ਨੇ ਬੀ ਮੇਰਾ ਅਤਬਾਰ ਈ ਨਾ ਕੀਤਾ। ਉਦੋਂ ਮੈਂ ਹੌਲਾ ਜਿਹਾ ਈ ਸਿਗਾ।’ ਮੈਂ ਦੇਖਿਆ ਕਿ ਹੁਣ ਭਾਈਏ ਦੇ ਮੂੰਹ ’ਤੇ ਖ਼ੁਸ਼ੀ ਦੀ ਇੱਕ ਲਹਿਰ ਸੀ।

‘ਮੈਂ ਫੇ ਕਿਹਾ ਪਈ ਜਾ ਕੇ ਦੇਖ ਲਬੋ। ਮੋਹਕੂ ਉੱਠ ਕੇ ਖੜ੍ਹਾ ਹੋਇਆ ਤੇ ਦੂਹੋ ਦੂਹ ਤੁਰ ਪਿਆ। ਫੇ ਕੀ ਸੀ, ਉਹਨੇ ਜਾਨ ਨੂੰ ਕਲਾਵੇ ਵਿੱਚ ਘੁੱਟ ਲਿਆ।’ ਭਾਈਆ ਇਉਂ ਦੱਸ ਰਿਹਾ ਸੀ ਜਿਵੇਂ ਉਸਨੇ ਕੋਈ ਵੱਡਾ ਮਾਅਰਕਾ ਮਾਰਿਆ ਹੋਵੇ।

‘ਉਹ ਕਿਤੇ ਰੁੱਸ ਕੇ ਚਲਾ ਗਿਆ ਸੀ?’ ਮੈਂ ਪੁੱਛਿਆ ਤਾਂ ਭਾਈਏ ਦੇ ਬਰੀਕ ਦੰਦਾਂ ਦਾ ਮਜ਼ਬੂਤ ਪੀੜ ਪਲ ਭਰ ਲਈ ਦਿਖਾਈ ਦਿੱਤਾ।

‘ਨਈਂ, ਉਹ ਫੌਜ ਵਿੱਚ ਸੀ। ਦੂਜੀ ਬੜੀ ਜੰਗ ਵਿੱਚ ਕਿੰਨਾ ਚਿਰ ਉਹਦੀ ਨਾ ਕੋਈ ਚਿੱਠੀ ਆਈ ਤੇ ਨਾ ਈ ਕੋਈ ਉੱਘ-ਸੁੱਘ ਲੱਗੀ। ਸਾਰਿਆਂ ਨੇ ਬੇਅਮੀਦੀ (ਬੇਉਮੀਦੀ) ਕਰ ’ਤੀ ਸੀ!’ ਭਾਈਏ ਵਲੋਂ ਚਾਅ ਨਾਲ ਸੁਣਾਈ ਜਾ ਰਹੀ ਇਹ ਕਹਾਣੀ ਮੁੱਕਣ ਵਿੱਚ ਹੀ ਨਹੀਂ ਆ ਰਹੀ ਸੀ।

‘ਧਰਮ ਨਾ ਜੀਮਾਂ (ਜੀਵਾਂ) ਨੇ ਬੜੀ ਖੁਸ਼ੀ ਮਨਾਈ। ਸਾਡੇ ਘਰੀਂ ਲੱਡੂ ਬੰਡੇ। ਜਿੱਦਣ ਨਿਆਜ ਬੰਡੀ ਓਦਣ ਸਾਰਿਆਂ ਤੋਂ ਪਈ੍ਹਲਾਂ ਮਈਨੂੰ ਘਰ ਆ ਕੇ ਚਉਲ ਦੇਣ ਆਈ, ਪਈ ਤੂੰ ਮੇਰੇ ਪੁੱਤ ਦੀ ਆਮਦ ਦੀ ਖ਼ਬਰ ਲੈ ਕੇ ਆਇਆ ਸੀ।’ ਭਾਈਏ ਨੇ ਸਕੂਲ ਦੀ ਇਮਾਰਤ ਤੋਂ ਜਾਨ ਮੁਹੰਮਦ ਦੀ ਹਵੇਲੀ ਤਕ ਜਾਣ ਲਈ ਆਪਣੀਆਂ ਯਾਦਾਂ ਦਾ ਘੋੜਾ ਪਿਛਾਂਹ ਵਲ ਨੂੰ ਸਰਪੱਟ ਦੌੜਾਇਆ ਹੋਇਆ ਸੀ।

‘ਜਾਨ ਮੁਹੰਮਦ ਦਾ ਛੋਟਾ ਭਰਾ ਅਜ਼ੀਜ਼ ਮੁਹੰਮਦ ਮੇਰਾ ਜਿਗਰੀ ਦੋਸਤ ਸੀ।’ ਭਾਈਏ ਦੀ ਆਵਾਜ਼ ਪਹਿਲਾਂ ਨਾਲੋਂ ਮੱਠੀ ਤੇ ਥੋੜ੍ਹੀ ਜਿਹੀ ਭਾਰੀ ਹੋ ਗਈ ਸੀ। ਉਹਦੀਆਂ ਲਾਖੇ ਰੰਗ ਦੀਆਂ ਗੱਲ੍ਹਾਂ ਢਿੱਲੀਆਂ ਜਿਹੀਆਂ ਪੈ ਗਈਆਂ। ਸਾਹਮਣੇ ਪਏ ਉਹਦੇ ਹੱਥਾਂ ਦੇ ਖੱਡੀ ’ਤੇ ਬੁਣੇ ਸਿਲਕੀ ਥਾਨ ਦੀਆਂ ਪਤਲੀਆਂ-ਪਤਲੀਆਂ ਤਹਿਆਂ ਖੁੱਲ੍ਹ ਕੇ ਮੇਰੇ ਮਨ ਵਿੱਚ ਜਿਵੇਂ ਵਿਛਣੀਆਂ ਸ਼ੁਰੂ ਹੋ ਗਈਆਂ।

‘ਕਿੱਸਾ-ਕੋਤਾ ਅਈਥੇ ਮੁੱਕਦਾ ਪਈ ਭਾਮੇ ਬੱਢ-ਟੁੱਕ ਕਿਤੇ-ਕਿਤੇ ਹੋਣ ਲੱਗ ਪਈ ਸੀ ਪਰ ਉਹ ਸਾਰੇ ਟੱਬਰ ਅਈਥੋਂ ਸੲ੍ਹੀ ਸਲਾਮਤ ਚਲੇ ਗਏ। ਸਾਰਾ ਪਿੰਡ ਤਾਂ ’ਕੱਠਾ ਹੋਇਆ ਸੀ ਜਿਹਲਾਂ ਉਹ ਟਰੱਕ ਵਿੱਚ ਬਈਠੇ। ਜੀਮਾਂ ਤੇ ਮੋਹਕੂ ਧਰਮ ਨਾ ਢਾਹੀਂ ਰੋ ਪਏ। ਅਜ਼ੀਜ਼ ਮੇਰੇ ਗੱਲ ਲੱਗ ਲੱਗ ਰੋਬੇ ...। ਜੰਮਣ-ਭੋਂ ਛੱਡਣੀ ਕਿਤੇ ਸਉਖੀ ਆ...।’ ਭਾਈਏ ਤੋਂ ਅੱਗੇ ਬੋਲਿਆ ਨਾ ਗਿਆ।

ਥੋੜ੍ਹਾ ਕੁ ਰੁਕ ਕੇ ਉਸ ਨੇ ਆਖਿਆ, ‘ਜਦੋਂ ਟਰੱਕ ਤੁਰਨ ਲੱਗਾ ਤਾਂ ਅਜ਼ੀਜ਼ ਮੇਰੇ ਅਲ ਇੱਕ ਟੱਕ ਦੇਖੀ ਜਾਬੇ। ਉਹਦਾ ਮੂੰਹ ਸੂਤਿਆ ਜਿਹਾ ਲਗਦਾ ਸੀ, ਜਿੱਦਾਂ ਬਮਾਰ ਉੱਠਿਆ ਹੋਬੇ। ਧਰਮ ਨਾ ਉਹਦੀਆਂ ਭੁੱਬਾਂ ਨਿਕਲ ਗਈਆਂ। ਮੈਂ ਬੀ ਬੇਵਸੀ ਵਿੱਚ ਉਹਨੂੰ ਝੂਰਦਾ ਰਿਹਾ। ਮੇਰੀਆਂ ਅੱਖਾਂ ਵਿੱਚ ਬੀ ਪਾਣੀ ਭਰ ਆਇਆ ਤੇ ਝਉਲਾ ਝਉਲਾ ਦਿਸਣ ਲੱਗ ਪਿਆ। ... ਤੇ ਓਦਣ ਤਕਾਲਾਂ ਨੂੰ ਈ ਸਾਰਾ ਪਿੰਡ ਸੁਸਰੀ ਆਂਗੂੰ ਸੌਂ ਗਿਆ ਸੀ, ਜਿੱਦਾਂ ਕੋਈ ਦੇਅ ਫਿਰ ਗਿਆ ਹੋਬੇ। ... ਬੇੜੀਆਂ ਵਿੱਚ ਬੱਟੇ ਪਾ ’ਤੇ ਬੇਈਮਾਨ ਲੀਡਰਾਂ ਨੇ।’

ਰਾਤ ਨੂੰ ਸੌਣ ਵੇਲੇ ਮੈਂਨੂੰ ਵੱਢ-ਟੁੱਕ, ਗੱਲ ਲੱਗ ਰੋਣ ਤੇ ਪਿੰਡ ਵਿੱਚ ਪਸਰੀ ਖ਼ਾਮੋਸ਼ੀ ਦਾ ਕਲਪਤ ਦ੍ਰਿਸ਼ ਮੁੜ-ਮੁੜ ਦਿਸਦਾ। ਸਕੂਲ ਦੇ ਵਿਹੜੇ ਵਿੱਚ ਅਡੋਲ ਖੜ੍ਹੀ ਜਾਮਣ ਦੇ ਪੱਤੇ ਟਾਹਣੀਆਂ ਨਾਲੋਂ ਟੁੱਟ-ਟੁੱਟ ਡਿਗਦੇ ਦਿਸਦੇ ਤੇ ਮਸੀਤ ਨ੍ਹੇਰੇ ਨਾਲ ਭਰੀ ਹੋਈ। ਸੋਚਦਾ, ‘ਪਹਿਲਾਂ ਤੋਂ ਉਲਟ ਭਾਈਏ ਨੇ ਹੁੱਕੇ ਦਾ ਘੁੱਟ ਕਿਉਂ ਨਹੀਂ ਭਰਿਆ? ਉਹਦੀ ਆਵਾਜ਼ ਕਿਉਂ ਭਾਰੀ ਹੋ ਗਈ ਸੀ?’ ਮਨ ਉੱਤੇ ਜ਼ੋਰ ਪਾਉਣ ’ਤੇ ਵੀ ਬਹੁਤੀਆਂ ਗੱਲਾਂ ਦਾ ਮੈਂਨੂੰ ਸਿਰਾ ਨਾ ਮਿਲਦਾ। ਪਤਾ ਨਹੀਂ ਮੈਂਨੂੰ ਫਿਰ ਕਦੋਂ ਨੀਂਦ ਆਉਂਦੀ। ਸਵੇਰ ਨੂੰ ਇਹ ਸੋਚਾਂ ਇਉਂ ਮਿਟੀਆਂ ਹੁੰਦੀਆਂ ਜਿਵੇਂ ਮੈਂ ਆਪਣੀ ਫੱਟੀ ਉੱਤੇ ਤਾਜ਼ਾ ਪੋਚਾ ਫੇਰਿਆ ਹੋਵੇ। ਪਰ ਖੌਪੀਏ ਵੇਲੇ ਫਿਰ ਪੂਰਨਿਆਂ ਉੱਤੇ ਲਿਖੇ ਓਹੀ ਅੱਖਰ ਗੂੜ੍ਹੇ ਹੁੰਦੇ ਦਿਸਦੇ।

ਮੇਰੇ ਮਨ ਤੋਂ ਡਰ-ਭੌ ਦੀ ਮੋਟੀ ਪਰਤ ਪਿਘਲਣ ਵਿੱਚ ਹੀ ਨਹੀਂ ਆ ਰਹੀ ਸੀ। ਮੇਰੀਆਂ ਸੋਚਾਂ ਦੀਆਂ ਲੰਮੀਆਂ ਉਡਾਰੀਆਂ ਦੇ ਪਰ ਜਿਵੇਂ ਸੁੰਗੜ ਕੇ ਇੱਕ ਬਿੰਦੂ ਵਿੱਚ ਬਦਲ ਗਏ ਹੋਣ। ਇਨ੍ਹਾਂ ਹੀ ਦਿਨਾਂ ਵਿੱਚ ਮੇਰੀਆਂ ਰਾਤਾਂ ਹੋਰ ਲੰਮੀਆਂ ਹੋ ਗਈਆਂ।

ਇਹ ਘਟਨਾ ਤ੍ਰਕਾਲਾਂ ਦੀ ਸੀ ਜਦੋਂ ਘਾਹ-ਪੱਠਾ ਖੋਤਣ ਨਿਕਲੀਆਂ ਸਾਡੇ ਵਿਹੜੇ ਦੀਆਂ ਤੀਵੀਆਂ ਮੁੜਦੇ ਪੈਰੀਂ ਆ ਕੇ ਹੋਰਾਂ ਨੂੰ ਦੱਸਣ ਲੱਗ ਪਈਆਂ, ‘ਲੰਬੜਾਂ ਦੀ ਹਬੇਲੀ ਠਾਣਾ ਬਈਠਾ ਆ!’

ਇਸੇ ਦੌਰਾਨ ਮੈਂਨੂੰ ਤਿੰਨ ਖ਼ਾਕੀ ਵਰਦੀਧਾਰੀ ਉੱਚੇ-ਲੰਮੇ ਪੁਲਸੀਏ ਦਿਸੇ। ਪੁਲਿਸ ਮੈਂ ਪਹਿਲੀ ਵਾਰ ਦੇਖੀ ਸੀ। ਉਨ੍ਹਾਂ ਨੇ ਨਿੱਕਰਾਂ-ਕਮੀਜ਼ਾਂ ਪਹਿਨੀਆਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਦੇ ਹੱਥਾਂ ਵਿੱਚ ਰੂਲ ਸਨ। ਉਨ੍ਹਾਂ ਗਰਮੀਆਂ ਵਿੱਚ ਵੀ ਗਰਮ ਖ਼ਾਕੀ ਜ਼ੁਰਾਬਾਂ ਜੋ ਗਿੱਟਿਆਂ ਤਕ ਮੋੜ ਕੇ ਦੋਹਰੀਆਂ ਕੀਤੀਆਂ ਹੋਈਆਂ ਸਨ, ਬੂਟਾਂ-ਸੈਂਡਲਾਂ ਸਣੇ ਪਾਈਆਂ ਹੋਈਆਂ ਸਨ। ਸਾਡੇ ਘਰ ਮੋਹਰਲੇ ਪੂਰੇ ਰਾਹ ਵਿੱਚ ਸੁੰਨਸਾਨ ਸੀ। ਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ ਦਿਸਦਾ ਸੀ।

ਸਾਡੇ ਘਰ ਦੇ ਬੂਹੇ ਪਿੱਛੇ ਲੁਕ ਕੇ ਖੜ੍ਹੀਆਂ ਬੁੜ੍ਹੀਆਂ ਦੇ ਚਿਹਰੇ ਘਬਰਾਏ ਤੇ ਮਸੋਸੇ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿਚਲੇ ਰੰਬੇ-ਦਾਤੀਆਂ ਹੌਲੀ ਹੌਲੀ ਕੰਬਦੇ ਜਿਹੇ ਲਗਦੇ। ਉਹ ਘੁਸਰ-ਮੁਸਰ ਕਰ ਰਹੀਆਂ ਸਨ, ‘ਹਾਅ ਪਨਾਹਗੀਰਾਂ ਦੀ ਮਿੰਦ੍ਹੋ ਕਿਸੇ ਨਾ ਨਿਕਲੀ ਥੋੜ੍ਹੋ ਸੀ, ਦੱਸਦੇ ਆ ਪਈ ਇਨ੍ਹਾਂ ਨੇ ਉਹਦੇ ਤਿੰਨ ਡੱਕਰੇ ਕਰ ਕੇ, ਬੋਰੀ ਵਿੱਚ ਪਾ ਕੇ ‘ਪਾਣੀ ਧੱਕਾਂ’ ਦੇ ਸਿੰਬਲ ਆਲੇ ਖੂਹ ਵਿੱਚ ਸਿੱਟ ਦਿੱਤੀ ਆ!’ ਕੋਲ ਖੜ੍ਹੇ ਦੀਆਂ ਮੇਰੀਆਂ ਲੱਤਾਂ ਮੇਰਾ ਭਾਰ ਨਹੀਂ ਸਹਾਰ ਰਹੀਆਂ ਸਨ।

ਜਦੋਂ ਪੁਲਿਸੀਏ ਲੰਘ ਗਏ ਤਾਂ ਬੂਹਾ ਖੋਲ੍ਹਿਆ ਗਿਆ।

‘ਹਾਅ ਤਲੰਗਾ ਜਿਹਾ ਪਤਾ ਨਈਂ ਕਿਹੜੇ ਕੰਜਰ ਨੇ ਭਰਤੀ ਕਰ ਲਿਆ, ਤੇ ਔਹ ਪਿਛਲਾ ਸਾਲਾ ਕਿੱਦਾਂ ਫਿੱਟਾ ਆ, ਢਿੱਡਲ ਜਿਹਾ -ਬਗਾਨਾ ਮਾਲ ਖਾ-ਖਾ ਕੇ।’ ਭਾਈਏ ਨੇ ਇਕਹਿਰੇ ਤੇ ਗੋਗੜ ਵਾਲੇ ਪੁਲਸੀਆਂ ਬਾਰੇ ਹੋਰਾਂ ਨੂੰ ਸੁਣਾ ਕੇ ਕਿਹਾ। ਸਾਰਿਆਂ ਦਾ ਇੱਕੋ ਵੇਲੇ ਨਿੱਕਾ ਜਿਹਾ ਹਾਸਾ ਨਿਕਲ ਗਿਆ।

ਭਾਈਏ ਨੇ ਫਿਰ ਟਿੱਪਣੀ ਕੀਤੀ, ‘ਸਾਲੇ ਅਣਖਾਂ ਦੇ, ਹਰਾਮਦੀ ਨੂੰ ਕਿਤੇ ਹੋਰ ਦਫ਼ਾ ਕਰ ਦਿੰਦੇ! ਬਾਰੀਆਂ (ਪਾਕਿਸਤਾਨ ਦੇ ਬਾਰ ਇਲਾਕੇ ਵਿੱਚੋਂ ਆਏ ਜੱਟਾਂ) ਦਾ ਕੀ ਖੁੱਸ ਗਿਆ! ਜੱਟਾਂ ਦਾ ਸੱਤੀ ਬੀਹੀਂ ਸੌ ਐਵੀਂ ਥੋੜ੍ਹੋ ਕਹਿੰਦੇ ਆ! ਹੁਣ ਉਮਰ ਕੈਦਾਂ ਕੱਟਣਗੇ ਸਾਲੇ! ਨਾਲੇ ਇਨ੍ਹਾਂ ਦੀ ਕਰਮੀ ਨਈਂ ਰੱਖੀਊ ਗੁਰਮੁਖ (ਬਾਰੀਆਂ ਦੇ ਪਰਿਵਾਰ ਵਿੱਚੋਂ) ਨੇ! ਰੱਖੇ (ਕਰਮੀ ਦਾ ਪਤੀ) ਮੂਜੀ ਨੂੰ ਘਰ ਵਿੱਚ ਕੌਣ ਪੁੱਛਦਾ!’

ਦਿਨ ਵੇਲੇ ਖੇਡੇ ਖਿੱਦੋ-ਖੂੰਡੀ ਦੇ ਉੱਧੜੇ ਖਿੱਦੋ ਦੀਆਂ ਰੰਗ-ਬੇਰੰਗੀਆਂ ਟੱਲੀਆਂ-ਟਾਕੀਆਂ ਵਾਂਗ ਉਲਝੀਆਂ ਮੇਰੀਆਂ ਸੋਚਾਂ ਮੇਰੇ ਕਾਬੂ ਤੋਂ ਬਾਹਰ ਸਨ।

ਮਰੀ ਹੋਈ ਮਿੰਦ੍ਹੋ ਮੈਂਨੂੰ ਕਦੀ ਆਪਣੇ ਪਿਓ ਲਈ ਭੱਤਾ, ਕਦੀ ਚਾਹ-ਪਾਣੀ ਤੇ ਕਦੀ ਨੰਗੇ ਪੈਰੀਂ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਦਿਸਦੀ। ਉਹ ਮੈਂਨੂੰ ਰਾਹ ਗਲ਼ੀ ਕਦੀ ਕਿਸੇ ਨਾਲ ਗੱਲਾਂ ਕਰਦੀ ਦਿਸਦੀ ਤੇ ਕਦੀ ਕਿਸੇ ਨਾਲ। ਉਹਦੀ ਅਣਦੇਖੀ ਲੋਥ ਦੇ ਤਿੰਨ ਡੱਕਰਿਆਂ ਵਿੱਚ ਧੌਣ, ਧੜ ਤੇ ਲੱਤਾਂ ਜੁਦਾ-ਜੁਦਾ ਹੋਏ ਦਿਸਦੇ। ਰਾਤ ਨੂੰ ਨੀਂਦ ਤੋਂ ਪਹਿਲਾਂ ਸਿੰਬਲ ਵਾਲੇ ਖੂਹ ’ਤੇ ਲੋਕਾਂ ਦੀ ਇਕੱਠੀ ਹੋਈ ਭੀੜ ਦਿਸਦੀ ਤੇ ਪੁਲਿਸ ਪਨਾਹਗੀਰਾਂ ਦੇ ਸਾਰੇ ਟੱਬਰ ਨੂੰ ਧੂਹ ਕੇ ਲਿਜਾਂਦੀ ਹੋਈ। ਮੈਂ ਵੱਡੇ ਭਰਾ ਨਾਲ ਗੱਲ ਕਰਦਾ ਤਾਂ ਉਹ ਕਹਿੰਦਾ, ‘ਰੱਬ ਦਾ ਨਾਂ ਲਈ ਜਾਹ, ਆਪੇ ਈ ਨੀਂਦ ਆ ਜਾਣੀ ਆ।’

ਅਜਿਹੀਆਂ ਵਾਪਰਦੀਆਂ ਘਟਨਾਵਾਂ ਦੀ ਮੇਰੇ ਅੰਦਰ ਭੱਜ-ਟੁੱਟ ਹੁੰਦੀ ਰਹਿੰਦੀ। ਮਨ ਹੀ ਮਨ ਬਹੁਤ ਕੁਝ ਗੁਣਾ ਤੇ ਤਕਸੀਮ ਹੁੰਦਾ ਰਹਿੰਦਾ। ਇਹ ਸਭ ਕੁਝ ਜਾਰੀ ਸੀ ਕਿ ਕਿਸੇ ਨੇ ਬੋਹੜ ਥੱਲੇ ਖੱਡੀਆਂ ਵਿੱਚ ਆ ਕੇ ਦੱਸਿਆ, ‘ਦੁਰਗੇ ਬਾਹਮਣ ਦੇ ਰੇੜੀਉ ’ਤੇ ਖ਼ਬਰ ਆਈ ਆ ਪਈ ਚੀਨ ਨੇ ਦਗਾ ਕੀਤਾ - ਹਿੰਦਸਤਾਨ ਤੇ ਚੀਨ ਦੀ ਲੜਾਈ ਲੱਗ ਗਈ ਆ! ਸਰਕਾਰ ਨੇ ਫੌਜ ਦੀ ਭਰਤੀ ਖੋਲ੍ਹਤੀ ਆ! '

ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਤੇ ਹੁੱਕਿਆਂ ਦੀਆਂ ਨੜੀਆਂ ਦੀ ਦਿਸ਼ਾ ਬਦਲ ਗਈ। ਤਣੀਆਂ ਹੋਈਆਂ ਤਾਣੀਆਂ ਵਿੱਚ ਜਿਵੇਂ ਝੋਲ ਪੈ ਗਈ, ਉਹ ਲਪੇਟ ਹੋਣ ਲੱਗ ਪਈਆਂ। ਹਰਨਾੜੀ ਕੀਤੇ ਬਲਦ ਆਪਣੀਆਂ ਹਵੇਲੀਆਂ ਵੱਲ ਪਰਤ ਰਹੇ ਸਨ।

ਇਨ੍ਹਾਂ ਕਨਸੋਆਂ ਨੇ ਮੇਰੇ ਨਿੱਕੇ ਜਿਹੇ ਤਨ ਦੇ ਮਨ ਵਿੱਚ ਵੱਡੀ ਜੰਗ ਛੇੜ ਦਿੱਤੀ। ਡਰ ਤੇ ਸਹਿਮ ਨੇ ਜਿਵੇਂ ਮੇਰੇ ਚਿੱਤ ਵਿੱਚ ਪੱਕੀ ਛਾਉਣੀ ਪਾ ਲਈ ਹੋਵੇ। ਘੁਸਮੁਸੇ ਤੋਂ ਲੈ ਕੇ ਚਾਨਣੀਆਂ ਰਾਤਾਂ ਵਿੱਚ ਬੋਹੜ-ਪਿੱਪਲ ਥੱਲੇ ਖੇਡੀ ‘ਭੰਡਾ-ਭੰਡਾਰੀਆ’ ਖੇਡ ਜਿੱਥੇ ਮੈਂਨੂੰ ਚੇਤੇ ਆਉਂਦੀ, ਉੱਥੇ ਮੇਰੇ ਅੰਦਰ ਖ਼ੌਫ਼ ਦੇ ਵਰ੍ਹਦੇ ਬੱਦਲਾਂ ਦੀ ਵਿਆਖਿਆ ਕਰਦੀ ਜਾਪਦੀ।

... ਤੇ ਇੱਕ ਦਿਨ ਮਾਂ ਨੇ ਮੈਂਨੂੰ ਨਹਾ ਲੈਣ ਲਈ ਹਾਕ ਮਾਰ ਕੇ ਸੱਦਿਆ ਪਰ ਭਾਣਾ ਕੁਝ ਹੋਰ ਹੀ ਵਾਪਰ ਗਿਆ ਸੀ।

‘ਦੱਸ ਮਾਮਾ ਫੇ ਖਾਊਂਗਾ ਮਿੱਟੀ?’ ਭਾਈਏ ਨੇ ਚਾਣਚੱਕ ਮੇਰਾ ਸੱਜਾ ਗੁੱਟ ਆਪਣੇ ਸੱਜੇ ਹੱਥ ਵਿੱਚ ਫੜ ਕੇ ਤੇ ਖੂਹ ਅੰਦਰ ਲਮਕਾਅ ਕੇ ਪੁੱਛਿਆ। ਨਿੱਖਰੇ ਦਿਨ ਵਿੱਚ ਬੱਦਲ ਪਤਾ ਨਹੀਂ ਇਕਦਮ ਕਿਵੇਂ ਗੜ੍ਹਕ ਪਿਆ ਸੀ। ਮੇਰਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ। ਮੇਰੇ ਦਿਲ ਦੀ ਧੜਕਣ ਤੇਜ਼ ਤੇ ਉੱਚੀ ਹੋ ਗਈ ਜੋ ਮੇਰੇ ਕੰਨਾਂ ਵਿੱਚ ਲੁਹਾਰਾਂ ਦੇ ਕਰਖਾਨੇ ਦੇ ਘਣ ਵਾਂਗ ਠੱਕ-ਠੱਕ ਵੱਜਦੀ ਸੁਣਦੀ ਸੀ।

ਭਾਈਆ ਫਿਰ ਪੁੱਛੇ, ‘ਦੱਸ ਮਾਮਾ ਫੇ ਖਾਊਂਗਾ ਮਿੱਟੀ?’

ਇਸ ਅਸਮਾਨੀ ਬਿਜਲੀ ਦੀ ਤਾਰ ਮੇਰੇ ਤਨ-ਮਨ ਵਿੱਚ ਬੇਰਹਿਮੀ ਨਾਲ ਫਿਰ ਗਈ। ਮੇਰੇ ਕੋਲੋਂ ਰੋਇਆ ਵੀ ਨਹੀਂ ਜਾ ਰਿਹਾ ਸੀ। ਬੱਸ ਲੰਮੇ ਹਉਕੇ ਨਿਕਲ ਰਹੇ ਸਨ ਤੇ ਕਾਲਜਾ ਮੂੰਹ ਥਾਣੀ ਬਾਹਰ ਆਉਣ ਨੂੰ ਕਰਦਾ ਸੀ।

ਖੂਹ ਦੀ ਮੌਣ ਦੇ ਕੋਲ ਹੀ ਇੱਟਾਂ ਦੇ ਖੜੰਗੇ ਲੱਗੇ ਫ਼ਰਸ਼ ਉੱਤੇ ਬੈਠੀ ਕੱਪੜੇ ਧੋਂਦੀ ਮੇਰੀ ਮਾਂ ਵਿੱਚ ਹੀ ਛੱਡ ਕੇ ਗੁੱਸੇ ਨਾਲ ਤਿੱਖੀ ਸੁਰ ਵਿੱਚ ਬੋਲੀ, ‘ਫੇ ਈ ਕੱਢੂੰਗਾ ਜਦੋਂ ਮੁੰਡੇ ਵਿੱਚ ਸਾਹ-ਸਤ ਨਾ ਰਹੂ?’

ਫਿਰ ਉਹ ਉੱਠ ਕੇ ਖੜ੍ਹੀ ਹੋ ਗਈ, ‘ਜੇ ਤੇਰੇ ਹੱਥੋਂ ਮੁੰਡੇ ਦੀ ਬਾਂਹ ਛੁੱਟ ਗਈ ਤਾਂ ...!’

‘ਬਥੇਰਾ ਪਤਿਆ ਕੇ ਦੇਖ ਲਿਆ, ਇਹਦਾ ਸਾਲੇ ਦਾ ਇੱਦਾਂ ਭੁਸ ਨਈਂ ਹਟਣਾ!’ ਭਾਈਏ ਨੇ ਵੀ ਅੱਗੋਂ ਉਸੇ ਲਹਿਜ਼ੇ ਵਿੱਚ ਜਵਾਬ ਦਿੱਤਾ।

ਮੈਂ ਕਦੇ ਉਤਾਂਹ ਨੂੰ ਤਰਲੇ ਭਰੀ ਨਿਗਾਹ ਨਾਲ ਭਾਈਏ ਦੇ ਮੂੰਹ ਵਲ ਤੇ ਕਦੇ ਹੇਠਾਂ ਨੂੰ ਪਾਣੀ ਵੱਲ ਦੇਖਦਾ ਜੋ ਮੇਰੇ ਨਿੱਕੇ ਕੱਦ ਤੋਂ ਮਸਾਂ ਪੰਜ-ਛੇ ਹੱਥ ਨੀਵਾਂ ਸੀ।

‘ਮੁੰਡਾ ਲੇਰਾਂ ਮਾਰੀ ਜਾਂਦਾ ਤੂੰ ਫੇ ਬੀ ...।’ ਮਾਂ ਭਾਈਏ ਨੂੰ ਝਈ ਜਿਹੀ ਲੈ ਕੇ ਬਾਹਬਰ ਕੇ ਬੋਲੀ। ਉਹਨੇ ਮੈਂਨੂੰ ਦਬਾਸਟ ਬਾਹਰ ਕੱਢ ਲਿਆ। ਮੇਰਾ ਸਰੀਰ ਬੇਜਾਨ ਜਿਹਾ ਹੋ ਗਿਆ ਸੀ। ਸਿਆਲ ਮਹੀਨੇ ਦੇ ਗਿਆਰਾਂ-ਬਾਰਾਂ ਵਜੇ ਵਾਪਰੀ ਪੰਦਰਾਂ ਵੀਹ ਸਕਿੰਟਾਂ ਦੀ ਇਸ ਘਟਨਾ ਨਾਲ ਮੇਰਾ ਅਲਫ਼ ਨੰਗਾ ਪਿੰਡਾ ਹਲਕਾ ਜਿਹਾ ਤਰ ਹੋ ਗਿਆ ਸੀ।

ਥੋੜ੍ਹੀ ਕੁ ਦੇਰ ਬਾਅਦ ਮੈਂਨੂੰ ਤਾਜ਼ਾ ਲੰਘੀ ਬਰਸਾਤ ਦਾ ਬਦੋਬਦੀ ਚੇਤਾ ਆ ਗਿਆ। ਉਦੋਂ ਮੀਂਹ ਦਾ ਪਾਣੀ ਤੇ ਖੂਹ ਦਾ ਪਾਣੀ ਜ਼ਮੀਨ ਦੇ ਬਰੋ-ਬਰੋਬਰ ਹੋ ਗਿਆ ਸੀ। ਜਦੋਂ ਮੀਂਹ ਹੱਲ੍ਹਾ ਹੋਇਆ ਸੀ ਤਾਂ ਜ਼ਮੀਨ ਤੋਂ ਦੋ ਕੁ ਰੱਦੇ ਮੌਣ ਪੂਰੀ ਨੰਗੀ ਹੋ ਗਈ ਸੀ। ਨਿੱਕੇ-ਵੱਡੇ ਡੱਡੂ ਖੂਹ ਵਿੱਚ ਤਾਰੀਆਂ ਲਾਉਂਦੇ ਦਿਸੇ। ਉਨ੍ਹਾਂ ਦਾ ਖੂਹ ਵਿੱਚੋਂ ਨਾ ਨਿਕਲ ਸਕਣ ਦੀ ਚਿੰਤਾ ਮੈਂਨੂੰ ਕਈ ਦਿਨਾਂ ਤਕ ਲੱਗੀ ਰਹੀ ਸੀ ਪਰ ਤ੍ਰਕਾਲਾਂ ਨੂੰ ਖੂਹ ਦੇ ਬਾਹਰ ਕਈ ਡੱਡੂ ਛੜੱਪੇ ਮਾਰਦੇ ਦਿਸੇ ਤੇ ਗੜੈਂ-ਗੜੈਂ ਦੀਆਂ ਆਵਾਜ਼ਾਂ ਸੁਣੀਆਂ ਸਨ। ਨਾਲ ਹੀ ਮੈਂਨੂੰ ਆਪਣਾ ਖ਼ਿਆਲ ਆਉਂਦਾ, ‘ਜੇ ਭਾਈਏ ਦੇ ਹੱਥੋਂ ਮੇਰੀ ਬਾਂਹ ਛੁੱਟ ਜਾਂਦੀ ਤਾਂ ਕੀ ਮੈਂ ਡੱਡੂ ਵਾਂਗ ਤਰ ਸਕਦਾ ਸੀ।’ ਮੈਂ ਚਿੱਤ ਵਿੱਚ ਭਾਈਏ ਨੂੰ ਗਾਲ੍ਹਾਂ ਕੱਢੀਆਂ ਤੇ ਉਹਦੇ ਖ਼ਿਲਾਫ਼ ਕਈ ਮਨਸੂਬੇ ਸੋਚੇ, ‘ਜਦੋਂ ਦਾਅ ਲੱਗਾ, ਭਾਈਏ ਦੀ ਸ਼ਰਾਬ ਦੀ ਬੋਤਲ ਮੂਤ ਕੇ ਭਰ ਦੇਣੀ ਆ। ਨਈਂ ਤਾਂ ਚਿਲਮ ਵਿਚਲਾ ਮਘਦਾ ਕੋਲਾ ਉਹਦੇ ਹੱਥ ’ਤੇ ਕਿਸੇ ਤਰ੍ਹਾਂ ਸਿੱਟ ਦੇਣਾ।’

ਭਾਈਏ ਦੀ ਇਹ ਕਾਰਵਾਈ ਜਦੋਂ ਵੀ ਮੇਰੇ ਮਨ ਵਿੱਚ ਆਉਂਦੀ ਤਾਂ ਮੇਰਾ ਤਨ ਝੁਣਝੁਣੀ ਖਾ ਜਾਂਦਾ। ਦਿਲ ਨੂੰ ਹੌਲ ਜਿਹਾ ਪੈਂਦਾ। ਲਗਦਾ, ਜਿਵੇਂ ਉਡਦਾ ਪੰਛੀ ਗੁਲੇਲ ਨਾਲ ਫੁੰਡਿਆ ਗਿਆ ਹੋਵੇ।

‘ਸ਼ਰਮ ਕਰ ਕੁਛ, ਉਹ ਪੲ੍ਹੀਲਾਂ ਈ ਢਾਹੀਂ ਰੋਈ ਜਾਂਦਾ ਤੇ ਉੱਤੋਂ ਫੁੱਲ ਭਰ ਮੁੰਡੇ ਦੀਆਂ ਪੁੜਪੁੜੀਆਂ ਚਪੇੜਾਂ ਮਾਰ-ਮਾਰ ਲਾਲ ਕਰਤੀਆਂ ਤੂੰ।’ ਭਾਈਏ ਨੂੰ ਅਵਾ-ਤਵਾ ਬੋਲਦੀ ਮਾਂ ਦਾ ਆਪਣਾ ਮੂੰਹ ਲਾਲ ਹੋ ਗਿਆ ਸੀ। ਮੈਂ ਮਾਂ ਦੀਆਂ ਲੱਤਾਂ ਨੂੰ ਚਿੰਬੜਿਆ ਹੋਇਆ ਸੀ।

ਮਾਂ ਦਾ ਇੰਨਾ ਗੁੱਸਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ। ਭਾਈਏ ਦੀ ਨਿੱਤ ਦੀ ਗਾਲੋਬਾਲ਼ੀ ਤੇ ਧੌਲ-ਧੱਫ਼ੇ ਦਾ ਉਹਨੇ ਕਦੇ ਮੋੜਵਾਂ ਜਵਾਬ ਨਹੀਂ ਸੀ ਦਿੱਤਾ। ਪਰ ਉਹਦੇ ਗ਼ੁੱਸੇ ਦਾ ਨਿਆਰਾ ਰੂਪ ਦੇਖ ਕੇ ਮੈਂ ਵੀ ਡਰ ਨਾਲ ਕੰਬ ਗਿਆ ਸੀ। ਫਿਰ ਉਸ ਨੇ ਬਹਿ ਕੇ ਮੈਂਨੂੰ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾ ਲਿਆ ਤੇ ਮੇਰੇ ਹੰਝੂਆਂ ਦੀਆਂ ਮੁੜ ਵਗਣ ਲੱਗ ਪਈਆਂ ਧਰਾਲ਼ਾਂ ਨੂੰ ਪੂੰਝਣ ਲੱਗ ਪਈ।

ਉਹਨੇ ਜ਼ਰਾ ਕੁ ਰੁਕ ਕੇ ਫਿਰ ਕਿਹਾ, ‘ਤਈਨੂੰ ਆਪਣਾ ਨਹੀਂ ਚੇਤਾ, ਰਾਹ-ਗਲੀ ਤੇ ਖੇਤਾਂ ਵਿੱਚ ਕੋਈ ਭੁੱਗੀ (ਠੀਕਰੀਆਂ ਜੋ ਪੁਰਾਣੀਆਂ ਹੋ ਕੇ ਕੱਚੀਆਂ-ਪਿੱਲੀਆਂ ਹੋ ਜਾਂਦੀਆਂ ਹਨ) ਨਈਂ ਛੱਡਦਾ। ਦੇਖ ਤਾਂ ਹੁੱਕੇ ਦੇ ਭੁਸ ਨਾ ਮੂੰਹ ਵਿੱਚੋਂ ਕਿੱਦਾਂ ਮੁਸ਼ਕ ਆਉਂਦਾ ਆ। ਜਾਹ ਬਗ ਜਾ ਪਰੇ ਘਰ ਨੂੰ।’

ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਲਾਲਗੀ ਤੇ ਨਮੀਂ ਨਾਲੋ-ਨਾਲ ਦਿਖਾਈ ਦੇ ਰਹੀਆਂ ਸਨ। ਭਾਈਆ ਦਾਸ ਹੁਰਾਂ ਦੀ ਪੱਕੀ ਖੁਰਲੀ ਦੇ ਨਾਲ-ਨਾਲ ਪੰਜਾਹ ਕੁ ਕਦਮਾਂ ਦੀ ਵਿੱਥ ’ਤੇ ਸਾਡੇ ਘਰ ਵਲ ਨੂੰ ਤੁਰਿਆ ਜਾਂਦਾ ਫ਼ਰਸ਼ ਉੱਤੇ ਜੰਮੀ ਹਰਿਆਈ ਤੋਂ ਤਿਲਕ ਗਿਆ ਪਰ ਡਿਗਣੋਂ ਸੰਭਲ ਗਿਆ। ਤੇ ਫਿਰ ਵੀ ਦੱਬਵੀਂ ਜਿਹੀ ਜੀਭੇ ਕਹਿੰਦਾ ਸੁਣਿਆ, ‘ਕਮੂਤ ਦੀ ਮਾਰ ਕਿੱਦਾਂ ਲਾਹ-ਪਾਹ ਕਰੀ ਜਾਂਦੀ ਆ।’

‘ਨਾ ਆਪੇ ਈ ਤਾਂ ਨਾਲ ਲਜਾਂਦਾ ਸੀ ਜਦੋਂ ਹਾਅ ਫਿਰਨੀ ’ਤੇ ਲੜੋਏ ਆਲੇ ਰਾਹ ਵਿੱਚ ਮਿੱਟੀ ਪਈਂਦੀ ਸੀ। ਉੱਥੇ ਖਤਾਨਾਂ ਵਿੱਚ ਖੇਲ੍ਹਦਾ-ਖੇਲ੍ਹਦਾ ਮਿੱਟੀ ਖਾਣੀ ਗਿੱਝ ਗਿਆ।’ ਮਾਂ ਨੇ ਕੋਲ ਖੜ੍ਹੀ ਦਾਸ ਦੀ ਨੂੰਹ ਮਿੰਦ੍ਹੋ ਨੂੰ ਦੱਸਿਆ ਜੋ ਮੇਰੇ ਵੱਲ ਦੇਖ ਰਹੀ ਸੀ।

‘ਮਰੱਬੇਬੰਦੀ ਕਾਹਦੀ ਹੋਈ ਆ, ਸਾਡੇ ਘਰ ਤਾਂ ਪਾਟਕ ਪਿਆ ਆ, ਸਾਨੂੰ ਕਿੱਡਾ ਜ਼ਮੀਨਾਂ ਮਿਲ ਗਈਆਂ!’ ਫਿਰ ਰੁਕ ਕੇ ਕਹਿਣ ਲੱਗੀ, ‘ਹੂੰ! ਜਿੱਦਾਂ ਸਾਡੇ ਉੱਥੋਂ ਦੀ ਗੱਡੇ ਨੰਘਣੇ ਆ ਮਿੱਲ੍ਹ ਨੂੰ! ਅਜੇ ਤਾਂ ਥੇਹ ਪੈਣੇ ਕਹਿੰਦੇ ਸੀ ਪਈ ਸਾਰੀ ਫਿਰਨੀ ’ਤੇ ਤੁਸੀਂ ਮਿੱਟੀ ਪਾਓ, ਅਖੇ ਬਿਹਲੇ ਈ ਰਹਿੰਦੇ ਆ, ਇਹ ਤਾਂ ਸਾਡੇ ਬੰਦਿਆਂ ਨੇ ਲੜ-ਭਿੜ ਕੇ ਘਰ-ਪਰਤੀ ਮਿੱਟੀ ਪੁਆਈ ਪਈ ਬਗਾਰਾਂ-ਬੁੱਤੀਆਂ ਦਾ ਜ਼ਮਾਨਾ ਗਿਆ ਹੁਣ!’ ਮਾਂ ਨੇ ਧੌਣ ਅਕੜਾ ਕੇ ਕਿਹਾ। ਸ਼ਾਇਦ ਉਹ ਦੱਸਣਾ ਚਾਹੁੰਦੀ ਸੀ ਕਿ ਲਗਾਤਾਰ ਪੰਦਰਾਂ-ਵੀਹ ਦਿਨ ਮਿੱਟੀ ਫਿਰਨੀ ਉੱਤੇ ਪਾਉਂਦਿਆਂ ਮੈਂ ਮਿੱਟੀ ਖਾਣ ਲੱਗ ਪਿਆ ਸੀ।

ਇੰਨੇ ਨੂੰ ਰਾਓ ਦਾ ਗੇਲੂ ਮੈਂਨੂੰ ਬੁੱਸ-ਬੁੱਸ ਕਰਦੇ ਨੂੰ ਬਾਹੋਂ ਫੜ ਕੇ ਬੋਹੜ ਹੇਠਾਂ ਨੱਕਾ-ਪੂਰ ਖੇਡਦੀ ਢਾਣੀ ਕੋਲ ਲਿਜਾ ਕੇ ਪੁੱਛਣ ਲੱਗਾ, ‘ਫਲਾਤੂ, ਦੱਸ ਫੇ ਤੇਰੇ ਸਹੁਰੇ ਕਿੱਥੇ ਆ?’

ਮੈਂ ਚੁੱਪ ਰਿਹਾ।

‘ਮੇਰਾ ਆੜੀ ਬਣ ਕੇ ਦੱਸ ਤੇਰੇ ਸਹੁਰੇ ਕਿੱਥੇ ਆ?’

‘ਕਧਾਲੇ (ਮੇਰਾ ਨਾਨਕਾ ਪਿੰਡ, ਕੰਧਾਲਾ ਸ਼ੇਖਾਂ, ਜ਼ਿਲ੍ਹਾ ਹੁਸ਼ਿਆਰਪੁਰ) ਹੋਰ ਕਿੱਥੇ!’ ਮੇਰੇ ਬੋਲਾਂ ਨਾਲੋਂ ਉਨ੍ਹਾਂ ਦਾ ਹਾਸਾ ਉੱਚਾ ਹੋ ਗਿਆ।

ਗੇਲੂ ਮੈਂਨੂੰ ਹੋਰਨਾਂ ਦੇ ਸਾਹਮਣੇ ਅਕਸਰ ਇਉਂ ਹੀ ਪੁੱਛਦਾ ਜਿਵੇਂ ਉਹ ਮਦਾਰੀ ਹੋਵੇ ਤੇ ਮੈਂ ਉਹਦਾ ਜਮੂਰਾ। ਪਰ ਲੋਕਾਂ ਦੇ ਹੱਸਣ ਦੀ ਵਜਾਹ ਮੈਂਨੂੰ ਸਮਝ ਨਾ ਆਉਂਦੀ।

ਸਵੇਰ ਨੂੰ ਸਵਖਤੇ ਹੀ ਭਾਈਆ ਮੈਥੋਂ ਤੇ ਵੱਡੇ ਭਰਾ ਤੋਂ ਖੇਸੀ ਜਾਂ ਰਜਾਈ ਲਾਹ ਕੇ ਪੈਂਦ ਵੱਲ ਵਗਾਹ ਮਾਰਦਾ। ਮਾਂ ਕਹਿੰਦੀ, ‘ਪੁੱਤ ਉੱਠੋ ਹੁਣ! ਗੋਡੇ-ਗੋਡੇ ਦਿਨ ਚੜ੍ਹ ਗਿਆ!’ ਜਾਂ ਫਿਰ ਕਹਿੰਦੀ, ‘ਗੁੱਡ ਭਗਤਾਂ ਦਿਓਂ ਗੋਹਟੇ ’ਤੇ ਅੱਗ ਲੈ ਆ - ਚਾਹ ਧਰਨੀ ਰੱਖੀਏ।’

ਸਾਡੇ ਘਰਾਂ ਦੇ ਚੁੱਲ੍ਹਿਆਂ ਵਿੱਚ ਰਾਤ ਨੂੰ ਹੀ ਸਵੇਰ ਵਾਸਤੇ ਭੁੱਬਲ ਵਿੱਚ ਅੱਗ ਦਬਾ ਦਿੱਤੀ ਜਾਂਦੀ ਸੀ। ਜਦ ਕਦੀ ਯਾਦ ਭੁੱਲ ਜਾਂਦਾ ਤਾਂ ਅੱਗ ਇੱਕ ਦੂਜੇ ਦੇ ਘਰੋਂ ਮੰਗ ਲਿਆਉਂਦੇ। ਤੀਲਾਂ ਦੀਆਂ ਡੱਬੀਆਂ ਸਰਫ਼ੇ-ਸੰਕੋਚ ਨਾਲ ਹੀ ਵਰਤਦੇ। ਸਿਆਲ ਦੀਆਂ ਸੰਘਣੀਆਂ ਧੁੰਦਾਂ ਦੌਰਾਨ ਅਸੀਂ ਚੁੱਲ੍ਹੇ ਮੁੱਢ ਬੈਠੇ ਰਹਿੰਦੇ ਤੇ ਖੋਰੀ ਦੀਆਂ ਗੁੱਛੀਆਂ ਬਣਾ-ਬਣਾ ਝੁਲਕਾ ਪਾਉਂਦੇ ਜਾਂ ਰਾਹਾਂ ਵਿੱਚੋਂ ਗੰਨਿਆਂ ਦੇ ਹੂੰਝ ਕੇ ਲਿਆਂਦੇ ਛਿੱਲੜ। ਦਲਾਨ ਅਤੇ ਵਗਲੇ ਦੀ ਕੰਧ ਦੇ ਆਸਰੇ ਚਾਰ ਕੌਲਿਆਂ ਉੱਤੇ ਉਸਾਰੀ ਸਾਡੀ ਛੱਤੜੀ (ਰਸੋਈ) ਦਾ ਕੋਈ ਬੂਹਾ-ਬਾਰੀ ਨਹੀਂ ਸੀ। ਲਹਿੰਦੀ ਬਾਹੀ ਕਾਨਿਆਂ-ਨੜਿਆਂ ਦਾ ਟਿੱਟਾ ਸੀ ਜੋ ਲਿੱਪਿਆ-ਪੋਚਿਆ ਹੋਣ ਕਰਕੇ ‘ਕੰਧ’ ਦਾ ਝਉਲਾ ਪਾਉਂਦਾ। ਸਵਾ-ਡੇਢ ਖ਼ਾਨੇ ਦੀ ਇਹਦੀ ਛੱਤ ਕਾਨਿਆਂ-ਕੜੀਆਂ ਦੀ ਸੀ। ਧੂੰਏਂ ਦੀ ਕਾਲੋਂ ਜੰਮੀ ਮੋਟੀ ਤੈਅ ਕਾਰਨ ਕਾਨਿਆਂ-ਸਰਵਾੜ੍ਹ ਦੀ ਕੋਈ ਵੱਖਰੀ ਪਛਾਣ ਨਹੀਂ ਸੀ। ਛੱਤ ਤੋਂ ਲਮਕਦਾ ਸਰਵਾੜ੍ਹ ਧੂੰਏਂ ਨਾਲ ਹਿੱਲਦਾ ਤੇ ਉਸ ਉਤਲੀ ਕਾਲੋਂ ਉਦੋਂ ਕਦੀ ਹੀ ਕਿਸੇ ਫੰਬੇ ਵਾਂਗ ਡਿਗਦੀ ਜਦੋਂ ਉਹਦੇ ਤੋਂ ਉਹਦਾ ਭਾਰ ਨਾ ਚੁੱਕਿਆ ਜਾਂਦਾ।

ਮੈਂਨੂੰ ਗਲਾਸ ਵਿੱਚੋਂ ਚਾਹ ਨਿਤਾਰ ਕੇ ਬਾਟੀ ਵਿੱਚ ਪਾਉਂਦੇ ਨੂੰ ਦੇਖ ਕੇ ਭਾਈਆ ਕਹਿੰਦਾ, ‘ਡੱਫ਼ ਲਾ ਹੁਣ, ਬਰਸਾਤ ਆ ਕਿਤੇ ਹੁਣ, ਜਿਹੜਾ ਕੀੜੇ ਤਰਦੇ ਦੇਖਦਾ ਆਂ। ਇਨ੍ਹਾਂ ਦਿਨਾਂ ਵਿੱਚ ਗੁੜ ਵਿੱਚ ਕੀੜੇ ਨਈਂ ਪਈਂਦੇ।’

ਇਸ ਭਰੋਸੇ ਪਿੱਛੋਂ ਮੈਂ ਚਾਹ ਪਾਣੀ ਵਾਂਗ ਚਾੜ੍ਹ ਜਾਂਦਾ ਪਰ ਬਰਸਾਤੀ ਦਿਨਾਂ ਦੇ ਚਿੱਟੇ ਕੀੜੇ ਚਾਹ ’ਤੇ ਤਰਦੇ ਮੈਂਨੂੰ ਅਜੇ ਵੀ ਦਿਸਣੋਂ ਨਾ ਹਟਦੇ ਜਿਨ੍ਹਾਂ ਨੂੰ ਮਾਂ ਨੇ ਆਪਣੇ ਸਿਰ ਦੇ ਟੱਲੇ ਦਾ ਲੜ ਰੱਖ ਕੇ ਪੁਣਿਆ ਹੁੰਦਾ। ਕਾਲੀ ਚਾਹ ਪੱਤੀ ਉੱਤੇ ਮਰੇ ਪਏ ਚਿੱਟੇ ਕੀੜੇ ਫੁੱਲ ਕੇ ਹੋਰ ਮੋਟੇ ਹੋਏ ਦਿਸਦੇ।

ਸਿਆਲਾਂ ਨੂੰ ਸਾਡੇ ਘਰ ਦੇ ਮੋਹਰੇ ਧੂਣੀ ਲਗਦੀ। ਨਿਆਣੇ ਸਿਆਣੇ ਅੱਗ ਸੇਕਦੇ। ਸਾਡੇ ਵਿੱਚੋਂ ਜਿਹੜਾ ਆਪਣੇ ਘਰੋਂ ਬਾਲਣ ਨਾ ਲਿਆਉਂਦਾ, ਉਹਨੂੰ ਅੱਗ ਸੇਕਣੋਂ ਰੋਕਣ ਲਈ ਹੱਥੋਪਾਈ ਵੀ ਹੋ ਜਾਂਦੇ। ਧੂਣੀ ਦੀਆਂ ਲੰਬਾਂ ਵਿੱਚ ਅਸੀਂ ਆਪਣੇ ਬਰਫ਼ ਵਰਗੇ ਠੰਢੇ ਪੈਰ ਲਿਜਾਂਦੇ ਤੇ ਫਿਰ ਸਕੂਲ ਨੂੰ ਦੌੜ ਜਾਂਦੇ। ਸਾਡੇ ਵਿੱਚੋਂ ਕਿਸੇ ਜਣੇ ਦੇ ਵੀ ਪੈਰੀਂ ਜੁੱਤੀ ਨਾ ਹੁੰਦੀ। ਉੱਧਰ ਜਿਮੀਂਦਾਰਾਂ ਦੇ ਕੁੜੀਆਂ-ਮੁੰਡਿਆਂ ਨੇ ਦੋਹਰੇ ਸਵੈਟਰ ਪਾਏ ਹੁੰਦੇ। ਮੈਂ ਸੋਚਦਾ, ‘ਕੋਈ ਜਣਾ ਇੱਕ ਸੁਆਟਰ ਮੈਂਨੂੰ ਦੇ ਦੇਬੇ - ਮੈਂ ਬੀ ਇਹਦਾ ਨਿੱਘ ਲੈ ਕੇ ਦੇਖਾਂ।’ ਮੇਰੇ ਇਨ੍ਹਾਂ ਖ਼ਿਆਲਾਂ ਦੀ ਲੜੀ ਉਦੋਂ ਹੀ ਟੁੱਟਦੀ ਜਦੋਂ ਮੈਂ ਹੋਰ ਨਿਆਣਿਆਂ ਨਾਲ ਉੱਚੀ ਹੇਕ ਵਿੱਚ ਕਹਿੰਦਾ:

ਸੂਰਜਾ-ਸੂਰਜਾ ਫੱਟੀ ਸੁਕਾ।
ਨਹੀਂ ਸੁਕਾਉਣੀ ਘਰ ਨੂੰ ਜਾਹ।

ਪਲ ਦੋ ਪਲ ਪਿੱਛੋਂ ਮੇਰਾ ਖ਼ਿਆਲ ਫਿਰ ਆਪਣੇ ਫ਼ਾਂਟਾਂ ਵਾਲੇ ਕੱਛੇ ਤੇ ਗੱਲ ਦੇ ਝੱਗੇ ’ਤੇ ਜਾਂਦਾ ਜੋ ਠੰਢ ਰੋਕਣ ਨਾਲੋਂ ਵਗਦੇ ਸੀਂਢ ਨੂੰ ਹੇਠਾਂ ਡਿਗਣੋਂ ਰੋਕਣ ਦੇ ਜ਼ਿਆਦਾ ਕੰਮ ਆਉਂਦਾ। ਮੇਰੇ ਲੀੜੇ ਐਤਵਾਰ ਦੇ ਐਤਵਾਰ ਧੋ ਹੁੰਦੇ। ਖੁਰਲੀ ਦੇ ਓਹਲੇ ਬੈਠ ਕੱਛੇ ਦੇ ਨੇਫ਼ੇ ਵਿੱਚੋਂ ਜੂੰਆਂ ਟੋਲ੍ਹ-ਟੋਲ੍ਹ ਮਾਰਨ ਨੂੰ ਮੇਰਾ ਕਿੰਨਾ-ਕਿੰਨਾ ਚਿਰ ਲੱਗ ਜਾਂਦਾ। ਮਨ ਅੱਕ ਜਿਹਾ ਜਾਂਦਾ ਤੇ ਧੌਣ ਦੁਖਣ ਲੱਗ ਪੈਂਦੀ। ਜਦੋਂ ਮਾਂ ਮੈਂਨੂੰ ਖੂਹ ’ਤੇ ਨਹਾਉਂਦੀ ਤਾਂ ਮੇਰੇ ਪੈਰਾਂ ਤੇ ਸੱਜੇ ਹੱਥ ਦਾ ਅੰਗੂਠਾ ਜ਼ੋਰ ਨਾਲ ਰਗੜ ਕੇ ਕਹਿੰਦੀ, ‘ਦੇਖ ਤਾਂ ਮੈਲ ਦੀਆਂ ਪੇਪੜੀਆਂ ਕਿੱਦਾਂ ਜੰਮੀਆਂ ਆ।’ ਪਰ ਮੈਂਨੂੰ ਆਪਣੀਆਂ ਲੱਤਾਂ ਤੇ ਮੈਲ ਜੰਮੇ ਪੈਰਾਂ ਵਿੱਚ ਬਹੁਤਾ ਫ਼ਰਕ ਨਾ ਦਿਸਦਾ। ਮੈਂ ਫਿਰ ਇਨ੍ਹਾਂ ਲੰਮੀਆਂ ਸੋਚਾਂ ਤੋਂ ਮੁੜ ਆਉਂਦਾ ਪਰ ‘ਸੂਰਜਾ ਸੂਰਜਾ ਫੱਟੀ ਸੁਕਾ ...’ ਦੀ ਹੇਕ ਬਹੁਤ ਮੱਠੀ ਪੈ ਜਾਂਦੀ।

ਇਹ ਦੁਹਰਾਉਣਾ ਵੀ ਵਿੱਚੇ ਹੀ ਛੱਡ ਕੇ ਮੈਂ, ਖੁਸ਼ੀਆ, ਭੀਮਾ ਜਾਂ ਉਹਦੇ ਛੋਟੇ ਭਰਾ ਪਿਆਰੀ (ਜਿਸ ਨੂੰ ਪਿੰਡ ਦੇ ਬਹੁਤੇ ਮੁੰਡੇ ਆਸ਼ਕ ਸੱਦਦੇ ਕਿਉਂਕਿ ਉਹਦਾ ਰੰਗ ਕਾਲਾ, ਸਰੀਰ ਲਿੱਸਾ ਤੇ ਤੋਰ ਨਿਆਰੀ ਸੀ) ਨੂੰ ਕਿਸੇ ਕੱਟੂ-ਵੱਛੂ ਨੂੰ ਚੁੱਕ ਕੇ ਸਕੂਲ ਮੋਹਰਿਓਂ ਦੀ ਲਿਜਾਂਦਿਆਂ ਦੇਖਦਾ। ਇਨ੍ਹਾਂ ਦਿਨਾਂ ਵਿੱਚ ਅਕਸਰ ਹੀ ਕੱਟੇ-ਵੱਛੇ, ਬੁੱਢੇ ਬਲਦ ਤੇ ਗਊਆਂ ਮਰਦੇ ਰਹਿੰਦੇ। ਬੁੱਢੇ ਝੋਟਿਆਂ ਨੂੰ ਤਾਂ ਜੱਟ ਪਹਿਲਾਂ ਹੀ ਮੰਡੀ ਵੇਚ ਆਉਂਦੇ ਸਨ। ਉਨ੍ਹਾਂ ਨੇ ਮੁਰਦਾਰ ਦੀਆਂ ਚੌਹਾਂ ਲੱਤਾਂ ਨੂੰ ਖੁਰਾਂ ਕੋਲੋਂ ਨੂੜ ਕੇ ਇਸ ਜੁਗਤ ਨਾਲ ਬੰਨ੍ਹਿਆ ਹੁੰਦਾ ਕਿ ਲੱਤਾਂ ਦੇ ਦੋਸਾਂਗੜ ਵਿਚਾਲਿਓਂ ਦੀ ਬਾਂਸ ਦੀ ਮੋਟੀ ਕੜੀ ਲੰਘਾਈ ਹੁੰਦੀ। ਮੋਢਿਆਂ ਉੱਤੇ ਰੱਖਿਆ ਮੋਟਾ ਡੰਡਾ ਜਾਂ ਬੱਲੀ ਉਨ੍ਹਾਂ ਦੇ ਅੱਗੇ-ਪਿੱਛੇ ਹੋ ਕੇ ਤੁਰਨ ਵਿੱਚ ਅੜਿੱਕਾ ਨਾ ਬਣਦੇ। ਪੁੱਠਾ ਲਮਕਿਆ ਕੱਟਾ-ਵੱਛਾ ਝੂਟੇ ਲੈਂਦਾ ਲਗਦਾ। ਉਹਦੀ ਧੌਣ ਤੇ ਲਮਕਦੇ ਕੰਨ ਹੁਲਾਰੇ ਲੈਂਦੇ ਜਾਪਦੇ।

ਵੱਡੇ ਮੁਰਦਾਰ ਨੂੰ ਪੰਜ-ਛੇ ਜਣੇ ਘੜੀਸ ਕੇ ਲਿਜਾਂਦੇ। ਇੱਕ ਦੂਜੇ ਨੂੰ ਕਹਿੰਦੇ, ‘ਪਿਆਰੀ ਸਾਮਾਂ ਹੋ ਕੇ ਖਿੱਚ, ਸਾਰਾ ਭਾਰ ਮੇਰੇ ਗੱਲ ਪਈ ਜਾਂਦਾ।’

ਪਿੱਠ ਭਾਰ ਧੂਹੇ ਜਾ ਰਹੇ ਮੁਰਦਾਰ ਦੀਆਂ ਅਗਲੀਆਂ-ਪਿਛਲੀਆਂ ਲੱਤਾਂ ਵਿੱਚੀਂ ਲੰਘਾਈਆਂ ਮੋਟੀਆਂ ਕੜੀਆਂ ਮੋਢਿਆਂ ਉੱਤੇ ਰੱਖ ਕੇ ਇਉਂ ਖਿੱਚਦੇ ਕਿ ਉਨ੍ਹਾਂ ਦਾ ਸਿਰ-ਧੜ ਚੂਲੇ ਤੋਂ ਕਾਫ਼ੀ ਅੱਗੇ ਵੱਲ ਨੂੰ ਝੁਕਿਆ ਤੇ ਤਣਿਆ ਹੁੰਦਾ। ਉਨ੍ਹਾਂ ਦਾ ਆਪਣਾ ਸਾਰਾ ਭਾਰ ਪੰਜਿਆਂ ਉੱਤੇ ਹੁੰਦਾ ਤੇ ਗੋਡੇ ਅਗਾਂਹ ਵਲ ਨੂੰ ਤਿੱਖੀ ਤਿਕੋਨ ਬਣਾਉਂਦੇ ਦਿਸਦੇ। ਕਈ ਵਾਰ ਉਨ੍ਹਾਂ ਵਿੱਚੋਂ ਕੋਈ ਜਣਾ ਬੀਂਡੀ ਜੁੜਿਆ ਹੁੰਦਾ। ਜਦੋਂ ਉਹ ਦਮ ਮਾਰਨ ਲਈ ਰੁਕਦੇ ਤਾਂ ਆਪਣੇ ਮੱਥਿਆਂ ਤੋਂ ਪਸੀਨਾ ਮੋਢੇ ਉਤਲੇ ਪਰਨਿਆਂ ਨਾਲ ਪੂੰਝਦੇ। ਪਰ ਅਸੀਂ ਠੁਰ-ਠੁਰ ਕਰਦੇ।

ਕਦੀ-ਕਦੀ ਤਫ਼ਰੀਹ (ਅੱਧੀ ਛੁੱਟੀ) ਵੇਲੇ ਮੈਂ ਤੇ ਸਾਡੀ ਬਿਰਾਦਰੀ ਦੇ ਹੋਰ ਨਿਆਣੇ ਦੌੜ ਕੇ ਭੀਮੇ ਹੁਰਾਂ ਨਾਲ ਜਾ ਰਲਦੇ। ਘੜੀਸੇ ਜਾ ਰਹੇ ਮੁਰਦਾਰ ਦੇ ਸਿੰਗ ਜ਼ਮੀਨ ਨਾਲ ਰਗੜ ਹੁੰਦੇ ਦੇ ਨਿਸ਼ਾਨ ਵਾਂਗ ਦੋ ਲੀਕਾਂ ਬਰੋ-ਬਰੋਬਰ ਵਗਦੀਆਂ ਜਾਂਦੀਆਂ। ਪਿੱਠ ਤੇ ਪੁੜਿਆਂ ਕੋਲ ਦੇ ਹੱਡਾਂ ਨਾਲ ਹੋਰ ਲੀਕਾਂ ਵਹਿੰਦੀਆਂ ਜਾਂਦੀਆਂ। ਮੁਰਦਾਰ ਦੀਆਂ ਅੱਖਾਂ ਸਿਰ ਨਾਲੋਂ ਥੋੜ੍ਹੀਆਂ ਬਾਹਰ ਨੂੰ ਉੱਭਰੀਆਂ ਤੇ ਖੁੱਲ੍ਹੀਆਂ ਹੁੰਦੀਆਂ। ਮੂੰਹ ਵੀ ਖੁੱਲ੍ਹਾ ਹੁੰਦਾ ਤੇ ਦੰਦਾਂ ਦਾ ਹੇਠਲਾ ਇੱਕੋ ਇੱਕ ਜਬਾੜ੍ਹਾ ਤੇ ਬਰਾਛਾਂ ਅਗਾਂਹ ਤਕ ਦਿਸਦੇ। ਮੈਂ ਕਈ ਵਾਰ ਮੁਰਦਾਰ ਦਾ ਪੁੱਠਾ ਹੋਇਆ ਸਿਰ ਸਿੱਧਾ ਫੜੀ ਰੱਖਦਾ ਕਿ ਆਲੇ-ਦੁਆਲੇ ਨੂੰ ਨਾ ਡੁਲਕੇ। ਸੋਚਦਾ, ‘ਉਹਦਾ ਪਿੰਡਾਂ ਛਿੱਲ ਨਾ ਹੋਬੇ।’ ਕਈ ਵਾਰ ਮਰੇ ਪਸ਼ੂ ਨੂੰ ਗੱਡੇ ਉੱਤੇ ਲੱਦ ਕੇ ਲਿਜਾਇਆ ਜਾਂਦਾ ਤੇ ਅਸੀਂ ਨਿਆਣੇ ਮਗਰੋਂ ਧੱਕਾ ਲਾ ਕੇ ਹੁੱਬਦੇ। ਕਿੰਨੀ ਦੂਰੋਂ ਮੁੜਦੇ ਹੋਏ ਆਲੇ-ਦੁਆਲੇ ਦੇ ਖੇਤਾਂ ਵਿੱਚੋਂ ਸਰ੍ਹੋਂ ਦੇ ਪੀਲੇ ਫੁੱਲ ਤੋੜ ਲੈਂਦੇ।

ਜਦੋਂ ਮੈਂ ਹੱਡਾ-ਰੋੜੀ ਤੋਂ ਮੁੜ ਕੇ ਆ ਕੇ ਜਾਂ ਆਮ ਦਿਨਾਂ ਵਿੱਚ ਨਲਕੇ ’ਤੇ ਪਾਣੀ ਪੀਂਦਾ ਤਾਂ ਜੱਟਾਂ ਦਾ ਜਿਹੜਾ ਮੁੰਡਾ ਵੀ ਮੇਰੇ ਤੋਂ ਬਾਅਦ ਪਾਣੀ ਪੀਂਦਾ ਤਾਂ ਉਹ ਪਹਿਲਾਂ ਨਲਕੇ ਨੂੰ ਚੰਗੀ ਤਰ੍ਹਾਂ ਧੋ ਕੇ ਸੁੱਚਾ ਕਰਦਾ। ਮੈਂ ਸੋਚਦਾ, ‘ਮੇਰੇ ਹੱਥਾਂ ਨੂੰ ਭਲਾ ਕੀ ਲੱਗਾ ਆ-ਇਹ ਆਪ ਬੀ ਤਾਂ ਉਨ੍ਹਾਂ ਦੀਆਂ ਪੂਛਾਂ ਮਰੋੜਦੇ ਆ।’

ਮਰਿਆ ਪਸ਼ੂ ਜਦੋਂ ਸਾਡੀ ਬਿਰਾਦਰੀ ਦੇ ਬੰਦਿਆਂ ਨੇ ਚੁੱਕ ਲਿਆ ਹੁੰਦਾ ਤਾਂ ਜੱਟੀਆਂ ਪਿੱਛੇ-ਪਿੱਛੇ ਜਲ ਦੇ ਛਿੱਟੇ ਦਿੰਦੀਆਂ ਤੇ ਮੂੰਹੋਂ ‘ਸਤਨਾਮ ਵਾਖਰੂ’ ਕਹਿ ਕੇ ਹਵੇਲੀ ਦਾ ਵਿਹੜਾ ਪਵਿੱਤਰ ਕਰਦੀਆਂ। ਮੈਂ ਸੋਚਦਾ, ‘ਇਹ ਕੋਈ ਜਾਦੂ-ਮੰਤਰ ਹੋਣਾ, ਪਰ ਇਹ ਕਿਸ ਨੂੰ ਸੁਣਾਇਆ ਗਿਆ ਹੋਵੇਗਾ! ਮੁਰਦਾਰ ਨੂੰ? ਮੁਰਦਾਰ ਚੁੱਕਣ ਵਾਲਿਆਂ ਨੂੰ? ਜਾਂ ਫਿਰ ਬੋਲਣ ਵਾਲੀ ਨੇ ਆਪਣੇ ਆਪ ਨੂੰ ਸੁਣਾਇਆ?’ ਮੈਂਨੂੰ ਲਗਦਾ ਭਾਈਏ ਦੀ ਉਲਝੀ ਤਾਣੀ ਵਾਂਗ ਮੇਰੀਆਂ ਸੋਚਾਂ ਨੂੰ ਗਲੁੰਝ ਪੈ ਗਏ ਹਨ ਜਿਨ੍ਹਾਂ ਨੂੰ ਸਿੱਧਿਆਂ ਕਰਨ ਲਈ ਕੋਈ ਹੱਲ ਨਾ ਅਹੁੜਦਾ।

ਕਈ ਵਾਰ ਮੱਸਾ ਲੰਮੇ ਪਏ ਤੇ ਮਰ ਰਹੇ ਬਲਦ ਜਾਂ ਗਾਂ ਕੋਲ ਬਹਿ ਕੇ ਉੱਚੀ ਉੱਚੀ ਗੀਤਾ ਦਾ ਪਾਠ ਪੜ੍ਹਦਾ। ਉੱਧਰ ਮਰ ਰਿਹਾ ਪਸ਼ੂ ਤੜਫ਼ ਤੜਫ਼ ਕੇ ਅਗਲੀਆਂ-ਪਿਛਲੀਆਂ ਲੱਤਾਂ ਜ਼ੋਰ ਨਾਲ ਖਿੱਚ-ਖਿੱਚ ਮਾਰਦਾ। ਮੱਸਾ ਕਹਿੰਦਾ, ‘ਬੱਸ, ਗਤੀ ਹੋ ਗਈ ਸਮਝੋ।’

‘ਮੱਸਿਆ, ਬੜਾ ਲਹਿਣਾ ਦਿੱਤਾ ਮੀਣੇ ਨੇ!’ ਇਕਬਾਲ ਸਿੰਘ ਦੇ ਭਾਈਏ ਊਧਮ ਸਿੰਘ ਨੇ ਇੱਕ ਵਾਰ ਆਪਣੇ ਬਲਦ ਦਾ ਅਫ਼ਸੋਸ ਕਰਦਿਆਂ ਕਿਹਾ ਪਰ ਮੱਸਾ ਕਣਕ ਦੇ ਦਾਣਿਆਂ ਦੀ ਮਗਰੀ ਪਿੱਠ ’ਤੇ ਲਾ ਕੇ ਤੁਰ ਪਿਆ ਸੀ।

ਮੱਸਾ ਖੱਡੀ ਬੁਣਦਾ ਜਦੋਂ ਕਿਸੇ ਨਾਲ ਵੀ ਗੱਲ ਕਰਦਾ ਤਾਂ ਇਉਂ ਲੱਗਦਾ ਜਿਵੇਂ ਉਹਨੂੰ ਗੁਰਦੁਆਰੇ ਦੇ ਪਾਠੀ ਨਾਲੋਂ ਵੀ ਜ਼ਿਆਦਾ ਗਿਆਨ ਹੋਵੇ। ਉਹ ਮਹਾਂਭਾਰਤ ਤੇ ਰਾਮਾਇਣ ਦੇ ਹਾਵਾਲਿਆਂ ਸਮੇਤ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਕਰ ਕੇ ਸੁਣਨ ਵਾਲੇ ਨੂੰ ਭਰਮਾ ਲੈਂਦਾ। ਮੈਂਨੂੰ ਕੋਲ ਖੜ੍ਹੇ ਨੂੰ ਅਕਸਰ ਕਹਿੰਦਾ, ‘ਗੁੱਡ, ਕਲੀ ਦੀ ਚਿਲਮ ਵਿੱਚ ਅੱਗ ਧਰ ਦੇ।’

ਉਹਦੇ ਬਾਰੇ ਘਰ ਵਿੱਚ ਗੱਲ ਤੁਰਦੀ ਤਾਂ ਭਾਈਆ ਦਬਾਸਟ ਕਹਿੰਦਾ, ‘ਐਮੀਂ ਮਾਮਾ ਅਗੰਮ ਦੀਆਂ ਗੱਲਾਂ ਮਾਰਦਾ ਰਹਿੰਦਾ। ਅਈਦਾਂ ਬਾਂਨ੍ਹ ਬੰਨ੍ਹ ਲਈਂਦਾ ਜਿੱਦਾਂ ਰੱਬ ਨੂੰ ਹੁਣੇ ਈ ਮਿਲ ਕੇ ਆਇਆ ਹੋਬੇ। ਕੋਈ ਪੁੱਛਣ ਆਲਾ ਹੋਬੇ ਪਈ ਭਲਿਆ ਮਾਣਸਾ ਅੱਜ ਤਾਈਂ ਰੱਬ ਕਿਸੇ ਨੇ ਦੇਖਿਆ ਬੀ ਆ?’ ਇਸ ਨਵੇਂ ਸਵਾਲ ਨਾਲ ਕਦੀ ਮੈਂਨੂੰ ਮੱਸਾ ਸੱਚਾ ਲਗਦਾ ਤੇ ਕਦੀ ਭਾਈਆ। ਮੈਂਨੂੰ ਖ਼ਿਆਲ ਆਉਂਦਾ, ‘ਕੀ ਸੱਚ-ਮੁੱਚ ਪਾਠ ਨਾਲ ਪਸ਼ੂ ਛੇਤੀ ਮਰ ਜਾਂਦਾ ਹੋਵੇਗਾ! ਕੀ ਉਹ ਪਾਠ ਦੀ ਪੰਜਾਬੀ ਜਾਂ ਹਿੰਦੀ ਸਮਝਦਾ ਹੋਵੇਗਾ?’ ਗਤੀ ਬਾਰੇ ਤੇਜ਼ ਗਤੀ ਨਾਲ ਫ਼ੁਰਨੇ ਫ਼ੁਰਦੇ ਪਰ ਜਲੇਬੀ ਚੱਕਰ ਵਾਂਗ ਦੋਹਾਂ ਦੇ ਭੇਤ ਦੀ ਹਾਥ ਨਾ ਲਗਦੀ ਕਿ ਕਿੱਥੋਂ ਸ਼ੁਰੂ ਹੁੰਦੇ ਤੇ ਕਿੱਥੇ ਮੁੱਕਦੇ ਹਨ। ਮੇਰੀਆਂ ਸੋਚਾਂ ਦੂਰ ਕਿਸੇ ਦਿਸਹੱਦੇ ਉੱਤੇ ਜਾਂਦੀਆਂ ਤੇ ਉਸੇ ਵੇਲੇ ਸੱਖਣੀਆਂ ਪਰਤ ਆਉਂਦੀਆਂ। ਮੈਂਨੂੰ ਲਗਦਾ ਕਿ ਦਿਨੇ ਹੀ ਹਨੇਰਾ ਪਸਰ ਗਿਆ ਹੈ।

‘ਹਰੇਕ ਨਿਆਣਾ-ਸਿਆਣਾ ਖੇਤਾਂ ਵਿੱਚ ਜਾ ਕੇ ਪੀਪਾ ਪਰਾਤ ਖੜਕਾਬੇ, ਸਿਲ੍ਹਾ (ਸਲ੍ਹਾ) ਆ ਰੲ੍ਹੀ ਆ, ਜੁਆਰ (ਮੱਕੀ) ਦੀ ਫ਼ਸਲ ਬਚਾਓ ਬਈਓ।’ ਜਾਗਰ ਚੌਕੀਦਾਰ ਦੇ ਹੋਕੇ ਨਾਲ ਲੁਆਲਾ ਲੱਗਣ ਵੇਲੇ ਮੇਰੀ ਅੱਖ ਖੁੱਲ੍ਹੀ ਤੇ ਨੱਸ ਕੇ ਬੂਹਿਓਂ ਬਾਹਰ ਚਲਾ ਗਿਆ। ਉਸ ਨੇ ਪੁਰਾਣੇ ਟੁੱਟੇ ਹੋਏ ਜੰਗਾਲ ਖਾਧੇ ਨਸਵਾਰੀ ਰੰਗ ਵਿੱਚ ਬਦਲ ਚੁੱਕੇ ਪੀਪੇ ਉੱਤੇ ਤੂਤ ਦੀ ਛਿਟੀ ਮਾਰ-ਮਾਰ ਉਹਨੂੰ ਚਿੱਬਾ ਜਿਹਾ ਕਰ ਦਿੱਤਾ ਸੀ। ਉਹ ਡੌਂਡੀ ਪਿੱਟਦਾ ਕਾਹਲੀ-ਕਾਹਲੀ ਪਿੰਡ ਦੀ ਗਭਲੀ ਗਲੀ ਵਿੱਚ ਚਲਾ ਗਿਆ ਸੀ ਪਰ ਉਹਦੇ ਉੱਚੇ ਬੋਲ, ‘ਜੁਆਰ ਦੀ ਫ਼ਸਲ ਬਚਾਓ ਬਈਓ’ ਅਜੇ ਵੀ ਸੁਣ ਰਹੇ ਸਨ। ਉਦੋਂ ਮੈਂ ਦੂਜੀ ਜਮਾਤ (1963) ਵਿੱਚ ਹੋ ਗਿਆ ਸੀ।

ਲੋਕਾਂ ਦੀਆਂ ਹੇੜ੍ਹਾਂ ਵਾਹੋਦਾਹੀ ਖੇਤਾਂ ਵੱਲ ਦੌੜਦੀਆਂ ਜਾ ਰਹੀਆਂ ਸਨ। ਅਸੀਂ ਵੀ, ਯਾਨੀ ਭਾਈਆ, ਵੱਡਾ ਭਰਾ ਤੇ ਮੈਂ ਜਿਸਦੇ ਜੋ ਹੱਥ ਆਇਆ, ਲੈ ਕੇ, ਫਿਰਨੀ ਦੇ ਨਾਲ ਲਗਦੇ ‘ਅੱਲਬਲੱਲਿਆਂ’ ਦੇ ਖੇਤ ਵਿੱਚ ਜਾ ਕੇ ਪੀਪਾ, ਪਰਾਤ ਤੇ ਥਾਲ ਜਿੱਡੀ ਕਹੇਂ ਦੀ ਥਾਲੀ ਖੜਕਾਉਣ ਲੱਗ ਪਏ। ਅਸੀਂ ਉਨ੍ਹਾਂ ਦੇ ਖੇਤ ਵਿੱਚ ਆਪਣੇ ਪਸ਼ੂਆਂ ਦਾ ਢੇਰ (ਗੋਹਾ-ਕੂੜਾ) ਪਾ ਕੇ ਅੱਧ ਉੱਤੇ ਮੱਕੀ ਬੀਜੀ ਹੋਈ ਸੀ। ਮੱਕੀ ਦੇ ਕਈ ਬੂਟੇ ਮੇਰੀ ਗਿੱਠ-ਗਿੱਠ ਜਿੱਡੇ ਸਨ ਤੇ ਕਈ ਵੱਡੇ। ਐਨ ਹਰੇ ਕਚੂਰ, ਨਰਮ-ਨਰਮ। ਅਸੀਂ ਥੋੜ੍ਹੇ ਜਿਹੇ ਖੇਤ ਦੀ ਇੱਕ ਦਿਨ ਪਹਿਲਾਂ ਗੋਡੀ ਕੀਤੀ ਸੀ।

ਜਿੱਥੇ ਤਕ ਆਸੇ-ਪਾਸੇ ਤੇ ਉਤਾਂਹ ਨੂੰ ਨਜ਼ਰ ਜਾਂਦੀ, ਸਿਲ੍ਹਾ (ਟਿੱਡੀ ਦਲ) ਦਾ ਅਮੁੱਕ ਕਾਫ਼ਲਾ ਪਿੰਡ ਦੇ ਦੱਖਣ ਤੋਂ ਪਹਾੜ (ਉੱਤਰ) ਵੱਲ ਨੂੰ ਉੱਡਦਾ ਜਾ ਰਿਹਾ ਸੀ। ਥੋੜ੍ਹਾ ਕੁ ਚਿਰ ਪਹਿਲਾਂ ਨਿਕਲੇ ਸੂਰਜ ਦੀਆਂ ਕਿਰਨਾਂ ਇਸ ਸੰਘਣੇ ਉੱਡਦੇ ਟਿੱਡੀ ਦਲ ਥਾਣੀ ਛਣ ਹੋ ਕੇ ਆ ਰਹੀਆਂ ਸਨ। ਜਿੱਥੇ-ਜਿੱਥੇ ਇਸ ਕਾਫ਼ਲੇ ਦਾ ਉਤਾਰਾ ਹੁੰਦਾ ਮੱਕੀ, ਚਰ੍ਹੀ, ਬਾਜਰੇ, ਟਾਹਲੀਆਂ ਦੇ ਪੱਤਿਆਂ ਨੂੰ ਖਾ ਜਾਂਦਾ। ਟਿੱਡੀ ਦਲ ਬਹਿੰਦਾ ਹੀ ਚੌਲਾਂ ਦੇ ਦਾਣਿਆਂ ਵਰਗੇ ਚਿੱਟੇ-ਲੰਮੇ ਆਂਡੇ ਦੇ ਦਿੰਦਾ। ਇਨ੍ਹਾਂ ਤੋਂ ਉੱਠਦੀ ਬੂ ਨਾਲ ਖਾਲੀ ਪੇਟ ਵੀ ਉਲਟੀ ਆਉਣ ਨੂੰ ਕਰਦੀ ਤੇ ਆਂਡੇ ਦੇਖ-ਦੇਖ ਅਤੇ ਉਨ੍ਹਾਂ ਉੱਤੇ ਪੈਰ ਰੱਖ ਹੋਣ ਨਾਲ ਕਾਣਤ ਜਿਹੀ ਆਉਂਦੀ।

‘ਤਈਨੂੰ ਮੈਂ ਤਾਅਨਾਂ ਕਢਾਉਂਦਾਂ ਮਾਮਾ ਹੀਰ ਦਿਆ!’ ਭਾਈਏ ਨੇ ਦੂਰੋਂ ਹੀ ਆਪਣੇ ਮੂੰਹ ਮੋਹਰਿਉਂ ਸੱਜੇ ਹੱਥ ਨਾਲ ਸਿਲ੍ਹਾ ਹਟਾਉਂਦਿਆਂ ਕਿਹਾ। ਹੁਣ ਮੈਂ ਥਾਲੀ ਉੱਤੇ ਇੱਕ ਟਾਹਣੀ ਦਾ ਬਣਾਇਆ ਡਗਾ ਹੋਰ ਉੱਚੀ ਤੇ ਫ਼ੁਰਤੀ ਨਾਲ ਮਾਰਨ ਲੱਗ ਪਿਆ ਸੀ। ਨਾਲ ਹੀ ਮੈਂਨੂੰ ਖ਼ਿਆਲ ਆਇਆ, ‘ਸਿਲ੍ਹਾ ਇੰਨੀ ਰਫ਼ਤਾਰ ਨਾਲ ਉੱਡਦੀ ਜਾਂਦੀ ਆ ਤੇ ਜਾਗਰ ਚੌਕੀਦਾਰ ਨੂੰ ਇੰਨਾ ਪੲ੍ਹੀਲਾਂ ਕਿੱਦਾਂ ਪਤਾ ਲੱਗ ਗਿਆ? '

ਸੂਰਜ ਹੁਣ ਕਾਫ਼ੀ ਉੱਤੇ ਨੂੰ ਆ ਗਿਆ ਸੀ। ਕਾਫ਼ਲੇ ਨਾਲੋਂ ਖੁੰਝੀ ਟਾਵੀਂ-ਟਾਵੀਂ ਟਿੱਡੀ ਪਿੱਛੇ ਰਹਿ ਗਈ ਸੀ ਜਿਸ ਨੂੰ ਅਸੀਂ ਹੁਸ਼ਿਆਰੀ ਨਾਲ ਮਾਰ ਦਿੰਦੇ। ਇੰਨੀਆਂ ਕੀੜੀਆਂ ਵੀ ਪਤਾ ਨਹੀਂ ਕਿੱਥੋਂ ਆ ਗਈਆਂ ਜੋ ਟਿੱਡੀ ਦਲ ਦੀਆਂ ਲਾਸ਼ਾਂ ਨੂੰ ਖਾਣ ਤੇ ਧੂਹਣ ਲੱਗ ਪਈਆਂ। ਇਸ ਟਿੱਡੀ ਦਲ ਦੇ ਪਰ ਮੈਂਨੂੰ ਆਦਮਪੁਰ ਹਵਾਈ ਅੱਡੇ ਤੋਂ ਉੱਡਦੇ ਹਵਾਈ ਜਹਾਜ਼ਾਂ ਵਰਗੇ ਲਗਦੇ। ਪੀਲੇ ਰੰਗ ਦੀਆਂ ਇਨ੍ਹਾਂ ਟਿੱਡੀਆਂ ਦੇ ਲੰਬੂਤਰੇ ਢਿੱਡ ਉੱਤੇ ਥੋੜ੍ਹੀ ਥੋੜ੍ਹੀ ਵਿੱਥ ਉੱਤੇ ਕਾਲੀਆਂ ਧਾਰੀਆਂ ਸਨ ਜੋ ਬਹੁਤ ਖ਼ੂਬਸੂਰਤ ਲੱਗਦੀਆਂ ਸਨ।

ਲੋਕ ਘਰਾਂ ਨੂੰ ਮੁੜਨ ਲੱਗ ਪਏ। ਲੰਬੜਾਂ ਦੀ ਹਵੇਲੀ ਵਾਲੇ ਤਿਰਾਹੇ ਕੋਲ ਆ ਕੇ ਤਾਏ (ਵਿਹੜੇ ਵਿੱਚੋਂ ਲਗਦੇ) ਬੰਤੇ ਨੇ ਗੱਲ ਤੋਰੀ, ‘ਧੁਆਡੇ ਚਾਰ ਮਣ ਦਾਣੇ ਹੋਣਗੇ ਸਰਦਾਰ ਜੀ ਤਾਂ ਸਾਡੇ ਘਰੀਂ ਬੀ ਦਹਿਸੇਰ ਆਉਣਗੇ।’

‘ਰੱਬ ਦਾ ਸ਼ੁਕਰ ਆ ਪਈ ਬਹੁਤਾ ਨਕਸਾਨ ਨਈਂ ਹੋਇਆ!’ ਕਿਸੇ ਨੇ ਕਿਹਾ।

‘ਅਫ਼ਰੀਨ ਆ ਬਈ ਜਾਗਰ ਦੇ, ਜਿਹਲਾਂ ਈ ਠਾਣਿਓਂ ਚਪਾਹੀ (ਸਿਪਾਹੀ) ਅਤਲਾਹ (ਇਤਲਾਹ) ਦੇਣ ਆਇਆ, ਓਹਅਲਾਂ ਈ ਉਹ ਡੌਂਡੀ ਪਿੱਟਣ ਡੈਹ ਪਿਆ।’ ਤਾਏ ਨੇ ਦੱਸਿਆ।

‘ਦੱਸਦੇ ਆ ਠਾਣੇ ਬੈਰਲਸ ਆਈ ਸੀ ਜਲੰਧਰੋਂ।’

‘ਹਮਲਿਆਂ ਤੋਂ ਬਾਅਦ (1950 ਵਿਚ) ਜਦੋਂ ਸਿਲ੍ਹਾ (ਸਲ੍ਹਾ) ਆਈ ਸੀ ਉਦੋਂ ਤਾਂ ਦਰਖਤਾਂ ਦੇ ਪੱਤੇ ਬੀ ਚੱਟ ਗਈ ਸੀ - ਐਨ੍ਹ ਡੁੰਡ ਕਰਤੇ ਸੀ ਤੇ ਆਹ ਜੁਆਰਾਂ ਉਹਦੇ ਮੋਹਰੇ ਕੀ ਸਿਗੀਆਂ। ਦੱਸਦੇ ਆ, ਕਈ ਥਾਂਮਾਂ ਤੇ ਤਾਂ ਗੱਡੀਆਂ ਰੁਕ ਗਈਆਂ ਸੀ।’ ਭਾਈਏ ਨੇ ਇੱਕ ਲੜੀ ਜੋੜਨ ਦੀ ਕੋਸ਼ਿਸ਼ ਕੀਤੀ। ਮੈਂ ਕੋਲ ਖੜ੍ਹਾ ਉਨ੍ਹਾਂ ਸਾਰਿਆਂ ਦੇ ਬੇਰੌਣਕ ਜਿਹੇ ਮੂੰਹਾਂ ਵਲ ਦੇਖ ਰਿਹਾ ਸੀ। ਪਰ ਭਾਈਏ ਹੁਰੀਂ ਗੱਲਾਂ ਕਰਦੇ ਕਰਦੇ ਘਰਾਂ ਵਲ ਨੂੰ ਤੁਰਨ ਲਈ ਮੂੰਹ ਕਰ ਲਏ ਸਨ।

‘ਆਈਂ ਮੇਰਾ ਪੁੱਤ, ਹਾਅ ਟਾਹਲੀ ਦੀਆਂ ਛਿੰਗਾਂ ਚੁਗ ਲਿਆ। ਧੂੰਣੀ ਲਾਈਏ।’ ਤਾਏ ਬੰਤੇ ਨੇ ਵਿੱਚੋਂ ਗੱਲ ਟੋਕ ਕੇ ਮੈਂਨੂੰ ਸੈਨਤ ਮਾਰਦਿਆਂ ਆਖਿਆ। ਮੈਂ ਸੋਚਿਆ, ‘ਤਾਏ ਨੇ ਆਪਣੀ ਜੇਬ ਵਿਚਲੀ ਧੁਤਰੂ ਵਰਗੀ ਸੁਲਫ਼ੀ ਵਿੱਚ ਅੱਗ ਬਣਾ ਕੇ ਪਾਉਣੀ ਹੋਣੀ ਆ।’

ਮੈਂ ਤੇ ਤਾਏ ਬੰਤੇ ਦਾ ਖੁਸ਼ੀਆ ਨਿੱਕੀਆਂ ਸੁੱਕੀਆਂ ਟਾਹਣੀਆਂ ਇਕੱਠੀਆਂ ਕਰ ਲਿਆਏ। ਇੰਨੇ ਨੂੰ ਰਾਹ ਵਿੱਚੋਂ ਤਾਏ ਨੇ ਘਾਹ-ਫੂਸ ਹੂੰਝ ਲਿਆ ਸੀ ਜਿਸ ਉੱਤੇ ਸਾਡਾ ਲਿਆਂਦਾ ਬਾਲਣ ਰੱਖ ਕੇ ਉਹਨੇ ਤੀਲੀ ਨਾਲ ਅੱਗ ਲਾ ਦਿੱਤੀ। ਜਦੋਂ ਲੰਬ ਮੱਠੀ ਹੋਈ ਤਾਂ ਉਹਨੇ ਆਪਣੇ ਪਰਨੇ ਦੇ ਲੜ ਬੱਧੀ ਗੰਢ ਨੂੰ ਖੋਲ੍ਹਿਆ। ਇਹ ਮਰੀ ਹੋਈ ਸਿਲ੍ਹਾ ਸੀ। ਉਸ ਨੇ ਇਸ ਨੂੰ ਅੱਗ ਉੱਤੇ ਸੁੱਟਿਆ। ਫਿਰ ਹੱਥ ਵਿੱਚ ਫੜੀ ਟਾਹਣੀ ਨਾਲ ਹਿਲਾਇਆ ਤੇ ਕਿਹਾ, ‘ਚੱਬ ਲਓ, ਹੋਲ਼ਾਂ ਬਣ ਗਈਆਂ।’

ਇਹ ਸੁਣ ਕੇ ਮੈਂ ਤਾਏ ਦੇ ਮੂੰਹ ਵੱਲ ਦੇਖਦਾ ਹੀ ਰਹਿ ਗਿਆ।

ਤਾਏ ਨੇ ਭੁੰਨੀ ਹੋਈ ਇੱਕ ਟਿੱਡੀ ਆਪ ਮੂੰਹ ਵਿੱਚ ਪਾ ਕੇ ਇੱਕ ਮੈਂਨੂੰ ਫੜਾਉਂਦਿਆਂ ਆਖਿਆ, ‘ਚੱਬ ਜਾ ਚੱਬ, ਇਹਦੇ ਵਿੱਚ ਕਿਹੜੀਆਂ ਹੱਡੀਆਂ!’ ਨਿੱਕੇ ਜਿਹੇ ਹਾਸੇ ਦੌਰਾਨ ਉਸ ਨੇ ਫਿਰ ਕਿਹਾ, ‘ਆਪਾਂ ਤਾਂ ਬਥੇਰੇ ਹੱਡ ਚਰੂੰਡਦੇ ਰੲ੍ਹੇ ਆਂ, ਆਅ।’

ਮੈਂ ਝਿਜਕਦੇ ਨੇ ਖਿੱਲ ਹੋਈ ਟਿੱਡੀ ਖਾ ਲਈ। ਬੜੀ ਸਲੂਣੀ ਤੇ ਸੁਆਦ ਲੱਗੀ। ਫਿਰ ਮੈਂ ਆਪ ਹੀ ਅੱਗ ਫ਼ਰੋਲ ਕੇ ਟਿੱਡੀ-ਹੋਲ਼ਾਂ ਖਾਣ ਲੱਗ ਪਿਆ। ਖੁਸ਼ੀਏ ਦੇ ਹੱਥ ਤੇ ਮੂੰਹ ਕਾਫ਼ੀ ਤੇਜ਼ ਹਰਕਤ ਵਿੱਚ ਸਨ।

ਮੇਰੇ ਟਿੱਡੀ ਖਾਣ ਦੀ ਘਟਨਾ ਸਕੂਲ ਵਿੱਚ ਅਫ਼ਵਾਹ ਵਾਂਗ ਫੈਲ ਗਈ ਤੇ ਨਿਆਣੇ ਮੈਂਨੂੰ, ‘ਟਿੱਡੀ ਖਾਣਾ - ਟਿੱਡੀ ਖਾਣਾ’ ਜਾਂ ‘ਟਿੱਡੀ ਖਾਣਾ ਸੱਪ’ ਕਹਿ ਕੇ ਚਿੜਾਉਂਦੇ। ਸੱਪ ਸ਼ਬਦ ਉਨ੍ਹਾਂ ਮੇਰੇ ਕਾਲੇ-ਲਾਖੇ ਰੰਗ ਸਦਕਾ ਜੋੜ ਲਿਆ ਸੀ। ਮੈਂ ਇਸ ਨਮੋਸ਼ੀ ਦੇ ਭਾਰ ਥੱਲੇ ਲਗਾਤਾਰ ਦੱਬਦਾ ਜਾ ਰਿਹਾ ਸੀ ਜਿਸ ਹੇਠੋਂ ਯਤਨ ਕਰਨ ’ਤੇ ਵੀ ਮੈਥੋਂ ਨਿਕਲ ਨਾ ਹੁੰਦਾ। ਕਦੀ ਮੈਂਨੂੰ ਆਪਣੀ ਟਿੱਡੀ-ਹੋਲ਼ਾਂ ਖਾਣ ਵਾਲੀ ਘਟਨਾ ਘਿਨਾਉਣੀ ਤੇ ਕਦੀ ਸਹਿਜ ਜਾਪਦੀ। ਮਨ ਵਿੱਚ ਦਲੀਲ ਉੱਠਦੀ, ‘ਦੀਵਾਲੀ-ਦੁਸਹਿਰੇ ਨੂੰ ਸਾਰਿਆਂ ਦੇ ਘਰੀਂ ਬੱਕਰੇ ਦਾ ਮਾਸ ਰਿੱਝਦਾ ਉਨ੍ਹਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਪਰ ਪੰਜਾਂ-ਸੱਤਾਂ ਦਿਨਾਂ ਵਿੱਚ ਹੀ ਇਹ ਸੰਬੋਧਨ ਟਿੱਡੀ ਦਲ ਵਾਂਗ ਕਿਤੇ ਦੂਰ ਉਡ ਗਿਆ ਤੇ ਮੇਰਾ ਮਨ ਇਸ ਸੂਖਮ ਅਸਹਿ ਬੋਝ ਤੋਂ ਮੁਕਤ ਹੋ ਗਿਆ। ਮੈਂ ਫਿਰ ਹਵਾ ਵਿੱਚ ਉੱਡਦੀਆਂ ਤਿਤਲੀਆਂ ਤੇ ਰਾਤਾਂ ਨੂੰ ਟਟਹਿਣਿਆਂ ਪਿੱਛੇ ਦੌੜਨ ਲੱਗ ਪਿਆ।


ਛਾਂਗਿਆ ਰੁੱਖ (ਕਾਂਡ ਚੌਥਾ)

‘ਸਾਰੀ ਚਮਾਰ੍ਹਲੀ ਦਾ ਜੁੱਤੀਆਂ ਮਾਰ-ਮਾਰ ਸਿਰ ਪੋਲਾ ਨਾ ਕਰ ’ਤਾ ਤਾਂ ਮੈਂਮ੍ਹੀਂ ਜੱਟ ਦਾ ਪੁੱਤ ਨੲ੍ਹੀਂ!’ ਗੱਭਲੀ ਬੀਹੀ ਥਾਣੀ ਦਗੜ-ਦਗੜ ਕਰਦੇ ਆਏ ਇੱਕ ਜ਼ਿਮੀਂਦਾਰ ਨੇ ਸਾਡੇ ਘਰ ਮੋਹਰਲੇ ਬੋਹੜ-ਪਿੱਪਲ ਥੱਲੇ ਆ ਕੇ ਆਪਣੇ ਗੁੱਸੇ ਦਾ ਭਰਿਆ ਭਾਂਡਾ ਜ਼ੋਰ ਨਾਲ ਭੰਨਿਆ।

‘ਕੀ ਹੋ ਗਿਆ ਸਰਦਾਰਾ, ਅਈਨਾ ਤਲਖੀ ’ਚ ਆਂ?’ ਬਜ਼ੁਰਗ ਤਾਏ ਬੰਤੇ ਨੇ ਇੱਕ ਹੱਥ ਵਿੱਚ ਨਲੀਆਂ ਵਾਲਾ ਛਿੱਕੂ ਤੇ ਇੱਕ ਹੱਥ ਹੁੱਕੇ ਦੀ ਚਿਲਮ ਫੜੀ ਆਪਣੇ ਘਰੋਂ ਆਉਂਦਿਆਂ ਪੁੱਛਿਆ।

‘ਘਾਹ ਖੋਤਣ ਦੇ ਪੱਜ ਮੇਰਾ ਗਾਚਾ-ਚਰ੍ਹੀ ਮੁੱਛ ਲਿਆਈਆਂ! ਜਿੱਦਾਂ ਇਨ੍ਹਾਂ ਦੇ ਪੇ ਦਾ ਖੇਤ ਹੋਬੇ!’

ਇਨ੍ਹਾਂ ਉੱਚੇ ਬੋਲਾਂ ਨੂੰ ਸੁਣਦਿਆਂ ਹੀ ਸਾਡੇ ਆਲੇ-ਦੁਆਲੇ ਦੇ ਘਰਾਂ ਦੇ ਨਿਆਣੇ-ਸਿਆਣੇ ਇਕੱਠੇ ਹੋ ਗਏ। ਉਨ੍ਹਾਂ ਦੇ ਲੀੜੇ ਮੈਲ਼ੇ-ਕੁਚੈਲ਼ੇ, ਟਾਕੀਆਂ ਲੱਗੇ ਜਾਂ ਉਨ੍ਹਾਂ ਨੂੰ ਲਗਾਰ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਪਸੀਨੇ ਦੀ ਹਲਕੀ ਜਿਹੀ ਬੂ ਚੁਫ਼ੇਰੇ ਫੈਲ ਰਹੀ ਸੀ। ਉਨ੍ਹਾਂ ਦੇ ਪੈਰ ਨੰਗੇ ਸਨ। ਬਹੁਤੀਆਂ ਤੀਵੀਂਆਂ ਦੇ ਪੈਰ ਬਿਆਈਆਂ ਨਾਲ ਪਾਟੇ ਹੋਏ ਸਨ ਤੇ ਉਨ੍ਹਾਂ ਅੰਦਰ ਜੰਮੀ ਮੈਲ ਦੀਆਂ ਕਾਲੀਆਂ ਵਿੰਗੀਆਂ ਟੇਢੀਆਂ ਲੀਕਾਂ ਪਰਤੱਖ ਦਿਸ ਰਹੀਆਂ ਸਨ ਜਿਵੇਂ ਬਰਸਾਤ ਵਿੱਚ ਔੜ ਮਾਰੇ ਇਨ੍ਹੀਂ ਦਿਨੀਂ ਖੇਤਾਂ ਵਿੱਚ ਭੱਦਾਂ ਪਾਟੀਆਂ ਹੋਈਆਂ ਹੋਣ। ਉਹ ਸਾਰੇ ਡੌਰ-ਭੌਰ ਹੋਏ ਅਰਧ-ਗੋਲਾਕਾਰ ਬਣਾ ਕੇ ਖੜ੍ਹੇ ਸਨ ਤੇ ਬਿਨਾਂ ਬੋਲਿਆਂ ਇੱਕ ਦੂਜੇ ਦੇ ਮੂੰਹਾਂ ਵੱਲ ਦੇਖ ਰਹੇ ਸਨ। ਮੈਂਨੂੰ ਲੱਗਿਆ ਕਿ ਹੁਣੇ ਹੀ ਕਿਸੇ ਦੀ ਸ਼ਾਮਤ ਆ ਜਾਵੇਗੀ। ਮੇਰਾ ਡਰ ਦੇ ਮਾਰੇ ਦਾ ਦਿਲ ਤੇਜ਼-ਤੇਜ਼ ਤੇ ਉੱਚੀ-ਉੱਚੀ ਧੜਕਣ ਲੱਗ ਪਿਆ।

‘ਅਸੀਂ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਫਸਲਾਂ ਪਾਲਦੇ ਆਂ ਤੇ ਇਹ ਚੌਣਾ ਜਿੱਧਰ ਜਾਂਦਾ ਉਜਾੜਾ ਪਾ ਆਉਂਦਾ। ਕਦੀ ਛੱਲੀਆਂ ਮਰੋੜ ਲਿਆਏ, ਕਦੀ ਸਾਗ ਤੋੜ ਲਿਆਏ, ਕਦੀ ਗੰਨੇ ਭੰਨ ਲਿਆਏ, ਕਦੀ ਛੋਲੀਆ ਪੱਟ ਲਿਆਏ।’ ਉੱਚੀ-ਉੱਚੀ ਤੇ ਲਗਾਤਾਰ ਬੋਲਦਿਆਂ ਉਹਦੇ ਬੁੱਲ੍ਹਾਂ ਦੇ ਸਿਰਿਆਂ ਨਾਲ ਥੁੱਕ ਦੀ ਝੱਗ ਦੇ ਚਿੱਟੇ ਤੇ ਪਾਣੀ ਰੰਗੇ ਬਰੀਕ-ਬਰੀਕ ਕਣ ਲਗਾਤਾਰ ਜੁੜ ਰਹੇ ਸਨ ਜਿਨ੍ਹਾਂ ਨੂੰ ਉਹ ਥੂਹ-ਥੂਹ ਕਰ ਕੇ ਥੁੱਕ ਦਿੰਦਾ।

‘ਸਰਦਾਰਾ, ਤੂੰ ਦੱਸ ਕਿਹੜੀ-ਕਿਹੜੀ ਸਿਗੀ? ਮੈਂ ਪੁੱਛਦਾਂ ਤੇਰੇ ਸਾਹਮਣੇ!’ ਤਾਏ ਨੇ ਠਰ੍ਹੰਮੇ ਨਾਲ ਪੁੱਛਿਆ।

‘ਹੱਦ ਹੋ ਗਈ! ਹੋਰ ਕਿਤੇ ਲਾਂਭਲੇ ਪਿੰਡੋਂ ਆ ਗਈਆਂ? ਸਾਰੀਆਂ ਤਾਂ ਇੱਕੋ ਜਿਹੀਆਂ ਸਿਗੀਆਂ! ਹੁਣ ਕੋਈ ਪੈਰਾਂ ’ਤੇ ਪਾਣੀ ਨੲ੍ਹੀਂ ਪੈਣ ਦਿੰਦਾ! ਜੇ ਮੈਮ੍ਹੀਂ ਖੇਤਾਂ ਵਿੱਚ ਈ ਸਿਰਾਂ ਤੋਂ ਲੀੜੇ ਲਾਹੁੰਦਾ ਤਾਂ ਫੇ ਚੰਗਾ ਰੲ੍ਹੀਂਦਾ!’ ਉਹਨੇ ਫਿਰ ਥੂਹ-ਥੂਹ ਕੀਤਾ। ਉਹਦੀ ਇਸ ਆਦਤ ਕਰ ਕੇ ਪਿੰਡ ਵਿੱਚ ਉਹਦੀ ਅੱਲ ‘ਥੂਹ-ਥੂਹ’ ਸੀ।

‘ਅਸੀਂ ਕੰਮੀਆਂ-ਕਮੀਣਾਂ ਨੇ ਹੋਰ ਕਿੱਥੇ ਜਾਣਾ! ਧੁਆਡੇ ਬੱਟਾਂ-ਬੰਨ੍ਹਿਆ ਤੋਂ ਈ ਘਾਹ-ਪੱਠਾ ਖੋਤਣਾ ਆ। ਨਾਲੇ ਧੁਆਡੀਆਂ ਮੱਝਾਂ ਦੀ ਟਹਿਲ-ਸੇਬਾ ਕਰਦੇ ਆਂ!’ ਤਾਏ ਬੰਤੇ ਨੇ ਗੱਲ ਨਿਬੇੜਨ ਦੇ ਲਹਿਜ਼ੇ ਨਾਲ ਆਖਿਆ।

‘ਬਹੁਤੀਆਂ ਖਚਰੀਆਂ ਗੱਲਾਂ ਨਾ ਕਰ ਕਰ ਦੱਸ! ਸਾਡੀਆਂ ਅਧਿਆਰੀਆਂ ਮੱਝਾਂ ਲੈ ਕੇ ਆ ਗਿਆ, ਜਿੱਦਾਂ ਧੁਆਨੂੰ ਅੱਧ ਨੲ੍ਹੀਂ ਮਿਲਦਾ-ਕਦੀ ਹਿੱਕ ਚੌੜੀ ਕਰ ਕੇ ਕਹਿੰਦੇ ਆ, ਅਖੇ ਤਿੰਨ ਹਿੱਸੇ ਸਾਡੇ ਤੇ ਦੋ ਧੁਆਡੇ!’

ਗੱਲ ਦਾ ਰੁਖ਼ ਆਪੋ-ਆਪਣੇ ਹੱਕਾਂ ਵੱਲ ਬਦਲਣ ਕਰਕੇ ਮਾਹੌਲ ਮਘਣ ਲੱਗ ਪਿਆ। ਪਰ ਤਾਏ ਬੰਤੇ ਨੇ ਥੋੜ੍ਹੀ ਕੁ ਦੇਰ ਚੁੱਪ ਰਹਿ ਕੇ ਹਲੀਮੀ ਨਾਲ ਵਿੱਚੋਂ ਟੋਕਦਿਆਂ ਫਿਰ ਆਖਿਆ, ‘ਸਰਦਾਰਾ, ਜਿਹੜੀ ਪੰਜ-ਦਵੰਜੀ ਅਧਿਆਰੀ ਦੀ ਤੂੰ ਗੱਲ ਕਰਦਾਂ, ਉਹ ਕਈ-ਕਈ ਬਾਰੀ ਫਿਰ ਜਾਂਦੀ ਆ, ਕਈ ਬਾਰੀ ਫੰਡਰ ਰਹਿ ਜਾਂਦੀ ਆ, ਅਖੀਰ ਬੁੱਚੜਾਂ ਨੂੰ ਈ ਰੱਸਾ ਫੜਾਉਣਾ ਪਈਂਦਾ ਆ - ਹਾਅ ਠਾਕਰ ਨੇ ਬੂਰੀ ਮੱਝ ਦੀ ਦੋ-ਢਾਈ ਸਾਲ ਰੱਜ ਕੇ ਸੇਬਾ ਕੀਤੀ, ਸੂਣ ਤੋਂ ਪਹਿਲਾਂ ਉਹ ਦੰਦਾ ਦਿੰਦੀ ਰਹੀ ਤੇ ਸੂਣ ਬੇਲੇ ਮਰ ਗਈ। ਅਸੀਂ ਬੀ ਇੱਦਾਂ ਸੱਟਾਂ ਝੱਲਦੇ ਈ ਆਂ। ਨਾਲੇ ਕਿਹੜਾ ਤੇਰੇ ਟੱਕ ਤੋਂ ਬੱਢ ਲਿਆਈਆਂ!’

‘ਮੇਰੇ ਨਾ ਬਹੁਤੀ ਘੈਂਸ-ਘੈਂਸ ਨਾ ਕਰੋ, ਆਪੇ ਈ ਬਕ ਪਬੋ ਪਈ ਕੇਹਨੇ ਮੇਰੀ ਫਸਲ ਦਾ ਸੱਤਿਆਨਾਸ ਮਾਰਿਆ? ਨੲ੍ਹੀਂ ਤਾਂ ਮੈਂ ਪੰਚੈਤ ਕਰਨੀ ਆ!’

‘ਧੁਆਡੀਆਂ ਸਰਦਾਰੀਆਂ ਕੈਮ ਰਹਿਣ, ਹਊ-ਪਰੇ ਕਰ ਹੁਣ ...।’ ਤਾਏ ਨੇ ਗੱਲ ਮੁਕਾਉਂਦਿਆਂ ਕਿਹਾ ਅਤੇ ਨਲ਼ੀਆਂ ਵਾਲਾ ਛਿੱਕੂ ਭੁੰਜੇ ਰੱਖ ਕੇ ਸਿਰ ਮੋਹਰਲੇ ਗੰਜ ਤੇ ਟੋਟਰ ਉੱਤੇ ਹੱਥ ਨਾਲ ਖਾਜ ਕੀਤੀ।

‘ਇੱਦਾਂ ਨੲ੍ਹੀਂ ਮੰਨਣ ਆਲਾ ਇਹ ਚਮਾਰ-ਬਾਧਾ!’ ਥੂਹ-ਥੂਹ ਨੇ ਗੁੱਸੇ ਵਿੱਚ ਉੱਲਰ ਕੇ ਟੋਕਦਿਆਂ ਆਖਿਆ ਤੇ ਨਾਲ ਹੀ ਸੱਜੀ ਲੱਤ ਪਿਛਾਂਹ ਨੂੰ ਮੋੜ ਕੇ ਹੱਥ ਨਾਲ ਪੈਰੋਂ ਧੌੜੀ ਦੀ ਜੁੱਤੀ ਲਾਹੁਣ ਦੀ ਕੋਸ਼ਿਸ਼ ਕੀਤੀ।

‘ਜਾਹ ਜੋ ਕਰਨਾ ਤੂੰ ਕਰਲਾ, ... ਖਾਹ-ਮਖਾਹ ਸਿਰ ’ਤੇ ਚੜ੍ਹੀ ਜਾਨਾਂ। ਮੋਹਰੇ ਕੋਈ ਕੁਸਕਦਾ ਨੲ੍ਹੀਂ ਤਾਂ ਕਰ ਕੇ! ਜਾਹ ਪੲ੍ਹੀਲਾਂ ਨਾਂਗਿਆਂ ਦੇ ਬੁੜ੍ਹੇ ਨੂੰ ਪੁੱਛ, ਓਦਣ ਮੇਰੇ ਕੋਲੋਂ ਹੱਥ ਜੋੜ ਕੇ ਬਚ ਗਿਆ ... ਨੲ੍ਹੀਂ ਤਾਂ ਦਾਤੀ ਨਾ ਆਂਦਰਾਂ ਧੂਹ ਲੈਣੀਆਂ ਸੀ!’ ਦਸਵੀਂ ਵਿੱਚ ਪੜ੍ਹਦੇ ਮੇਰੇ ਤਾਏ ਦੇ ਪੁੱਤ ਫੁੰਮ੍ਹਣ ਨੇ ਅਚਾਨਕ ਗੁੱਸੇ ਨਾਲ ਸੱਜੀ ਬਾਂਹ ਹਵਾ ਵਿੱਚ ਉਲਾਰਦਿਆਂ ਆਖਿਆ।

ਚੁਫੇਰੇ ਮਾਹੌਲ ਵਿੱਚ ਤੂਫ਼ਾਨ ਜਿਹਾ ਆ ਗਿਆ। ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਡਰ ਨਾਲ ਮੇਰੀਆਂ ਲੱਤਾਂ ਕੰਬ ਗਈਆਂ ਤੇ ਸਰੀਰ ਝੁਣਝਣੀ ਖਾ ਗਿਆ। ਕੋਲ ਖੜ੍ਹੀ ਮੇਰੀ ਮਾਂ ਨੇ ਹੱਥ ਭਰ ਕੱਢੇ ਘੁੰਡ ਵਿੱਚੀਂ ਮੇਰੇ ਵੱਲ ਦੇਖਿਆ ਤੇ ਮੇਰੀ ਛੋਟੀ ਭੈਣ ਨੂੰ ਮੇਰੇ ਕੁੱਛੜ ਚੜ੍ਹਾ ਕੇ ਆਪ ਘਰ ਨੂੰ ਚਲੀ ਗਈ। ਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਘੁੰਡ ਕੱਢੀ ਖੜ੍ਹੀਆਂ ਸਨ ਜੋ ਮੋਹਰਿਓਂ ਪੱਲਾ ਹੱਥ ਨਾਲ ਥੋੜ੍ਹਾ ਜਿਹਾ ਇੱਧਰ-ਉੱਧਰ ਕਰਕੇ ਦੇਖ ਰਹੀਆਂ ਸਨ।

ਫੁੰਮ੍ਹਣ ਨੂੰ ਤਾਇਆ ਬੰਤਾ ਤੇ ਹੋਰ ਬਾਹੋਂ ਫੜ ਕੇ ਉਰ੍ਹਾਂ-ਪਰ੍ਹਾਂ ਕਰਨ ਦੀ ਵਾਹ ਲਾ ਰਹੇ ਸਨ ਪਰ ਉਹ ਗੁੱਸੇ ਵਿੱਚ ਫ਼ਰਾਟੇ ਮਾਰਦਾ ਕਿਸੇ ਦੀ ਸੁਣ ਹੀ ਨਹੀਂ ਰਿਹਾ ਸੀ ਤੇ ਜ਼ੋਰ-ਜ਼ੋਰ ਦੀ ਕਾਹਲੀ-ਕਾਹਲੀ ਬੋਲੀ ਜਾ ਰਿਹਾ ਸੀ, ‘ਜੋ ਲੱਲੂ ਪੰਜੂ ਉੱਠਦਾ ਮਾੜੀ ਧਾੜ ਚਮਾਰ੍ਹਲੀ ਆ ਜਾਂਦਾ! ਕਦੀ ਸਾਡੀਆਂ ਮਾਂਮਾਂ-ਭੈਣਾਂ ਹੱਥੋਂ ਰੰਬੇ-ਦਾਤੀਆਂ ਖੋਹ ਲਈਂਦੇ ਆ, ਕਦੀ ਸਿਰਾਂ ਤੋਂ ਦੁਪੱਟੇ ਲਾਹ ਲਈਂਦੇ ਆ! ਕੀ ਰਵਿੱਦ ਭਾਲਿਆ ਇਨ੍ਹਾਂ ਨੇ! ਭਾਮੇ ਇਨ੍ਹਾਂ ਦੇ ਬੰਦਿਆਂ ਨੇ ਪੱਠੇ, ਗਾਚਾ ਬੱਢ ਲਿਆ ਹੋਬੇ, ਤਾਂਮ੍ਹੀਂ ਸਾਡੇ ਸਿਰ ਮੜ੍ਹ ਦਿੰਦੇ ਆ। ਕੋਈ ਸੁਣਨ ਆਲਾ ਈ ਨੲ੍ਹੀਂ!’

‘ਚੰਗਾ ਫੇ ਠਾਣੇ ਸਿੱਝਦਾਂ ਪੁੱਤ, ਉੱਥੇ ਦੇਖਦਾਂ ਜਿਹੜਾ ਤੂੰ ਧੌਣ ਅਕੜਾ-ਅਕੜਾ ਗੱਲ ਕਰਦਾਂ!’ ਥੂਹ-ਥੂਹ ਨੇ ਇੱਕ ਹੋਰ ਧਮਕੀ ਦਿੱਤੀ।

‘ਕਿਸੇ ਹੋਰ ਨੂੰ ਧੌਂਸ ਦਈਂ,ਉਹ ਜ਼ਮਾਨਾ ਗਿਆ ਜਦੋਂ ਇਹ ਸਾਰੇ ਧੁਆਡੇ ਅੱਗੇ ਰੀਂ-ਰੀਂ ਕਰਦੇ ਹੁੰਦੇ ਸੀ!’ ਫੁੰਮ੍ਹਣ ਨੇ ਮੋੜਵਾਂ ਜਵਾਬ ਦਿੱਤਾ। ਪਲ ਕੁ ਰੁਕ ਕੇ ਉਸ ਨੇ ਫਿਰ ਆਖਿਆ, ‘ਹੁਣ ਸੱਚੀਆਂ ਸੁਣ ਕੇ ਤੜਿੰਗ ਲੱਗਦਾ! ਆਪੂੰ ਰੋਜ਼ ਇੱਥੇ ਲਾਹ-ਪਾਹ ਕਰ ਕੇ ਚਲੇ ਜਾਂਦੇ ਆ।’

ਮੈਂਨੂੰ ਕਦੀ ਲੱਗਦਾ ਕਿ ਹੁਣ ਹੱਥੋਪਾਈ ਹੋ ਜਾਣੀ ਹੈ ਤੇ ਕਦੀ ਲੱਗਦਾ ਗੱਲ ਮੁੱਕ ਗਈ ਹੈ। ਬਾਕੀਆਂ ਦੇ ਚਿਹਰਿਆਂ ਉੱਤੇ ਪਸਰੀ ਘਬਰਾਹਟ ਨੂੰ ਦੇਖ ਕੇ ਮੈਂ ਸੱਚਮੁੱਚ ਹੋਰ ਡਰ ਗਿਆ। ਮੇਰਾ ਸੰਘ ਖ਼ੁਸ਼ਕ ਹੋ ਗਿਆ ਤੇ ਥੁੱਕ ਦੀ ਲਵ ਨੂੰ ਅੰਦਰ ਲੰਘਾਉਣਾ ਔਖਾ ਹੋ ਗਿਆ। ਲੱਤਾਂ ਬੇਜਾਨ ਹੋ ਗਈਆਂ ਤੇ ਪਿੰਡਾਂ ਠਰ ਜਿਹਾ ਗਿਆ। ਮੈਂਨੂੰ ਲੱਗਿਆ ਕਿ ਮੈਂ ਹੁਣੇ ਹੀ ਧੜੰਮ ਕਰ ਕੇ ਭੁੰਜੇ ਡਿੱਗ ਜਾਣਾ ਹੈ ਤੇ ਕੁੱਛੜ ਚੁੱਕੀ ਭੈਣ ਸਿਰ ਭਾਰ ਡਿੱਗ ਪੈਣੀ ਹੈ।

‘ਪਟੱਕ-ਪਟੱਕ ਜੁੱਤੀਆਂ ਲੱਗੀਆਂ ਤਾਂ ਆਪੇ ਈ ਸਿੱਧੇ ਹੋ ਜਾਣਾ ਸਾਰਿਆਂ ਨੇ, ਜਿਹੜੇ ਬਾਹਬਰ-ਬਾਹਬਰ ਬੋਲਦੇ ਆਂ। ਰੰਡੀ (ਮੇਰੀ ਤਾਈ ਵੱਲ ਇਸ਼ਾਰਾ) ਦਾ ਪੁੱਤ, ਸੁਦਾਗਰ ਦਾ ਘੋੜਾ ਕਦੀ ਸਿੱਧੇ ਰਾਹ ਨੲ੍ਹੀਂ ਤੁਰਦੇ!’ ਥੂਹ-ਥੂਹ ਨੇ ਫਿਰ ਆਪਣੀ ਭੜਾਸ ਕੱਢੀ। ਜ਼ਰਾ ਕੁ ਰੁਕ ਕੇ ਪਹਿਲਾਂ ਨਾਲੋਂ ਮੱਠੀ ਆਵਾਜ਼ ਵਿੱਚ ਆਖਿਆ, ‘ਚਿੜੀ, ਚੂਹੇ, ਚਮਾਰ ਦਾ ਸਾਲਾ ਬਾਧਾ ਈ ਬਹੁਤ ਆ।’

‘ਮੂੰਹ ਸਮ੍ਹਾਲ ਕੇ ਗੱਲ ਕਰ, ਨੲ੍ਹੀਂ ਤਾਂ ਮੂੰਈਂ ਜਿਹੀ ਪੱਟ ਕੇ ਹੱਥ ਫੜਾ ਦਊਂ! ਨਾਲੇ ਆਪਣੇ ਪਤੰਦਰ ਨੂੰ ਪੲ੍ਹੀਲਾਂ ਪੁੱਛ ਜੇਨੇ ਮੇਰੀ ਮਾਂ ਦੇ ਪਰੈਣ ਮਾਰੀ ਸੀ। ਉਹਦੀਆਂ ਨੱਕ ਨਾ ਲੀਕਾਂ ਕਢਾਈਆਂ ਸੀ ਠਾਣੇ! ਜਦ ਤਈਨੂੰ ਸਾਰੇ ਕਹਿੰਦੇ ਆ ਪਈ ਭਾਮੇ ਗੁਰਦੁਆਰੇ ਚੜ੍ਹਾ ਲਾ ਜੇ ਤੇਰਾ ਇਨ੍ਹਾਂ ਨੇ ਨਕਸਾਨ ਕੀਤਾ ਤਾਂ -ਤੂੰ ਤਾਂਮ੍ਹੀ ਉੱਤੇ-ਦੇ-ਉੱਤੇ ਚੜ੍ਹੀ ਜਾਨਾਂ!’ ਫੁੰਮ੍ਹਣ ਨੇ ਪੂਰੇ ਜੋਸ਼ ਵਿੱਚ ਨਿਧੜਕ ਹੋ ਕੇ ਤਾਏ ਬੰਤੇ ਤੇ ਹੋਰ ਬੁੜ੍ਹੀਆਂ ਤੋਂ ਛੁੱਟਦਿਆਂ ਕਿਹਾ। ਹੁਣ ਉਹਦੇ ਭਰਵੱਟੇ ਕਾਫ਼ੀ ਸੁੰਗੜ ਗਏ ਤੇ ਮੱਥੇ ਉੱਤੇ ਤਿਊੜੀਆਂ ਉੱਭਰ ਆਈਆਂ ਸਨ। ਉੱਚੀ-ਉੱਚੀ ਜ਼ੋਰ ਨਾਲ ਬੋਲਦਿਆਂ ਉਹਦੇ ਮੂੰਹੋਂ ਵੀ ਥੁੱਕ ਦੇ ਕਣ ਨਿੱਕਲ ਕੇ ਹਵਾ ਵਿੱਚ ਰਲ ਰਹੇ ਸਨ।

ਮੇਰੇ ਨਾਲੋਂ ਅੱਠ-ਦਸ ਸਾਲ ਵੱਡੇ ਮੁੱਛ-ਫੁੱਟ ਫੁੰਮ੍ਹਣ ਦੀ ਦਲੇਰੀ ਤੇ ਦਲੀਲਬਾਜ਼ੀ ਸੁਣ ਕੇ ਮੇਰੀਆਂ ਲੱਤਾਂ ਵਿੱਚ ਜਿਵੇਂ ਫਿਰ ਜਾਨ ਆ ਗਈ ਸੀ। ਪਲ ਦੀ ਪਲ ਮੇਰੇ ਚਿੱਤ ਵਿੱਚ ਵਿਚਾਰ ਆਇਆ ਕਿ ਮੈਂ ਫੁੰਮ੍ਹਣ ਵਾਂਗ ਨਿਡਰ ਤੇ ਹੌਸਲਾ-ਬੁਲੰਦ ਹੋ ਜਾਵਾਂ। ਡਰਾਉਣ-ਧਮਕਾਉਣ ਵਾਲਿਆਂ ਨਾਲ ਡਟ ਕੇ ਸਿੱਝਾਂ। ਵੱਡਾ ਹੋ ਕੇ ਮੈਂ ਵੀ ਗੜ੍ਹਕੇ ਨਾਲ ਗੱਲ ਕਰਾਂ ਤੇ ਕਿਸੇ ਦੀ ਈਨ ਨਾ ਮੰਨਾ। ਮੇਰੀਆਂ ਵੀ ਪੈਲੀਆਂ ਹੋਣ ਤੇ ਮੈਂ ਵੱਟਾਂ ਉੱਤੇ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਲੰਬੜਾਂ ਦੇ ਮੁੰਡਿਆਂ ਵਾਂਗ ਘੁੰਮਾਂ।

ਇਸੇ ਦੌਰਾਨ ਮੇਰਾ ਤਾਇਆ ਰਾਮਾ (ਰਾਮ ਲਾਲ) ਆ ਗਿਆ ਤੇ ਆਉਂਦਿਆਂ ਹੀ ਉਸ ਨੇ ਫੁੰਮ੍ਹਣ ਨੂੰ ਦਬਕਿਆ, ‘ਕੀ ਝਾਜੂਆਣਾ ਪਾਇਆ ਉਏ ਤੂੰ, ਘਰ ਨੂੰ ਬਗ ਜਾਹ ਨੲ੍ਹੀਂ ਤਾਂ ਸੌ ਜੁੱਤੀ ਮਾਰੂੰ!’

‘ਜਿਹੜੇ ਇਹ ਨਿੱਤ ਆ ਕੇ ਛਿੰਝ ਪਾਉਂਦੇ ਆ, ਇਨ੍ਹਾਂ ਨੂੰ ਕੋਈ ਕੁਛ ਨੲ੍ਹੀਂ ਕਹਿੰਦਾ ਪਈ ਅਸੀਂ ਕਿਤੇ ਬਾਹਰੋਂ ਆਇਓਂ ਆਂ ਜਿਹੜਾ ਪੈਰ-ਪੈਰ ’ਤੇ ਸਾਡਾ ਜੀਣਾ ਹਰਾਮ ਕੀਤਾ ਆ। ਹਰ ਬੇਲੇ ਰੋਹਬ, ਹਰ ਬੇਲੇ ਦਬ-ਦਬਾ। ਇਨ੍ਹਾਂ ਕੋਲ ਜ਼ਮੀਨਾਂ ਕੀ ਹੋਈਆਂ, ਸਾਡੇ ਰੱਬ ਬਣ ਗਏ ਆ। ਆ ਗਏ ਬੜੇ ਅੰਨ-ਦਾਤੇ! ਜੇ ਸਾਡੇ ਬੰਦੇ ਧੁਆਡੇ ਖੇਤਾਂ ਵਿੱਚ ਇੰਨੀ ਹੱਡ ਭੰਨਮੀਂ ਮਿਹਨਤ ਨਾ ਕਰਨ ਤਾਂ ਤੁਸੀਂ ਭੁੱਖੇ ਮਰ ਜਾਓਂ। ਤਕਾਲ਼ਾਂ ਨੂੰ ਪੀ ਕੇ ਬੱਕਰੇ ਬੁਲਾਉਣੋ ਬੀ ਹਟ ਜਾਓਂ।’ ਫੁੰਮ੍ਹਣ ਦੇ ਗੁੱਸੇ ਨਾਲ ਲਗਾਤਾਰ ਬੋਲੀ ਜਾਣ ਦੌਰਾਨ ਥੁੱਕ ਦੇ ਨਿੱਕੇ-ਨਿੱਕੇ ਕਣ ਅਜੇ ਵੀ ਖਲਾਅ ਵਿੱਚ ਡਿੱਗ ਰਹੇ ਸਨ। ਉਹਦੀਆਂ ਅੱਖਾਂ ਲਾਲ ਹੋ ਗਈਆਂ ਸਨ ਤੇ ਕਾਲਾ ਜਿਹਾ ਸਰੀਰ ਤਣਿਆ ਹੋਇਆ ਸੀ।

ਫੁੰਮ੍ਹਣ ਨੂੰ ਇਸ ਤਰ੍ਹਾਂ ਬੋਲਦਿਆਂ ਮੈਂ ਪਹਿਲੀ ਵਾਰ ਦੇਖਿਆ ਸੀ। ਉਂਝ ਉਹਦੇ ਗੁੱਸੇਖੋਰ ਤੇ ਕੱਬੇ ਹੋਣ ਦਾ ਸਾਰਿਆਂ ਨੂੰ ਪਤਾ ਸੀ ਕਿ ਜਿੱਥੇ ਉਹ ਸੱਚਾ ਹੋਵੇ ,ਉੱਥੇ ਉਹ ਅੜ੍ਹ ਜਾਂਦਾ, ਚਟਾਨ ਵਾਂਗ ਖੜ੍ਹ ਜਾਂਦਾ। ਅੱਜ ਦੀ ਤੂੰ-ਤੂੰ, ਮੈਂ-ਮੈਂ ਨੂੰ ਦੇਖ ਮੈਂ ਦੰਗ ਰਹਿ ਗਿਆ। ਮੈਂਨੂੰ ਲੱਗਿਆ ਕਿ ਜ਼ਿਮੀਦਾਰ ਫਿਰ ਹਵਾ ਵਿੱਚ ਡਾਂਗਾਂ ਉਲਾਰਦੇ ਇੱਕ-ਦੂਜੇ ਤੋਂ ਮੋਹਰੇ ਹੁੰਦੇ ਹੋਏ ਨੱਠ ਕੇ ਆ ਜਾਣਗੇ।

ਇੰਨੇ ਨੂੰ ਛਣ-ਛਣ ਕਰਦੇ ਘੁੰਗਰੂਆਂ ਦੀ ਆਵਾਜ਼ ਆਈ ਤੇ ਸਾਰਿਆਂ ਦੀਆਂ ਨਜ਼ਰਾਂ ਇਕਦਮ ਉੱਧਰ ਹੋ ਗਈਆਂ। ਉਹ ਇੱਕ ਸੰਨਿਆਸੀ ਸਾਧੂ ਸੀ। ਪਹਿਲਾਂ ਹੀ ਜੁੜੇ ਮਜਮੇ ਵਿੱਚ ਉਹ ਵੀ ਆ ਖੜ੍ਹਾ ਹੋਇਆ ਪਰ ਆਪਣੇ ਦੋਵੇਂ ਪੈਰ ਵਾਰੋ-ਵਾਰੀ ਉੱਪਰ-ਹੇਠਾਂ ਕਰਦਾ ਰਿਹਾ ਜਿਵੇਂ ਮੈਂ ਪਿੰਡ ਦੇ ਸਕੂਲ ਵਿੱਚ ਹੋਰ ਵਿਦਿਆਰਥੀਆਂ ਨਾਲ ‘ਇੱਕ-ਦੋ’ ‘ਇੱਕ-ਦੋ’ ਬੋਲਦੇ ਹੋਏ ਕਦਮ-ਤਾਲ ਕਰਦਾ ਹੁੰਦਾ ਸੀ। ਮੈਂਨੂੰ ਪਹਿਲੀ ਤਣਾਓ ਭਰੀ ਘਟਨਾ ਪਲ ਦੀ ਪਲ ਭੁੱਲ ਗਈ ਤੇ ਮੈਂ ਵੀ ਸਹਿਜੇ ਸਹਿਜੇ ਉਸ ਸੰਨਿਆਸੀ ਦੀ ਰੀਸ ਕਰਨ ਲੱਗ ਪਿਆ। ਮੈਂ ਇਹ ਹਰਕਤ ਕਰਨੋਂ ਉਦੋਂ ਰੁਕਿਆ ਜਦੋਂ ਉਹਨੇ ਸਹਿਬਨ ਹੀ ਪੁੱਛਿਆ, ‘ਜ਼ਮੀਨ ਦੀ ਕਿਆ ਗੱਲ ਕਰ ਰਹੇ ਥੇ, ਭਾਈ, ਇੱਥੇ ਹੀ ਸਭ ਕੁਛ ਰਹਿ ਜਾਨਾ। ਸਾਥ ਕੁਛ ਨਹੀਂ ਜਾਏਗਾ।’

ਸੰਨਿਆਸੀ ਸਾਧੂ ਨੇ ਰਲੀ-ਮਿਲੀ ਪੰਜਾਬੀ-ਹਿੰਦੀ ਬੋਲੀ ਅਤੇ ਉਹ ਲਗਾਤਾਰ ਕਦਮ-ਤਾਲ ਕਰਦਾ ਰਿਹਾ। ਕੁੜੀਆਂ-ਬੁੜ੍ਹੀਆਂ ਘਰਾਂ ਨੂੰ ਚਲੇ ਗਈਆਂ। ਬੰਦੇ ਸੰਨਿਆਸੀ ਦੀਆਂ ਗੱਲਾਂ ਸੁਣਦੇ ਰਹੇ। ਉਸ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਤੇ ਕਾਬੂ ਪਾਉਣ ਲਈ ਬਚਨ ਉਚਾਰੇ ਅਤੇ ਅਖੀਰ ਜਤ-ਸਤ ਵਜੋਂ ਤੇੜ ਦਾ ਸਾਫ਼ਾ ਉਤਾਂਹ ਚੁੱਕ ਕੇ ਤਾਂਬੇ ਦੇ ਕੜੇ ਨਾਲ ਵਿੰਨ੍ਹੀ ਆਪਣੀ ਇੰਦਰੀ ਦਿਖਾਈ। ਅਸੀਂ ਸਾਰੇ ਨਿਆਣੇ ਹੈਰਾਨ ਹੋ ਕੇ ਰਹਿ ਗਏ। ਉਸ ਨੇ ਵੈਰਾਗ ਦੀਆਂ ਗੱਲਾਂ ਕੀਤੀਆਂ। ਪਲਾਂ ਵਿੱਚ ਹੀ ਸਾਰਾ ਮਾਹੌਲ ਬਦਲ ਗਿਆ। ਤਾਏ ਨੇ ‘ਥੂਹ-ਥੂਹ’ ਨੂੰ ਕਿਹਾ, ‘ਮੈਂ ਸਮਝਾਉਨਾ ਸਾਰਿਆਂ ਨੂੰ! ਅੱਗੇ ਤੋਂ ਤੇਰਾ ਨਕਸਾਨ ਨੲ੍ਹੀਂ ਹੋਊਗਾ, ਫ਼ਿਕਰ ਨਾ ਕਰ, ਹੁਣ ਗੱਲ ਛੱਡ ਤੂੰ।’

‘ਤੂੰ ਪੰਚੈਤ ਮਿੰਬਰ ਆਂ, ਤੇਰਾ ਕਹਿਣਾ ਥੋੜ੍ਹੋ ਮੋੜ ਸਕਦਾਂ। ਫੁੰਮ੍ਹਣ ਨੂੰ ਕਹੀਂ ਪਈ ਨਮਾ ਖੂਨ ਆ, ਜ਼ਰਾ ਹੋਸ਼ ਨਾ ਗੱਲ ਕਰਿਆ ਕਰੇ। ਮੁੰਡਿਆਂ ਨੂੰ ਪਤਾ ਲੱਗੂ ਤਾਂ ਨਾ ਜਾਣੀਏ ਤੱਤੇ ਹੋ ਜਾਣ। ਨਾਲੇ ਭੂਤਰਿਆ ਜੱਟ ਛੇ ਕਨਾਲੀਂ ਜ਼ਮੀਨ ਬੈਅ ਕਰ ਦਏ ਤਾਂ ਬੰਦਾ ਮਾਰ ਦਿੰਦਾ ਆ।’

‘ਜਾਹ ਬਗ ਜਾ ਪਰੇ ...।’ ਤਾਏ ਨੇ ਦਬਕਾ ਜਿਹਾ ਮਾਰਦਿਆਂ ਕਿਹਾ।

ਇੰਨੇ ਨੂੰ ਮੇਰੇ ਤਾਇਆਂ ਦੀਆਂ ਨੋਹਾਂ ਸਾਡੇ ਘਰ ਦੇ ਬੂਹੇ ਮੋਹਰੇ ਆ ਖੜ੍ਹੀਆਂ ਹੋਈਆਂ। ਮੈਂ ਮਜਮਾਂ ਛੱਡ ਕੇ ਘਰ ਵੱਲ ਨੂੰ ਅਹੁਲਿਆ। ਜੀਤੋ ਭਾਬੀ ਨੇ ਉੱਚੀ ਆਵਾਜ਼ ਵਿੱਚ ਕਿਹਾ, ‘ਚਾਚੀ ਗੁੱਡ ਨੂੰ ਰੋਟੀ ਲਈ ਘੱਲਦੇ।’

ਮੈਂ ਆਪਣੀ ਛੋਟੀ ਭੈਣ ਨੂੰ ਘਰ ਛੱਡ ਕੇ ਛੰਨਾ ਤੇ ਪੋਣਾ ਚੁੱਕ ਕੇ ਆਪਣੀਆਂ ਭਰਜਾਈਆਂ ਨਾਲ ਤੁਰ ਪਿਆ। ਇਹ ਕੰਮ ਮੇਰੇ ਨਿੱਤ ਦੇ ਕੰਮਾਂ ਵਿੱਚ ਸ਼ਾਮਲ ਸੀ। ਭਾਈਏ ਹੁਰੀਂ ਕਦੀ ਕਿਸੇ ਜ਼ਿਮੀਦਾਰ ਦੇ ਦਿਹਾੜੀ-ਡਗਾਰੇ ਲਈ ਜਾਂਦੇ ਤੇ ਕਦੀ ਕਿਸੇ ਦੇ। ਅਸੀਂ ਉਨ੍ਹਾਂ ਦੇ ਘਰਾਂ ਦੇ ਵਿਹੜੇ ਵਿੱਚ ਆਪਣੀਆਂ ਬਾਟੀਆਂ-ਛੰਨੇ ਰੱਖ ਕੇ ਭੁੰਜੇ ਬਹਿ ਜਾਂਦੇ। ਜੱਟੀਆਂ ਥੋੜ੍ਹਾ ਕੁ ਝੁਕ ਕੇ ਉੱਤੋਂ ਹੀ ਰੋਟੀਆਂ ਇਉਂ ਸੁੱਟਦੀਆਂ ਕਿ ਅਸੀਂ ਦੋਹਾਂ ਹੱਥਾਂ ਦੀ ਬਣਾਈ ‘ਪੱਤਲ’ ਉੱਤੇ ਬੜੀ ਜੁਗਤ ਨਾਲ ਉਨ੍ਹਾਂ ਨੂੰ ਸੰਭਾਲ ਲੈਂਦੇ। ਦਾਲ-ਸਾਗ ਦੀਆਂ ਭਰੀਆਂ ਕੜਛੀਆਂ ਵੀ ਇਸੇ ਤਰ੍ਹਾਂ ਉੱਤੋਂ ਹੀ ਭਾਂਡਿਆਂ ਵਿੱਚ ਪਾਉਂਦੀਆਂ ਜਿਨ੍ਹਾਂ ਦੇ ਗਰਮ-ਗਰਮ ਛਿੱਟੇ ਕਈ ਵਾਰ ਸਾਡੇ ਪੈਰਾਂ ਉੱਤੇ ਡਿੱਗ ਜਾਂਦੇ ਤੇ ਫਿਰ ਉਨ੍ਹਾਂ ਨਾਲ ਨਿੱਕੇ-ਵੱਡੇ ਛਾਲੇ ਪੈ ਜਾਂਦੇ।

ਇਨ੍ਹਾਂ ਮੌਕਿਆਂ ਉੱਤੇ ਅਕਸਰ ਮੇਰੀਆਂ ਸੋਚਾਂ ਬਿਨਾਂ ਸਮਾਂ ਲੱਗੇ ਪਛਾਂਹ ਨੂੰ ਪਰਤ ਜਾਂਦੀਆਂ। ਕਦੀ ਮੈਂਨੂੰ ਭਾਈਏ ਹੁਰੀਂ ਇਕਬਾਲ ਸੁੰਹ ਹੁਰਾਂ ਦੇ ਘਰ ਕਣਕ-ਮੱਕੀ ਦੇ ਬੋਹਲ ਨੂੰ ਕੋਠੀਆਂ-ਬਹਾਰੀਆਂ ਵਿੱਚ ਪਾਉਂਦੇ ਦਿਸਦੇ ਤੇ ਕਦੀ ਗੱਲਾਂ ਕਰਦੇ ਸੁਣਦੇ-ਦਿਸਦੇ, ‘ਅੱਜ ਅਸੀਂ ਬੋਹਲ ਵਿੱਚ ਨੰਗੇ ਪੈਰੀਂ ਤੁਰਦੇ-ਫਿਰਦੇ ਆਂ, ਜਦੋਂ ਦਾਣੇ ਕੋਠੀ ਪੈ ਗਏ ਤਾਂ ਭਿੱਟ ਹੋਣ ਦਾ ਡਰ ਆ। ਨਾਲ਼ੇ ਭਲਕੇ ਕੇਨੇ ਫੜਕਣ ਦੇਣਾ ਸਾਨੂੰ ਇੱਥੇ।’

ਭਿੱਟ ਸ਼ਬਦ ਨਾਲ ਮੇਰੇ ਮੁੜ-ਮੁੜ ਟੱਕ ਪੈਂਦਾ ਜਿਵੇਂ ਸਾਡੇ ਖੂਹ ਦੀ ਮੌਣ ਅੰਦਰ ਲੱਜ ਨਾਲ ਝਰੀਆਂ ਪਈਆਂ ਹੋਈਆਂ ਸਨ। ਮੇਰਿਆਂ ਖ਼ਿਆਲਾਂ ਨੂੰ ਪਰ ਪਤਾ ਨਹੀਂ ਕਿਵੇਂ ਬਰਸਾਤੀ ਕੀੜਿਆਂ, ਪਤੰਗਿਆਂ ਵਾਂਗ ਅਚਾਨਕ ਉੱਗ ਆਉਂਦੇ। ਸੋਚਦਾ, ਜਿਮੀਂਦਾਰ ਆਪ ਪਸ਼ੂਆਂ ਨੂੰ ਮਲ-ਮਲ ਨਲ੍ਹਾਉਂਦੇ, ਪਾਣੀ ਡਾਹੁੰਦੇ ਤੇ ਹਰ ਤਰ੍ਹਾਂ ਖ਼ਿਆਲ ਰੱਖਦੇ ਆ, ਉਨ੍ਹਾਂ ਦਾ ਕੁੱਤਾ ਕਦੀ ਦਲਾਨ ਅੰਦਰ ਤੇ ਕਦੀ ਰਸੋਈ ਵਿੱਚ ਬਿਨਾਂ ਕਿਸੇ ਰੋਕ-ਟੋਕ ਦੇ ਜਾਂਦਾ, ਬਿੱਲੀ ਮੋਹਰੇ ਉਨ੍ਹਾਂ ਦੇ ਨਿਆਣੇ ਮਿਆਊਂ-ਮਿਆਊਂ ਕਰਦੇ ਫਿਰਦੇ ਆ, ਬਲੂੰਗੜਿਆਂ ਨੂੰ ਦੁੱਧ ਬਾਟੀ ਵਿੱਚ ਪਾ ਕੇ ਮੋਹਰੇ ਕਰਦੇ ਆ, ... ਤੇ ਉੱਧਰ ਭਾਈਏ ਹੁਰੀਂ ਆਪਣੇ ਘਰੋਂ ਗਲਾਸ-ਕੌਲੀ ਲੈ ਕੇ ਜਾਂਦੇ ਆ, ਸਾਰਾ ਦਿਨ ਉਨ੍ਹਾਂ ਲਈ ਜਾਨ-ਮਾਰ ਕੇ ਕੰਮ ਕਰਦੇ ਆ ਤੇ ਇਨ੍ਹਾਂ ਨਾਲੋਂ ਤਾਂ ਜਾਨਵਰ ਚੰਗੇ ਜਿਹੜੇ ਗੰਦ ਪਾ ਕੇ ਵੀ ਪਿਆਰ ਨਾਲ ਪੁਕਾਰੇ-ਪੁਚਕਾਰੇ ਜਾਂਦੇ ਆ। ਮੇਰੇ ਚਿੱਤ ਵਿੱਚ ਫਿਰ ਖਿਆਲ ਆਉਂਦਾ ਕਿ ਬੁੱਤੀਆਂ-ਵਗਾਰਾਂ ਨਾਲ ਮੇਰਾ ਵਾਹ ਨਾ ਪਵੇ। ਜਿਵੇਂ ਕਿਵੇਂ ਪੜ੍ਹ ਜਾਵਾਂ, ਵੱਡਾ ਹੋ ਕੇ ਦਿੱਲੀ ਵਸਦੇ ਆਪਣੇ ਭੂਆ ਦੇ ਪੁੱਤਾਂ ਵਾਂਗ ਨੌਕਰੀ ਕਰਾਂ। ਦਿੱਲੀ ਰਹਾਂ ਤੇ ਨਵੀਆਂ-ਨਵੀਆਂ ਪੈਂਟਾਂ-ਕਮੀਜ਼ਾਂ ਪਾ ਕੇ ਘੁੰਮਾ। ਨਾ ਕਿਸੇ ਦਾ ਹਿਰਖ ਨਾ ਕਿਸੇ ਦੀ ਝਿੜਕ ਹੋਵੇ।

ਕਈ ਵਾਰ ਭਾਈਏ ਹੁਰਾਂ ਨੂੰ ਮਜਬੂਰੀ ਵੱਸ ਉਨ੍ਹਾਂ ਜ਼ਿਮੀਂਦਾਰਾਂ ਦੇ ਦਿਹਾੜੀ ਜਾਣਾ ਪੈਂਦਾ ਜਿਨ੍ਹਾਂ ਦੇ ਘਰ ਦੀ ਦਾਲ-ਰੋਟੀ ਸਾਨੂੰ ਉੱਕਾ ਪਸੰਦ ਨਹੀਂ ਸੀ। ਭਾਈਆ ਦਿਲ ਦੀ ਗੱਲ ਸਾਂਝੀ ਕਰਦਾ, ‘ਉਸ ਕਤਿੱਥੀ ਜਿਹੀ ਦੇ ਹੱਥਾਂ ਦੀ ਬਣੀ ਰੋਟੀ ਖਾ ਕੇ ਬਾਹਰ ਆਉਣ ਨੂੰ ਕਰਦੀ ਰੲ੍ਹੀਂਦੀ ਆ। ਬਾਜਰੇ ਦੀਆਂ ਦੁੱਪੜਾਂ ਮਸਰਾਂ ਦੀ ਦਾਲ ਨਾਲ ਮੱਥੇ ਮਾਰ ਕੇ ਡੰਗ ਸਾਰ ਦਿੰਦੀ ਆ। ਸਬਿਹਾਰ ਨੂੰ ਕੋਈ ਧੀਆਂ-ਪੁਤਾ ਨੲ੍ਹੀਂ, ਮਾੜੀ ਨੀਤ ਆਲੀ ਦਾ।’

ਬਹੁਤੀ ਵਾਰ ਭਾਈਏ ਦੀ ਦਿਹਾੜੀ ਦੇ ਇਵਜ਼ ਵਿੱਚ ਮੇਰੀ ਮਾਂ ਜੱਟੀਆਂ ਤੋਂ ਗੁੜ, ਸੱਕਰ, ਗੰਢੇ, ਲਸਣ, ਆਲੂ, ਕਣਕ, ਮੱਕੀ, ਮਾਂਹ, ਮੋਠ, ਮਸਰ ਜਾਂ ਕੋਈ ਹੋਰ ਸ਼ੈਅ ਲੈ ਆਉਂਦੀ। ਪਰ ਇਹ ਸਭ ਦੇਖ ਕੇ ਭਾਈਆ ਨਹੋਰੇ ਨਾਲ ਕਹਿੰਦਾ, ‘ਆਪਣੀਆਂ ਜਿਣਸਾਂ ਦੇ ਭਾਅ ਮਰਜ਼ੀ ਨਾਲ ਵਧਾ ਲੲ੍ਹੀਂਦੇ ਆ। ਸਾਡੀ ਦਿਹਾੜੀ ਨੲ੍ਹੀਂ ਵਧਾਉਂਦੇ। ਪਸ਼ੂਆਂ ਆਂਗੂੰ ਸਾਰਾ ਦਿਨ ਬਗੀਦਾ ਆ।’

‘ਚੱਲ ਛੱਡ, ਬੜਾ ਸੁਹਣਾ ਔਖਾ-ਸਉਖਾ ਬੁੱਤਾ ਲੱਗੀ ਜਾਂਦਾ।’ ਮਾਂ ਨੇ ਗੱਲ ਨੂੰ ਲੰਮੀ ਹੁੰਦੀ ਦੇਖ ਕੇ ਆਖਿਆ।

‘ਜਿਹੜਾ ਸਾਡਾ ਚੰਮ ਲੂਸਦਾ, ਧੁਆਨੂੰ ਉਹਦਾ ਕੀ ਪਤਾ ਅੰਦਰ ਬਈਠੀਆਂ ਨੂੰ!’

‘ਤੇਰੇ ਨਾ ਕਿਹੜਾ ਆਢਾ ਲਾਵੇ, ਅਖੇ ਅੰਦਰ ਬਈਠੀਆਂ ਰਹਿੰਦੀਆਂ!’ ਆਮ ਵਾਂਗ ਚਿਤਾਰ ਕੇ ਮਾਂ ਪਿਛਲੀ ਕੋਠੜੀ ਅੰਦਰ ਕਿਸੇ ਕੰਮ ਚਲੀ ਗਈ।

ਅਖੀਰ ਭਾਈਆ ਥੱਕੇ-ਹਾਰੇ ਬੌਲਦ ਵਾਂਗ ਧੜੰਮ ਕਰ ਕੇ ਮੰਜੇ ’ਤੇ ਬਹਿ ਜਾਂਦਾ ਤੇ ਕਦੀ ਲੰਮਾ ਪੈ ਜਾਂਦਾ। ਫਿਰ ਝੋਰੇ ਜਿਹੇ ਨਾਲ ਆਪੇ ਨਾਲ ਗੱਲ ਕਰਨ ਲੱਗ ਪੈਂਦਾ, ‘ਜੇ ਚਾਰ ਸਿਆੜ ਸਾਡੇ ਬੀ ਹੁੰਦੇ, ਬੜੀ ਸੁਹਣੀ ਗੁਜ਼ਾਰ-ਬਸਰ ਹੋਈ ਜਾਣੀ ਸੀ।ਪਤਾ ਨੲ੍ਹੀਂ ਕਿਹੜੇ ਕੰਜਰ ਨੇ ਸਾਨੂੰ ਜ਼ਮੀਨਾਂ ਤੋਂ ਬਿਰਵੇ ਰੱਖਿਆ। ਜੇ ਮਿਲੇ ਤਾਂ ਸਾਲ਼ੇ ਨੂੰ ਪੁੱਛੀਏ ਪਈ ਮਾਮਾ ਤੂੰ ਸਾਡੇ ਆਂਗੂੰ ਦੂਜੇ ਦਾ ਅੱਝਾ ਹੋ ਕੇ ਦੇਖ, ਦੋਂਹ ਦਿਨਾਂ ਵਿੱਚ ਈ ਢੂਹਾ ਨਾ ਪਾਟ ਜਾਏ ਤਾਂ ਮਈਨੂੰ ਫੜ ਲੈਣਾ।’

ਭਾਈਏ ਦੇ ਚਿਹਰੇ ਉੱਤੇ ਤਣਾਅ, ਅੱਖਾਂ ਵਿੱਚ ਲਾਲੀ ਅਤੇ ਭਰਵੱਟੇ ਸੁੰਗੜੇ ਹੋਏ ਹੁੰਦੇ। ਉਹਦੇ ਬੋਲ ਖਰ੍ਹਵੇ ਤੇ ਉਨ੍ਹਾਂ ਵਿੱਚ ਕਾਹਲ ਹੁੰਦੀ। ਇਸੇ ਦੌਰਾਨ ਮੈਂ ਸੋਚਦਾ, ਵੱਡਾ ਹੋ ਕੇ ਜ਼ਮੀਨ ਖਰੀਦ ਕੇ ਕੇਲੇ, ਅੰਬ ਦੇ ਬੂਟੇ ਤੇ ਗੁਲਾਬ ਦੀਆਂ ਦਾਬਾਂ ਲਾ ਲੈਣੀਆਂ ਜਿੱਦਾਂ ਪਿੰਡ ਦੇ ਕਈ ਜੱਟਾਂ ਦੇ ਖੂਹਾਂ ’ਤੇ ਆ।

ਮੈਂ ਦੇਖਦਾ ਕਿ ਘਰ ਵਿੱਚ ਤੰਗੀ-ਤੁਰਸ਼ੀ ਕਾਰਣ ਨਿੱਤ ਨਵਾਂ ਕਲਾ-ਕਲੇਸ਼ ਰਹਿੰਦਾ। ਖਾਓ-ਪੀਓ ਵੇਲੇ ਇਸਦੀ ਸਿਖਰ ਹੁੰਦੀ। ਭਾਈਆ ਗੁੱਸੇ ਵਿੱਚ ਬਾਟੀ-ਗਲਾਸ ਚੁੱਕ-ਚੁੱਕ ਮਾਰਦਾ। ਛਤੜੀ ਵਿੱਚ ਉਨ੍ਹਾਂ ਦੇ ਆਪਸ ਵਿੱਚ ਖੜਕਣ ਦੀ ਆਵਾਜ਼ ਦਲਾਨ ਅੰਦਰ ਬੈਠਿਆਂ ਨੂੰ ਸੁਣਦੀ। ਇਉਂ ਲਗਦਾ ਕਿ ਹੁਣ ਚੁੱਲ੍ਹੇ ਵਿਚਲੀ ਅੱਗ ਨੇ ਭਾਂਬੜ ਬਣ ਮਚ ਪੈਣਾ ਹੈ। ਮੈਂ ਅਕਸਰ ਡਰ ਜਾਂਦਾ ਕਿ ਭਾਈਆ ਹੁਣੇ ਹੀ ਉੱਠ ਕੇ ਮਾਂ ਦੇ ਦੋ-ਚਾਰ ਥੱਪੜ ਜਾਂ ਪਿੱਠ ਉੱਤੇ ਹੂਰੇ ਮਾਰ ਕੇ ਆਪਣਾ ਉਬਾਲ ਕੱਢ ਲਏਗਾ ਤੇ ਫਿਰ ਸੁੰਨ-ਵੱਟਾ ਬਣ ਕੇ ਬਹਿ ਜਾਵੇਗਾ ਤੇ ਅਖੀਰ ਬਿਨਾਂ ਹੋਰ ਬੋਲਿਆਂ ਸੌਂ ਜਾਵੇਗਾ।

ਇਨ੍ਹਾਂ ਹੀ ਦਿਨਾਂ ਵਿੱਚ ਮਾਂ ਸਾਡੇ ਦੋਹਾਂ ਭਰਾਵਾਂ ਵੱਲ ਦੇਖ ਕੇ ਝੂਰਦੀ ਜਿਹੀ ਗੱਲ ਕਰਨ ਲੱਗੀ ਪਰ ਭਾਈਆ ਪਹਿਲਾਂ ਹੀ ਭੜਕ ਪਿਆ ਸੀ, ‘ਕਿੱਥੇ ਫਾਹਾ ਲੈ ਲਮਾਂ? ਤਈਨੂੰ ਬੀਹ ਬਾਰੀ ਦੱਸਿਆ ਪਈ ਪੈਹਿਆਂ ਨੂੰ ਕਿਤੇ ਹੱਥ ਨੲ੍ਹੀਂ ਅੜਿਆ। ਨਿੱਤ ਓੲ੍ਹੀਓ ਘੈਂਸ-ਘੈਂਸ, ਹਰ ਬੇਲੇ ਬੱਢੂੰ-ਟੁੱਕੂੰ, ਤੇਰੇ ਜਾਦੇ ਆ ਤੇ ਮੇਰੇ ਘੱਟ!’ ਭਾਈਏ ਨੇ ਜਿਵੇਂ ਆਪਣੀ ਬੇਵਸੀ ਤੇ ਲਾਚਾਰੀ ਦਾ ਰੋਹ ਭਰਿਆ ਬਿਆਨ ਦਿੱਤਾ ਹੋਵੇ।

‘ਐਮੀ ਨਹਿਰੀਆਂ ਬੱਟ-ਬੱਟ ਨਾ ਮੇਰੇ ਅਲ ਦੇਖੀ ਜਾ, ਮਹੀਨਾ ਤਾਂ ਹੋ ਚੱਲਾ!’

‘ਮੈਂ ਕਿੱਥੇ ਡਾਕਾ ਮਾਰ ਲਮਾਂ? ਬਥੇਰਿਆਂ ਨੂੰ ਪੁੱਛ ਲਿਆ। ਮੰਗਿਓ ਤਾਂ ਕੋਈ ਦੁਆਨੀ ਨੲ੍ਹੀਂ ਦਿੰਦਾ।’ ਭਾਈਏ ਨੇ ਮਾਂ ਦੀ ਗੱਲ ਵਿੱਚੋਂ ਹੀ ਟੋਕਦਿਆਂ ਝਈ ਜਿਹੀ ਲੈ ਕੇ ਪੈਂਦਿਆਂ ਆਖਿਆ। ਫਿਰ ਪਤਾ ਨੲ੍ਹੀਂ ਉਹਦੇ ਚਿੱਤ ਵਿੱਚ ਕੀ ਆਇਆ ਤੇ ਬੋਲਣ ਲੱਗ ਪਿਆ, ‘ਬਥੇਰਾ ਭੱਸੜ ਭਨਾਉਨਾ, ਫੇ ਬੀ ਦੱਥੇ ਨਾ ਦੱਥਾ ਨੲ੍ਹੀਂ ਲਗਦਾ, ਸਾਡੀ ਸਾਲ਼ੀ ਕਿਸਮਤ ਈ ਇੱਦਾਂ ਦੀ ਆ, ਖ਼ਬਰੇ ਕਿਹੜੇ ਕਰਮਾਂ ਦੀ ਸਜ਼ਾ ਭੁਗਤਦੇ ਆਂ। ਇਹਦੇ ਨਾਲੋਂ ਨਾ ਈ ਜੰਮਦੇ ਤਾਂ ਚੰਗਾ ਸੀ। ਕੀ ਥੁੜਿਆ ਸੀ ਇੱਦਾਂ ਦੇ ਜੰਮਣ ਖੁਣੋ ...। ਉੱਤੋਂ ਤੂੰ ...।’

‘ਜ਼ਰਾ ਸਬਰ ਰੱਖਿਆ ਕਰ, ਅਗਲੇ ਦੀ ਬੀ ਸੁਣ ਲਿਆ ਕਰ! ਮੈਂ ਤਾਂ ਕਹਿੰਨੀ ਆਂ ਪਈ ਭਲਕੇ ਬਸੋਆ (ਵਿਸਾਖੀ) ਆ ਤੇ ਲੁਆਲਾ ਲੱਗਣ ਤੋਂ ਪੲ੍ਹੀਲਾਂ ਈ ਨਲ਼੍ਹਾ ਲਿਆ।’

ਮਘਦੇ ਕੋਲਿਆਂ ਉੱਤੇ ਜਿਵੇਂ ਮੀਂਹ ਦੀਆਂ ਕਣੀਆਂ ਪੈ ਗਈਆਂ ਹੋਣ। ਭਾਈਏ ਨੇ ਆਪਣੇ ਸਿਰ ਉੱਤੇ ਬੱਧੇ ਪਰਨੇ ਦੇ ਹੇਠਾਂ ਵਾਲਾਂ ਵਿੱਚ ਉਂਗਲਾਂ ਫੇਰਦਿਆਂ ਬਿਨਾਂ ਕਿਸੇ ਗੱਲ ਦੇ ‘ਚੰਗਾ, ਜਿੱਦਾਂ ਕਹੇਂ’ ਕਹਿ ਕੇ ਹਾਂ ਕਰ ਦਿੱਤੀ।

ਤੜਕੇ ਹੀ ਭਾਈਆ ਮੈਂਨੂੰ ਤੇ ਬਿਰਜੂ ਨੂੰ ਪਿੰਡ ਤੋਂ ਦੱਖਣ ਵੱਲ ਲੈ ਕੇ ਤੁਰ ਪਿਆ। ਅਸੀਂ ਚੁੱਪ-ਚਾਪ ਜਾ ਰਹੇ ਸੀ ਤੇ ਚੰਦ ਵੀ ਜਿਵੇਂ ਸਾਡੇ ਨਾਲੋ-ਨਾਲ ਤੁਰਦਾ ਜਾ ਰਿਹਾ ਸੀ। ਰਾਹ ਕਿਨਾਰੇ ਜਦੋਂ ਕਿਤੇ ਕਾਨਿਆਂ-ਬੂਝਿਆਂ ਦੀ ਪਾਲ ਆਉਂਦੀ ਤਾਂ ਉਨ੍ਹਾਂ ਵਿੱਚ ਹਵਾ ਨਾਲ ਸਰਸਰ ਹੁੰਦੀ। ਪਲ ਦੀ ਪਲ ਮੇਰੇ ਅੰਦਰ ਡਰ ਦੀ ਲਹਿਰ ਹਵਾ ਨਾਲੋਂ ਤੇਜ਼ ਦੌੜ ਜਾਂਦੀ। ਮੈਂ ਲੰਮੀ ਲਾਂਘ ਪੁੱਟ ਕੇ ਵੱਡੇ ਭਰਾ ਦਾ ਹੱਥ ਫੜ ਲੈਂਦਾ। ਜੰਡੀਰ ਪਿੰਡ ਦੀ ਫਿਰਨੀ ਉੱਤੇ ਗਏ ਤਾਂ ਚੁੱਭੇ ਅੰਦਰੋਂ ਇੱਕ ਕੁੱਤੀ ਨਿੱਕਲ ਕੇ ਭੌਂਕੀ। ਉਹਦੇ ਤਿੰਨ-ਚਾਰ ਕਤੂਰੇ ਉਹਦੇ ਮਗਰ-ਮਗਰ ਦੌੜੇ ਆਏ। ਭਾਈਏ ਨੇ ਦਬਕਾ ਮਾਰਿਆ ਤਾਂ ਉਹ ਸਾਰੇ ਆਪਣੀ ਥਾਂ ਰੁਕ ਗਏ ਤੇ ਨਾਲ ਹੀ ਸਾਨੂੰ ਕਿਹਾ, ‘ਦਬਾਦਬ ਪੈਰ ਸਿੱਟੋ!’

‘ਓਅਹ ਮਰ ਗਿਆ!’ ਪੋਹਲੀ ਦਾ ਇੱਕ ਸੁੱਕਾ ਹੋਇਆ ਬੂਟਾ ਹਵਾ ਨਾਲ ਜ਼ਮੀਨ ਉੱਤੇ ਰਿੜ੍ਹ-ਰਿੜ੍ਹ ਕੇ ਅਚਾਨਕ ਮੇਰੇ ਪੈਰ ਹੇਠਾਂ ਆ ਗਿਆ ਸੀ। ਮੇਰਾ ਛੜੱਪੇ ਮਾਰ-ਮਾਰ ਤੁਰਨਾ ਥਾਂ ਹੀ ਰੁਕ ਗਿਆ ਤੇ ਛੇਤੀ ਨਾਲ ਥੱਲਾ ਲਾ ਕੇ ਬਹਿ ਗਿਆ। ਫਿਰ ਭਾਈਏ ਨੇ ਮੇਰੇ ਪੈਰਾਂ ਦੀਆਂ ਤਲੀਆਂ ਵਿੱਚੋਂ ਕੰਡੇ ਕੱਢੇ ਤੇ ਹੱਥ ਫੇਰਦਿਆਂ ਪੁੱਛਿਆ, ‘ਹੁਣ ਤਨੀ ਰੜਕਦੇ?’

ਥੋੜ੍ਹਾ ਗੌਰ ਨਾਲ ਦੇਖਿਆ ਤਾਂ ਮੈਂਨੂੰ ਲੱਗਾ ਕਿ ਇਹ ਓਹੀ ਘੱਗਾਂ ਵਾਲੀ ਥਾਂ ਹੈ ਜਿੱਥੇ ਮੰਗੀ (ਤਾਏ ਤਾਂ ਪੁੱਤ) ਤੇ ਮੈਂ ਹੋਰਾਂ ਨਾਲ ਪਿਛਲੇ ਸਾਲ ਵਿਸਾਖੀ ਦਾ ਮੇਲਾ ਦੇਖਣ ਆਏ ਸੀ। ਪਿੰਡ ਦੇ ਦੀਵਾਨ ਨੇ ਗੋਲ-ਗੱਪਿਆਂ ਦੀ ਛਾਬੜੀ ਲਾਈ ਹੋਈ ਸੀ। ਕਿੱਛੀ ਤੇ ਪਾਸ਼ੂ ਗਾਹਕਾਂ ਦੇ ਜੂਠੇ ਭਾਂਡੇ ਧੋਂਦੇ ਤੇ ਪਾਣੀ ਪਿਲਾਉਂਦੇ ਸਨ। ਪਕੌੜਿਆਂ ਤੇ ਮਠਿਆਈ ਦੀਆਂ ਕਈ ਦੁਕਾਨਾਂ ਸਜੀਆਂ ਸਨ। ਕਬੱਡੀ ਦਾ ਦਮ ਪਾਉਂਦੇ ਮੁੰਡੇ ਮੇਰੇ ਮਨ ਦੇ ਸ਼ੀਸ਼ੇ ਉੱਤੇ ਫਿਰ ਉੱਭਰੇ ਤੇ ਪਿੜ ਦੁਆਲੇ ਗੋਲ ਦਾਇਰੇ ਵਿੱਚ ਬੈਠੇ-ਖੜ੍ਹੇ ਨਿਆਣਿਆਂ-ਸਿਆਣਿਆਂ ਦੀ ਭੀੜ। ਘਰ ਨੂੰ ਮੁੜਦਿਆਂ ਸਾਰੀ ਵਾਟ ਬਜਾਏ ਅਲਗੋਜ਼ੇ ਦੀ ਆਵਾਜ਼ ਮੈਂਨੂੰ ਇੱਕ ਵਾਰ ਫਿਰ ਸੁਣੀ।

‘ਝੱਗੇ ਲਾਹੋ, ਨ੍ਹਾ ਲਬੋ ਦਬਾਸੱਟ, ਘਰ ਨੂੰ ਮੁੜੀਏ ਫੇ। ਕਣਕ ਬੱਢਣ ਬੀ ਜਾਣਾ ਕਬਾਲ ਸੁੰਹ ਦੇ ਰੱਕੜ।’ ਭਾਈਏ ਨੇ ਸਾਨੂੰ ਹੁਕਮ ਜਿਹਾ ਕੀਤਾ। ਉਸ ਨੇ ਆਪਣੀ ਮੈਲਖੋਰੀ ਕਮੀਜ਼ ਲਾਹੁੰਦਿਆਂ ਹਦਾਇਤ ਕੀਤੀ, ‘ਅਈਥੇ ਕੰਢੇ ਬਹਿ ਕੇ ਨ੍ਹਾ ਲਬੋ, ਅਈਧਰ ਡੁੰਮ੍ਹ ਆ।’

ਚੜ੍ਹਦੇ ਪਾਸਿਓਂ ਆਉਂਦਾ ਪਾਣੀ ਘਾਹ-ਬੂਟ, ਕਾਹੀ-ਕਾਨਿਆਂ ਦੇ ਬੂਝਿਆਂ ਥਾਣੀ ਮੱਠੀ ਜਿਹੀ ਕਲਕਲ ਕਰਦਾ ਵਗ ਰਿਹਾ ਸੀ। ਚੰਦ ਦੀ ਚਾਨਣੀ ਨਾਲ ਡੁੰਮ੍ਹ ਵਿੱਚ ਟਾਹਲੀਆਂ ਦੀ ਪਾਲ ਦੇ ਡਾਹਣਿਆਂ-ਟਾਹਣੀਆਂ ਤੇ ਪੱਤਿਆਂ ਦੇ ਪ੍ਰਛਾਵੇਂ ਡੱਬ-ਖੜੱਬੀ ਛਾਂ ਵਰਗੇ ਦਿਸਦੇ ਜੋ ਹਿੱਲਦੇ ਵੀ ਸਨ।

ਜਦੋਂ ਅਸੀਂ ਲੀੜੇ ਪਾ ਲਏ ਤਾਂ ਭਾਈਏ ਨੇ ਝੋਲੇ ਵਿੱਚੋਂ ਦਾਤੀ ਕੱਢੀ। ਪੰਜ ਮੁੱਠਾਂ ਸਰਵਾੜ ਦੀਆਂ ਵੱਢੀਆਂ। ਸਿਰ ਝੁਕਾ ਕੇ ਧਰਤੀ ਨਮਸਕਾਰੀ ਤੇ ਕਿਹਾ, ‘ਜਾ ਮਾਲਕਾ ਰਹਿਮ ਕਰ, ਮੁੰਡਿਆਂ ਦੇ ਇਹੋ ਜਿਹੀ ਖਾਜ ਮੁੜ ਕੇ ਨਾ ਪਬੇ।’

ਦਰਅਸਲ, ਸਾਡੇ ਦੋਹਾਂ ਭਰਾਵਾਂ ਦੇ ਪਿੰਡਿਆਂ ਉੱਤੇ ਖੱਸੜੇ-ਖਾਧੇ ਕੁੱਤਿਆਂ ਵਾਂਗ ਖ਼ੁਰਕ ਪੈ ਗਈ ਸੀ। ਖਾਜ ਕਰਦਿਆਂ-ਕਰਦਿਆਂ ਖ਼ੁਸ਼ਕ ਥਾਵਾਂ ਉੱਤੋਂ ਪਾਣੀ ਸਿੰਮਣ ਲੱਗ ਪੈਂਦਾ। ਆਲੇ-ਦੁਆਲੇ ਦੇ ਘਰਾਂ ਦੇ ਨਿਆਣੇ ਸਾਡੇ ਨਾਲ ਨਾ ਖੇਡਦੇ। ਸਾਡੇ ਘਰਦੇ ਵੀ ਸਾਨੂੰ ਬਹੁਤਾ ਬਾਹਰ ਨਾ ਨਿਕਲਣ ਦਿੰਦੇ ਕਿ ਸਾਡੇ ਨਾਲੋਂ ਕਿਸੇ ਹੋਰ ਨੂੰ ਇਹ ਬਿਮਾਰੀ ਨਾ ਲੱਗ ਜਾਵੇ। ਝਹਿਰ ਜਿਹੀ ਛਿੜਨ ’ਤੇ ਅਸੀਂ ਦਿਨ-ਰਾਤ ਪਿੰਡੇ ਉੱਤੇ ਕਾਹਲੀ-ਕਾਹਲੀ ਖਨੂਹਾ ਫੇਰਦੇ ਰਹਿੰਦੇ। ਸਾਡੀ ਕੋਈ ਪੇਸ਼ ਨਾ ਜਾਂਦੀ। ਗੁੱਸਾ ਆ ਜਾਂਦਾ। ਰੋਣਹਾਕੇ ਹੋ ਜਾਂਦੇ।

ਸਕੂਲੋਂ ਕਾਫ਼ੀ ਦਿਨਾਂ ਤੋਂ ਛੁੱਟੀਆਂ ਸਨ ਕਿਉਂਕਿ ਨਵੀਆਂ ਜਮਾਤਾਂ ਚੜ੍ਹਨ ਦਾ ਵਕਤ ਆ ਗਿਆ ਸੀ। ਕੁਝ ਦਿਨ ਪਹਿਲਾਂ ਨਤੀਜੇ ਬੋਲ ਚੁੱਕੇ ਸਨ। ਮੈਂ ਤੀਜੀ ਵਿੱਚ ਹੋ ਗਿਆ। ਜੇ ਸਕੂਲ ਦੀ ਪੜ੍ਹਾਈ ਦੌਰਾਨ ਇਹ ਸਭ ਕੁਝ ਵਾਪਰ ਗਿਆ ਹੁੰਦਾ ਤਾਂ ਮੈਂਨੂੰ ਵੀ ਆਪਣੇ ਨਾਲ ਪੜ੍ਹਦੇ ਸੋਹਣ ਵਾਂਗ ਘਰ ਬੈਠਣਾ ਪੈਂਦਾ। ਖੇਡਣਾ ਤੇ ਦੌੜਨਾ, ਕੁੱਦਣਾ ਬੰਦ ਹੋ ਜਾਂਦਾ। ਮੈਂ ਰਾਹ ਵਿੱਚ ਤੁਰਿਆਂ ਆਉਂਦਿਆਂ ਇਉਂ ਦਾ ਸੋਚ ਕੇ ਸੰਤੋਖ ਕਰ ਲਿਆ।

ਘਰ ਪਹੁੰਚੇ ਤਾਂ ਮਾਂ ਦੇ ਚਿਹਰੇ ਉੱਤੇ ਇੱਕ ਵਿਸ਼ਵਾਸ ਦੀ ਝਲਕ ਪ੍ਰਤੱਖ ਦਿਸ ਰਹੀ ਸੀ। ਉਸ ਨੇ ਸਾਨੂੰ ਸਮਝਾਇਆ ਤੇ ਦਿਲਾਸਾ ਦਿੱਤਾ, ‘ਹਾਅ ਸਾਰੇ ਚਰ੍ਹਗਲ ਭਰ ਜਾਣੇ ਆ ਹੁਣ ਨਹੁੰ ਮਾਰ-ਮਾਰ ਪਿੰਡਾ ਨਾ ਖੁਰਚਿਓ। ਜ਼ਰਾ ਕੁ ਰੁਕ ਕੇ ਫਿਰ ਆਖਿਆ, ‘ਆਪੇ ਈ ਰੱਬ ਰਾਮ ਦਊਗਾ, ਅਸੀਂ ਕਿਹੜਾ ਉਹਦੇ ਮਾਂਹ ਮਾਰਿਓ ਆ!’

ਅਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਬਾਹਰਲੇ ਬੂਹੇ ’ਤੇ ਅਚਾਨਕ ਇੱਕ ਹੀ ਸੁਰ ਵਿੱਚ ਆਵਾਜ਼ਾਂ ਆਈਆਂ:

‘ਬਾਰਾਂ ਵਰਸ਼ ਕੀ ਹੋਈ ਰੇ ਗੌਰਜਾਂ।
ਪਾਰਵਤੀ ਜੀ ਇਸ਼ਨਾਨ ਕਰਨਗੇ।
ਸ਼ਿਵਾ ਜੀ ਦਰਸ਼ਨ ਕਰਨਗੇ ...।’

ਸਿਰਾਂ ਉਤਲੀਆਂ ਪਾਧਾ-ਪੱਗਾਂ ਉੱਤੇ ਮੋਰਾਂ ਦੇ ਖੰਭ ਬੰਨ੍ਹੀ ਉਹ ਤਿੰਨੋਂ ਬਾਵੇ ਗੌਰਜਾਂ ਗਾ ਕੇ ਦਰ-ਦਰ ਮੰਗਦੇ। ਸ਼ੁਰੂਆਤ ਸਾਡੇ ਘਰ ਤੋਂ ਕਰਦੇ ਕਿਉਂਕਿ ਪਿੰਡ ਦੀ ਮੁੱਖ ਗਲੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਉਹ ਟੱਲੀਆਂ ਵਜਾਉਂਦੇ। ਇੱਕ ਜਣਾ ਇੱਕ ਤੁਕ ਬੋਲਦਾ ਤੇ ਦੋ ਉਸ ਤੋਂ ਅਗਲੀ। ਉਨ੍ਹਾਂ ਬਰਫ਼ ਵਰਗੇ ਚਿੱਟੇ ਕੱਪੜੇ ਪਾਏ ਹੁੰਦੇ ਤੇ ਤੇੜ ਦੀਆਂ ਧੋਤੀਆਂ ਦੇ ਲੜ ਪਿਛਾਂਹ ਲੱਕ ਦੇ ਬੰਨ੍ਹ ਵਿੱਚ ਟੰਗੇ ਹੁੰਦੇ। ਮੋਢਿਆਂ ਉੱਤੇ ਭਗਵੇਂ ਸਾਫ਼ੇ ਹੇਠਾਂ ਨੂੰ ਲਮਕਦੇ ਹੁੰਦੇ।

ਮੈਂ ਕੋਠੜੀ ਵਿਚਲੇ ਘੜੇ ਵਿੱਚੋਂ ਆਟੇ ਦੀ ਕੌਲੀ ਭਰ ਕੇ ਇੱਕ ਬਾਵੇ ਦੀ ਬਗਲ ਵਾਲੀ ਝੋਲੀ ਵਿੱਚ ਪਾਉਣ ਲਈ ਗਿਆ ਤਾਂ ਭਾਈਏ ਨੇ ਤਲਖੀ ਨਾਲ ਕਿਹਾ, ‘ਥੋੜ੍ਹਾ ਨੲ੍ਹੀਂ ਸੀ ਪਈਂਦਾ, ਅੱਗੇ ਈ ਤੇਰ੍ਹਵਾਂ ਮਹੀਨਾ ਚੱਲਣ ਡਿਆ ਆ। ਇਸ ਮੰਗ-ਖਾਣੀ ਜਾਤ ਦਾ ਤਾਂ ਕੰਮ ਈ ਇਹੋ ਆ। ਦਿਨ ਬੀ ਨੲ੍ਹੀਂ ਚੜ੍ਹਨ ਦਿੰਦੇ ... ਆ ਜਾਂਦੇ ਆ ਮੂੰਹ ਚੱਕ ਕੇ।’

‘ਪਤਾ ਨੲ੍ਹੀਂ ਕਦੋਂ ਦੇ ਤੁਰਿਓ ਹੋਣਗੇ ...।’ ਮਾਂ ਨੇ ਸਹਿਜੇ ਜਿਹੇ ਆਖਿਆ।

‘ਹਈਥੇ ਭੋਗਪੁਰ ਮਿੱਲ੍ਹ ਦੀਆਂ ਟੀਨਾਂ ਥੱਲੇ ਬਈਠਿਓ ਆ ... ਹੋਰ ਇਹੋ ਨਮੇਂ ਸ਼ਹਿਰੋਂ ਹੁਣੇ ਈ ਆ ਗਏ ਆ।’ ਭਾਈਏ ਨੇ ਗੱਲ ਜਾਰੀ ਰੱਖਦਿਆਂ ਦੱਸਿਆ, ‘ਹੈਗੇ ਤਾਂ ਆਪਣੇ ਬੰਦੇ ਈ ਆ ਪਰ ਇਹ ਸਾਲ਼ੇ ਸ਼ਿਬ ਦੇ ਬਣਿਓ ਆ, ਉਹਦੀ ਗੋਰੀ-ਚਿੱਟੀ ਰੰਨ ਦੇ ਸੋਹਲੇ ਗਾ-ਗਾ ਆਪਣੀ ਗੱਡੀ ਰੇੜ੍ਹੀ ਜਾਂਦੇ ਆ।’

‘ਮੰਗਣਾ ਕਿਤੇ ਸਉਖਾ ਆ, ਤੂੰਮ੍ਹੀਂ ਮੰਗ ਕੇ ਦਖਾਲ ਤਾਂ ...।’

‘ਮੇਰੇ ਕੀੜੇ ਪਇਓ ਆ, ਜਿਹੜਾ ਮੰਗਣ ਤੁਰ ਪਮਾਂ ...।’ ਭਾਈਏ ਦੀ ਅਮੁੱਕ ਬਹਿਸ ਨੂੰ ਵਿੱਚ ਹੀ ਛੱਡ ਕੇ ਮਾਂ ਛੱਤੜੀ ਵਿੱਚੋਂ ਦਲਾਨ ਅੰਦਰ ਚਲੇ ਗਈ ਤੇ ਮੈਂ ਬਾਵਿਆਂ ਦੇ ਮਗਰ-ਮਗਰ ਅਗਲੇ ਘਰ।

ਬਾਵਿਆਂ ਦੇ ਬੋਲ ਮੈਂ ਗਹੁ ਨਾਲ ਸੁਣਦਾ। ਪਰ ਨਾਲ ਹੀ ਬੋਹੜ ਵਾਲਿਆਂ ਦੇ ਗੁਰਦਾਸ ਹੁਰਾਂ ਦੇ ਵਿਹੜੇ ਵਿਚਲੀ ਜਗ੍ਹਾ ਉੱਤੇ ਸ਼ੀਸ਼ੇ ਵਿੱਚ ਜੜੀ ਸ਼ਿਵ-ਪਾਰਵਤੀ ਦੀ ਰੰਗ-ਬਰੰਗੀ ਤਸਵੀਰ ਮੇਰੀਆਂ ਅੱਖਾਂ ਮੋਹਰੇ ਆ ਜਾਂਦੀ। ਪਾਰਵਤੀ ਤਲਾਅ ਵਿੱਚ ਨਹਾਉਂਦੀ ਮੈਂਨੂੰ ਕਿੰਨਾ-ਕਿੰਨਾ ਚਿਰ ਮੁੜ-ਮੁੜ ਦਿਸਦੀ। ਮੈਂਨੂੰ ਇਉਂ ਲਗਦਾ ਜਿਵੇਂ ਕੁਝ ਪਲਾਂ ਲਈ ਮੈਂ ਸ਼ਿਵ ਬਣ ਗਿਆ ਹੋਵਾਂ। ਮੈਂਨੂੰ ਚੰਗਾ-ਚੰਗਾ ਲਗਦਾ ਪਰ ਕਿਸੇ ਨਾਲ ਇਸਦਾ ਕੋਈ ਜ਼ਿਕਰ ਨਾ ਕਰਦਾ।

ਮਾਂ ਬਾਹਰਲੇ ਬੂਹੇ ਦੀ ਸਰਦਲ ਉੱਤੇ ਖੜ੍ਹੀ ਖੱਬੇ ਹੱਥ ਵਿੱਚ ਸਿਲਵਰ (ਅਲਮੀਨੀਅਮ) ਜਾਂ ਪਿੱਤਲ ਦੀ ਛੋਟੀ ਬਾਲਟੀ ਫੜੀ ਤੇ ਸੱਜੇ ਹੱਥ ਨਾਲ ਆਪਣੇ ਵਲ ਆਉਣ ਲਈ ਸੈਨਤ ਮਾਰਦੀ ਅਤੇ ਨਾਲ ਹੀ ਆਵਾਜ਼ ਮਾਰਦੀ, ‘ਗੁੱਡ ਦੌੜ ਕੇ ਪਾਲੋ ਦਿਓਂ ਲੱਸੀ ਲੈ ਆ।’

ਮੈਂ ਜੱਟਾਂ ਦੀ ਗਲੀ ਥਾਣੀ ਬਾਲਟੀ ਨੂੰ ਘੁਮਾਉਂਦਾ-ਹਿਲਾਉਂਦਾ ਦੁੜੰਗੇ ਮਾਰਦਾ ਜਾਂਦਾ। ਜਦੋਂ ਗੁਰਦੁਆਰੇ ਤੋਂ ਅੱਗੇ ਸ਼ੇਖਚਿਲੀਆਂ ਦੇ ਘਰ ਲਾਗੇ ਪਹੁੰਚਦਾ ਤਾਂ ਮੇਰੇ ਲੱਤਾਂ-ਪੈਰਾਂ ਵਿੱਚ ਪਹਿਲਾਂ ਵਰਗੀ ਫ਼ੁਰਤੀ ਨਾ ਰਹਿੰਦੀ। ਸੋਚਦਾ, ਭਾਈਆ ਮੱਝਾਂ ਦੀ ਟਹਿਲ-ਸੇਵਾ ਕਰਦਾ, ਨਲ੍ਹਾਉਂਦਾ-ਧੁਲਾਉਂਦਾ, ਧੁੱਪੇ-ਛਾਵੇਂ ਕਰਦਾ, ਬਰਸਾਤਾਂ ਨੂੰ ਸੁੱਕੇ ਥਾਂ ਬੰਨ੍ਹਦਾ, ਪੱਠਾ-ਦੱਥਾ ਕਰਦਾ ਪਰ ਸੂਣ ਤੋਂ ਪਹਿਲਾਂ ਹੀ ਮੱਝ ਕਿਸੇ ਹੋਰ ਦੇ ਘਰ ਚਲੀ ਜਾਂਦੀ ਹੈ। ਜੀਅ ਕਰਦਾ ਕਿ ਭਾਈਏ ਨੂੰ ਕਹਾਂ ਕਿ ਮੱਝ ਅਸੀਂ ਰੱਖ ਲਈਏ, ਘਰ ਦਾ ਲੱਸੀ-ਦੁੱਧ ਪੀਈਏ, ਨਾਲੇ ਮੈਂ ਕੱਟੂ-ਵੱਛੂ ਨਾਲ ਖੇਲ੍ਹਾਂ। ਕਦੀ-ਕਦੀ ਮੈਂਨੂੰ ਲਗਦਾ ਕਿ ਭਾਈਏ ਨੂੰ ਵੀ ਪਤਾ ਈ ਆ ਜਦੋਂ ਬਾਬਾ ਮਿਲਖਾ ਸਿੰਘ (ਜੱਟ) ਆਪਣੇ ਪੋਤੇ ਦੇ ਸਰੀਰੋਂ ਤਕੜੇ ਹੋਣ ਬਾਰੇ ਲੋਕਾਂ ਨੂੰ ਹੁੱਬ ਕੇ ਸਿਫ਼ਤਾਂ ਕਰਦਾ ਹੋਇਆ ਦੱਸਦਾ, ‘ਸਾਡਾ ਤੋਚੀ (ਤਰਲੋਚਨ ਸਿੰਘ) ਤਾਂ ਦੁੱਧ ਪੀਂਦਾ, ਦੁੱਧ ਈ ਮੂਤਦਾ।’ ਮੈਂਨੂੰ ਖਿਆਲ ਆਉਂਦਾ ਕਿ ਮੈਂ ਵੀ ਉੱਚਾ-ਲੰਮਾ ਤੇ ਤਕੜਾ ਜਵਾਨ ਹੋ ਜਾਵਾਂ।

ਮੈਂ ‘ਬਾਰੀਆਂ’ ਦੇ ਖੁੱਲ੍ਹੇ-ਵੱਡੇ ਵਿਹੜੇ ਵਿੱਚ ਬਾਲਟੀ ਜਾਂ ਡੋਲੂ ਰੱਖਦਾ ਤੇ ਨੀਵੀਂ ਪਾ ਕੇ ਖੜ੍ਹਾ ਰਹਿੰਦਾ। ਨਾਲ ਹੀ ਲੱਸੀ ਮੰਗਣ ਬਾਰੇ ਬੇਸ਼ੁਮਾਰ ਖ਼ਿਆਲ ਨਿੱਕੇ ਨਿੱਕੇ ਬੱਦਲ-ਬੱਦਲੀਆਂ ਵਾਂਗ ਇੱਕ ਘਟਾ ਦੇ ਰੂਪ ਵਿੱਚ ਆ ਜੁੜਦੇ ਅਤੇ ਮਨ ਦੇ ਆਕਾਸ਼ ਉੱਤੇ ਘੋਰ ਨਿਰਾਸ਼ਾ ਤੇ ਉਦਾਸੀ ਦੀ ਬਾਰਿਸ਼ ਕਰਦੇ ਪ੍ਰਤੀਤ ਹੁੰਦੇ। ਮੇਰਾ ਤਨ-ਮਨ ਨਮੋਸ਼ੀ ਦੇ ਇਸ ਹੜ੍ਹ ਵਿੱਚ ਹੜ੍ਹ ਰਿਹਾ ਜਾਪਦਾ। ਮੈਂਨੂੰ ਆਪਣੇ ਸਿਰ-ਧੜ ਤੇ ਲੱਤਾਂ ਦਾ ਪਤਾ ਹੀ ਨਾ ਲਗਦਾ ਕਿ ਇਹ ਆਪਸ ਵਿੱਚ ਇੱਕ ਹਨ। ਮੇਰੀਆਂ ਸੋਚਾਂ ਦੇ ਲਗਾਤਾਰ ਚਲਦੇ ਕਾਫ਼ਲੇ ਉਦੋਂ ਹੀ ਰੁਕਦੇ ਜਦੋਂ ਪਾਲੋ ਅੰਦਰੋਂ ਹੀ ਕਹਿੰਦੀ, ‘ਗੁੱਡ ਜ਼ਰਾ ਕੁ ਠਹਿਰ ਕੇ ਆਈਂ, ਮੈਂ ਲੱਗੀ ਆਂ ਦੁੱਧ ਰਿੜਕਣ।’

ਪਾਲੋ ਦੇ ਅਸੀਂ ਦੁੱਧ ਦੀ ਬਾਨ੍ਹ ਵੀ ਲਾਈਓ ਹੁੰਦੀ ਸੀ। ਸਵੇਰੇ-ਸਵੇਰੇ ਮੇਰਾ ਪਹਿਲਾ ਗੇੜਾ ਉਨ੍ਹਾਂ ਦੇ ਘਰੋਂ ਦੁੱਧ ਲੈਣ ਜਾਣ ਲਈ ਲਗਦਾ, ਕਦੀ ਪਾਈਆ ਤੇ ਕਦੀ ਅੱਧਾ ਕਿਲੋ। ਪਰ ਲੱਸੀ ਲਈ ਕਈ ਵਾਰ ਮੇਰੇ ਦੋ-ਦੋ ਗੇੜੇ ਲੱਗ ਜਾਂਦੇ। ਉੱਧਰ ਭਾਈਆ ਮੈਂਨੂੰ ਉੱਲਰ-ਉੱਲਰ ਪੈਂਦਾ ਤੇ ਕਹਿੰਦਾ, ‘ਹੁਣ ਤਾਂ ਚਲੇ ਜਾ ਮਾਮਾ, ਸੌ ਬਾਰੀ ਦੱਸਿਆ ਪਈ ਲੱਸੀ ਤੋਂ ਬਿਨਾਂ ਮੈਤੋਂ ਨੲ੍ਹੀਂ ਰਹਿ ਹੁੰਦਾ।’

‘ਜੇ ਇੱਡੀ ਲੋੜ ਆ ਤਾਂ ਐਂਤਕੀਂ ਮੀਣੀ ਤੇ ਬੂਰੀ ਦੋਮੇ ਕੀਲੇ ’ਤੇ ਬੱਝੀਆਂ ਰਹਿਣ ਦਈਂ, ਨਾਲੇ ਨਿਆਣੇ ਖਾਣ ਪੀਣਗੇ।’ ਮਾਂ ਨੇ ਤਰਕ ਮਾਰੀ।

‘ਕਿੱਦਾਂ ਮੂੰਹ ਭਰ ਕੇ ਬਕੀ ਜਾਂਦੀ ਆ, ਜਿਹੜੀ ਤੇਰੇ ਕੁਲਗਦਿਆਂ ਤੋਂ ਰਕਮ ਲਈਓ ਆ ਕੋਠੇ ਦੇ ਕੌਲ਼ੇ ਕੱਢਣ ਲਈ, ਉਹ ਤੇਰੇ ਪੇ ਨੇ ਦੇਣੀ ਆਂ?’

‘ਜਦੋਂ ਬੋਲਦਾ ਮੇਰੇ ਜਣਦਿਆਂ ਤਕ ਜਾਂਦਾ, ... ਖਾਹ-ਮਖਾਹ ਗੱਲ ਪਈ ਜਾਂਦਾ। ਗੱਲ ਕਿੱਧਰ ਦੀ ਹੁੰਦੀ ਆ, ਲੈ ਕਿੱਧਰ ਨੂੰ ਜਾਂਦਾ ਆ।’

‘ਸਾਰਾ ਦਿਨ ਖੋਤੇ ਆਂਙੂੰ ਵਗੀਦਾ ਆ ਤੇ ਇਹ ...।’ ਤੇ ਫਿਰ ਖਿਝਿਆ ਹੋਇਆ ਭਾਈਆ ਮੂੰਹ ਵਿੱਚ ਬੁੜਬੁੜ ਕਰਨ ਲੱਗ ਪਿਆ ਤੇ ਚਿਲਮ ਵਿਚਲੀ ਸੁਆਹ ਗੁੱਲ ਕਰ ਕੇ, ਕੈਂਕਰੀ ਨੂੰ ਸਹੀ ਤਰ੍ਹਾਂ ਟਿਕਾ ਕੇ ਤਮਾਖੂ ਪਾਉਣ ਲੱਗ ਪਿਆ।

ਕਦੀ-ਕਦੀ ਮੇਰੇ ਚਿੱਤ ਵਿੱਚ ਆਉਂਦਾ ਕਿ ਭਾਈਏ ਨੂੰ ਕਿਸੇ ਦਿਨ ਕਹਿ ਦਿਆਂ ਕਿ ਮੇਰੇ ਕੋਲੋਂ ਨੲ੍ਹੀਂ ਅੱਧਾ ਪਿੰਡ ਲੰਘ ਕੇ ਲੱਸੀ ਲੈਣ ਜਾ ਹੁੰਦਾ, ਮੈਂਨੂੰ ਸ਼ਰਮ ਆਉਂਦੀ ਆ। ਖ਼ੈਰ, ਮੈਂ ਫਿਰ ਅਗਲੀ ਸਵੇਰ ਬਾਲਟੀ ਜਾਂ ਡੋਲੂ ਹੱਥ ਵਿੱਚ ਫੜ ਕੇ ਕਦੀ ਕਿਸੇ ਦੇ ਘਰ ਲੱਸੀ ਮੰਗਣ ਜਾਂਦਾ ਤੇ ਕਦੀ ਕਿਸੇ ਦੇ। ਇਹ ਸਿਲਸਿਲਾ ਜਾਰੀ ਰਹਿੰਦਾ। ਤ੍ਰਕਾਲਾਂ-ਸਵੇਰ ਨੂੰ ਲੱਸੀ ਦਾ ਖੱਟਾ ਪੀ ਕੇ ਸੁਆਦ ਜਿਹਾ ਆ ਜਾਂਦਾ। ਜੇ ਦਾਲ-ਸਬਜ਼ੀ ਨਾ ਬਣਦੀ ਤਾਂ ਵੀ ਉਸ ਡੰਗ ਦਾ ਬੁੱਤਾ ਸਰ ਜਾਂਦਾ। ਖਾਡਰੇ ਦੇ ਇਨ੍ਹਾਂ ਦਿਨਾਂ ਵਿੱਚ ਮੱਝਾਂ-ਗਊਆਂ ਦੇ ਦੁੱਧ ਸੁੱਕ ਜਾਂਦੇ ਤੇ ਸਾਨੂੰ ਲੱਸੀ ਦੀ ਕਾਫ਼ੀ ਤੰਗੀ ਆ ਜਾਂਦੀ। ਲੱਸੀ ਪੀਣ ਦੀ ਇੱਛਾ ਬਰਕਰਾਰ ਰਹਿੰਦੀ। ਚਾਹ ਤਾਂ ਕਈ ਵਾਰ ਅਸੀਂ ਬਿਨਾਂ ਦੁੱਧ ਦੇ ਹੀ ਪੀ ਲੈਂਦੇ ਸੀ। ਤੇ ਭਾਈਆ ਕਿਸਮਤ ਨੂੰ ਗਾਲ੍ਹਾਂ ਕੱਢ-ਕੱਢ ਆਪਣਾ ਤਪਦਾ ਸੀਨਾ ਠਾਰਨ ਦੀ ਫਜ਼ੂਲ ਕੋਸ਼ਿਸ਼ ਕਰਦਾ।

ਇਨ੍ਹੀਂ ਸੋਚੀਂ ਪਿਆਂ ਮੈਂਨੂੰ ਗਲੀ ਵਿੱਚ ਮਾਣਕਢੇਰੀ ਵਾਲਾ ਬਾਵਾ ਦੋਹਾਂ ਬਗਲਾਂ ਵਿੱਚ ਲੰਮੀਆਂ ਝੋਲੀਆਂ ਪਾਈ ਮੰਗਦਾ ਦਿਸਦਾ। ਮੋਟੇ ਖੱਦਰ ਦੀ ਇੱਕ ਝੋਲੀ ਵਿੱਚ ਆਟਾ ਤੇ ਇੱਕ ਵਿੱਚ ਦਾਣੇ ਪੁਆਉਂਦਾ। ਉਹਨੇ ਮੱਥੇ ਟਿੱਕਾ ਤੇ ਭਗਵੇਂ ਕੱਪੜੇ ਪਾ ਕੇ ਸਾਧੂਆਂ ਵਰਗਾ ਭੇਸ ਬਣਾਇਆ ਹੁੰਦਾ। ਦਰਾਂ ਮੋਹਰੇ ਉੱਚੀ-ਉੱਚੀ ਬੋਲ ਕੇ ਦੱਸਦਾ, ‘ਬੀਬੀ ਭਲਕੇ ਪੁੰਨਿਆਂ ਨਾਲੇ ਗ੍ਰਹਿਣ ਲੱਗਣਾ।’

ਛੋਟਾ ਜਿਹਾ ਮੇਰਾ ਤਨ-ਮਨ ਵੱਡੀਆਂ ਸੋਚਾਂ ਸੋਚਦਾ ਕਿ ਇਹਨੂੰ ਕਿਵੇਂ ਪਤਾ ਕਿ ਕੱਲ੍ਹ ਨੂੰ ਗ੍ਰਹਿਣ ਲੱਗਣਾ? ਤੇ ਮੈਂਨੂੰ ਉਦੋਂ ਸਮਝ ਪਈ ਜਦੋਂ ਉਹ ਪਤਲੀ-ਲੰਮੀ ਜਿਹੀ ਕਿਤਾਬ ਵਿੱਚੋਂ ਕਿਸੇ ਨੂੰ ਕੁਝ ਪੜ੍ਹ ਕੇ ਦੱਸਦਾ ਤੇ ਕਿਸੇ ਨੂੰ ਕੁਝ। ਮੇਰੇ ਚਿੱਤ ਵਿੱਚ ਆਉਂਦਾ ਕਿ ਜਦੋਂ ਸਾਡੇ ਘਰ ਮੰਗਣ ਆਵੇਗਾ ਤਾਂ ਮੈਂ ਪੁੱਛਾਂਗਾ - ਮੀਣੀ ਮੱਝ ਸਾਡੇ ਘਰ ਹੀ ਰਹੇਗੀ? ਜੇ ਨਹੀਂ, ਤਾਂ ਕੋਈ ਉਪਾਅ ਕਰ ਦੇਵੇ ਜਿਵੇਂ ਹੋਰਾਂ ਦਿਓਂ ਕਣਕ ਦੇ ਦਾਣੇ ਲੈ ਕੇ ਕਰਦਾ ਹੈ। ਨਾਲ਼ੇ ਇਹ ਵੀ ਪੁੱਛਾਂਗਾ ਕਿ ਰੱਤੇ ਬਾਹਮਣ ਦੇ ਵੱਡੇ ਸਾਰੇ ਘਰ ਤੇ ਚੁਬਾਰੇ ਵਰਗਾ ਸਾਡਾ ਘਰ ਕਦੋਂ ਬਣੇਗਾ? ਕਹਾਂਗਾ, ਕੋਈ ਰੇਖ ਵਿੱਚ ਮੇਖ ਮਾਰ ਜਿਵੇਂ ਉਹਨੂੰ ਪਿੰਡ ਦੇ ਲੋਕ ਕਹਿੰਦੇ ਹਨ। ਪਰ ਮੇਰੇ ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਰਹਿ ਜਾਂਦੀਆਂ ਤੇ ਉਹ ਸਾਡੇ ਕੋਲ ਦੇ ਤਾਈ ਤਾਰੋ (ਜੱਟਾਂ) ਦੇ ਘਰੋਂ ਚਾਹ-ਪਾਣੀ ਪੀ ਕੇ ਪਿਛਾਂਹ ਗਲੀਂ ਵਿੱਚੀਂ ਮੁੜ ਜਾਂਦਾ। ਨਾਲ ਹੀ ਮਨ ਦਾ ਸ਼ੀਸ਼ਾ ਤਿੜਕ ਜਾਂਦਾ, ਜਿਸ ਦੀ ਖ਼ਾਮੋਸ਼ ਵਿਥਿਆ ਮੇਰੇ ਤਨ ਵਿਚਲੇ ਲਹੂ ਵਾਂਗ ਗੇੜੇ ਕੱਢਦੀ ਰਹਿੰਦੀ ਅਤੇ ਇਹ ਸਵਾਲ-ਖਿਆਲ ਲਗਾਤਾਰ ਬਣਿਆ ਰਹਿੰਦਾ ਕਿ ਉਹ ਬਾਵਾ-ਸਾਧੂ ਹੋ ਕੇ ਸਾਡੇ ਵਿਹੜੇ ਮੰਗਣ ਕਿਉਂ ਨਹੀਂ ਆਉਂਦਾ!


ਛਾਂਗਿਆ ਰੁੱਖ (ਕਾਂਡ ਪੰਜਵਾਂ)

‘ਕਿਹੜੀ ਨਖਸਮੀ ਦਾ? ਖੜ੍ਹਾ ਹੋ ਜਰਾ, ਚੀਰ ਕੇ ਦੋ ਥਾਈਂ ਕਰਾਂ!’ ਘਰ ਮੋਹਰਲੇ ਬੋਹੜ-ਪਿੱਪਲ ਥੱਲੇ ਬੈਠੀ ਮੇਰੀ ਦਾਦੀ ਅਸਮਾਨੀ ਬਿਜਲੀ ਵਾਂਗ ਅਚਾਨਕ ਗੜ੍ਹਕੀ। ਬਿੜਕ ਲੈਣ ਲਈ ਸਾਡੇ ਕੰਨ ਖੜ੍ਹੇ ਹੋ ਗਏ।

‘ਅੱਜ ਪਤਾ ਨਈਂ ਕੇਹਨਾ ਆਢਾ ਲਾ ਲਿਆ।’ ਮੇਰੀ ਮਾਂ ਨੇ ਦਲਾਨ ਅੰਦਰੋਂ ਉੱਠਦਿਆਂ ਆਖਿਆ। ਮੈਂ ਵੀ ਛਲਾਰੂ ਵਾਂਗ ਉਹਦੇ ਮਗਰ-ਮਗਰ ਤੁਰ ਪਿਆ। ਦਾਦੀ ਕੋਲ ਜਾ ਕੇ ਉਹਨੇ ਪੁੱਛਿਆ, ‘ਕੀ ਹੋਇਆ ਮਾਂ?’

‘ਕੰਜਰਾਂ ਦੇ ਜਾਣੀ ਦਾ ਜਦੋਂ ਨੰਘਦਾ, ਟਾਂਚ ਕਰ ਕੇ ਦੌੜ ਜਾਂਦਾ, ਮੇਰੇ ਪੇ ਦਾ ਸਾਲਾ! ਸਾਰੇ ਪਿੰਡ ਵਿੱਚ ਮੇਰੀ ਉਮਰ ਦਾ ਕੋਈ ਬੰਦਾ-ਬੁੜ੍ਹੀ ਹੈਗਾ? ਇਹਨੂੰ ਔਂਤ ਜਾਣੇ ਨੂੰ ਫੇ ਸ਼ਰਮ ਨਈਂ ਆਉਂਦੀ ਮਸ਼ਕਰੀਆਂ ਕਰਦੇ ਨੂੰ।’ ਦਾਦੀ ਦੁਹਾਈ ਪਾਉਂਦੀ ਹੋਈ ਜਿਵੇਂ ਜਾਇਜ਼-ਨਾਜਾਇਜ਼ ਦਾ ਨਤਾਰਾ ਕਰਾਉਣਾ ਚਾਹੁੰਦੀ ਹੋਵੇ।

‘ਕੌਣ ਸੀ, ਪਤਾ ਤਾਂ ਲੱਗੇ?’ ਮਾਂ ਨੇ ਫਿਰ ਪੁੱਛਿਆ।

‘ਮੇਤੋਂ ਕਿਹੜਾ ਸਿਆਣ ਹੋਇਆ ਉੱਧਲ ਜਾਣੀ ਦਾ! ਫੁੜ੍ਹਕੀ ਪੈਣੇ ਦੀ ਲੂਹ ਹੋਣੀ ਜਬਾਨ ਈ ਪਛਾਣਦੀ ਆਂ! ਜੀਭ ਧੂਊਂਗੀ ਕਿਸੇ ਦਿਨ - ਹੱਥ ਆਬੇ ਇਕ ਬਾਰੀ!’ ਦਾਦੀ ਦੇ ਪੋਪਲੇ ਮੂੰਹ ਅੰਦਰ ਜੀਭ ਹੀ ਹਿੱਲਦੀ ਦਿਸਦੀ ਤੇ ਅੱਖਾਂ ਸੁੰਗੜੀਆਂ ਹੋਈਆਂ। ਉਹਦੇ ਸਿਰ ਦੇ ਚਾਂਦੀ ਰੰਗੇ ਚਮਕਦੇ ਵਾਲਾਂ ਦੀਆਂ ਦੋ ਕੁ ਲਿਟਾਂ ਪੁੜਪੁੜੀਆਂ ਉੱਤੇ ਲਮਕ ਰਹੀਆਂ ਸਨ। ਇਉਂ ਲਗਦਾ ਸੀ ਕਿ ਉਹ ਸੱਚਮੁਚ ‘ਉਸ ਫੁੜਕੀ ਪੈਣੇ’ ਨੂੰ ਟੋਲ ਕੇ ਕੱਚਾ ਚਬਾ ਲਵੇਗੀ।

ਦਾਦੀ ਉੱਚੀ-ਉੱਚੀ ਬੋਲਦੀ ਹੌਲੀ-ਹੌਲੀ ਘਰ ਕੋਲੋਂ ਪਿੰਡ ਦੀ ਗਭਲੀ ਗਲੀ ਦਾ ਮੋੜ ਟੱਪ ਗਈ। ਮੈਂ ਸੋਚਿਆ ਕਿ ਦਾਦੀ ਨੂੰ ਪੁੱਛਾਂ ਕਿ ਉਹ ਕਿਸ ਦੇ ਘਰ ਉਲਾਮਾ ਦੇਣ ਜਾ ਰਹੀ ਹੈ? ਮੈਂ ਡਰਦਾ ਚੁੱਪ ਰਿਹਾ। ਪਰ ਇਹ ਵੀ ਸਾਬਤ ਹੋ ਚੁੱਕਾ ਸੱਚ ਸੀ ਕਿ ਉਹਦੇ ਹੱਥ ਵਿਚਲੇ ਸੋਟੇ ਤੇ ਮਜ਼ਬੂਤ ਇਰਾਦੇ ਨੇ ਉਹਦੀ ਕਮਜ਼ੋਰ ਨਿਗਾਹ ਦੇ ਬਾਵਜੂਦ ਉਹਦੇ ਲੱਤਾਂ-ਪੈਰਾਂ ਨੂੰ ਕਦੀ ਲੜਖੜਾਉਣ ਨਹੀਂ ਸੀ ਦਿੱਤਾ। ਜਦੋਂ ਕਦੀ ਤੇ ਜਿੱਥੇ ਕਦੀ ਉਹਨੂੰ ਆਪਣੇ ਜਾਂ ਹੋਰਾਂ ਨਾਲ ਵਾਧਾ ਹੁੰਦਾ ਦਿਸਦਾ - ਉਹ ਉਸ ਦੇ ਖ਼ਿਲਾਫ਼ ਬੀੜਾ ਚੁੱਕ ਲੈਂਦੀ - ਸਿਰੜੀ, ਨਿਡਰ ਤੇ ਹੌਸਲਾ-ਬੁਲੰਦ ਵੀਰਾਂਗਣ ਵਾਂਗ ਮੈਦਾਨ ਸਹਿਜੇ ਕੀਤੇ ਨਾ ਛੱਡਦੀ। ਉਮਰ ਦੇ ਲਿਹਾਜ਼ ਉਹ ਹੰਭ ਗਈ ਲਗਦੀ ਪਰ ਹਾਰੀ ਨਹੀਂ ਸੀ।

ਦਾਦੀ ਨੂੰ ਉਹਦਾ ‘ਸ਼ਿਕਾਰ’ ਨਾ ਦਿਸਿਆ ਤੇ ਉਹ ਛੇਤੀ ਹੀ ਉਨ੍ਹੀਂ ਪੈਰੀਂ ਪਿੱਛੇ ਮੁੜ ਆਈ।

ਖ਼ੈਰ, ਏਨੇ ਨੂੰ ਦਾਦੀ ਦੁਆਲੇ ਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਤੇ ਨਿਆਣਿਆਂ ਦਾ ਝੁਰਮਟ ਪੈ ਗਿਆ। ਮੇਰੀ ਛੋਟੀ ਭੈਣ ਨੇ ਆ ਕੇ ਮਾਂ ਦਾ ਹੱਥ ਫੜ ਲਿਆ। ਨੰਗ-ਧੜੰਗੇ ਛੋਟੇ ਨਿਆਣਿਆਂ ਨੇ ਆਪਣੇ ਮੂੰਹ ਮੇਰੀ ਦਾਦੀ ਵਲ ਚੁੱਕੇ ਹੋਏ ਸਨ। ਉਨ੍ਹਾਂ ਵਿੱਚੋਂ ਕਈਆਂ ਦੀਆਂ ਕਾਲੀਆਂ-ਲਾਲ ਤੜਾਗੀਆਂ ਢਿੱਲੀਆਂ ਜਿਹੀਆਂ ਸਨ ਤੇ ਕੋਈ-ਕੋਈ ਜਣਾ ਉਨ੍ਹਾਂ ਵਿਚਲੇ ਕਾਲੇ-ਲਾਲ ਮਣਕਿਆਂ ਨੂੰ ਅੱਗੇ ਤੇ ਕਦੀ ਪਿੱਛੇ ਕਰ ਰਿਹਾ ਸੀ।

‘ਦੱਸ ਤਾਂ ਸਹੀ ਪਈ ਕੀ ਕਿਹਾ?’ ਮੇਰੀ ਇਕ ਤਾਈ ਨੇ ਕਾਹਲੀ ਪੈਂਦਿਆਂ ਪੁੱਛਿਆ। ਮੇਰੀ ਉਤਸੁਕਤਾ ਹੋਰ ਵਧ ਗਈ। ਸਾਰਿਆਂ ਦੇ ਮੂੰਹ ਤੇ ਨਜ਼ਰਾਂ ਸਵਾਲੀਆ ਨਿਸ਼ਾਨ ਬਣੇ ਹੋਏ ਸਨ। ਇਉਂ ਲਗਦਾ ਸੀ ਕਿ ਜੇ ਮੇਰੀਆਂ ਤਾਈਆਂ ਨੂੰ ਪੁਣ-ਛਾਣ ਤੋਂ ਬਾਅਦ ਪਤਾ ਲੱਗ ਜਾਵੇ ਤਾਂ ਉਹ ਊਧਮ ਮਚਾ ਦੇਣਗੀਆਂ। ਬੁਰੇ ਦੇ ਘਰ ਤਕ ਜਾਣੋਂ ਨਹੀਂ ਝਿਜਕਣਗੀਆਂ।

ਦਾਦੀ ਦਾ ਗੋਰਾ ਨਿਛੋਹ ਝੁਰੜੀਆਂ ਭਰਿਆ ਚਿਹਰਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ। ਉਹਨੇ ਆਪਣੇ ਸਿਰ ਦਾ ਪੱਲਾ ਸੁਆਰਦਿਆਂ ਦੱਸਿਆ, ‘ਡੁੱਬ ਜਾਣਾ ਜਾਂਦਾ-ਜਾਂਦਾ ਬਕਦਾ ਸੀ:

ਧੁਆਡੀ ਸੱਤੋ ਦੇ ਜਾਰ,
ਕੋਈ ਚੂਹੜਾ ਕੋਈ ਚਮਾਰ।

ਮੈਂ ਕਹਿੰਨੀ ਆਂ ਪਈ ਸੱਤੋ ਬਛੇਰੀ (ਵਛੇਰੀ) ਹੋਊਗੀ ਧੁਆਡੀ – ਹਰਾਮ ਦੀ ਅਲਾਦ!’ ਨਾਲ ਹੀ ਦਾਦੀ ਨੇ ਹੱਥ ਵਿਚਲਾ ਸੋਟਾ ਜ਼ਮੀਨ ਉੱਤੇ ਮਾਰਿਆ ਜਿਸ ਨਾਲ ‘ਠੱਕ’ ਦੀ ਹਲਕੀ ਜਿਹੀ ਆਵਾਜ਼ ਹੋਈ ਜੋ ਉਹਦੇ ਰੋਸ ਤੇ ਅਣਖ ਦੀ ਸ਼ਾਹਦੀ ਭਰਦੀ ਲਗਦੀ ਸੀ। ਮੈਨੂੰ ਜਾਪਿਆ ਕਿ ਉਹਦੇ ਕੋਲ ਗਾਲ੍ਹ-ਸ਼ਬਦਾਂ ਦੇ ਨੋਕੀਲੇ ਤੀਰਾਂ ਦਾ ਅਮੁੱਕ ਭੰਡਾਰ ਹੈ।’ਸ਼ਿਕਾਰ’ ਭਾਵੇਂ ਅੱਖੋਂ ਉਹਲੇ ਹੋ ਚੁੱਕਾ ਸੀ ਪਰ ਰੋਹ ਵਿਚ ਆਈ ਦਾਦੀ ਲਗਾਤਾਰ ਤੀਰ ਛੱਡੀ ਜਾ ਰਹੀ ਸੀ। ਉਹਦੀਆਂ ਦਲੀਲਾਂ ਦੀ ਅਹਿਮੀਅਤ ਆਪਣੇ ਥਾਂ ਸੀ।

ਦਾਦੀ ਦਾ ਰੌਲਾ-ਰੱਪਾ ਸੁਣ ਕੇ ਕੋਲ ਦੇ ਘਰਾਂ ਤੋਂ ਤਾਈ ਤਾਰੋ ਤੇ ਉਹਦੀ ਵੱਡੀ ਭੈਣ ਪ੍ਰਗਾਸ਼ੋ (ਜੱਟੀਆਂ) ਜੋ ਇਕੋ ਟੱਬਰ ਵਿਚ ਵਿਆਹੀਆਂ ਹੋਈਆਂ ਸਨ, ਸਾਡੇ ਕੋਲ ਆ ਖੜ੍ਹੀਆਂ ਹੋਈਆਂ। ਆਉਂਦਿਆਂ ਹੀ ਤਾਈ ਤਾਰੋ ਨੇ ਪੁੱਛਿਆ, ‘ਹਰੋ, ਅਈਡੀ ਕੀ ਗੱਲ ਹੋ ਗਈ ਜਿਹੜੀ ਅਈਨੀ ਸਿੰਗ ਮਿੱਟੀ ਚੱਕੀਊ ਆ।’

ਇਹ ਸੁਣਦਿਆਂ ਹੀ ਮੇਰੀਆਂ ਸੋਚਾਂ ਮੱਕੜ-ਜਾਲ ਬੁਣਨ ਲੱਗੀਆਂ - ਤਾਈ ਤਾਰੋ ਤੇ ਹੋਰ ਜੱਟ-ਜੱਟੀਆਂ ਸੌ ਦੇ ਦਹਾਕੇ ਨੂੰ ਢੁੱਕੀ ਮੇਰੀ ਦਾਦੀ ਨੂੰ ਉਹਦਾ ਨਾਂ ਲੈ ਕੇ ਬੁਲਾਉਂਦੀਆਂ, ਮੇਰੇ ਨਾਲ ਪੜ੍ਹਦੇ ਮੁੰਡੇ ਸਾਡੀ ਬਿਰਾਦਰੀ ਦੇ ਬੰਦਿਆਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਗੱਲ ਕਰਦੇ ਹਨ ਤੇ ਉਹ ਅੱਗੋਂ ਉਨ੍ਹਾਂ ਨੂੰ ‘ਸਰਦਾਰ ਜੀ’ ਕਹਿੰਦੇ ਹਨ। ਅਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਚਾਚੀ, ਤਾਈ, ਚਾਚਾ, ਤਾਇਆ, ਬਾਬਾ ਸੱਦਦੇ ਹਾਂ ਤੇ ਇਹ ਬਿਨਾਂ ਕਿਸੇ ਸੰਕੋਚ ਦੇ ਸਿੱਧਾ ਹੀ ਨਾਂ ਲੈਂਦੇ ਹਨ। ਫਿਰ ਖ਼ਿਆਲ ਆਇਆ ਕਿ ਇਸ ਸਭ ਕਾਸੇ ਵਿੱਚੋਂ ਸ਼ਾਇਦ ਜਾਤ ਤੇ ਜ਼ਮੀਨ ਦਾ ਹੰਕਾਰ ਬੋਲਦਾ ਹੈ। ਅਖੀਰ ਇਹ ਸੋਚ ਜਾਲ ਉਦੋਂ ਟੁੱਟਿਆ ਜਦੋਂ ਦਾਦੀ ਮੁੜ ਬੁੜ੍ਹਕੀ ਤੇ ਮੈਨੂੰ ਲੱਗਿਆ ਜਿਵੇਂ ਮੈਂ ਖਲਾਅ ਵਿੱਚੋਂ ਠੋਸ ਜ਼ਮੀਨ ਉੱਤੇ ਡਿਗ ਪਿਆ ਹੋਵਾਂ। ਹੁਣ ਮੇਰੀਆਂ ਅੱਖਾਂ ਦੇਖਣ ਤੇ ਕੰਨ ਸੁਣਨ ਲੱਗ ਪਏ ਸਨ। ਵਾਪਰ ਚੁੱਕੀ ਘਟਨਾ ਪ੍ਰਤਿ ਦਾਦੀ ਦਾ ਰੋਸ-ਮੁਜ਼ਾਹਰਾ ਲੋਕ ਪੂਰੀ ਸ਼ਿੱਦਤ ਨਾਲ ਦੇਖ-ਸੁਣ ਰਹੇ ਸਨ।

‘ਤਈਨੂੰ ਬਾਰਾਂ ਤਾਲੀ ਨੂੰ ਹਰ ਬੇਲੇ ਮਸ਼ਕੂਲਾ ਈ ਸੁੱਝਦਾ! ਬਿਨਾਂ ਸੋਚੇ-ਸੁਣੇ ਆ ਕੇ ਲੁਤਰ-ਲੁਤਰ ਕਰਨ ਡੈਹ ਪਈ ਆ।’ ਦਾਦੀ ਨੇ ਇੰਨਾ ਕਹਿ ਕੇ ਜਿਵੇਂ ਤਾਈ ਦੀ ਖੁੰਬ ਠੱਪੀ ਹੋਵੇ। ਤਾਈ ਦੇ ਵੀ ਅਫ਼ਰੀਨ ਕਿ ਉਹ ਦਾਦੀ ਦਾ ਰੋਹਬ ਸਹਿ ਲੈਂਦੀ ਸੀ ਤੇ ਉਹਦੇ ਮੋਹਰੇ ਕਦੀ ਆਕੜ ਕੇ ਨਹੀਂ ਬੋਲਦੀ ਸੀ। ਇਸ ਵਾਰ ਵੀ ਉਹ ਚੁੱਪ ਰਹੀ ਤੇ ਗੱਲ ਆਲੇ-ਟਾਲੇ ਪਾ ਦਿੱਤੀ ਪਰ ਬਾਕੀ ਜ਼ਨਾਨੀਆਂ ਮੁਸਕਰਾ ਪਈਆਂ ਸਨ। ਅਸੀਂ ਸਾਰੇ ਨਿਆਣੇ ਖ਼ਾਮੋਸ਼ ਖੜ੍ਹੇ ਸੀ।

ਏਸੇ ਦੌਰਾਨ ਫੁੰਮ੍ਹਣ ਹਵਾ ਦੇ ਵਰੋਲੇ ਵਾਂਗ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਆਪਣੀ ਆਦਤ ਮੁਤਾਬਿਕ ਉੱਚੀ-ਉੱਚੀ ਬੋਲਣ ਲੱਗ ਪਿਆ, ‘ਇਕ ਬਾਰੀ ਦਾਹੜ ਹੇਠ ਆ ਗਿਆ ਤਾਂ ਫਿੰਹਜੂ ਕੱਢ ਦਊਂ - ਇਹਨੂੰ ਉੱਲੂ ਦੇ ਪੱਠੇ ਨੂੰ ਛਿੱਦਰ ਛੇੜਨ ਦੀ ਬਮਾਰੀ ਆ।’

‘ਓਅ ਹੋ! ਪਤਾ ਤਾਂ ਲੱਗੇ ਪਈ ਕੌਣ ਸੀ?’ ਤਾਈ ਤਾਰੋ ਨੇ ਮੁੜ ਪੁੱਛਿਆ।

‘ਧੁਆਨੂੰ ਜਿੱਦਾਂ ਪਤਾ ਨਈਂ? ਅੱਗ ਲਾਈ ਤੇ ਡੱਬੂ ਨਿਆਈਏਂ! ਕਦੀ ਕਿਤੇ ਸ਼ੁਰਲੀ ਛੱਡ ਗਿਆ - ਕਦੀ ਕਿਤੇ ਚਿੰਜੜੀ ਛੇੜ ਗਿਆ! ਚਾਰ ਸਿਆੜ ਕੀ ਹੋਏ ਚੰਦ ’ਤੇ ਥੁੱਕਣੋਂ ਨਈਂ ਹਟਦੇ!’ ਫੁੰਮ੍ਹਣ ਨੇ ਗੁੱਸੇ ਵਿਚ ਦੰਦ ਪੀਂਹਦਿਆਂ ਕਿਹਾ। ਮੇਰੇ ਝੂਠੇ ਜਿਹੇ ਪਏ ਸਰੀਰ ਵਿਚ ਜਿਵੇਂ ਨਵੇਂ ਸਿਰਿਓਂ ਤਾਕਤ ਆ ਗਈ ਤੇ ਹੱਥ ਬਦੋਬਦੀ ਦਾਦੀ ਦਾ ਸੋਟਾ ਫੜਨ ਨੂੰ ਪਏ। ਮੇਰਾ ਸਰੀਰ ਕੰਬ ਜਿਹਾ ਗਿਆ। ਪਲ ਕੁ ਬਾਅਦ ਮੈਂ ਕਿਸੇ ਭੋਲੇ ਜਿਹੇ ਮੁੰਡੇ ਵਾਂਗ ਦਾਦੀ ਕੋਲ ਖੜ੍ਹਾ ਸੀ। ਪਰ ਮੈਨੂੰ ਜਾਪਿਆ ਜਿਵੇਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਮੇਰਾ ਵਾਸਤਾ ਸ਼ੁਰੂ ਹੋ ਚੁੱਕਾ ਹੈ।

‘ਓਦਣ ਦਾ ਚੇਤਾ ਭੁੱਲ ਗਿਆ? ਜਿੱਦਣ ਬਾਬਿਆਂ ਦੇ ਭਗਤੇ ਨੂੰ ਘਰ ਬਾੜ ਕੇ ਆਏ ਸੀ! ਓਹਲਾਂ ਚਈਂ-ਚਈਂ ਕਰਨ ਡੈਹ ਪਏ ਸੀ ਸਾਰੇ!’ ਦਾਦੀ ਨੇ ਇਕ ਪਿਛਲਾ ਵਾਕਿਆ ਯਾਦ ਕੀਤਾ ਤੇ ਕਰਾਇਆ।

‘ਕੀ ਗੱਲ ਹੋਈ ਸੀ ਉਦੋਂ?’ ਮੈਂ ਦਾਦੀ ਦੇ ਗੁੱਸੇ ਦੌਰਾਨ ਡਰਦਿਆਂ-ਡਰਦਿਆਂ ਉਹਦਾ ਹੱਥ ਫੜ ਕੇ ਪੁੱਛਿਆ।

‘ਅਈਥੇ ਈ ਖੱਡੀਆਂ ਵਿੱਚ ਆ ਕੇ ਭਗਤੇ ਨੇ ਜਾਗਰ ਚੌਂਕੀਦਾਰ ਨੂੰ ਧੌਂਸ ਦੇ ਕੇ ਕਿਹਾ ਪਈ ਮੇਰੇ ਨਾਲ ਪੱਠੇ ਕਤਰਾ! ਉਹਨੇ ਮੋਹਰਿਓਂ ਕਿਹਾ ਪਈ ਮੇਰਾ ਬਿਹਲ ਨਈਂ - ਐਸ ਗੱਲ ’ਤੇ ਭਗਤੇ ਨੇ ਉਹਦੇ ਸੋਟੇ ਮਾਰਤੇ!’ ਦਾਦੀ ਨੇ ਆਪਣਾ ਫੜਿਆ ਹੱਥ ਝਟਕੇ ਨਾਲ ਮੈਥੋਂ ਛੁਡਾ ਕੇ ਪਿਛਾਂਹ ਹਟਾ ਲਿਆ।

‘ਹੈਂ? ਫੇ?’ ਮੈਂ ਕਾਹਲੀ ਬੋਲ ਕੇ ਪੁੱਛਿਆ।

‘ਫੇ ਕੀ? ਸਾਰੀ ਚਮ੍ਹਾਰਲੀ ਮਗਰ ਪੈ ਗਈ। ਉਹ ਦਿਨ ਜਾਬੇ ਤੇ ਅੱਜ ਦਾ ਆਬੇ, ਭਗਤੇ ਨੇ ਮੁੜ ਕੇ ਏਸ ਮਹੱਲੇ ਆ ਕੇ ਨਾ ਏਦਾਂ ਦੀ ਹਰਕਤ ਕੀਤੀ ਤੇ ਨਾ ਈ ਅੱਖ ਚੱਕੀ। ... ਹਈਦਾਂ ਰੋਜ ਮੱਲੋਜੋਰੀ ਬੁੱਤੀਆਂ ਕਰਾਉਣ ਲੈ ਜਾਂਦੇ ਰਹੇ ਆ!’ ਦਾਦੀ ਨੇ ਹੋਰਨਾਂ ਤੇ ਮੇਰੀਆਂ ਹੈਰਾਨੀ ਭਰੀਆਂ ਨਿਗਾਹਾਂ ਵਲ ਦੇਖਦਿਆਂ ਦੱਸਿਆ। ਤੇ ਨਾਲ ਹੀ ਮੇਰੀਆਂ ਸੋਚਾਂ ਦੀ ਸੂਈ ਬੁੱਤੀਆਂ-ਬੇਗਾਰਾਂ, ਭਿੱਟ, ਊਚ-ਨੀਚ, ਛੂਤ-ਛਾਤ ਦੇ ਵਿਚਾਰਾਂ ਉੱਤੇ ਫਸ ਕੇ ਰਹਿ ਗਈ ਜਿਵੇਂ ਲੰਬੜਾਂ ਦੇ ਦਾਸ ਦੀ ਮਿੰਦ੍ਹੋ ਦੇ ਵਿਆਹ ਨੂੰ ‘ਲੱਕ ਹਿੱਲੇ ਮਜਾਜਣ ਜਾਂਦੀ ਦਾ’ ਤਵੇ ਉੱਤੇ ਸੂਈ ਅਟਕ ਗਈ ਸੀ ਤੇ ਵਾਰ-ਵਾਰ ਇਹੋ ਇੰਨਾ ਕੁ ਮੁਖੜਾ ‘ਲੱਕ ਹਿੱਲੇ’ ‘ਲੱਕ ਹਿੱਲੇ’ ਹੀ ਸੁਣ ਰਿਹਾ ਸੀ। ਸੂਈ ਚੁੱਕ ਲੈਣ ਮਗਰੋਂ ਵਾਂਗ ਜਦੋਂ ਮੈਂ ਆਪਣੇ-ਆਪ ਵਿਚ ਪਰਤਿਆ ਤਾਂ ਅਹਿਸਾਸ ਹੋਇਆ ਕਿ ਇਸ ਨਵੇਂ-ਨਵੇਂ ਚੱਲੇ ਤਵੇ ਉੱਤੇ ਸੂਈ ਰੁਕ ਸਕਦੀ ਹੈ ਤਾਂ ਇਨ੍ਹਾਂ ਖ਼ਿਆਲਾਂ ਦਾ ਮੇਰੇ ਮਨ ਵਿਚ ਮੁੜ-ਮੁੜ ਆਉਣਾ ਸੁਭਾਵਿਕ ਹੈ। ਦਾਦੀ, ਭਾਈਆ, ਤਾਇਆ ਤੇ ਸਾਰੀ ਬਿਰਾਦਰੀ ਨਿੱਤ ਏਹੀ ਗੱਲਾਂ ਕਰਦੇ ਹਨ। ਮੈਨੂੰ ਇਕਦਮ ਸੁੱਝਿਆ ਕਿ ਇਸ ਅਦਿੱਖ ਬੋਝ ਤੋਂ ਛੁਟਕਾਰਾ ਪਾਉਣ ਲਈ ਦਿਨ-ਰਾਤ ਇਕ ਕਰ ਦਿਆਂ। ਇਹ ਖ਼ਿਆਲ ਵੀ ਸਹਿਬਨ ਹੀ ਆਇਆ ਕਿ ਨਵਾਂ ਸੁਣਨ-ਸਮਝਣ ਲਈ ਸੂਈ ਅੱਗੇ ਤੁਰਨੀ ਚਾਹੀਦੀ ਹੈ।

ਮੇਰੀ ਮਾਂ ਨੇ ਫਿਰ ਆਖਿਆ, ‘ਚਲ ਦਫ਼ਾ ਕਰ ਮਾਂ! ਬਥੇਰਾ ਦਾਦਾ ਦਾਹੜੀ ਹੱਗ ਲਿਆ ਤੂੰਮ੍ਹੀਂ!’

‘ਮਾਂ ਰੋਟੀ ਖਾ ਤੂੰ! ਮੈਂ ਤਵੰਝ ਉੜਾਊਂ ਰੀਂਡੇ ਜਿਹੇ ਦਾ, ਜਿਹੜਾ ਵੇਰ੍ਹਿਆ ਫਿਰਦਾ!’ ਫੁੰਮ੍ਹਣ ਦਾਦੀ ਨੂੰ ਬਾਹੋਂ ਫੜ ਕੇ ਸਾਡੇ ਘਰ ਲਿਆਉਣ ਵੇਲੇ ਆਖਣ ਲੱਗਾ, ‘ਜਿਹੜਾ ਉੱਠਦਾ ਪਈਲਾਂ ਜਾਤ ਦਾ ਮੇਹਣਾ ਮਾਰਦਾ - ਸਬਿਹਾਰ ਨੂੰ ਢਾਈ-ਢਾਈ ਕਿੱਲੇ ਹਿੱਸੇ ਨਈਂ ਆਉਂਦੀ - ਬਣੇ ਫਿਰਦੇ ਆ ਬੜੇ ਲਾਟੀਕਾਨ।’

‘ਫੁੰਮ੍ਹਣਾ ਕਾਹਨੂੰ ਭੜਥੂ ਪਾਈ ਜਾਨਾ, ਸੱਪ ਨੰਘ ਗਿਆ - ਲੀਕ ’ਤੇ ਸੋਟੇ ਮਾਰ ਕੇ ਕੀ ਲੱਭਣਾ?’ ਤਾਈ ਤਾਰੋ ਨੇ ਸਮਝਾਉਂਦਿਆਂ ਆਖਿਆ।

‘ਅਖੇ ਧੁਆਡੀ ਸੱਤੋ ਦੇ ਜਾਰ, ਕੋਈ ਚੂਹੜਾ ਕੋਈ ਚਮਾਰ - ਸਾਡੀਆਂ-ਧੁਆਡੀਆਂ ਕੁੜੀਆਂ ਵਿੱਚ ਕੋਈ ਫਰਕ ਆ? ਨਾਲੇ ਚਾਚੀ ਤੂੰ ਈ ਦੱਸ ਪਈ ਓਹਲਾਂ ਤਾਂ ਖੂਹ ਦਾ ਪਾਣੀ ਭਿੱਟ ਨਈਂ ਹੋਇਆ, ਨਾ ਈ ਸਾਡੀ ਜਾਤ ਦਿਸੀ ਜਿਹਲਾਂ ਮੇਰੇ ਭਾਈਏ ਨੇ ਲੀੜਿਆਂ ਸਣੇ ਖੂਹ ਵਿੱਚ ਛਾਲ ਮਾਰ ਕੇ ਧੰਨੀ ਸੁਨਿਆਰੀ ਦੀ ਧੀ ਨੂੰ ਬਾਹਰ ਕੱਢਿਆ ਸੀ!’ ਫੁੰਮਣ ਗੁੱਸੇ ਵਿਚ ਹਲਫ਼ੀਆ ਬਿਆਨ ਦਿੰਦਾ ਜਾ ਰਿਹਾ ਸੀ। ਉਹਦੇ ਮੱਥੇ ਉਤਲਾ ਪਸੀਨਾ ਤੁਪਕਿਆਂ ਦਾ ਰੂਪ ਧਾਰ ਕੇ ਉਹਦੇ ਝੱਗੇ ਤੇ ਜ਼ਮੀਨ ਉੱਤੇ ਡਿਗਣ ਲੱਗ ਪਿਆ।

ਇਹ ਸੁਣ ਕੇ ਮੇਰੇ ਲੂੰ ਖੜ੍ਹੇ ਹੋ ਗਏ। ਧੰਨੀ ਦੀ ਛੋਟੀ ਧੀ ਮੈਨੂੰ ਖੂਹ ਵਿਚ ਗੋਤੇ ਖਾਂਦੀ ਤੇ ਜਾਨ ਬਚਾਉਣ ਲਈ ਹੱਥ-ਪੈਰ ਮਾਰਦੀ ਦਿਸੀ ਤੇ ਫਿਰ ਮੇਰਾ ਸਭ ਤੋਂ ਵੱਡਾ ਤਾਇਆ ਪ੍ਰਤਾਪਾ ਉਹਨੂੰ ਬਚਾਉਂਦਾ ਹੋਇਆ। ਇਹ ਸੋਚਦਿਆਂ ਮੈਨੂੰ ਹਲਕੀ ਜਿਹੀ ਤ੍ਰੇਲੀ ਆ ਗਈ। ਦਿਲ ਦੀ ਧੜਕਣ ਕੁਝ ਪਲਾਂ ਲਈ ਜਿਵੇਂ ਰੁਕ ਗਈ ਲੱਗੀ। ਅੰਤ ਮੈਨੂੰ ਹਉਕੇ ਵਰਗਾ ਲੰਮਾ ਸਾਹ ਆਇਆ ਤੇ ਨਾਲ ਹੀ ਇਹ ਸੋਚ-ਲੜੀ ਟੁੱਟ ਗਈ।

ਦਰਅਸਲ, ਪਿੰਡ ਦੀ ਇਕ ਧੀ ਵਲੀਆਂ ਦੇ ਖੂਹ ਵਿੱਚੋਂ ਪਾਣੀ ਭਰੇ ਭਾਰੇ ਡੋਲ ਨੂੰ ਖਿੱਚਦੀ ਆਪ ਹੀ ਖੂਹ ਵਿਚ ਖਿੱਚੀ ਗਈ ਸੀ ਕਿਉਂਕਿ ਘੁੱਟ ਕੇ ਫੜੀ ਲੱਜ ਨੂੰ ਛੱਡਣ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ ਸੀ। ਓਧਰ ਨੇੜੇ ਹੀ ਗੋਰੇ ਛੱਪੜ ਕੋਲ ਤੁਰੇ ਆਉਂਦੇ ਮੇਰੇ ਤਾਏ ਪ੍ਰਤਾਪੇ ਨੇ ਇਹ ਸਭ ਕੁਝ ਦੇਖ ਲਿਆ। ਉਹਨੇ ਅੱਗਾ ਦੇਖਿਆ ਨਾ ਪਿੱਛਾ - ਖੂਹ ਵਿੱਚ ਛਾਲ ਮਾਰ ਦਿੱਤੀ ਤੇ ਕੁੜੀ ਨੂੰ ਜਿਉਂਦੀ ਬਚਾ ਲਿਆ ਸੀ।

ਏਸੇ ਦੌਰਾਨ ਦਾਦੀ ਅਜੇ ਬਾਹਰਲੇ ਬੂਹੇ ਦੀ ਸਰਦਲ ਟੱਪੀ ਹੀ ਸੀ ਕਿ ਸੰਖ ਦੀ ਆਵਾਜ਼ ਸੁਣੀ। ਮੈਂ ਆਲੇ-ਦੁਆਲੇ ਝਾਕਣ ਲੱਗਾ।

‘ਲਗਦਾ ਘੋੜਿਆਂ ਦੇ ਬੁੜ੍ਹੇ ਦਾ ਭੋਗ ਪੈ ਗਿਆ!’ ਤਾਈ ਤਾਰੋ ਨੇ ਸਰਸਰੀ ਜਿਹੇ ਹੋਰਾਂ ਨੂੰ ਸੁਣਾ ਕੇ ਕਿਹਾ। ਉਹ ਦੋਵੇਂ ਭੈਣਾਂ ਸਾਡੇ ਘਰ ਦੀ ਗਲੀ ਦੇ ਮੋੜ ਉੱਤੇ ਹਾਲੇ ਵੀ ਖੜ੍ਹੀਆਂ ਸਨ।

‘ਓਹ ਬੀ ਪੈ ਗਿਆ ਹਊ ਪਰ ਸੰਖ ਤਾਂ ਅਈਧਰ ਬੋਲਦਾ! ਔਹ ਦੇਖੋ ਨਾਂਗਿਆਂ ਦੇ ਘਰ ਕੋਲ ਰਾਮ ਗਊਆਂ ਆਲੇ ਸੰਖ ਵਜਾਉਂਦੇ ਆਉਂਦੇ ਆ!’ ਤਾਈ ਪ੍ਰਗਾਸ਼ੋ ਨੇ ਆਪਣਾ ਮੂੰਹ ਦੱਖਣ ਵਲ ਘੁਮਾ ਕੇ ਸੱਜਾ ਹੱਥ ਅਗਾਂਹ ਨੂੰ ਫੈਲਾਅ ਕੇ ਦੱਸਿਆ।

ਹੋਰ ਨਿਆਣੇ ਤੇ ਮੈਂ ਗਊਆਂ ਵਲ ਨੂੰ ਦੁੜੰਗੇ ਮਾਰਦੇ ਦੌੜ ਗਏ ਜਿਨ੍ਹਾਂ ਦੇ ਸਿੰਗ ਮੋਹਰਿਓਂ ਬਹੁਤ ਹੀ ਪਤਲੇ-ਲੰਮੇ ਅਤੇ ਮੁੱਢ ਤਕ ਲਿਸ਼ਕਾਂ ਮਾਰ ਰਹੇ ਸਨ। ਨਿਰੇ ਸੰਗਮਰਮਰ ਵਰਗੇ। ਕਈ ਗਊਆਂ ਦੇ ਸਿੰਗਾਂ ਦੇ ਸਿਰਿਆਂ ਉੱਤੇ ਪਿੱਤਲ ਦੀਆਂ ਫੁੱਲਦਾਰ ਬੂਬੀਆਂ ਚੜ੍ਹਾਈਆਂ ਹੋਈਆਂ ਸਨ। ਹੌਲੀ-ਹੌਲੀ ਇਹ ਵੱਗ ਸਾਡੇ ਘਰਾਂ ਵਲ ਨੂੰ ਤੁਰਦਾ ਆ ਰਿਹਾ ਸੀ। ਅਜਿਹੀਆਂ ਨਿਰਾਲੀਆਂ ਗਊਆਂ ਸਾਲ ਵਿਚ ਦੋ-ਤਿੰਨ ਵਾਰ ਦੇਖਣ ਵਿੱਚ ਆਉਂਦੀਆਂ। ਪੱਚੀ-ਤੀਹ, ਪੈਂਤੀ ਦੀ ਗਿਣਤੀ ਤੱਕ ਦੀਆਂ ਇਨ੍ਹਾਂ ਗਊਆਂ ਦੇ ਰੰਗ ਚਿੱਟੇ ਹੁੰਦੇ। ਕਿਸੇ ਕਿਸੇ ਦਾ ਰੰਗ ਲਾਖਾ ਜਾਂ ਕਾਲਾ ਹੁੰਦਾ ਜਿਸ ਨੂੰ ਉਹ ਕਪਲਾ-ਗਊ ਕਹਿੰਦੇ। ਲੋਕ ਇਸ ਵੱਗ ਮੋਹਰੇ ਕੜਬ, ਹਰੇ ਜਾਂ ਸੁੱਕੇ ਬਾਜਰੇ-ਚਰ੍ਹੀ ਦੇ ਕਲਾਵੇ ਭਰ-ਭਰ ਪਾਉਂਦੇ ਜਾਂ ਫਿਰ ਇਨ੍ਹਾਂ ਦੇ ਅੱਗੇ ਪੂਰੇ ਦੇ ਪੂਰੇ ਪੂਲੇ-ਭਰੀਆਂ ਲਿਆ ਕੇ ਸੁੱਟਦੇ। ਉਹ ਪੱਤੇ ਖਾਂਦੀਆਂ ਤੇ ਟਾਂਡਿਆਂ ਦੇ ਡੰਡਲ ਜਿਹੇ ਛੱਡ ਕੇ ਫਿਰ ਹੋਰਾਂ ਨੂੰ ਮੂੰਹ ਮਾਰਨ ਲੱਗ ਪੈਂਦੀਆਂ। ਨਿੱਕੇ ਨਿੱਕੇ ਵੱਛੀਆਂ-ਵੱਛੇ ਆਪਣੀਆਂ ਮਾਵਾਂ ਦੇ ਚੱਡਿਆਂ ਵਿਚ ਆਪਣੀਆਂ ਬੂਥੀਆਂ ਵਾੜਦੇ। ਕਈ ਦੁੱਧ ਚੁੰਘ ਲੈਣ ਦਿੰਦੀਆਂ ਤੇ ਕਈ ਛੜਾਂ ਮਾਰਦੀਆਂ ਅਗਾਂਹ ਤੁਰ ਪੈਂਦੀਆਂ। ਇਹ ਤਮਾਸ਼ਾ ਦੇਖਦਿਆਂ ਮੇਰਾ ਮਨ ਖ਼ੁਸ਼ੀ ਭਰਿਆ ਦਰਿਆ ਬਣ ਕੇ ਵਹਿਣ ਲੱਗ ਪੈਂਦਾ। ਜਦੋਂ ਗਊਆਂ-ਵੱਛੀਆਂ ਬਾਰੇ ਮੈਂ ਹੁੱਬ ਕੇ ਆਪਣੀ ਹੁਸ਼ਿਆਰੀ ਦੱਸਣ ਦੀ ਰੌਂਅ ਵਿਚ ਘਰ ਵਲ ਅਹੁਲਿਆ ਤਾਂ ਭਾਈਏ ਦੀ ਆਖੀ ਗੱਲ ਚਾਣਚੱਕ ਚੇਤੇ ਆਈ:

ਵੱਛਾ ਚੁੰਘੇ ਗਊ ਨੂੰ ਕਦੇ ਨਾ ਦੱਸੀਏ!
ਆਪ ਗੱਲ ਕਰ ਕੇ ਕਦੇ ਨਾ ਹੱਸੀਏ!

ਏਨੇ ਨੂੰ ਭਾਈਏ ਨੇ ਪੱਠਿਆਂ ਦੀ ਪੰਡ ਵਗਾਹ ਕੇ ਵਿਹੜੇ ਦੇ ਇਕ ਖੂੰਜੇ ਵਿਚ ਸੁੱਟੀ ਜਿਸ ਨਾਲ ਧੂੜ ਦਾ ਇਕ ਹਲਕਾ ਜਿਹਾ ਬੱਦਲ ਨੁਮਾ ਗ਼ੁਬਾਰ ਖਲਾਅ ਵਿਚ ਉੱਠਿਆ। ਮੈਂ ਦੌੜ ਕੇ ਘਰੋਂ ਗਊਆਂ-ਵੱਛੀਆਂ ਵਾਸਤੇ ਲੈਰੇ ਤੇ ਹਰੇ ਪੱਠੇ ਲੈਣ ਗਿਆ। ਭਾਈਏ ਦਾ ਝੱਗਾ ਮੁੜ੍ਹਕੇ ਨਾਲ ਭਿੱਜਾ ਹੋਇਆ ਸੀ ਤੇ ਉਹ ਸਿਰ ਤੋਂ ਪਰਨਾ ਲਾਹ ਕੇ ਮੂੰਹ ਤੇ ਗਲ ਦੁਆਲੇ ਫੇਰ ਰਿਹਾ ਸੀ। ਮੈਂ ਪੰਡ ਵਲ ਗਿਆ। ਭਾਈਆ ਮੈਨੂੰ ਉੱਖੜੀ ਕੁਹਾੜੀ ਵਾਂਗ ਪਿਆ, ‘ਖ਼ਬਰਦਾਰ ਜੇ ਪੱਠਿਆਂ ਦਾ ਰੁੱਗ ਵੀ ਚੱਕਿਆ ਤਾਂ - ਏਸ ਬੇਹਲੜ ਟੋਲੇ ਨੇ ਤਾਂ ਧੰਦਾ ਬਣਾਇਆ ਆ - ਵਾਲ ਚੋਪੜ ਲਏ - ਮੱਥੇ ’ਤੇ ਗੇਰੂਏ ਰੰਗ ਦੀਆਂ ਤਿੰਨ ਕੁ ਲੀਕਾਂ ਲੰਮੇ ਦਾਅ ਜਾਂ ਖੜ੍ਹੇ ਦਾਅ ਮਾਰ ਲਈਆਂ ਤੇ ਨਿੱਕਲ ਪਏ ਜਲੰਧਰ ਦੀ ਗਊਸ਼ਾਲਾ ਵਿੱਚੋਂ ਬੱਗ ਲੈ ਕੇ। ਕੋਈ ਪੁੱਛਣ ਆਲਾ ਹੋਬੇ ਪਈ ਰਾਮ ਗਾਮਾਂ ਚਾਰਦਾ ਸੀ? ਉਮਰ ਤਾਂ ਉਹਨੇ ਜੰਗਲਾਂ ਵਿੱਚ ਗਾਲ ਲਈ ਤੇ ਅਖੀਰ ਤੀਮੀ ਖਾਤਰ ਲੜਦਾ-ਭਿੜਦਾ ਰਿਹਾ।’

‘ਬੱਸ ਦੋ ਕੁ ਮੁੱਠਾਂ ਔਹ ਗਾਂ ਨੂੰ ਪਾਉਣੀਆਂ ਜਿਹਦੀ ਢੁੱਠ ਉੱਤੇ ਪੰਜਮੀ ਲੱਤ ਉੱਗੀਊ ਆ।’ ਮੈਂ ਭਾਈਏ ਦਾ ਤਰਲਾ ਕੀਤਾ ਤੇ ਨਾਲ ਹੀ ਉਸ ਲੱਤ ਨੂੰ ਨਿਹਾਰਦਾ ਰਿਹਾ ਜੋ ਗਾਂ ਦੀ ਪਿੱਠ ਉੱਤੇ ਇੱਧਰ ਤੇ ਕਦੀ ਉੱਧਰ ਲਮਕ ਜਾਂਦੀ ਸੀ।

‘ਇਸ ਲਾਣੇ ਨੇ ਇਨ੍ਹਾਂ ਗੱਲਾਂ ਦਾ ਤਾਂ ਢੌਂਗ ਰਚਾਇਆ ਹੋਇਆ ਮੰਗ-ਖਾਣ ਨੂੰ। ਜੇ ਰਾਮ ਦੀਆਂ ਗਊਆਂ ਤਾਂ ਫਿਰ ਉਹਨੇ ਕਿਸੇ ’ਤੇ ਜੀਭ ਅਰਗਾ ਲਮਕਦਾ ਮਾਸ ਜਾਂ ਪੰਜਮੀ ਲੱਤ ਕਿਉਂ ਲਾਈਊ ਆ?’ ਦੱਸੇ ਤਾਂ ਕੋਈ?’ ਭਾਈਆ ਜਿਵੇਂ ਕੋਈ ਬਹੁਤ ਵੱਡਾ ਰਹੱਸ ਪੇਸ਼ ਕਰ ਰਿਹਾ ਸੀ ਜਿਸ ਵਿੱਚੋਂ ਇਕ ਵੰਗਾਰ ਭਰਿਆ ਸਵਾਲ ਝਲਕਦਾ ਸੀ।

‘ਸਾਰਾ ਮੁਲਖ ਗਾਂ ਨੂੰ ਮਾਂ ਕਰ ਕੇ ਪੂਜਦਾ ਤੇ ਤੂੰ ਇਸ ਬਲੂਰ ਨੂੰ ਉਲਟੇ ਪਹਾੜੇ ਪੜ੍ਹਾਉਣ ਡਿਹਾ ਆਂ।’ ਮਾਂ ਨੇ ਦਲਾਨ ਵਿੱਚੋਂ ਆਉਂਦਿਆਂ ਆਟੇ ਲਿੱਬੜੇ ਹੱਥ ਝਾੜਦਿਆਂ ਆਖਿਆ। ਮੈਨੂੰ ਲੱਗਿਆ ਕਿ ਆਟਾ ਗੁੰਨ੍ਹਦੀ ਮਾਂ ਨੇ ਸਾਡੀ ਸਾਰੀ ਗੱਲਬਾਤ ਸੁਣ ਲਈ ਸੀ।

‘ਤਈਨੂੰ ਕੀ ਪਤਾ ਇਨ੍ਹਾਂ ਦੀਆਂ ਚੋਰੀਆਂ-ਚਲਾਕੀਆਂ ਦਾ! ਲਾਹੌਰੀ ਰਾਮ ਬਾਲੀ ਨੇ ਭੋਗਪੁਰ-ਆਦਮਪੁਰ ਦੇ ਜਲਸਿਆਂ ਵਿੱਚ ਦੱਸਿਆ ਸੀ ਪਈ ਸਾਰੇ ਬਾਹਮਣ ਪਈਲਾਂ ਗਊਆਂ-ਵੱਛੀਆਂ ਦਾ ਮਾਸ ਖਾਂਦੇ ਹੁੰਦੇ ਸੀ। ਕਹਿੰਦੇ ਸੀ ਪਈ ਹਿੰਦੂਆਂ ਦੇ ਗਰੰਥਾਂ ਵਿੱਚ ਲਿਖਿਆ ਹੋਇਆ ਕਿ ਸਰਾਧ ਵਿੱਚ ਬਾਹਮਣ ਨੂੰ ਗਾਂ ਦਾ ਮਾਸ ਖਲਾਉਣ ਨਾਲ ਜਾਦਾ ਪੁੰਨ ਲਗਦਾ।’ ਭਾਈਆ ਸੁਣੀਆਂ ਗੱਲਾਂ ਨੂੰ ਸੁਣਾਉਂਦਾ ਕਿਸੇ ਗਿਆਨੀ ਤੋਂ ਘੱਟ ਨਹੀਂ ਸੀ ਲਗਦਾ। ਉਸ ਨੇ ਥੋੜ੍ਹਾ ਜਿਹਾ ਹੱਸ ਕੇ ਫਿਰ ਕਿਹਾ, ‘ਹੋਰ ਸੁਣ ਲਾ, ਕਹਿੰਦੇ ਸੀ ਪਈ ਗਰੰਥਾਂ ਵਿੱਚ ਇਹ ਬੀ ਲਿਖਿਆ ਹੋਇਆ, ਸਰਾਧ ਵਿੱਚ ਜਿਹੜਾ ਆਦਮੀ ਮਾਸ ਨਈਂ ਖਾਂਦਾ, ਉਹ ਮਰਨ ਤੋਂ ਬਾਅਦ ਇੱਕੀ ਜਨਮਾਂ ਤਕ ਪਸੂ ਬਣਦਾ ਰਈਂਦਾ ਆ!'

‘ਤੇਰੀ ਮੱਤ ਤਾਂ ਮਾਰੀਊ ਈਆ, ਕਿਤੇ ਮੁੰਡਿਆਂ ਦੀ ਬੁੱਧੀ ਨਾ ਭ੍ਰਿਸ਼ਟ ਕਰ ਦਈਂ! ਗੋਕਾ ਦੁੱਧ ਤਾਂ ਨਿਆਮਤ ਆ - ਛੱਤੀ ਪਦਾਰਥ ਬਣਦੇ ਆ ਏਹਤੋਂ। ਏਸੇ ਕਰ ਕੇ ਨਹੰਗ ਟਾਂਡੇ ਮੰਡੀ ਵਿੱਚ ਗਾਮਾਂ ਦੇ ਰੱਸੇ ਬੱਢ ਕੇ ਉਨ੍ਹਾਂ ਨੂੰ ਨਠਾ ਦਿੰਦੇ ਆ ਪਈ ਕਿਤੇ ਬੁੱਚੜ ਖਰੀਦ ਕੇ ਨਾ ਲੈ ਜਾਣ।’ ਮਾਂ ਨੇ ਥੋੜ੍ਹਾ ਤੱਤੀ ਹੋ ਕੇ ਫਿਰ ਆਖਿਆ, ‘ਕਿਉਂ ਅਨਰਥ ਕਰੀ ਜਾਨਾਂ? ਪੁੰਨ-ਪਾਪ ਕਰ ਕੇ ਈ ਜਮੀਨ-ਅਸਮਾਨ ਬੱਝਾ ਆ।’

‘ਬਾਹਮਣਾਂ ਨੂੰ ਦਾਨ ਕਰ ਕੇ? ਇਸ ਮੰਗ ਖਾਣੀ ਕੌਮ ਨੇ ਕਦੀ ਹੱਥੀਂ ਕੰਮ ਨਈਂ ਕੀਤਾ - ਜਿਨ੍ਹਾਂ ਦੇ ਸਿਰ ’ਤੇ ਮਉਜਾਂ ਲੁੱਟਦੇ ਆ - ਉਨ੍ਹਾਂ ਨੂੰ ਕਦੀ ਨੇੜੇ ਨਈਂ ਢੁੱਕਣ ਦਿੱਤਾ। ਮੈਂ ਕਦੋਂ ਕਈਨਾ ਪਈ ਗਾਮਾਂ ਸਾਡੀਆਂ ਮਾਮਾਂ ਨਈਂ, ਸਾਰਾ ਟੱਬਰ ਇਨ੍ਹਾਂ ਦੇ ਸਿਰ ’ਤੇ ਪਲਦਾ।’ ਭਾਈਆ ਲਗਾਤਾਰ ਬੋਲੀ ਜਾ ਰਿਹਾ ਸੀ। ਮੈਂ ਹੈਰਾਨ ਸੀ ਕਿ ਭਾਈਏ ਨੂੰ ਬੇਸ਼ੁਮਾਰ ਗੱਲਾਂ ਦਾ ਪਤਾ ਹੈ ਜੋ ਉਹਦੇ ਦਿਲ ਵਿਚ ਸੂਲਾਂ ਵਾਂਗ ਖੁੱਭੀਆਂ ਹੋਈਆਂ ਹਨ। ਇਨ੍ਹਾਂ ਕਰ ਕੇ ਉਹਦਾ ਮੂੰਹ ਕਈ ਵਾਰ ਉੱਤਰ ਜਿਹਾ ਜਾਂਦਾ ਹੈ।

‘ਸਾਡੇ ਕੋਲੋਂ ਉਨ੍ਹੀਂ ਕਦੀ ਦਾਨ-ਦਕਸ਼ਣਾ ਮੰਗਿਆ?’ ਆਪਣੇ ਕੋਲੋਂ ਕਿੱਸੇ ਜੋੜਦਾ ਰਈਨਾ।’

‘ਸਾਡੇ ਪੱਲੇ ਕੀ ਆ? ਜੂੰਆਂ? ਹੋਰ ਨਈਂ ਤਾਂ ਗਾਮਾਂ ਨੂੰ ਪੱਠਾ-ਦੱਥਾ ਈ ਚਰਾ ਲਜਾਂਦੇ ਆ।’

‘ਐਮੀਂ ਨਾ ਕੁਫਰ ਤੋਲੀ ਜਾ ...। ਮੁੰਡਾ ਖਹਿੜੇ ਪਿਆ ਆ, ਦੋ ਰੁੱਗ ਪੱਠਿਆਂ ਦੇ ਗਾਮਾਂ ਨੂੰ ਪਾ ਦਊ ਤਾਂ ਕੀ ਫਰਕ ਪੈ ਚੱਲਾ?’ ਮਾਂ ਨੇ ਮੇਰੇ ਲੱਥੇ ਜਿਹੇ ਮੂੰਹ ਵਲ ਦੇਖਦਿਆਂ ਆਖਿਆ ਪਰ ਭਾਈਆ ਹਵਾ ਭਰ ਵੀ ਆਪਣੀ ਦਲੀਲਬਾਜ਼ੀ ਤੋਂ ਇੱਧਰ-ਉੱਧਰ ਨਹੀਂ ਹੋ ਰਿਹਾ ਸੀ।

‘ਬੰਦਿਆਂ ਨੂੰ ਜਾਤਾਂ ਵਿੱਚ ਵੰਡ ਕੇ ਕੁਫਰ ਇਹ ਮਕਾਰ ਤੋਲਦੇ ਆ। ਭਲਾ ਬੰਦਿਆਂ ਦੀ ਬੀ ਕੋਈ ਜਾਤ ਹੁੰਦੀ ਆ। ਇਹ ਪਸੂਆਂ-ਪੱਥਰਾਂ ਨੂੰ ਪੂਜਦੇ ਆ, ਸਾਨੂੰ ਇਨ੍ਹਾਂ ਤੋਂ ਬੀ ਗਏ-ਗੁਜਰੇ ਸਮਝਦੇ ਆ - ਅਖੇ ਪਰੇ ਰਹੋ, ਭਿੱਟ ਹੋ ਜਾਮਾਂਗੇ। ਕੋਈ ਪੁੱਛਣ ਆਲਾ ਹੋਬੇ ਪਈ ਧੁਆਡੇ ਅੰਗ ਸਾਡੇ ਨਾਲੋਂ ਜਾਦਾ ਲੱਗਿਓ ਆ?’ ਭਾਈਏ ਦਾ ਮੁੜ੍ਹਕਾ ਅਜੇ ਨਾ ਸੁੱਕਾ ਸੀ ਤੇ ਨਾ ਮੁੱਕਾ ਸੀ। ਓਧਰ ਇਨ੍ਹਾਂ ਗੱਲਾਂ ਨਾਲ ਮੇਰੇ ਦਿਲ ’ਤੇ ਆਰੀ ਜਿਹੀ ਫਿਰਨ ਲੱਗ ਪਈ। ਮਨ-ਮਸਤਕ ਵਿਚ ਕਈ ਗੱਲਾਂ ਇਉਂ ਸਮਾ ਗਈਆਂ ਜਿਵੇਂ ਪਿੰਡ ਦੇ ਲਹਿੰਦੇ ਬੰਨੇ ਟਿੱਬੇ ਦੀ ਰੇਤਾ ਵਿਚ ਪਾਣੀ ਜਜ਼ਬ ਹੁੰਦਾ ਦੇਖਿਆ ਸੀ।

‘ਲੱਗਿਓ ਈ ਆ! ਗੁਰਦਾਸ ਹੁਰਾਂ ਦੀ ਜਗ੍ਹਾ ’ਤੇ ਸ਼ੀਸ਼ੇ ਵਿੱਚ ਮੜ੍ਹਾ ਕੇ ਰੱਖੀਆਂ ਮੂਰਤਾਂ ਦੇਖ ਕਿਸੇ ਵੇਲੇ। ਸ਼ਿਬ ਦੀਆਂ ਚਾਰ ਬਾਹਾਂ, ਇਕ ਮਾਤਾ ਦੀਆਂ ਚਾਰ ਬਾਹਾਂ, ਇਕ ਦੀਆਂ ਛੇ ਬਾਹਾਂ, ਗਣੇਸ਼ ਦੀ ਧੜ ’ਤੇ ਹਾਥੀ ਦਾ ਸਿਰ ਆ। ਨਰ ਸਿੰਹ ਦਾ ਬੀ ਕੁਛ ਹੈਗਾ ... ਮੈਂ ਤਾਂ ਕਹਿੰਨੀ ਆਂ ਪਈ ਜੇ ਤਈਨੂੰ ਪਤਾ ਨਈਂ ਹੁੰਦਾ ਤਾਂ ਦੂਏ ਦੀ ਨਿੰਦਿਆ ਨਾ ਕਰਿਆ ਕਰ!’ ਮਾਂ ਨੇ ਭਾਈਏ ਨੂੰ ਸਮਝਾਉਣ ਲਈ ਜਿਵੇਂ ਇਕ ਹੋਰ ਉਪਰਾਲਾ ਕੀਤਾ ਹੋਵੇ।

‘ਬਾਹਮਣਾਂ ਦੇ ਰਚੇ ਪਰਪੰਚ ’ਤੇ ਕਿਹੜਾ ਕੋਈ ਅਤਬਾਰ ਕਰਦਾ? ਅਖੇ ਬਾਲਮੀਕ ਨੇ ਕੁਛ ਨੂੰ ਕੱਖਾਂ ਤੋਂ ਪੈਦਾ ਕਰ ਤਾ - ਅੰਜਨੀ ਦੇ ਕੰਨ ਵਿੱਚ ਮਾਰੀ ਫੂਕ ਨਾ ਹਨੂਮਾਨ ਪੈਦਾ ਹੋ ਗਿਆ। ਅਸ਼ਟਭੁਜੀ ਜਨਾਨੀ ਅਜੇ ਤਾਈਂ ਤਾਂ ਧਰਤੀ ’ਤੇ ਹੋਈ ਨਈਂ - ਨਾਲੇ ਚਾਰ ਲੱਤਾਂ ਵਾਲੀ ਜਨਾਨੀ ਹੁੰਦੀ ਤਾਂ ਮੈਂ ਫੇ ਮੰਨਦਾ ਪਈ ਹਨੂੰਮਾਨ ਵਰਗੇ ਉਦੋਂ ਕੰਨ ਵਿੱਚ ਫੂਕ ਮਾਰਨ ਨਾਲ ਜੰਮ ਪਈਂਦੇ ਹੋਣਗੇ। ਹੁਣ ਤੂੰ ਮਈਨੂੰ ਦੱਸ ਪਈ ਸਾਡੇ ਗੁੱਡ-ਬਿਰਜੂ ਕਿੱਦਾਂ ਜੰਮੇ ਸੀ? ਸੋ, ਕੁਦਰਤ ਦੇ ਬਰਖਲਾਫ਼ ਕੋਈ ਬੰਦਾ ਕੰਮ ਨਈਂ ਕਰ ਸਕਦਾ! ਆਈ ਸਮਝ?’ ਮੈਨੂੰ ਲੱਗਿਆ ਕਿ ਭਾਈਆ ਪੱਠਿਆਂ ਦੀ ਪੰਡ ਖੋਲ੍ਹਣ ਦੇ ਨਾਲ-ਨਾਲ ਕਈ ਭੇਤਾਂ ਤੇ ਆਪਣੀਆਂ ਦਲੀਲਾਂ ਦੀਆਂ ਪੰਡਾਂ ਦੀਆਂ ਗੰਢਾਂ ਖੋਲ੍ਹ ਰਿਹਾ ਹੋਵੇ।

‘ਤੇਰੇ ਨਈਂ ਇਹ ਝੇੜੇ ਮੁੱਕਣੇ! ਸਾਨੂੰ ਹੋਰ ਬਥੇਰੇ ਕੰਮ ਆ!’ ਮਾਂ ਨੇ ਖਹਿੜਾ ਛੁਡਾਉਣ ਲਈ ਜਿਵੇਂ ਇਸ ਸਭ ਕਾਸੇ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ।

‘ਹੋਰ ਸੁਣ ਜਾ, ਨਈਂ ਤਸੱਲੀ ਹੋਈ ਤਾਂ ...। ਨਾਲੇ ਇਸ ਬਦਨੀਤੇ ਨੂੰ ਬੀ ਸਮਝਾਇਆ ਕਰ ਜਿਹੜਾ ਕੰਮ ਤੋਂ ਟਿੱਭਦਾ ਰਈਂਦਾ - ਇਹਦੇ ਜਿੱਡੇ ਨਿਆਣੇ ਦੌੜ-ਦੌੜ ਕੰਮ ਕਰਦੇ ਆ, ਤੇ ਇਹ ਮਾਮਾ ਫੁਰਨ-ਚੱਕੀ ਆਂਙੂੰ ਅਈਧਰ ਕਦੀ ਅਉਧਰ ਘੁੰਮਦਾ ਰਈਂਦਾ। ਘੋੜੇ ਜਿੱਡਾ ਹੋ ਗਿਆ ਡੱਕਾ ਭੰਨ ਕੇ ਦੋਹਰਾ ਨਈਂ ਕਰਦਾ। ਹੋਰ ਪੰਜਾਂ-ਚਹੁੰ ਮਹੀਨਿਆਂ ਨੂੰ ਚਉਥੀ ਵਿੱਚ ਹੋਣ ਆਲਾ ਇਹ ਬੁਰਸ਼ਾ - ਬਧ ਕੇ ਗੁਆਈ ਜਾਂਦਾ। ਬੜਾ (ਮੇਰਾ ਭਰਾ) ਦੇਖ ਤਾਂ ਤੇਰੇ ਨਾ ਬਖਸ਼ੋ ਦੇ ਗੂਹਾ-ਕੂੜਾ ਕਰਾਉਣ ਜਾਂਦਾ - ਬਾਲਣ ਲਿਆਉਂਦਾ - ਪੱਠਿਆਂ ਨੂੰ ਜਾਂਦਾ ਤੇ ਇਹ ਸਾਰਾ ਦਿਨ ਕੰਨ ਲਾ ਕੇ ਕਦੇ ਕਿਸੇ ਦੀਆਂ ਗੱਲਾਂ ਸੁਣਦਾ - ਕਦੇ ਕਿਸੇ ਦੀਆਂ। ਮੈਂ ਪੁੱਛਦਾਂ ਪਈ ਇਹ ਗੱਲਾਂ ਦਾ ਖੱਟਿਆ ਖਾਇਆ ਕਰੂ?’ ਭਾਈਆ ਅਚਾਨਕ ਕਚੀਚੀਆਂ ਵੱਟਦਾ ਤੇ ਝਈਆਂ ਲੈ-ਲੈ ਪੈਂਦਾ ਮੇਰੇ ਦੁਆਲੇ ਹੋ ਗਿਆ। ਪਿਛਲੇ ਦਿਨੀਂ ਚਾੜ੍ਹਿਆ ਕੁਟਾਪਾ ਚੇਤੇ ਕਰਦਿਆਂ ਮੈਂ ਡਰਦਾ ਕੰਬ ਜਿਹਾ ਗਿਆ।

‘ਅਜੇ ਫੁੱਲ-ਭਰ ਮੁੰਡਾ - ਕਿਉਂ ਇਹਦੇ ਪੇਸ਼ ਪੈ ਗਿਆਂ। ਇਸ ਨਦਾਨ ਦੇ ਖੇਲ੍ਹਣ ਦੇ ਦਿਨ ਆ, ਚਾਰ ਦਿਨ ਖੇਲ੍ਹ ਲਬੇ, ਫੇ ਸਾਡੇ ਆਂਙੂੰ ਸਾਰੀ ਉਮਰ ਏਹੋ ਈ ਭੱਠ ਝੋਕਣਾ!’ ਮਾਂ ਦੇ ਇਨ੍ਹਾਂ ਬੋਲਾਂ ਨਾਲ ਮੇਰਾ ਤਨ-ਮਨ ਖ਼ੁਸ਼ੀ ਵਿਚ ਜਿਵੇਂ ਖਿੜ ਜਿਹਾ ਗਿਆ। ਮੈਂ ਮਨ ਹੀ ਮਨ ਲੁੱਡੀਆਂ ਪਾਉਣ ਲੱਗ ਪਿਆ।

ਭਾਈਏ ਦੇ ਚਿੱਤ ਵਿੱਚ ਪਤਾ ਨਹੀਂ ਰਹਿਮ ਆਇਆ ਜਾਂ ਬੇਰਹਿਮੀ ਤੇ ਮੇਰੇ ਵਲ ਘੂਰੀ ਵੱਟਦਿਆਂ ਕਹਿਣ ਲੱਗਾ, ‘ਕਰ ਲਾ ਪੁੱਤ ਸਾਡੇ ਸਿਰ ’ਤੇ ਐਸ਼ਾਂ - ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਮੰਗਦੀ ਰਹੂ?’

‘ਐਸ਼ਾਂ’ ਲਫ਼ਜ਼ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਮੇਰੇ ਮਨ ਵਿਚ ਮੇਰੇ ਨਿੱਤ ਦੇ ਕੰਮਾਂ ਦਾ ਵੇਰਵਾ ਇਕ ਝਲਕਾਰੇ ਵਾਂਗ ਅੱਖਾਂ ਸਾਹਮਣਿਓਂ ਲੰਘ ਗਿਆ। ਮੈਂ ਆਪਣੇ ਆਪ ਨੂੰ ਕਦੀ ਪਿੰਡ ਦੀ ਕਿਸੇ ਨੁੱਕਰੋਂ ਮੈਲ ਦੀਆਂ ਬਾਲਟੀਆਂ ਢੋਂਦਾ, ਕਦੀ ਬਾਲਣ ਲਈ ਖੋਰੀ, ਰਾਹਾਂ ਵਿੱਚੋਂ ਗੰਨਿਆਂ ਦੇ ਛਿੱਲੜ, ਟਾਹਲੀਆਂ ਦੇ ਪੱਤੇ ਹੂੰਝਦਾ, ਮੱਕੀ ਗੁੱਡਦੇ ਭਾਈਏ ਹੁਰਾਂ ਲਈ ਲੱਸੀ ਚਾਹ-ਪਾਣੀ ਲਿਜਾਂਦਾ, ਪਸੂਆਂ ਨੂੰ ਪਾਣੀ ਡਾਹੁੰਦਾ ਤੇ ਹੱਟੀ-ਭੱਠੀ ਜਾਂਦਾ ਦਿਸਿਆ। ਪਰ ਇਹ ਸੋਚ-ਸਿਲਸਿਲਾ ਸੰਖ ਦੀ ਫਿਰ ਸੁਣੀ ਆਵਾਜ਼ ਨਾਲ ਭੰਗ ਹੋ ਗਿਆ।

ਮੈਂ ਖ਼ਾਲੀ ਹੱਥ ਹੋਰ ਮਢੀਰ ਨਾਲ ਗਊਆਂ ਦੇ ਪਿੱਛੇ-ਪਿੱਛੇ ਤੁਰ ਪਿਆ, ਜੋ ਅੱਗੇ ਢੱਡਿਆਂ ਦੇ ਰਾਹ ਪੈ ਗਈਆਂ। ਤੇ ਜਾਂਦੀਆਂ-ਜਾਂਦੀਆਂ ਇੰਦਰ ਸੁੰਹ ਦੇ ਵਗਦੇ ਖੂਹ ਦੇ ਖੁੱਲ੍ਹੇ ਚਲ੍ਹੇ ਤੇ ਆੜ ਵਿੱਚੋਂ ਪਾਣੀ ਪੀਣ ਲੱਗ ਪਈਆਂ। ਪਰ ਮੈਨੂੰ ਇੰਦਰ ਸੁੰਹ ਦਾ ਦਾਦੀ ਨੂੰ ਮੇਰੇ ਫੁੱਫੜ (ਗੁਲਜ਼ਾਰੀ ਲਾਲ) ਬਾਰੇ ਦਿੱਤਾ ਉਲਾਮਾ ਬਦੋਬਦੀ ਚੇਤੇ ਆ ਗਿਆ ਜੋ ਅੱਧ-ਵਿਚਾਲੇ ਟੁੱਟ ਗਿਆ ਕਿਉਂਕਿ ਓਧਰ ਧਿਆਨ ਹਾਕਾਂ ਮਾਰੀ ਜਾ ਰਿਹਾ ਸੀ। ਗਾਵਾਂ ਅੱਗੇ ਚਲੀਆਂ ਗਈਆਂ ਸਨ। ਮੈਂ ਕਾਹਲੀ ਕਾਹਲੀ ਉਨ੍ਹਾਂ ਨਾਲ ਜਾ ਰਲਿਆ। ਸੁੱਚਾ, ਧਿਆਨ, ਰਾਮਪਾਲ ਤੇ ਮੈਂ ਵਾਰੋ-ਵਾਰੀ ਬਿਜਲੀ ਦੇ ਨਵੇਂ-ਨਵੇਂ ਲੱਗੇ ਖੰਭੇ ਉੱਤੇ ਕੰਨ ਲਾ ਕੇ ਇਹ ਆਵਾਜ਼ ਸੁਣਨ ਲੱਗੇ ਤੇ ਇਕ-ਦੂਜੇ ਨੂੰ, ਦੱਸਦੇ, ‘ਹੁਣ ਮੋਟਰ ਤਾਂਹ ਚਲੀ ਗਈ - ਹੁਣ ਠਾਂਹ ਆ ਗਈ।’

ਇੰਨੇ ਨੂੰ ਗਊਆਂ ਦੂਰ ਜਾਂਦੀਆਂ ਹੋਈਆਂ ਅੱਖਾਂ ਤੋਂ ਉਹਲੇ ਹੋ ਗਈਆਂ ਤੇ ਅਸੀਂ ਘਰਾਂ ਨੂੰ ਪਰਤ ਪਏ। ਮੈਨੂੰ ਪਿਛਲੇ ਦਿਨਾਂ ਵਿਚ ਖੰਭੇ ਗੱਡੇ ਜਾਣ ਵੇਲੇ ਦਾ ਨਜ਼ਾਰਾ ਆਪ-ਮੁਹਾਰੇ ਦਿਸਣ-ਸੁਣਨ ਲੱਗ ਪਿਆ। ਬਿਜਲੀ ਮਹਿਕਮੇ ਦੇ ਪੰਦਰਾਂ-ਵੀਹ ਮੁਲਾਜ਼ਮਾਂ ਵਲੋਂ ਆਪਣੇ ਹੱਥਾਂ ਵਿਚ ਖੰਭੇ ਨੂੰ ਪਾਏ ਰੱਸੇ ਨੂੰ ਕੱਸ ਕੇ ਫੜਨ-ਖਿੱਚਣ ਸਦਕਾ ਉਨ੍ਹਾਂ ਦੇ ਡੌਲਿਆਂ ਦੀਆਂ ਮੱਛੀਆਂ ਸਰੀਰਕ ਮਜਬੂਤੀ ਦਾ ਚਿੰਨ੍ਹ ਲੱਗ ਰਹੀਆਂ ਸਨ। ਬਹੁਤੇ ਬੰਦਿਆਂ ਦੇ ਇਕ ਪਾਸੇ ਨੂੰ ਰੱਸਾ ਖਿੱਚਦਿਆਂ ਦੇ ਸਿਰ-ਧੜ ਅਗਾਂਹ ਨੂੰ ਤੇ ਲੱਤਾਂ ਪਿਛਾਂਹ ਨੂੰ ਤਣੇ ਹੋਏ ਸਨ। ਉਨ੍ਹਾਂ ਦੇ ਪੰਜੇ ਜਿਵੇਂ ਜ਼ਮੀਨ ਵਿਚ ਗੱਡੇ ਹੋਏ ਹੋਣ। ਹੌਲੀ-ਹੌਲੀ ਖੰਭਾ ਉਤਾਂਹ ਨੂੰ ਜਾਂਦਾ ਗਿਆ ਤੇ ਉਨ੍ਹਾਂ ਦਾ ਜ਼ੋਰ ਅੱਡੀਆਂ ਉੱਤੇ ਆ ਗਿਆ। ਧੜ ਪਿਛਾਂਹ ਨੂੰ ਤੇ ਲੱਤਾਂ ਅਗਾਂਹ ਨੂੰ ਹੋ ਗਈਆਂ। ਉਨ੍ਹਾਂ ਵਿੱਚੋਂ ਇਕ ਬੋਲੀ ਲਾਉਂਦਾ, ਬਾਕੀ ਪਿੱਛੇ ‘ਹਈਸ਼ਾ, ਹਈਸ਼ਾ’ ਕਹਿੰਦੇ। ਮੇਰੇ ਮਨ ਵਿਚ ਕੁਝ ਪੂਰੀਆਂ-ਅਧੂਰੀਆਂ ਬੋਲੀਆਂ ਮੈਨੂੰ ਫਿਰ ਸੁਣਨ ਲੱਗ ਪਈਆਂ:

ਵਿਚ ਜਲੰਧਰ ਮਾਡਲ ਟੌਨ ... ਹਈਸ਼ਾ!
ਦੋ-ਦੋ ਗੁੱਤਾਂ ਲੰਮੀ ਧੌਣ ... ਹਈਸ਼ਾ!
ਟੁੱਟੀ ਮੰਜੀ ਬਾਣ ਪੁਰਾਣਾ ... ਹਈਸ਼ਾ!
ਸੌਣ ਨਈਂ ਦਿੰਦਾ ਬਾਲ ਨਿਆਣਾ ... ਹਈਸ਼ਾ!
ਸੌਂ ਜਾ ਬੱਚਿਆ ਯਾਰ ਦੇ ਜਾਣਾ ... ਹਈਸ਼ਾ!
ਯਾਰ ਬਲਾਵੇ ਭੱਜੀ ਜਾਵੇ ... ਹਈਸ਼ਾ!
ਖਸਮ ਬਲਾਵੇ ਤੀੜੀਆਂ ਪਾਵੇ ... ਹਈਸ਼ਾ!
ਮਰ ਵੇ ਖਸਮਾ ਤੇਰੇ ਨਹੀਂ ਵਸਣਾ ... ਹਈਸ਼ਾ!
ਤੇਰੀ ਕਮਾਈ ਦਾ ਕੁਝ ਨਹੀਂ ਡਿੱਠਾ ... ਹਈਸ਼ਾ!
ਯਾਰ ਦੀ ਖੱਟੀ ਦੇ ਆਏ ਬੰਦ ... ਹਈਸ਼ਾ!
ਬੰਦਾਂ ਵਿੱਚੋਂ ਬੰਦ ਸੁਨਹਿਰੀ ... ਹਈਸ਼ਾ!
ਗੋਟਿਆਂ ਵਿੱਚੋਂ ਗੋਟਾ ਲਹਿਰੀ ... ਹਈਸ਼ਾ!

ਇਨ੍ਹਾਂ ਬੋਲੀਆਂ ਦੇ ਮਨ-ਕੰਨਾਂ ਵਿਚ ਵਾਰ-ਵਾਰ ਸੁਣਨ ਨਾਲ ਮੇਰੇ ਚਿੱਤ ਵਿਚ ਕਲਪਤ ਜਲੰਧਰ ਸ਼ਹਿਰ ਦਾ ‘ਮਾਡਲ ਟੌਨ’ ਉਸਰਿਆ। ਮੈਨੂੰ ਉੱਥੇ ਰੱਤੇ, ਦੁਰਗੇ ਤੇ ਲੰਬੜਾਂ ਦੇ ਚੁਬਾਰਿਆਂ ਵਰਗੀਆਂ ਵੱਡੀਆਂ-ਵੱਡੀਆਂ ਕੋਠੀਆਂ, ਮਹਿਲ-ਚੁਬਾਰੇ ਤੇ ਉਨ੍ਹਾਂ ਅੰਦਰ ਵਸਦੇ ਲੋਕ ਦਿਸੇ। ਫਿਰ ਮੈਨੂੰ ਲੱਗਿਆ ਕਿ ਦੋ ਗੁੱਤਾਂ ਵਾਲੀਆਂ ਕੁੜੀਆਂ ਉੱਥੇ ਰਹਿੰਦੇ ਲੋਕਾਂ ਦੀ ਸੱਭਿਆਚਾਰਕ ਅਗਾਂਹਵਧੂ-ਸੋਚ ਦਾ ਨਿਸ਼ਾਨ ਹੋਣਗੀਆਂ ਜਿਵੇਂ ਕਿ ਮੈਂ ਆਪਣੇ ਪਿੰਡ ਕਮਿਊਨਿਸਟਾਂ ਦੇ ਇਕ ਜਲਸੇ ਵਿਚ ਤਕਰੀਰਾਂ ਦੌਰਾਨ ਸੁਣਿਆ ਸੀ। ਫਿਰ ਮੇਰਾ ਖ਼ਿਆਲ ‘ਟੁੱਟੀ ਮੰਜੀ, ਬਾਣ ਪੁਰਾਣਾ’ ਤੋਂ ਗਰੀਬੀ-ਅਮੀਰੀ, ਰਹਿਣੀ-ਬਹਿਣੀ, ਪੜ੍ਹਾਈ-ਲਿਖਾਈ ਤੇ ਅਨਪੜ੍ਹਤਾ ਵਲ ਗਿਆ ਤੇ ਉਸ ਤੋਂ ਬਾਅਦ ‘ਤੀਵੀਂ’ ਵਲ। ਸਾਰੀਆਂ ਹੀ ਬੋਲੀਆਂ ਤੀਵੀਂਆਂ ਬਾਰੇ ...। ਕਦੀ ਗਰੀਬੀ ਤੀਵੀਂ ਵਿਚ ਬਦਲਦੀ ਦਿਸਦੀ ਤੇ ਕਦੀ ਤੀਵੀਂ ਗਰੀਬੀ ਵਿਚ। ਬਹੁਤੀਆਂ ਗੱਲਾਂ ਮੇਰੀ ਸਮਝ ਵਿੱਚ ਨਾ ਆਉਂਦੀਆਂ। ਮੈਂ ਸੋਚਦਾ ਕਿ ਬੋਲੀ ਵਿਚਲਾ ‘ਯਾਰ’ ਬਹੁਤ ਮਾਲਦਾਰ ਤੇ ਪਿੰਡ ਦੇ ਲੰਬੜਦਾਰ ਵਰਗਾ ਹੋਵੇਗਾ ਤੇ ‘ਤੇਰੀ ਕਮਾਈ ਦਾ ਕੁਛ ਨਈਂ ਡਿੱਠਾ’ ਵਿਚਲਾ ਮੇਰੇ ਭਾਈਏ ਵਰਗਾ ਕੋਈ ਖੇਤ-ਮਜ਼ਦੂਰ ਜਾਂ ਸੜਕ ’ਤੇ ਰੋੜੀ ਕੁੱਟਣ ਵਾਲਾ ਕਾਮਾ ਜਿਸ ਨੂੰ ਉਹਦੇ ਘਰਵਾਲੀ ਮਿਹਣੇ ਮਾਰਦੀ ਹੋਵੇਗੀ। ਭਾਈਏ ਦੀ ਪੂਰਾ ਦਿਨ ਸਖਤ ਮਿਹਨਤ ਦੇ ਬਾਵਜੂਦ ਉਹਦੀ ਬੇਬਸੀ ਤੇ ਮਜਬੂਰੀਆਂ ਦਾ ਸੋਚ ਕੇ ਮੇਰਾ ਤ੍ਰਾਹ ਨਿਕਲ ਜਾਂਦਾ।

ਮੇਰੀਆਂ ਇਨ੍ਹਾਂ ਸੋਚਾਂ-ਖ਼ਿਆਲਾਂ ਦੇ ਕਾਫ਼ਲੇ ਐਨ ਇਕਦਮ ਓਦਾਂ ਰੁਕੇ ਜਿੱਦਾਂ ਰੇਲ ਗੱਡੀ ਨੂੰ ਇਸ਼ਾਰਾ ਨਾ ਮਿਲਣ ਕਰ ਕੇ ਉਹ ਭੋਗਪੁਰ ’ਟੇਸ਼ਣ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੁਕ ਗਈ ਹੋਵੇ। ਇਸ ਲਈ ਕਿ ਰਾਹ ਤੋਂ ਥੋੜ੍ਹਾ ਹਟਵੇਂ ਸਾਡੀ ਬਿਰਾਦਰੀ ਦੇ ਸਿਵਿਆਂ ਵਿਚ ਬੈਂਹਕ ਅਮਲੀ ਆਪਣੀਆਂ ਬੱਕਰੀਆਂ ਦਾ ਇੱਜੜ ਚਾਰਦਾ ਗਾਉਂਦਾ ਸੁਣ ਪਿਆ ਸੀ-

‘ਦੁੱਧ ਬੱਕਰੀ ਦਾ ਚੋ ਕੇ
ਅਮਲੀ ਨੂੰ ਚਾਹ ਕਰ ਦੇ।’

ਬੈਂਹਕ ਨੂੰ ਕਈ ਜਣੇ ਬੋਕ ਕਹਿੰਦੇ ਕਿਉਂਕਿ ਉਹ ਬਹੁਤ ਉੱਚਾ, ਜੁਆਨ ਤੇ ਛੜਾ-ਮਲੰਗ ਸੀ। ਬਸ ਹੁੱਕਾ ਹੀ ਉਹਦਾ ਸੰਗੀ-ਸਾਥੀ ਸੀ ਜਿਸ ਨੂੰ ਉਹ ਹਿੱਕ ਨਾਲ ਲਾਈ ਰੱਖਦਾ। ਕਈ ਉਹਨੂੰ ਕਹਿੰਦੇ - ‘ਤੂੰ ਪਰਬਾਹ ਨਾ ਕਰ, ਜੱਟ ਦਾ ਇਕ ਪੁੱਤ ਬਿਆਹ ਹੋ ਗਿਆ ਤਾਂ ਸਮਝ ਲਾ ਪਈ ਸਾਰੇ ਪੁੱਤ ਬਿਆਹ ਹੋ ਗਏ। ਤੇਰਾ ਇਕ ਭਰਾ ਤਾਂ ਵਿਆਹਿਆ ਹੋਇਆ।’ ਉਹਨੂੰ ਛੇੜਦੇ ਪਰ ਉਹ ਅੱਗੋਂ ਹੱਸ ਛੱਡਦਾ।

ਇੱਜੜ ਵਰਗੀ ਸਾਡੀ ਮਢੀਰ ਬੈਂਹਕ-ਬੱਕਰੀਆਂ ਵਾਲੇ ਵਲ ਸਰਪੱਟ ਦੌੜ ਪਈ ਤੇ ਮੈਂ ਇਸ ਨਾਲੋਂ ਵਿਛੜ ਕੇ ਘਰ ਪਹੁੰਚ ਗਿਆ। ਮੈਂ ਹੁੱਬ ਕੇ ਭਾਈਏ ਨੂੰ ਬਿਜਲੀ ਦੇ ਖੰਭਿਆਂ ਬਾਰੇ ਦੱਸਣ ਲੱਗਾ। ਉਹ ਅੱਗੋਂ ਬੋਲਣ ਲੱਗ ਪਿਆ, ‘ਅਸੀਂ ਤਾਂ ਜਾਣਾਂਗੇ ਜੇ ਸਾਡੇ ਘਰਾਂ ਵਿੱਚੋਂ ਨ੍ਹੇਰਾ ਮੁੱਕੂ! ਇਹ ਸਾਰਾ ਕੁਛ ਅਮੀਰਾਂ ਲਈ ਆ! ਸਾਡੇ ਭਾ ਦੀ ਅਜਾਦੀ ਜੇਹੀ ਆਈ, ਜੇਹੀ ਅਜੇ ਨਾ ਆਈ। ਮੈਂ ਨਜੂਮੀ ਨਈਂ ਪਰ ਇਕ ਗੱਲ ਦੱਸ ਦਿੰਨਾ ਪਈ ਹੁਣ ਜੇ ਤੁਸੀਂ ਪੜ੍ਹ-ਲਿਖ ਗਏ ਤਾਂ ਘਾਹੀ ਦੇ ਪੁੱਤ ਨੇ ਘਾਹੀ ਨਈਂ ਰਹਿਣਾ! ਬਸ ਪੜ੍ਹ ਲਓ ਜਿੱਦਾਂ-ਕਿੱਦਾਂ, ਜਿਮੀਂਦਾਰਾਂ ਦੀ ਗੁਲਾਮੀ ਨਾ ਕਰਨੀ ਪਊ!’

ਮੈਨੂੰ ਭਾਈਏ ਦੀਆਂ ਕਈ ਗੱਲਾਂ ਸਮਝ ਆ ਜਾਂਦੀਆਂ ਤੇ ਕਈਆਂ ਨੂੰ ਮੁੜ-ਮੁੜ ਸੋਚ ਕੇ ਸਮਝਣ ਦਾ ਯਤਨ ਕਰਦਾ।

‘ਗੁੱਡ ਗੱਲ ਸੁਣੀ!’ ਮਾਂ ਨੇ ਮਲਕ ਦੇਣੀ ਆਵਾਜ਼ ਮਾਰੀ ਤੇ ਨਾਲ ਹੀ ਸੈਨਤ ਵੀ। ਫਿਰ ਮੈਨੂੰ ਸਮਝਾਉਂਦਿਆਂ ਆਖਿਆ, ‘ਅਸੀਂ ਤੇਰੇ ਭਾਈਏ ਨੂੰ ਸਬੇਰ ਆਲੀ ਗੱਲ ਨਈਂ ਦੱਸੀ - ਤੂੰਮ੍ਹੀਂ ਨਾ ਦੱਸੀਂ, ਨਈਂ ਤਾਂ ਏਨੇ ਭਬੱਕੜ ਵਾਂਙੂੰ ਟੱਪਣ ਲੱਗ ਪੈਣਾ!'

ਮੈਂ ਸਿਰ ਨਾਲ ‘ਠੀਕ ਆ’ ਦਾ ਭਰੋਸਾ ਦਿਵਾਇਆ। ਹੁਣ ਤੱਕ ਮਾਹੌਲ ਪਹਿਲਾਂ ਵਾਂਗ ਸ਼ਾਂਤ ਤੇ ਸਹਿਜ ਹੋ ਚੁੱਕਾ ਸੀ। ਇਉਂ ਲਗਦਾ ਸੀ ਜਿਵੇਂ ਦਾਦੀ ਨਾਲ ਕੋਈ ਗੱਲ ਹੀ ਨਾ ਹੋਈ ਹੋਵੇ। ਪਰ ਮੇਰੇ ਮਨ ਦੇ ਕਿਸੇ ਕੋਨੇ ਵਿਚ ਇਸ ਘਟਨਾ ਨੇ ਇਕ ਪੱਕਾ ਟਿਕਾਣਾ ਬਣਾ ਲਿਆ। ਉੱਡਦੇ ਪੰਛੀ ਦੇ ਸੀਨੇ ਵਿਚ ਜਿਵੇਂ ਤੀਰ ਆਰ-ਪਾਰ ਹੋ ਗਿਆ ਸੀ ਤੇ ਉਹ ਬੇਪਰਾ ਜਿਹਾ ਹੋਇਆ ਡਿੰਗੂ-ਡਿੰਗੂ ਕਰਦਾ ਜਾਪਦਾ ਸੀ। ਮੇਰੀਆਂ ਇਨ੍ਹਾਂ ਸੋਚਾਂ ਦਾ ਪ੍ਰਵਾਹ ਧਿਆਨ ਵਲੋਂ ਮਾਰੀ ਹਾਕ ਨਾਲ ਟੁੱਟਿਆ, ‘ਗੁੱਡ ਆ ਜਾ ਮੁਰਮਰੇ ਭੁਨਾਉਣ ਚਲੀਏ!'

ਮੈ ਝੱਗੇ ਦੀ ਝੋਲੀ ਵਿਚ ਫੁਰਤੀ ਨਾਲ ਮੱਕੀ ਦੇ ਲਾਲ, ਕਿਰਮਚੀ, ਕੱਚੇ-ਪੀਲੇ ਜਿਹੇ ਰੰਗਾਂ ਦੇ ਦਾਣੇ ਪਾਏ ਤੇ ਗਲੀ ਵਿਚ ਅਸੀਂ ਗੱਲਾਂ ਕਰਦੇ ਤੁਰ ਪਏ, ‘ਦੇਖ ਲਾ ਰੱਬ ਇੱਕੋ ਛੱਲੀ ਨੂੰ ਕਿੰਨੇ ਰੰਗ-ਬਰੰਗੇ ਦਾਣੇ ਲਾਉਂਦਾ।’

‘ਜਿੱਦਾਂ ਆਪਾਂ? ਤੂੰ ਗੋਰਾ ਤੇ ਮੈਂ ਕਾਲਾ! ਕਹਿੰਦੇ ਨਿਆਣੇ ਤਾਂ ਮਾਂ-ਬਾਪ ’ਤੇ ਜਾਂਦੇ ਆ - ਦੇਖ ਮੇਰਾ ਤੇ ਬਿਰਜੂ ਦਾ ਮੜੰਗਾ ਐਨ ਭਾਈਏ ’ਤੇ ਆ!’ ਮੈਂ ਗੱਲ ਨੂੰ ਥੋੜ੍ਹਾ ਵਿਸਥਾਰ ਦਿੱਤਾ।

ਛੱਲੀ ਦੇ ਦਾਣਿਆਂ ਦੀ ਕਿਸੇ-ਕਿਸੇ ਕਤਾਰ ਵਿਚ ਟਾਵੇਂ-ਟਾਵੇਂ ਦਾਣੇ ਦਾ ਰੰਗ ਜਾਮਣੀ ਜਾਂ ਆਹ ਰੱਤੇ ਦੇ ਚੁਬਾਰੇ ਦੇ ਰੰਗ ਅਰਗਾ ਗੂਹੜਾ ਕਿਰਮਚੀ ਜਿਹਾ ਹੁੰਦਾ।’ ਧਿਆਨ ਬੋਲਿਆ, ‘ਤਾਂ ਈ ਏਦਾਂ ਦੇ ਦਾਣਿਆਂ ਨੂੰ ਬਾਹਮਣ ਕਈਂਦੇ ਆ।’

‘ਕਹਿਣ ਨੂੰ ਤਾਂ ਸੁੱਕੇ ਗੂੰਹ ਨੂੰ ਬੀ ਬਾਹਮਣ ਕਹਿੰਦੇ ਆ!’ ਮੈਂ ਕਿਹਾ ਤੇ ਸਾਡਾ ਇਕੱਠਿਆਂ ਦਾ ਨਿੱਕਾ ਜਿਹਾ ਹਾਸਾ ਨਿਕਲ ਗਿਆ। ਨਾਲ ਹੀ ਮੇਰੇ ਮਨ ਵਿਚ ਪੂਣ ਕੱਤਦੀਆਂ ਮੱਕੀਆਂ, ਪਰਾਗਣ ਪ੍ਰਕਿਰਿਆ, ਦੋਧਾ ਛੱਲੀਆਂ, ਉਨ੍ਹਾਂ ਨੂੰ ਟੁੱਕਦੇ ਤੋਤੇ, ਠੂੰਗੇ ਮਾਰਦੇ ਕਾਂ ਦਿਖਾਈ ਦੇ ਰਹੇ ਸਨ। ਤੋਤੇ-ਕਾਂ ਮੈਨੂੰ ਪਿੰਡ ਦੇ ਜਿਮੀਂਦਾਰ ਜਾਂ ਉਨ੍ਹਾਂ ਦੇ ਪੁੱਤ-ਭਤੀਜੇ ਤੇ ਦੋਧਾ ਛੱਲੀਆਂ ਮੇਰੇ ਵਿਹੜੇ ਦੀਆਂ ਧੀਆਂ-ਭੈਣਾਂ ਲੱਗਣ ਲੱਗ ਪਏ। ਸੋਚ ਫਿਰ ਛੜੱਪਾ ਮਾਰ ਕੇ ਪਹਿਲੀ ਗੱਲ ’ਤੇ ਆ ਗਈ ਕਿ ਛੱਲੀਆਂ ਦੇ ਦਾਣਿਆਂ ਦੀਆਂ ਕਤਾਰਾਂ ਐਨ ਸਿੱਧੀਆਂ ਕਿਵੇਂ ਬਣਦੀਆਂ? ਇਹ ਸੋਚ-ਸੋਚ ਕੇ ਮੈਨੂੰ ਹੈਰਾਨੀ ਹੁੰਦੀ। ਪਰਾਗਣ ਪ੍ਰਕਿਰਿਆ ਨਾਲ ਬਣਦੇ ਦਾਣਿਆਂ ਦਾ ਭੇਤ ਪਤਾ ਲੱਗ ਗਿਆ ਪਰ ਦਿਖਾਈ ਕੁਝ ਨਹੀਂ ਸੀ ਦਿੰਦਾ। ਮੇਰੀਆਂ ਸੋਚਾਂ ਦੀ ਤੰਦ ਉਸ ਵੇਲੇ ਟੁੱਟੀ ਜਦੋਂ ਧਿਆਨ ਨੇ ਆਖਿਆ, ‘ਔਹ ਰੱਤੇ ਦੀ ਹੱਟੀ ਤੇ ਮਾਲਾਂ ਦੀ ਭੱਠੀ ਬਚਾਲੇ ਮਜਮਾ ਪਤਾ ਨਈਂ ਕਿਉਂ ਲੱਗਾ ਆ?’

ਅਸੀਂ ਲੰਮੀਆਂ ਲਾਂਘਾਂ ਭਰੀਆਂ।

‘ਆਂਹਦਾ ਮੇਤੋਂ ਜੂਠਾਂ ਨਈਂ ਧੋਤੀਆਂ ਜਾਂਦੀਆਂ - ਆ ਗਿਆ ਜੇ ਬੜੇ ਨਵਾਬ ਦਾ ਪੁੱਤਰ।’ ਦੀਵਾਨ ਆਪਣੇ ਪੁੱਤ ਪਾਸ਼ੂ ਬਾਰੇ ਹੋਰਾਂ ਨੂੰ ਦੱਸਦਾ ਲਾਲ-ਪੀਲਾ ਹੋ ਰਿਹਾ ਸੀ। ਉਹਦੀ ਸਾਡੇ ਨਾਲੋਂ ਵੱਖਰੀ ਬੋਲੀ (ਮਾਝੀ) ਸੀ ਜਿਸ ਦੀਆਂ ਅਸੀਂ ਕਈ ਨਿਆਣੇ ਸਾਂਗਾਂ ਲਾਉਂਦੇ। ਉਹ ਬਟਾਲੇ ਤੋਂ ਸਾਡੇ ਪਿੰਡ ਆ ਕੇ ਵਸੇ ਹੋਏ ਸਨ।

‘ਸਬੇਰ ਦੇ ਭਾਂਡੇ ਮਾਂਜਣ ਡਿਆਂ ਵਾਂ - ਭੋਗ ਪੈ ਗਿਆ ਏ - ਪ੍ਰਾਹੁਣੇ ਰੋਟੀ ਖਾ ਗਏ ਨੇ - ਵੇਂਹਦਿਆਂ-ਵੇਂਹਦਿਆਂ ਲਊਢਾ ਵੇਲਾ ਹੋ ਗਿਆ! ਜਿਹਲਾਂ ਬੀ ਰੋਟੀ ਲਈ ਥਾਲ਼ੀ ਚੁੱਕਣ ਲੱਗਾਂ - ਓਹਲਾਂ ਈ ਹੁਕਮ ਕਰ ਦਿੰਦੇ - ਆਹ ਦੋ ਕੁ ਭਾਂਡੇ ਧੋ ਦੇ - ਔਹ ਫਲਾਨਾ ਆ ਗਿਆ - ਇਹ ਤੇ ਤ੍ਰਕਾਲਾਂ ਤੱਕ ਤੁਰੇ ਰਹਿਣੇ ਜੇ।’ ਪਾਸ਼ੂ ਦੇ ਬੋਲ ਪਟਾਕਿਆਂ ਧਮਾਕਿਆਂ ਵਰਗੇ ਸਨ ਜਿਨ੍ਹਾਂ ਦੀ ਠਾਹ-ਠਾਹ ਨਾਲ ਮੈਨੂੰ ਡਰ ਨਹੀਂ ਸਗੋਂ ਹੌਸਲਾ ਮਿਲ ਰਿਹਾ ਸੀ।

‘ਨਾਂਹ ਕਹੈਂ ਦੇ ਥਾਲ ਦੇ ਦੋ ਟੋਟੇ ਕਿਉਂ ਕਰ ਆਇਆ ਏਂ? ਮੇਰੀ ਬੇਜਤੀ ਕਰਾਣ ਲਈ? ਪ੍ਰਾਹੁਣੇ ਕੀ ਆਖਦੇ ਹੋਣਗੇ?’

‘ਸਬੇਰ ਦੀ ਰੋਟੀ ਨਸੀਬ ਨਈਂ ਹੋਈ - ਗੁੱਸੇ ਵਿੱਚ ਹੋਰ ਕੀ ਕਰਦਾ? ਘੜੀ ਕੁ ਪਿੱਛੋਂ ਆਖ ਦਿੰਦੇ ਨੇ - ਬੱਸ ਦੋ ਭਾਂਡੇ ਮਾਂਜ ਦੇ! ਮਖਾਂ ਘੋੜਿਆਂ ਦਾ ਬੁੜ੍ਹਾ ਕੀ ਮਰਿਆ - ਭੁੱਖੇ ਮਾਰਤਾ। ਲੋਕ ਜਲੇਬੀਆਂ-ਜਰਦਾ ਖਾ ਕੇ ਰਾਹ ਪਏ ਨੇ!’

ਮੈਨੂੰ ਲੱਗਿਆ ਪਾਸ਼ੂ ਜਿਵੇਂ ਜਲੇਬੀਆਂ-ਜ਼ਰਦੇ ਵਰਗੇ ਸ਼ਬਦਾਂ ਨੂੰ ਮੂੰਹ ਅੰਦਰ ਚਗੋਲ ਕੇ ਆਪਣੇ ਭੁੱਖੇ ਤਨ-ਮਨ ਦੀ ਤ੍ਰਿਪਤੀ ਕਰ ਰਿਹਾ ਸੀ। ਪਲ ਕੁ ਬਾਅਦ ਉਹ ਫਿਰ ਆਖਣ ਲੱਗ ਪਿਆ, ‘ਮੈਂ ਅੱਗੇ ਤੋਂ ਕਿਸੇ ਦੀਆਂ ਜੂਠਾਂ ਧੋਣ ਨਈਂ ਜਾਣਾ ਜੇ - ਕੀ ਥੁੜਿਆ ਜੇ ਏਹੋ ਜਿਹੇ ਕੰਮ ਖੁਣੋਂ - ਇਕ ਪੀਪਾ ਹਾੜ੍ਹੀ ’ਤੇ ਦਾਣਿਆਂ ਦਾ ਤੇ ਇਕ ਸਾਉਣੀ ‘ਤੇ। ਕਿਸੇ ਦੇ ਚਾਰ ਪ੍ਰਾਹੁਣੇ ਆ ਗਏ ਤਾਂ ਰੋਟੀ ਬਣਾਈਏ-ਖੁਆਈਏ! ਇਤਰਾਂ ਕਦੀ ਕਿਸੇ ਦੇ ਕਦੀ ਕਿਸੇ ਦੇ ਖ਼ੁਸ਼ੀ-ਗਮੀ ਮੌਕੇ ਪਕਾਈਏ-ਖੁਆਈਏ! ਉੱਤੋਂ ਸਾਰਾ ਸਉਦਾ ਸਿਰ ’ਤੇ ਚੱਕ ਕੇ ਭੋਗਪੁਰੋਂ ਲਿਆਈਏ!’

‘ਮਖਾਂ ਕਿਉਂ ਲੋਕਾਂ ਨੂੰ ਤਮਾਸ਼ਾ ਵਖਾਉਣ ਡਿਹਾਂ ਜੇ - ਸਾਡਾ ਝੀਊਰਾਂ ਦਾ ਕੰਮ ਇਤਰਾਂ ਸੇਵਾ ਕਰਨਾ ਜੇ। ਹੁਣ ਅਕਲ ਕਰ ਕੁਛ, ਚਲ ਟੁਰ ਰੋਟੀ ਖਾਹ।’ ਦੀਵਾਨ ਨੇ ਆਪਣੇ ਛੋਟੇ ਪੁੱਤਰ ਪਾਸ਼ੂ ਅੱਗੇ ਵੱਡਾ ਤਰਲਾ ਕੀਤਾ। ਸ਼ਾਇਦ ਇਸ ਕਰ ਕੇ ਉਹ ਅਜੇ ਤਕ ਨਿਰਨੇ ਕਾਲਜੇ ਸੀ।

‘ਇਹ ਕੋਈ ਜ਼ਿੰਦਗੀ ਆ - ਮੁਸੀਬਤ ਆ ਸਾਲੀ। ਹਾੜ੍ਹ ਹੋਬੇ ਜਾਂ ਸਿਆਲ, ਸਬੇਰੇ ਉੱਠ ਕੇ ਲੋਕਾਂ ਦੇ ਘਰੀਂ ਪਾਣੀ ਭਰੀਏ - ਫਿਰ ਸਕੂਲੇ ਜਾਈਏ! ਮੈਂ ਅੱਗੇ ਤੋਂ ਸਕੂਲੇ ਬੀ ਨਈ ਜਾਣਾ, ਇਕ ਬਾਰੀ ਦੱਸ ਛੱਡਿਆ ਜੇ। ਜੇ ਕੱਛਾ ਮਿਲ ਗਿਆ ਤਾਂ ਝੱਗਾ ਨਈਂ ਜੁੜਦਾ, ਜੁੱਤੀ ਕਦੀ ਨਸੀਬ ਨਈਂ ਹੋਈ! ਮੈਂ ਰੇੜ੍ਹੀ ਲਾਲਾਂਗਾ ਪਰ ਜੂਠਾਂ ਨਈਂ ਧੋਣੀਆਂ।’ ਪਾਸ਼ੂ ਮਾਲਾਂ ਦੀ ਭੱਠੀ ਵਿਚਲੇ ਦਾਣਿਆਂ ਵਾਂਗ ਭੁੜਕ ਰਿਹਾ ਸੀ। ਉਹ ਬੋਲਦਾ ਇਉਂ ਜਾਪ ਰਿਹਾ ਸੀ ਜਿਵੇਂ ਮਜਬੂਰੀਆਂ ਦੇ ਮਾਰੂਥਲ ਥਾਣੀ ਕੋਈ ਲੰਮਾ ਸਫ਼ਰ ਤੈਅ ਕਰ ਰਿਹਾ ਹੋਵੇ ਜਾਂ ਉਸ ਦੀ ਤਿਆਰੀ ਕਰ ਰਿਹਾ ਹੋਵੇ। ਇਕ ਦਾਣੇ ਦੀ ਖਿੱਲ ਭੁੜਕ ਕੇ ਭੱਠੀ ਤੋਂ ਬਾਹਰ ਜਾ ਡਿਗੀ ਤੇ ਉੱਧਰ ਪਾਸ਼ੂ ਕਾਹਲੀ-ਕਾਹਲੀ ਆਪਣੇ ਘਰ ਵਲ ਨੂੰ ਤੁਰ ਪਿਆ ਸੀ।

ਪਲ ਦੀ ਪਲ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਪਾਸ਼ੂ ਨੂੰ ਦੱਸਾਂ ਕਿ ਮੇਰੇ ਤੇ ਵੱਡੇ ਭਰਾ ਬਿਰਜੂ ਕੋਲ ਜੁੱਤੀ ਤਾਂ ਕੀ ਟਾਇਰ-ਰਬੜ ਦੀ ਵੱਧਰੀਆਂ ਵਾਲੀ ਚਪਲ ਵੀ ਨਹੀਂ। ਮੇਰੇ ਕੋਲ ਇੱਕ ਹੀ ਝੱਗਾ ਹੈ। ਅੱਠੀਂ ਦਿਨੀਂ ਧੋ ਹੁੰਦਾ, ਜਿੰਨਾ ਚਿਰ ਸੁੱਕਦਾ ਨਹੀਂ ਉੰਨਾ ਚਿਰ ਨੰਗੇ ਪਿੰਡੇ ਈ ਘੁੰਮਦਾ ਰਹਿੰਦਾ ਹਾਂ। ਪਰ ਅਚਾਨਕ ਭੱਠੀ ਦੇ ਬਾਲਣ ਵਾਂਗ ਮੇਰੇ ਇਹ ਖ਼ਿਆਲ ਉਦੋਂ ਜਲ-ਬਲ ਕੇ ਸੁਆਹ ਹੋ ਗਏ ਜਦੋਂ ਮਾਲਾਂ ਨੇ ਮੇਰੇ ਦਾਣੇ ਭੁੰਨਣ ਬਦਲੇ ਉਨ੍ਹਾਂ ਵਿੱਚੋਂ ਲੰਮੇ ਕੀਤੇ ਹੱਥ ਦੀ ਵੱਡੀ ਲੱਪ ਕੱਢ ਲਈ। ਮੇਰਾ ਮੂੰਹ ਮਸੋਸਿਆ ਗਿਆ ਤੇ ਭੱਠੀ ਦੇ ਸੇਕ ਨਾਲ ਹੋਰ ਪਿਚਕ ਜਿਹਾ ਗਿਆ।

ਘਰ ਨੂੰ ਮੁੜਦਿਆਂ ਮੈਨੂੰ ਨਾਲ ਤੁਰੇ ਆਉਂਦੇ ਧਿਆਨ ਦੀ ਹੋਂਦ ਦਾ ਅਹਿਸਾਸ ਹੀ ਨਾ ਹੋਇਆ ਤੇ ਕੁਝ ਦਿਨ ਪਹਿਲਾਂ ਸੋਹਲਪੁਰ ਵਾਲੇ ਵੱਡੇ ਬਾਬੇ ਵਲੋਂ ਲਾਖੇ ਅਲਕ ਵਹਿੜੇ ਨੂੰ ਹਾਲੀ ਕਰਨ ਦਾ ਦ੍ਰਿਸ਼ ਸਾਕਾਰ ਹੋ ਗਿਆ। ਭਾਈਆ ਨੱਥ ਫੜ-ਫੜ ਉਹਦੀ ਨਰਮ ਜਿਹੀ ਧੌਣ ਪੰਜਾਲੀ ਹੇਠ ਕਰਦਾ ਪਰ ਉਹ ਅੱਗੇ-ਪਿੱਛੇ ਹੋ ਜਾਂਦਾ। ਬਾਬਾ ਉਹਦੇ ਗੱਦਰ ਤੇ ਗੁੰਦਵੇਂ ਪਿੰਡੇ ਉੱਤੇ ਪਰੈਣ-ਛੈਂਟਾ ਵਰਾਹੁੰਦਾ। ਜਦੋਂ ਪੰਜਾਲੀ ਅੰਦਰ ਉਹਦੀ ਧੌਣ ਕਰ ਕੇ ਅਰਲੀ ਲਾ ਦਿੱਤੀ ਤਾਂ ਭਾਈਏ ਨੇ ਉਹਦੀ ਨੱਥ ਫੜ ਕੇ ਮੋਹਰੇ ਤੁਰਦਿਆਂ ਪੂਰੇ ਖੇਤ ਦੇ ਦੋ-ਤਿੰਨ ਸਿਆੜ ਕਢਾਏ। ਜਦੋਂ ਉਹ ਅੜ ਜਾਂਦਾ ਤੇ ਅਗਾਂਹ ਨਾ ਤੁਰਦਾ ਤਾਂ ਬਾਬਾ ਆਪਣੇ ਸੱਜੇ ਹੱਥ ਫੜੀ ਪਰੈਣ ਮੋਹਰਲੀ ਆਰ ਉਹਦੇ ਪੁੜਿਆਂ ਵਿੱਚ ਖੁਭੋਂਦਾ। ਵਹਿੜਾ ਇਕਦਮ ਟੱਪਦਾ ਤੇ ਤੁਰਨ ਲੱਗ ਪੈਂਦਾ। ਬਾਬਾ ਕ੍ਰੋਧ ਭਰੇ ਲਹਿਜ਼ੇ ਵਿਚ ਕਹਿੰਦਾ, ‘ਕੋਈ ਨਈਂ ਪੁੱਤਰਾ, ਥੋੜ੍ਹੇ ਦਿਨਾਂ ਦੀ ਗੱਲ ਆ। ਬੱਗੇ ਆਂਙੂੰ ਤੂੰਮ੍ਹੀਂ ਸਿੱਧਾ ਹੋ ਕੇ ਤੁਰਨ ਲਗ ਪੈਣਾ ਜਦੋਂ ਕੰਨ੍ਹ ਪੈ ਗਈ।’

ਅਸੀਂ ਆਪਣੇ ਘਰ ਕੋਲ ਆ ਗਏ। ਰਾਹ ਕੰਢੇ ਹੈਕਨਾ ਦਿਆਂ ਦੀ ਖੁਰਲੀ ’ਤੇ ਬੱਝਾ ਬੌਲਦ ਪੱਠਿਆਂ ਲਈ ਰੰਭਦਾ ਪਲ ਦੀ ਪਲ ਮੈਨੂੰ ਭੁੱਖਾ ਪਾਸ਼ੂ ਦਿਸਿਆ। ਫਿਰ ਮੈਨੂੰ ਲੱਗਿਆ ਕਿ ਮੇਰਾ ਵੱਡਾ ਭਰਾ ਬਿਰਜੂ ਹੁਣ ਹਾਲੀ ਹੋ ਚੁੱਕਾ ਹੈ। ਮੈਂ ਜਿਵੇਂ ਅਲਕ ਵਹਿੜਾ ਹੋਵਾਂ ਤੇ ਜ਼ਿੰਮੇਵਾਰੀਆਂ ਦਾ ਜੂਲਾ-ਪੰਜਾਲੀ ਸਾਵਾਂ ਖਿੱਚਣ ਲਈ ਭਾਈਆ ਮੇਰੇ ਨਕੇਲ ਪਾਉਣ ਲਈ ਕਾਹਲਾ ਹੋਵੇ। ਅਲਕ ਵਹਿੜੇ ਨੂੰ ਹਾਲੀ ਕਰਨ ਵੇਲੇ ਉਹਦੇ ਵਰ੍ਹਦੇ ਛੈਂਟੇ-ਪਰੈਣਾਂ ਤੇ ਆਰ ਖੁਭੋਣ ਦੀ ਘਟਨਾ ਦੇ ਅਚਨਚੇਤ ਚੇਤੇ ਆਉਣ ਨਾਲ ਮੇਰਾ ਸਰੀਰ ਕੰਬ ਕੇ ਠੰਢਾ ਜਿਹਾ ਪੈ ਗਿਆ। ਔੜ ਦੇ ਇਨ੍ਹਾਂ ਦਿਨਾਂ ਵਿਚ ਇਹ ਖ਼ਿਆਲ ਮੇਰੇ ਮਨ ਵਿਚ ਬਾਰਿਸ਼ ਕਰਨ ਲੱਗ ਪਏ। ਮੈਨੂੰ ਜਾਪਿਆ ਕਿ ਮੈਂ ਆਪਣੇ ਪਿੰਡ ਤੋਂ ਭੋਗਪੁਰ ਨੂੰ ਜਾਂਦੇ ਰੇਤਲੇ ਟਿੱਬੇ ਦੇ ਰਾਹ ਨੰਗੇ ਪੈਰੀਂ ਤੁਰਿਆ ਜਾ ਰਿਹਾ ਹਾਂ। ਮੇਰੇ ਪੈਰ ਮਾਲਾਂ ਦੀ ਭੱਠੀ ਵਿਚਲੇ ਦਾਣਿਆਂ ਵਾਂਗ ਭੁੱਜ ਰਹੇ ਹਨ। ਜਿੱਥੇ ਕਿਤੇ ਹਰਾ ਘਾਹ ਦਿਸਦਾ, ਮੈਂ ਦੌੜ-ਦੌੜ ਉੱਥੇ ਖੜ੍ਹਾ ਹੋ ਜਾਂਦਾ ਹਾਂ। ਮੇਰੀ ਨਿਗਾਹ ਅਚਾਨਕ ਰਾਹ ਕਿਨਾਰੇ ਉੱਗੇ ਕਾਨਿਆਂ-ਬੂਝਿਆਂ ਅਤੇ ਥੋਹਰਾਂ ਉੱਤੇ ਪੈਂਦੀ ਹੈ। ਨਿੱਕੀਆਂ-ਵੱਡੀਆਂ ਥੋਹਰਾਂ ਦੀਆਂ ਪਾਲਾਂ ਪਲ ਭਰ ਲਈ ਸਾਡੇ ਮੁਹੱਲੇ ਦੀਆਂ ਤੀਵੀਆਂ-ਬੰਦਿਆਂ ਤੇ ਨਿਆਣਿਆਂ ਵਿਚ ਬਦਲ ਗਈਆਂ। ਮੈਨੂੰ ਪ੍ਰਤੀਤ ਹੋਇਆ ਜਿਵੇਂ ਇਹ ਵੀਰਾਨ-ਸਥਾਨ ਉਨ੍ਹਾਂ ਦੀ ਖੁਸ਼ਕੀ ਭਰੀ ਜ਼ਿੰਦਗੀ ਦਾ ਪ੍ਰਤੀਕ ਹੋਵੇ ਤੇ ਥੋਹਰਾਂ ਦੀਆਂ ਤਿੱਖੀਆਂ-ਲੰਮੀਆਂ ਮਜ਼ਬੂਤ ਸੂਲਾਂ ਦੀ ਭਰਮਾਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਬੇਸ਼ੁਮਾਰ ਮੁਸ਼ਕਿਲਾਂ। ਜਦੋਂ ਮੇਰੀ ਨਜ਼ਰ ਥੋਹਰਾਂ ਉੱਤੇ ਉੱਗੇ ਫੁੱਲਾਂ ਉੱਤੇ ਪਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਪਾਸ਼ੂ, ਧਿਆਨ, ਰਾਮਪਾਲ, ਸੁੱਚਾ, ਮੇਰਾ ਵੱਡਾ ਭਰਾ ਬਿਰਜੂ ਤੇ ਮੈਂ ਹਾਂ ਜਿਨ੍ਹਾਂ ਨੂੰ ਭਾਈਏ ਹੁਰੀਂ ਸਦਾ ਖਿੜੇ ਦੇਖਣਾ ਸੋਚਦੇ ਤੇ ਲੋਚਦੇ ਹਨ।

ਛਾਂਗਿਆ ਰੁੱਖ (ਕਾਂਡ ਛੇਵਾਂ)

ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾ ਦੇ ਜ਼ੋਰੋ-ਜ਼ੋਰ।

ਸਕੂਲ ਦੀ ਪੜ੍ਹਾਈ ਲਈ ਲੱਗੀ ਕਿਤਾਬ ਵਿੱਚੋਂ ਯਾਦ ਕੀਤੀਆਂ ਉਤਲੀਆਂ ਕਾਵਿ-ਤੁਕਾਂ ਸਾਡੇ ਮੁਹੱਲੇ ਦੇ ਨਿਆਣਿਆਂ ਦੀ ਟੋਲੀ ਕਦੀ ਕਿਸੇ ਗਲ਼ੀ ਤੇ ਕਦੀ ਕਿਸੇ ਗਲ਼ੀ ਵਿਚ ਦੁੜੰਗੇ ਮਾਰਦੀ ਇਕ ਆਵਾਜ਼ ਵਿਚ ਬੋਲਦੀ ਲੰਘਦੀ। ਅਸੀਂ ਧਰਤੀ ਉੱਤੇ ਦੌੜਦੇ ਤੇ ਬੱਦਲ ਅਸਮਾਨ ਵਿਚ। ਉਤਾਂਹ ਨੂੰ ਦੇਖਦੇ ਤਾਂ ਇਉਂ ਲਗਦਾ ਜਿਵੇਂ ਬੱਦਲ-ਬੱਦਲੀਆਂ ਨੇ ਸਾਡੇ ਵਾਂਗ ਇੱਕ-ਦੂਜੇ ਤੋਂ ਅੱਗੇ ਭੱਜ ਨਿਕਲਣ ਦੀ ਬੁਰਦ ਲਾਈ ਹੋਵੇ। ਬਹੁਤੀ ਵਾਰ ਅਸਮਾਨ ਵਿਚਲੇ ਬੱਦਲਾਂ ਨੂੰ ਦੇਖਦਿਆਂ ਸਾਨੂੰ ‘ਕਾਲੀਆਂ ਇੱਟਾਂ ਕਾਲੇ ਰੋੜ ...,’ ਦੀਆਂ ਤੁਕਾਂ ਕੁਝ ਚਿਰ ਲਈ ਵਿਸਰ ਜਾਂਦੀਆਂ ਅਤੇ ਆਪਣਾ-ਆਪ ਭੁੱਲ ਜਾਂਦਾ। ਅਕਸਰ ਵਣ੍ਹਿਆਂ (ਮੁਸਲਮਾਨ ਪਰਿਵਾਰਾਂ ਦੇ ਲਹਿੰਦੇ ਪੰਜਾਬ ਚਲੇ ਜਾਣ ਕਾਰਣ ਉਜਾੜ ਵਿਚ ਬਦਲ ਚੁੱਕਾ ਕਬਰਸਤਾਨ ਜਿੱਥੇ ਵਣ੍ਹਾ, ਨੜਾ, ਸਰਵਾੜ੍ਹ, ਭੰਗ ਤੇ ਹੋਰ ਕਈ ਬੂਟੇ ਉੱਗੇ ਹੁੰਦੇ ਸਨ।) ਕੋਲ ਫਿਰਨੀ ਉੱਤੇ ਸਾਡੀ ਢਾਣੀ ਖੜ੍ਹੀ ਹੋ ਕੇ ਗੱਲਾਂ ਕਰਦੀ:

‘ਬੱਦਲਾਂ ਨੂੰ ਸਾਡੀ ‘ਵਾਜ ਨਈਂ ਸੁਣੀ ਹੋਣੀ! ਨਹੀਂ ਤਾਂ ਉਨ੍ਹਾਂ ਨੇ ਏਥੇ ਹੀ ਵਰ੍ਹ ਜਾਣਾ ਸੀ ...!’

‘ਦੇਖੋ ਬੱਦਲ ਕਿੱਦਾਂ ਪਾਣੀ ਢੋਈ ਜਾਂਦੇ ਆ! ਆਪਣੇ ਤੋਂ ਮੋਹਰੇ ਗਿਆਂ ਨੂੰ ਪਾਣੀ ਦੇ ਕੇ ਫਿਰ ਆ ਜਾਂਦੇ ਆ, ਹੋਰ ਪਾਣੀ ਲੈਣ!’

‘ਅਜੇ ਦੂਰ ਆਲਿਆਂ ਲਈ ਢੋਂਦੇ ਆ - ਸਾਡੀ ਨੇੜੇ ਆਲਿਆਂ ਦੀ ਬਾਰੀ ਬਾਅਦ ‘ਚ ਆਊ!’

ਇਸੇ ਦੌਰਾਨ ਕਈ ਵਾਰ ਦੂਰ ਚੜ੍ਹਦੇ ਜਾਂ ਲਹਿੰਦੇ ਪਾਸੇ ਬੁੱਢੀ ਮਾਈ ਦੀ ਸਤਰੰਗੀ ਪੀਂਘ ਬਹੁਤ ਵੱਡੀ ਚਾਪ ਦੇ ਆਕਾਰ ਦੀ ਦਿਸਦੀ। ਅਸੀਂ ਰੰਗਾਂ ਦੇ ਨਾਂ ਬੋਲ-ਬੋਲ ਗਿਣਦੇ। ਸਭ ਤੋਂ ਪਹਿਲਾਂ ਜਾਮਣੀ, ਫਿਰ ਗੂੜ੍ਹਾ ਨੀਲਾ, ਨੀਲਾ, ਹਰਾ, ਪੀਲਾ, ਸੰਤਰੀ ਤੇ ਇਨ੍ਹਾਂ ਸਾਰਿਆਂ ਤੋਂ ਉੱਤੇ ਲਾਲ। ਆਮ ਤੌਰ ’ਤੇ ਅਸੀਂ ਬੇਵਾਕ ਤੇ ਹੈਰਾਨ ਹੋ ਕੇ ਰਹਿ ਜਾਂਦੇ ਕਿ ਰੰਗ ਅਸਮਾਨ ਵਿਚ ਕਿਵੇਂ ਚੜ੍ਹ ਗਏ! ਫਿਰ ਸਾਡੇ ਵਿੱਚੋਂ ਕੋਈ ਦੰਦਾਂ ਵਿਚਾਲੇ ਉਂਗਲ ਲੈ ਕੇ ਕਹਿੰਦਾ, ‘ਬੁੱਢੀ ਮਾਈ ਕੋਲ ਏਨੇ ਈ ਰੰਗ ਹੋਣੇ ਆ।’

‘ਇਹ ਸਾਰੇ ਸੂਰਜ ਦੇ ਰੰਗ ਆ।' ਫੁੰਮ੍ਹਣ ਤੋਂ ਸੁਣਿਆ ਮੈਂ ਦੱਸਿਆ। ਸਾਰੀ ਟੋਲੀ ਦਾ ਖਲਾਅ ਵਿਚ ਇਕ ਨਿੱਕਾ ਜਿਹਾ ਹਾਸਾ ਉੱਚਾ ਹੋਇਆ। ਮੈਂ ਫਿਰ ਆਖਿਆ, ‘ਫੁੰਮ੍ਹਣ ਦੱਸਦਾ ਸੀ ਪਈ ਇਨ੍ਹਾਂ ਸਾਰੇ ਰੰਗਾਂ ਦਾ ਇਕ ਰੰਗ ਆ - ਧੁੱਪ।’

‘ਸਾਨੂੰ ਤਾਂ ਧੁੱਪ ਤੋਂ ਬਗੈਰ ਕੋਈ ਰੰਗ ਨਈਂ ਦਿਸਦਾ!’

‘ਕਹਿੰਦੇ ਮੋਟੇ ਤਿਕੋਨੇ ਸ਼ੀਸ਼ੇ ਥਾਣੀਂ ਰੰਗ ਦਿਸਣ ਲੱਗ ਪੈਂਦੇ ਆ।’ ਮੈਂ ਸੁਣਿਆ ਹੋਇਆ ਹੋਰ ਦੱਸਿਆ।

‘ਐਮੀਂ ਯਭਲੀਆਂ ਮਾਰਨ ਡਿਹਾ ਆ - ਚਲੋ ਔਹ ਪਹਾੜ ਦੇਖੀਏ।' ਮੈਂ ਇਹ ਸੁਣ ਕੇ ਨਿੰਮੋਝੂਣਾ ਜਿਹਾ ਹੋ ਜਾਂਦਾ ਕਿ ਖ਼ਬਰੇ ਫੁੰਮ੍ਹਣ ਨੇ ਫੜ੍ਹ ਹੀ ਮਾਰ ਦਿੱਤੀ ਹੋਵੇ। ਜਦੋਂ ਉਹਦੇ ਵਲੋਂ ਭਰੋਸੇ ਭਰੀ ਗੱਲ ਦਾ ਮੈਨੂੰ ਚੇਤਾ ਆਉਂਦਾ ਤਾਂ ਲਗਦਾ ਫੁੰਮ੍ਹਣ ਦੀ ਗੱਲ ਠੀਕ ਹੋਵੇਗੀ। ਇਸ ਖ਼ਿਆਲ ਨਾਲ ਮੇਰਾ ਸਵੈ-ਭਰੋਸਾ ਹੋਰ ਪੱਕਾ ਹੋ ਜਾਂਦਾ।

ਇੱਥੇ ਹੀ ਅਸੀਂ ਉੱਚੇ ਥਾਂ ਅੱਡੀਆਂ ਚੁੱਕ-ਚੁੱਕ ਪੱਬਾਂ ਭਾਰ ਖੜ੍ਹੇ ਹੋ-ਹੋ ਉੱਤਰ-ਪੂਰਬ ਵਲ ਨੀਝ ਨਾਲ ਦੇਖਦੇ ਤਾਂ ਪਹਾੜਾਂ ਦੀਆਂ ਨੀਲੀਆਂ ਧਾਰਾਂ ਆਕਾਸ਼ ਨਾਲ ਇਕਮਿਕ ਹੋਈਆਂ ਦਿਸਦੀਆਂ। ਨਿੱਖਰੀਆਂ ਚਮਕਾਂ ਮਾਰਦੀਆਂ ਚੋਟੀਆਂ ਅੱਖਾਂ ਸਾਹਮਣੇ ਤਸਵੀਰਾਂ ਬਣ-ਬਣ ਉੱਭਰਦੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਉੱਡਦੀਆਂ ਪਰੀਆਂ ਦਾ ਰੂਪ ਧਾਰਦੀਆਂ ਚੰਗੀਆਂ-ਚੰਗੀਆਂ ਲਗਦੀਆਂ। ਬਰਫ਼ਾਂ ਲੱਦੀਆਂ ਉੱਚੀਆਂ ਚਿੱਟੀਆਂ ਚੋਟੀਆਂ ਵਿੱਚੋਂ ਇਕ ਬਾਰੇ ਮੈਂ ਕਿਆਫ਼ਾ ਲਾਉਂਦਾ ਕਿ ਇਹ ਹੀ ਹਿਮਾਲੀਆ ਦੀ ਸਭ ਤੋਂ ਉੱਚੀ ਚੋਟੀ ਹੋਵੇਗੀ ਜਿਸ ਨੂੰ ਸਰ ਐਡਮੰਡ ਹਿਲੇਰੀ ਤੇ ਤੇਨਜ਼ਿੰਗ ਨੋਰਕੇ ਨੇ 1953 ਵਿਚ ਸਰ ਕੀਤਾ ਸੀ। ਉਸ ਐਵਰੈਸਟ ਚੋਟੀ ਉੱਤੇ ਚੜ੍ਹਨ ਵਾਲੇ ਉਹ ਪਹਿਲੇ ਆਦਮੀ ਸਨ। ਇਹ ਸੋਚਦਿਆਂ ਮੈਨੂੰ ਇਉਂ ਲਗਦਾ ਜਿਵੇਂ ਆਪਣਾ ਸਬਕ ਯਾਦ ਕਰ ਰਿਹਾ ਹੋਵਾਂ।

... ਤੇ ਅਸੀਂ ਫਿਰ ਘਰਾਂ ਵੱਲ ਨੂੰ ਛੂਟਾਂ ਵੱਟਦੇ ਉੱਚੀ-ਉੱਚੀ ਬੋਲਦੇ ਜਾਂਦੇ:

ਰੱਬਾ ਰੱਬਾ ਮੀਂਹ ਵਰ੍ਹਾ, ...

ਕਾਲੀਆਂ ਇੱਟਾਂ ਕਾਲੇ ਰੋੜ, ...

ਇਨ੍ਹਾਂ ਤੁਕਾਂ ਦੇ ਦੁਹਰਾਅ ਤੇ ਭੱਜ-ਦੌੜ ਦੌਰਾਨ ਇਕ ਦਿਨ ਅਚਾਨਕ ਹਵਾ ਥੰਮ੍ਹ ਗਈ। ਸਾਰੇ ਬੱਦਲ ਆਪਸ ਵਿਚ ਘੁਲਮਿਲ ਗਏ ਤੇ ਉਨ੍ਹਾਂ ਦਾ ਰੂਪ ਬਦਲ ਗਿਆ। ਆਸਮਾਨ ਕਿਧਰੇ ਵੀ ਖਾਲੀ ਨਹੀਂ ਸੀ ਦਿਸਦਾ। ਬਸ, ਬੱਦਲ ਹੀ ਬੱਦਲ ਨਜ਼ਰੀਂ ਪੈਂਦੇ। ਬੰਦੇ-ਪਰਿੰਦੇ ਆਪੋ-ਆਪਣੇ ਘਰਾਂ-ਆਲ੍ਹਣਿਆਂ ਅੰਦਰ ਜਿਵੇਂ ਲੁਕ-ਛੁਪ ਗਏ ਸਨ। ਦਿਨ ਦੇ ਤੀਜੇ ਪਹਿਰ ਹੀ ਹਨੇਰ ਪੈ ਗਿਆ। ਜਦੋਂ ਬਿਜਲੀ ਕੜਕਦੀ ਤਾਂ ਉਹਦੀ ਲਿਸ਼ਕੋਰ ਨਾਲ ਦੂਰ-ਦੂਰ ਦੇ ਦਰਖ਼ਤਾਂ ਤੇ ਘਰਾਂ ਦਾ ਉੱਥੇ ਹੋਣ ਦਾ ਪਤਾ ਲਗਦਾ। ਫਿਰ ਬੱਦਲ ਗੜ੍ਹਕਣੋਂ ਹਟ ਗਏ। ਇਕਦਮ ਬੱਦਲ ਜਿਵੇਂ ਪਾਟ ਕੇ ਹੇਠਾਂ ਡਿੱਗ ਪਏ ਹੋਣ। ਸੱਚਮੁੱਚ ਮੋਹਲੇਧਾਰ ਮੀਂਹ। ਮੋਟੀਆਂ ਛਿੱਟਾਂ ਏਨੇ ਜ਼ੋਰ ਨਾਲ ਵਰਸਦੀਆਂ ਜਿਵੇਂ ਸਾਡੇ ਘਰਾਂ ਵਿੱਚੋਂ ਮੇਰੀ ਦਾਦੀ ਲਗਦੀ ਅੰਨ੍ਹੀ ਸੰਤੀ ਉੱਖਲੀ ਵਿਚ ਚੌਲ ਛੜਨ ਵੇਲੇ ਦੋਹਾਂ ਹੱਥਾਂ ਨਾਲ ਭਾਰਾ ਮੋਹਲ਼ਾ ਵਰ੍ਹਾਉਂਦੀ ਸੀ।

ਉਸ ਦਿਨ ਮੈਨੂੰ ਇਉਂ ਲੱਗਿਆ ਜਿਵੇਂ ਦਿਨ ਹਨੇਰੇ ਵਿਚ ਗੁਆਚ ਗਿਆ ਹੋਵੇ। ਪਲਾਂ ਵਿਚ ਹੀ ਜਲ-ਥਲ ਇੱਕ ਹੋ ਗਿਆ। ਮੀਂਹ ਦਾ ਹੁਣ ਜ਼ੋਰ ਲੱਗ ਚੁੱਕਾ ਸੀ ਤੇ ਅਸਲੀ ਗੂੜ੍ਹਾ ਹਨੇਰਾ ਪਸਰ ਚੁੱਕਾ ਸੀ। ਭਾਈਆ ਬੂਹੇ ਥਾਣੀਂ ਬਾਹਰ ਨੂੰ ਦੇਖਦਾ ਹੋਇਆ ਕੋਈ ਬਿੜਕ ਲੈਂਦਾ ਲਗਦਾ। ਉਹ ਚੋਏ ਵਾਲੇ ਥਾਵਾਂ ਉੱਤੇ ਭਾਂਡੇ ਰੱਖਦਾ ... ਪਹਿਰਾ ਦਿੰਦਾ ਜਾਪਦਾ। ਰਾਤ ਜਿਵੇਂ-ਕਿਵੇਂ ਬੈਠ-ਉੱਠ ਕੇ ਕੱਟ ਹੋ ਗਈ। ਦਿਨ ਦੇ ਚੜ੍ਹਾਅ ਨਾਲ ਬਾਰਸ਼ ਮੁੜ ਤੇਜ਼ ਹੋ ਗਈ ਤੇ ਭਾਈਏ ਦਾ ਅੰਮ੍ਰਿਤ ਵੇਲੇ ਅਖੰਡ ਪ੍ਰਵਾਹ ਆਰੰਭ ਹੋ ਗਿਆ; ‘ਹੋਰ ਗੱਡਣ ਗੁੱਡੇ-ਗੁੱਡੀਆਂ, ਹੋਰ ਬੰਡਣ ਖੁਆਜੇ ਖਿਜਰ (ਖ਼ਵਾਜ਼ਾ ਖ਼ਿਜ਼ਰ) ਦਾ ਦਲ਼ੀਆ ...!’

‘ਧੜੰਮ’ ਜਿਹੇ ਦੀ ਚਾਣਚੱਕ ਆਈ ਆਵਾਜ਼ ਨੇ ਭਾਈਏ ਦੀ ਗੱਲ ਅੱਧ-ਵਿਚਾਲੇ ਹੀ ਰੋਕ ਦਿੱਤੀ ... ਨਹੀਂ ਤਾਂ ਪਤਾ ਨਹੀਂ ਅਜੇ ਹੋਰ ਕੀ-ਕੀ ਸਲੋਕ-ਬਾਣੀ ਪੜ੍ਹਦਾ। ਸਾਡੀ ਛਤੜੀ ਤੇ ਵਗਲ਼ੇ ਦੀ ਅੱਧੀਓਂ ਜ਼ਿਆਦਾ ਕੰਧ ਗਲ਼ੀ ਵਲ ਨੂੰ ਡਿੱਗ ਪਈ ਜਿਸ ਨੇ ਗਲ਼ੀ ਵਿਚ ਹਰਲ-ਹਰਲ ਕਰਦੇ ਪਾਣੀ ਨੂੰ ਡੱਕ ਦਿੱਤਾ ਜੋ ਪਲਾਂ ਵਿਚ ਹੀ ਪਿੰਨੀਆਂ ਤਕ ਚੜ੍ਹ ਗਿਆ। ਗਲ਼ੀਆਂ-ਨਾਲੀਆਂ ਦਾ ਫ਼ਰਕ ਤਾਂ ਪਹਿਲਾਂ ਹੀ ਮਿਟਿਆ ਹੋਇਆ ਸੀ।

‘ਦਬਾਸੱਟ ਉੱਠੋ, ਕਿਤੇ ਦਲਾਨ-ਕੋਠੜੀ ਦੀ ਕੰਧ ਈ ਨਾ ਬਹਿ ਜਾਏ।’ ਭਾਈਏ ਨੇ ਸਰਦਲ ਤੋਂ ਬਾਹਰ ਨਿੱਕਲਦਿਆਂ ਚਿੰਤਾ ਭਰੀ ਆਵਾਜ਼ ਵਿਚ ਆਖਿਆ, ਜਿਸ ਨਾਲ ਸਾਰਾ ਟੱਬਰ ਘਬਰਾ ਗਿਆ।

ਵਿਹੜੇ-ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਕਿਸੇ ਨੇ ਸਿਰ ਉੱਤੇ ਚਾਦਰ ਦਾ ਝੁੰਬ ਮਾਰਿਆ ਹੋਇਆ ਸੀ ਤੇ ਕਿਸੇ ਨੇ ਖਾਦ ਵਾਲੇ ਬੋਰੇ ਵਿਚਲੇ ਮੋਮਜਾਮੇ ਦੀ ਤਿਕੋਨੀ ਜਿਹੀ ਬਰਸਾਤੀ ਬਣਾਈ ਹੋਈ ਸੀ। ਭਾਈਆ ਡਿੱਗੀ ਕੰਧ ਦੀ ਮਿੱਟੀ ਦੀਆਂ ਕਹੀਆਂ ਭਰ-ਭਰ ਦੂਹੋ-ਦੂਹ ਵਗਾਹ-ਵਗਾਹ ਘਰ ਦੇ ਵਿਹੜੇ ਅੰਦਰ ਸੁੱਟਣ ਲੱਗ ਪਿਆ। ਅਖ਼ੀਰ ਗਲ਼ੀ ਦਾ ਪਾਣੀ ਇਕ ਨਹਿਰ ਦਾ ਰੂਪ ਧਾਰ ਗਿਆ ਜਿਸ ਵਿਚ ਗੋਹਾ, ਕੁੱਤਿਆਂ-ਬਿੱਲੀਆਂ ਦੀਆਂ ਸੁੱਕੀਆਂ ਟੱਟੀਆਂ ਤੇ ਹੋਰ ਕੱਖ-ਪੱਤ ਤਰਦਾ ਜਾ ਰਿਹਾ ਸੀ।

ਜ਼ਰਾ ਕੁ ਬਾਅਦ ਭਾਈਏ ਨੇ ਵਿਗੋਚੇ ਨਾਲ ਆਖਿਆ, ‘ਸਾਰੀ ਮਿੱਟੀ ਰੁੜ੍ਹਦੀ ਜਾਂਦੀ ਆ!’

ਮੈਨੂੰ ਲੱਗਿਆ ਜਿਵੇਂ ਭਾਈਏ ਦਾ ਮਜ਼ਬੂਤ ਹੌਸਲਾ ਰੁੜ੍ਹਦੀ ਜਾ ਰਹੀ ਮਿੱਟੀ ਵਾਂਗ ਖੁਰਨ-ਰੁੜ੍ਹਨ ਲੱਗ ਪਿਆ ਹੋਵੇ। ਉਹਦੇ ਸਿਰ ਉੱਤੇ ਫ਼ਿਕਰਾਂ ਦਾ ਇਕ ਹੋਰ ਜ਼ੋਰਦਾਰ ਛਰਾਟਾ ਵਰ੍ਹ ਗਿਆ ਹੋਵੇ। ਉਹਨੇ ਕੋਲ ਖੜ੍ਹੇ ਬੰਦਿਆਂ ਨੂੰ ਸੁਣਾ ਕੇ ਕਿਹਾ, ‘ਐਮੀਂ ਥੋੜ੍ਹੋ ਕਹਿੰਦੇ ਆ ਪਈ;

‘ਊਠ, ਜੁਲਾਹਾ, ਭੱਖੜਾ, ਚੌਥਾ ਗਾਡੀਵਾਨ।
ਚਾਰੇ ਮੀਂਹ ਨਾ ਮੰਗਦੇ, ਭਾਮੇਂ ਉੱਜੜ ਜਾਏ ਜਹਾਨ।’

‘ਆਪਣੇ ਸੰਤ ਸਾਖੀ ਸੁਣਾਉਂਦੇ ਹੁੰਦੇ ਸੀ ਪਈ ਇਕ ਰਾਜੇ ਤੋਂ ਬਾਰ੍ਹਾਂ ਘੜੀਆਂ ਦਾ ਮੀਂਹ ਨਈਂ ਸੀ ਝੱਲ ਹੋਇਆ ਤੇ ਉਹਨੇ ਪਰਜਾ ਦੀ ਸਲਾਮਤੀ ਖਾਤਰ ਰੱਬ ਤੋਂ ਬਾਰ੍ਹਾਂ ਵਰ੍ਹਿਆਂ ਦੀ ਔੜ ਮੰਗ ਲਈ ਸੀ।' ਕੋਲ ਖੜ੍ਹਿਆਂ ਵਿੱਚੋਂ ਕਿਸੇ ਨੇ ਕਿਹਾ।

ਇਨ੍ਹਾਂ ਗੱਲਾਂ ਦੌਰਾਨ ਅਚਾਨਕ ਇਕ ਜਨਾਨਾ ਆਵਾਜ਼ ਖਲਾਅ ਵਿਚ ਗੂੰਜੀ, ‘ਸਾਧੂ ਦਾ ਕੇਬਲ ਕੋਠੇ ਥੱਲੇ ਆ ਗਿਆ ਲੋਕੋ - ਬਚਾਓ, ਦੌੜ ਕੇ ਆਓ! ਬਚਾਓ ...!’

ਮੀਂਹ ਹਲਕੀ ਜਿਹੀ ਬੂੰਦਾ-ਬਾਂਦੀ ਵਿਚ ਬਦਲ ਚੁੱਕਾ ਸੀ। ਭਾਈਆ, ਮੈਂ, ਹੋਰ ਬੰਦੇ-ਤੀਵੀਆਂ ਤੇ ਨਿਆਣੇ ਸਾਧੂ ਦੇ ਘਰ ਵਲ ਨੂੰ ਬਿਨਾਂ ਵਕਤ ਗੁਆਇਆਂ ਦੌੜ ਪਏ। ਹਾਕਾਂ ਮਾਰਨ ਲੱਗੇ, ‘ਕੇਬਲਾ ਕਿੱਧਰ ਆਂ? ਕੇਬਲਾ ਕਿੱਧਰ ਆਂ?’

‘ਏਧਰ ਆਂ!’ ਕੋਠੇ ਦੇ ਦੋ ਖ਼ਾਨੇ ਜਿੱਧਰ ਢਹਿ ਗਏ ਸਨ, ਵਿੱਚੋਂ ਦੁੱਖ ਭਰੀ ਪਰ ਜਾਨਦਾਰ ਆਵਾਜ਼ ਆਈ। ਇਸ ਇਸ਼ਾਰੇ ਨਾਲ ਮਲਬੇ ਨੂੰ ਫ਼ੁਰਤੀ ਨਾਲ ਹਟਾਇਆ ਜਾਣ ਲੱਗਾ। ਕੜੀਆਂ, ਤੋੜਾ ਇੱਕ ਪਾਸੇ ਕੀਤੇ ਗਏ। ਕੇਵਲ ਇੱਕ ਖੂੰਜੇ ਵਿਚ ਸਿੱਧਾ ਖੜ੍ਹਾ ਸੀ। ਉਹਦਾ ਸਿਰ ਤੇ ਸਰੀਰ ਮਿੱਟੀ-ਗਾਰੇ ਨਾਲ ਲਿੱਬੜੇ ਹੋਏ ਸਨ। ਬਾਹਰ ਨਿਕਲ ਕੇ ਉਹਨੇ ਸਿਰ-ਧੜ ਨੂੰ ਇਉਂ ਹਲੂਣਿਆ ਜਿਵੇਂ ਭਿੱਜਾ ਹੋਇਆ ਬੱਕਰਾ ਆਪਣੇ ਲੂੰਆਂ ਤੋਂ ਪਾਣੀ ਛੰਡਦਾ ਹੈ। ਉਹਦੀਆਂ ਲੱਤਾਂ-ਬਾਹਾਂ ਉੱਤੇ ਲੱਗੀਆਂ ਰਗੜਾਂ ਵਿੱਚੋਂ ਲਹੂ ਸਿੰਮ ਰਿਹਾ ਸੀ ਤੇ ਲੱਤਾਂ ਥਿੜ੍ਹਕ ਰਹੀਆਂ ਸਨ।

‘ਰੱਬ ਨੇ ਦੂਆ ਜਰਮ (ਜਨਮ) ਦਿੱਤਾ ਮੇਰੇ ਪੁੱਤ ਨੂੰ!’ ਬੰਤੀ ਨੇ ਹੱਥ ਜੋੜ ਕੇ ਜ਼ਮੀਨ ਵਲ ਨੂੰ ਸਿਰ ਝੁਕਾ ਕੇ ਆਖਣ ਪਿੱਛੋਂ ਕੇਵਲ ਦੇ ਸਿਰ ’ਤੇ ਹੱਥ ਫੇਰਿਆ।

ਕੋਲ ਖੜ੍ਹੇ ਨਿਆਣਿਆਂ-ਸਿਆਣਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀ ਫ਼ੁਹਾਰ ਵਰਸ ਗਈ। ਲੋਕ ਆਪੋ-ਆਪਣੇ ਘਰਾਂ ਨੂੰ ਗੱਲਾਂ ਕਰਦੇ ਤੁਰ ਪਏ। ਤਾਏ ਬੰਤੇ ਨੇ ਸਹਿਵਨ ਹੀ ਦੱਬਵੀਂ ਜਿਹੀ ਜੀਭੇ ਆਖਿਆ, ‘ਰੱਬ ਸਹੁਰਾ ਬੀ ਗਰੀਬਾਂ ’ਤੇ ਈ ਜੁਲਮ ਢਾਹੁੰਦਾ।’

‘ਔੜ ਲੱਗੇ ਭਾਮੇਂ ਬਰਸਾਤ, ਭੁੱਖ, ਦੁੱਖ-ਦਲਿੱਦਰ, ਚਿੰਤਾ-ਫਿਕਰ ਸਾਡੇ ਲਈ ਈ ਰੱਖਿਓ ਆ ਸਾਲ਼ੇ।’ ਭਾਈਏ ਨੇ ਕਿਹਾ।

ਘਰ ਪਹੁੰਚ ਕੇ ਪਤਾ ਨਹੀਂ ਭਾਈਏ ਨੂੰ ਕੀ ਸੁੱਝਿਆ, ਉਹ ਛੋਹਲੇ ਪੈਰ ਪੁੱਟਦਾ ਹੋਇਆ ਛੱਤੜੀ ਨਾਲ ਦੀ ਮਿੱਟੀ ਦੇ ਮੋਟੇ ਪੌਡਿਆਂ ਵਾਲੀ ਪੌੜੀ ਚੜ੍ਹ ਗਿਆ। ਮੈਂ ਵੀ ਮਗਰ-ਮਗਰ ਕੋਠੇ ਦੀ ਛੱਤ ਉੱਤੇ ਪਹੁੰਚ ਗਿਆ। ਭਾਈਆ ਬਨੇਰਿਆਂ ਦੇ ਨਾਲ-ਨਾਲ ਚੋਏ ਵਾਲੀਆਂ ਥਾਵਾਂ ਪੈਰਾਂ ਨਾਲ ਪੋਲਾ-ਪੋਲਾ ਦਬਾ-ਦਬਾ ਕੇ ਚੋਆ ਬੰਦ ਕਰਨ ਲੱਗ ਪਿਆ। ਮੈਂ ਆਲੇ-ਦੁਆਲੇ ਦੇਖਿਆ ਕਿ ਸਾਡੀ ਬਰਾਦਰੀ ਦੇ ਕਈ ਲੋਕ ਛੱਤਾਂ ਉੱਤੇ ਚੜ੍ਹੇ ਹੋਏ ਸਨ ਅਤੇ ਛੱਤਾਂ ਦੀ ਮੁਰੰਮਤ ਦੇ ਆਹਰ ਵਿਚ ਸਨ। ਦੂਰ ਜਿੱਥੇ ਤਕ ਵੀ ਮੇਰੀ ਨਿਗਾਹ ਜਾਂਦੀ ਝੋਨੇ ਪਾਣੀ ਵਿਚ ਡੁੱਬੇ ਹੋਏ ਤੇ ਮੱਕੀ, ਚਰ੍ਹੀ, ਬਾਜਰੇ ਦੇ ਸਿਰ ਝੁਕੇ-ਮੁੜੇ ਹੋਏ ਸਨ ਪਰ ਹਰੇ-ਭਰੇ ਕਮਾਦਾਂ ਉੱਤੇ ਪੂਰਾ ਜੋਬਨ ਸੀ। ਰੁੱਖ ਅਡੋਲ ਤੇ ਸਿਰ ਉੱਚਾ ਕਰ ਕੇ ਖੜ੍ਹੇ ਇਉਂ ਲੱਗਦੇ ਸਨ ਜਿਵੇਂ ਉਹ ਸਭ ਕੁਝ ਚੁੱਪ-ਚਾਪ ਦੇਖ ਰਹੇ ਹੋਣ। ਲੋਕ ਮੂਧੇ ਹੋ ਕੇ ਪੱਠੇ-ਗਾਚਾ ਵੱਢਦੇ ਇਉਂ ਜਾਪਦੇ ਸਨ ਜਿਵੇਂ ਝੋਨਾ ਲਾ ਜਾਂ ਤਾਲ਼ ਰਹੇ ਹੋਣ। ਪਾਣੀ ਨੇ ਪਿੰਡ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ। ਉਸ ਦੀ ਲਪੇਟ ਵਿਚ ਹਰ ਜੀਵ-ਜੰਤੂ, ਰੁੱਖ ਤੇ ਮਨੁੱਖ ਆਏ ਹੋਏ ਸਨ।

ਚੁਫ਼ੇਰੇ ਪਾਣੀ ਦੀ ਪਸਰੀ ਇਹ ਮੈਲ਼ੀ-ਘਸਮੈਲ਼ੀ ਚਾਦਰ ਰਾਸਤਗੋ, ਮਾਣਕਢੇਰੀ, ਸਿਕੰਦਰਪੁਰ ਤੇ ਢੱਡਾ-ਸਨੌਰਾ ਦੇ ਪਿੰਡਾਂ ਤਕ ਵਿਛੀ ਹੋਈ ਦਿਸੀ। ਰੇਲ-ਗੱਡੀ ਦੀ ਅਚਾਨਕ ਵੱਜੀ ਸੀਟੀ ਤੇ ਛੱਕ-ਛੱਕ ਦੀ ਆਵਾਜ਼ ਵਲ ਮੇਰਾ ਧਿਆਨ ਇਕਦਮ ਗਿਆ। ਮੈਂ ਦੇਖਿਆ ਕਿ ਢੱਡਿਆਂ ਕੋਲੋਂ ਦੀ ਲੰਘਦੀ ਗੱਡੀ ਗੂਹੜਾ ਕਾਲ਼ਾ ਧੂੰਆਂ ਛੱਡਦੀ ਤੇਜ਼ ਰਫ਼ਤਾਰ ਨਾਲ ਭੱਜੀ ਜਾ ਰਹੀ ਸੀ। ਮੇਰਾ ਜੀਅ ਕੀਤਾ ਕਿ ਮੈਂ ਦੌੜ ਕੇ ਲੰਬੜਾਂ ਜਾਂ ਬਾਹਮਣਾਂ ਦੇ ਚੁਬਾਰੇ ਉੱਤੇ ਚੜ੍ਹ ਜਾਵਾਂ ਤੇ ਪੂਰੀ ਗੱਡੀ ਨੂੰ ਦੇਖਾਂ ਜੋ ਸਫ਼ੈਦਿਆਂ, ਉੱਚੀਆਂ ਟਾਹਲੀਆਂ ਤੇ ਹੋਰ ਰੁੱਖਾਂ ਕਾਰਨ ਵਿਚ-ਵਿਚਾਲਿਓਂ ਕਦੀ ਥੋੜ੍ਹੀ ਤੇ ਕਦੀ ਥੋੜ੍ਹੀ ਜ਼ਿਆਦਾ ਦਿਸ ਪੈਂਦੀ। ਇਹ ਲੁਕਣ-ਮੀਟੀ ਖੇਡ ਦੇਖ ਹੀ ਰਿਹਾ ਸੀ ਕਿ ਗਲ਼ੀ ਵਿਚ ਖੁਸ਼ੀਆ ਤੇ ਤਿੰਨ-ਚਾਰ ਹੋਰ ਮੁੰਡੇ ਡਾਂਗਾਂ ਚੁੱਕੀ ਲੰਮੀਆਂ ਲਾਂਘਾਂ ਭਰਦੇ ਜਾ ਰਹੇ ਸਨ। ਕਿਸੇ ਨੇ ਕੁਝ ਪੁੱਛਿਆ ਤਾਂ ਉਹ ਤੁਰਿਆ ਜਾਂਦਾ ਉੱਚੀ-ਉੱਚੀ ਬੋਲ ਕੇ ਦੱਸ ਰਿਹਾ ਸੀ, ‘ਮੱਛੀਆਂ ਦਾ ਸ਼ਿਕਾਰ ਕਰਨ ਚੱਲੇ ਆਂ, ਮਾਣਕਢੇਰੀ ਆਲੀ ਢਾਬ ‘ਚ ਹੜ੍ਹ ਆ ਗਿਆ। ਆ ਜਾ ਤੂੰਮ੍ਹੀਂ!’

ਮੇਰੀ ਉਤਸੁਕਤਾ ਵਧੀ ਕਿ ਦੌੜ ਕੇ ਖ਼ੁਸ਼ੀਏ ਹੁਰਾਂ ਨਾਲ ਜਾ ਰਲਾਂ। ਮੱਛੀਆਂ ਨੂੰ ਪਰ ਮਾਰਦੀਆਂ ਇੱਧਰ-ਉੱਧਰ ਤਰਦੀਆਂ ਦੇਖਾਂ ... ਹੱਥਾਂ ਵਿੱਚੋਂ ਤਿਲਕਦੀਆਂ ਮੱਛੀਆਂ ਦਾ ਸੋਚ ਕੇ ਮੇਰਾ ਮਨ ਪ੍ਰਸੰਨਤਾ ਦੇ ਡੂੰਘੇ ਪਾਣੀਆਂ ਵਿਚ ਤਾਰੀਆਂ ਲਾਉਂਦਾ ਪ੍ਰਤੀਤ ਹੋ ਰਿਹਾ ਸੀ। ਜਦੋਂ ਆਲੇ-ਦੁਆਲੇ ਡੂੰਘੇ ਤੇ ਪਸਰੇ ਪਾਣੀ ਦਾ ਖ਼ਿਆਲ ਆਇਆ ਤਾਂ ਮੇਰਾ ਤ੍ਰਾਹ ਜਿਹਾ ਨਿਕਲ ਗਿਆ - ਮੈਂ ਜਿਵੇਂ ਅਸਲੀਅਤ ਦੇ ਰੂ-ਬ-ਰੂ ਹੋ ਗਿਆ ਹੋਵਾਂ।

ਛੱਤ ਤੋਂ ਉੱਤਰੇ ਤਾਂ ਮੈਂ ਦੇਖਿਆ ਕਿ ਸਾਡੇ ਮੁਹੱਲੇ ਦੇ ਕਈ ਬੰਦੇ ਢਾਣੀਆਂ ਬਣਾ ਕੇ ਘੁਸਰ-ਮੁਸਰ ਕਰ ਰਹੇ ਸਨ। ਉਨ੍ਹਾਂ ਦੇ ਮੂੰਹਾਂ ਉੱਤੇ ਕਿਸੇ ਚਿੰਤਾ-ਸੋਗ ਦਾ ਜਿਵੇਂ ਦੋਹਰਾ ਪੋਚਾ ਫਿਰ ਗਿਆ ਹੋਵੇ। ਉਹ ਗੱਲਾਂ ਕਰ ਰਹੇ ਸਨ, ‘ਉਹ ਤਾਂ ਰਾਤ ਦੀ ਮਰੀਊ ਆ। ਸਿਵਿਆਂ ‘ਚ ਪਾਣੀ ਲੱਫਾਂ ਮਾਰਦਾ ਫਿਰਦਾ - ਮਾਣਕਢੇਰੀ ਆਲੀ ਢਾਬ ਦਾ ਹੜ੍ਹ। ਲੌਢੇ ਵੇਲੇ ਤਾਈਂ ਪਾਣੀ ਉੱਤਰ ਗਿਆ ਤਾਂ ਚੜ੍ਹਦੇ ਪਾਸੇ ਅਲ ਫੂਕ ਦਿਆਂਗੇ। ਓਧਰਲਾ ਥਾਂ ਉੱਚਾ - ਉੱਥੇ ਕੁ ਤਾਂ ਪਾਣੀ ਹੁਣ ਬੀ ਓਪਰਾ ਜਿਹਾ ਈ ਬਗਦਾ!’

‘ਸਿਵਿਆਂ ਦਾ ਉਹ ਪਾਸਾ ਤਾਂ ਸਾਡੇ ਜੋਗਾ ਈ ਆ!’ ਜੁਗਿੰਦਰ ਸਰੈਹੜੇ (ਰੂੰ-ਪੇਂਜਾ ਬਰਾਦਰੀ ਨਾਲ ਸੰਬੰਧਤ) ਨੇ ਅਚਾਨਕ ਆਏ ਛਰਾਟੇ ਵਾਂਗ ਆਮ ਨਾਲੋਂ ਰਤਾ ਕੁ ਉੱਚੀ ਆਵਾਜ਼ ਵਿਚ ਆਖਿਆ। ਉਹਦੇ ਇਹ ਬੋਲ ਸੁਣ ਕੇ ਤਾਏ ਬੰਤੇ ਦੇ ਧੂੰਆਂਖੇ ਤੇ ਕਰੇੜਾ ਖਾਧੇ ਹੋਏ ਬੋੜੇ ਦੰਦ ਦਿਸੇ।

ਅਸਲ ਵਿਚ, ਕੰਮੀਆਂ ਦੇ ਸਿਵੇ ਸਾਂਝੇ ਸਨ ਪਰ ਸਾਡੇ ਪਿੰਡ ਤੋਂ ਰਾਸਤਗੋ ਨੂੰ ਜਾਂਦਾ ਰਾਹ ਇਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਸੀ। ਆਬਾਦੀ ਦੇ ਹਿਸਾਬ ਲਹਿੰਦਾ ਵੱਡਾ ਹਿੱਸਾ ਆਦਿਧਰਮੀਆਂ/ਰਾਮਦਾਸੀਆਂ ਦਾ ਸੀ ਤੇ ਚੜ੍ਹਦਾ ਪਾਸਾ ਸਰੈਹੜਿਆਂ ਦਾ ਮੰਨ ਲਿਆ ਹੋਇਆ ਸੀ। ਭਾਵੇਂ ਕੁਝ ਚਿਰ ਪਹਿਲਾਂ ਹੋਈ ਮੁਰੱਬੇਬੰਦੀ ਕਾਰਣ ਰਾਹ ਸਿਵਿਆਂ ਦਾ ਹਿੱਸਾ ਬਣ ਗਿਆ ਸੀ ਪਰ ਅਜੇ ਪਹਿਲੀ ਪਰੰਪਰਾ ਕਦੀ-ਕਦੀ ਆਪਣਾ ‘ਜਲਵਾ' ਸਹਿਵਨ ਹੀ ਦਿਖਾ ਦਿੰਦੀ ਸੀ। ਛੇਤੀ ਹੀ ਮੁੜ ਇਹ ਜ਼ਮੀਨ-ਟੁਕੜਾ ਸਾਂਝੇ ਸਿਵਿਆਂ ਵਿਚ ਬਦਲ ਗਿਆ।

ਸੂਰਜ ਤੇ ਬੱਦਲ ਆਪਸ ਵਿਚ ਲੁਕਣ-ਮੀਟੀ ਖੇਡ ਖੇਡਦੇ ਰਹੇ ਜੋ ਬਹੁਤਾ ਚਿਰ ਨਾ ਚੱਲ ਸਕੀ। ਬੱਦਲ ਫਿਰ ਜੁੜ ਗਏ। ਆਸਮਾਨ ਵਿਚ ਹਨੇਰ ਪੈ ਗਿਆ। ਮੀਂਹ ਕਹਿਰ ਬਣ ਕੇ ਵਰਸਣ ਲੱਗ ਪਿਆ। ਲੋਕਾਂ ਦੇ ਚਿਹਰੇ ਮਸੋਸੇ ਗਏ।

ਲੌਢੇ ਵੇਲੇ ਤਕ ਸਾਡੀ ਬਰਾਦਰੀ ਦੇ ਟਾਵੇਂ-ਟਾਵੇਂ ਘਰ ਢਹਿ ਗਏ ਜਾਂ ਕੰਧਾਂ ਡਿੱਗ ਪਈਆਂ। ਪਿੰਡ ਦੇ ਗੁਰਦੁਆਰੇ ਦੀ ਇਮਾਰਤ ਦੇ ਬਾਹਰਲਾ ਨਿੱਕੀਆਂ ਇੱਟਾਂ ਦਾ ਵੱਡਾ-ਚੌੜਾ-ਉੱਚਾ ਬੁਰਜ਼ ਥੋੜ੍ਹਾ-ਥੋੜ੍ਹਾ ਕਰ ਕੇ ਮੇਰੀਆਂ ਅੱਖਾਂ ਸਾਹਮਣੇ ਡਿਗਣਾ ਸ਼ੁਰੂ ਹੋ ਗਿਆ। ਤਾਈ ਤਾਰੋ (ਜੱਟ) ਹੁਰਾਂ ਦਾ ਪਸੂਆਂ ਵਾਲਾ ਕੌਲਿਆਂ ਉੱਤੇ ਖੜ੍ਹਾ ਢਾਰਾ ਡਿਗ ਪਿਆ। ਵਰ੍ਹਦੇ ਮੀਂਹ ਵਿਚ ਸਾਡੇ ਘਰਾਂ ਦੀਆਂ ਕੰਜਕਾਂ ਯਾਨੀ ਕੁਆਰੀਆਂ ਕੁੜੀਆਂ ਨੇ ਆਪਣੇ ਘਰਾਂ ਦੇ ਪਰਨਾਲਿਆਂ ਥਾਣੀਂ ਡਿਗਦੀਆਂ ਪਾਣੀ ਦੀਆਂ ਧਾਰਾਂ ਹੇਠ ਮਾਂਹ ਦੱਬੇ। ਚੁਰਾਹਿਆਂ ਵਿਚ ਗੁੱਡੀਆਂ-ਗੁੱਡੇ ਫੂਕੇ, ਲਾਲ-ਕਾਲੇ ਕੱਪੜੇ ਉੱਤੇ ਮਾਂਹ ਰੱਖ ਕੇ ਟੂਣੇ ਕੀਤੇ ਕਿ ਮੀਂਹ ਹਟ ਜਾਵੇ। ਆਲੇ-ਦੁਆਲੇ ਦੇ ਪਾਣੀ ਭਰੇ ਖੇਤਾਂ ਵਿਚ ਵੱਡੇ-ਵੱਡੇ ਪੀਲੇ ਰੰਗ ਦੇ ਡੱਡੂਆਂ ਦੀ ਗੜੈਂ-ਗੜੈਂ ਤੇ ਗੂੜ੍ਹੇ ਬੱਦਲ ਇਉਂ ਲਗਦੇ ਜਿਵੇਂ ਉਹ ਵੀ ਕਿਸੇ ਗਰੀਬ-ਮਾਰ ਸਾਜਿਸ਼ ਵਿਚ ਭਾਈਵਾਲ ਹੋਣ।

ਬਹੁਤੇ ਲੋਕਾਂ ਦੇ ਚਿਹਰੇ ਚਿੰਤਾ-ਫ਼ਿਕਰ ਦੀਆਂ ਮੂਰਤਾਂ ਵਿਚ ਤਬਦੀਲ ਹੋ ਗਏ ਪਰ ਮੈਂ ਤੇ ਮੇਰੇ ਹਾਣੀ ਡੱਡੂਆਂ ਦਾ ਕਿਸੇ ਸ਼ਿਕਾਰੀ ਵਾਂਗ ਪਿੱਛਾ ਕਰ ਕੇ ਹੁੱਬ ਰਹੇ ਸੀ। ਗੰਡੋਇਆਂ ਦੇ ਦੋ ਡੱਕਰੇ ਕਰ ਕੇ ਹੋਰ ਖ਼ੁਸ਼ ਹੁੰਦੇ ਕਿ ਉਹ ਕਿਵੇਂ ਇਕੱਲਾ-ਇਕੱਲਾ ਹੋ ਕੇ ਰੀਂਗਣ ਲੱਗ ਪਏ ਹਨ। ਜਾਂ ਅਸੀਂ ਠੀਕਰੀਆਂ ਨੂੰ ਪਾਣੀ ਉੱਤੇ ਰੇੜ੍ਹਵਾਂ ਜਿਹਾ ਮਾਰ ਕੇ ਤੇ ਉਨ੍ਹਾਂ ਨੂੰ ਦੂਰ ਤਕ ਤਰ ਕੇ ਜਾਂਦੀਆਂ ਦੇਖ ਕੇ ਹੁੱਬਦੇ।

... ਤੇ ਹੋਰਨਾਂ ਵਾਂਗ ਸਾਡਾ ਚੁੱਲ੍ਹਾ ਵੀ ਠੰਢਾ ਸੀ। ਬਾਲਣ-ਪਾਥੀਆਂ ਗਿੱਲੇ ਹੋ ਗਏ ਸਨ। ਭਾਈਏ ਨੇ ਕੋਠੜੀ ਦੀ ਛੱਤ ਦੀਆਂ ਦੋ ਕੜੀਆਂ ਲਾਹੀਆਂ ਤੇ ਗੰਡਾਸੇ ਨਾਲ ਪਾੜ ਕੇ ਮੇਰੀ ਮਾਂ ਨੂੰ ਆਖਿਆ, ‘ਲੈ ਹੁਣ ਦੀ ਰੋਟੀ ਦਾ ਡੰਗ ਸਾਰ ... ਸਬੇਰ ਆਊ ਤਾਂ ਫੇ ਦੇਖੀ ਜਾਊ।’

ਮੀਂਹ ਪੈਣਾ ਰਾਤ ਨੂੰ ਹੀ ਰੁਕ ਗਿਆ ਸੀ ਪਰ ਹੜ੍ਹ ਦਾ ਪਾਣੀ ਅਗਲੀ ਸਵੇਰ ਵੀ ਫਿਰਨੀ ਦੇ ਨੀਵੇਂ ਥਾਵਾਂ ਉੱਤੋਂ ਦੀ ਵਗ ਰਿਹਾ ਸੀ। ਲੋਕਾਂ ਨੂੰ ਜੰਗਲ-ਪਾਣੀ ਦੀ ਬਾਹਲੀ ਤੰਗੀ ਸੀ - ਬਜ਼ੁਰਗਾਂ ਲਈ ਹੋਰ ਵੀ ਕਿਤੇ ਜ਼ਿਆਦਾ। ਜਿਨ੍ਹਾਂ ਦੇ ਘਰ-ਕੰਧਾਂ ਢਹਿ ਗਏ ਸਨ ਉਹ ਮੁੜ ਉਨ੍ਹਾਂ ਦੀ ਉਸਾਰੀ ਦੇ ਕਾਰਜਾਂ ਵਿਚ ਜੁਟ ਗਏ।

‘ਪਰੂੰ ਦੀ ਕਸਰ ਕੱਢਤੀ ਐਂਤਕੀ! ਖੂਹਾਂ ਦਾ ਦੋ-ਤਿਨ ਹੱਥ ਪਾਣੀ ਚੜ੍ਹ ਜਾਣਾ। ਹੁਣ ਦੋ ਸਾਲ ਖੂਹਾਂ ਦੇ ਤਲ਼ੇ ਨਈਂ ਸੁੱਕਣ ਲੱਗੇ।' ਇਕ ਜ਼ਿਮੀਦਾਰ ਨੇ ਮੋਢੇ ਉੱਤੋਂ ਕਹੀ ਭੁੰਜੇ ਰੱਖਦਿਆਂ ਬੋਹੜ-ਪਿੱਪਲ ਥੱਲੇ ਖੜ੍ਹੇ ਬੰਦਿਆਂ ਨਾਲ ਖ਼ੁਸ਼ੀ ਦੀ ਰੌਂਅ ਵਿਚ ਗੱਲ ਤੋਰੀ।

ਇੰਨੇ ਨੂੰ ਘੋੜਿਆਂ ਦਾ ਮੋਹਣੀ ਆਉਂਦਾ ਹੀ ਪੁੱਛਣ ਲੱਗ ਪਿਆ, ‘ਸੁਣਾ ਬਈ ਜੱਟਾ, ਮਾਰ ਆਇਆਂ ਪੈਲ਼ੀਆਂ ਅਲ ਗੇੜਾ? ਮੀਂਹ ਨੇ ਧੰਨ-ਧੰਨ ਕਰਾਤੀ - ਲਹਿਰਾਂ-ਬਹਿਰਾਂ ਲਾ ਤੀਆਂ।’ ਫਿਰ ਉਸ ਨੇ ਬਿਨਾਂ ਜਵਾਬ ਉਡੀਕਿਆਂ ਪੁੱਛਿਆ, ‘ਤੇਰੇ ਵਹਿੜੇ ਦਾ ਕੀ ਹਾਲ ਆ, ਸੱਚ ਜਿਹੜਾ ਮੰਡੀਓਂ ਝੋਟਾ ਲਿਆਂਦਾ ਉਹ ਉੱਤੇ ਚੰਗਾ ਬਗਦਾ ਕਿ ਹੇਠਾਂ?’ ਉਹ ਬਿਨਾਂ ਜਵਾਬ ਉਡੀਕਿਆਂ ਕਹਿਣ ਲੱਗਾ, ‘ਜਦੋਂ ਦਾ ਅਸੀਂ ਸਾਵਾ ਵੇਚਿਆ, ਉਦੋਂ ਦਾ ਬੱਗਾ ਓਦਰਿਆ ਰਹਿੰਦਾ!’

ਇਹ ਸੁਣਦਿਆਂ ਹੀ ਭਾਈਆ ਮੱਥੇ ਤੀੜੀਆਂ ਪਾਉਂਦਾ ਘਰ ਵਲ ਨੂੰ ਹੋ ਤੁਰਿਆ ਤੇ ਮੂੰਹੋਂ ਬੋਲੀ ਜਾ ਰਿਹਾ ਸੀ, ‘ਇਨ੍ਹੀਂ ਖੂਹਾਂ ਦੇ ਦੋ-ਤਿੰਨ ਹੱਥ ਪਾਣੀ ਚੜ੍ਹਨ ਦੀ ਗੱਲ ਫੜੀਊ ਆ - ਸਾਡੇ ਭਾ ਦਾ ਤਾਂ ਹੁਣੇ ਈ ਗਲ਼-ਗਲ਼ ਚੜ੍ਹਿਆ ਆ। ਪਸੂਆਂ ਦਾ ਹਾਲ-ਚਾਲ ਪੁੱਛਣ ਡਹਿਓ ਆ - ਮੈਨੂੰ ਕਿਸੇ ਨੇ ਪੁੱਛਿਆ ਪਈ ਤੇਰੀ ਬੀਹੀ ਅਲ ਦੀ ਕੰਧ ਢਹਿ ਗਈ, ਮਾੜਾ ਹੋਇਆ।' ਫਿਰ ਕਹਿਣ ਲੱਗਾ, ‘ਅਖੇ ਪਿੰਡ ਵਸਦਾ, ਕੱਟੇ ਨੂੰ ਮਣ ਦੁੱਧ ਦਾ ਕੀ ਲੇਸ!’

ਦਰਅਸਲ, ਸਾਡੀ ਬਰਾਦਰੀ ਦੇ ਲੋਕਾਂ ਲਈ ਅਜਿਹੀ ਕਹਿਰਵਾਨ ਤੇ ਭਿਆਨਕ ਬਰਸਾਤ ਪਹਿਲੀ ਵਾਰ ਨਹੀਂ ਸੀ ਆਈ। ਉਹ ਤਕਰੀਬਨ ਹਰੇਕ ਬਰਸਾਤ ਦਾ ‘ਚਮਤਕਾਰ’ ਦੇਖਦੇ। ਜਦੋਂ ਇਕ-ਦੋ ਦਿਨ ਮੀਂਹ ਲਗਾਤਾਰ ਪੈਂਦਾ ਤਾਂ ਕੱਚੇ ਕੋਠਿਆਂ ਦੀ ਦਾਸਤਾਨ ਬਰਸਾਤ ਵਾਂਗ ਲੰਮੇਰੀ ਹੋ ਜਾਂਦੀ। ਕੰਧਾਂ ਦੇ ਲੇਅ ਫੁੱਲ ਕੇ ਹੌਲੀ-ਹੌਲੀ ਡਿਗਣ ਲੱਗ ਪੈਂਦੇ ਤੇ ਇਨ੍ਹਾਂ ਹੇਠੋਂ ਕੀੜੀਆਂ ਆਪਣੇ ਚਿੱਟੇ ਆਂਡੇ ਚੁੱਕੀ ਜਾਂਦੀਆਂ ਤੇਜ਼-ਰਫ਼ਤਾਰ ਨਾਲ ਇੱਧਰ-ਉੱਧਰ ਦੌੜਦੀਆਂ ਦਿਸਦੀਆਂ। ਕੰਧਾਂ ਢਹਿੰਦੀਆਂ ਤਾਂ ਚੂਹੇ-ਚਕੂੰਧਰਾਂ, ਕੰਨਖਜੂਰੇ ਤੇ ਹੋਰ ਨਿੱਕੇ-ਨਿੱਕੇ ਜੀਵ-ਜੰਤੂਆਂ ਦੇ ਲੁਕਣ ਦੀ ਭੱਜ-ਦੌੜ ਦਿਸਦੀ। ਇਹ ਨਜ਼ਾਰਾ ਦੇਖਣ ਨੂੰ ਚੰਗਾ ਲਗਦਾ ਪਰ ਭਾਈਏ ਦਾ ਚਿੰਤਾ-ਫਿਕਰ ਪੂਰੀ ਰਕਮ ਵਾਂਗ ਮੁਕੰਮਲ ਰਹਿੰਦਾ ਹੋਇਆ ਵੀ ਇਉਂ ਲਗਦਾ ਜਿਵੇਂ ਸਾਡੇ ਸਾਰਿਆਂ ਵਿਚ ਤਕਸੀਮ ਹੋ ਗਿਆ ਹੋਵੇ। ਹਿਸਾਬ ਦੇ ਸਵਾਲਾਂ ਵਾਂਗ ਇਉਂ ਜਾਪਦਾ ਜਿਵੇਂ ਮੇਰੀਆਂ ਸੋਚਾਂ ਵਿਚ ਉਨ੍ਹਾਂ ਨੇ ਖ਼ਾਸ ਖ਼ਾਨਾ ਬਣਾ ਲਿਆ ਹੋਵੇ।

ਅੱਠਾਂ-ਦਸਾਂ ਦਿਨਾਂ ਵਿਚ ਲੱਥੇ ਲੇਅ ਇਉਂ ਭਰ ਕੇ ਲਿੱਪ-ਪੋਚ ਦਿੱਤੇ ਜਾਂਦੇ ਕਿ ਕੰਧ ਦੀ ਖ਼ਸਤਾ ਹੋਈ ਹਾਲਤ ਦਾ ਉੱਕਾ ਹੀ ਪਤਾ ਨਾ ਲਗਦਾ ਜਿਵੇਂ ਪਿੰਡੇ ਉਤਲੇ ਜ਼ਖ਼ਮ ਭਰਨ ਪਿੱਛੋਂ ਅਕਸਰ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਂਦਾ ਹੈ। ਕੰਧਾਂ-ਘਰਾਂ ਦੀ ਮੁੜ-ਉਸਾਰੀ ਸਦਕਾ ਇਨ੍ਹਾਂ ਦੀ ਦਿੱਖ ਪਹਿਲਾਂ ਨਾਲੋਂ ਚੰਗੀ ਲਗਦੀ। ਸਾਡੇ ਗ਼ਰੀਬ-ਗ਼ੁਰਬੇ ਲੋਕਾਂ ਦੇ ਬੁੱਲਾਂ ’ਤੇ ਮੁਸਕਾਨ ਭਾਦੋਂ ਦੇ ਟਾਵੇਂ-ਟਾਵੇਂ ਛਰਾਟਿਆਂ ਵਾਂਗ ਆ ਜਾਂਦੀ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਲਗਦਾ ਜਿਵੇਂ ਬਰਸਾਤ ਦਾ ਕਹਿਰ ਬੀਤੇ ਦੀ ਮਨਹੂਸ ਯਾਦ ਬਣ ਕੇ ਰਹਿ ਗਿਆ ਹੋਵੇ। ਬੋਹੜ-ਪਿੱਪਲ ਥੱਲੇ ਫਿਰ ਸਾਡੇ ਲੋਕ ਢਾਣੀਆਂ ਬਣਾ ਕੇ ਬੈਠਣ ਲੱਗੇ - ਗੱਲਾਂ ਦਾ ਸਿਲਸਿਲਾ ਤੁਰਨ ਲੱਗਾ।

‘ਐਤਕੀਂ ਅਜੇ ਰਾਸਗੂਈਏ (ਰਾਸਤਗੋ ਪਿੰਡ ਜੋ ਮਾਧੋਪੁਰ ਤੋਂ ਅੱਧਾ ਕੁ ਮੀਲ ਦੂਰ ਉੱਤਰ ਦਿਸ਼ਾ ਵਿਚ ਹੈ।) ਗੁੱਗੇ ਆਲ਼ੇ ਨਈਂ ਬੌਹੁੜੇ! ਕਾਰਾਂ ਵੀ ਮੁੱਕ ਚਲੀਆਂ!’ ਤਾਏ ਮਹਿੰਗੇ ਨੇ ਹੁੱਕੇ ਦੀ ਨੜੀ ਤਾਏ ਬੰਤੇ ਵਲ ਮੋੜਦਿਆਂ ਅਚਾਨਕ ਗੱਲ ਤੋਰੀ। ਜ਼ਰਾ ਕੁ ਰੁਕ ਕੇ ਫਿਰ ਆਖਣ ਲੱਗਾ, ‘ਭਲਕੇ -ਪਰਸੋਂ ਖ਼ਬਰੇ ਗੁੱਗਾ ਨੌਮੀ ਆ।’

‘ਕੰਧਾਂ-ਕੋਠਿਆਂ ਤੋਂ ਬਿਹਲੇ ਹੋ ਗਏ ਆ - ਕਿਸੇ ਹੋਰ ਪਾਸੇ ਮੰਗਣ ਚੜ੍ਹਿਓ ਹੋਣਗੇ! ਓਅ ਜੀ, ਓਅ ਜੀ!’ ਤਾਏ ਬੰਤੇ ਨੇ ਪਿਛਲੇ ਬੋਲਾਂ ਨੂੰ ਲਮਕਾਅ ਕੇ ਬੋਲਦਿਆਂ ਸਾਂਗ ਲਾਈ।

ਇਸੇ ਦੌਰਾਨ ਜਾਗਰ ਚੌਕੀਦਾਰ ਦੇ ਘਰਾਂ ਵਲੋਂ ਡੌਰੂਆਂ ਦੇ ਵੱਜਣ ਤੇ ਇਕ ਰਲੀ-ਮਿਲੀ ਹਲਕੀ ਜਿਹੀ ਆਵਾਜ਼ ਵਿਚ ਇਹ ਬੋਲ ਸੁਣੇ;

ਗੁੱਗਾ ਜੋ ਜੰਮਿਆ, ਚੌਰੀਆਂ ਵਾਲਾ
ਚਾਨਣ ਹੋਇਆ ਘਰ ਬਾਹਰ
ਜੈਮਲ ਰਾਜਿਆ, ਕੰਤਾ ਮੇਰਿਆ
ਓਅ ਜੀ, ਓਅ ਜੀ, ਓਅ ਜੀ।

... ਤੇ ਫਿਰ ਉਨ੍ਹਾਂ ਗੁੱਗਾ ਭਗਤਾਂ ਨੇ ਸਾਡੇ ਬੋਹੜ-ਪਿੱਪਲ ਹੇਠਾਂ ਪੜਾਅ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਸਾਰਿਆਂ ਤੋਂ ਮੋਹਰੇ ਤੁਰਿਆਂ ਗੁੱਗੇ ਦਾ ਝੰਡਾ ਚੁੱਕਿਆ ਹੋਇਆ ਸੀ ਜਿਸ ਨੂੰ ਰੰਗ-ਬਰੰਗੇ ਰੁਮਾਲਿਆਂ-ਟਾਕੀਆਂ, ਮੋਰ ਦੇ ਖੰਭਾਂ, ਨਾਰੀਅਲਾਂ ਤੇ ਕੌਡਾਂ ਨਾਲ ਸ਼ਿੰਗਾਰਿਆ ਹੋਇਆ ਸੀ।

ਗਾਉਣ ਤੋਂ ਦਮ ਮਾਰਨ ਬਹਾਨੇ ਉਹ ਆਪਣੇ ਨਾਲ਼ ਲਿਆਂਦੇ ਹੁੱਕੇ ਦੇ ਲੰਮੇ-ਲੰਮੇ ਸੂਟੇ ਖਿੱਚਦੇ। ਜਥੇ ਦਾ ਮੋਹਰੀ ਭਗਤ ਕਥਾ ਸੁਣਾਉਂਦਾ, ‘ਗੁੱਗੇ ਪੀਰ ਦੀ ਮਾਂ ਦਾ ਨਾਂ ਬਾਛਲ ਤੇ ਉਹਦੀ ਮਾਸੀ ਦਾ ਨਾਂ ਕਾਛਲ ਸੀ। ਗੁੱਗੇ ਦੇ ਦੋ ਮਸੇਰੇ ਭਰਾ ਹੋਏ ਆ - ਸੁਰਜਣ ਤੇ ਅਰਜਣ। ਉਹ ਹੁਆਣ ਮੱਤ ਤੋਂ ਈ ਗੁੱਗੇ ਨਾਲ ਬੈਰ-ਬਰੋਧ ਰੱਖਦੇ ਸੀ। ਗੁੱਗੇ ਦੇ ਘਰ ਆਲੀ ਰਾਣੀ ਸਿਲੀਅਰ ਬੜੀ ਖੂਬਸੂਰਤ ਤੇ ਦਿਲ ਭਰਮਾ ਲੈਣ ਆਲੀ ਸੀ। ਸੁਰਜਣ ਸਿਲੀਅਰ ਨਾਲ ਆਪ ਬਿਆਹ ਕਰਾਉਣਾ ਚਾਹੁੰਦਾ ਸੀ। ਉਸ ਨੂੰ ਹਾਸਿਲ ਕਰਨ ਲਈ ਸੁਰਜਣ ਤੇ ਅਰਜਣ ਨੇ ਗੁੱਗੇ ਨਾਲ ਲੜਾਈ ਕੀਤੀ ਜਿਸ ਵਿਚ ਉਹ ਦੋਨੋਂ ਜਣੇ ਗੁੱਗੇ ਹੱਥੋਂ ਮਾਰੇ ਗਏ।’

ਕਥਾ ਸੁਣਾਉਂਦੇ ਭਗਤ ਨੇ ਮੋਢੇ ਉਤਲੇ ਪਰਨੇ ਨਾਲ ਆਪਣੀਆਂ ਧੁਆਂਖੀਆਂ ਮੁੱਛਾਂ ਤੇ ਮੂੰਹ ਸਾਫ਼ ਕਰਦਿਆਂ ਪ੍ਰਸੰਗ ਅੱਗੇ ਤੋਰਿਆ, ‘ਜਦੋਂ ਬਾਛਲ ਨੂੰ ਇਸ ਸਾਰੀ ਦੁੱਖ ਭਰੀ ਵਿਥਿਆ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪੁੱਤਰ ਗੁੱਗੇ ਤੋਂ ਮੂੰਹ ਫੇਰ ਲਿਆ। ਗੁੱਗੇ ਨੇ ਬੇਹੱਦ ਦੁਖੀ ਹੋ ਕੇ ਧਰਤੀ ਮਾਤਾ ਤੋਂ ਸ਼ਰਨ ਮੰਗੀ ਪਰ ਧਰਤੀ ਨੇ ਗੁੱਗੇ ਨੂੰ ਆਪਣੇ ਅੰਦਰ ਸਮਾਉਣ ਤੋਂ ਇਸ ਲਈ ਨਾਂਹ ਕਰ ‘ਤੀ ਪਈ ਉਹ ਹਿੰਦੂ ਆ - ਏਸੇ ਕਰ ਕੇ ਗੁੱਗਾ ਮੁਸਲਮਾਨ ਬਣ ਗਿਆ - ਧਰਤੀ ਨੇ ਬਿਹਲ ਦੇ ’ਤੀ - ਉਹ ਕਲਮਾ ਪੜ੍ਹਦਾ-ਪੜ੍ਹਦਾ ਘੋੜੇ ਸਣੇ ਧਰਤੀ ਅੰਦਰ ਚਲਾ ਗਿਆ।’

ਏਨੀ ਕੁ ਕਥਾ ਮਗਰੋਂ ਡੌਰੂਆਂ ਉੱਤੇ ਲਗਦੇ ਨਿੱਕੇ-ਨਿੱਕੇ ਡਗਿਆਂ ਤੇ ਗੁੱਗਾ ਭਗਤਾਂ ਦੀ ਸੁਰ ਬੱਧ ਆਵਾਜ਼ ਉੱਚੀ ਹੋਈ,

ਅੱਗੇ ਤਾਂ ਬੈਠੇ, ਅਰਜਣ ਤੇ ਸੁਰਜਣ
ਜੁੱਧ ਜੋ ਕਰਦੇ ਦੂਲੇ ਰਾਜਿਆ
ਨਹੀਂ ਦੇਣੀ ਸਿਲੀਅਰ ਨਾਰ
ਓਅ ਜੀ, ਓਅ ਜੀ, ਓਅ ਜੀ।

ਕਥਾ ਸੁਣਾਉਂਦਾ ਭਗਤ ਹੁੱਕਾ ਗੁੜਗੜਾਉਣ ਲੱਗ ਪਿਆ ਤੇ ਦੋ-ਤਿੰਨ ਹੋਰ ਭਗਤ ਘਿਓ, ਸਰ੍ਹੋਂ ਦਾ ਤੇਲ, ਗੁੜ, ਕਣਕ, ਆਟਾ ਆਪਣੇ ਬਰਤਣਾਂ-ਝੋਲੀਆਂ ਵਿਚ ਪੁਆਉਣ ਲੱਗ ਪਏ। ਜਦੋਂ ਝੰਡਾ ਚੁੱਕ ਕੇ ਅਗਲੇ ਪੜਾਅ ਲਈ ਪਿੰਡ ਵਾਲੀ ਗਲੀ ਪੈ ਗਏ ਤਾਂ ਸਾਡੀ ਸਾਰੇ ਨਿਆਣਿਆਂ ਦੀ ਟੋਲੀ ਨੇ ਇੱਕੋ ਬੋਲੀ ਬੋਲੀ, ਉਹ ਵੀ ਵਿਗਾੜ ਕੇ;

ਗੁੱਗੇ ਦੇ ਨੌਂ ਨਿਆਣੇ,
ਗੁੱਗਾ ਪੀਰ ਆਪ ਜਾਣੇ।
ਓਅ ਜੀ, ਉਅ ਜੀ,
ਓਅ ਜੀ, ਓਅ ਜੀ।

ਮੋਮਜਾਮੇ ਅੰਦਰ ਪਹਿਲਾਂ ਹੀ ਲਪੇਟੀਆਂ ਬਾਟੀਆਂ-ਕੌਲੀਆਂ ਉੱਤੇ ਅਸੀਂ ਨਿੱਕੇ-ਨਿੱਕੇ ਹੱਥਾਂ ਵਿਚ ਫੜੇ ਟਾਹਣੀਆਂ ਤੋੜ ਕੇ ਬਣਾਏ ਡਗੇ ਆਪਣੇ ਵਲੋਂ ਪੂਰੀ ਤਾਨ ਕੱਢਣ ਦੇ ਹਿਸਾਬ ਮਾਰਦੇ। ਉੱਧਰ ਤਾਏ ਬੰਤੇ ਨੇ ਹੋਰਨਾਂ ਨੂੰ ਸੁਣਾ ਕੇ ਆਖਿਆ, ‘ਕਦੇ ਅੰਨ੍ਹੇ ਘੋੜੇ ਦਾ ਦਾਨ ਮੰਗਣ ਤੁਰ ਪਏ, ਕਦੀ ਗੁੱਗਾ ... ਕੀ ਕੰਮ ਫੜਿਆ ਹੋਇਆ ਇਨ੍ਹਾਂ ਨੇ - ਜਿੱਦਾਂ ਗੁੱਗਾ ਇਨ੍ਹਾਂ ਦੀ ਮਾਸੀ ਦਾ ਪੁੱਤ ਹੋਬੇ।’

‘ਇਹ ਬੀ ਆਪਣੇ ਅਰਗੇ ਈ ਆ, ਗਰੀਬ ਬਚਾਰੇ - ਸਾਡੇ ਆਂਙੂੰ, ਇਨ੍ਹਾਂ ਕੋਲ ਬੀ ਕਿਹੜੀ ਜੈਦਾਦ ਆ! ਬਹਾਨੇ ਨਾਲ ਚਾਰ-ਮਣ ਦਾਣੇ ਕਮਾ ਲਈਂਦੇ ਆ।’ ਭਾਈਏ ਨੇ ਤਾਏ ਹੁਰਾਂ ਕੋਲ ਬਹਿੰਦਿਆਂ ਕਿਹਾ।

‘ਰਾਸਗੂੰਆਂ ਆਲਾ ਕਾਣਾ ਪਖੀਰ ਤੇਰਾ ਸੱਜਣ ਜੂ ਆ, ਹਾੜਾ ਲਾਉਣ ਦਾ ਸਾਂਝੀ! ਅਸੀਂ ਅੱਜ ਤਾਈਂ ਨਈਂ ਇਨ੍ਹਾਂ ਦੇ ਘਰੀਂ ਗਏ, ਨਾ ਇਨ੍ਹਾਂ ਦੇ ਘਰੀਂ ਕਦੀ ਹੁੱਕਾ ਪੀਤਾ, ਨਾ ਪਾਣੀ। ਤਈਨੂੰ ਬੜਾ ਹੇਜ ਆਉਂਦਾ ਇਨ੍ਹਾਂ ਮੰਗ ਖਾਣਿਆਂ ਦਾ!’

‘ਸਾਨੂੰ ਕਿਹੜਾ ਜੱਟ ਨੇੜੇ ਢੁੱਕਣ ਦਿੰਦੇ ਆ - ਬਿਹੜੇ ‘ਚ ਭੁੰਜੇ ਬਹਾਲਦੇ ਆ - ਕੁੱਤੇ ਜਿੰਨੀ ਕਦਰ ਨਈਂ!’ ਭਾਈਏ ਨੇ ਮੋੜਵਾਂ ਜਵਾਬ ਦਿੱਤਾ।

‘ਜੱਟ ਫੇ ਜਮੀਨ-ਜੈਦਾਦ (ਜਾਇਦਾਦ) ਆਲੇ ਆ - ਹਾਅ ਰਮਦਾਸੀਆਂ ਨੂੰ ਦੇਖ ਲਾ - ਸਾਡੇ ’ਚੋਂ ਸਿੱਖ ਬਣੇ ਆ - ਪਈਲਾਂ ਏਸੇ ਖੂਹ ਤੋਂ ਪਾਣੀ ਭਰਦੇ ਸੀ - ਹੁਣ ਆਪਣੀ ਖੂਹੀ ਲਾ ਲਈ ਆ - ਅਖੇ ਖੂਹ ਕੋਲੋਂ ਹੁੱਕਿਆਂ ਦੇ ਡੋਲ੍ਹੇ ਪਾਣੀ ਦੀ ਡਾਡ ਆਉਂਦੀ ਆ - ਸਿੱਧਾ ਨਈਂ ਕਹਿੰਦੇ ਪਈ ਅਸੀਂ ਹੁਣ ਪਈਲਾਂ ਆਲ਼ੇ ਨਈਂ ਰਹੇ।’

‘ਸਾਡੀ ਮਾਂ ਤਾਂ ਹੁਣ ਤਾਈਂ ਮੁਣਸ਼ਾ ਸੁੰਹ ਦੀ ਮਾਂ ਨੂੰ ਭੂਆ ਸੱਦਦੀ ਰਈ ਆ।' ਭਾਈਏ ਨੇ ਦੱਸਿਆ।

‘ਅਖੇ ਸੀਤਾ ਰਾਮ ਦੀ ਮਾਸੀ ਲਗਦੀ ਸੀ ਕਿ ...?’ ਤਾਏ ਬੰਤੇ ਨੇ ਹੁੱਕੇ ਦੀ ਨੜੀ ਪਰੇ ਨੂੰ ਘੁਮਾਉਂਦਿਆਂ ਤੇ ਨੱਕ ਵਿਚ ਅਧੂਰਾ ਵਾਕ ਬੋਲਦਿਆਂ ਕਿਹਾ। ਨਾਲ ਹੀ ਨਿੱਕਾ ਜਿਹਾ ਹਾਸਾ ਹੱਸਿਆ, ‘ਹੋਰ ਮੈਂ ਤਈਨੂੰ ਕੀ ਦੱਸਦਾ ਹਟਿਆਂ - ਸਾਰੀ ਇੱਕੋ ਗੱਲ ਸੀ - ਸਾਂਝੀ ਸਕੀਰੀ ਸੀ - ਚਾਲ੍ਹੀਆਂ-ਪੰਜਾਹਾਂ ਸਾਲਾਂ ਤੋਂ ਸਾਰਾ ਫ਼ਰਕ ਪਿਆ ਏਹੋ। ਇਨ੍ਹਾਂ ਦੇ ਟੱਬਰ ’ਚੋਂ ਈ ਸਿਗਾ ਸੰਤ ਰਾਮ ਜਿਹੜਾ ਆਰੀਆ ਸਮਾਜੀ ਬਣ ਗਿਆ ਸੀ - ਓਨੇ ਮੁੜ ਕੇ ਇਨ੍ਹਾਂ ਅਲ ਬੱਤੀ ਨਈਂ ਬਾਹੀ।' ਤਾਏ ਨੇ ਪਲ ਕੁ ਰੁਕ ਕੇ ਫਿਰ ਪਹਿਲੀ ਗੱਲ ’ਤੇ ਆਉਂਦਿਆਂ ਆਖਿਆ, ‘ਹੁਣ ਮੁੱਕਦੀ ਗੱਲ ਇਹ ਆ ਪਈ ਸਾਡੇ ਆਪਣੇ ਆਪਣੇ ਨਈਂ ਰਹੇ ਤੇ ਤੂੰ ਸਾਨੂੰ ਚੂਹੜਿਆਂ ਨਾਲ਼ ਨਾ ਰਲਾਈ ਜਾਹ - ਸਾਡੀ ਉਨ੍ਹਾਂ ਨਾ ਕਾਹਦੀ ਸਾਂਝ? ਕੋਈ ਲੈਣ ਨਈਂ, ਕੋਈ ਦੇਣ ਨਈਂ - ਕੋਈ ਸਾਕ-ਸਕੀਰੀ ਨਈਂ। ਸੋ ਬਹੁਤਾ ਸਿਰ ’ਤੇ ਨਈਂ ਚੜ੍ਹਾਈਦਾ ਇਹੋ ਜਿਹੀ ਜਾਹਲ ਕੌਮ ਨੂੰ।'

‘ਧੌਲ਼ੀ ਦਾਹੜੀ ਦਾ ਕੁਛ ਖਿਆਲ ਰੱਖ - ਜੇ ਅਸੀਂ ਚੂਹੜਿਆਂ ਦੇ ਘਰ ਜੰਮ ਪਈਂਦੇ? ਜੇ ਜੰਮਣਾ ਬੱਸ ‘ਚ ਹੁੰਦਾ ਤਾਂ ਮੈਂ ਚਮਾਰਾਂ ਦੇ ਘਰ ਈ ਜੰਮਦਾ?’ ਭਾਈਆ ਹੁੱਕੇ ਦਾ ਘੁੱਟ ਭਰੇ ਬਿਨਾਂ ਹੀ ਉਨ੍ਹਾਂ ਕੋਲੋਂ ਉੱਥੋਂ ਉੱਠ ਪਿਆ। ਘਰ ਵੱਲ ਨੂੰ ਅਹੁਲਦਿਆਂ ਉੱਚੀ-ਉੱਚੀ ਬੋਲੀ ਜਾ ਰਿਹਾ ਸੀ, ‘ਇਹ ਕੋੜ੍ਹ ਨਈਂ ਨਿਕਲਣਾ ਸਾਡੇ ਲੋਕਾਂ ‘ਚੋਂ, ਸਾਰਾ ਪੁਆੜਾ ਬਾਹਮਣਾਂ ਦਾ ਪਾਇਆ ਆ - ਪੁਆੜਾ ਕਾਹਦਾ ਪਾੜਾ ਪਾਇਆ ਆ - ਬਿਹਲੇ ਬਹਿ ਕੇ ਖਾਣ ਨੂੰ ਤੇ ਸਾਡੇ ਅਰਗਿਆਂ ਤੋਂ ਹੋਰਾਂ ਲਈ ਬਗਾਰਾਂ-ਬੁੱਤੀਆਂ ਕਰੌਣ ਨੂੰ।’

ਭਾਈਏ ਦੀ ਵਿਚਾਰ-ਲੜੀ ਮੁੱਕਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਉਹ ਫਿਰ ਆਖਣ ਲੱਗਾ, ‘ਸਾਡੀ ਕੀ ਜੂਨ ਹੋਈ? ਨਾ ਤਿੰਨਾਂ ‘ਚ ਨਾ ਤੇਰ੍ਹਾਂ ’ਚ। ਕਹਿਣ ਨੂੰ ਅਸੀਂ ਹਿੰਦੂ, ਕੋਈ ਦੱਸੇ ਤਾਂ ਸਈ ਪਈ ਬਾਹਮਣਾਂ, ਖੱਤਰੀਆਂ, ਬੈਸ਼ਾਂ, ਸ਼ੂਦਰਾਂ ’ਚੋਂ ਅਸੀਂ ਕਿਨ੍ਹਾਂ ’ਚ ਆਉਨੇ ਆਂ, ਨਾ ਸਾਡਾ ਧਰਮ, ਨਾ ਬਰਨ! ਕੋਈ ਪੁੱਛਣ ਆਲਾ ਹੋਬੇ ਪਈ ਅਸੀਂ ਹਿੰਦੂ ਕਿੱਦਾਂ ਹੋਏ।’ ਭਾਈਆ ਬੋਲਦਾ-ਬੋਲਦਾ ਜਿਵੇਂ ਹਫ਼ ਗਿਆ ਸੀ ਤੇ ਦਮ ਮਾਰ ਕੇ ਜਿਵੇਂ ਫਿਰ ਬੋਲਣ ਲੱਗ ਪਿਆ, ‘ਕਈ ਬਾਰੀ ਮੇਰਾ ਚਿੱਤ ਕਰਦਾ ਪਈ ਆਪਾਂ ਸਿੱਖ ਬਣ ਜਾਈਏ।’

‘ਤਈਨੂੰ ਕਿਸੇ ਨੇ ਰੋਕਿਆ? ਮੈਨੂੰ ਤਾਂ ਹਿੰਦੂਆਂ-ਸਿੱਖਾਂ ‘ਚ ਫ਼ਰਕ ਨਈਂ ਦਿਸਦਾ - ਨਾਲੇ ਸਾਰੇ ਇੱਕੋ ਰੱਬ ਨੂੰ ਮੰਨਦੇ ਆ।' ਮਾਂ ਨੇ ਗੱਲਾਂ-ਬਾਤਾਂ ਵਿਚ ਜਿਵੇਂ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਹੋਵੇ।

‘ਤੇਰੀ ਗੱਲ ਬੀ ਸਈ ਆ ਪਈ ਇਸ ਜਾਤਪਾਤ ਬਾਰੇ ਸਿੱਖਾਂ ‘ਚ ਬੀ ਹਿੰਦੂਆਂ ਆਲਾ ਇਹ ਕਲੰਕ ਆ।' ਭਾਈਏ ਨੂੰ ਫਿਰ ਪਤਾ ਨਹੀਂ ਕੀ ਅਹੁੜਿਆ ਤੇ ਬੋਲਣ ਲੱਗ ਪਿਆ, ‘ਮੈਂ ਤਾਂ ਕਈਨਾ ਪਈ ਕਿਸੇ ਇਕ ਪਾਸੇ ਹੋ ਕੇ ਮਰ ਜਾਓ ਸਾਰੇ ਜਣੇ - ਚਾਹੇ ਜਿੱਧਰ ਮਰਜੀ ਮਰ ਜਾਓ। ਚਾਹੇ ਸਿੱਖ ਬਣ ਜਾਓ ਚਾਹੇ ਕੁਛ ਹੋਰ ਪਰ ਹਿੰਦੂ ਨਾ ਰਹੋ - ਏਸ ਨਰਕ ’ਚੋਂ ਨਿੱਕਲੋ।’ ਭਾਈਏ ਨੂੰ ਜਿਵੇਂ ਕੁਝ ਚੇਤਾ ਆ ਗਿਆ ਤੇ ਦੱਸਣ ਲੱਗਾ, ‘ਥੋੜ੍ਹੇ ਕੁ ਦਿਨ ਪਈਲਾਂ ਲਾਹੌਰੀ ਰਾਮ ਬਾਲੀ ਨੇ ਇਕ ਜਲਸੇ ‘ਚ ਤਕਰੀਰ ਕਰਦਿਆਂ ਕਿਹਾ ਸੀ ਪਈ ਡਾਕਟਰ ਅੰਬੇਦਕਰ ਨੇ ਪਿੱਛੇ ਜਿਹੇ ਗਰੀਬਾਂ, ਕੰਮੀਆਂ-ਕਮੀਣਾਂ ਨੂੰ ਕਿਹਾ ਪਈ ਬੋਧੀ ਬਣ ਜਾਓ, ਜਿੱਥੇ ਨਾ ਬਰਨ ਨਾ ਜਾਤ, ਸਾਰੇ ਬਰਾਬਰ ਆ। ਹਿੰਦੂ ਪਤਾ ਨਈਂ ਕਿਹੜੇ ਗੁਮਾਨ ’ਚ ਤੁਰੇ-ਫਿਰਦੇ ਆ - ਅਖੇ ਅਸੀਂ ਫਲਾਨੇ-ਫਲਾਨੇ ਨਾਲੋਂ ਉੱਚੇ ਆਂ - ਹਰਦੂ-ਲਾਹਣਤ - ਡੁੱਬ ਕੇ ਮਰ ਜਾਓ ਪਰੇ ਕਿਤੇ ਜਾਲਮੋ - ਮਰਿਆਂ ਨੂੰ ਮਾਰਨ ਆਲਿਓ!’

‘ਕਿਉਂ ਆਪਣਾ ਲਹੂ ਲੂਹੀ ਜਾਨਾ - ਛੱਡ ਪਰੇ ਹੁਣ!’ ਮਾਂ ਨੇ ਦੱਬਵੀਂ ਜੀਭੇ ਸਲਾਹ ਦਿੱਤੀ।

ਭਾਈਏ ਨੂੰ ਜਿਵੇਂ ਕੁਝ ਹੋਰ ਚੇਤਾ ਆ ਗਿਆ ਸੀ ਤੇ ਉਹ ਬਿਨਾਂ ਪੁੱਛੇ ਦੱਸਣ ਲੱਗ ਪਿਆ, ‘ਹਾਅ ਇੰਦਰ ਸੁੰਹ ਪਿੱਛੇ ਜਹੇ ਮਾਂ ਨੂੰ ਉਲਾਮਾਂ ਦੇ ਗਿਆ, ਅਖੇ ਹਰੋ, ਪ੍ਰਾਹੁਣੇ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਨੂੰ ਕਹੀਂ ਪਈ ਅੱਗੇ ਤੋਂ ਆੜ ’ਚੋਂ ਪਾਣੀ ਪੀਬੇ, ਪਾਰਸ਼ੇ ਨੂੰ ਮੂੰਹ ਲਾ ਕੇ ਪੀਤਾ ਤਾਂ ਮੇਤੋਂ ਬੁਰਾ ਕੋਈ ਨਈਂ ! ... ਓਦਾਂ ਸਬਿਹਾਰ ਨੂੰ ਸਾਰੀ ਉਮਰ ਗੁਰਦੁਆਰੇ ਢੋਲਕੀ ਕੁੱਟਦਿਆਂ ਤੇ ਛੈਣੇ ਬਜਾਉਂਦਿਆਂ ਗਾਲ਼ ਲਈ।’

ਮੇਰੀਆਂ ਅੱਖਾਂ ਸਾਹਮਣੇ ਪਿਛਲੇ ਦਿਨੀਂ ਰਾਮ ਗਊਆਂ ਦੇ ਉੱਥੇ ਪਾਣੀ ਪੀਣ ਦਾ ਦ੍ਰਿਸ਼ ਸਾਕਾਰ ਹੋ ਗਿਆ। ਮੈਨੂੰ ਮਹਿਸੂਸ ਹੋਇਆ ਕਿ ਅਸੀਂ ਪਸੂਆਂ ਨਾਲੋਂ ਵੀ ਬਦਤਰ ਹਾਂ। ਸਾਡੇ ਨਾਲੋਂ ਪੱਥਰ ਤੇ ਬੇਜ਼ੁਬਾਨ ਪਸ਼ੂ ਚੰਗੇ ਜਿਨ੍ਹਾਂ ਦੀ ਇੰਨੀ ਕਦਰ ਆ। ਪੂਜਾ ਹੋ ਰਹੀ ਆ! ਪਲ ਕੁ ਪਿੱਛੋਂ ਮੈਨੂੰ ਲੱਗਿਆ ਜਿਵੇਂ ਪਾਰਸ਼ੇ ਦੀ ਨਸਾਰ ਦਾ ਡਿਗਦਾ ਪਾਣੀ ਇਕਦਮ ਖੌਲਣ ਲੱਗ ਪਿਆ ਹੋਵੇ ਤੇ ਫਿਰ ਘੁੰਮਣਘੇਰੀ ਵਿਚ ਬਦਲ ਗਿਆ ਹੋਵੇ।

‘ਕਿਉਂ ਸੁਆਹ ਫੋਲੀ ਜਾਨਾ - ਬੁਝੀਓ ਅੱਗ ਨੂੰ ਫੂਕਾਂ ਮਾਰ ਕੇ ਐਮੀਂ ਨਾ ਲੋਹਾ-ਲਾਖਾ ਹੋਈ ਜਾਹ!’

‘ਮੇਰੇ ਅੰਦਰ ਭਾਂਬੜ ਬਲਦਾ - ਉੱਤੋਂ ਤੂੰ ਸਮਝਾਉਣ ਡਹੀਓਂ ਆਂ। ਜੇ ਹਿੰਦੁਸਤਾਨ-ਪਾਕਸਤਾਨ ਨਾ ਬਣਦਾ ਤਾਂ ਭਾਈਏ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਨੇ ਇੱਥੇ ਛਿੱਕੂ ਲੈਣ ਆਉਣਾ ਸੀ ਲਹੌਰੋਂ, ਜਿੱਥੇ ਇਹੋ ਜਿਹਾ ਕੰਜਰਖਾਨਾ ਫਿਰ ਵੀ ਘੱਟ ਈ ਆ।’

ਇਹ ਸਭ ਕੁਝ ਸੁਣਦਿਆਂ ਮੇਰੇ ਮਨ ਵਿਚ ਖ਼ਿਆਲਾਂ ਦੀ ਇਕ ਹੋਰ ਮਾਲ੍ਹ ਚੱਲਣ ਲੱਗ ਪਈ ਸੀ - ਫੁੱਫੜ ਅੰਗਰੇਜ਼ਾਂ ਵਰਗਾ ਗੋਰਾ-ਨਿਛੋਹ, ਉੱਚਾ-ਲੰਮਾ ਛਾਂਟਵਾਂ ਜੁਆਨ, ਚੜ੍ਹਦੇ ਤੋਂ ਚੜ੍ਹਦਾ ਲੀੜਾ ਪਾਉਂਦਾ - ਜੇ ਉਹਨੇ ਵਗਦੇ ਖੂਹ ਦੇ ਪਾਰਸ਼ੇ ਨੂੰ ਮੂੰਹ ਲਾ ਕੇ ਪਾਣੀ ਪੀ ਲਿਆ ਤਾਂ ਬਾਬਾ ਇੰਦਰ ਸੁੰਹ ਨੂੰ ਟਿੰਡਾਂ, ਬੈੜ, ਲੱਠ, ਗਾਧੀ ਰਾਹੀਂ ਭਿੱਟ ਦੀ ਜ਼ਹਿਰ ਕਿੱਦਾਂ ਚੜ੍ਹ ਗਈ।

ਇਨ੍ਹੀਂ ਵਿਚਾਰੀਂ ਪਿਆਂ ਪਲ ਦੀ ਪਲ ਖ਼ਿਆਲਾਂ ਦੀ ਇਹ ਮਾਲ੍ਹ ਖੂਹ ਦੀਆਂ ਟਿੰਡਾਂ ਵਿਚ ਬਦਲ ਗਈ ਤੇ ਖੂਹ ਦਾ ਪੱਤਣ ਨਿੱਤਰੇ ਪਾਣੀ ਦੀ ਥਾਂ ਇਕ ਸ਼ੀਸ਼ਾ ਬਣ ਕੇ ਸਾਹਮਣੇ ਆ ਗਿਆ। ਕਈ ਅਕਸ ਬਣਦੇ ਮਿਟਦੇ। ਕਦੀ ਇਨ੍ਹਾਂ ਨਾਲ ਉੱਚੇ-ਉੱਚੇ ਪਹਾੜ ਬਣਦੇ ਦਿਸਦੇ ਤੇ ਕਦੀ ਇਨ੍ਹਾਂ ਵਿੱਚੋਂ ਫੁੱਟਦਾ ਜਵਾਲਾ। ਸਰੀਰ ਇਕਦਮ ਝੰਜੋੜਿਆ ਜਾਂਦਾ। ਸੋਚਦਾ ਕਿ ਮੈਂ ਕਿਤੇ ਇਸ ਵਿਚ ਝੁਲਸ ਨਾ ਜਾਵਾਂ। ਇਨ੍ਹਾਂ ਸੋਚਾਂ ਦਾ ਸਿਲਸਿਲਾ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਲਗਾਤਾਰ ਜਾਰੀ ਰਹਿੰਦਾ ਜੇ ਧਿਆਨ ਮੇਰਾ ਮੋਢਾ ਜ਼ੋਰ ਨਾਲ ਹਿਲਾ ਕੇ ਤੇ ਉੱਚੀ ਦੇਣੀ ਬੋਲ ਕੇ ਨਾ ਕਹਿੰਦਾ ‘ਕੱਲ੍ਹ ਨੂੰ ਸੇਮੀਆਂ ਖਾਣ ਨੂੰ ਦਾਅ ਲੱਗੂ! ਐਤਕੀਂ ਦੋਹਲਟੇ ਖੂਹ ’ਤੇ ਚਲਾਂਗੇ!’

ਗੁੱਗਾ ਨੌਵੀਂ ਦੇ ਦਿਨ ਸਾਡੇ ਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਬੋਹੜ ਵਾਲੇ ਗੁਰਦਾਸ ਹੁਰਾਂ ਦੀ ਜਗ੍ਹਾ ਉੱਤੇ ਦੀਵੇ ਜਗਾਉਂਦੀਆਂ, ਮੱਥਾ ਟੇਕਦੀਆਂ। ਕੱਚੀ ਲੱਸੀ ਦੇ ਛਿੱਟੇ ਦਿੰਦੀਆਂ। ਥਾਲ਼ ਦੀਆਂ ਸੇਵੀਂਆਂ ਨਿਆਣਿਆਂ ਨੂੰ ਵੰਡਦੀਆਂ ਜੋ ਪਹਿਲਾਂ ਹੀ ਕੌਲੀਆਂ-ਬਾਟੀਆਂ ਖੜਕਾਉਂਦੇ-ਵਜਾਉਂਦੇ ਤੇ ਰੌਲ਼ਾ ਪਾ ਰਹੇ ਹੁੰਦੇ।

ਪਿੰਡ ਦੇ ਚੜ੍ਹਦੇ ਪਾਸੇ ਦੋਹਲਟੇ ਖੂਹ ਉੱਤੇ ਸਿਰਫ਼ ਜੱਟੀਆਂ, ਬਾਹਮਣੀਆਂ ਤੇ ਸੁਨਿਆਰੀਆਂ ਹੀ ਸੇਵੀਂਆਂ ਚੜ੍ਹਾਉਣ ਜਾਂਦੀਆਂ। ਉਨ੍ਹਾਂ ਨੇ ਖੱਬੀ ਕੋਹਣੀ ਉਤਾਂਹ ਨੂੰ ਮੋੜ ਕੇ ਆਪਣੇ ਮੋਢੇ ਬਰਾਬਰ ਕੀਤੇ ਤੇ ਫੈਲਾਏ ਹੋਏ ਹੱਥ ਉੱਤੇ ਥਾਲ਼ ਟਿਕਾਏ ਹੁੰਦੇ ਜੋ ਕਰੋਸ਼ੀਏ ਨਾਲ ਬੁਣੇ ਚਿੱਟੇ ਪੋਣਿਆਂ ਨਾਲ ਢਕੇ ਹੁੰਦੇ ਤੇ ਸੱਜੇ ਹੱਥ ਕੱਚੀ ਲੱਸੀ ਭਰਿਆ ਗਲਾਸ-ਗੜਵੀ ਫੜੇ ਹੁੰਦੇ। ਨਵੇਂ ਫੱਬਵੇਂ ਕੱਪੜਿਆਂ ਤੇ ਤੋਰ ਵਿਚ ਇਕ ਭਰੋਸਾ ਦੇਖਦਿਆਂ ਮੇਰੇ ਖ਼ਿਆਲਾਂ ਵਿਚ ਅਨੁਪਾਤ, ਜਮ੍ਹਾਂ, ਘਟਾਓ ਜਾਂ ਤਕਸੀਮ ਦੇ ਸਵਾਲਾਂ ਵਰਗਾ ਸਿਲਸਿਲਾ ਸ਼ੁਰੂ ਹੋ ਜਾਂਦਾ। ਵਿਹੜੇ ਦੀਆਂ ਔਰਤਾਂ, ਧੀਆਂ-ਭੈਣਾਂ ਦੀ ਤਰਸ ਭਰੀ ਹਾਲਤ ਵਲ ਜਾਣ ਨੂੰ ਇਕ ਪਲ ਵੀ ਨਾ ਲਗਦਾ ਜਿਨ੍ਹਾਂ ਦੇ ਲੀੜੇ ਮੈਲ਼ੇ, ਟਾਕੀਆਂ ਲੱਗੇ ਜਾਂ ਘਸੇ-ਛਣੇ ਹੁੰਦੇ। ਬੇਰੌਣਕ ਚਿਹਰੇ ਪਾਲਾਂ ਬਣ ਕੇ ਮੇਰੇ ਸਾਹਮਣੇ ਆ ਖੜ੍ਹੇ ਹੁੰਦੇ ਤੇ ਉਨ੍ਹਾਂ ਦੀ ਤੋਰ ਵਿਚ ਜਿਮੀਂਦਾਰਨੀਆਂ ਵਰਗੀ ਮੜ੍ਹਕ ਨਾ ਦਿਸਦੀ ਸਗੋਂ ਉਹ ਨੰਗੇ ਪੈਰੀਂ ਇਕ ਹੱਥ ਰੰਬੇ-ਦਾਤੀਆਂ ਤੇ ਇਕ ਹੱਥ ਲੀੜੇ ਜਾਂ ਸਿਰ ’ਤੇ ਘਾਹ ਦੀ ਪੰਡ ਜਾਂ ਗੋਹਾ-ਕੂੜਾ ਚੁੱਕਦੀਆਂ ਜਾਂ ਆਪਣੇ ਨਿਆਣਿਆਂ ਦੇ ਕੁਟਾਪਾ ਚਾੜ੍ਹਦੀਆਂ ਤੇ ਉਨ੍ਹਾਂ ਨੂੰ ਬੁਰਾ-ਭਲਾ ਬੋਲਦੀਆਂ ਸੁਣਦੀਆਂ ਦਿਸਦੀਆਂ।

ਖ਼ੈਰ, ਸਾਡੇ ਮੁਹੱਲੇ ਦੇ ਨਿਆਣੇ ਦੋਹਲਟੇ ਖੂਹ ’ਤੇ ਵੀ ਗੇੜਾ ਮਾਰ ਲੈਂਦੇ। ਇਸ ਵਾਰ ਧਿਆਨ, ਰਾਮ ਪਾਲ ਤੇ ਸੁੱਚੇ ਹੁਰਾਂ ਨਾਲ ਮੈਂ ਵੀ ਬਾਟੀ ਚੁੱਕ ਗੱਭਲੀ ਗਲ਼ੀ ਤੁਰ ਪਿਆ। ਸੇਮੀਆਂ ਲੈਂਦਿਆਂ ਇਕ-ਦੂਜੇ ਤੋਂ ਮੋਹਰੇ ਹੋਣਾ ਆਮ ਜਿਹੀ ਗੱਲ ਹੁੰਦੀ। ਜਦੋਂ ਜਾਤ ਦੇ ਨਾਂ ’ਤੇ ਦਬਕਾ-ਝਿੜਕਾ ਤੇ ਮਿਹਣਾ ਕਿਸੇ ਨੇ ਮਾਰਿਆ ਤਾਂ ਮੈਂ ਉੱਥੋਂ ਮਲਕ ਦੇਣੀ ਖਿਸਕ ਪਿਆ। ਮੇਰੀਆਂ ਸੋਚਾਂ ਵਿਚ ਇਕ ਖਲਬਲੀ ਮਚ ਗਈ। ਇਸ ਥਾਂ ਉੱਤੇ ਸੇਮੀਆਂ ਲੈਣ ਜਾਣ ਲਈ ਮੇਰਾ ਇਹ ਪਹਿਲਾ ਤੇ ਆਖ਼ਰੀ ਮੌਕਾ ਸੀ।

ਪਰ ਤ੍ਰਕਾਲਾਂ ਤਕ ਮੇਰੇ ਚਿੱਤ ‘ਚ ਆਕਾਸ਼ ਵਿਚ ਉੱਠਦੀਆਂ ਘਟਾਵਾਂ ਵਾਂਗ ਬੱਦਲ ਚੜ੍ਹਦੇ ਰਹੇ ਜੋ ਘੋਰ-ਉਦਾਸੀ ਦਾ ਰੂਪ ਧਾਰਨ ਕਰਨ ਕਰ ਕੇ ਵਰ੍ਹਨ ਹੀ ਲੱਗ ਪਏ। ਕੁਝ ਦਿਨ ਤਕ ਮੇਰਾ ਰੋਮ-ਰੋਮ ਇਨ੍ਹਾਂ ਖ਼ਿਆਲਾਂ ਨਾਲ ਭਰਦਾ-ਫਿੱਸਦਾ ਰਿਹਾ। ਤੇ ਅਚਾਨਕ ਮਨ ਦੀ ਇਹ ਰੌਂਅ ਉਦੋਂ ਬਦਲੀ ਜਦੋਂ ਖੱਖਰ ਦੇ ਭੂੰਡਾਂ ਵਾਂਗ ਸਾਡੇ ਮੁਹੱਲੇ ਦੇ ਨਿਆਣਿਆਂ ਦੇ ਟੋਲੇ ਢੋਲ ਦੀ ਆਵਾਜ਼ ਵਲ ਨੂੰ ਇਕ-ਦੂਜੇ ਤੋਂ ਮੋਹਰੇ ਹੋ ਕੇ ਦੌੜਨ ਲੱਗੇ ਜਿਵੇਂ ਆਪਸ ਵਿਚ ਸ਼ਰਤ ਲਾਈ ਹੋਵੇ। ਕੋਈ ਗਲ਼ੋਂ ਨੰਗਾ ਸੀ ਤੇ ਕੋਈ ਤੇੜੋਂ। ਪਲਾਂ ਵਿਚ ਢੋਲੀ ਕੋਲ ਪਹੁੰਚ ਕੇ ਸਾਰੇ ਜਣੇ ਭੰਗੜਾ ਪਾਉਣ ਲੱਗ ਪਏ। ਪਿੰਡਿਆਂ ਤੋਂ ਨਿੱਚੜਦੇ ਪਸੀਨੇ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ।

ਦਰਅਸਲ, ਬਿਨਪਾਲਕੇ (ਮਾਧੋਪੁਰ ਤੋਂ ਦੱਖਣ ਪਾਸੇ ਚਾਰ ਕੁ ਕਿਲੋਮੀਟਰ ਦੀ ਵਿੱਥ ’ਤੇ ਪਿੰਡ) ਦਾ ਅੱਧਖੜ ਉਮਰ ਦਾ ਇਕਹਿਰੇ ਸਰੀਰ ਦਾ ਅੱਛਰੂ ਜਿਸ ਦੇ ਮੂੰਹ ਉੱਤੇ ਮਾਤਾ ਦੇ ਦਾਗ, ਛੋਟੀਆਂ ਬਿੱਲੀਆਂ ਅੱਖਾਂ, ਵਿਰਲੀ-ਪਤਲੀ ਦਾੜ੍ਹੀ, ਗਲ਼ ਦੁਆਲੇ ਕਾਲੀ ਡੋਰ ਵਿਚ ਲਮਕਦਾ ਕੈਂਠਾ, ਸਿਰ ’ਤੇ ਸਿੱਧੀ-ਸਾਦੀ ਲੜ ਲਮਕਦੀ ਚਿੱਟੀ-ਮੈਲ਼ੀ ਜਾਂ ਮੋਤੀਆ ਰੰਗ ਦੀ ਪੱਗ, ਗਲ਼ ਕੁੜਤਾ, ਤੇੜ ਧੋਤੀ ਤੇ ਪੈਰੀਂ ਕਾਲੇ ਕਰੋਮ ਦੀ ਜੁੱਤੀ ਪਾਈ ਢੋਲ ਵਜਾਉਂਦਾ ਇਉਂ ਛੋਹਲੀ ਚਾਲੇ ਚਲਦਾ ਜਿਵੇਂ ਉਸ ਨੇ ਅਜੇ ਬਹੁਤ ਪੈਂਡਾ ਤੈਅ ਕਰਨਾ ਹੋਵੇ। ਜਦੋਂ ਅਸੀਂ ਛੋਟੇ ਨਿਆਣੇ ਉਹਦੇ ਮੋਹਰੇ ਹੋ-ਹੋ ਢੋਲ ਦੀ ਤਾਲ ’ਤੇ ਨੱਚਦੇ-ਟੱਪਦੇ ਤਾਂ ਉਹ ਜ਼ਰਾ ਕੁ ਜਿੰਨਾ ਰੁਕ ਕੇ ਢੋਲ ਵਜਾਉਣ ਲੱਗ ਪੈਂਦਾ ਤੇ ਅਗਾਂਹ ਨੂੰ ਵਧਾਇਆ ਆਪਣਾ ਸੱਜਾ ਪੈਰ ਵਾਰ-ਵਾਰ ਜ਼ਮੀਨ ਉੱਤੇ ਤਾਲ ਨਾਲ ਮਾਰਨ ਡਹਿ ਪੈਂਦਾ ਜਿਵੇਂ ਉਹ ਵੀ ਸਭ ਕੁਝ ਭੁੱਲ ਕੇ ਕੋਈ ਬਾਲ-ਵਰੇਸ ਦਾ ਨਿਆਣਾ ਬਣ ਗਿਆ ਹੋਵੇ!

ਫਿਰਨੀ ਉੱਤੇ ਇਉਂ ਜਾਂਦਿਆਂ ਅਸੀਂ ਸਾਰੇ ਪਿੰਡ ਦੀ ਪਰਕਰਮਾ ਕਰ ਲੈਂਦੇ ਅਤੇ ਬਾਜ਼ੀ ਦੀ ਖ਼ੁਸ਼ਖ਼ਬਰੀ ਨਾਲ ਦੇ ਪਿੰਡਾਂ ਵਿਚ ਮਹੀਨਾ-ਵੀਹ ਦਿਨ ਪਹਿਲਾਂ ਪਹੁੰਚ ਜਾਂਦੀ। ਬਾਜ਼ੀਗਰਾਂ ਨੇ ਬਾਜ਼ੀ ਪੁਆਉਣ ਲਈ ਪਿੰਡ ਵੰਡੇ ਹੁੰਦੇ ਤੇ ਸਾਡਾ ਪਿੰਡ ਅੱਛਰੂ ਕੋਲ ਸੀ।

ਬਾਜ਼ੀ ਅਕਸਰ ਲੌਢੇ ਵੇਲੇ ਤੇ ਸਿਆਲਕੋਟੀਆਂ ਦੀ ਬੋਹੜ ਥੱਲੇ ਪੈਂਦੀ। ਬੋਹੜ ਦੇ ਵੱਡੇ-ਵੱਡੇ ਦੂਰ ਤਕ ਫੈਲੇ ਡਾਹਣਿਆਂ ਦੀ ਛਾਂ ਹੇਠ ਕੁੜੀਆਂ-ਬੁੜ੍ਹੀਆਂ, ਨਿਆਣਿਆਂ-ਸਿਆਣਿਆਂ ਤੇ ਜੁਆਨਾਂ ਸਣੇ ਸਾਰਾ ਪਿੰਡ ਬਾਜ਼ੀਗਰ ਗੱਭਰੂਆਂ ਦੇ ਜੌਹਰ ਦੇਖਣ ਲਈ ਆ ਜੁੜਦਾ। ਢੋਲੀਆਂ ਨੇ ਤਾਂ ਜਿਵੇਂ ਪਹਿਲਾਂ ਹੀ ਜ਼ਿੱਦ ਕੇ ਮੁਕਾਬਲੇਬਾਜ਼ੀ ਕੀਤੀ ਹੁੰਦੀ ਜਿਸ ਕਰ ਕੇ ਸਾਰੇ ਮਾਹੌਲ ਵਿਚ ਜੋਸ਼ ਭਰਿਆ ਜਾਂਦਾ।

ਬਾਜ਼ੀ ਤੋਂ ਤਿੰਨ-ਚਾਰ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਿੱਟੀ ਦਾ ਇਕ ਢਾਲਵਾਂ ਛੋਟਾ ਜਿਹਾ ਰਾਹ ਬਣਾਇਆ ਹੁੰਦਾ ਜੋ ਅੱਗਿਓਂ ਕਾਫ਼ੀ ਉੱਚਾ ਹੁੰਦਾ ਜਿਸ ਨੂੰ ‘ਅੱਡਾ' ਕਹਿੰਦੇ। ਉੱਚੇ ਕਿਨਾਰੇ ਦੇ ਐਨ ਮੋਹਰਲੇ ਹਿੱਸੇ ਨਾਲ ਲੰਮੇ ਦਾਅ ਅੱਠ-ਦਸ ਫੁੱਟ ਦਾ ਇਕ ਪਟੜਾ (ਸਾਗਵਾਨ ਦੀ ਲੰਮੀ-ਪਤਲੀ ਮੁਲਾਇਮ ਸ਼ਤੀਰੀ) ਗੱਡਦੇ। ਮਿੱਟੀ ਪੁੱਟੇ ਥਾਂ ਦੀ ਮਿੱਟੀ ਨੂੰ ਵਾਰ-ਵਾਰ ਗੁੱਡਦੇ ਤੇ ਉਹਨੂੰ ਚੰਗੀ ਤਰ੍ਹਾਂ ਬਰੀਕ ਕਰਦੇ। ਠੀਕਰੀਆਂ, ਸ਼ੀਸ਼ੇ, ਕਿੱਲ-ਪੱਤੀ ਤੇ ਹੋਰ ਚੀਜ਼ਾਂ ਚੁੱਭਣ ਦੇ ਡਰੋਂ ਉਨ੍ਹਾਂ ਨੂੰ ਨੀਝ ਨਾਲ ਚੁਗਦੇ। ਛਾਲਾਂ ਮਾਰਨ ਦਾ ਅਭਿਆਸ ਕਰਦੇ।

ਫ਼ੁਰਤੀਲੇ, ਤੇਜ਼-ਤਰਾਰ, ਕਲਾਕਾਰ ਬਾਜ਼ੀਗਰ ਜੁਆਨਾਂ ਨੇ ਬਾਜ਼ੀ ਵੇਲੇ ਆਪਣੇ ਜਾਂਘੀਏ ਕੱਸ ਕੇ ਬੰਨ੍ਹੇ ਹੋਏ ਹੁੰਦੇ। ਉਨ੍ਹਾਂ ਦੇ ਪਿੰਡੇ ਗੱਦਰ, ਗੱਠੇ ਹੋਏ ਤੇ ਤਿਲਕਵੇਂ-ਲਿਸ਼ਕਵੇਂ ਹੁੰਦੇ ਕਿ ਉਨ੍ਹਾਂ ’ਤੇ ਮੱਖੀ ਨਾ ਠਹਿਰਦੀ। ਉਹ ਲਹਿੰਦੇ ਤੋਂ ਚੜ੍ਹਦੇ ਨੂੰ ਪਟੜੇ ਤਕ ਦੌੜਨ ਤੋਂ ਪਹਿਲਾਂ ਆਪਣੇ ਦੋਹਾਂ ਡੌਲਿਆਂ ਉੱਤੇ ਹੱਥ ਵਾਰ-ਵਾਰ ਮਾਰਦੇ। ਫਿਰ ਛੂਟ ਵੱਟ ਕੇ ਖੱਬਾ ਪੈਰ ਜ਼ੋਰ ਨਾਲ ਪਟੜੇ ਉੱਤੇ ਮਾਰ ਕੇ ਹੁਲਾਰਾ ਲੈਂਦਿਆਂ ਪਿਛਾਂਹ ਨੂੰ ਹਵਾ ਵਿੱਚ ਛਾਲ ਮਾਰ ਕੇ ਆਪਣੀ ਅਗਲੀ ਕਲਾਬਾਜ਼ੀ ਦੀ ਕਾਮਯਾਬੀ ਲਈ ਯਤਨ-ਜਾਂਚ ਕਰਦੇ। ਇਕ-ਦੋ ਮੁੱਛ-ਫੁੱਟ ਗੱਭਰੂ ਦੌੜ ਕੇ ਆ ਕੇ ਜ਼ਮੀਨ ਉੱਤੇ ਹੱਥ ਲਾ ਕੇ ਸਿਰ ਥੱਲੇ ਨੂੰ ਤੇ ਲੱਤਾਂ ਉਤਾਂਹ ਨੂੰ ਕਰ ਕੇ ਏਨੀ ਫ਼ੁਰਤੀ ਨਾਲ ਘੁਮਾ-ਘੁਮਾ ਕੇ ਚੱਕਰ ਜਿਹਾ ਬਣਾ ਦਿੰਦੇ ਜਿਵੇਂ ਖੂਹ ਦਾ ਬੈੜ ਘੁੰਮਦਾ ਹੋਵੇ। ਬਜ਼ੁਰਗ ਗੱਲਾਂ ਕਰਦੇ, ‘ਬੜਾ ਸਰੀਰ ਸਾਂਭਿਆ ਆ ਮੁੰਡਿਆਂ ਨੇ।’

‘ਧਰਮ ਨਾ ਰੂਹ ਖ਼ੁਸ਼ ਹੋ ਗਈ ਮੁੰਡਿਆਂ ਅਲ ਦੇਖ ਕੇ - ਬਈ ਮੇਹਨਤ ਨਾ ਸਰੀਰ ਕਮਾ ਹੁੰਦੇ ਆ। ਸਾਡੇ ਮੁੰਡੇ ਸ਼ਰਾਬਾਂ ਪੀ-ਪੀ ਢਿੱਡ ਬਧਾਈ ਜਾਂਦੇ ਆ।' ਇਕ ਜ਼ਿਮੀਂਦਾਰ ਨੇ ਜਿਵੇਂ ਆਪਣੀ ਬਰਾਦਰੀ ਦੇ ਮੁੰਡਿਆਂ ’ਤੇ ਹਿਰਖ ਕੀਤਾ ਹੋਵੇ।

ਇਸੇ ਦੌਰਾਨ ਢੋਲਾਂ ਦੀ ਆਵਾਜ਼ ਹੋਰ ਉੱਚੀ ਹੁੰਦੀ। ਬਾਜ਼ੀ ਪਾਉਂਦੇ ਜੁਆਨਾਂ ਤੇ ਲੋਕਾਂ ਵਿਚ ਜੋਸ਼ ਦਾ ਜਿਵੇਂ ਹੜ੍ਹ ਆ ਜਾਂਦਾ। ਬਾਜ਼ੀ ਬਾਕਾਇਦਾ ਸ਼ੁਰੂ ਹੁੰਦੀ - ਸਾਡੇ ਛੋਟੇ ਨਿਆਣਿਆਂ ਦੇ ਹੱਥ ਬਦੋਬਦੀ ਡੌਲਿਆਂ ਉੱਤੇ ਹਰਕਤ ਕਰਨ ਲੱਗ ਪੈਂਦੇ - ਬਾਜ਼ੀ ਕਲਾਕਾਰਾਂ ਦੀ ਨਿਰੀ ਨਕਲ।

ਬਾਜ਼ੀ ਕਲਾਕਾਰ ਕਦੀ ਸਿੱਧੀਆਂ ਤੇ ਕਦੀ ਪੁੱਠੀਆਂ ਛਾਲਾਂ ਮਾਰਦੇ। ਮਾਹੌਲ ਵਿਚ ਹੋਰ ਵੀ ਉਤਸ਼ਾਹ ਭਰ ਜਾਂਦਾ। ਜਦੋਂ ਕੋਈ ਗੱਭਰੂ ਹੱਥਾਂ ਉੱਤੇ ਸਿਰ ਹੇਠਾਂ ਤੇ ਲੱਤਾਂ ਉਤਾਂਹ ਨੂੰ ਕਰ ਕੇ ਤੁਰਦਾ ਤਾਂ ਢੋਲੀ ਤੇ ਹੋਰ ਬਜ਼ੁਰਗ ਬਾਜ਼ੀਗਰ ਸਾਥ ਦੇਣ ਵਜੋਂ ਇਕ ਆਵਾਜ਼ ਵਿਚ ਗਾਉਂਦੇ:

‘ਕਾਲੀਆਂ ਘਟਾਂ ਚੜ੍ਹ ਆਈਆਂ,
ਮੋਰਾਂ ਨੇ ਪੈਲਾਂ ਪਾਈਆਂ।’

ਉਹ ਉਤਲੀ ਤੁਕ ਨੂੰ ਵਾਰ-ਵਾਰ ਦੁਹਰਾਉਂਦੇ।

ਉਹ ਦੂਰੋਂ ਦੌੜ ਕੇ ਪਟੜੇ ਦੇ ਸਿਖਰ ਉੱਤੇ ਪੈਰ ਨਾਲ ਸਹਾਰਾ ਲੈਂਦਿਆਂ ਲੰਮੀਆਂ ਛਾਲਾਂ ਮਾਰਦੇ - ਲੰਬਾਈ ਨਾਪਦੇ। ਇਉਂ ਹੀ ਤੇਜ਼ ਰਫ਼ਤਾਰ ਨਾਲ ਦੌੜ ਕੇ ਪਟੜੇ ਉੱਤੇ ਪੈਰ ਲਾ ਕੇ ਛਾਲ ਮਾਰਦੇ ਤੇ ਗੁੱਛਾ-ਮੁੱਛਾ ਕੀਤੇ ਸਰੀਰ ਦੀਆਂ ਬੰਦ-ਬਾਜ਼ੀਆਂ ਕੱਢਦੇ। ਕਈ ਵਾਰ ਪੁੱਠੀਆਂ ਛਾਲਾਂ ਮਰਦੇ, ਯਾਨੀ ਹੱਥਾਂ ਦੇ ਭਾਰ ’ਤੇ ਪੈਰਾਂ-ਲੱਤਾਂ ਨੂੰ ਫ਼ੁਰਤੀ ਨਾਲ ਪਿਛਾਂਹ ਲੈ ਜਾਂਦੇ। ਲੋਕਾਂ ਦੇ ਜੋਸ਼ ਤੇ ਉਤਸ਼ਾਹ ਵਿਚ ਜਿਵੇਂ ਨਵੀਂ ਜਾਨ ਪੈ ਜਾਂਦੀ।

‘ਧਰਮ ਨਾ ਬੜੀ ਸਫਾਈ ਨਾ ਤ੍ਰੇਹਟੀ ਛਾਲ ਮਾਰ ਗਿਆ ਮੁੰਡਾ!’ ਕੋਈ ਬਜ਼ੁਰਗ ਕਿਸੇ ਗੱਭਰੂ ਦੀ ਸਿਫ਼ਤ ਕਰਦਾ ਤੇ ਅੱਛਰੂ ਨੂੰ ਰੁਪਏ-ਦੋ ਰੁਪਏ ਦਾ ਨੋਟ ਫੜਾਉਂਦਾ ਜੋ ਅੱਗੋਂ ਢੋਲ ਵਾਲੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਲੋਕਾਂ ਵਲ ਮੂੰਹ ਕਰ ਕੇ ਕਹਿੰਦਾ, ‘ਰੱਜੇ ਰਹੋ ਸਰਦਾਰੋ, ਧੁਆਡੀਆਂ ਬੇਲਾਂ ਹਰੀਆਂ ਰਹਿਣ।’

ਜਿੰਨਾ ਚਿਰ ਉੱਚੀ ਛਾਲ ਮਾਰੇ ਜਾਣ ਦੀ ਤਿਆਰੀ ਕੀਤੀ ਜਾਂਦੀ ਉੰਨਾ ਚਿਰ ਅੱਡੇ ਦੇ ਨੇੜੇ ਲੋਹੇ ਦੇ ਇਕ ਕੜੇ ਵਿੱਚੋਂ ਦੀ ਲੰਘਣ ਲਈ ਇਕ ਜੁਆਨ ਜ਼ਮੀਨ ’ਤੇ ਲੰਮਾ ਪੈ ਜਾਂਦਾ ਤੇ ਦੂਜਾ ਉਸ ਦੇ ਪੈਰਾਂ-ਲੱਤਾਂ ਵਲੋਂ ਦੀ ਕੜੇ ਵਿੱਚੋਂ ਦੀ ਬੜੀ ਮੁਸ਼ਕਿਲ ਨਾਲ ਪਹਿਲਾਂ ਸਿਰ ਲੰਘਾਉਂਦਾ ਤੇ ਫਿਰ ਧੜ। ਉਨ੍ਹਾਂ ਦੋਹਾਂ ਜਣਿਆਂ ਦੇ ਪਿੰਡਿਆਂ ਉੱਤੇ ਲਾਸਾਂ ਪੈ ਜਾਂਦੀਆਂ। ਢੋਲੀ ਪੁੱਛਦਾ, ‘ਕਿਉਂ ਬਈ ਜੁਆਨੋ ਲੁਹਾਰ ਸੱਦ ਕੇ ਕੜਾ ਬਢਾਈਏ?’

‘ਨਈਂ! ਬਿਲਕੁਲ ਨਈਂ!’ ਔਖੇ ਇਮਤਿਹਾਨ ਪਿਆਂ ਉਨ੍ਹਾਂ ਦੀ ਦੱਬਵੀਂ ਆਵਾਜ਼ ਸੁਣਦੀ। ਕੋਲ ਹੀ ਇਕ ਬਜ਼ੁਰਗ ਆਪਣੇ ਦੋਹਰੇ ਕੀਤੇ ਸਰੀਰ ਨੂੰ ਇਕ ਛੋਟੇ ਕੜੇ ਥਾਣੀਂ ਕੱਢਦਾ ਤੇ ਤਾੜੀਆਂ ਮਾਰ ਕੇ ਗੁਣਗਣੀ ਆਵਾਜ਼ ਵਿਚ ਗਾਉਂਦਾ ਤੇ ਹੇਠ ਲਿਖੀ ਤੁਕ ਨੂੰ ਦੁਹਰਾਉਂਦਾ:

‘ਕਰ ਲਓ ਜਤਨ ਹਜਾਰ,
ਤੋਤੇ ਨੇ ਉੜ ਜਾਣਾ।’

ਫਿਰ ਵਾਰੀ ਆਉਂਦੀ ਅੱਗ ਨਾਲ ਖੇਡਣ ਦੀ। ਤੂਤ ਦੀਆਂ ਛਿਟੀਆਂ ਨੂੰ ਗੋਲ-ਕੜੇ ਵਰਗਾ ਆਕਾਰ ਦਿੱਤਾ ਹੁੰਦਾ ਤੇ ਫੜਨ ਲਈ ਇਕ-ਇਕ ਲੰਮੀ ਛਿਟੀ ਬੰਨ੍ਹੀ ਹੁੰਦੀ। ਗੋਲ ਚੱਕਰ ਵਾਲੇ ਹਿੱਸੇ ਦੁਆਲੇ ਲੀਰਾਂ ਲਪੇਟੀਆਂ ਹੁੰਦੀਆਂ। ਜਦੋਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਤਾਂ ਦੋਹਾਂ ਪਾਸਿਆਂ ਤੋਂ ਦੋ ਬੰਦੇ ਆਪਣੀ ਹਿੱਕ ਦੇ ਬਰਾਬਰ ਫੜ ਕੇ ਖੜ੍ਹੇ ਹੋ ਜਾਂਦੇ। ਅੱਗ ਦੀਆਂ ਲਾਟਾਂ ਵੱਡੀਆਂ ਹੁੰਦੀਆਂ। ਦੋ ਕੁ ਖ਼ਾਸ ਕਲਾਬਾਜ਼ ਦੌੜ ਕੇ ਆਉਂਦੇ। ਉਨ੍ਹਾਂ ਦੇ ਹੱਥ-ਬਾਹਾਂ ਮੋਹਰ ਨੂੰ ਤੇ ਸਰੀਰ ਇਉਂ ਤਣੇ ਹੁੰਦੇ ਜਿਵੇਂ ਖੂਹ ਵਿਚ ਗੋਤਾ ਲਾਉਣਾ ਹੋਵੇ। ਉਹ ਅਗਨੀ-ਚੱਕਰ ਲੰਘ ਜਾਂਦੇ ਪਰ ਕਦੀ-ਕਦੀ ਉਨ੍ਹਾਂ ਦੇ ਪਿੰਡਿਆਂ ਜਾਂ ਹੋਰ ਅੰਗਾਂ ਨੂੰ ਅੱਗ ਛੋਹ ਜਾਂਦੀ ਤੇ ਚਮੜੀ ਲੂਹ ਹੋਣ ਦਾ ਹਲਕਾ ਜਿਹਾ ਨਿਸ਼ਾਨ ਪੈ ਜਾਂਦਾ।

ਇਸ ਤਰ੍ਹਾਂ ਹੀ ਕੋਈ ਕਲਾਕਾਰ ਜੁਆਨ ਪੱਟੀ ਬੱਧੀਆਂ ਅੱਖਾਂ ਤੇ ਕਿਰਪਾਨ ਦੰਦਾਂ ਵਿਚਾਲੇ ਫੜ ਜਿਸ ਦੇ ਸਿਰਿਆਂ ਨਾਲ ਬੰਨ੍ਹੀਆਂ ਲੀਰਾਂ ਤੋਂ ਲੰਬਾਂ ਨਿਕਲਦੀਆਂ ਹੁੰਦੀਆਂ, ਪੈਰੋਂ ਹੀ ਉਲਟੀ ਛਾਲ ਮਾਰਦਾ ਤੇ ਉਸੇ ਥਾਂ ਪਹਿਲਾਂ ਵਾਂਗ ਫਿਰ ਖੜ੍ਹਾ ਹੋ ਜਾਂਦਾ।

ਇਹ ਕਮਾਲ ਦੇਖਦਾ ਮੈਂ ਹੈਰਾਨ ਰਹਿ ਜਾਂਦਾ। ਮੇਰੇ ਚਿੱਤ ਵਿਚ ਆਉਂਦਾ ਕਿ ਮੈਂ ਇਉਂ ਦੀ ਕਲਾਬਾਜ਼ੀ ਸਿੱਖਾਂ। ਮੇਰੀ ਵੀ ਪੁੱਛ-ਪ੍ਰਤੀਤ ਵਧੇ। ਮੇਰੇ ਜੌਹਰ ਦੇਖ ਕੇ ਲੋਕ ਤਾੜੀਆਂ ਮਾਰਨ ਤੇ ਮੈਂ ਖੁਸ਼ ਹੋਇਆ ਕਰਾਂ।

ਅਖ਼ੀਰ, ਉੱਚੀ ਛਾਲ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ। ਪਟੜੇ ਅੱਗੇ ਬਾਂਸਾਂ ਦੇ ਸਿਖਰ ਉੱਤੇ ਮੰਜਾ ਇਸ ਜੁਗਤ ਨਾਲ ਬੰਨ੍ਹਿਆ ਹੁੰਦਾ ਕਿ ਕੋਈ ਕਲਾਬਾਜ਼ ਆਪਣੇ ਨਿਸ਼ਾਨੇ ਤੋਂ ਉੱਕ ਜਾਵੇ ਤਾਂ ਮੰਜੇ ਉੱਤੇ ਡਿਗ ਪਵੇ। ਕਿਸੇ ਗੰਭੀਰ ਸੱਟ-ਚੋਟ ਤੋਂ ਬਚ ਜਾਵੇ। ਜਦੋਂ ਸਾਰੇ ਕਲਾਬਾਜ਼ ਇਕ-ਇਕ ਕਰ ਕੇ ਛਾਲ ਮਾਰ ਲੈਂਦੇ ਤਾਂ ਪਟੜਾ ਉਤਾਂਹ ਨੂੰ ਖਿਸਕਾ ਕੇ ਉੱਚਾ ਕੀਤਾ ਜਾਂਦਾ। ਅਗਲੀ ਕਲਾਬਾਜ਼ੀ ਦੇਖਣ ਲਈ ਸਾਰੇ ਉਤਾਵਲੇ ਹੋ ਜਾਂਦੇ।

‘ਸਰਦਾਰੋ ਇਕ ਉੱਚਾ-ਲੰਮਾ ਜੁਆਨ ਦਿਓ।' ਬਾਜ਼ੀ ਪੁਆਉਣ ਵਾਲਾ ਪ੍ਰਮੁੱਖ ਬਾਜ਼ੀਗਰ ਉੱਚੀ ਤੇ ਭਰੋਸੇ ਭਰੀ ਆਵਾਜ਼ ਵਿਚ ਕਹਿੰਦਾ।

‘ਨੋਬਿਆਂ ਦਾ ਮ੍ਹਿੰਦਰ ਕਿੱਥੇ ਆ? ਨਈਂ ਤਾਂ ਅਕਬਾਲ ਸੁੰਹ ਨੂੰ ਖੜ੍ਹਾ ਕਰ ਲਓ!’ ਕੋਈ ਜਣਾ ਕਹਿੰਦਾ।

ਮਹਿੰਦਰ ਸਿੰਘ ਤੇ ਇਕਬਾਲ ਸਿੰਘ ਜਾਂ ਬਾਰਾ ਸਿੰਘ ਦਾ ਭਜੀ ਤਿੰਨੋਂ ਛਾਂਟਵੇਂ ਦਰਸ਼ਨੀ ਗੱਭਰੂ - ਛੇ ਫੁੱਟ ਦੋ-ਤਿੰਨ ਤਿੰਨ ਇੰਚ ਉੱਚੇ। ਭਰਵੇਂ ਜੁੱਸੇ - ਨਾ ਹੰਕਾਰ ਨਾ ਕਿਸੇ ਨਾਲ ਲਾਗ-ਡਾਟ। ਉਹ ਤਿੰਨੋਂ ਜਣੇ ਵਾਰੋ-ਵਾਰੀ ਪੌੜ-ਸਾਂਗ ਜਿਹੇ ਉਤਲੇ ਮੰਜੇ ਉੱਤੇ ਹੱਥਾਂ ਬਾਹਾਂ ਨਾਲ ਛੱਜ ਫੜ ਕੇ ਖੜ੍ਹੇ ਹੁੰਦੇ - ਕਦੀ ਇਕ ਜਣਾ - ਕਦੀ ਦੂਜਾ ਜਣਾ। ਕਲਾਬਾਜ਼ ਪੂਰੀ ਦ੍ਰਿੜਤਾ ਤੇ ਭਰੋਸੇ ਨਾਲ ਬਿਨਾਂ ਛੱਜ ਛੋਹਿਆਂ ਇਸ ਨੂੰ ਟੱਪ ਕੇ ਤੇਹਰੀ ਛਾਲ ਮਾਰ ਲੈਂਦੇ। ਨਾਲ ਹੀ ਢੋਲ ’ਤੇ ਧਮਾਲਾਂ ਪੈਂਦੀਆਂ। ਤਾੜੀਆਂ ਤੇ ਹੋਰ ਹੌਸਲਾ ਬੁਲੰਦ ਆਵਾਜ਼ਾਂ ਮਾਹੌਲ ਵਿਚ ਉੱਚੀਆਂ ਹੁੰਦੀਆਂ। ਨਾਲ ਦੇ ਪਿੰਡਾਂ ਤੋਂ ਆਏ ਲੋਕ ਖਿਸਕਣ ਲਗਦੇ - ਕੋਈ ਕਿਸੇ ਨੂੰ ਆਪਣੇ ਘਰ ਚਾਹ-ਪਾਣੀ ਲਈ ਲੈ ਜਾਂਦਾ। ਇਉਂ ਹੌਲੀ ਹੌਲੀ ਇਹ ਨਿੱਕਾ ਜਿਹਾ ਬਾਜ਼ੀ-ਮੇਲਾ ਛਿੜ ਜਾਂਦਾ।

ਦੇਖਦਿਆਂ ਹੀ ਦੇਖਦਿਆਂ ਬਾਜ਼ੀ-ਪਿੜ ਕੋਲ ਕਣਕ ਦਾ ਵੱਡਾ ਬੋਹਲ ਲੱਗ ਜਾਂਦਾ। ਗੁੜ, ਦਾਲਾਂ ਤੇ ਚੌਲਾਂ ਦੇ ਢੇਰ ਲੱਗ ਜਾਂਦੇ। ਦੇਸੀ ਘਿਓ ਤੇ ਸਰ੍ਹੋਂ ਦੇ ਤੇਲ ਨਾਲ ਬਰਤਨ ਅੱਧੇ-ਪੌਣੇ ਭਰ ਜਾਂਦੇ। ਕੁਝ ਨਕਦ ਰੁਪਏ ਇਕੱਠੇ ਹੋ ਜਾਂਦੇ। ਅੱਛਰੂ ਤੇ ਉਹਦੇ ਘਰ ਵਾਲੀ ਅਤਿ ਸੁੰਦਰ ਬੰਤੀ ਜਿਸ ਦੀ ਠੋਡੀ ਉੱਤੇ ਫੁੱਲ ਤੇ ਬਾਹਾਂ ਉੱਤੇ ਮੋਰਨੀਆਂ ਜ਼ਹਿਰ-ਮੌਹਰੇ ਰੰਗ ਦੀਆਂ ਸਨ ਤੇ ਜੋ ਪਿੰਡ ਵਿਚ ਕੰਘੀਆਂ ਸੂਈਆਂ ਵੇਚਦੀ ਹੁੰਦੀ, ਲਈ ਕਈ ਜੱਟੀਆਂ ਥਾਲ ਵਿਚ ਨਵੇਂ ਅਣਸੀਤੇ ਕੱਪੜੇ ਰੱਖ ਕੇ ਲਿਆਉਂਦੀਆਂ। ਉਨ੍ਹਾਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀਆਂ ਲਹਿਰਾਂ ਚੜ੍ਹਦੀਆਂ ਨਜ਼ਰ ਆਉਂਦੀਆਂ। ਉਨ੍ਹਾਂ ਦੋਹਾਂ ਜੀਆਂ ਦੇ ਗੱਭਰੂ ਪੁੱਤ ਜੁਗਿੰਦਰ ਜਾਂ ਭਤੀਜਾ ਬਿੱਲੂ ਫ਼ੁਰਤੀ ਨਾਲ ਕਦੀ ਗੁੜ, ਘਿਓ ਤੋਂ ਮੱਖੀਆਂ ਹਟਾਉਂਦਾ ਤੇ ਕਦੀ ਉਨ੍ਹਾਂ ਉੱਤੇ ਕੱਪੜਾ ਪਾਉਂਦਾ।

ਇਸੇ ਦੌਰਾਨ ਇਕ ਜ਼ਿਮੀਂਦਾਰ ਨੇ ਕਿਹਾ, ‘ਚੱਲ ਅੱਛਰੂ ਰਾਮਾ ਇਸ ਬਹਾਨੇ ਚਾਰ ਮਣ ਦਾਣੇ ਹੋ ਗਏ - ਹੁਣ ਤੇਰਾ ਸਾਲ ਬੰਨੇ - ਕੁਛ ਬੇਚ-ਬੱਟ ਲਈਂ! ਨਾਲੇ ਤੂੰ ਕੀ ਲੱਤ ਫੇਰੀ ਆ - ਚਾਰ ਦਿਨ ਢੋਲ ਈ ਬਜਾਇਆ।'

‘ਸਰਦਾਰਾ ਓਹ ਤਾਂ ਤੇਰੀ ਗੱਲ ਸਈ ਆ ਪਰ ਐਂਤਕੀ ਲਾਗਤ ਬੀ ਬਾਹਲੀ ਆ ਗਈ ... ਮਹਿੰਗਾਈ ਦੇਖ ਤਾਂ ਕਿੰਨੀ ਆ! ਨਾਲੇ ਮਹੀਨਾ ਹੋ ਗਿਆ ਜੁੱਤੀਆਂ ਘਸਾਉਂਦੇ ਨੂੰ।’

ਓਧਰ ਦਾਣਿਆਂ ਦੇ ਢੇਰ ਨੇੜੇ ਗੁੜ-ਘਿਓ ਉੱਤੇ ਬਹਿੰਦੀਆਂ-ਉਡਦੀਆਂ ਮੱਖੀਆਂ ਵਲ ਅਜੇ ਸ਼ਾਇਦ ਮੈਂ ਇਕ ਟੱਕ ਹੋਰ ਦੇਖਦਾ ਰਹਿੰਦਾ ਜੇ ਧਿਆਨ ਮੈਨੂੰ ਝੰਜੋੜ ਕੇ ਨਾ ਕਹਿੰਦਾ, ‘ਗੁੱਡ ਤਾਂਹ ਨੂੰ ਦੇਖ, ਬਾਰੀਆਂ ਦੇ ਬਿੱਕਰ ਦੇ ਚੀਨੇ ਕਬੂਤਰ ਕਿੱਦਾਂ ਬਾਜੀਆਂ ਪਾਉਂਦੇ ਆ।’

ਇਹ ਨਜ਼ਾਰਾ ਦੇਖਦਿਆਂ-ਦੇਖਦਿਆਂ ਮੈਨੂੰ ਲੱਗਿਆ ਜਿਵੇਂ ਕੁਝ ਪਲਾਂ ਲਈ ਮੈਂ ਵੀ ਚੀਨਾ ਕਬੂਤਰ ਬਣ ਕੇ ਗੂਹੜੇ-ਨੀਲੇ ਨਿੱਖਰੇ ਆਸਮਾਨ ਵਿਚ ਉਡਣ ਲੱਗ ਪਿਆ ਹੋਵਾਂ। ਪਰ ਮੇਰੀ ਪਰਵਾਜ਼ ਅਚਾਨਕ ਉਦੋਂ ਧਰਤੀ ਉੱਤੇ ਆ ਉੱਤਰੀ ਜਦੋਂ ਮੈਨੂੰ ਓਸ ਜ਼ਿਮੀਂਦਾਰ ਦੇ ਬੋਲ ਚੇਤੇ ਆਏ - ‘ਕੀ ਲੱਤ ਫੇਰੀ ਆ - ਚਾਰ ਦਿਨ ਢੋਲ ਈ ਬਜਾਇਆ!’

ਇਸ ਤਲਖ਼-ਟਿੱਪਣੀ ਦੇ ਨਾਲ ਹੀ ਇਕ ਹੋਰ ਖ਼ਿਆਲ ਆਇਆ ਜਿਸ ਵਿਚ ਭਾਈਆ ਆਪਣੇ ਲਾਖੇ ਚਿਹਰੇ ਉੱਤੇ ਤਿਊੜੀਆਂ ਪਾਉਂਦਾ ਮੇਰੇ ਮਨ ਦੇ ਆਕਾਸ਼ ਉੱਤੇ ਪ੍ਰਗਟ ਹੋਇਆ। ਇਹ ਨਿਰਾ ਖ਼ਿਆਲ ਹੀ ਨਹੀਂ ਸਗੋਂ ਹਕੀਕਤ ਸੀ। ਜਦੋਂ ਮੈਂ ਘਰ ਪਹੁੰਚਾ ਤਾਂ ਭਾਈਆ ਮੈਨੂੰ ਜਿਵੇਂ ਸਮਝਾਉਣ ਲੱਗ ਪਿਆ - ‘ਬਾਜੀ ਆਲੇ ਮੁੰਡਿਆਂ ਨੇ ਸਰੀਰ ਤੋੜ-ਤੋੜ ਸਿੱਟਤਾ - ਰੌਣਕ-ਮੇਲਾ ਕਰ ਕੇ ਲੋਕਾਂ ਦਾ ਚਿੱਤ ਪਰਚਾ ’ਤਾ ਪਰ ਇਨ੍ਹਾਂ ਜਿਮੀਂਦਾਰਾਂ ਨੂੰ ਧੇਲੇ ਜਿੰਨੀ ਕਦਰ ਨਈਂ - ਅਖੇ ਕੰਮੀਆਂ-ਕਮੀਣਾਂ ਦਾ ਕੰਮ ਈ ਸੇਵਾ ਤੇ ਮਨ ਪਰਚਾਵਾ ਕਰਨਾ ਆ - ਮੈਂ ਤਾਂ ਕਈਨਾ ਪਈ ਸਾਡੇ ਮੁਲਖ ’ਚੋਂ ਊਚ-ਨੀਚ ਦਾ ਕਲੰਕ ਬਗੈਰ ਜੁੱਤੀ ਦੇ ਨਈਂ ਮਿਟਣਾ। ਜੇ ਚਾਰ ਕਿੱਲੇ ਸਾਡੇ ਕੋਲ ਬੀ ਪੈਲ਼ੀ ਹੋ ਜਾਏ ਤਾਂ ਫਿਰ ਕੌਣ ਪਛਾਣੇ ਇਨ੍ਹਾਂ ਬੇਕਦਰੇ ਜ਼ਿਮੀਂਦਾਰਾਂ ਨੂੰ! ਇਨ੍ਹਾਂ ਦੀਆਂ ਨਫ਼ਰਤਾਂ ਭਰੀਆਂ ਨਿਗਾਹਾਂ ਪਤਾ ਨਈਂ ਅਜੇ ਕਦੋਂ ਤਕ ਘੂਰ-ਘੂਰ ਦੇਖਦੀਆਂ ਰਹਿਣਗੀਆਂ। ਪਰ ਜੀਂਦੇ ਰਹਿਣ ਲਈ ਇਹ ਸਭ ਕੁਛ ਝੱਲਣਾ ਪਈਂਦਾ। ਹੋਰ ਕੀ ਕਰੀਏ ਹੁਣ? ਅੰਦਰੋ-ਅੰਦਰ ਈ ਜਲ-ਭੁੱਜ ਕੇ ਰਹਿ ਜਾਈਦਾ!’

ਰਤਾ ਕੁ ਚੁੱਪ ਰਹਿ ਕੇ ਭਾਈਆ ਮੈਨੂੰ ਅਚਨਚੇਤ ਉੱਲਰ ਕੇ ਪਿਆ, ‘ਮਾਮਾ ਚਾਰ ਅੱਖਰ ਪੜ੍ਹ ਲਿਆ ਕਰ, ਨਈਂ ਤਾਂ ਸਾਡੇ ਆਂਙੂੰ ਜਿਮੀਂਦਾਰਾਂ ਦੀ ਗੁਲਾਮੀ ਕਰਿਆ ਕਰੂੰਗਾ - ਸਾਰਾ ਦਿਨ ਭੱਸੜ ਭਨਾਇਆ ਕਰੂੰਗਾ ਤੇ ਮਗਰੋਂ ਆਣੀ ਮਿਲਣਾ ਦਬਕ-ਝਿੜਕਾਂ, ਦੋ ਡੰਗ ਦੀ ਰੁੱਖੀ-ਸੁੱਕੀ ਰੋਟੀ! ਜਿਹਦੇ ਨਾਲ ਬੰਦਾ ਨਾ ਮਰ ਸਕੇ ਨਾ ਜੀ ਸਕੇ!’

ਭਾਈਆ ਜਦੋਂ ਵੀ ਅਜਿਹੀਆਂ ਗੱਲਾਂ ਤੋਂ ਗੁੱਸੇ ਹੁੰਦਾ ਤਾਂ ਸਿੱਧਾ ਮੇਰੇ ਉੱਤੇ ਹੀ ਵਰ੍ਹਦਾ- ਮੈਨੂੰ ਉਹਦੀਆਂ ਗੱਲਾਂ ਜਚਦੀਆਂ ਪਰ ਸਮਝ ਨਾ ਆਉਂਦੀਆਂ ਕਿ ਮੁੜ-ਘਿੜ ਮੈਨੂੰ ਕਿਉਂ ਵੱਢੂੰ-ਟੁੱਕੂੰ ਕਰਦਾ ਰਹਿੰਦਾ ਹੈ। ਉਹਦੀਆਂ ਗੱਲਾਂ-ਵਿਚਾਰਾਂ ਨੂੰ ਸੁਣਦਿਆਂ ਮੈਨੂੰ ਇਉਂ ਲੱਗਿਆ ਜਿਵੇਂ ਉਹ ਤੇ ‘ਕੰਮੀ-ਕਮੀਣ' ਲੋਕ ਆਪਣੇ ਦੁੱਖਾਂ ਦੇ ਸਾਂਝੀ ਬਣ ਰਹੇ ਹੋਣ ਤੇ ਔਖੇ ਵਕਤਾਂ ਵਿਚ ਇਕ-ਦੂਜੇ ਦੇ ਸੱਚੇ ਹਮਦਰਦ ਬਣ ਰਹੇ ਹੋਣ ਅਤੇ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਖਾਤਰ ਜੂਝਣ ਲਈ ਕੰਡਿਆਲੇ ਰਾਹਾਂ ਦੇ ਰਾਹੀ ਬਣ ਰਹੇ ਹੋਣ ਜਿਨ੍ਹਾਂ ਨੇ ਪੱਛ ਤੇ ਲਹੂ-ਲੁਹਾਣ ਹੋ ਕੇ ਵੀ ਪਤਾ ਨਹੀਂ ਅਜੇ ਹੋਰ ਕਿੰਨਾ ਪੈਂਡਾ ਤਹਿ ਕਰਨਾ ਹੋਵੇ!

ਛਾਂਗਿਆ ਰੁੱਖ (ਕਾਂਡ ਸੱਤਵਾਂ)

‘ਗੁੱਡ ਤੂੰ ਤੇ ਰੋਸ਼ੀ (ਰੌਸ਼ਨ ਲਾਲ) ਪੱਠੇ ਬੱਢ ਕੇ ਕੁਤਰ ਆਓ!’ ਸੋਢੀ ਮਾਸਟਰ ਨੇ ਅਫ਼ੀਮ ਦੇ ਨਸ਼ੇ ਦੀ ਝੋਕ ’ਚੋਂ ਉੱਭੜਵਾਹੇ ਉੱਠ ਕੇ ਅੱਜ ਫਿਰ ਪਹਿਲਾਂ ਵਾਂਗ ਹੁਕਮ ਚਾੜ੍ਹਿਆ। ਇਸੇ ਦੌਰਾਨ ਉਹਨੇ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲ ਨਾਲ ਲੋਹੇ ਦੀ ਛੋਟੀ ਜਿਹੀ ਗੋਲ-ਲੰਮੀ ਡੱਬੀ ਵਿੱਚੋਂ ਨਸਵਾਰ ਦੀ ਚੂੰਢੀ ਭਰਨ ਮਗਰੋਂ ਆਖਿਆ, ‘ਫੁਰਤੀ ਨਾ ਬਗ ਜਾਓ, ਭੁੱਖੀਆਂ ਮੱਝਾਂ ਰੰਭਦੀਆਂ ਹੋਣੀਆਂ! ਨਾਲੇ ਪਾਣੀ ਡਾਹ ਕੇ ਨੁਹਾ ਆਇਓ!’

ਆਗਿਆਕਾਰੀ ਵਿਦਿਆਰਥੀਆਂ ਵਾਂਗ ਅਸੀਂ ਪਹਿਲਾਂ ਵਾਂਗ ਨਾ ਅੱਗੋਂ ਹੁੱਤ ਕੀਤੀ ਤੇ ਨਾ ਹੀ ਨਾਂਹ-ਨੁੱਕਰ। ਅਸੀਂ ਆਪਣੇ ਵਿਹੜੇ ਦੇ ਜਮਾਤੀ ਮੁੰਡਿਆਂ ਹਵਾਲੇ ਝੋਲੇ ਕੀਤੇ ਤੇ ਸੋਢੀ ਮਾਸਟਰ ਦੇ ਪਿੰਡ ਸੋਹਲਪੁਰ (ਢਾਈ-ਤਿੰਨ ਕਿਲੋਮੀਟਰ ਦੇ ਫ਼ਾਸਲੇ ’ਤੇ ਪੂਰਬ-ਦੱਖਣ ਦੀ ਦਿਸ਼ਾ ’ਤੇ ਸਥਿਤ ਇੱਕ ਛੋਟਾ ਜਿਹਾ ਪਿੰਡ) ਨੂੰ ਤੁਰ ਪਏ।

ਸਕੂਲ ਦੇ ਵਿਹੜੇ ਵਿੱਚੋਂ ਅਜੇ ਫਿਰਨੀ ਉੱਤੇ ਪਏ ਹੀ ਸੀ ਕਿ ਛੋਟੇ-ਛੋਟੇ ਸਕੂਲੀ ਵਿਦਿਆਰਥੀਆਂ ਦੀ ਚੱਲਦੀ ਪਾਲ ਵਰਗੇ ਖ਼ਿਆਲਾਂ ਦੀ ਇੱਕ ਲੜੀ ਮੇਰੇ ਮਨ ਵਿੱਚ ਮੇਰੇ ਤਨ ਦੇ ਪ੍ਰਛਾਵੇਂ ਵਾਂਗ ਨਾਲ-ਨਾਲ ਤੁਰਨ ਲੱਗ ਗਈ। ਸੋਢੀ ਮਾਸਟਰ ਦੇ ਨਿਆਈਂ ਵਾਲੇ ਖੇਤ ਵਿੱਚ ਪਿਛਲੇ ਦਿਨੀਂ ਵੱਢੇ ਬਾਜਰੇ ਦਾ ਦ੍ਰਿਸ਼ ਸਾਕਾਰ ਹੋ ਗਿਆ। ਉਦੋਂ ਇੱਕ ਦਿਨ ਪਹਿਲਾਂ ਪਏ ਮੀਂਹ ਕਾਰਨ ਬੰਨੇ ਉੱਤੇ ਜੰਗਲ-ਪਾਣੀ ਲਈ ਬੈਠੀਆਂ ਭਾਰੇ ਤੇ ਗੋਰੇ ਨਿਛੋਹ ਬਦਨ ਦੀਆਂ ਜ਼ਨਾਨੀਆਂ ਮੇਰੀ ਨਜ਼ਰੀਂ ਪਈਆਂ ਜਿਨ੍ਹਾਂ ਨੇ ਨੱਕ ਮੋਹਰੇ ਦੁਪੱਟੇ ਇਕੱਠੇ ਕਰ ਕੇ ਰੱਖੇ ਹੋਏ ਸਨ। ਇਹ ਦ੍ਰਿਸ਼ ਦੇਖਦਿਆਂ ਮੈਂਨੂੰ ਆਪਣੇ ਪੈਰ ਜ਼ਮੀਨ ਵਿੱਚ ਖੁੱਭਦੇ ਦਿਸੇ ਤੇ ਨਾਲ ਹੀ ਟੱਟੀਆਂ ਦਾ ਮੁਸ਼ਕ ਸਿਰ ਨੂੰ ਚੜ੍ਹਦਾ ਮਹਿਸੂਸ ਹੋਇਆ ਜਿਸ ਨਾਲ ਮੇਰੀਆਂ ਸੋਚਾਂ ਨੂੰ ਵਿਸ਼ਰਾਮ ਚਿੰਨ੍ਹ ਲੱਗ ਗਿਆ ਜਿਵੇਂ ਅਸੀਂ ਇਮਲਾਹ ਲਿਖਦੇ ਵਕਤ ਲਾਉਂਦੇ ਹੁੰਦੇ ਸੀ।

‘ਤੀਏ ਦਿਨ ਸਾਨੂੰ ਤੋਰ ਦਿੰਦਾ - ਜੱਟਾਂ ਦੇ ਮੁੰਡਿਆਂ ਨੂੰ ਤਾਂ ਕਦੀ ਨਹੀਂ ਕਈਂਦਾ ਪਈ ਪੱਠਾ-ਦੱਥਾ ਕਰ ਆਓ।’ ਅਚਾਨਕ ਪਹਿਲੀ ਵਾਰ ਅਜਿਹੇ ਫ਼ੁਰੇ ਫ਼ੁਰਨੇ ਨਾਲ ਮੈਂ ਗੱਲ ਤੋਰੀ।

‘ਉਨ੍ਹਾਂ ਤੋਂ ਨਾਸਾਂ ਭਨਾਉਣੀਆਂ! ਅਖੇ ਚੂੜ੍ਹਿਆਂ ਦੇ ਪਠਾਣ ਬਗਾਰੀ! ਸੋਢੀਆਂ-ਖੱਤਰੀਆਂ ਨੂੰ ਤਾਂ ਜੱਟ ਟਿੱਚ ਸਮਝਦੇ ਆ!’ ਮੇਰੇ ਤੋਂ ਤਿੰਨ-ਚਾਰ ਸਾਲ ਵੱਡੇ ਰੋਸ਼ੀ ਨੇ ਦੱਸਿਆ। ਪੰਜ-ਚਾਰ ਉਲਾਂਘਾਂ ਭਰਨ ਪਿੱਛੋਂ ਉਹਨੇ ਆਖਿਆ, ‘ਸੋਢੀਆਂ ਪੱਲੇ ਕੀ ਆ? ਸਿੱਖੀ? ਤੇ ਜੱਟ ਮਉਜਾਂ ਲੁੱਟਦੇ ਆ ਜ਼ਮੀਨਾਂ-ਜੈਦਾਦਾਂ ਦੇ ਸਿਰ ’ਤੇ। ਐਮੀਂ ਥੋੜ੍ਹੋ ਗਲ਼ੀਆਂ ’ਚ ਗੇੜੇ ਮਾਰਦੇ ਬੁੱਕਦੇ ਰੲ੍ਹੀਂਦੇ ਆ!’

ਰੋਸ਼ੀ ਦੇ ਇਨ੍ਹਾਂ ਬੋਲਾਂ ਨੇ ਜਿਵੇਂ ਕਈ ਬੁਝਾਰਤਾਂ ਤੇ ਹਿਸਾਬ ਵਰਗੇ ਔਖੇ ਮੇਰੇ ਸਵਾਲਾਂ ਨੂੰ ਹੱਲ ਕਰ ਦਿੱਤਾ ਹੋਵੇ। ਮੈਂ ਧੌਣ ਘੁਮਾ ਕੇ ਉਹਦੇ ਮੂੰਹ ਵਲ ਦੇਖਿਆ, ਜਿਸ ਤੋਂ ਤਲਖ਼ ਰੋਸ ਦੀ ਝਲਕ ਦਿਸੀ।

ਸਾਡੇ ਪਰਿਵਾਰਾਂ ਵਿੱਚੋਂ ਤਾਏ ਦੇ ਪੁੱਤ ਰੋਸ਼ੀ ਨੂੰ ਬਹੁਤ ਸਾਰੀਆਂ ਉਨ੍ਹਾਂ ਗੱਲਾਂ ਦਾ ਵੀ ਪਤਾ ਸੀ ਜਿਨ੍ਹਾਂ ਦਾ ਵੱਡਿਆਂ ਨੂੰ ਪਤਾ ਹੁੰਦਾ। ਦਰਅਸਲ, ਉਹ ਪਹਿਲੀ ਜਮਾਤ ਵਿੱਚ ਹੀ ਸਕੂਲ ਦੀ ਪੜ੍ਹਾਈ ਛੱਡ ਲਾਗਲੇ ਪਿੰਡ ਢੱਡਾ-ਸਨੌਰਾ ਦੇ ਇੱਕ ਜ਼ਿਮੀਂਦਾਰ ਸਰਦਾਰ ਮਦਨਜੀਤ ਸਿੰਘ ਦੇ ਨੌਕਰ ਲੱਗ ਗਿਆ ਸੀ। ਉਹਦੇ ਘਰ ਵਾਲੀ ਬਚਿੰਤੀ ਸ਼ਰਾਬ ਵੇਚਣ ਦਾ ਧੰਦਾ ਕਰਦੀ ਤੇ ਵੈਲੀ ਬੰਦਿਆਂ ਨਾਲ ਮੇਲਜੋਲ ਰੱਖਦੀ ਸੀ। ਜਦੋਂ ਪੁਲਿਸ ਪੈਂਦੀ ਤਾਂ ਬਚਿੰਤੀ ਨੂੰ ਫੜ ਕੇ ਭੋਗਪੁਰ ਦੀ ਚੌਂਕੀ ਲੈ ਜਾਂਦੀ। ਉੱਧਰ ਰੋਸ਼ੀ ਉਹਦੇ ਮੁੰਡਿਆਂ ਨਾਲ ਮਾਲ-ਡੰਗਰ ਚਾਰਦਾ ਤੇ ਘਰ ਦਾ ਕੰਮ ਕਰਦਾ ਉੱਥੇ ਹੀ ਰਹਿੰਦਾ। ਇਉਂ ਉਹ ਘਰ ’ਚ ਗਰੀਬੀ ਤੇ ਤੰਗੀ-ਤੁਰਸ਼ੀ ਕਾਰਨ ਤਿੰਨ ਕੁ ਸਾਲ ‘ਨੌਕਰ’ ਰਹਿਣ ਪਿੱਛੋਂ ਮੁੜ ਪਿੰਡ ਆ ਗਿਆ ਤੇ ਸਾਡਾ ਜਮਾਤੀ ਬਣ ਗਿਆ।

‘ਮੇਰਾ’ ’ਰਾਦਾ ਪਈ ਭਾਈਏ ਨੂੰ, ਨਾਲੇ ਤਾਏ ਨੂੰ ਦੱਸੀਏ ਪਈ ਸੋਢੀ ਚਾਰ ਅੱਖਰ ਸਾਨੂੰ ਬੀ ਪੜ੍ਹ ਲੈਣ ਦਏ। ਸਬੇਰ ਨੂੰ ਬਾਰੀ (ਸਕੂਲ ਦੀ ਸਫ਼ਾਈ ਕਰਨੀ) ਲਾਈਏ ਤੇ ਫੇ ਏਹਦੇ ਪਸ਼ੂਆਂ ਲਈ ਖੱਜਲ-ਖੁਆਰ ਹੋਈਏ!’ ਮੈਂ ਦਿਲ ਦੀ ਗੱਲ ਆਖੀ। ਮੈਂਨੂੰ ਲੱਗਿਆ ਜਿਵੇਂ ਮੈਂ ਕੋਈ ਤਜਵੀਜ਼ ਰੱਖੀ ਹੋਵੇ।

‘ਮਖਾਂ ਠਹਿਰੋ ਜ਼ਰਾ, ਗੁੱਤਨੀਆਂ ਫੜ ਕੇ ਨਾ ਘੁੰਮਾਈਆਂ ਅੱਜ ਤਾਂ ਮੈਮ੍ਹੀਂ ਜੱਟ ਦਾ ਪੁੱਤ ਨਹੀਂ! ਇਨ੍ਹਾਂ ਚਮਾਰੀਆਂ ਨੂੰ ਮੇਰੇ ਖੇਤ ਈ ਦਿਸਦੇ ਆ ਮੁੱਛਣ ਨੂੰ!’ ਸੋਹਲਪੁਰ ਦੇ ਲੰਬੜ ਦੀ ਕੜਾਕੇਦਾਰ ਤੇ ਗੁੱਸੇ ਭਰੀ ਆਵਾਜ਼ ਨੇ ਚਾਣਚੱਕ ਸਾਡਾ ਧਿਆਨ ਖਿੱਚਿਆ। ਸਾਡੀ ਗੱਲਬਾਤ ਦੀ ਤੰਦ ਅੱਧ-ਵਿਚਾਲੇ ਹੀ ਟੁੱਟ ਗਈ, ਜਿਵੇਂ ਭਾਈਏ ਦੀ ਖੱਡੀ ਦੀ ਤਾਣੀ ਦੇ ਧਾਗੇ ਟੁੱਟ ਜਾਂਦੇ ਸਨ। ਲੰਬੜ ਵੱਟਾਂ-ਬੰਨਿਆਂ ਤੋਂ ਘਾਹ-ਪੱਠਾ ਖੋਤਦੀਆਂ ਤੀਵੀਆਂ ਵਲ ਦੂਹੋ ਦੂਹ ਜਾਈ ਜਾ ਰਿਹਾ ਸੀ।

ਇਸੇ ਦੌਰਾਨ ਥੋੜ੍ਹੀ ਦੂਰ ‘ਬੁੜ੍ਹਿਆਂ’ (ਜਿਨ੍ਹਾਂ ਦੇ ਸਾਡਾ ਟੱਬਰ ਖੇਤੀ ’ਤੇ ਹੋਰ ਕੰਮਾਂ ਵਿੱਚ ਸਹਾਇਕ ਸੀ) ਦੀ ਝਿੜੀ ਕੋਲ ਖੋਤੇ ਹੀਂਗਦੇ ਸੁਣੇ ਜਿਵੇਂ ਸੰਖ ਪੂਜਿਆ ਜਾ ਰਿਹਾ ਹੋਵੇ। ਪਰ ਅਸੀਂ ਗੱਲਾਂ ਕਰਦੇ ਤੁਰਦੇ ਗਏ, ‘ਨਿੱਤ ਇਹੋ ਕੁੱਤੇ-ਖਾਣੀ ਹੁੰਦੀ ਆ ਹਰ ਥਾਂ, ਪੈਰ-ਪੈਰ 'ਤੇ। ਭਲਾ ਸਾਡੇ ਕੋਲ ਪੈਲੀਆਂ ਕਿਉਂ ਨਹੀਂ ...?’ ਇਨ੍ਹੀਂ ਵਿਚਾਰੀਂ ਪਏ ਜਦੋਂ ਸੋਢੀ ਮਾਸਟਰ ਦੇ ਘਰ ਪਹੁੰਚੇ ਤਾਂ ਉਹਦੀ ਘਰਵਾਲੀ ਨੇ ਸਾਡੇ ਹੱਥ ਦਾਤੀਆਂ ਫੜਾ ਦਿੱਤੀਆਂ।

ਸਿਖਰ ਦੁਪਹਿਰੇ ਅਣਮੰਨੇ ਮਨ ਨਾਲ ਨਿਆਈਆਂ ਵਾਲੇ ਖੇਤ ਵਿੱਚ ਗਏ। ਤਾਜ਼ਾ ਤੇ ਖ਼ੁਸ਼ਕ ਟੱਟੀਆਂ ਤੋਂ ਆਪਣੇ ਪੈਰ ਬਚਾ-ਬਚਾ ਅੱਗੇ ਧਰਦੇ। ਲਹੂ ਲਿੱਬੜੇ ਛੋਟੇ-ਛੋਟੇ ਕੱਪੜਿਆਂ ਨੂੰ ਦਾਤੀਆਂ ਦੀਆਂ ਨੋਕਾਂ ਨਾਲ ਘੁਮਾ ਕੇ ਪਰ੍ਹਾਂ ਮਾਰਦੇ ਤੇ ਕੋਲ ਘੁੰਮਦੇ ਦੋ-ਤਿੰਨ ਕਤੂਰੇ ਆਪਣੇ ਦੰਦਾਂ ਵਿਚਾਲੇ ਉਨ੍ਹਾਂ ਨੂੰ ਘੁੱਟ ਕੇ ਇੱਧਰ ਤੇ ਕਦੀ ਉੱਧਰ ਦੌੜਦੇ ਹੋਏ ਆਪਸ ਵਿੱਚ ਖੇਡਣ ਲੱਗ ਪਏ। ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਮਨ ਖ਼ੁਸ਼ ਹੁੰਦਾ ਪਰ ਹੁੰਮ ਕਾਰਨ ਚੁਫੇਰੇ ਮੁਸ਼ਕ ਇੰਨਾ ਫ਼ੈਲਿਆ ਹੋਇਆ ਸੀ ਕਿ ਸਿਰ ਨੂੰ ਚੜ੍ਹਦਾ ਜਾਵੇ। ਹਵਾ ਬਿਲਕੁਲ ਬੰਦ ਸੀ ਤੇ ਸਾਹ ਲੈਣਾ ਔਖਾ ਹੋ ਗਿਆ। ਕਾਣਤ ਕਾਰਨ ਕਚਿਆਣ ਨਾਲ ਮੇਰਾ ਚਿੱਤ ਉੱਥੋਂ ਭੱਜ ਜਾਣ ਨੂੰ ਕੀਤਾ ਕਿ ਕਿਹੜੀ ਘੜੀ ਸਾਫ਼ ਪਾਣੀ ਨਾਲ ਆਪਣੇ ਲੱਤਾਂ-ਪੈਰ ਧੋਵਾਂ। ... ਤੇ ਅਸੀਂ ਫਿਰ ਵੀ ਪੱਕੇ ਸਿੱਟਿਆਂ ਵਾਲਾ ਬਾਜਰਾ ਵੱਢਦੇ ਰਹੇ। ਇੰਨੇ ਨੂੰ ਸੋਢਣ ਸਿਰ-ਮੂੰਹ ਦੁਆਲੇ ਦੁਪੱਟਾ ਲਪੇਟ ਕੇ ਬਾਜਰੇ ਦੇ ਪੂਲੇ ਬੰਨ੍ਹਣ ਲੱਗ ਪਈ। ... ਤੇ ਫਿਰ ਰੋਸ਼ੀ ਤੇ ਮੈਂ ਦੋਵੇਂ ਇਕੱਠੇ ਹੀ ਪੱਠੇ ਕੁਤਰਨ ਵਾਲੀ ਮਸ਼ੀਨ ਫੇਰਦੇ ਰਹੇ ਤੇ ਸੋਢਣ ਗਾਲ਼ਾ ਲਾਉਂਦੀ ਰਹੀ। ਸਾਨੂੰ ਸਾਹ ਚੜ੍ਹ ਗਿਆ ਤੇ ਪਸੀਨਾ-ਪਸੀਨਾ ਹੋ ਗਏ। ਮੈਂ ਚਿੱਤ ਵਿੱਚ ਸੋਢੀ ਨੂੰ ਗਾਲ੍ਹਾਂ ਕੱਢਦਾ ਰਿਹਾ ਜਿਨ੍ਹਾਂ ਦੇ ਬੋਲ ਨਾ ਬੋਲਿਆਂ ਵੀ ਮੈਂਨੂੰ ਮੇਰੇ ਕੰਨਾਂ ਵਿੱਚ ਸੁਣਦੇ ਰਹੇ।

ਪਿੰਡ ਪਰਤਣ ਵੇਲੇ ਜਦੋਂ ਨਲ਼ਕੇ ਵਲ ਅਹੁਲੇ ਤਾਂ ਸੋਢਣ ਨੇ ਆਖਿਆ, ‘ਰੁਕੋ, ਮੈਂ ਪਲਾਉਂਨੀ ਆਂ!’

ਉਹਦੇ ਇਸ਼ਾਰੇ ਮੁਤਾਬਿਕ ਅਸੀਂ ਘਰ ਦੇ ਗੰਦੇ ਪਾਣੀ ਦੇ ਨਿਕਾਸ ਦੀ ਨਾਲ਼ੀ ਵਲ ਗਏ ਤੇ ਦੋਵਾਂ ਹੱਥਾਂ ਦੇ ਬੁੱਕ ਬਣਾਏ। ਉਹਨੇ ਪਾਣੀ ਭਰੇ ਜੱਗ ਦਾ ਉੱਤੋਂ ਥੋੜ੍ਹੇ ਫਾਸਲੇ ਤੋਂ ਪਾਣੀ ਪਾਇਆ। ਵਿਹੜਿਓਂ ਬਾਹਰ ਪੈਰ ਪਾਉਂਦਿਆਂ ਹੀ ਰੋਸ਼ੀ ਨੇ ਆਖਿਆ, ‘ਪੲ੍ਹੀਲਾਂ ਸਾਡੇ ਭਰਾ ਇਨ੍ਹਾਂ ਮਾਹਟਰਾਂ ਤੇ ਇਨ੍ਹਾਂ ਦੇ ਪਸ਼ੂਆਂ ਦੀ ਟਹਿਲ-ਸੇਬਾ ਕਰਦੇ ਰੲ੍ਹੇ ਆ ਤੇ ਹੁਣ ਅਸੀਂ - ਨਾ ਸਾਲ਼ਾ ਸੋਢੀ ਬਦਲਦਾ ਨਾ ਮਰਦਾ - ਕੋੜ੍ਹਾ ਜਿਹਾ ਲੰਮੂ ਅਮਲੀ!’

ਖੋਤਿਆਂ ਦੇ ਹੀਂਗਣ ਦੀ ਆਵਾਜ਼ ਫਿਰ ਸੁਣੀ ਤੇ ਅਸੀਂ ਛਾਲਾਂ ਮਾਰਦੇ ਭਈਆਂ ਦੇ ਡੇਰੇ ਵਲ ਦੌੜ ਪਏ ਜਿੱਥੇ ਛੋਟੇ-ਛੋਟੇ ਤੰਬੂ, ਸਿਰਕੀਆਂ ਜਾਂ ਕੁੱਲੀਆਂ ਬਣਾਈਆਂ ਹੋਈਆਂ ਸਨ। ਟਾਵੇਂ-ਟਾਵੇਂ 'ਘਰ' ਕੋਲ ਬੱਕਰੀ ਬੰਨ੍ਹੀ ਹੋਈ ਤੇ ਛਲਾਰੂ ਟੱਪ-ਕੁੱਦ ਰਹੇ ਸਨ। ਖੋਤੇ ਤੇ ਉਨ੍ਹਾਂ ਸਾਵੇਂ ਵਗਦੇ ਆਦਮੀ-ਔਰਤਾਂ ਕਦੀ ਘਰਾਂ ਅੰਦਰ ਜਾਂਦੇ ਜਾਂ ਬਾਹਰ ਨਿਕਲਦੇ ਦਿਖਾਈ ਦਿੱਤੇ।

ਅੱਗੇ ਗਏ ਤਾਂ ਦੇਖਿਆ ਕਿ ਮੇਰਾ ਭਾਈਆ ਉਨ੍ਹਾਂ ਭਈਆਂ ਨਾਲ ਬੈਠਾ ਬੀੜੀ ਪੀ ਰਿਹਾ ਸੀ, ਜਿਨ੍ਹਾਂ ਨੂੰ ਸਾਡੇ ਲੋਕ 'ਪੂਰਬੀਏ' ਕਹਿੰਦੇ ਸਨ। ਮੈਂ ਹੈਰਾਨ ਰਹਿ ਗਿਆ ਕਿ ਉਹ ਰਲੀ-ਮਿਲੀ ਹਿੰਦੀ-ਪੰਜਾਬੀ ਵਿੱਚ ਗੱਲਾਂ ਕਰ ਰਹੇ ਸਨ।

‘... ਉੱਧਰ ਤੋਂ ਹਮ ਕੋ ਬੱਚੋਂ ਕੇ ਨਾਮ ਭੀ ਦਿਨੋਂ ਕੇ ਨਾਮੋਂ ਪਰ ਰਖਨੇ ਪੜਤੇ ਹੈਂ ਵੋਹ ਵੀ ਵਿਗਾੜ ਕਰ ਜੈਸੇ ਸੋਮੂ, ਮੰਗਲੂ, ਬੁੱਧੂ ਵਗੈਰਾ ਯਾ ਫਿਰ ਜੀਵ-ਜੰਤੂਓਂ ਪਸ਼ੂਓਂ-ਪਕਸ਼ੀਓਂ ਕੇ ਨਾਮੋਂ ਪਰ ਜੈਸੇ-ਮੇਰਾ ਹੀ ਨਾਮ ਹੈ ਮੱਛਰ ਦਾਸ, ਇਸ ਕਾ ਮੱਖੀ ਦਾਸ, ਉਸ ਕਾ ਤੋਤਾ ਰਾਮ ਔਰ ਵੋਹ ਖੜ੍ਹਾ ਹੈ ਚਿੜੀ ਰਾਮ ...!’

‘... ਤੇ ਔਹ ਖੜ੍ਹਾ ਹੱਗੀ (ਟੱਟੀ) ਰਾਮ ਤੇ ਔਹ ਮੂਤਰੂ ਰਾਮ?’ ਭਾਈਏ ਨੇ ਵਿੱਚੋਂ ਟੋਕਦਿਆਂ, ਜਿਵੇਂ ਭਈਏ ਦੀ ਸਮਾਜਕ ਪਰੇਸ਼ਾਨੀ ਦੀ ਪੁਸ਼ਟੀ ਲਈ ਗੱਲ ਤੋਰੀ ਹੋਵੇ।

‘ਹਮਰੇ ਸਭੀ ਨਾਮ ਐਸੇ ਹੀ ਗੰਦਮੰਦ ਪਰ ਹੈਂ!’

‘... ਤੇ ਤੁਮ ਆਪਣੇ ਨਾਮ ਦੂਜੇ ਲੋਕਾਂ ਬਰਗੇ ਰੱਖ ਲੋ! ਇਸ ਮੇਂ ਕੀ ਦਿੱਕਤ ਹੈ!’ ਭਾਈਏ ਨੇ ਸਹਿਜ ਹੀ ਸੁਝਾਅ ਦਿੱਤਾ।

'ਠਾਕੁਰੋਂ, ਰਾਜਪੂਤੋਂ ਜੈਸੇ! ਭਗਵਾਨ ਦਾ ਨਾਮ ਲੋ! ... ਮੇਰੇ ਮਾਂ-ਬਾਪ ਨੇ ਮੇਰੇ ਛੋਟੇ ਭਾਈ ਕਾ ਨਾਮ ਉਦੈ ਸਿੰਘ ਰੱਖ ਲੀਆ ਔਰ ਠਾਕੁਰ ਲੱਠ ਲੇ ਕਰ ਆ ਗਏ ਕਿ ਆਪ ਨੇ ਹਮਰੇ ਪਿਤਾ ਕਾ ਨਾਮ ਕਿਉਂ ਰਖਾ! ਕਹਿਨੇ ਲੱਗੇ ਕਿ ਤੁਮ ਹਮਰੇ ਬਾਪ ਬਨਨਾ ਚਾਹਤੇ ਹੋ? ਤੁਮੇ ਕਿਆ ਹੱਕ ਹੈ ਕਿ ਹਮਰੇ ਜੈਸੇ ਨਾਮ ਰੱਖੇਂ, ਅੱਛਾ ਚਾਹਤੇ ਹੋ ਤੋ ਯੇਹ ਨਾਮ ਛੋੜੋ - ਇਸੀ ਮੇਂ ਆਪ ਕੀ ਭਲਾਈ ਹੈ।’ ਭਈਏ ਦੇ ਚਿਹਰੇ ਉੱਤੇ ਉਦਾਸੀ ਦੀ ਤਹਿ ਕਿਸੇ ਬਰਸਾਤੀ ਚੋ ਦੇ ਹੜ੍ਹ ਵਾਂਗ ਕਾਹਲੀ-ਕਾਹਲੀ ਚੜ੍ਹ ਰਹੀ ਸੀ।

‘... ਤੇ ਫਿਰ ਉਨ੍ਹਾਂ ਦਾ ਕਿਹਾ ਮੰਨ ਲਿਆ ...?’ ਭਾਈਆ ਆਪਣੇ ਸ਼ੱਕ-ਸ਼ੁਬੇ ਦਾ ਨਿਤਾਰਾ ਕਰਦਾ ਲਗਦਾ ਸੀ। ਉਹਨੇ ਆਪਣੇ ਝੱਗੇ ਦੇ ਬਗਲ ਵਾਲੇ ਖੀਸੇ ਵਿੱਚ ਹੱਥ ਪਾਇਆ। ਬੀੜੀਆਂ ਦਾ ਬੰਡਲ ਤੇ ਤੀਲ੍ਹਾਂ ਦੀ ਡੱਬੀ ਕੱਢੇ।

‘ਫਿਰ ਕਿਆ? ਪਿਟਾਈ ਕਰਵਾਨੀ ਥੀ? ਉਸ ਦਿਨ ਭਾਈ ਕਾ ਨਾਮ ਉਦੈ ਸਿੰਘ ਸੇ ਬੁੱਧੂ ਹੋ ਗਿਆ ...।’ ਭੱਈਆ ਕਿਸੇ ਵਿਗੋਚੇ ਵਿੱਚ ਨਿੰਮੋਝੂਣਾ ਜਿਹਾ ਹੋ ਗਿਆ ਲਗਦਾ ਸੀ। ਉਹਨੇ ਰੇਤਲੀ ਜ਼ਮੀਨ ਉੱਤੇ ਸੱਜੀ ਉਂਗਲ ਨਾਲ ਕੋਈ ਤਸਵੀਰ ਵਾਹੀ ਜਾਂ ਕੁਝ ਲਿਖਿਆ। ਅਖੀਰ ਉਸੇ ਹੱਥ ਦਾ ਕਰਾਹ ਜਿਹਾ ਬਣਾ ਕੇ ਉਸ ਨੂੰ ਮਿਟਾ ਦਿੱਤਾ। ਮੈਂਨੂੰ ਉਸ ਦੇ ਖੇਲ੍ਹ ਦੀ ਕੋਈ ਉੱਘ-ਸੁੱਘ ਨਾ ਲੱਗੀ। ਭਾਈਏ ਦੇ ਮੂੰਹ ਤੋਂ ਉਹਦੀ ਉਤਸੁਕਤਾ ਸਾਫ਼ ਦਿਸ ਰਹੀ ਸੀ ਜਿਵੇਂ ਉਹ ਸੋਚਦਾ ਹੋਵੇ ਕਿ ਉਹ ਭੱਈਆ ਆਪਣੇ ਇਲਾਕੇ ਦੀਆਂ ਹੋਰ ਗੱਲਾਂ ਦੱਸੇ।

‘... ਠਾਕੁਰ ਦਾਸ ਕੀ ਦੱਸੀਏ ਉਧਰ ਪੂਰਬੀ ਉੱਤਰ ਪ੍ਰਦੇਸ਼ ਮੇਂ ਹਮਰੀ ਹਾਲਤ ਬਹੂਤ ਖਰਾਬ ਹੈ ... ਹਮਰੀ ਕੰਮੀ-ਕਮੀਣੋਂ ਕੀ ਨਈ ਸ਼ਾਦੀ ਕੀ ਡੋਲੀ ਸੀਧੀ ਠਾਕੁਰੋਂ ਕੇ ਘਰ ਜਾਤੀ ਹੈ। ਜਬ ਚਾਹਤੇ ਹੈਂ ਹਮਰੀ ਬਹੂ-ਬੇਟੀਓਂ ਕੋ ਅਪਨੀ ਹਵੇਲੀ ਬੁਲਾ ਲੇਤੇ ਹੈਂ ...।’ ਇੱਕ ਭੱਈਆ ਆਪਣੇ ਇਲਾਕੇ ਦੀ ਦੁੱਖ-ਭਰੀ ਜ਼ਬਾਨ ਵਿੱਚ ਵਿਥਿਆ ਸੁਣਾ ਰਿਹਾ ਸੀ।

ਇਹ ਸੁਣ ਕੇ ਭਾਈਆ ਫ਼ੁਰਤੀ ਨਾਲ ਪੈਰਾਂ ਭਾਰ ਬਹਿ ਗਿਆ। ਉਹਨੇ ਹੱਥ ਵਿਚਲੀ ਸੁਲਗਦੀ ਬੀੜੀ ਦੋਹਰੀ ਕਰ ਸੁੱਟੀ ਤੇ ਫਿਰ ਉਹਦੇ ਦੋ ਟੋਟੇ ਕਰ ਦਿੱਤੇ। ਭਾਈਏ ਦਾ ਸਰੀਰ ਤਣ ਜਿਹਾ ਗਿਆ। ਉਹਨੇ ਸਾਡੇ ਵਲ ਤਰਦੀ ਜਿਹੀ ਨਿਗਾਹ ਮਾਰੀ ਪਰ ਬੋਲਿਆ ਕੁਝ ਨਾ।

‘ਔਰ ਦੱਸਾਂ?’ ਬੁਢਾਪੇ ਵਲ ਨੂੰ ਕਾਹਲੀ ਨਾਲ ਵਧ ਰਿਹਾ ਭੱਈਆ ਬੋਲਦਾ-ਬੋਲਦਾ ਰੁਕ ਗਿਆ। ਉਹਦੀ ਆਵਾਜ਼ ਪਹਿਲਾਂ ਨਾਲੋਂ ਹੋਰ ਖ਼ਰਖ਼ਰੀ ਤੇ ਕੰਬਦੀ ਜਿਹੀ ਹੋ ਗਈ ਤੇ ਮੂੰਹ ਉੱਤੇ ਘੋਰ ਉਦਾਸੀ ਤੇ ਨਿਰਾਸ਼ਾ ਦੇ ਨਿਸ਼ਾਨ ਸਪਸ਼ਟ ਉੱਭਰ ਆਏ। ਉਹਨੇ ਸ਼ਬਦਾਂ ਨੂੰ ਕਿਸੇ ਬੱਚੇ ਵਾਂਗ ਜੋੜਿਆ ਤੇ ਜਿਵੇਂ-ਕਿਵੇਂ ਹਿੰਮਤ ਕਰ ਕੇ ਆਖਿਆ, ‘ਹੋਲੀ ਕੇ ਦਿਨ ਮੱਤ ਪੂਛੋ ... ਸ਼ਾਮ ਕੋ ਠਾਕੁਰ ਸ਼ਰਾਬ ਪੀ ਕੇ ਔਰ ਲੱਠ ਲੈ ਕੇ ਆ ਜਾਂਦੇ ਆ ... ਹੁਕਮ ਕਰਤੇ ਹੈਂ ਆਪਣੀ ਔਰਤੋਂ ਕੋ ਕਹੋ ਹਮਰਾ ਮਨੋਰੰਜਨ ਕਰੇਂ। ਇੱਧਰ ਆਏ ਹਾਂ ਔਰ ਆਪਣਾ ਬਾਲ-ਬੱਚਾ ਲੇਕਰ ਆਏ ਹੈਂ ...।’

ਮੈਂਨੂੰ ਲੱਗਿਆ ਭਈਏ ਕੋਲ ਜਿਵੇਂ ਸ਼ਬਦ ਹੀ ਮੁੱਕ ਗਏ ਹੋਣ। ਉਹਦਾ ਗੱਚ ਭਰ ਆਇਆ ਤੇ ਅੱਖਾਂ ਵਿੱਚ ਪਾਣੀ ਛਲਕ ਪਿਆ। ਉਹਦੀ ਧੌਣ ਹੇਠਾਂ ਨੂੰ ਇਉਂ ਲਮਕ ਗਈ ਸੀ ਜਿਵੇਂ ਕਿਸੇ ਮੁਰਗੇ ਦੀ ਧੌਣ ਮਰੋੜੀ ਗਈ ਹੋਵੇ। ਇਹ ਸਭ ਦੇਖਦਿਆਂ-ਸੁਣਦਿਆਂ ਮੇਰੇ ਆਪਣੇ ਤਨ ਵਿੱਚ ਸਾਹ-ਸਤ ਨਾ ਰਿਹਾ ਤੇ ਮੂੰਹ ਸੂਤਿਆ ਜਿਹਾ ਗਿਆ।

ਪਲ ਕੁ ਪਿੱਛੋਂ ਮੈਂਨੂੰ ਜਾਪਿਆ ਕਿ ਉਨ੍ਹਾਂ ਦੇ ਸਾਂਝੇ ਦੁੱਖਾਂ ਦੇ ਲੈਣ-ਦੇਣ ਨੇ ਬੋਲੀ ਤੇ ਇਲਾਕੇ ਦੇ ਭਿੰਨ-ਭੇਤਾਂ ਉੱਤੇ ਪੋਚਾ ਫੇਰ ਦਿੱਤਾ ਹੋਵੇ। ਭਾਈਏ ਦੀਆਂ ਅੱਖਾਂ ਵਿੱਚ ਲਾਲਗੀ ਭਾ ਮਾਰਦੀ ਦਿਸੀ। ਉਹਨੂੰ ਪਤਾ ਨਹੀਂ ਕੀ ਸੁੱਝਿਆ ਤੇ ਉਤਸੁਕਤਾ ਨਾਲ ਆਖਣ ਲੱਗਾ, ‘ਓਧਰ ਦੀ ਲਾਹਣਤੀ ਜ਼ਿੰਦਗੀ ਨਾਲੋਂ ਚੰਗਾ ਆ ਪਈ ਤੁਸੀਂ ਇੱਧਰ ਈ ਬੱਸ ਜਾਓ!’

‘ਸਾਰੀ ਰਿਸ਼ਤੇਦਾਰੀ ਉਧਰ ਹੈ, ਕਿਆ ਕਰੇਂ ... ਕੁਛ ਨਹੀਂ ਸੂਝਤਾ ... ਮਨ ਤੋਂ ਕਰਤਾ ਹੈ ਪੰਜਾਬ ਮੇਂ ਬੱਸ ਜਾਏਂ, ਜਹਾਂ ਸ਼ਰੇਆਮ ਤੋ ਕੁਛ ਨਹੀਂ ਹੈ। ਨਾ ਹੀ ਇੰਨੀ ਛੂਆ-ਛੂਤ ਹੈ ...। ਹਮਰੇ ਕੋ ਭੀ ਤੀਨ-ਚਾਰ ਸਾਲ ਹੋ ਗਏ ਹੈਂ ਜਹਾਂ ਰਹਤੇ ਔਰ ਦੇਖਤੇ ਹੂਏ।’

‘ਔਰਤਾਂ ਤਾਂ ਭਾਈ ਹਰ ਥਾਂ ਛੂਆ-ਛੂਤ ਤੋਂ ਪਰੇ ਆ ...!’ ਭਾਈਏ ਨੇ ਗੱਲ ਨੂੰ ਅੱਗੇ ਤੋਰਦਿਆਂ ਆਖਿਆ, ‘ਬਥੇਰੀਆਂ ਕੁਦੇਸੜਾਂ ਜੱਟਾਂ ਨੇ ਖਰੀਦ ਕੇ ਲਿਆਂਦੀਆਂ ਹੋਈਆਂ। ਬਹੁਤੀਆਂ ਪੂਰਬਣਾਂ ... ਹਾਅ ਸੋਹਲਪੁਰ ਦੀਆਂ ਨਹੀਂ ਹਮ ਕੋ ਤੁਮ ਕੋ ਕਰਦੀਆਂ, ਨਾਲ਼ੇ ਔਰਤ ਬਚਾਰੀ ਦਾ ਬੀ ਸਾਡੇ ਆਂਙੂੰ ਕੀ ਆ? ਨਾ ਧਰਮ, ਨਾ ਬਰਨ! ਪਾਣੀ ਨੂੰ ਜਿਹੜੀ ਮਰਜ਼ੀ ਚੀਜ਼ ’ਚ ਪਾ ਦਿਓ, ਉਹਦੇ ’ਚ ਈ ਰਮ ਜਾਂਦਾ। ਉਸੇ ਰੰਗ ਦਾ ਹੋ ਜਾਂਦਾ ...!’ ਭਾਈਏ ਨੇ ਬਿਨਾਂ ਰੁਕਿਆਂ ਆਖਿਆ।

ਭਈਏ ਨੇ ਸਿਰ ਨਾਲ 'ਹਾਂ' ਵਜੋਂ ਸਿਰ ਹੇਠਾਂ ਨੂੰ ਮਾਰ ਕੇ ਹੁੰਗਾਰਾ ਭਰਿਆ।

‘ਯਾਰ ਏਕ ਗੱਲ ਮੇਰੇ ਕੋ ਯਾਦ ਆ ਰਹੀ ਹੈ। ਪਿਛਲੇ ਦਿਨੋਂ ਮੇਂ ਸਾਡੇ ਪਿੰਡ ਦਾ ਡਰੈਵਰ ਜੋ ਪਹਿਲਾਂ ਬੰਬੇ ਟਰੱਕ ਚਲਾਤਾ ਸੀ, ਬਤਾ ਰਹਾ ਸੀ ਕਿ ਵੇਸਵਾ ਦਾ ਪੇਸ਼ਾ ਉੱਚੀਆਂ-ਨੀਵੀਆਂ ਦੋਨੋਂ ਜਾਤਾਂ ਦੀਆਂ ਔਰਤਾਂ ਕਰਦੀਆਂ ਪਰ ਕਮਲਾ ਵਿਸ਼ਿਸ਼ਟ, ਬਿਮਲਾ ਵਰਮਾ, ਸ਼ਰਮਾ ਬਗੈਰਾ ਕਾ ਰੇਟ ਦੂਸਰੀਆਂ ਸੇ ਕਾਫ਼ੀ ਜ਼ਿਆਦਾ ਹੈ ...। - ਭਾਈਏ ਨੇ ਆਪਣੇ ਵਲੋਂ ਨਵੀਂ ਜਾਣਕਾਰੀ ਦਿੰਦਿਆਂ ਆਖਿਆ, ‘ਏਕ ਹੀ ਪੇਸ਼ੇ ਵਿੱਚ ਕਿੰਨਾ ਫ਼ਰਕ ...! ਮੈਂ ਉਸ ਕੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਐਸੇ ਜਿਸਮ-ਫ਼ਰੋਸ਼ੀ ਕੇ ਧੰਦੇ ਵਿੱਚ ਵੀ ਗਾਹਕ ਜਾਤੀ-ਪਾਤੀ ਦੇਖਤੇ ਨੇ ...।’

'ਗੋਰੀ-ਚਿੱਟੀ ਹੋਤੀ ਹੈਂ - ਸ਼ਾਇਦ ਇਸ ਲੀਏ ...!’

‘ਚਲੋ ਛੋੜੋ – ਕਹਾਂ ਕਹਾਂ ਕੀ ਗੱਲ ਕਰੀਏ ...।’ ਭਾਈਏ ਨੇ ਆਪੇ ਸ਼ੁਰੂ ਕੀਤੀ ਗੱਲ ਨੂੰ ਸਮੇਟਦਿਆਂ ਆਖਿਆ।

ਕੋਲ ਬੈਠੇ ਇੱਕ ਹੋਰ ਭਈਏ ਨੇ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਹੇਠਲੇ ਬੁੱਲ੍ਹ ਵਿੱਚੋਂ ਖੈਣੀ ਨੂੰ ਕੱਢ ਕੇ ਛੰਡਿਆ ਤੇ ਫਿਰ ਖੱਬੇ ਵਲ ਨੂੰ ਧੌਣ ਘੁਮਾ ਕੇ ਦੰਦਾਂ ਥਾਣੀਂ ਥੁੱਕ ਦੀ ਪਿਚਕਾਰੀ ਮਾਰੀ।

ਭਾਈਏ ਤੇ ਭਈਆਂ ਦੇ ਚਿਹਰਿਆਂ ਨੂੰ ਦੇਖਦਿਆਂ ਇਨ੍ਹਾਂ ਗੱਲਾਂ ਨੇ ਮੇਰੇ ਮਨ ਵਿੱਚ ਉਥਲ-ਪੁਥਲ ਮਚਾ ਦਿੱਤੀ। ਕਈ ਬੁਝਾਰਤਾਂ ਵਰਗੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਰਹਿ ਗਈਆਂ। ਫਿਰ ਵੀ ਚਿੱਤ ’ਚ ਆਉਂਦਾ ਕਿ ਇਹ ਗੱਲਾਂ ਲਗਾਤਾਰ ਹੋਣ ਤੇ ਮੈਂ ਗਹੁ ਨਾਲ ਸੁਣਦਾ ਰਹਾਂ। ਪਰ ਟੋਕਰੇ ਵਿੱਚ ਬਿਠਾਈ ਕਾਲੇ ਰੰਗ ਦੀ ਅਲਫ਼ ਨੰਗੀ ਤੇ ਸੀਂਢਲ ਜਿਹੀ ਨਿਆਣੀ ਕੁੜੀ ਦੇ ਮੁੜ ਇੱਕੋ ਸਾਹੇ ਉੱਚੀ-ਉੱਚੀ ਰੋਣ ਕਾਰਨ ਸਾਰਿਆਂ ਦਾ ਧਿਆਨ ਉੱਧਰ ਖਿੱਚਿਆ ਗਿਆ। ਉਹਦੇ ਹੰਝੂ ਇਉਂ ਡਿਗ ਰਹੇ ਸਨ ਜਿਵੇਂ ਬਰਫ਼ ਦੀ ਕੁਲਫ਼ੀ ਖੁਰ ਰਹੀ ਹੋਵੇ।

ਕੋਲ ਹੀ ਉਹਦੀ ਮਾਂ ਲਾਲ ਮਿਰਚਾਂ ਰਗੜਦੀ ਸਿਲ-ਵੱਟਾ ਛੱਡ ਕੇ ਤੇ ਸਾੜ੍ਹੀ ਦਾ ਪੱਲਾ ਸਿਰ ’ਤੇ ਸੁਆਰਨ ਪਿੱਛੋਂ ਉਹਨੂੰ ਵਰਾਉਣ ਲੱਗ ਪਈ। ਰੋਂਦੂ ਕੁੜੀ ਦੇ ਖ਼ੁਸ਼ਕ ਖਿੱਲਰੇ ਵਾਲਾਂ ਦਾ ਆਹਲਣਾ ਜਿਹਾ ਬਣਿਆ ਹੋਇਆ ਸੀ ਤੇ ਉਹਦੀਆਂ ਗੱਲ੍ਹਾਂ ਉੱਤੇ ਹੰਝੂਆਂ ਦੀਆਂ ਧਰਾਲਾਂ ਦੀਆਂ ਲੀਕਾਂ ਅਜੇ ਵੀ ਦਿਸ ਰਹੀਆਂ ਸਨ, ਭਾਵੇਂ ਉਹ ਚੁੱਪ ਹੋ ਗਈ ਸੀ। ਉੱਧਰ ਸਿਲ ਤੋਂ ਮਿਰਚਾਂ ਵਿਚਲੇ ਲਾਲ ਪਾਣੀ ਦੀ ਬਰੀਕ ਜਿਹੀ ਧਤੀਰੀ ਅਜੇ ਵੀ ਵਗ ਰਹੀ ਸੀ ਜੋ ਪਲ ਕੁ ਪਿੱਛੋਂ ਛੋਟੇ-ਛੋਟੇ ਤੁਪਕਿਆਂ ਵਿੱਚ ਬਦਲ ਗਈ। ਜ਼ਰਾ ਕੁ ਬਾਅਦ ਮੈਂਨੂੰ ਲੱਗਿਆ ਕਿ ਲਾਲ ਮਿਰਚਾਂ ਸਾਡੇ ਸਾਰਿਆਂ ਦੇ ਦਿਲਾਂ ਉੱਤੇ ਪੈ ਗਈਆਂ ਹੋਣ ਤੇ ਉਨ੍ਹਾਂ ਨੇ ਮਨਾਂ ਅੰਦਰ ਭੜਥੂ ਪਾਉਣਾ ਸ਼ੁਰੂ ਕਰ ਦਿੱਤਾ ਹੋਵੇ। ਸ਼ਾਇਦ ਇਸੇ ਕਾਰਨ ਹਿੱਕ ਉੱਤੇ ਰੱਖੀਆਂ ਮੇਰੀਆਂ ਬਾਹਾਂ ਆਪਣੇ ਆਪ ਖੁੱਲ੍ਹ ਕੇ ਹੇਠਾਂ ਨੂੰ ਲਮਕ ਗਈਆਂ ਤੇ ਹੱਥਾਂ ਵਿੱਚ ਅਜੀਬ ਜਿਹੀ ਹਰਕਤ ਆ ਗਈ, ਕੁਝ ਕਰਨ ਲਈ।

ਕੁਝ ਕੁ ਪਲਾਂ ਦੀ ਖ਼ਾਮੋਸ਼ੀ ਮਗਰੋਂ ਭਾਈਏ ਨੇ ਫਿਰ ਗੱਲ ਤੋਰੀ, ‘ਯਾਰ ਮੈਂਨੂੰ ਕਦੀ-ਕਦੀ ਖ਼ਿਆਲ ਆਉਂਦਾ ਪਈ ਇਸ ਮੁਲਖ ’ਚ ਸਾਡਾ ਕੀ ਆ? ... ਤੂੰ ਹੋਰ ਸੁਣ ਲਾ। ਤੀਏ ਦਿਨ ਜਰੀਬ-ਝੰਡੀਆਂ ਚੱਕ ਕੇ ਪਮੈਸ਼ ਕਰਨ ਆ ਜਾਂਦੇ ਆ ਤੇ ਸਾਡੇ ਬਿਹੜੇ ਦੇ ਗੱਭੇ ਨਿਸ਼ਾਨ ਲਾਅੰਦੇ ਆ ਪਈ ਚਮਾਰਾਂ ਦੇ ਸਾਰੇ ਘਰ ਸਾਡੀ ਛੱਡੀ ਸ਼ਾਮਲਾਟ ਜ਼ਮੀਨ ’ਚ ਆ ...।’

‘ਤੁਮ ਲੋਗ ਜ਼ਮੀਨ ਕੇ ਟੁਕੜੇ ਦੀ ਗੱਲ ਕਰਦੇ ਹੋ, ਮੁਝੇ ਤੋਂ ਐਸਾ ਲਗਤਾ ਜੈਸੇ ਹਮ ਗਰੀਬੋਂ ਕੀ ਬਹੁ-ਬੇਟੀਆਂ ਉਨ ਕੀ ਸ਼ਾਮਲਾਤ ਹੋਂ ...।’ ਭਈਏ ਨੇ ਭਾਈਏ ਦੀ ਗੱਲ ਵਿੱਚੋਂ ਟੋਕਦਿਆਂ ਜਿਵੇਂ ਕਿਸੇ ਰਾਜ਼ ਦੀ ਡੂੰਘੀ ਰਮਜ਼ ਮਾਰੀ ਹੋਵੇ। ਸਿਰ ਦੇ ਛੋਟੇ-ਛੋਟੇ ਵਾਲਾਂ ਵਿੱਚ ਉਂਗਲੀਆਂ ਨਾਲ ਖਾਜ ਕਰਦਿਆਂ ਉਹਨੇ ਫਿਰ ਕਿਹਾ, ‘ਤੁਮ ਹਮਰੇ ਸੇ ਅੱਛੇ ਹੋ, ਜ਼ਮੀਨ ਨਹੀਂ ਤੋਂ ਕਿਆ? ਥੋੜ੍ਹੀ ਬਹੂਤ ਇੱਜ਼ਤ ਤੋਂ ਹੈ ...।’ ਭਈਏ ਦੀ ਜ਼ਬਾਨ ਇੰਨੀ ਭਾਰੀ ਹੋ ਗਈ ਸੀ ਜਿਵੇਂ ਕਿਸੇ ਵੱਡੀ ਇਮਾਰਤ ਨਾਲ ਟਕਰਾ ਕੇ ਗੁੰਬਦੀ ਆਵਾਜ਼ ਵਿੱਚ ਬਦਲ ਗਈ ਹੋਵੇ।

ਇਹ ਸੁਣ ਕੇ ਭਾਈਆ ਹੱਕਾ-ਬੱਕਾ ਰਹਿ ਗਿਆ ਤੇ ਉਹਦੇ ਮੂੰਹ ਵਲ ਦੇਖਦਾ ਰਹਿ ਗਿਆ। ਭਈਆਂ ਤੇ ਭਾਈਏ ਦੇ ਮਸੋਸੇ ਚਿਹਰਿਆਂ ਨੂੰ ਦੇਖ ਕੇ ਸਾਡੇ ਆਪਣੇ ਮੂੰਹ ਲੱਥ ਜਿਹੇ ਗਏ। ਮੇਰਾ ਮਨ ਉਚਾਟ ਜਿਹਾ ਹੋ ਗਿਆ।

‘ਪਤਾ ਨਹੀਂ ਕਿਨ ਜਨਮੋਂ-ਕਰਮੋਂ ਕੀ ਸਜ਼ਾ ਝੇਲਨੀ ਪੜ੍ਹ ਰਹੀ ਹੈ!’ ਭਈਏ ਨੇ ਆਪਣੇ-ਆਪ ਨੂੰ ਸਵਾਲ ਕੀਤਾ. ਜੋ ਅਸੀਂ ਸਾਰਿਆਂ ਨੇ ਸੁਣਿਆ।

‘ਜਨਮਾਂ-ਕਰਮਾਂ ਨੂੰ ਅੱਗ ਲਾਓ। ਕੋਈ ਜੁਗਤ ਸੋਚੋ ਇਨ੍ਹਾਂ ਜਾਲਮਾਂ ਤੋਂ ਖਹਿੜਾ ਛੁਡਾਉਣ ਦੀ। ਜਿੱਦਾਂ ਸਾਡੇ ਬੰਦੇ ਕਾਂਗਰਸ ਅੱਗੇ ਮੰਗਾਂ ਰੱਖਦੇ ਆ, ਤੁਸੀਂ ਬੀ ਉੱਦਾਂ ਈ ਸੋਚੋ! ਸਿਰ ਸਿੱਟ ਕੇ ਤੇ ਰੋਣਹਾਕੇ ਹੋਣ ਨਾਲ ਕੁਛ ਨਹੀਂ ਬਣਨ ਆਲਾ ਇਸ ਬੇਈਮਾਨ ਮੁਲਖ ’ਚ ...।’ ਭਾਈਆ ਤਜਵੀਜ਼ਾਂ ਪੇਸ਼ ਕਰਦਾ ਸਿਆਣੇ-ਸੁਲਝੇ ਇਨਸਾਨ ਦਾ ਝਾਉਲਾ ਪਾਉਂਦਾ ਲਗਦਾ। ਇੱਕ ਵਾਰ ਤਾਂ ਮੇਰੇ ਚਿੱਤ ਵਿੱਚ ਆਇਆ ਪਈ ਅੱਗੇ ਤੋਂ ਮੇਰੀ ਮਾਂ ’ਤੇ ਹੱਥ ਨਾ ਚੁੱਕਿਆ ਕਰੇ ਤੇ ਨਾ ਹੀ ਉਹਦੀ ਧੀ-ਦੀ, ਭੈਣ-ਦੀ ਕਰਿਆ ਕਰੇ। ਜੇ ਉਹ ਇੱਡਾ ਅਕਲ ਵਾਲਾ ਹੈ। ਪਰ ਇਹ ਖ਼ਿਆਲ ਹਵਾ ਦੇ ਬੁੱਲੇ ਵਾਂਗ ਇਕਦਮ ਕਿਧਰੇ ਦੂਰ ਚਲਾ ਗਿਆ।

ਸੂਰਜ ਦੇ ਥੋੜ੍ਹਾ ਲਹਿੰਦੇ ਪਾਸੇ ਜਾਣ ਨਾਲ ਪ੍ਰਛਾਵੇਂ ਪੂਰਬ ਵਲ ਨੂੰ ਲੰਮੇ ਹੋ ਰਹੇ ਸਨ। ਐਨ ਭਈਆਂ ਤੇ ਭਾਈਏ ਹੁਰਾਂ ਦੇ ਦੁੱਖਾਂ-ਦਰਦਾਂ ਦੀ ਲੰਮੀ ਵਿਥਿਆ ਵਾਂਗ। ਹਵਾ ਹੁਣ ਪਹਿਲਾਂ ਨਾਲੋਂ ਤੇਜ਼ ਵਗਣ ਲੱਗ ਪਈ ਸੀ। ਝਿੜੀ ਦੀਆਂ ਟਾਹਲੀਆਂ ਦੇ ਪੱਤੇ ਉੱਡ-ਉੱਡ ਕੇ ਆਲੇ-ਦੁਆਲੇ ਡਿਗਣ ਲੱਗ ਪਏ ਤੇ ਕੁਝ ਸਾਡੇ ਪੈਰਾਂ ਵਿੱਚ। ਖਾਲ਼ੇ ਵਿੱਚ ਬੰਬ-ਰੇਤਾ ਖਲਾਅ ਵਿੱਚ ਉੱਡਣ ਲੱਗ ਪਈ। ਚੁਫ਼ੇਰੇ ਵਾ-ਵਰੋਲੇ ਉੱਠਣ ਲੱਗ ਪਏ। ਪੂਰਬਣਾਂ ਆਪਣੇ ਨਿਆਣੇ ਚੁੱਕ ਕੇ ਤੰਬੂਆਂ ਅੰਦਰ ਚਲੇ ਗਈਆਂ। ਅਸੀਂ ਅਡੋਲ ਖੜ੍ਹੇ ਰਹੇ ਤੇ ਹੱਥਾਂ ਨਾਲ ਅੱਖਾਂ ਨੂੰ ਮਿੱਟੀ ਤੋਂ ਬਚਾਉਣ ਲੱਗ ਪਏ।

ਇਸੇ ਦੌਰਾਨ ਭਾਈਏ ਨੇ ਉੱਠਦਿਆਂ ਤੇ ਪਿੱਛਿਓਂ ਝੱਗਾ ਝਾੜਦਿਆਂ ਆਖਿਆ, ‘ਚੰਗਾ ਬਈ ਮੱਛਰ ਦਾਸ, ਇਹ ਹਵਾ ਹੁਣ ਥੰਮ੍ਹਣ ਆਲੀ ਨੲ੍ਹੀਂ। ਆਹ ਮੁੰਡੇ ਸਿਰ 'ਤੇ ਖੜ੍ਹੇ ਆ, ਇਨ੍ਹਾਂ ਨੂੰ ਬੀ ਮੰਜ਼ਿਲ ’ਤੇ ਪਚਾਉਣਾ ਆ ...।’

ਪਲ ਕੁ ਪਿੱਛੋਂ ਸਾਡੇ ਵਲ ਅੱਖਾਂ ਨਾਲ ਸੈਨਤ ਕਰਦਿਆਂ ਕਹਿਣ ਲੱਗਾ, ‘ਬੰਦੇ ਬਣ ਕੇ ਦੱਬ ਕੇ ਪੜ੍ਹਨ ਲਾੱਪਓ! ਸੋਢੀ ਅਮਲੀ ਤੇ ਹੋਰਨਾਂ ਮਾਹਟਰਾਂ ਨਾਲ ਕਪੱਤ ਕਰਦਾਂ ਭਲਕੇ, ਜਿਹੜੇ ਧੁਆਨੂੰ ਕਦੀ ਪੱਠੇ-ਦੱਥੇ ਨੂੰ ਤੇ ਕਦੀ ਡਾਕ ਦੇ ਕੇ ਜੰਡੀਰਾਂ ਆਲੇ ਭੰਗੇ ਦੇ ਖ਼ਰਾਸ ’ਤੇ ਤੇ ਕਦੀ ਭੂੰਦੀਆਂ (ਮਾਧੋਪੁਰ ਤੋਂ ਚਾਰ-ਪੰਜ ਕਿਲੋਮੀਟਰ ਦੂਰ ਪਿੰਡ) ਨੂੰ ਤੋਰੀ ਰੱਖਦੇ ਆ।’

'ਭਲਕੇ ਤਾਂ ਮਾਹਟਰ ਗੁਰਬੰਤਾ ਸੁੰਹ, ਜ਼ਰਾਇਤ ਵਜ਼ੀਰ ਨੇ ਸਕੂਲੇ ਆਉਣਾ!’ ਅਸੀਂ ਦੱਸਿਆ।

‘ਉਹਦੇ ਲਈ ਅਸੀਂ ਸਾਰੀ ਬਰਾਦਰੀ ਨੇ ਪੲ੍ਹੀਲਾਂ ਈ ਮਤਾ ਪਕਾਇਆ ਪਈ ਸਾਨੂੰ ਬੀ ਜ਼ਮੀਨਾਂ ਦੇਬੇ ਕਾਂਗਰਸ।’ ਭਾਈਏ ਨੇ ਸਾਡੇ ਨਾਲ ਇਉਂ ਗੱਲ ਕੀਤੀ ਜਿਵੇਂ ਅਸੀਂ ਇਸ ਸਾਰੇ ਸਿਲਸਿਲੇ ਨੂੰ ਸਮਝਦੇ ਹੋਈਏ। ਉਹ ਫਿਰ ਦੱਸਣ ਲੱਗਾ, ‘ਗੁਰਬੰਤਾ ਸੁੰਹ ਬੀ ਮਾਹਟਰ ਰਿਹਾ ਪੲ੍ਹੀਲਾਂ। ਸਾਡੇ ਲੋਕਾਂ ਨੂੰ ਕਈਂਦਾ - ਅਖੇ ਜ਼ਮੀਨ ਰਬੜ ਆ ਜਿਹਨੂੰ ਖਿੱਚ ਕੇ ਬਧਾ ਦਿਆਂ ਤੇ ਧੁਆਨੂੰ ਵੰਡ ਦਿਆਂ - ਤੇ ਸਾਡੇ ਬੰਦੇ ਉਹਦੀ ਇਹ ਦਲੀਲ ਸੁਣ ਕੇ ਚੁੱਪ ਹੋ ਗਏ ਸੀ ਪਿਛਲੇ ਦਿਨੀਂ ਭੋਗਪੁਰ। ਕਿਸੇ ਨੇ ਕਿਹਾ ਈ ਨਾ ਪਈ ਜਿਨ੍ਹਾਂ ਕੋਲ ਜਿਆਦੀ ਆ ਤੇ ਜ਼ਮੀਨ ਸਾਂਭੀ ਨਹੀਂ ਜਾਂਦੀ, ਉਹਦੇ ’ਚੋਂ ਕੱਟ ਕੇ ਕੰਮੀਆਂ ਨੂੰ ਪੱਠੇ-ਦੱਥੇ ਤੇ ਕੋਠੇ ਪਾਉਣ ਲਈ ਬੰਦੋਬਸਤ ਕਰਾ ਦੇ। ਚਾਰ ਦਿਨ ਉਹ ਬੀ ਸੁਖ ਦਾ ਸਾਹ ਲੈ ਲੈਣ! ਕੋਈ ਨਹੀਂ ਸਾਡਾ ਬੇਲਾ ਬੀ ਆਊਗਾ ਕਿਸੇ ਦਿਨ!’

ਭਾਈਆ ਖ਼ਰ੍ਹਵਾ ਜਿਹਾ ਬੋਲਦਾ ‘ਬੁੜ੍ਹਿਆਂ’ ਦੇ ਖੇਤਾਂ ਵਲ ਨੂੰ ਤੁਰ ਪਿਆ ਤੇ ਅਸੀਂ ਮੌਕਾ ਤਾੜ ਕੇ ਖੋਤਿਆਂ ਨੂੰ ਹਿੱਕਣ ਲੱਗ ਪਏ। ਜਦੋਂ ਬੰਨ੍ਹ ਵਾਲੀ ਥਾਂ ’ਤੇ ਖ਼ੁਰਜੀਆਂ ਖ਼ਾਲੀ ਹੁੰਦੀਆਂ, ਅਸੀਂ ਉੱਥੋਂ ਹੀ ਫ਼ੁਰਤੀ ਨਾਲ ਪਲਾਕੀ ਮਾਰ ਕੇ ਖੋਤਿਆਂ ਉੱਤੇ ਚੜ੍ਹ ਜਾਂਦੇ ਤੇ ਆਪਣੀਆਂ ਅੱਡੀਆਂ ਖੋਤਿਆਂ ਦੀਆਂ ਵੱਖੀਆਂ ਉੱਤੇ ਖਤਾਨਾਂ ਤਕ ਪਹੁੰਚਣ ਤਾਈਂ ਮਾਰਦੇ ਜਿਵੇਂ ਰਾਜੇ-ਮਹਾਰਾਜਿਆਂ ਦੀਆਂ ਤਸਵੀਰਾਂ ਉੱਤੇ ਦੇਖਿਆ ਹੋਇਆ ਸੀ। ਇਉਂ ਅਸੀਂ ਕਿੰਨਾ ਚਿਰ ਮਿੱਟੀ ਤੇ ਖੋਤਿਆਂ ਨਾਲ ਖੇਡਦੇ ਰਹੇ। ਪ੍ਰਛਾਵੇਂ ਹੋਰ ਲੰਮੇ ਹੋ ਗਏ। ਅਸੀਂ ਪਿੰਡ ਨੂੰ ਚਾਲੇ ਪਾ ਲਏ। ਵਾ-ਵਰੋਲੇ ਪਹਿਲਾਂ ਹੀ ਵਗਦੀ ਹਵਾ ਵਿੱਚ ਬਦਲ ਗਏ ਸਨ।

ਪਤਾ ਨਹੀਂ ਥੱਕ ਗਏ ਸੀ ਕਿ ਰੋਸ਼ੀ ਨੇ ਤੇ ਮੈਂ ਰਾਹ ਵਿੱਚ ਬਹੁਤੀਆਂ ਗੱਲਾਂ ਨਾ ਕੀਤੀਆਂ। ਭਾਈਏ ਦੀਆਂ ਦੁਪਹਿਰ ਵਾਲੀਆਂ ਵਿਚਾਰਾਂ ਸ਼ਾਮ ਤਕ ਮੇਰੇ ਮਨ ਵਿੱਚ ਵਾਰ-ਵਾਰ ਆ ਰਹੀਆਂ ਸਨ ਜਿਵੇਂ ਆਸਮਾਨ ਵਿਚਲੇ ਬੱਦਲਾਂ ਵਿੱਚੋਂ ਸੂਰਜ ਮੁੜ-ਮੁੜ ਝਾਤੀਆਂ ਮਾਰ ਰਿਹਾ ਸੀ।

ਛਾਂਗਿਆ ਰੁੱਖ (ਕਾਂਡ ਅੱਠਵਾਂ)

“ਬੱਸ ਅਈਦਾਂ ਈ ਸਾਰਾ ਪਿੰਡ ਠਾਂਹ ਨੂੰ ਬਹਿ ਗਿਆ। ਜਿਹੜਾ ਬਚਿਆ, ਉਹ ਹੜ੍ਹਾਂ ’ਚ ਹੜ੍ਹ ਗਿਆ?” ਦਾਦੀ ਆਪਣਾ ਸੱਜਾ ਹੱਥ ਉਤਾਂਹ ਨੂੰ ਹਵਾ ਵਿੱਚ ਚੁੱਕ ਕੇ, ਫਿਰ ਹੇਠਾਂ ਨੂੰ ਕਾਹਲੀ ਨਾਲ ਲਿਜਾਂਦੀ ਹੋਈ ਅਕਸਰ ਸਾਨੂੰ ਇਹ ਵਾਕਿਆ ਦੱਸਦੀ। ਅਸੀਂ ਦਹਿਲ ਜਾਂਦੇ।

“ਪਿੰਡ ਤਾਂ ਹੁਣ ਵੀ ਹੈਗਾ - ਭਾਈਏ ਹੁਣੀ ਦੇਵੀ ਮਾਂ ਦੀ ਸੁੱਖਣਾ ਜੁ ਲਾਹੁਣ ਜਾਂਦੇ ਆ ਉੱਥੇ?” ਮੈਂ ਕਿਹਾ।

“ਹੈਗਾ ਤਾਂ ਹੈ, ਜਿਹੜਾ ਥੇਹ ਆ, ਪਹਿਲਾਂ ਪਿੰਡ ਉੱਥੇ ਹੁੰਦਾ ਸੀ - ਹੁਣ ਤਾਂ ਪਰਲੇ ਬੰਨੇ ਖੇੜਾ ਬੱਝਾ ਆ।” ਦਾਦੀ ਨੇ ਥੋੜ੍ਹਾ ਜਿਹਾ ਰੁਕ ਕੇ ਫਿਰ ਦੱਸਿਆ, “ਤੇਰੇ ਬਾਬੇ ਦੇ ਗੋਤੀ ਨੱਥੂ ਦੀ ਅਲਾਦ ਆ ਸਾਰੇ ਉਹ ਟੱਬਰ। ਤੇਰੇ ਬਾਬੇ ਦੀ ਇੱਕ ਭੈਣ ਸੀ।”

“... ਤੇ ਤੇਰੇ ਸੱਸ-ਸਹੁਰਾ?”

“ਤਈਨੂੰ ਅੱਗੇ ਵੀ ਬਰਜਿਆ ਪਈ ਬਹੁਤੀਆਂ ਪਤੀਣਾਂ ਨਾ ਪੱਟਿਆ ਕਰ।” ਦਾਦੀ ਨੇ ਮੈਂਨੂੰ ਦਬਕ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ।

“ਮਾਂ ਤੇਰੇ ਸਹੁਰੇ ਦਾ ਕੀ ਨਾਂ ਸੀ?” ਮੈਂ ਤਰਲੇ ਨਾਲ ਪੁੱਛਿਆ। ਉਹਨੂੰ ਜਿਵੇਂ ਇਹਦੇ ਵਿੱਚ ਕੋਈ ਭੇਦ ਦਿਸਿਆ। ਉਹ ਆਪਣੀ ਇਸ ਉਮਰੇ ਵੀ ਆਪਣੇ ਮਰਹੂਮ ਸਹੁਰੇ ਦਾ ਨਾਂ ਮੂੰਹੋਂ ਨਹੀਂ ਬੋਲਣਾ ਚਾਹੁੰਦੀ ਸੀ। ਮੈਂ ਫਿਰ ਲੇਲ੍ਹੜੀ ਕੱਢੀ, “ਮਾਂ ਦੱਸ ਤਾਂ ਸਹੀ।”

“ਸੁਦਾਗਰ।” ਉਸ ਨੇ ਝਿਜਕ ਕੇ ਦੱਸਿਆ, “ਓਦਾਂ ਤਾਂ ਆਪਣੇ ਬਡਾਰੂਆਂ ਦਾ ਚੇਤਾ ਰੱਖਣਾ ਚਾਹੀਦਾ - ਤੇਰਾ ਪੜਦਾਦਾ ਫੌਜ ਵਿੱਚ ਸੀ।”

“ਫੌਜ ਵਿੱਚ?”

“ਤਾਂ ਹੋਰ ਨਹੀਂ - ਕਿਸੇ ਅੰਗਰੇਜ਼ ਅਬਸਰ (ਅਫਸਰ) ਦਾ ਅਹਿਲਕਾਰ ਸੀ।” ਉਸ ਨੇ ਮੈਲ਼ ਜੰਮੀ ਐਨਕ ਦੀ ਸੱਜੀ ਟੁੱਟੀ ਡੰਡੀ ਦੀ ਥਾਂ ਪਾਈ ਡੋਰ ’ਤੇ ਹੱਥ ਫੇਰਿਆ ਤੇ ਐਨਕ ਨੂੰ ਨੱਕ ਉੱਤੇ ਚੰਗੀ ਤਰ੍ਹਾਂ ਟਿਕਾਇਆ।

“ਹਲ੍ਹਾ”

“ਉਹਨੂੰ ਮਰੱਬਾ ਜ਼ਮੀਨ ਮਿਲੀ ਸੀ - ਮਾਂਬਲਾ (ਮਾਮਲਾ) ਨਾ ਤਰਿਆ ਤੇ ਜ਼ਮੀਨ ...।”

“ਕੀ ਬਣਿਆ ਫੇ ਜ਼ਮੀਨ ਦਾ?”

ਤੇਰੇ ਪੜਦਾਦੇ ਨੂੰ ਕੁਛ ਸੈਣੀਆਂ ਨੇ ਤੇ ਕੁਛ ਆਪਣਿਆਂ ਨੇ ਪਤਿਆ ਕੇ ਹੱਥਾਂ ’ਤੇ ਚੜ੍ਹਾ ਲਿਆ ਤੇ ਸਾਰੀ ਜੈਦਾਤ (ਜਾਇਦਾਦ) ਹੜੱਪ ਲਈ - ਪਤਾ ਨਹੀਂ ਕਾਗਤਾਂ ’ਚ ਕੀ ਕੀ ਲਿਖਾ ਲਿਆ।” ਦਾਦੀ ਨੇ ਸਾਰੀ ਗੱਲ ਸੰਖੇਪ ਵਿੱਚ ਸੁਣਾ ਕੇ ਨਿਬੇੜ ਦਿੱਤੀ, ਜਿਸ ਨੇ ਮੇਰੇ ਮਨ ਵਿੱਚ ਭਰਵਾਂ ਥਾਂ ਮੱਲ ਲਿਆ।

“ਤੇ ਆਹ ਘਰ?” ਮੈਂ ਆਪਣੇ ਘਰ ਬਾਰੇ ਗੱਲ ਤੋਰੀ।

“ਇਹ ਤਾਂ ਤੇਰੇ ਬਾਬੇ ਦੀ ਨਾਨਕਾ-ਢੇਰੀ ਆ, ਉਹਦੇ ਮਾਮੇ ਦਾ ਕੋਈ ਧੀਆ-ਪੁੱਤਾ ਨਹੀਂ ਸੀ। ਔਂਤ ਕਹਾਉਣ ਦੇ ਡਰੋਂ ਉਹ ਤੇਰੇ ਬਾਬੇ ਨੂੰ ਨਿਆਣੀ ਉਮਰੇ ਈ ਆਪਣੇ ਕੋਲ ਲੈ ਆਏ ਸੀ। ਥੋੜ੍ਹਾ ਚਿਰ ਬਾਅਦ ਈ ਬਾਕਰਪੁਰ ਪਡੋਰੀ (ਬਾਕਰਪੁਰ ਪੰਡੋਰੀ ਜੋ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਸਥਿਤ ਪਿੰਡ ਹੈ। ਸਰਕਾਰੀ ਕਾਗ਼ਜ਼ਾਂ ਵਿੱਚ ਇਸਦਾ ਨਾਂ ਪੰਡੋਰੀ ਮੈਲ਼-ਪੱਤੀ ਬਾਕਰਪੁਰ ਹੈ) ਗਰਕ ਗਿਆ ਸੀ।”

ਮੈਂ ਹਿਸਾਬ ਲਾਇਆ ਕਿ ਕੁਦਰਤ ਦਾ ਇਹ ਕਹਿਰ 1860 ਤੋਂ ਬਾਅਦ ਅਤੇ 1868 ਤੋਂ ਪਹਿਲਾਂ ਵਰਤਿਆ ਹੋਵੇਗਾ। ਸ਼ਿਵਾਲਕ ਦੀਆਂ ਪਹਾੜੀਆਂ ਦਾ ਬਰਸਾਤੀ ਪਾਣੀ ਇਸੇ ਨਿਵਾਣ ਵਾਲੇ ਇਲਾਕੇ ਨੂੰ ਵਗਦਾ ਹੈ। ਨਤੀਜੇ ਵਜੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚਲੇ ਤੇਜ਼ ਵਹਾ ਨਾਲ ਵਗਦੇ ਇਨ੍ਹਾਂ ਚੋਆਂ ਦੇ ਬੰਨ੍ਹ ਟੁੱਟ ਜਾਂਦੇ ਹਨ ਅਤੇ ਦੁਆਬੇ ਦੇ ਬਹੁਤ ਸਾਰੇ ਪਿੰਡ ਇਨ੍ਹਾਂ ਦੀ ਮਾਰ ਹੇਠ ਆ ਜਾਂਦੇ ਹਨ। ਜ਼ਿਲ੍ਹੇ ਦੇ ਇਨ੍ਹਾਂ ਚੋਆਂ ਦੀ ਬਹੁ-ਗਿਣਤੀ ਕਾਰਣ ਇਹ ਲੋਕ ਮੁਹਾਵਰਾ ਪ੍ਰਚੱਲਤ ਹੈ: ‘ਬਾਰਾਂ ਕੋਹ ਤੇ ’ਠਾਰਾਂ ਚੋਅ।’

ਤਕਰੀਬਨ ਸਾਢੇ ਤਿੰਨ ਮਰਲਿਆਂ ਵਿੱਚ ਬਣੇ ਸਾਡੇ ਇਸ ਘਰ ਦੀ ਨਾ ਕਿਸੇ ਨਾਲ ਪਿੱਠ ਲਗਦੀ ਹੈ ਤੇ ਨਾ ਹੀ ਇਹਦੀ ਕੋਈ ਕੰਧ ਕਿਸੇ ਨਾਲ ਸਾਂਝੀ ਹੈ। ਉੱਤਰ ਦੀ ਬਾਹੀ ਨਾਲ ਮੇਰੇ ਬਾਬੇ ਦੇ ਮਾਮੇ ਦੇ ਪੁੱਤਾਂ ਦੇ ਘਰਾਂ ਨੂੰ ਜਾਂਦੀ ਕੱਚੀ ਬੀਹੀ। ਘਰ ਦੇ ਮੱਥੇ ਯਾਨੀ ਲਹਿੰਦੇ ਪਾਸੇ ਵੱਡਾ ਰਾਹ ਤੇ ਚੜ੍ਹਦੇ-ਲਹਿੰਦੇ ਨੂੰ ਪਿੰਡ ਦੀ ਵੱਡੀ ਪ੍ਰਮੁੱਖ ਗਲ਼ੀ।

ਭਾਰਤ ਦੀ ਸਮਾਜਕ ਵਿਵਸਥਾ ਅਨੁਸਾਰ ਸਾਡਾ ਮੁਹੱਲਾ ਵੀ ਸਾਡੇ ਪਿੰਡ ਮਾਧੋਪੁਰ ਦੇ ਲਹਿੰਦੇ ਪਾਸੇ ਹੈ। ਸਿਵਾਏ ਬਾਬਾ ਛੱਜੂ (ਮੇਰੇ ਬਾਬੇ ਦੇ ਮਾਮੇ ਦਾ ਪੁੱਤ) ਹੁਰਾਂ ਦੇ ਇੱਕ ਘਰ ਦੇ ਬਾਕੀ ਸਾਰੇ ਘਰ ਕੱਚੇ ਸਨ। ਇਸਦੀ ਦੱਖਣੀ ਬਾਹੀ ’ਤੇ ਸਾਡਾ ਘਰ ਹੈ। ਪਿੰਡ ਨੂੰ ਜਾਂਦੀ ਜੱਟਾਂ ਦੀ ਗਲੀ ਦੇ ਮੋੜ ’ਤੇ ਪਹਿਲਾ ਘਰ ਜਿਸ ਕਰਕੇ ਉਨ੍ਹਾਂ ਨਾਲ ਖੇਤਾਂ ਵਿੱਚ ਕੰਮ ਬਾਰੇ ਗੱਲ ਹੁੰਦੀ ਰਹਿੰਦੀ। “ਠਾਕਰਾ ਗੱਲ ਸੁਣੀਂ।” ਭਾਈਆ ਦਬਾਸੱਟ ਬਾਹਰਲੇ ਬੂਹੇ ’ਤੇ ਜਾਂਦਾ। ਆਵਾਜ਼ ਮਾਰਨ ਵਾਲਾ ਕਈ ਵਾਰ ਮੇਰੀ ਉਮਰ ਦਾ ਮੇਰੇ ਨਾਲ ਸਕੂਲ ਵਿੱਚ ਪੜ੍ਹਦਾ ਮੁੰਡਾ ਵੀ ਹੁੰਦਾ। ਜੱਟਾਂ ਦੇ ਹੌਲ਼ੀ ਉਮਰ ਦੇ ਸਾਰੇ ਮੁੰਡੇ-ਕੁੜੀਆਂ ਮੇਰੇ ਭਾਈਏ ਨੂੰ ਉਹਦਾ ਨਾਂ ਲੈ ਕੇ ਬੁਲਾਉਂਦੇ। “ਬਾਬਿਆਂ ਦਾ ਜੈਬ ਲਗਦਾ ਜਾਂ ਸਾਧਾਂ ਦਾ ਮੀਤਾ ਹੋਊ, ਬੰਬ ਤਾਂ ਹੋ ਨਹੀਂ ਸਕਦਾ।” ਹਾਕ ਮਾਰਨ ਵਾਲੇ ਦਾ ਅਸੀਂ ਅੰਦਰ ਬੈਠੇ ਅੰਦਾਜ਼ਾ ਲਾਉਂਦੇ।

“ਮੰਤਰੀਆਂ ਦਾ ਬਖਸ਼ਾ ਸਿਗਾ।” ਭਾਈਆ ਆ ਕੇ ਦੱਸਦਾ, “ਕਹਿੰਦਾ ਪਈ ਜੇ ਪੱਕਿਆਂ ਆਲਿਆਂ ਦੀ ਮੂੰਗਫਲੀ ਪੱਟ ਹੋ ਗਈ ਤਾਂ ਸਾਡੇ ਤਾਂਗੜ ਤੋੜ ਦਿਓ ਭਲਕੇ।” ਇਉਂ ਅਸੀਂ ਅੱਲ ਦੀ ਵਰਤੋਂ ਬੰਦੇ ਦੇ ਨਾਂ ਨਾਲੋਂ ਪਹਿਲਾਂ ਕਰਦੇ। ਦਾਦੀ ਆਪਣੀ ਨਿਗਾਹ ਬਾਹਰਲੇ ਬੂਹੇ ਵੱਲ ਰੱਖਦੀ।

ਕਈ ਵਾਰ ਗੱਲਾਂਬਾਤਾਂ ਦੌਰਾਨ ਮੈਂ ਉਹਦੇ ਨਾਲ ਆਪਣੇ ਦਾਦੇ ਬਾਰੇ ਗੱਲ ਤੋਰਦਾ ਕਿ ਉਹਦੇ ਬਾਰੇ ਪਤਾ ਲੱਗੇ। ਉਹ ਚੁੱਪ ਹੋ ਜਾਂਦੀ। ਪਰ ਭਾਈਆ ਗੱਲ ਨੂੰ ਠੁੰਮ੍ਹਣਾ ਦਿੰਦਾ, “ਬਈ ਮਈਨੂੰ ਮਾੜਾ ਜਿਹਾ ਚੇਤਾ ਆ - ਸਾਡਾ ਬਾਪੂ ਬਹੁਤ ਕਾਲਾ - ਬੜਾ ਉੱਚਾ ਲੰਮਾ ਤੇ ਤਖੜਾ ਸੀ। ਅਈਡਾ ਅਈਡਾ ਤਾਂ ਦਾਹੜਾ ਸੀ। ਦੱਸਦੇ ਆ ਪਈ ਉਹਨੂੰ ਗੱਲ ਬੜੀ ਫੁਰਦੀ ਸੀ - ਬੜਾ ਮਖੌਲੀਆ ਸੀ।”

“ਮਾਂ ਕੁਛ ਤੂੰਮ੍ਹੀ ਬੋਲ?” ਮੈਂ ਵਿੱਚੋਂ ਟੋਕ ਕੇ ਕਿਹਾ।

“ਮਾਂ ਤਾਂ ਬਾਪੂ ’ਤੇ ਰੋਹਬ ਈ ਰੱਖਦੀ ਰਹੀ ਆ, ਬੋਲੇ ਕਿੱਦਾਂ।” ਭਾਈਏ ਨੇ ਦੱਸਿਆ।

“ਆਪ ਅੰਗਰੇਜ਼ਾਂ ਬਰਗੀ ਗੋਰੀ ਤੇ ਜਵਾਨ ਕਰਕੇ।” ਮੈਂ ਦਾਦੀ ਕੋਲ ਬੈਠੇ ਨੇ ਕਿਹਾ।

“ਹੈਹਾ ਫੁੜਕੀ ਪੈਣਿਓਂ, ਕੋਲ ਬਹਿ ਕੇ ਹੁੱਜਤਾਂ ਕਰਦੇ ਆਂ?” ਉਹ ਇਕਦਮ ਭੁੜਕ ਪਈ। ਐਨਕ ਸੰਭਾਲਦਿਆਂ ਉਸ ਨੇ ਜੁੱਤੀ ਚੁੱਕੀ। ਇੰਨੇ ਨੂੰ ਮੈਂ ਪੱਤਰਾ ਵਾਚ ਗਿਆ।

... ਤੇ ਇਸ ਘਰ ਵਿੱਚ ਦਾਦੀ ਨੂੰ ਸੱਤ ਨਿਆਣੇ ਜੰਮੇ। ਯਾਨੀ ਮੇਰੇ ਤਿੰਨ ਤਾਏ, ਤਿੰਨ ਭੂਆ ਤੇ ਸਭ ਤੋਂ ਛੋਟਾ ਮੇਰਾ ਭਾਈਆ। ਇੱਥੇ ਹੀ ਉਸ ਨੇ ਆਪਣੀਆਂ ਚੌਹਾਂ ਨੂੰਹਾਂ ਦੇ ਸਿਰਾਂ ਤੋਂ ਪਾਣੀ ਵਾਰ ਕੇ ਪੀਤਾ ਤੇ ਦੋ ਧੀਆਂ ਦੇ ਡੋਲੇ ਤੋਰੇ ਸਨ। ਇੱਕ ਭੂਆ ਭਰ ਜਵਾਨੀ ਵਿੱਚ ਬੁਖ਼ਾਰ ਨਾਲ ਮਰ ਗਈ ਸੀ।

ਮੇਰੀਆਂ ਤਾਈਆਂ ਦੀਆਂ ਕੁੱਖਾਂ ਹਰੀਆਂ ਹੁੰਦੀਆਂ ਗਈਆਂ। ਘਰ ਦਾ ਵਿਹੜਾ ਨਿਆਣਿਆਂ ਨਾਲ ਭਰਦਾ ਗਿਆ ਜਾਂ ਇਉਂ ਸਮਝੋ ਕਿ ਸੁੰਗੜਦਾ ਗਿਆ। ਅਣਸਰਦੇ ਨੂੰ ਹਮਲਿਆਂ ਤੋਂ ਬਾਅਦ ਪਿੰਡ ਦੇ ਇੱਕ ਜੱਟ ਤੋਂ ਘਰ ਦੇ ਨੇੜੇ ਹੀ ਜ਼ਮੀਨ ਖਰੀਦ ਲਈ ਗਈ। ਭਾਈਏ ਦੇ ਹਿੱਸੇ ਮੇਰੀ ਦਾਦੀ ਤੇ ਇਹ ‘ਜੱਦੀ’ ਘਰ ਆਏ।

ਸਾਡੇ ਘਰ ਦੇ ਪਿੱਛੇ ਚਾਰ ਖ਼ਾਨਿਆਂ ਦੀ ਇੱਕ ਕੋਠੜੀ ਸੀ ਜੋ ਹਮੇਸ਼ਾ ਹਨੇਰੇ ਨਾਲ ਭਰੀ ਰਹਿੰਦੀ। ਇਸਦੀ ਛੱਤ ਤੋੜੇ, ਕੜੀਆਂ ਤੇ ਕਾਨਿਆਂ ਦੀ ਸੀ। ਇਸ ਉੱਤੇ ਚੂਹੇ ਦਿਨ ਰਾਤ ਛੂਹਣ-ਛੁਹਾਈ ਖੇਡਦੇ, ਟੁੱਕ ਟੁੱਕ ਕਰਦੇ। ਮਿੱਟੀ ਕਿਰਦੀ। ਅਸੀਂ ਛੀ-ਛੀ ਕਰਦੇ ਤਾਂ ਉਹ ਵਾਹੋਦਾਹੀ ਦੌੜ ਕੇ ਆਪੋ-ਆਪਣੀਆਂ ਖੁੱਡਾਂ ਵਿੱਚ ਲੁਕ ਜਾਂਦੇ। ਕਈ ਵਾਰ ਤਾਂ ਅਸੀਂ ਉਨ੍ਹਾਂ ਨਾਲ ਇੱਕ ਤਰ੍ਹਾਂ ਖੇਡਣ ਹੀ ਲੱਗ ਪੈਂਦੇ।

ਸਾਡੀ ਕੋਈ ਮੱਝ ਘੜੀ-ਮੁੜੀ ਕੰਧ ਵਿੱਚ ਸਿੰਗ ਮਾਰਦੀ। ਕੰਧ ਨੂੰ ਕੋਈ ਨੁਕਸਾਨ ਨਾ ਪਹੁੰਚੇ, ਭਾਈਏ ਨੇ ਆਪਣੀ ਖੱਡੀ ਦੀ ਪੁਰਾਣੀ ਤੁਰ (ਖੱਡੀ ਉੱਤੇ ਕੱਪੜਾ ਬੁਣਦੇ ਵਕਤ ਜਿਸ ਚੌਰਸ-ਲੰਮੀ ਲੱਕੜ ਦੁਆਲੇ ਥਾਨ ਲਪੇਟ ਹੁੰਦਾ ਰਹਿੰਦਾ ਹੈ) ਕੰਧ ਨਾਲ ਖੜ੍ਹੇ ਦਾਅ ਗੱਡੀ ਹੋਈ ਸੀ। ਉਹ ਇਸ ਵਿੱਚ ਸਿੰਗ-ਸਿਰ ਨਾਲ ਠੱਕ-ਠੱਕ ਟੱਕਰ ਮਾਰਦੀ। ਭਾਈਆ ਅੱਧੀ ਰਾਤ ਨੂੰ ਵੀ ਉਹਨੂੰ ਉੱਚੀ-ਉੱਚੀ ਬੋਲਦਾ, “ਤੇਰਾ ਚੰਮ ਲਾਹ ਦਊਂ ਕੰਜਰ ਦੀਏ ਮਾਰੇ, ਹੁਣ ਤਾਂ ਹਟ ਜਾ, ਸੌਣ ਲੈਣ ਦੇ।” ਮੈਨੂੰ ਕਦੀ ਜਾਗ ਆਉਂਦੀ ਤਾਂ ਹੈਰਾਨ ਰਹਿ ਜਾਂਦਾ ਕਿ ਮੱਝ ਨੇ ਭਾਈਏ ਦੀ ਬੋਲ-ਬਾਣੀ ਉੱਤੇ ਅਮਲ ਕਰ ਲਿਆ ਹੈ। ਕਈ ਵਾਰ ਤਾਂ ਭਾਈਆ ਉੱਠ ਕੇ ਮੱਝ ਦੇ ਹੂਰਾ-ਮੁੱਕੀ ਵੀ ਕਰਦਾ।

ਸਿਆਲ ਵਿੱਚ ਦਾਦੀ ਦੀ ਮੰਜੀ ਇਸ ਕੋਠੜੀ ਵਿੱਚ ਹੁੰਦੀ। ਸਾਰੇ ਪਸ਼ੂ ਇਸ ਅੰਦਰ ਹੀ ਬੰਨ੍ਹੇ ਜਾਂਦੇ। ਮੁਤਰਾਲ ਦਾ ਮੁਸ਼ਕ ਦਲਾਨ ਤਕ ਆਉਂਦਾ। ਬੱਕਰੀ-ਛੇਲੇ ਦੀਆਂ ਮੇਂਗਣਾਂ ਟੱਪਾ ਖਾ ਕੇ ਕੋਠੜੀ ਦੇ ਬੂਹੇ ਦੀ ਸਰਦਲ ਤਕ ਆ ਜਾਂਦੀਆਂ।

ਗਰਮੀਆਂ ਨੂੰ ਜਦੋਂ ਸੂਰਜ ਦੀ ਅੱਗ ਵਰ੍ਹਦੀ, ਬਾਹਰ ਕਾਂ ਦੀ ਅੱਖ ਨਿਕਲਦੀ ਤਾਂ ਇਸ ਕੋਠੜੀ ਦੀ ਠੰਢ ਵਿੱਚ ਬੈਠਣ-ਸੌਣ ਦਾ ਆਪਣਾ ਹੀ ਮਜ਼ਾ ਹੁੰਦਾ। ਵੱਡਾ ਭਰਾ, ਤਾਏ ਦਾ ਪੁੱਤ ਮੱਦੀ ਤੇ ਮੈਂ ਦਾਦੀ ਵਾਲੀ ਮੰਜੀ ਉੱਤੇ ਰੱਖੇ ਲੀੜਿਆਂ ਉੱਤੇ ਅੱਧ-ਲੇਟੇ ਪਏ ਰਹਿੰਦੇ। ਛੱਤ ਨਾਲ ਵਲਿੰਗ (ਡਾਂਗ, ਜਿਸਦੇ ਦੋਵੇਂ ਸਿਰਿਆਂ ਉੱਤੇ ਰੱਸੀਆਂ ਪਾ ਕੇ ਛੱਤ ਦੀਆਂ ਕੜੀਆਂ ਨਾਲ ਬੰਨ੍ਹਿਆ ਹੁੰਦਾ ਸੀ, ਨੂੰ ਟੰਗਣਾ ਵੀ ਕਹਿੰਦੇ ਹਨ) ਉਤਲੀਆਂ ਰਜਾਈਆਂ ਤੇ ਖੇਸੀਆਂ ਨੂੰ ਝੂਲੇ ਵਾਂਗ ਝੂਟੇ ਦਿੰਦੇ। ਦੁਪਹਿਰ ਨੂੰ ਇੱਥੇ ਬਹਿ ਕੇ ਰੋਟੀ ਖਾਂਦੇ। ਆਪਣੀ ਮਾਂ ਨੂੰ ਕਹਿੰਦੇ, “ਸੀਬੋ, ਰੋਟੀਆਂ ’ਤੇ ਲੂਣ-ਮਿਰਚ ਭੁੱਕ ਦੇ।”

“ਦੇਹ ਮਾਮਿਆਂ ਨੂੰ ਦੁੱਪੜਾਂ ਪਕਾ ਕੇ। ਹਰ ਬੇਲੇ ਹਾਬੜਿਓ ਈ ਰਈਂਦੇ ਆ। ਮੈਂ ਤਾਂ ਕਈਨਾ ਪਈ ਦੋ ਆਲੂ-ਭੁੱਬਲ ’ਚ ਭੁੰਨ ਕੇ ਮੱਥਾ ਡੰਬ੍ਹ ਪਰ੍ਹੇ ਇਨ੍ਹਾਂ ਦਾ।” ਭਾਈਆ ਆਪਣੀ ਆਦਤ ਮੁਤਾਬਿਕ ਕਹਿੰਦਾ।

ਮਾਂ ਸਾਨੂੰ ਕਦੀ ਗੰਢੇ, ਗੁੜ, ਰਾਬ, ਆਚਾਰ ਜਾਂ ਲੱਸੀ ਦੇ ਖੱਟੇ ਨਾਲ ਰੋਟੀ ਦਿੰਦੀ। ਕਈ ਵਾਰ ਅਸੀਂ ਰੋਟੀ ਛਾਬੇ ਵਿੱਚ ਪੈਣ ਹੀ ਨਾ ਦਿੰਦੇ ਤੇ ਆਪੇ ਹੀ ਛਤੜੀ (ਰਸੋਈ) ਵਿੱਚ ਜਾ ਕੇ ਤਵੇ ਤੋਂ ਲਹਿੰਦੀ-ਲਹਿੰਦੀ ਰੋਟੀ ਚੁੱਕ ਲਿਆਉਂਦੇ। ਮਾਂ ਕਹਿੰਦੀ, “ਰਤਾ ਸਬਰ ਤਾਂ ਕਰੋ, ਹੱਥ ਲੂਹ ਹੋ ਜਾਊ, ਕਿੱਦਾਂ ਚਾਮ੍ਹਲਿਓ ਆ, ਕੋਈ ਲਾਹਾ, ਘੜੀ ਨੂੰ ਫੇ ਕਹਿਣਾ, ਸੀਬੋ ਰੋਟੀ ਦੇ।” ਆਪਣੇ ਹੋਰਨਾਂ ਲੋਕਾਂ ਵਾਂਗ ਅਸੀਂ ਮਾਂ ਨੂੰ ਉਹਦਾ ਨਾਂ ਲੈ ਕੇ ਹੀ ਬੁਲਾਉਂਦੇ। ਸੁੱਚਾ-ਜੂਠਾ ਤਾਂ ਸਾਡੇ ਘਰਾਂ ਦੇ ਸ਼ਬਦ-ਕੋਸ਼ ਵਿੱਚ ਹੀ ਨਹੀਂ ਸੀ।

ਸਿਆਲ ਵਿੱਚ ਤੇ ਮਾਰਚ-ਅਪ੍ਰੈਲ ਮਹੀਨਿਆਂ ਵਿੱਚ ਅਨਾਜ ਦੀ ਬਾਹਲੀ ਤੰਗੀ ਆ ਜਾਂਦੀ। ਇਸਦਾ ਇੱਕੋ ਇੱਕ ਬਦਲ ਗੰਨਿਆਂ ਦੀ ਰਸ ਦੀ ਪੱਤ ਤੋਂ ਲਾਹੀ ਮੈਲ਼ ਹੁੰਦਾ। ਪਿੰਡ ਤੋਂ ਕਾਫ਼ੀ ਹਟਵੇਂ ਮੰਤਰੀਆਂ ਤੇ ਤਜਰਬੀਆਂ ਦੇ ਵੇਲਣੇ ਤੋਂ ਮੈਲ਼ ਲੈਣ ਜਾਣ ਲਈ ਕਦੀ ਵੱਡਾ ਭਰਾ ਤੇ ਕਦੀ ਮੈਂ ਜਾਂਦਾ ਤੇ ਕਈ ਵਾਰ ਦੋਵੇਂ ਇਕੱਠੇ ਹੀ। ਉੱਥੇ ਚੁੱਭੇ ਉੱਤੇ ਕਈ ਕੁੱਤਿਆਂ ਦਾ ਪੱਕਾ ਡੇਰਾ ਸੀ। ਜਦੋਂ ਅਸੀਂ ਚੁੱਭੇ ਕੋਲ ਮੈਲ਼ ਲਈ ਬਾਲਟੀਆਂ ਰੱਖਦੇ ਤਾਂ ਉਹ ਇੱਕ ਦੂਜੇ ਤੋਂ ਮੋਹਰੇ ਹੁੰਦੇ। ਬਾਲਟੀਆਂ ਵਿੱਚ ਮੈਲ ਪਾਉਣ ਤੋਂ ਪਹਿਲਾਂ ਝੋਕਾ ਇੱਕ ਡੋਰ੍ਹਾ ਭਰ ਕੇ ਪਰ੍ਹੇ ਵਰ੍ਹਾਉਂਦਾ। ਕੁੱਤੇ ਉਸ ਨੂੰ ਕਾਹਲੀ-ਕਾਹਲੀ ਆਪਣੀਆਂ ਜੀਭਾਂ ਨਾਲ ਚੱਟਦੇ। ਚੰਨੂ ਦਾ ਸਾਹਬ ਤੇ ਸੋਹਣ ਬਾਲਟੀਆਂ ਸਣੇ ਅਕਸਰ ਵੇਲਣੇ ’ਤੇ ਹੀ ਮਿਲਦੇ।

ਅਸੀਂ ਛੋਟੀਆਂ ਪਰ ਭਰੀਆਂ ਲੋਹੇ-ਪਿੱਤਲ ਦੀਆਂ ਬਾਲਟੀਆਂ ਨੂੰ ਹੁਸ਼ਿਆਰੀ ਨਾਲ ਲਿਆਉਂਦੇ ਕਿ ਮੈਲ਼ ਛਲਕ ਕੇ ਸਾਡੇ ਲੱਤਾਂ-ਪੈਰਾਂ ਉੱਤੇ ਨਾ ਪੈ ਜਾਵੇ। ਕੁੱਤੇ ਸਾਡੇ ਮਗਰ-ਮਗਰ ਤੁਰੇ ਰਹਿੰਦੇ। ਅਸੀਂ ਪਿੱਛੇ ਨੂੰ ਧੌਣਾਂ ਘੁਮਾ ਕੇ ਮੁੜ-ਮੁੜ ਦੇਖਦੇ - ਉਨ੍ਹਾਂ ਨੂੰ ਘੂਰੀਆਂ ਵੱਟ-ਵੱਟ ਤਾੜਦੇ। ਅਸੀਂ ਬਾਲਟੀ ਦੂਜੇ ਹੱਥ ਫੜਨ ਵੇਲੇ ਦਮ ਮਾਰਦੇ ਤਾਂ ਉਹ ਵੀ ਰੁਕ ਜਾਂਦੇ। ਅਸੀਂ ਘਰਾਂ ਨੇੜੇ ਪਹੁੰਚਦੇ ਤਾਂ ਉਹ ਪਿਛਾਂਹ ਨੂੰ ਮੁੜ ਜਾਂਦੇ।

ਮੈਲ਼ ਢੋਂਹਦਿਆਂ ਮੈਂਨੂੰ ਬੜੀ ਸ਼ਰਮ ਆਉਂਦੀ। ਸੋਚਦਾ ਕਿ ਕਿਸੇ ਪੰਛੀ ਵਾਂਗ ਉੱਡ ਜਾਵਾਂ ਤੇ ਆਪਣੇ ਘਰ ਜਾ ਕੇ ਉਤਾਰਾ ਕਰਾਂ। ਰਾਹ ਵਿੱਚ ਨਾ ਮੈਂਨੂੰ ਕੋਈ ਦੇਖੇ ਤੇ ਨਾ ਹੀ ਮੈਂਨੂੰ ਮਿਲੇ। ਜਦੋਂ ਨਾਲ ਪੜ੍ਹਦਾ ਕੋਈ ਕੁੜੀ-ਮੁੰਡਾ ਮਿਲ ਪੈਂਦਾ ਤਾਂ ਮੈਂ ਮੂੰਹ ਦੂਜੇ ਪਾਸੇ ਨੂੰ ਕਰ ਕੇ ਕਾਹਲੀ ਨਾਲ ਲੰਘ ਜਾਂਦਾ। ਮੈਂ ਆਪਣੀ ਮਾਂ ਤੇ ਭਾਈਏ ਨੂੰ ਆਪਣੇ ਮਨ ਦੀ ਦੁਬਿਧਾ ਦੱਸਦਾ। ਭਾਈਆ ਉੱਲਰ ਕੇ ਪੈਂਦਾ, “ਮਾਮਾ ਮੈਲ਼ ਡੱਫਣ ਬਾਰੀ ਤਾਂ ਕਈਨਾ ਪਈ ਸਾਰੀ ਮਈਨੂੰ ਦੇ ਦਿਓ। ਨਾਲੇ ਤੂੰ 'ਕੱਲਾ ਜਾਨਾਂ? ਸਾਰੀ ਚਮ੍ਹਾਰਲੀ ਲਿਆਉਂਦੀ ਆ। ਅਸੀਂ ਸਿਰਾਂ ’ਤੇ ਮੈਲ਼ ਦੀਆਂ ਚਾਟੀਆਂ ਆਪਣੀਆਂ ਭੈਣਾਂ ਤੇ ਹੋਰ ਸਕੀਰੀ ਵਿੱਚ ਪਚਾਈ ਦੀਆਂ ਸੀ। ਔਹ ਕਿੱਥੇ ਆ ਬਸੀ ਮੂਦਾ ਤੇ ਬਜੁਆੜਾ। (ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਪਿੰਡ ਬਸੀ ਮੂਦਾ ਤੇ ਬਜਵਾੜਾ ਜੋ ਮਾਧੋਪੁਰ ਤੋਂ 30-34 ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਹਨ।)

ਮਾਂ ਵਿੱਚੋਂ ਟੋਕਦੀ, “ਤੇ ਕਾਹਨੂੰ ਜ਼ੁਬਾਨ ਗੰਦੀ ਕਰੀ ਜਾਨਾਂ - ਹੋਰ ਪੰਜਾਂ-ਸੱਤਾਂ ਸਾਲਾਂ ਨੂੰ ਇਨ੍ਹਾਂ ਨੇ ਉਡਾਰੂ ਹੋ ਜਾਣਾ - ਆਪੇ ਈ ਕੰਮ ਚੱਕ ਲੈਣਾ ਇਨ੍ਹਾਂ ਨੇ।”

“ਫੇ ਸਾਲ਼ਿਆਂ ਨੇ ਖਬਨੀ ਬੱਢੀ ਉਂਗਲੀ ’ਤੇ ਮੂਤਣਾ ਬੀ ਕਿ ਨਹੀਂ। ਇਹ ਈ ਮਾਮਾ ਬਾਹਲਾ ਭੂਤਰਿਆ ਆ - ਬੜੇ ਨੂੰ ਜਿੱਥੇ ਮਰਜ਼ੀ ਡਾਹ ਦਿਓ - ਮੋਹਰੇ ਹੁੱਤ ਨਹੀਂ ਕਰਦਾ, ਚੁੱਪ ਕਰ ਕੇ ਬਗ ਜਾਂਦਾ।” ਏਨੇ ਨੂੰ ਇੱਕ ਦਿਨ ਵੱਡੇ ਭਰਾ ਨੇ ਕਾਹਲੀ ਨਾਲ ਕਿਹਾ, “ਆਪਣੀ ਥਾਲ਼ੀ ਇੱਧਰ ਲੈ ਆ - ਮਾਮਾ ਆ ਗਿਆ।” ਅਸੀਂ ਫੁਰਤੀ ਨਾਲ ਆਪਣੀਆਂ ਥਾਲ਼ੀਆਂ-ਛੰਨੇ ਕੋਠੜੀ ਵਿੱਚ ਮੱਝ ਲਈ ਬਣਾਈ ਹੋਈ ਛੋਟੀ ਜਿਹੀ ਖ਼ੁਰਲੀ ਵਿੱਚ ਟਿਕਾ ਕੇ ਲੁਕੋ ਦਿੱਤੀਆਂ। ਉਦੋਂ ਮੈਂ ਚੌਥੀ ਵਿੱਚ (1964) ਪੜ੍ਹਦਾ ਸੀ ਜਦੋਂ ਸਾਡਾ ਇੱਕ ਆਈ.ਏ.ਐੱਸ. ਮਾਮਾ ਸਿਖਰ ਦੁਪਹਿਰੇ ਕਾਰ ਵਿੱਚ ਆ ਗਿਆ। ਅਗਲੇ ਸਾਲ ਤਾਂ ਕਾਲ ਹੀ ਪੈ ਗਿਆ। ਦੂਜਾ, ਪਾਕਿਸਤਾਨ ਨਾਲ ਲੜਾਈ ਲੱਗ ਗਈ। ਲੋਕ ਅੰਨ ਲਈ ਅੱਕੀਂ-ਪਲਾਹੀਂ ਹੱਥ ਮਾਰਨ ਲੱਗੇ। ਪਿੰਡ ਦੇ ਸਰਪੰਚ ਤੇ ਲੰਬੜਦਾਰ ਦੀ ਹੋਰ ਵੀ ਪੁੱਛ-ਪ੍ਰਤੀਤ ਹੋਣ ਲੱਗ ਪਈ।

ਲੰਬੜਦਾਰ ਭਾਵੇਂ ਕਰਮ ਸਿੰਘ ਸੀ ਪਰ ਲੰਬੜਦਾਰੀ ਉਹਦੇ ਘਰਦੀ ਜੈ ਕੌਰ ਹੀ ਕਰਦੀ। ਸਾਰੇ ਪਿੰਡ ਵਿੱਚ ਉਹਦਾ ਵਾਹਵਾ ਅਸਰ-ਰਸੂਖ਼ ਸੀ। ਉਹ ਸਾਡੀ ਬਿਰਾਦਰੀ ਦੇ ਲੋਕਾਂ ਦਾ ਪੈਸੇ-ਧੇਲੇ ਦਾ ਬੁੱਤਾ ਸਾਰ ਦਿੰਦੀ। ਉਹ ਮਰਦਾਂ ਵਾਂਗ ਗੱਲ ਕਰਦੀ ਜੋ ਪੁੱਗ ਵੀ ਜਾਂਦੀ। ਉਹਦੇ ਕਹੇ ਨੂੰ ਲੋਕ ਆਦਰ ਨਾਲ ਮੰਨਦੇ। ਤੰਗੀ ਦੇ ਦਿਨਾਂ ਵਿੱਚ ਉਹ ਅਨਾਜ ਉਧਾਰ ਦੇ ਦਿੰਦੀ। ਕਾਲ ਤੋਂ ਬਾਅਦ ਵੀ ਸਾਡੇ ਅਤੇ ਸਾਡੇ ਲੋਕਾਂ ਉੱਤੇ ਪਈ ਸਥਾਈ ਭੁੱਖਮਰੀ ਦੀ ਆਫ਼ਤ ਕਾਰਣ ਮੈਲ਼ ਪੀਣ ਦਾ ਸਿਲਸਿਲਾ ਕਈ ਸਾਲਾਂ ਤਕ ਚਲਦਾ ਰਿਹਾ ਭਾਵੇਂ ਮੈਂ ਹਾਈ ਸਕੂਲ ਦੀ ਆਖ਼ਰੀ ਜਮਾਤ ਵਿੱਚ ਵੀ ਹੋ ਗਿਆ ਸੀ।

ਜੱਟਾਂ ਦੇ ਨਿਆਣੇ ਤੇ ਮੇਰੇ ਹਾਣੀ ਸਾਨੂੰ ਮੈਲ਼ ਪੀਣੇ ਲੋਕ ਕਹਿੰਦੇ। ਜਦੋਂ ਕਦੀ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਤਾਂ ਉਹ ‘ਚਮਾਰ - ਮਾਂ ਦੇ ਯਾਰ’ ਵਰਗੇ ਕਾਵਿਕ ਫਿਕਰੇ ਬਣਾ ਕੇ ਕੱਸਦੇ। ਸਾਡੇ ਵਿੱਚੋਂ ਕੋਈ ਜਣਾ ਵੀ ਤਿੱਖਾ ਵਿਰੋਧ ਨਾ ਕਰਦਾ।

ਗਰਮੀਆਂ ਵਿੱਚ ਕੋਠੜੀ ਠੰਢੀ ਰਹਿਣ ਦਾ ਕਾਰਣ ਕੱਚੀਆਂ ਕੰਧਾਂ ਅਤੇ ਪਿੰਡ ਅੰਦਰ ਨੂੰ ਜਾਂਦੀ ਗਲੀ ਦੀ ਨਾਲੀ ਅਤੇ ਬਰਸਾਤਾਂ ਦੇ ਹਰਲ-ਹਰਲ ਕਰਦੇ-ਫਿਰਦੇ ਪਾਣੀ ਤੋਂ ਬਚਾ ਲਈ ਕੰਧ ਨਾਲ ਮਿੱਟੀ ਦੀ ਇੱਕ ਵੱਡੀ ਉੱਚੀ ਖੰਦਕ ਬਣਾਈ ਹੋਈ ਸੀ ਜਿਸ ਉੱਤੇ ਹਰਾ-ਸੰਘਣਾ ਵਿਛਵਾਂ ਘਾਹ ਸੀ ਜਿਵੇਂ ਕਿਸੇ ਲਾਅਨ ਵਿੱਚ ਮਿੱਟੀ ਨੂੰ ਉੱਚਾ-ਨੀਵਾਂ ਆਕਾਰ ਦੇ ਕੇ ਇੱਕ ਖ਼ਾਸ ਸ਼ਕਲ ਦੇ ਕੇ ਉਸਾਰਿਆ ਹੁੰਦਾ ਹੈ। ਬਰਸਾਤਾਂ ਨੂੰ ਇਸ ਪਾਸੇ ਦੀ ਕੰਧ ਨੂੰ ਸਲ੍ਹਾਬ ਉਤਾਂਹ ਤਕ ਚੜ੍ਹ ਜਾਂਦੀ ਜਿਸ ਦੀ ਹਬਕ ਨੱਕ ਨੂੰ ਚੜ੍ਹਦੀ।

ਸਾਉਣ ਦੀਆਂ ਝੜੀਆਂ ਦੌਰਾਨ ਸਾਡੇ ਘਰ ਦੀ ਛੱਤ ਉੱਤੇ ਭਰਵੀਂ ਹਰਿਆਲੀ ਹੋ ਜਾਂਦੀ। ਫੁੱਟ-ਡੇਢ ਫੁੱਟ ਦੇ ਕਰੀਬ ਉੱਚਾ ਡੀਲਾ, ਬੁੰਬਲਾਂ ਵਾਲੇ ਘਾਹ ਸਣੇ ਵਿਛਵੀਂ ਬੂਟੀ ਫੈਲ ਜਾਂਦੀ। ਥੋੜ੍ਹਾ ਦੂਰੋਂ ਕਿਸੇ ਹੋਰ ਛੱਤ ਤੋਂ ਇਵੇਂ ਲਗਦਾ ਜਿਵੇਂ ਬਰਸੀਨ ਦੇ ਦੋ ਕਿਆਰੇ ਹੋਣ, ਕਿਉਂਕਿ ਦਲਾਨ ਤੇ ਕੋਠੜੀ ਦੀ ਛੱਤ ਭਾਵੇਂ ਬਰੋ-ਬਰੋਬਰ ਸੀ ਪਰ ਵਿਚਾਲੇ ਦੀ ਨਿੱਕੀ ਜਿਹੀ ਬਨੇਰੀ ਉਨ੍ਹਾਂ ਨੂੰ ਆਪਸ ਵਿੱਚ ਅਲੱਗ ਕਰਦੀ ਸੀ।

ਕੀੜੀਆਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਛੱਤ ਦੇ ਹੇਠਾਂ ਉੱਤੇ ਜਾਣ-ਆਉਣ ਲਈ ਕੰਧਾਂ ਵਿੱਚੀਂ ਬੇਰੋਕ ਮਾਰਗ ਬਣਾਏ ਹੋਏ ਸਨ। ਜਦੋਂ ਰਚਵਾਂ, ਰੱਜਵਾਂ ਜਾਂ ਮੋਹਲੇਧਾਰ ਮੀਂਹ ਵਰ੍ਹਦਾ ਤਾਂ ਛੱਤ ਵਿੱਚੋਂ ਪਾਣੀ ਦੀਆਂ ਧਰਾਲਾਂ ਵਗਣ ਲੱਗ ਪੈਂਦੀਆਂ। ਅਸੀਂ ਚੋਏ ਵਾਲੇ ਥਾਂ ਵੱਡੇ ਭਾਂਡੇ ਰੱਖਦੇ। ਜਿੱਥੇ ਕਿਤੇ ਤਿੱਪ-ਤਿੱਪ ਚੋਂਦਾ ਉੱਥੇ ਕੌਲੀਆਂ-ਬਾਟੀਆਂ ਤੇ ਗਲਾਸ ਰੱਖ ਦਿੰਦੇ। ਕਈ ਵਾਰ ਘਰ ਦੇ ਭਾਂਡੇ ਵੀ ਪੂਰੇ ਨਾ ਪੈਂਦੇ ਤੇ ਚੋਏ ਨਾਲ ਥਾਂ-ਥਾਂ ਖੁੱਤੀਆਂ ਪੈ ਜਾਂਦੀਆਂ। ਪਾਣੀ ਦਲਾਨ ਦੇ ਇੱਕੋ-ਇੱਕ ਲਹਿੰਦੇ ਵੱਲ ਦੇ ਬੂਹੇ ਦੀ ਸਰਦਲ ਕੋਲ ਨੀਵੀਂ ਆਇਤਾਕਾਰ ਥਾਂ ਵਿੱਚ ਭਰ ਜਾਂਦਾ। ਮੈਂ ਵੱਡੇ ਭਰਾ ਨਾਲ ਇਸ ਨੂੰ ਚਾਅ-ਚਾਅ ਵਿੱਚ ਬੁੱਕਾਂ ਨਾਲ ਬਾਹਰ ਨੂੰ ਝੱਟਦਾ। ਇਸੇ ਦੌਰਾਨ ਕਦੀ ਮੈਂਨੂੰ ਜਾਂ ਵੱਡੇ ਭਰਾ ਨੂੰ ਤੇਜ਼ ਮੀਂਹ-ਨ੍ਹੇਰੀ ਵਿੱਚ ਛੱਤੜੀ ਉੱਤੋਂ ਦੀ ਚੋਏ ਨੂੰ ਰੋਕਣ ਲਈ ਝੱਗਾ ਲਹਾ ਕੇ ਚੜ੍ਹਾਇਆ ਜਾਂਦਾ। ਮੈਂ ਛੱਤ ਦੇ ਬਨੇਰੇ ਕੋਲ ਹੇਠਾਂ ਨੂੰ ਬੂਹੇ ਵੱਲ ਮੂੰਹ ਕਰ ਕੇ ਪੁੱਛਦਾ, “ਹੋ ਗਿਆ ਬੰਦ? '“ਨਈਂ, ਹਾਲੇ ਨਹੀਂ।” ਘਰ ਦਾ ਕੋਈ ਜੀਅ ਉੱਚੀ ਦੇਣੀ ਬੋਲ ਕੇ ਦੱਸਦਾ। “ਲੈ ਆਹ ਥੋਬਾ ਰੱਖ।” ਭਾਈਆ ਵਿਹੜੇ ਵਿੱਚੋਂ ਗਿੱਲੀ ਮਿੱਟੀ ਮਲ਼ ਕੇ ਫੜਾਉਂਦਾ।

“ਸਾਲ਼ਿਆ ਬਥੇਰੀ ਭੈਣ ਮਰਾ ਲਈ, ਹੁਣ ਤਾਂ ਬੱਸ ਕਰ।” ਭਾਈਆ ਮੀਂਹ ਤੇ ਰੱਬ ਉੱਤੇ ਆਪਣੀਆਂ ਭਾਰੀਆਂ-ਭਾਰੀਆਂ ਗਾਲ੍ਹਾਂ ਦੀ ਵਾਛੜ ਕਰਦਾ।

“ਕਿਉਂ ਬਕਾਬਾਦ ਕਰ ਕੇ ਮੂੰਹ ਗੰਦਾ ਕਰੀ ਜਾਨਾਂ - ਆਪਾਂ ਬੀ ਲੋਕਾਂ ਨਾਲ ਈ ਆਂ - ਤੇਰੇ ਕਹੇ ਹਟ ਜਾਣਾ ਭਲਾ?” ਮਾਂ ਭਾਈਏ ਨੂੰ ਸਮਝਾਉਣ ਦੇ ਲਹਿਜ਼ੇ ਨਾਲ ਕਹਿੰਦੀ।

“ਚੜ੍ਹਦੇ ਪਾਸੇ ਦੇ ਸਾਰੇ ਘਰ ਪੱਕੇ ਆ - ਆਪਾਂ ਉਨ੍ਹਾਂ ਨਾਲ ਕਿੱਦਾਂ ਰਲ ਗਏ। ਉਹ ਦੋ ਕਨਾਲੀਂ ਜ਼ਮੀਨ ਗਿਰੋਂ ਕਰ ਦੇਣ ਤਾਂ ਹੋਰ ਪੱਕਾ ਕੋਠਾ ਪਾ ਸਕਦੇ ਆ।” ਜ਼ਰਾ ਕੁ ਰੁਕ ਕੇ ਭਾਈਆ ਕਹਿੰਦਾ, “ਮੇਰਾ ਤਾਂ ’ਰਾਦਾ ਪਈ ਬਿਹੜੇ ਵਿੱਚ ਸਿਰਕੀ ਲਾ ਲਈਏ।”

“ਸਿਰਕੀ ਵੀ ਲਾ ਲਾ। ਜੇ ਬਿਧ ਮਾਤਾ ਨੇ ਸਾਡੇ ਕਰਮਾਂ ਵਿੱਚ ਈ ਇੱਦਾਂ ਲਿਖਿਆ ਆ ਤਾਂ ਫੇ ਕੀ ਕਰਨਾ।” ਮਾਂ ਦਿਲਾਸਾ ਦਿੰਦੀ।

“ਸਾਲੀ ਬਿਧ ਮਾਤਾ ਦਾ ਫਲੂਹਾ ਬਰਸਾਤਾਂ-ਔੜਾਂ ਵਿੱਚ ਸਾਡੇ ’ਤੇ ਈ ਡਿਗਦਾ - ਬਾਕੀ ਮੁਲਖ ਬੀ ਤਾਂ ਇੱਥੇ ਈ ਬਸਦਾ।”

“ਚੱਲ ਦਫ਼ਾ ਕਰ।”

ਭਾਈਆ ਬੂਹੇ ਵਿੱਚੋਂ ਬਾਹਰ ਨਿਕਲ ਕੇ ਆਸ ਨਾਲ ਦੱਸਦਾ, “ਬੱਦਲ ਪਾਟ ਗਿਆ ਸੀਬੋ, ਹੁਣ ਮੀਂਹ ਹੱਲ੍ਹਾ ਹੋ ਜਾਣਾ?”

ਇਕ ਬਰਸਾਤ ਦੌਰਾਨ ਵਿਹੜੇ ਵਿੱਚ ਬਾਜ਼ੀਗਰਾਂ ਦੀ ਕੁੱਲੀ ਵਰਗੀ ਸਿਰਕੀ ਵੀ ਲਾਈ ਗਈ - ਚੋਏ ਕਾਰਣ ਅੰਦਰ ਬਹਿਣ-ਖਲੋਣ ਨੂੰ ਥਾਂ ਹੀ ਨਹੀਂ ਰਿਹਾ ਸੀ।

ਭਾਈਏ ਨੂੰ ਜਿਵੇਂ ਕੋਈ ਚੇਤਾ ਆ ਜਾਂਦਾ, ਨਿੰਮੋਝੂਣਾ ਜਿਹਾ ਹੋ ਕੇ ਕਹਿੰਦਾ, “ਅਸੀਂ ਆਦਮਪੁਰ ਦੀ ਨਹਿਰ ਪੱਟ ਤੀ - ਅੰਬ ਦੇ ਠਾਣੇ ਤਾਈਂ ਸੜਕ ਬਣਾ ਤੀ, ਪਰ ਮੇਤੋਂ ਸਾਲਾ ਚਾਰ-ਖ਼ਾਨੇ ਕੋਠਾ ਨਾ ਪਿਆ।” ਥੋੜ੍ਹੇ ਚਿਰ ਪਿੱਛੋਂ ਉਹ ਮੰਜੇ ਹੇਠੋਂ ਰੰਬਾ-ਦਾਤੀ ਕੱਢ ਕੇ ਛੱਤ ਉੱਤੇ ਚੜ੍ਹ ਜਾਂਦਾ। ਸਾਰੇ ਚਹੇ ਦੀ ਗੁੱਡ-ਪੱਟ ਕਰਦਾ। ਮੀਂਹ ਦੀ ਕਿਣਮਿਣ ਵਾਂਗ ਆਪਣੀ ਸ਼ਬਦ-ਵਰਖਾ ਜਾਰੀ ਰੱਖਦਾ। ਉਹ ਘਾਹ ਬੂਟੀ ਨੂੰ ਜੜ੍ਹੋਂ ਪੁੱਟ ਕੇ ਕੱਢਦਾ - ਨਾਲ ਹੀ ਬੇਹਿਯਾ ਗਾਲ੍ਹਾਂ, “ਕਿੱਦਾਂ ਚਹੁੰ ਦਿਨਾਂ ਵਿੱਚ ਈ ਮੱਲ ਗਿਆ ਮਾਂ ਦਾ ਖਸਮ।”

ਜਦੋਂ ਕੜਾਕੇ ਦੀ ਜਾਂ ਬੱਦਲਾਖੀ ਧੁੱਪ ਲਗਦੀ ਤਾਂ ਪਿੰਡ ਵੱਲ ਦੀ ਕੰਧ ਹਰੇਕ ਸਾਲ ਜਾਂ ਸਾਲ ਛੱਡ ਕੇ ਡਿਗ ਪੈਂਦੀ - ਨਾਲ ਹੀ ਇੱਕ ਖ਼ਾਨਾ ਛੱਤ। ਨਾਲ ਦੇ ਖ਼ਾਨੇ ਦੇ ਤਿੜਕੇ ਤੋੜੇ ਹੇਠਲੀ ਥੰਮ੍ਹੀ ਕਿਸੇ ਭਰੋਸੇ ਦੀ ਸ਼ਾਹਦੀ ਭਰਦੀ ਤਾਂ ਦਿਸਦੀ ਪਰ ਪਾਰੇ ਵਾਂਗ ਡੋਲਦੇ ਸਾਡੇ ਮਨਾਂ ਦਾ ਧਿਜਾ ਨਾ ਬੱਝਦਾ। ਡਿਗੇ ਮਲਬੇ ਵਿੱਚੋਂ ਅਣਗਿਣਤ ਕੀੜੀਆਂ, ਠੂੰਹੇਂ, ਟਿੱਡੀਆਂ, ਕੰਨਖਜੂਰੇ ਤੇ ਕਿਰਲੀਆਂ ਦੌੜ-ਦੌੜ ਲੁਕਦੇ। ਪਿੰਡ ਦੇ ਲੋਕ ਹਮਦਰਦੀ ਕਰਦੇ, “ਚਲ ਠਾਕਰਾ, ਕੰਧ ਤਾਂ ਮੁੜ ਕੇ ਬਣ ਜਾਊ, ਸ਼ੁਕਰ ਕਰ ਪਈ ਜੀਅ ਬਚ ਗਏ।”

ਕਦੀ ਕੋਈ ਕੰਧ ਡਿਗ ਪੈਂਦੀ ਤੇ ਕਦੀ ਕੋਈ। ਜਿਸ ਸਾਲ ਕੋਠੇ ਦੀ ਕੰਧ ਨਾ ਡਿਗਦੀ ਤਾਂ ਵਿਹੜੇ ਦੇ ਵਗਲੇ ਦੀ ਢਹਿ ਜਾਂਦੀ, ਜਿਸ ਨੂੰ ਜ਼ਮੀਨ ਬਰੋਬਰੋਂ ਕੱਲਰ ਨੇ ਖਾ ਲਿਆ ਹੁੰਦਾ ਤੇ ਉਹ ਉਤਲੇ ਹਿੱਸੇ ਨਾਲੋਂ ਕਾਫ਼ੀ ਪਤਲੀ ਹੋ ਜਾਂਦੀ। ਭਾਈਆ ਫਿਰ ਮਿੱਟੀ ਦੇ ਗੱਡੇ ਭਰ ਕੇ ਲਿਆਉਂਦਾ। ਭਿੱਤ (ਕੱਚੀ ਕੰਧ ਉਸਾਰੀ ਦੀ ਇੱਕ ਤਕਨੀਕ ਜਿਸ ਵਿੱਚ ਦਰਵਾਜ਼ੇ ਦੇ ਦੋ ਤਖ਼ਤੇ ਆਹਮੋ-ਸਾਹਮਣੇ ਵੱਖ ਭਾਰ ਖੜ੍ਹੇ ਕਰ ਕੇ ਅਤੇ ਉਨ੍ਹਾਂ ਵਿਚਾਲੇ ਮਿੱਟੀ ਭਰ ਕੇ ਉਸ ਦੀ ਮੋਹਲਿਆਂ ਨਾਲ ਕੁਟਾਈ ਕੀਤੀ ਜਾਂਦੀ ਹੈ) ਕੁੱਟ ਹੁੰਦੇ।

“ਦਬਾਸੱਟ ਬਾਹਰ ਨਿਕਲ ਆਓ, ਗਭਲੀ ਸਤੀਰੀ ਬਹਿ ਗਈ ਆ।” ਭਾਈਏ ਨੇ ਇੱਕ ਬਰਸਾਤੀ ਰਾਤ ਦੀ ਸਵੇਰ ਨੂੰ ਲੁਆਲਾ ਲੱਗਣ ਤੋਂ ਪਹਿਲਾਂ ਹੀ ਸਾਨੂੰ ਖ਼ਬਰਦਾਰ ਕਰਨ ਲਈ ਉੱਚੀ ਦੇਣੀ ਦੁਹਾਈ ਪਾ ਕੇ ਕਿਹਾ।

ਮਿੰਟਾਂ ਵਿੱਚ ਹੀ ਸਾਰਾ ਵਿਹੜਾ-ਮੁਹੱਲਾ ਇਕੱਠਾ ਹੋ ਗਿਆ। “ਰੱਬ ਦਾ ਸ਼ੁਕਰ ਕਰੋ ਪਈ ਜਾਨਾਂ ਬਚ ਗਈਆਂ - ਠਾਕਰਾ ਹੁਣ ਸਤੀਰੀਆਂ ਥੱਲੇ ਕੌਲੇ ਕੱਢ ਲਾ, ਅਉਖਾ-ਸਉਖਾ।” ਕੋਈ ਸਲਾਹ ਦਿੰਦਾ।

ਭਾਈਆ ਬੋਲਿਆਂ ਦੇ ਸੁਰਜੀਤ ਸਿੰਘ ਤੋਂ ਗਰਜ਼ ਮੁਤਾਬਿਕ ਪੈਸੇ ਲੈਣ ਲਈ ਭੋਗਪੁਰ ਜਾ ਕੇ ਪਰਨੋਟ ਉੱਤੇ ਅੰਗੂਠਾ ਲਾ ਆਉਂਦਾ। ਸੁਰਜੀਤ ਸਿੰਘ ਸ਼ਾਹੂਕਾਰਾ ਕਰਦਾ ਸੀ। ਉਹਦੀ ਵੱਡੀ ਭੈਣ ਜੁਆਲੀ ਗਲੀ ਥਾਣੀਂ ਲੰਘਦੀ ਤਾਂ ਅਸੀਂ ਸਾਰੇ ਨਿਆਣੇ ਉਹਦੇ ਪਿੱਛੇ ਜਾ ਕੇ ਇੱਕੋ ਸੁਰ ਵਿੱਚ ਕਹਿੰਦੇ, “ਜੁਆਲੀਏ ਦੇ ਚਰਖੇ ਨੂੰ ਗੇੜਾ ...।” ਉਹ ਅਣਵਿਆਹੀ ਸੀ ਤੇ ਅੰਮ੍ਰਿਤ ਛਕ ਕੇ ਨਿਹੰਗਾਂ ਵਾਲਾ ਬਾਣਾ ਪਾਉਂਦੀ ਸੀ। ਉਹ ਇੱਟ ਰੋੜਾ ਚੁੱਕ ਕੇ ਉਲਾਰਦੀ ਪਰ ਘੱਟ ਹੀ ਮਾਰਦੀ, ਕਹਿੰਦੀ, “ਧੁਆਡੇ ਕੋਲੋਂ ਜੁਆਲਾ ਸੁੰਹ ਨਹੀਂ ਕਹਿ ਹੁੰਦਾ - ਮੈਂ ਹੁਣ ਨਹੰਗ ਨਹੀਂ ਲਗਦਾ।”

ਬਰਸਾਤ ਤੋਂ ਬਾਅਦ ਦੁਸਹਿਰੇ ਦੁਆਲੇ ਸਾਡੇ ਘਰ ਮੋਹਰਲੀ ਬੋਹੜ-ਪਿੱਪਲ ਥੱਲੇ ਖੋਤੇ ਹੀਂਗਦੇ। ਨਾਲ ਹੀ ਹੋਕਾ ਸੁਣਦਾ, “ਗੋਲੂ-ਮਿੱਟੀ ਲੈ ਲਓ, ਗੋਲੂ-ਮਿੱਟੀ।” ਬੁੜ੍ਹੀਆਂ ਦਾ ਝੁਰਮੁਟ ਪੈ ਜਾਂਦਾ। ਭਾਅ ਤੈਅ ਹੋਣ ਨੂੰ ਕਿੰਨਾ ਚਿਰ ਲੱਗ ਜਾਂਦਾ। ਪਹਾੜ ਵੱਲੋਂ ਆਇਆ ਬਾਰੂ ਚਮਾਰ ਜਾਂ ਪਾਰ (ਬਿਆਸ ਦਰਿਆ) ਤੋਂ ਆਇਆ ਫੇਰੀ ਵਾਲਾ ਘੁਮਿਆਰ ਦੱਸਦਾ, “ਭੈਣੇ ਇਸ ਖੋਤੀ ਦੀਆਂ ਦੋਵੇਂ ਖੁਰਜੀਆਂ ਰਾਸਤਗੋ ਖਾਲੀ ਕਰ ਕੇ ਆਇਆ ਵਾਂ।” ਮੇਰੀ ਮਾਂ ਸਣੇ ਮੁਹੱਲੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਗੋਲੂ ਖ਼ਰੀਦ ਲੈਂਦੀਆਂ। ਮਾਂ ਨੇ ਪਹਿਲਾਂ ਹੀ ਡਿੱਗੇ ਹੋਏ ਲੇਆਂ ਦੀ ਥਾਂ ਨੂੰ ਮਿੱਟੀ ਦੇ ਥੋਬੇ ਲਾ ਕੇ ਭਰਿਆ ਤੇ ਲਿੱਪਿਆ ਹੁੰਦਾ। ਉਸ ਨੂੰ ਬਾਕੀ ਕੰਧ ਨਾਲ ਇਉਂ ਸਾਵਾਂ ਤੇ ਇਕਮਿਕ ਕੀਤਾ ਹੁੰਦਾ ਕਿ ਬਹੁਤੀ ਵਾਰ ਪਤਾ ਹੀ ਨਾ ਲਗਦਾ ਕਿ ਲੇਅ ਕਿੱਥੋਂ ਡਿਗਿਆ ਸੀ। ਜਦੋਂ ਉਹ ਇਸ ਉੱਤੇ ਗੋਲੂ-ਮਿੱਟੀ ਦਾ ਦੋਹਰਾ ਪੋਚਾ ਮਾਰ ਲੈਂਦੀ ਤਾਂ ਥੋੜ੍ਹੇ ਚਿਰ ਬਾਅਦ ਆਪਣੇ ਆਪ ਨੂੰ ਕਹਿੰਦੀ, “ਚਲ ਮਨਾ ਕੰਧ ਬੀ ਸੁੱਕ ਗਈ ਤੇ ਲੇਅ ਵੀ ਆਠਰ ਗਏ ਆ।” ਫਿਰ ਉਹ ਤਵੇ ਦੇ ਪਿਛਲੇ ਪਾਸੇ ਦੀ ਕਾਲੋਂ ਉੱਤੇ ਆਪਣਾ ਗਿੱਲਾ ਕੀਤਾ ਸੱਜਾ ਹੱਥ ਘਸਾਉਂਦੀ ਤੇ ਠਾਹ-ਠਾਹ ਮਾਰ ਕੇ ਕੰਧਾਂ ਉੱਤੇ ਛਾਪਦੀ। ਮੈਂ ਉਹਦੀ ਰੀਸ ਕਰਦਾ ਤੇ ਆਪਣੇ ਨਿੱਕੇ-ਨਿੱਕੇ ਹੱਥਾਂ ਦੀ ਛਾਪ ਦੇਖ ਕੇ ਹੁੱਬਦਾ।

ਇੰਨੇ ਨੂੰ ਭਾਈਆ ਕਦੀ-ਕਦੀ ਬਾਹਰੋਂ ਵਿਹੜੇ ਵਿੱਚ ਆ ਜਾਂਦਾ। “ਲੈ ਨਜ਼ਰ-ਟਪਾਰ ਦਾ ਕੰਮ ਬੀ ਮੁੱਕ ਗਿਆ।” ਮਾਂ ਦੀ ਇਹ ਗੱਲ ਸੁਣ ਕੇ ਭਾਈਆ ਮੁਸਕਰਾਉਂਦਾ। ਉਹਦੇ ਬਰੀਕ ਤੇ ਛੋਟੇ ਦੰਦ ਬਦੋਬਦੀ ਨੰਗੇ ਹੋ ਜਾਂਦੇ। ”ਸਾਲੇ ਇਸ ਕੋਠੇ ਦਾ ਦਕੰਮਣ ਹਰ ਸਾਲ ਆਟ੍ਹਾ ਪਈਂਦਾ। ਪਤਾ ਨਹੀਂ ਕਦੋਂ ਇਹਦਾ ਜੱਭ ਮੁੱਕਣਾ।” ਭਾਈਆ ਨਿਹੋਰੇ ਨਾਲ ਕੱਚੇ ਕੋਠੇ ਦੀ ਅਮੁੱਕ ਕਹਾਣੀ ਨੂੰ ਸਮੇਟਦਾ।

“ਸਦਾ ਦਿਨ ਇੱਕ ਜਏ ਨਹੀਂ ਰਹਿੰਦੇ।” ਮਾਂ ਢਲਦੇ ਸੂਰਜ ਦੀਆਂ ਕਿਰਨਾਂ ਫੜਦੀ ਲਗਦੀ।

ਕੋਠੜੀ ਦੇ ਇੱਕ ਖੂੰਜੇ ਵਿੱਚ ਮੇਰੀ ਮਾਂ ਦੀ ਦਾਜ ਵਾਲੀ ਛੋਟੀ ਪੇਟੀ ਹੁੰਦੀ ਸੀ ਜਿਸ ਉੱਤੇ ਮੋਰ-ਮੋਰਨੀਆਂ, ਉਨ੍ਹਾਂ ਦੇ ਬੱਚੇ, ਫੁੱਲ-ਵੇਲਾਂ ਤੇ ਹੋਰ ਬੂਟੇ ਹੁੰਦੇ ਸਨ। ਇਹ ਸਲੇਟੀ, ਹਰੇ, ਲਾਲ ਤੇ ਕਾਸ਼ਨੀ ਰੰਗਾਂ ਨਾਲ ਚਿੱਤਰੇ ਹੋਏ ਸਨ। ਇਸ ਪੇਟੀ ਵਿੱਚ ਇੱਕ ਹੋਰ ਸੰਦੂਕੜੀ ਹੁੰਦੀ ਸੀ। ਉਸ ਉੱਤੇ ਵੀ ਅਜਿਹੀ ਚਿੱਤਰਕਲਾ ਸੀ।

ਜਦੋਂ ਮੇਰੀ ਮਾਂ ਪੇਟੀ ਖੋਲ੍ਹ ਕੇ ਉਸ ਵਿੱਚੋਂ ਕੋਈ ਚੀਜ਼ ਕੱਢਦੀ ਤਾਂ ਕਈ ਵਾਰ ਮੈਂ ਤੇ ਵੱਡਾ ਭਰਾ ਉਹਦੇ ਕੋਲ ਹੁੰਦੇ। ਸਾਡੀ ਨਜ਼ਰੇ ਦਾਦੀ ਤੇ ਮਾਂ ਦੇ ਸੂਫ਼ ਦੇ ਕਾਲੇ ਘੱਗਰੇ ਪੈਂਦੇ। ਅਸੀਂ ਉਨ੍ਹਾਂ ਨੂੰ ਫੈਲਾਉਂਦੇ ਤਾਂ ਉਹ ਤੰਬੂਆਂ ਜਿੱਡੇ ਹੁੰਦੇ। ਕਾਨਿਆਂ-ਤੀਲ੍ਹਾਂ ਉੱਤੇ ਰੰਗ-ਬਰੰਗੇ ਧਾਗਿਆਂ ਨਾਲ ਫੁੱਲਕਾਰੀ ਨੁਮਾ ਕਢਾਈ ਵਾਲਾ ਵੱਡਾ ਹੱਥ-ਪੱਖਾ ਦਿਸਦਾ। ਉਸ ਨੂੰ ਕੱਢ ਕੇ ਅਸੀਂ ਵਾਰੋ-ਵਾਰੀ ਝੱਲਦੇ। ਉਹਦੇ ਤਿੰਨਾਂ ਪਾਸਿਆਂ ਉੱਤੇ ਗੁਲਾਬੀ ਕੱਪੜੇ ਦੀ ਝਾਲਰ ਲੱਗੀ ਹੁੰਦੀ ਸੀ। ਡੰਡੇ ਵਾਲੇ ਪਾਸੇ ਉਸ ਦੇ ਐਨ੍ਹ ਗੱਭੇ ਚੌਰਸ ਆਕਾਰ ਵਾਲੀ ਥਾਂ ਬੜੀ ਜੁਗਤ ਨਾਲ ਡੰਡਾ ਹੱਥ ਵਿੱਚ ਫੜਨ ਲਈ ਛੱਡੀ ਹੋਈ ਸੀ। ਜਦੋਂ ਜ਼ੋਰ ਨਾਲ ਝੱਲ ਮਾਰਦੇ ਤਾਂ ਦਲਾਨ ਦੀ ਪੈਰਾਂ ਹੇਠਲੀ ਮਿੱਟੀ ਵੀ ਉਡਣ ਲੱਗ ਪੈਂਦੀ। ਵਿਆਹ ਜਾਂ ਕੱਠ ਵੇਲੇ ਇਹ ਪੱਖਾ ਪਿੰਡ ਦੇ ਕਈ ਘਰਾਂ ਵਿੱਚ ਜਾਂਦਾ। ਕੋਰਿਆਂ ਉੱਤੇ ਪਾਲਾਂ ਵਿੱਚ ਬੈਠੇ ਬਰਾਤੀ ਜਾਂ ’ਕੱਠ ’ਤੇ ਆਏ ਲੋਕ ਇਸਦੀ ਹਵਾ ਮਾਣਦੇ।

ਪੇਟੀ ਦੇ ਕੋਲ ਹੀ ਵੱਡੇ ਮੱਟ, ਘੜੇ, ਤੌੜੀ, ਕੁੱਜੇ, ਵਲ੍ਹਣੀ, ਝੱਕਰੀ ਆਦਿ ਦੀ ਟੇਕਣ ਲੱਗੀ ਹੁੰਦੀ। ਉਨ੍ਹਾਂ ਵਿੱਚ ਭਾਂਤ-ਭਾਂਤ ਦਾ ਅੰਨ, ਗੁੜ, ਸ਼ੱਕਰ, ਦਾਲਾਂ, ਰੋਟੀਆਂ ਦੇ ਸੁਕਾਏ ਟੁਕੜੇ ਬਗੈਰਾ ਹੁੰਦੇ। ਸਭ ਤੋਂ ਉਤਲੇ ਭਾਂਡੇ ਵਿੱਚ ਲੂਣ ਹੁੰਦਾ ਤੇ ਉਹ ਚੱਪਣ ਨਾਲ ਢਕਿਆ ਹੁੰਦਾ। ਇਨ੍ਹਾਂ ਭਾਂਡਿਆਂ ਵਿੱਚੋਂ ਕਿਸੇ ਇੱਕ ਵਿੱਚ ਭਾਈਆ ਦੇਸੀ ਸ਼ਰਾਬ ਦੀ ਬੋਤਲ ਲੁਕੋ ਕੇ ਰੱਖਦਾ। ਜਦੋਂ ਕਦੀ ਉਹ ਹਾੜਾ ਲਾ ਲੈਂਦਾ ਤਾਂ ਆਪਣੀਆਂ ਨਿੱਕੀਆਂ-ਨਿੱਕੀਆਂ ਮੁੱਛਾਂ ਉੱਤੇ ਹੱਥ ਫੇਰਦਾ। ਬੀੜੀ ਪੀਂਦਾ। ਮਾਂ ਨੂੰ ਕਹਿੰਦਾ, “ਤੇਰੀ ਗੱਲ ਸੲ੍ਹੀ ਆ ਪਈ ਦਿਨ ਫਿਰ ਜਾਣੇ ਆ। ਤਖੜੇ ਹੋ ਕੇ ਇਨ੍ਹਾਂ ਨੇ ਆਪੇ ਈ ਚੱਕਣ ਚੱਕ ਲੈਣਾ। ਸੀਬੋ, ਮੈਂ ਧਰਮੋ-ਧਰਮੀ ਕੲ੍ਹੀਨਾ ਪਈ ਤੇਰੀਆਂ ਗੱਲਾਂ ਨਾ ਮੇਰਾ ਧਜਾ ਬੱਝ ਜਾਂਦਾ।”

ਪੇਟੀ ਨਾਲ ਹੀ ਇੱਕ ਕੱਚੀ ਕੋਠੀ ਸੀ ਜਿਸ ਵਿੱਚ ਕਿੰਨਾ ਹੀ ਨਿਕਸੁਕ ਪਿਆ ਹੁੰਦਾ। ਕੋਠੀ ਦੀ ਗਹੀ ਵਿੱਚ ਦਾਦੀ ਪਿੰਡ ਦੀਆਂ ਜੱਟੀਆਂ ਤੋਂ ਮਿਲਿਆ ਗੁੜ, ਸ਼ੱਕਰ ਜਾਂ ਰਾਬ ਦੀ ਭਰੀ ਕੌਲੀ ਰੱਖਦੀ ਤੇ ਇਸਦੀ ਨਿੱਕੀਆਂ ਤਾਕੀਆਂ ਵਾਲੀ ਕੁੰਡੀ ਨੂੰ ਵੱਡਾ ਜਿੰਦਾ ਮਾਰ ਕੇ ਕੁੰਜੀ ਆਪਣੇ ਦੁਪੱਟੇ ਦੇ ਲੜ ਬੰਨ੍ਹ ਲੈਂਦੀ। ਕਈ ਵਾਰ ਉਹ ਦੀਵੇ ਦੀ ਲੋਅ ਨਾਲ ਕੋਠੀ ਵਿੱਚੋਂ ਚੀਜ਼ਾਂ ਟੋਹਲਦੀ।

ਕੋਠੀ ਦੇ ਹੇਠਾਂ ਅਤੇ ਉੱਤੇ ਭਾਈਏ ਦਾ ਜੁੱਤੀਆਂ ਬਣਾਉਣ ਵਾਲਾ ਸਮਾਨ ਹੁੰਦਾ ਜਿਸ ਵਿੱਚ ਕਵਾਈ, ਕਲਬੂਤ, ਰੰਬੀ, ਕੁੰਡੀ, ਫ਼ਰਮੇ, ਜਮੂਰ ਤੇ ਹਥੌੜੀ ਸੀ। ਮੈਂ ਕਈ ਵਾਰ ਇਨ੍ਹਾਂ ਸੰਦਾਂ ਨਾਲ ਖੇਡਦਾ। ਭਾਈਆ ਝਈ ਜਿਹੀ ਲੈ ਕੇ ਇਨ੍ਹਾਂ ਨੂੰ ਮੇਰੇ ਕੋਲੋਂ ਖੋਂਹਦਾ ਤੇ ਗਾਲ੍ਹਾਂ ਕੱਢਦਾ। ਇਹ ਸੰਦ ਸਾਡੇ ਕੋਲੋਂ ਕਈ ਗਵਾਂਢੀ ਜੱਟ ਤੇ ਝੀਰ ਮੰਗ ਕੇ ਲੈ ਜਾਂਦੇ। ਉਹ ਕਿੱਲ, ਮੇਖਾਂ ਖੁਰੀਆਂ ਆਪੇ ਹੀ ਠੋਕ-ਜੜ ਲੈਂਦੇ।

“ਜੇ ਮੈਂ ਉਦੋਂ ਭਾਈਏ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਤੋਂ ਲਹੌਰ ਵਿੱਚ ਪੂਰਾ ਕੰਮ ਸਿੱਖ ਲਈਂਦਾ ਤਾਂ ਕਾਰੀਗਰ ਬਣ ਜਾਣਾ ਸੀ। ਸ਼ੈਹਰ ਵਿੱਚ ਕਿਸੇ ਦਰਖਤ ਹੇਠਾਂ ਬਹਿ ਕੇ ਪੈਹੇ ਰੋਲੀ ਜਾਣੇ ਸੀ - ਹੁਣ ਮਾਂਗੂੰ ਜੱਟਾਂ ਦਾ ਅੱਝਾ ਤਿਨਾ (ਤਾਂ ਨਾ) ਹੁੰਦਾ।” ਇਨ੍ਹਾਂ ਸੰਦਾਂ ਨੂੰ ਦੇਖ ਭਾਈਆ ਆਪਣੀ ਦਾਸਤਾਨ ਕਿਸੇ ਵਿਗੋਚੇ ਵਾਂਗ ਸ਼ੁਰੂ ਕਰ ਲੈਂਦਾ।

ਕੋਠੀ ਦੇ ਮੋਹਰੇ ਇੱਕ ਨੁੱਕਰ ਵਿੱਚ ਚੱਕੀ ਹੁੰਦੀ ਸੀ। ਜਦ ਮੈਂ ਨਿੱਕਾ ਜਿਹਾ ਸੀ ਤਾਂ ਮੇਰੀ ਮਾਂ ਇਸ ’ਤੇ ਸਾਰੇ ਟੱਬਰ ਲਈ ਆਟਾ ਪੀਂਹਦੀ। ਨਾਲੇ ਗਾਉਂਦੀ:

ਪੁੱਤਾਂ ਨੂੰ ਦਿੰਦਾ ਬਾਬਲ ਮੈਲ੍ਹ ਤੇ ਮਾੜੀਆਂ,
ਧੀਆਂ ਨੂੰ ਦਿੰਦਾ ਦੇਸ ਪਰਾਏ,
ਬੇ ਮੇਰੇ ਧਰਮੀਆਂ ਬਾਬਲਾ।

ਉਹ ਆਪਣੇ ਨਵੇਂ ਜਣੇਪੇ ਤੋਂ ਪਹਿਲਾਂ ਹੀ ਆਪਣੇ ਲਈ ਸੌਂਫ਼, ਸੁੰਢ, ਛੋਲੇ, ਕਣਕ ਤੇ ਹੋਰ ਚੀਜ਼ਾਂ ਪੀਹ ਕੇ ਰੱਖ ਲੈਂਦੀ। ਬਾਅਦ ਵਿੱਚ ਭਾਈਆ ਉਨ੍ਹਾਂ ਨੂੰ ਭੁੰਨ ਕੇ ਦੇਸੀ ਘਿਓ ਵਿੱਚ ਰਲਾਉਂਦਾ - ਇਸ ਨੂੰ ਅਸੀਂ ਗਜਾ ਕਹਿੰਦੇ। ਉੱਪਰੋਥਲੀ ਜੰਮੀਆਂ ਮੇਰੀਆਂ ਭੈਣਾਂ ਤੇ ਭਰਾ ਦੇ ਜਨਮਾਂ ਵੇਲੇ ਇਹ ਖੁਰਾਕ ਖਾਣ ਨੂੰ ਮੇਰਾ ਵੀ ਦਾਅ ਲੱਗਾ ਰਹਿੰਦਾ।

ਗਰਮੀਆਂ ਦੀ ਇੱਕ ਸਿਖਰ ਦੁਪਹਿਰ ਨੂੰ ਭਾਈਆ ਕਿਸੇ ਜੱਟ ਦੇ ਖੇਤ ਵਿੱਚ ਅੱਧੀ ਦਿਹਾੜੀ ਲਾ ਕੇ ਘਰ ਆਇਆ। ਉਹਦੇ ਖੱਬੇ ਮੋਢੇ ਉੱਤੇ ਸਾਫ਼ਾ ਲਮਕਦਾ ਸੀ ਤੇ ਉਹਦੇ ਉੱਤੇ ਕਹੀ ਸੀ। ਮਾਂ ਮੰਜੇ ਉੱਤੇ, ਸ਼ਾਹ ਕੁ ਵੇਲੇ ਜੰਮੀ ਮੇਰੀ ਦੂਜੀ ਛੋਟੀ ਭੈਣ ਨਾਲ ਲੰਮੀ ਪਈ ਹੋਈ ਸੀ ਤੇ ਮੱਥੇ ਦੁਆਲੇ ਦੁਪੱਟਾ ਲਪੇਟਿਆ ਹੋਇਆ ਸੀ। ਮੈਂ ਕੋਲ ਖੇਡ ਰਿਹਾ ਸੀ। ਭਾਈਏ ਨੇ ਦਲਾਨ ਵਿੱਚ ਵੜਦਿਆਂ ਹੀ ਅੱਖ ਨਾਲ ਇਸ਼ਾਰਾ ਕਰਦਿਆਂ ਤੇ ਮੂੰਹੋਂ ਬੋਲ ਕੇ ਪੁੱਛਿਆ, “ਕੀ ਹੋਇਆ?”

“ਕੁੜੀ?” ਮਾਂ ਨੇ ਦੱਸਿਆ।

”ਦੁਰ ਫਿਟੇ ਮੂੰਹ ਤੇਰੇ।”

“ਮੁੰਡਾ ਜੰਮਣਾ ਮੇਰੇ ਬੱਸ ਦੀ ਗੱਲ ਆ ਭਲਾ।” ਮਾਂ ਨੇ ਬੇਵਸੀ ਵਰਗੀ ਗੱਲ ਕੀਤੀ। ਮੈਂਨੂੰ ਲੱਗਿਆ ਕਿ ਭਾਈਆ ਐਤਕੀਂ ਮੁੰਡੇ ਦੀ ਆਸ ਰੱਖਦਾ ਸੀ। ਉਹਨੇ ਕਹੀ ਹੇਠਾਂ ਰੱਖੀ ਤੇ ਕਾਹਲੀ ਨਾਲ ਖੁਰੇ ਵੱਲ ਨੂੰ ਹੱਥ-ਮੂੰਹ ਧੋਣ ਚਲਾ ਗਿਆ। ਪਰ ਮੈਂਨੂੰ ਰੂੰ ਵਰਗੀਆਂ ਨਰਮ ਛੋਟੀਆਂ ਦੋਵੇਂ ਭੈਣਾਂ ਚੰਗੀਆਂ ਲਗਦੀਆਂ। ਮੈਂ ਉਨ੍ਹਾਂ ਨੂੰ ਕਦੀ ਕੁੱਛੜ ਚੁੱਕਦਾ ਤੇ ਕਦੀ ਕੰਧੇੜੀ। ਲਾਡ ਕਰਦਾ ਤੇ ਗੁਦਗੁਦੀਆਂ ਕੱਢਦਾ। ਛੀ-ਛੀ ਕਰਕੇ ਹਸਾਉਂਦਾ। ਉਹ ਵੀ ਅੱਗੋਂ ਹੁੰਗਾਰੇ ਭਰਦੀਆਂ। ਮੈਂ ਉਨ੍ਹਾਂ ਨੂੰ ਝੂਟੇ ਦੇਣ ਲਈ ਉਤਾਵਲਾ ਰਹਿੰਦਾ।

ਮਾਂ ਨੇ ਜਦੋਂ ਲੀੜਾ-ਕੱਪੜਾ, ਪੋਤੜਾ ਜਾਂ ਚੁੱਲ੍ਹੇ-ਚੌਂਕੇ ਵਿੱਚ ਕੋਈ ਕੰਮ ਕਰਨਾ ਹੁੰਦਾ ਤਾਂ ਦਲਾਨ ਅੰਦਰ ਹਮੇਸ਼ਾ ਡੱਠੇ ਰਹਿੰਦੇ ਆਪਣੇ ਦਾਜ ਵਾਲੇ ਵੱਡੇ ਮੰਜੇ ਦੀ ਬਾਹੀ ਨਾਲ ਆਪਣੇ ਦੁਪੱਟੇ ਜਾਂ ਪਰਨੇ ਦੀ ਝੋਲੀ ਬਣਾਉਂਦੀ। ਉਹ ਮੇਰੀ ਨਵ-ਜੰਮੀ ਨਿੱਕੀ ਭੈਣ ਨੂੰ ਉਹਦੇ ਵਿੱਚ ਪਾ ਦਿੰਦੀ। ਮੈਂਨੂੰ ਕਹਿੰਦੀ, “ਪੁੱਤ, ਇਹਨੂੰ ਝੂਟੇ ਦਈਂ - ਰੋਬੇ ਨਾ। ਮੈਂ ਦਾਲ ਰਿੰਨ੍ਹਣੀ ਧਰ ਦਿਆਂ - ਨਾਲੇ ਖੂਹ ’ਚੋਂ ਦੋ ਡੋਲ ਪਾਣੀ ਦੇ ਭਰ ਲਿਆਮਾਂ।”

ਮੇਰੀ ਮਾਂ ਨੂੰ ਮੇਰੀ ਤੀਜੀ ਭੈਣ ਜੰਮਣ ਮਗਰੋਂ ਸੂਤਕੀ ਤਾਪ ਚੜ੍ਹ ਗਿਆ ਜੋ ਹੌਲੀ ਹੌਲੀ ਮਿਆਦੀ ਬੁਖ਼ਾਰ ਵਿੱਚ ਬਦਲ ਗਿਆ। ਉਹਦੇ ਸਿਰ ਦੇ ਵਾਲ ਝੜਨ ਲੱਗ ਪਏ ਤੇ ਡੇਢ ਕੁ ਮਹੀਨੇ ਵਿੱਚ ਬਾਹਲੇ ਹੀ ਵਿਰਲੇ ਹੋ ਗਏ। ਫਿਰ ਗੰਜ ਪੈ ਗਿਆ। ਉਹ ਸਿਰ ’ਤੇ ਦੁਪੱਟਾ ਜਾਂ ਪਰਨਾ ਬੰਨ੍ਹ ਕੇ ਰੱਖਦੀ। ਉਹਦੇ ਲਿੱਸੇ ਸਰੀਰ ਕਾਰਣ ਮੂੰਹ ਤੇ ਅੱਖਾਂ ਡਰਾਉਣੇ ਜਿਹੇ ਹੋ ਗਏ। ਬੁਖ਼ਾਰ ਟੁੱਟਣ ਵਿੱਚ ਨਹੀਂ ਆ ਰਿਹਾ ਸੀ। ਸਿਆਣੀਆਂ ਬੁੜ੍ਹੀਆਂ ਆਉਂਦੀਆਂ, ਪੁੱਛਦੀਆਂ, “ਗੰਗੋ (ਦਾਈ) ਕੀ ਕਹਿੰਦੀ ਆ ਠਾਕਰਾ? ਜਿੱਦਾਂ ਦੱਸਦੀ ਆ, ਉੱਦਾਂ ਈ ਓਹੜ-ਪੋਹੜ ਕਰੀ ਜਾਹ।”

ਭਾਈਆ ਸਾਡੇ ਵਿੱਚੋਂ ਕਿਸੇ ਨੂੰ ਕਹਿੰਦਾ, “ਹਾਅ ਮੂੜ੍ਹਾ ਚਾਚੀ ਨੂੰ ਦੇਹ।” ਬਾਸਮਤੀ ਦੀ ਪਰਾਲੀ ਦੇ ਮੂੜ੍ਹੇ ਉਹ ਆਪੇ ਹੀ ਚੌਰਸ ਜਾਂ ਗੋਲਾਕਾਰ ਵਿੱਚ ਬਣਾ ਲੈਂਦਾ। ਪਹਿਲਾਂ ਉਹ ਪਰਾਲੀ ਛਾਂਟ ਕੇ ਇਸਦੀਆਂ ਮੀਢੀਆਂ ਗੁੰਦਦਾ ਹੁੰਦਾ ਸੀ।

“ਕਧਾਲੇ (ਕੰਧਾਲਾ ਜੱਟਾਂ) ਆਲੇ ਚਰੰਜੀ ਲਾਲ (ਮਸ਼ਹੂਰ ਹਕੀਮ) ਕੋਲ ਕਰੂਰਾ ਲੈ ਕੇ ਗਿਆ ਸੀ ਪਰਸੋਂ। ਕਹਿੰਦਾ ਮਾਤਾ ਨਿੱਕਲ ਆਈ ਆ। ਅਸੀਂ ਤਾਂ ਪਹਿਲਾਂ ਤੇਈਆ ਤਾਪ ਈ ਸਮਝਦੇ ਸੀ।” ਭਾਈਆ ਖ਼ਬਰ ਪੁੱਛਣ ਆਏ ਬੰਦੇ-ਤੀਵੀਆਂ ਨੂੰ ਦੱਸਦਾ। ਉਹਦਾ ਮੂੰਹ ਫ਼ਿਕਰ ਨਾਲ ਲੱਥ ਜਿਹਾ ਜਾਂਦਾ।

ਹਜੇ (ਅਜੇ) ਤਾਂ ਛੋਟਾ-ਛੋਟਾ ਜੀਆ-ਜੰਤ ਆ ਭਾਈ, ਰੱਬ ’ਰਾਮ ਦੇਬੇ, ਸੀਬੋ ਹੌਸਲਾ ਰੱਖ। ਦੇਹ ਨੂੰ ਰੋਗ ਲਗਦੇ ਈ ਰਹਿੰਦੇ ਆ - ਤਖੜੀ ਹੋ, ਉੱਠ ਕੇ ਨਿਆਣੇ ਸਮ੍ਹਾਲ।” ਮੁਹੱਲੇ ਦੀ ਕੋਈ ਸਿਆਣੀ ਬੁੜ੍ਹੀ ਆਪਣੀ ਪਾਟੀ ਸਲਵਾਰ ਨੂੰ ਸੁਆਰਦੀ, ਜਿਸ ਥਾਣੀਂ ਉਹਦੇ ਕਾਲੇ ਗੋਡੇ ਉਹਦੇ ਮੈਲ਼ੇ ਲੀੜਿਆਂ ਨਾਲ ਮੇਲ ਖਾਂਦੇ ਦਿਸਦੇ।

ਬਜ਼ੁਰਗ ਤੀਵੀਆਂ ਮੇਰੀ ਮਾਂ ਤੇ ਭਾਈਏ ਨੂੰ ਦਿਲਾਸਾ ਦਿੰਦੀਆਂ ਤੇ ਮੱਤ ਵੀ। ਉੱਠਣ ਲੱਗੀਆਂ ਅਸੀਸਾਂ ਦਿੰਦੀਆਂ, “'ਠਾਕਰਾ ਓਦਰ ਨਾ, ਰੱਬ ਭਲੀ ਕਰੂਗਾ। ਜੇ ਮਾਤਾ ਤਾਂ ਰੱਖ-ਫਰਬੇਜ (ਪ੍ਰਹੇਜ਼) ਰੱਖ।” ਉਨ੍ਹਾਂ ਦੇ ਜਾਣ ਮਗਰੋਂ ਭਾਈਆ ਹੱਥ ਮਲ਼ਦਾ ਹੋਇਆ ਕਹਿੰਦਾ, “ਰੱਬ ਸਾਲਾ ਬੀ ਸਾਡਾ ਇਮਥਿਆਨ ਲੈਣ ’ਤੇ ਹੋਇਆ ਆ। ਪਤਾ ਨਹੀਂ ਇਹ ਦਲਿੱਦਰ ਕਦੋਂ ਤਾਈਂ ਰਹਿਣਾ। ਦਿਹਾੜੀ-ਢੱਪੇ ਤੋਂ ਬੀ ਘਰ ਬਹਿ ਗਿਆਂ। ਕਿੰਨਾ ਕੁ ਚਿਰ ਅਧਾਰ (ਉਧਾਰ) ਫੜ ਫੜ ਬੁੱਤਾ ਲਾਈ ਜਾਮਾ।”

ਕਦੀ ਕਹਿੰਦਾ, “ਸੀਬੋ ਅਉਖੀ-ਸਉਖੀ ਝੱਗੇ ਨੂੰ ਦੋ ਤੋਪੇ ਤਾਂ ਲਾ ਦੇ - ਦੇਖ ਕਿੱਡਾ ਲਗਾਰ ਆ ਗਿਆ - ਪਸੀਨੇ ਨਾਲ ਖੱਦਾ ਹੋ ਹੋ।”

ਓਧਰ ਅਸੀਂ, ਆਪਣੀ ਭੈਣ ਨੂੰ ਦੁੱਧ ਚਮਚਿਆਂ ਨਾਲ ਪਿਆ ਕੇ ਖ਼ੁਸ਼ ਹੁੰਦੇ। ਉਹ ਕਿਲਕਾਰੀਆਂ ਮਾਰਦੀ। ਭਾਈਆ ਹੱਸ ਕੇ ਮਾਂ ਨੂੰ ਦੱਸਦਾ, “ਦੇਖ ਸੀਬੋ, ਬੱਕਰੀ ਦਾ ਦੁੱਧ ਪੀ-ਪੀ ਕਿੱਦਾਂ ਫਿੱਟਦੀ ਜਾਂਦੀ ਆ।”

“ਐਮੀਂ ਨਜ਼ਰ ਨਾ ਲਾ ਦਈਂ - ਖਨੀ ਇਸੇ ਧੀ-ਧਿਆਣੀ ਕਰ ਕੇ ਮੇਰੀ ਜਾਨ ਬਚ ਚੱਲੀ ਆ।” ਮਾਂ ਮੁਸਕਰਾ ਕੇ ਹੌਲੀ ਦੇਣੀ ਬੋਲਦੀ।

ਜਦੋਂ ਮੇਰੀ ਇਹ ਭੈਣ ਪੰਜ-ਛੇ ਸਾਲ ਦੀ ਹੋਈ ਤਾਂ ਇੱਕ ਦਿਨ ਉਹ ਸਿਰ ਵਿੱਚ ਖਨੂਹਾ ਫੇਰੀ ਜਾਵੇ। ਮਾਂ ਨੇ ਸੋਚਿਆ ਜੂੰਆਂ ਪੈ ਗਈਆਂ। ਉਸ ਨੇ ਉਹਦੇ ਵਾਲਾਂ ਵਿੱਚ ਬਰੀਕ ਕੰਘੀ ਫੇਰੀ ਤਾਂ ਉਨ੍ਹਾਂ ਦੀ ਫੋਲ-ਫਲਾਈ ਕੀਤੀ। ਕੁਝ ਨਾ ਦਿਸਿਆ। ਹਲਕੇ ਜਿਹੇ ਬੁਖ਼ਾਰ ਦੌਰਾਨ ਵੀ ਕੋਸੇ ਪਾਣੀ ਨਾਲ ਉਹਦੇ ਸਿਰ ਦੇ ਵਾਲ ਧੋਤੇ। ਸਿਰ ਦੇ ਗੱਭੇ ਥੋੜ੍ਹਾ ਕੁ ਥਾਂ ਖੁਸ਼ਕ ਤੇ ਫੁੱਲਿਆ ਹੋਇਆ ਸੀ। ਮਾਂ ਨੇ ਉੱਥੇ ਹੱਥ ਲਾਇਆ ਤਾਂ ਉਹ ਪਿਲਪਿਲ ਕਰ ਰਿਹਾ ਸੀ। ਚਾਣਚੱਕ ਨਹੁੰ ਲੱਗਣ ਦੀ ਦੇਰ ਸੀ ਕਿ ਮਾਂ ਨੇ ਘਬਰਾਈ ਜ਼ਬਾਨ ਵਿੱਚ ਭਾਈਏ ਨੂੰ ਉੱਚੀ ਦੇਣੀ ਆਵਾਜ਼ ਮਾਰੀ, “ਹਈਥੇ ਕੀ ਕਰਦਾਂ! ਮੈਂ ਹਾਕਾਂ ਮਾਰੀ ਜਾਨੀ ਆਂ!”

“ਕੀ ਕਹਾਰੀ ਆ ਗਈ ਤਈਨੂੰ?” ਭਾਈਏ ਨੇ ਅੰਦਰੋਂ ਕਿਹਾ।

“ਕੁੜੀ ਦੇ ਸਿਰ ਵਿੱਚ ਤਾਂ ਕੀੜੇ ਕੁਰਬਲ-ਕੁਰਬਲ ਕਰਦੇ ਆ?” ਇਹ ਸੁਣ ਕੇ ਅਸੀਂ ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਸਿਰ ਦੇਖਿਆ ਕਿ ਅੰਗੂਠੇ ਦੀ ਦਾਬ ਜਿੰਨਾ ਥਾਂ ਚਿੱਟੇ ਮੋਟੇ-ਲੰਮੇ ਕੀੜਿਆਂ ਨਾਲ ਭਰਿਆ ਪਿਆ ਸੀ ਤੇ ਦੋ ਕੁ ਬਾਹਰ ਵੀ ਨਿੱਕਲ ਆਏ ਸਨ। “ਛੇਤੀ ਨਾ ਪਾਣੀ ਤੱਤਾ ਕਰ।” ਭਾਈਏ ਨੇ ਮਾਂ ਨੂੰ ਆਖਿਆ।

ਭਾਈਏ ਨੇ ਗਰਮ ਪਾਣੀ ਨਾਲ ਬਲਜਿੰਦਰ ਦਾ ਸਿਰ ਧੋਤਾ। ਮਾਂਜੇ ਦੀ ਤੀਲ ਨਾਲ ਕੀੜੇ ਕੱਢੇ, ਜੋ ਇੱਕ ਚਿੱਟੇ ਬਰੀਕ ਜਿਹੇ ਤੰਤੂ-ਜਾਲ ਵਿੱਚ ਫਸੇ ਹੋਏ ਸਨ। ਫਿਰ ਭਾਈਏ ਨੇ ਡਾਕਟਰ ਵਾਂਗ ਮੈਂਨੂੰ ਹੁਕਮ ਕੀਤਾ, “ਗੁੱਡ, ਔਹ ਆਲੇ ’ਚੋਂ ਫਰਨੈਲ (ਫਿਨੈਲ) ਦੀ ਬੋਤਲ ਚੱਕ ਲਿਆ ਜਿਹਦੇ ਨਾਲ ਗਾਂ ਦੀ ਪਛਾੜੀ ਦੇ ਕੀੜੇ ਧੋਈਦੇ ਆ।”

“ਕੋਈ ਅਕਲ ਕਰ, ਇਹਨੂੰ ਭੋਗਪੁਰ ਲੈ ਜਾ।” ਭਾਈਏ ਨੂੰ ਮਾਂ ਨੇ ਸਲਾਹ ਦਿੱਤੀ।

ਭਾਈਆ ਬਲਜਿੰਦਰ ਨੂੰ ਸਾਇਕਲ ’ਤੇ ਬਿਠਾ ਕੇ ਮੋਗਾ ਸੋਕੜਾ ਫਾਰਮੇਸੀ ਵਾਲਿਆਂ ਦੇ ਪੱਟੀ ਕਰਵਾਉਣ ਚਲਾ ਗਿਆ।

ਬਾਅਦ ਵਿੱਚ ਮੈਂ ਆਪਣੀ ਇਸ ਭੈਣ ਨੂੰ ਪੱਟੀ ਕਰਾਉਣ ਲਈ ਲਿਜਾਂਦਾ ਰਿਹਾ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹਿੰਦੀ ਜਦੋਂ ਡਾਕਟਰ ਕੀੜਿਆਂ ਵਾਲੀ ਥਾਂ ਹੋਈ ਮੋਰੀ ਵਿੱਚ ਦਵਾਈ ਲੱਗੀਆਂ ਡੇਢ-ਦੋ ਪੱਟੀਆਂ ਕੈਂਚੀ-ਚਿਮਟੀ ਨਾਲ ਧੱਕ ਦਿੰਦਾ। ਹਰੇਕ ਤੀਜੇ ਦਿਨ ਪੱਟੀ ਕਰਾਉਣ ਦੇ ਬਾਵਜੂਦ ਜ਼ਖਮ ਭਰਨ ਨੂੰ ਮਹੀਨਾ ਲੱਗ ਗਿਆ। ਜਦੋਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਤਾਂ ਮਾਂ ਨੇ ਸ਼ਾਹ ਰੌਸ਼ਨ ਵਲੀ (ਪਿੰਡ ਤੋਂ ਇੱਕ ਕਿਲੋਮੀਟਰ ਲਹਿੰਦੇ ਪਾਸੇ ਨੂੰ ਇੱਕ ਮੁਸਲਮਾਨ ਫ਼ਕੀਰ ਦਾ ਰੌਜ਼ਾ) ਦੇ ਰੋੜੇ (ਭੁੰਨੀ ਹੋਈ ਕਣਕ ਵਿੱਚ ਰਲਾਇਆ ਗੁੜ) ਚੜ੍ਹਾ ਕੇ ਸੁੱਖਣਾ ਲਾਹੀ।

ਬਰਸਾਤਾਂ-ਸਿਆਲਾਂ ਨੂੰ ਅਸੀਂ ਦਲਾਨ ਵਿੱਚ ਸੌਂਦੇ। ਕੋਠੜੀ-ਦਲਾਨ ਵਾਲੀ ਗਭਲੀ ਕੰਧ ਵਿਚਲੇ ਆਲੇ ਵਿੱਚ ਰੱਖੇ ਦੀਵੇ ਦੀ ਲੋਅ ਵਿੱਚ ਅਸੀਂ ਦੋਵੇਂ ਭਰਾ ਪੜ੍ਹਦੇ - ਇੱਕ ਮੰਜੇ ’ਤੇ ਸੌਂਦੇ। ਇੱਕ ਵਾਰ ਦੀਵਾਲੀ ਤੋਂ ਪੰਜ-ਸੱਤ ਦਿਨ ਬਾਅਦ ਰਾਤ ਨੂੰ ਜਦੋਂ ਵੱਡਾ ਭਰਾ ਪੜ੍ਹ ਰਿਹਾ ਸੀ ਤੇ ਮੇਰੇ ਹੁੱਝਾਂ ਮਾਰੀ ਜਾਵੇ। ਉਹ ਮੂੰਹੋਂ ਕੁਝ ਨਾ ਬੋਲੇ। ਮੈਂ ਫਿਰ ਸੌਂ ਜਾਂਦਾ। ਅਖੀਰ ਉਸ ਨੇ ਵੱਟ ਕੇ ਚਪੇੜ ਮਾਰੀ ਤੇ ਹੌਲੀ ਦੇਣੀ ਬੋਲਿਆ, “ਔਹ ਦੇਖ ਸੱਪ, ਰੋਸ਼ਨਦਾਨ ਥਾਣੀਂ ਆਇਆ।” ਅਸੀਂ ਤ੍ਰਭਕ ਗਏ - ਪਰ ਮੰਜੇ ਤੋਂ ਨਾ ਉੱਤਰੇ। ਉਸ ਕਾਲੀ ਸ਼ਾਹ ਚਮਕਦੀ ਖੱਲ ਵਾਲੇ ਫ਼ਨੀਅਰ ਨਾਗ ਨੇ ਆਪਣੀ ਪੂਛ ਦਾ ਵਲ ਕਲੰਡਰ ਲਮਕਾਉਣ ਲਈ ਗੱਡੇ ਕਿੱਲ ਨਾਲ ਪਾਇਆ ਹੋਇਆ ਸੀ। ਉਹ ਆਪਣੇ ਚੌੜੇ ਫੰਨ ਨਾਲ ਕਿੰਨਾ ਸਾਰਾ ਕੰਧ ਤੋਂ ਅਗਾਂਹ ਖਿਲਾਅ ਵਿੱਚ ਆ ਜਾਂਦਾ। ਜ਼ਰਾ ਕੁ ਪਿੱਛੋਂ ਉਹ ਭੁੰਜੇ ਉੱਤਰ ਆਇਆ। ਅਸੀਂ ਇੱਕ ਦੂਜੇ ਨਾਲ ਜੁੜ ਗਏ। ਫਿਰ ਉਹ ਫ਼ੁਰਤੀ ਨਾਲ ਕੋਠੜੀ ਵਿੱਚ ਵੜ ਗਿਆ। ਅਸੀਂ ਭਾਈਏ ਹੋਰਾਂ ਨੂੰ ਜਗਾਇਆ। ਅਜੇ ਪਸ਼ੂ ਅੰਦਰ ਬੰਨ੍ਹਣੇ ਸ਼ੁਰੂ ਨਹੀਂ ਕੀਤੇ ਸਨ।

ਸਾਡੀ ਹਫ਼ੜਾ-ਤਫ਼ੜੀ ਤੇ ਉੱਚੇ ਬੋਲਾਂ ਨੂੰ ਸੁਣ ਕੇ ਆਲੇ-ਦੁਆਲੇ ਦੇ ਜੀਅ ਉੱਠ ਪਏ। ਤਾਇਆਂ ਦੇ ਪੁੱਤ ਵੀ ਆ ਗਏ। ਉਨ੍ਹਾਂ ਕੋਠੜੀ ਵਿੱਚੋਂ ਸਾਰਾ ਨਿਕਸੁਕ ਤੇ ਪਾਥੀਆਂ ਨੂੰ ਕੱਢ ਕੇ ਵਿਹੜੇ ਵਿੱਚ ਰੱਖ ਦਿੱਤਾ। ਉਹ ਸੱਪ ਨੂੰ ਬਚ-ਬਚ ਟੋਲਦੇ, ਛੱਤ ਦੀਆਂ ਕੜੀਆਂ ਵਿੱਚ ਡਾਂਗਾਂ ਮਾਰ-ਮਾਰ ਜਾਚਦੇ। ਬਾਂਸਾਂ ਦੀਆਂ ਕੜੀਆਂ ਵਿੱਚ ਡੰਡੇ ਪਾ ਪਾ ਦੇਖਦੇ ਕਿ ਇਨ੍ਹਾਂ ਦੀਆਂ ਖਾਲੀ ਪੋਰਾਂ ਵਿੱਚ ਨਾ ਵੜ ਗਿਆ ਹੋਵੇ। ਪਰ ਕੁਝ ਵੀ ਪਤਾ ਨਾ ਲੱਗਾ ਕਿ ਸੱਪ ਗਿਆ ਕਿੱਧਰ!

ਵਿਹੜੇ ਵਿੱਚ ਕਿਸੇ ਨੇ ਕਿਹਾ, “ਮੁੰਡਿਆਂ ਨੂੰ ਭੁਲੇਖਾ ਲੱਗ ਗਿਆ ਲਗਦਾ।”

ਕੋਈ ਕਹਿੰਦਾ, “ਹੁਣ ਇੰਨੇ ਨਿਆਣੇ ਥੋੜ੍ਹੇ ਆ - ਨਾਲੇ ਦੀਵਾ ਜਗਦਾ ਸੀ।”

ਕਿਸੇ ਨੇ ਕਿਹਾ, “ਬਈ ਸਾਰੀ ਧਰਤੀ ਇਨ੍ਹਾਂ ਦੀ ਆ, ਨਾਲੇ ਧਰਤੀ ਬਿਹਲ ਦੇ ਦਿੰਦੀ ਆ ਇਨ੍ਹਾਂ ਨੂੰ - ਫੇ ਬੀ ਸਰਦਲ ਮੋਹਰੇ ਸੁਆਹ ਛਾਣ ਦਿਓ ਤੇ ਗੁੱਗਲ ਧੁਖਾ ਦਿਓ - ਆਪੇ ਈ ਸਬੇਰ ਨੂੰ ਪਤਾ ਲੱਗ ਜਾਊ ਜੇ ਲੀਕ ਲੱਗ ਗਈ ਤਾਂ, ਕਿਉਂ ਠਾਕਰਾ?”

ਸੁਆਹ ਛਾਨਣ ਮਗਰੋਂ ਭਾਈਏ ਨੇ ਦੋ ਟੁੱਕ ਕਿਹਾ, “ਆਹ ਅੱਧੇ ਗੁਰਦੁਆਰੇ ਵਿੱਚ ਤਾਂ ਬਣ ਚੜ੍ਹਿਆ ਆ। ਜਿੰਨਾ ਚਿੱਕਰ ਕੇੜਿਆਂ, ਅੱਕੜਿਆਂ, ਠੋਹਰਾਂ, ਬਾਂਸਾਂ, ਝਾੜ-ਬੂਝੇ ਦੇ ਕਸੁੱਸਰ ਦਾ ਬਢਾਂਗਾ ਨਹੀਂ ਹੁੰਦਾ ਉੰਨਾ ਚਿੱਕਰ ਇੱਦਾਂ ਈ ਰਹਿਣੀ ਆ“ ਹਾਅ ਦੇਖੀ ਨਹੀਂ ਗਲੋ ਕਿੱਦਾਂ ਮੱਲੀਊ ਆ।” ਗੁਰਦੁਆਰੇ ਦੇ ਵਗਲੇ ਵਜੋਂ ਕੰਡਿਆਲੇ ਪੌਦਿਆਂ ਤੇ ਰੁੱਖਾਂ ਦੀ ਵਾੜ ਕੀਤੀ ਹੋਈ ਸੀ। ਦਰਅਸਲ, ਇਹ ਵਾੜ ਸਹਿਆਂ, ਸੱਪਾਂ, ਗੋਹਾਂ, ਨਿਓਲਿਆਂ ਆਦਿ ਦੀ ਵੱਡੀ ਪਨਾਹਗਾਹ ਸੀ। ਰਾਜਪੁਰ (ਮਾਧੋਪੁਰ ਤੋਂ ਲਹਿੰਦੇ ਵੱਲ ਨੂੰ ਛੇ ਕਿਲੋਮੀਟਰ ਦੇ ਫ਼ਾਸਲੇ ਉੱਤੇ ਜ਼ਿਲ੍ਹਾ ਜਲੰਧਰ ਦਾ ਪਿੰਡ) ਦੇ ਸਾਂਸੀ ਆਪਣੇ ਸ਼ਿਕਾਰੀ, ਲੰਡੇ, ਖੰਡੇ ਤੇ ਸਾਧਾਰਣ ਕੁੱਤਿਆਂ ਦੀ ਫ਼ੌਜ ਨਾਲ ਆਉਂਦੇ। ਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ-ਕੁਦਾਲੀਆਂ ਹੁੰਦੀਆਂ। ਉਹ ਫ਼ੁਰਤੀ ਨਾਲ ਸ਼ਿਕਾਰ ’ਤੇ ਝਪਟਣ ਲਈ ਕੁੱਤਿਆਂ ਨੂੰ ਸ਼ਸ਼ਕੇਰਦੇ। ਮੂੰਹੋਂ ਹਿਲ੍ਹਾ-ਹਿਲ੍ਹਾ ਕਹਿੰਦੇ ਤੇ ਵੱਖ-ਵੱਖ ਆਵਾਜ਼ਾਂ ਕੱਢਦੇ। ਹਾਲਾ-ਲਾਲਾ ਮਚਾਉਂਦੇ। ਪਲਾਂ ਵਿੱਚ ਹੀ ਉਨ੍ਹਾਂ ਵਿੱਚੋਂ ਕਿਸੇ ਦੇ ਮੋਢੇ ਉੱਤੇ ਰੱਖੀ ਡਾਂਗ ਦੇ ਸਿਰੇ ਉੱਤੇ ਸਹਿਆ ਜਾਂ ਗੋਹ ਲਮਕਦੇ ਹੁੰਦੇ।

ਖ਼ੈਰ, ਅਗਲੀ ਸਵੇਰ ਨੂੰ ਸੱਪ ਦੀ ਕੋਈ ਲੀਕ ਨਾ ਲੱਗੀ। ਮੈਂ ਡਰਦਾ ਕਈ ਦਿਨ ਕੋਠੜੀ ਅੰਦਰ ਨਾ ਵੜਿਆ। ਜੇ ਦਿਨ ਵੇਲੇ ਕਿਸੇ ਕੰਮ ਅੰਦਰ ਜਾਂਦਾ ਤਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਲੱਤਾਂ ਕੰਬਣ ਲੱਗ ਪੈਂਦੀਆਂ। ਕੁਝ ਦਿਨਾਂ ਪਿੱਛੋਂ ਸਭ ਕੁਝ ਆਮ ਵਾਂਗ ਹੋ ਗਿਆ। ਮਾਂ ਪਹਿਲਾਂ ਵਾਂਗ ਤੜਕੇ ਨੂੰ ਦੁੱਧ ਰਿੜਕਦੀ ਹੋਈ ਗਾਉਣ ਲੱਗ ਪਈ:

ਸੁਣ ਨੀ ਮਾਂਏਂ ਮੇਰੀਏ,
ਧੀਆਂ ਕਿਉਂ ਦਿੱਤੀਆਂ ਦੂਰ,
ਸੁਣ ਨੀ ਮਾਂਏਂ ਮੇਰੀਏ ...।

ਛਾਂਗਿਆ ਰੁੱਖ (ਕਾਂਡ ਨੌਵਾਂ)

‘ਮੈਂ ਤੌਣੀ ਲਾਉਨਾ ਇਹਨੂੰ, ਰਾਣੀ ਖਾਂ ਦੇ ਸਾਲ਼ੇ ਨੂੰ ...।’ ਵਿਹੜੇ ਵੜਦਿਆਂ ਭਾਈਏ ਨੇ ਤਿੱਖੀ ਤੇ ਤਲਖ਼ ਜ਼ਬਾਨ ਵਿੱਚ ਆਖਿਆ। ਉਹਦੇ ਨਾਲੋਂ ਉਹਦੀਆਂ ਗੁੱਸੇ ਭਰੀਆਂ ਘੂਰਦੀਆਂ ਨਜ਼ਰਾਂ ਦੇ ਤੇਜ਼ ਰਫ਼ਤਾਰ ਤੀਰ ਸਿੱਧੇ ਮੇਰੇ ਤਨ ਵਲ ਆ ਰਹੇ ਸਨ। ਉਹਨੇ ਬਿਨਾਂ ਸਾਹ ਲਿਆਂ ਫਿਰ ਕਿਹਾ, ‘ਜਦੋਂ ਤੇਰੇ ਪਤੰਦਰਾਂ ਨੇ ਫੜ ਕੇ ਫਈਂਟਾ ਚਾੜ੍ਹਿਆ ਫੇ ਮਾਂ ਚੇਤੇ ਆਊ! ਗੰਦੀ ਅਲਾਦ ਕਿਸੇ ਥਾਂ ਦੀ ...।’

ਮੈਂਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਭਾਈਆ ਅੱਜ ਮੈਂਨੂੰ ਕਿਉਂ ਗੰਦਾ-ਮੰਦਾ ਬੋਲ ਰਿਹਾ ਹੈ। ਮੈਂ ਸਹਿਮ ਗਿਆ ਤੇ ਦੇਹ ਬੇਹਰਕਤ ਹੋ ਗਈ। ਮੈਂ ਉੱਥੇ ਖੜ੍ਹੇ ਨੇ ਦਲਾਨ ਅੰਦਰ ਮਾਂ ਦੇ ਮੰਜੇ ਵੱਲ ਝਾਕਿਆ, ਜਿੱਥੇ ਉਹ ਉੱਪਰੋਥਲੀ ਜੰਮੀ ਮੇਰੀ ਤੀਜੀ ਭੈਣ ਦੇ ਜਣੇਪੇ ਕਾਰਨ ਗੱਲ ਤਕ ਖੇਸੀ ਓੜ ਕੇ ਲੰਮੀ ਪਈ ਹੋਈ ਸੀ। ਉਹਨੇ ਆਪਣੇ ਦੋਹਾਂ ਹੱਥਾਂ ਦੀ ਬਣਾਈ ਕੰਘੀ ਉੱਤੇ ਰੱਖੇ ਸਿਰ ਨੂੰ ਉਤਾਂਹ ਚੁੱਕਿਆ। ਮੱਥਾ ਦੁਪੱਟੇ ਵਿੱਚ ਲਪੇਟਿਆ ਦਿਸਿਆ।

ਮਾਂ ਦਾ ਲਿੱਸਾ ਜਿਹਾ ਮੂੰਹ ਕੁਝ ਦਿਨ ਪਹਿਲਾਂ ਪੀਲਾ ਭੂਕ ਹੋ ਗਿਆ ਸੀ ਜੋ ਭਾਈਏ ਦੇ ਬੋਲਾਂ ਨਾਲ ਹੋਰ ਫ਼ੱਕ ਹੋ ਗਿਆ। ਉਹਦੀਆਂ ਖਾਖਾਂ ਉੱਤੇ ਸਿਆਹੀਆਂ ਪਹਿਲਾਂ ਵਾਂਗ ਤੇ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਦੇਖਦਿਆਂ ਮੈਂ ਡਰ ਕੇ ਘਬਰਾ ਗਿਆ। ਪਤਾ ਨਹੀਂ ਮੈਂਨੂੰ ਫਿਰ ਕੀ ਸੁੱਝਿਆ ਤੇ ਮੈਂ ਫ਼ੁਰਤੀ ਨਾਲ ਮਾਂ ਦੇ ਮੰਜੇ ਕੋਲ ਰੋਣਹਾਕਾ ਜਿਹਾ ਹੋ ਕੇ ਖੜ੍ਹਾ ਹੋ ਗਿਆ।

‘ਏਹਨੇ ਕਿਸੇ ਦਿਨ ਸਾਡੇ ਸਿਰ ਪੜਾਉਣੇ ... ਹੱਡ-ਹਰਾਮੀ ਨੇ! ਸਾਰਾ ਦਿਨ ਇਲਤਾਂ ਤੋਂ ਇਲਾਬਾ ਬੀ ਸੁੱਝਦਾ ਏਹਨੂੰ ਕੁਛ?’ ਭਾਈਆ ਮੇਰੇ ਵੱਲ ਆਉਂਦਾ ਬੋਲ ਰਿਹਾ ਸੀ ਕਿ ਮਾਂ ਨੇ ਵਿੱਚੋਂ ਟੋਕਦਿਆਂ ਪੁੱਛਿਆ, ‘ਬੁਝਾਰਤਾਂ ਪਾਈ ਜਾਊਂਗਾ ਕਿ ਦੱਸੂੰਗਾ ਬੀ ਕੁਛ? ਜਿਹੜਾ ਅਈਨਾ ਇਹਦੇ ਪਿੱਛੇ ਹੱਥ ਧੋ ਕੇ ਪੈ ਗਿਆਂ!’

‘ਬੁਝਾਰਤਾਂ ਲੈ ਕੇ ਆ ਗਈ? ਤੂੰਹੀਂ ਸਿਰ ’ਤੇ ਚੜ੍ਹਾਇਆ ਇਸ ਤੁਖਮ ਦੀ ਮਾਰ ਨੂੰ!’

‘ਫੇ ਓਈਓ ਗੱਲ! ਕੁਝ ਦੱਸੂੰਗਾ ਕਿ ਅਬਾ-ਤਬਾ ਈ ਬੋਲਦਾ ਰਹੂੰ?’ ਮਾਂ ਨੇ ਮੰਜੇ ’ਤੇ ਬੈਠਦਿਆਂ ਤੇ ਆਪਣੀ ਹਿੱਕ ਨਾਲ ਮੈਂਨੂੰ ਲਾਉਂਦਿਆਂ ਆਖਿਆ।

‘ਹੈਕਨਾ ਦੀ ਖੂਹੀ ਵਿੱਚ ਚੋਰੀ-ਛਪੀ ਮੂਤਦਾ ...।’ ਭਾਈਏ ਨੇ ਜਦੋਂ ਦੱਸਿਆ ਤਾਂ ਮਾਂ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੀ।

‘ਉਨ੍ਹਾਂ ਨੇ ਉਸੇ ਖੂਹੀ ਵਿੱਚ ਡਬੋ ਕੇ ਮਾਰ ਦੇਣਾ, ਜੇ ਪਤਾ ਲੱਗ ਗਿਆ - ਹੁਣ ਈ ਲੱਗ ਪਿਆ ਬੜਾ ਚੌਧਰੀ ਬਣਨ! ਸਬਿਹਾਰ ਨੂੰ ਟੱਟੀ ਫਿਰ ਕੇ ਅਜੇ ਹੱਥ ਧੋਣੇ ਨੲ੍ਹੀਂ ਆਉਂਦੇ!’

‘ਗੁਆਂਢ-ਮੱਥਾ, ਇੱਦਾਂ ਕਿਉਂ ਕਰਦਾਂ - ਖੁਆਜਾ ਖਿਜਰ ਨੂੰ ਦੁਨੀਆਂ ਪੀਰ ਮੰਨਦੀ ਆ ਤੇ ਤੂੰ ...।’ ਮਾਂ ਨੇ ਪਹਿਲਾਂ ਮੇਰੇ ਵੱਲ ਤੇ ਫਿਰ ਭਾਈਏ ਵਲ ਤੱਕਦਿਆਂ ਆਖਿਆ।

‘ਅਖੇ ਜੱਟ ਸਾਨੂੰ ਖੂਹਾਂ ’ਤੇ ਨਹੀਂ ਚੜ੍ਹਨ ਦਿੰਦੇ ... ਆ ਗਿਆ ਬੜਾ ਮੁਖ਼ਾਲਫ਼ਤ ਕਰਨ ਆਲਾ। ਜਦ ਸਾਡਾ ਆਪਣਾ ਖੂਹ ਆ ਤੇ ਤੂੰ ਉੱਥੇ ਛੁਣਛਣਾ ਲੈਣ ਜਾਣਾ। ਬੜਾ ਚੱਕਿਆ ਲੰਬੜਦਾਰੀ ਦਾ!’ ਭਾਈਏ ਨੇ ਲਗਾਤਾਰ ਬੋਲਦਿਆਂ ਮੇਰੀ ਖੱਬੀ ਬਾਂਹ ਨੂੰ ਮਰੋੜਾ ਚਾੜ੍ਹਿਆ। ਮੇਰੇ ਮੋਟੇ-ਮੋਟੇ ਹੰਝੂ ਇਉਂ ਡਿਗਣ ਲੱਗ ਪਏ ਜਿਵੇਂ ਬਰਸਾਤ ਨੂੰ ਸਾਡੇ ਘਰ ਦੀ ਕਾਨਿਆਂ, ਕੜੀਆਂ ਤੇ ਤੋੜਿਆਂ ਦੀ ਛੱਤ ਥਾਂ-ਥਾਂ ਤੋਂ ਟਪਕਣ ਲੱਗ ਪੈਂਦੀ ਸੀ।

ਮਾਂ ਨੇ ਮੰਜੇ ਤੋਂ ਭੁੰਜੇ ਉੱਤਰ ਕੇ ਭਾਈਏ ਤੋਂ ਮੈਂਨੂੰ ਛੁਡਾਉਂਦਿਆਂ ਕਿਹਾ, ‘ਓਦਾਂ ਨਹੀਂ ਸਮਝਾ ਹੁੰਦਾ? ਨਿਆਣਿਆਂ ਦੀਆਂ ਕੱਚ ਅਰਗੀਆਂ ਹੱਡੀਆਂ ਹੁੰਦੀਆਂ - ਜੇ ਬਾਂਹ ਟੁੱਟ ਗਈ ਤਾਂ ਲੈ ਕੇ ਤੁਰਿਆਂ ਰਹੀਂ ਕਦੇ ਕਿਸੇ ਪਿੰਡ, ਕਦੇ ਕਿਸੇ ਕੋਲ ...।’

‘ਮਈਨੂੰ ਏਹਦਾ ਤਵ੍ਹੰਜ ਉੜਾਉਣ ਦੇ ਅੱਜ - ਸਬਕ ਸਖਾਲਦਾਂ ਏਹਨੂੰ ਪਈ ਖੂਹਾਂ ਵਿੱਚ ਕਿੱਦਾਂ ...।’ ਭਾਈਏ ਨੂੰ ਗੁੱਸੇ ਵਿੱਚ ਬੋਲਦਿਆਂ ਸਾਹ ਚੜ੍ਹ ਗਿਆ। ਉਹਨੇ ਜ਼ਰਾ ਕੁ ਬਾਅਦ ਮੁੜ ਆਖਿਆ, ‘ਸਾਨੂੰ ਨਹੀਂ ਪਤਾ ਜਿੱਦਾਂ ਇਨ੍ਹਾਂ ਗੱਲਾਂ ਦਾ ...।’

ਭਾਈਏ ਨੇ ਤਾੜ੍ਹ-ਤਾੜ੍ਹ ਦੋ-ਤਿੰਨ ਚਪੇੜਾਂ ਮੇਰੀ ਖੱਬੀ ਪੁੜਪੜੀ ਉੱਤੇ ਮਾਰੀਆਂ। ਮੈਂ ਆਪਣੀਆਂ ਅੱਖਾਂ ਬਾਹਾਂ ਨਾਲ ਪੂੰਝਣ ਲੱਗ ਪਿਆ। ਫਿਰ ਮੈਂ ਉਡਦੀ ਜਿਹੀ ਨਜ਼ਰ ਦਲਾਨ ਅੰਦਰ ਮਾਰੀ। ਇੱਕ ਖੂੰਜੇ ਮੇਰੀਆਂ ਦੋ ਭੈਣਾਂ ਡੈਂਬਰੀਆਂ ਖੜ੍ਹੀਆਂ ਸਨ। ਛੋਟੀ ਹੌਲੀ-ਹੌਲੀ ਹਟਕੋਰੇ ਭਰ ਰਹੀ ਸੀ ਤੇ ਉਹਦੇ ਨੱਕ ਵਿੱਚੋਂ ਪਾਣੀ ਵਗਣ ਲੱਗ ਪਿਆ ਸੀ।

‘ਨਾ ਹੁਣ ਸਾਰੇ ਪਿੰਡ ਨੂੰ ਪਤਾ ਲਾ ਕੇ ਹਟੂੰਗਾ - ਸ਼ੁਕਰ ਆ ਪਈ ਕਿਸੇ ਨੂੰ ਕੁਛ ਪਤਾ ਨੲ੍ਹੀਂ ...।’ ਮਾਂ ਨੇ ਮੇਰਾ ਖਹਿੜਾ ਛੁਡਾਉਣ ਲਈ ਦਲੀਲ ਦਿੱਤੀ।

ਮਾਂ ਨੇ ਮੈਂਨੂੰ ਪਤਿਆਇਆ ਤੇ ਸਮਝਾਇਆ, ‘ਅੱਗੇ ਤੋਂ ਇੱਦਾਂ ਦੀ ਹਰਕਤ ਨੲ੍ਹੀਂ ਕਰਨੀ - ਖੁਆਜਾ ਪੀਰ ਨਰਾਜ ਹੋ ਜਾਊਗਾ ...।’

ਉਹ ਬੋਲਦੀ-ਬੋਲਦੀ ਮੇਰੀਆਂ ਭੈਣਾਂ ਵੱਲ ਗਈ ਤੇ ਉਨ੍ਹਾਂ ਨੂੰ ਵਰਾਉਣ ਲੱਗ ਪਈ। ਛੋਟੀ ਭੈਣ ਦੀਆਂ ਅੱਖਾਂ ਨੂੰ ਦੁਪੱਟੇ ਦੇ ਲੜ ਨਾਲ ਸਾਫ਼ ਕੀਤਾ। ਮੈਂ ਆਪਣੇ ਹੰਝੂ ਪੁੱਠੇ ਹੱਥਾਂ ਨਾਲ ਪੂੰਝੇ।

ਥੋੜ੍ਹੇ ਕੁ ਚਿਰ ਪਿੱਛੋਂ ਮੈਂ ਮਨ ਹੀ ਮਨ ਖ਼ੁਸ਼ ਹੋਇਆ ਕਿ ਹੁਣ ਭਾਈਏ ਨੇ ਕੁਟਾਪਾ ਨਹੀਂ ਚਾੜ੍ਹਨਾ ਤੇ ਉਹਨੂੰ ਮੇਰੀਆਂ ਕਈ ਹਰਕਤਾਂ ਦਾ ਪਤਾ ਨਹੀਂ। ਫਿਰ ਦੁਚਿੱਤੀ ਵਿੱਚ ਪਿਆਂ ਪਤਾ ਨਹੀਂ ਕੀ ਔੜਿਆ ਤੇ ਮੈਂ ਸਹਿਬਨ ਹੀ ਦੱਸਣ ਲੱਗ ਪਿਆ, ‘... ਮੈਂ ‘ਕਲੇ ਨੇ ਥੋੜ੍ਹੋ ਮੂਤਿਆ ਸੀ - ਅਸੀਂ ਵਿਹੜੇ ਦੇ ਮੁੰਡੇ ਖੂਹਾਂ ਵਿੱਚ ਮੂਤਦੇ ਈ ਰਹਿੰਦੇ ਆਂ - ਦੁਪਹਿਰ ਨੂੰ ਛੂਹਣ-ਛੁਹਾਈ ਦੇ ਬਹਾਨੇ ...।’

‘ਦੁਰ ਫਿੱਟੇ ਮੂੰਹ ਇਸ ਤੁਖਮ ਦੀ ਮਾਰ ਦੇ - ਜੀਂਦਿਆਂ ਨੂੰ ਮਾਰੂੰਗਾ।’ ਭਾਈਏ ਦੇ ਸੱਜੇ ਹੱਥ ਦੀ ਚਪੇੜ ਮੇਰੇ ਮੂੰਹ ’ਤੇ ਲੱਗਣ ਹੀ ਲੱਗੀ ਸੀ ਕਿ ਮਾਂ ਨੇ ਕਾਹਲੀ ਨਾਲ ਭਾਈਏ ਦੀ ਚੁੱਕੀ ਹੋਈ ਬਾਂਹ ਫੜ ਲਈ।

ਇੰਨੇ ਨੂੰ ਬੋਹੜ-ਪਿੱਪਲ ਥੱਲਿਓਂ ਉੱਠ ਕੇ ਪਾਣੀ ਪੀਣ ਆਈ ਮੇਰੀ ਦਾਦੀ ਨੇ ਪੁੱਛਿਆ, ‘ਅਈਨੇ ਚਿਰਾਂ ਦੀ ਕੀ ਘੈਂਸੋ-ਘੈਂਸੋ ਲਾਈਊ ਆ? ... ਅਈਡੀ ਕਿਹੜੀ ਮੁਸੀਬਤ ਆ ਗਈ?’

ਦਾਦੀ ਨੂੰ ਪਲ ਵਿੱਚ ਹੀ ਸਾਰੀ ਘਟਨਾ ਦਾ ਪਤਾ ਲੱਗ ਗਿਆ ਤੇ ਆਖਣ ਲੱਖੀ, ‘ਸਾਰੀ ਚਮ੍ਹਾਰਲੀ ਪਲ-ਪਲ ਦਾ ਹੱਗਿਆ-ਮੂਤਿਆ ਜਾ ਕੇ ਜੱਟਾਂ ਨੂੰ ਦੱਸਦੀ ਆ - ਆਪਣੇ ਈ ਆਪਣਿਆਂ ਦੇ ਖ਼ਿਲਾਫ਼ ਜਾ ਕੇ ਲੂਤੀਆਂ ਲਾਉਂਦੇ ਆ। ਜੇ ਉਨ੍ਹਾਂ ਨੂੰ ਇਹ ਗੱਲ ਖੁੜਕ ਗਈ ਤਾਂ ਸਮਝੋ ਖੜਕ ਪਈ ...।’ ਫਿਰ ਮੇਰੇ ਵੱਲ ਘੂਰੀ ਵੱਟਦੀ ਹੋਈ ਬੋਲਣ ਲੱਗੀ, ‘ਦੱਤਾਂ ਹੁਣ ਬੁੱਲ੍ਹ ਕਿੱਦਾਂ ਅਟੇਰ ਕੇ ਖੜ੍ਹਾ ਮੀਸਣਾ ਜਿਹਾ, ਜਿੱਦਾਂ ਮੂੰਹ ਵਿੱਚ ਜ਼ੁਬਾਨ ਈ ਨਹੀਂ ਹੁੰਦੀ।’

‘ਦੱਸਦੇ ਆ ਪਈ ਇਸ ਫਲਾਤੂ ਨੇ ਪਿੰਡ ਦੇ ਕਈ ਬੰਦਿਆਂ-ਤੀਮੀਆਂ ਬਾਰੇ ਕਈ ਟੋਟਕੇ ਜੋੜਿਓ ਆ।’ ਭਾਈਏ ਨੇ ਗੁੱਸੇ ਵਿੱਚ ਬੋਲਦਿਆਂ ਪੁੱਛਿਆ, ‘ਦੱਸ ਕਿਹਦੇ ਕਿਹਦੇ ਬਾਰੇ ਆ? ਬੋਲ ਦਬਾ ਸੱਟ! ਨਹੀਂ ਤਾਂ ਦੋ ਹੋਰ ਛੱਡੂੰ ਕੰਨਾਂ ’ਤੇ!’

ਮੈਂ ਝੱਟ ਸਕੂਲ ਦੇ ਸਬਕ ਵਾਂਗ ਯਾਦ ਕੀਤੀਆਂ ਕਾਵਿ-ਤੁਕਾਂ ਸੁਣਾਉਣ ਲੱਗ ਪਿਆ:

‘ਤੇਸੇ ਉੱਤੇ ਆਰੀ।
ਧੰਨੀ ਸਨਿਆਰੀ।

ਤੇਸੇ ਉੱਤੇ ਆਰੀ।
ਰਾਮ ਪਿਆਰੀ

ਨੱਥਾ ਸੁੰਹ ਨਾਈ।
ਲਾਭ ਸੁੰਹ ਭਾਈ।

ਇੰਦਰ ਸੁੰਹ ਗੰਗੀ ਦਾ।
ਲਾਭ ਸੁੰਹ ਰੰਡੀ ਦਾ।

ਮਾਲਾਂ ਮਾਲਾਂ ਮਾਲਾਂ।
ਤੇਰੇ ਪੈਰ ਸੋਨੇ ਦੀਆਂ ਖੜਕਾਲਾਂ ...।’

ਭਾਈਏ ਨੇ ਇੱਕ ਵਾਰ ਮੁੜ ਹੱਥ ਚੁੱਕਿਆ ਤੇ ਮੈਂ ਬੋਲਦਾ-ਬੋਲਦਾ ਚੁੱਪ ਹੋ ਗਿਆ ਜਿਵੇਂ ਰੱਟਾ ਲਾਇਆ ਸਬਕ ਅੱਧ-ਵਿਚਾਲੇ ਭੁੱਲ ਗਿਆ ਹੋਵੇ। ਜ਼ਰਾ ਕੁ ਪਿੱਛੋਂ ਮੈਂ ਬਿਨਾਂ ਪੁੱਛਿਆਂ ਆਪ ਹੀ ਦੱਸਣ ਲੱਗ ਪਿਆ, ‘ਇਹ ਟੋਟਕੇ ਮੈਂ ਨਹੀਂ ਜੋੜੇ, ਹੋਰਨਾਂ ਤੋਂ ਸੁਣਿਓਂ ਆ ...।’

‘ਤੇ ਤੂੰ ਕਿਹੜੇ ਜੋੜੇ ਆ?’

‘ਉਹ ਹੋਰਨਾਂ ਬਾਬਤ ਆ ...।’

‘ਸ਼ਾਬਾਸ਼ ਹਰਾਮਦੀਏ ਜਿਣਸੇ ... ਚੰਦ ਚੜ੍ਹਾਊਂਗਾ ਕਿਸੇ ਦਿਨ ...।’ ਭਾਈਏ ਨੇ ਕਿਸੇ ਨਜ਼ੂਮੀ ਵਾਂਗ ਆਖਿਆ। ਉਹਦਾ ਗੁੱਸਾ ਮੈਂਨੂੰ ਪਹਿਲਾਂ ਨਾਲੋਂ ਕੁਝ ਢੈਲਾ ਪੈ ਗਿਆ ਲੱਗਿਆ।

‘ਚਲ ਛੱਡ ਪਰੇ ਹੁਣ ... ਬਥੇਰਾ ਸਮਝਾ’ਤਾ।’ ਮਾਂ ਨੇ ਆਪਣੇ ਮੰਜੇ ਵੱਲ ਨੂੰ ਨਿੱਕੇ-ਨਿੱਕੇ ਕਦਮ ਪੁੱਟਦਿਆਂ ਆਖਿਆ ਜਿਵੇਂ ਚਿਰੋਕਣੀ ਬੀਮਾਰ ਹੋਵੇ।

ਭਾਈਆ ਮੇਰੇ ਦੁਆਲਿਓਂ ਹਟ ਕੇ ਹੁੱਕੇ ਦੀ ਚਿਲਮ ਵਿੱਚ ਅੱਗ ਪਾਉਣ ਲਈ ਛਤੜੀ ਵੱਲ ਹੋ ਗਿਆ। ਪਰ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਇਕ ਦਮ ਮੇਰੀ ਨਵ-ਜੰਮੀ ਭੈਣ ਵੱਲ ਗਈਆਂ ਜਦੋਂ ਉਹ ਨਿੱਕੇ-ਨਿੱਕੇ ਹੱਥ-ਪੈਰ ਮਾਰਦੀ ਰੋਣ ਲੱਗ ਪਈ। ਉਹਦੀਆਂ ਛੋਟੀਆਂ-ਛੋਟੀਆਂ ਅੱਖਾਂ ਥਾਣੀਂ ਨਿਕਲਦਾ ਪਾਣੀ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇਨ੍ਹਾਂ ਵਿੱਚੋਂ ਹੰਝੂ ਕਿਵੇਂ ਨਿਕਲੇ ਹੋਣਗੇ।

ਮਾਂ ਦਾ ਜਣੇਪੇ ਪਿੱਛੋਂ ਪਤਲਾ ਹੋਇਆ ਸਰੀਰ ਤੇ ਪੀਲਾ-ਬਸਾਰ ਚਿਹਰਾ ਦੇਖ ਮੈਂਨੂੰ ਤਰਸ ਜਿਹਾ ਆ ਗਿਆ। ਕੁਝ ਦਿਨ ਪਹਿਲਾਂ ਦੀ ਉਹਦੀ ਹਾਲਤ ਮੇਰੀਆਂ ਅੱਖਾਂ ਸਾਹਮਣੇ ਆ ਗਈ - ਉਹਦਾ ਵੱਡਾ ਫੁੱਲਿਆ-ਭਰਿਆ ਹੋਇਆ ਢਿੱਡ, ਤੋਰ ਵਿੱਚ ਨਾ ਚੁਸਤੀ ਨਾ ਫੁਰਤੀ ਤੇ ਅੱਖਾਂ ਵਿੱਚ ਨਿਰੀ ਸੁਸਤੀ ਹੀ ਸੁਸਤੀ। ਚੁੱਲ੍ਹੇ ਮੁੱਢ ਬੈਠੀ ਚੁੱਲ੍ਹੇ ਨਾਲੋਂ ਮਿੱਟੀ ਦੀਆਂ ਡਲੀਆਂ ਤੋੜ-ਤੋੜ ਖਾਂਦੀ ਦਿਸੀ। ਭਾਈਆ ਉਹਨੂੰ ਖਿਝ-ਖਿਝ ਦਬਕੇ ਮਾਰਦਾ।

ਮੈਂ ਹੈਰਾਨ-ਪਰੇਸ਼ਾਨ ਹੋ ਕੇ ਰਹਿ ਜਾਂਦਾ ਕਿ ਦਰਮਿਆਨੇ ਜਿਹੇ ਕੱਦ-ਕਾਠ ਤੇ ਲਾਖੇ ਰੰਗ ਦਾ ਭਾਈਆ ਕਿਵੇਂ ਮਾਂ ਉੱਤੇ ਰੋਹਬ ਰੱਖਦਾ ਹੈ। ਉਹ ਕਦੀ-ਕਦੀ ਕੁਟਾਪਾ ਵੀ ਚਾੜ੍ਹ ਦਿੰਦਾ ਹੈ ਪਰ ਉਹ ਮੋਹਰੇ ਮੋੜਵਾਂ ਜਵਾਬ ਨਹੀਂ ਦਿੰਦੀ ਤੇ ਨਾ ਹੀ ਉਹਨੂੰ ਉੱਚੀ-ਲੰਮੀ ਤੇ ਸੁਨੱਖੀ ਹੋਣ ਦਾ ਮਾਣ ਹੈ। ਇਹ ਸੋਚਦਿਆਂ ਇੱਕ ਖ਼ਿਆਲ ਮੇਰੇ ਮਨ ਵਿੱਚ ਇਉਂ ਆਇਆ ਜਿਵੇਂ ਦਿਨ ਢਲਣ ਮਗਰੋਂ ਸਾਡੇ ਘਰ ਦੇ ਬੂਹੇ ਥਾਣੀਂ ਧੁੱਪ ਆ ਗਈ ਸੀ। ਮੈਂ ਜੱਕੋ-ਤੱਕੀ ਵਿੱਚ ਮਾਂ ਦੇ ਸਿਰਾਹਣੇ ਖੜ੍ਹਾ ਹੋ ਕੇ ਦੱਸਿਆ, ‘ਮੈਂ ਰੱਤੇ ਹੁਣਾਂ ਦੀ ਕੰਧ ’ਤੇ ਬੰਦੇ-ਤੀਮੀਂ ਤੇ ਦੋ ਨਿਆਣਿਆਂ ਦੀਆਂ ਰੰਗਦਾਰ ਤਸਵੀਰਾਂ ਬਣੀਆਂ ਦੇਖੀਆਂ!’

‘ਫੇ? ਦੱਸ ਕੀ ਗੱਲ ਦੱਸਣੀ ਚਾਹੁਨਾ?’ ਮਾਂ ਨੇ ਮੇਰੀ ਭੈਣ ਨੂੰ ਦੁੱਧ ਚੁੰਘਾਉਣ ਪਿੱਛੋਂ ਆਪਣੀ ਹਿੱਕ ਨਾਲ ਲਾ ਕੇ ਉਹਦੀ ਪਿੱਠ ’ਤੇ ਹੱਥ ਫੇਰਦਿਆਂ ਪੁੱਛਿਆ।

‘ਉੱਥੇ ਲਿਖਿਆ ਹੋਇਆ:

ਬੱਸ ਦੋ ਜਾਂ ਤੀਨ ਬੱਚੇ।

ਹੋਤੇ ਹੈਂ ਘਰ ਮੇਂ ਅੱਛੇ।’

ਮੈਂ ਦੱਸਿਆ ਤਾਂ ਮਾਂ ਨੇ ਮੇਰਾ ਸਿਰ ਪਲੋਸਿਆ। ਪਰ ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਵਿੱਚ ਪਾਣੀ ਛਲਕ ਪਿਆ। ਉਹਨੇ ਸੱਜੇ ਹੱਥ ਵਿੱਚ ਦੁਪੱਟੇ ਦਾ ਲੜ ਫੜ ਕੇ ਆਪਣੀਆਂ ਅੱਖਾਂ ਦੀਆਂ ਕੋਰਾਂ ਸਾਫ਼ ਕੀਤੀਆਂ। ਪਤਾ ਨਹੀਂ ਫਿਰ ਉਹ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ ਤੇ ਉਹਦੀਆਂ ਅੱਖਾਂ ਦੇਖਣ ਨੂੰ ਖੁੱਲ੍ਹੀਆਂ ਸਨ। ਉਹ ਉਨ੍ਹਾਂ ਨੂੰ ਨਾ ਝਮਕ ਰਹੀ ਸੀ ਤੇ ਨਾ ਹੀ ਉਨ੍ਹਾਂ ਨੂੰ ਇੱਧਰ-ਉੱਧਰ ਘੁਮਾ ਰਹੀ ਸੀ। ਬੱਸ ਇੱਕ ਟੱਕ ਮੇਰੀ ਛੋਟੀ ਭੈਣ ਵਲ ਦੇਖੀ ਜਾ ਰਹੀ ਸੀ।

ਇੰਨੇ ਨੂੰ ਵੱਡਾ ਭਰਾ ਸਕੂਲੋਂ ਪੜ੍ਹ ਕੇ ਆ ਗਿਆ। ਮੈਂ ਹੁਸ਼ਿਆਰੀ ਨਾਲ ਘਰੋਂ ਨਿਕਲ ਕੇ ਬੋਹੜ ਥੱਲੇ ਪਹਿਲਾਂ ਹੀ ਬੈਠੇ ਭਾਈਏ ਤੇ ਦਾਦੀ ਹੁਰਾਂ ਕੋਲ ਜਾ ਬੈਠਾ ਤਾਂ ਕਿ ਉਹਨੂੰ ਪਤਾ ਨਾ ਲੱਗੇ ਕਿ ਮੈਂਨੂੰ ਅੱਜ ਭਾਈਏ ਨੇ ਤਾਂਬ੍ਹੜ ਚਾੜ੍ਹਿਆ ਹੈ। ਮੈਂ ਦੇਖਿਆ ਕਿ ‘ਅੰਨ੍ਹਾ ਸਾਧ’ (ਗਰੀਬ ਦਾਸ) ਕਥਾ ਸੁਣਾਉਂਦਾ ਆਖ ਰਿਹਾ ਸੀ, ‘... ਹਲ੍ਹਾ! ਜਿੱਦਾਂ ਕਹੋ - ਜਿਹੜਾ ਕੲ੍ਹੀਨੇ ਆਂ ਓਹੀਓ ਪ੍ਰਸੰਗ ਸੁਣਾ ਦਿਆਂਗੇ ਰਾਤ ਨੂੰ!’

ਮੈਂਨੂੰ ਪਿਛਲੇ ਦਿਨਾਂ ਦੇ ਪ੍ਰਸੰਗ ਦਾ ਚੇਤਾ ਆਇਆ ਕਿ ਲੋਕ ਇਕਾਗਰ ਬਿਰਤੀ ਨਾਲ ‘ਅੰਨ੍ਹੇ ਸਾਧ’ ਦੇ ਪ੍ਰਵਚਨ ਸੁਣ ਰਹੇ ਸਨ। ਉਹ ਖੱਬੇ ਹੱਥ ਨਾਲ ਤੂੰਬਾ ਤੇ ਸੱਜੇ ਨਾਲ ਖੜਤਾਲਾਂ ਵਜਾਉਂਦਾ ਅਤੇ ਦਮ ਮਾਰਨ ਲਈ ਹੁੱਕੇ ਦੇ ਲੰਮੇ-ਲੰਮੇ ਘੁੱਟ ਭਰਦਾ ਦਿਸਿਆ। ਮੈਂ ਉਤਾਵਲਾ ਹੋ ਗਿਆ ਕਿ ਕਿਹੜੀ ਘੜੀ ਖੌ-ਪੀਆ ਹੋਵੇ ਤੇ ਨਵੀਆਂ-ਅਨੋਖੀਆਂ ਗੱਲਾਂ ਸੁਣਾਂ।

ਲੋਕ ਅੰਨ-ਪਾਣੀ ਛਕ ਕੇ ਬੋਹੜ-ਪਿੱਪਲ ਥੱਲੇ ਖੱਡੀਆਂ ਵਾਲੀ ਥਾਂ ’ਤੇ ਆ ਜੁੜੇ ਤੇ ਗਰੀਬ ਦਾਸ ਨੇ ਪੁੱਛਿਆ, ‘ਹਾਂ ਜੀ, ਭਲਿਓ ਲੋਕੋ, ਬ੍ਰਹਮਾ ਜੀ ਦਾ ਪ੍ਰਸੰਗ ਸੁਣਨ ਲਈ ਕਈਂਦੇ ਸੀ - ਸੁਣੋ!’ ਨਾਲ ਹੀ ਤੂੰਬੇ ਦੀ ਤਾਰ ਨੂੰ ਕੱਸਿਆ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਉੱਤੇ ਚੜ੍ਹਾਏ ਮਹਿਰਾਬ ਨਾਲ ਤਾਰ ਨੂੰ ਤੁਣਕਿਆ।

‘ਭਾਈ ਪੁਰਾਣਾਂ ਵਿੱਚ ਆਉਂਦਾ ਪਈ ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਸਾਰੇ ਮਨੁੱਖਾਂ ਨੂੰ ਪੈਦਾ ਕੀਤਾ, ਮਨੂ ਜੀ ਮਹਾਰਾਜ ਮੁਤਾਬਕ ਬ੍ਰਹਮਾ ਜੀ ਨੇ ਆਪਣੇ ਅੰਗਾਂ ਤੋਂ ਬਾਹਮਣਾਂ, ਖੱਤਰੀਆਂ, ਵੈਸ਼ਾਂ ਤੇ ਸ਼ੂਦਰਾਂ ਨੂੰ ਜਨਮ ਦਿੱਤਾ।’ ਸੰਤ ਗਰੀਬ ਦਾਸ ਨੇ ਇਸ ਪ੍ਰਵਚਨ ਪਿੱਛੋਂ ਹੁੱਕੇ ਦੀ ਨੜੀ ਲਈ ਆਪਣੇ ਸਾਹਮਣੇ ਖਲਾਅ ਵਿੱਚ ਹੱਥ ਮਾਰਿਆ। ਉਹਦੀ ਕਾਲੇ-ਚਿਟੇ ਵਾਲਾਂ ਦੀ ਹੁੱਕੇ ਦੇ ਧੂੰਏਂ ਕਾਰਣ ਧੁਆਂਖੀ, ਭਰਵੀਂ ਤੇ ਅੰਦਰ ਨੂੰ ਤੁੰਨੀ ਦਾਹੜੀ ਦਾ ਪੋਲਾ ਜਿਹਾ ਉਭਾਰ ਮਖੀਲ ਦੇ ਛੋਟੇ ਛੱਤੇ ਵਰਗਾ ਲਗਦਾ ਸੀ।

ਇਸੇ ਦੌਰਾਨ ਮੈਂਨੂੰ ਹਾਲੀਆਂ-ਪਾਲੀਆਂ ਤੋਂ ਸੁਣੀ ਬੋਲੀ ਚੇਤੇ ਆਈ, ‘ਸਹੁੰ ਰੱਬ ਦੀ ਝੂਠ ਨਾ ਬੋਲਾਂ, ਬੱਕਰੀ ਨੂੰ ਊਠ ਜੰਮਿਆਂ।’ ਇਸ ਨਾਲ ਹੀ ਮੇਰੇ ਜ਼ਿਹਨ ਵਿੱਚ ਖ਼ਿਆਲਾਂ ਦਾ ਹੜ੍ਹ ਆ ਗਿਆ ਤੇ ਸੋਚਾਂ ਦੀਆਂ ਲੱਫ਼ਾਂ ਬਰਸਾਤੀ ਚੋਅ ਵਾਂਗ ਕਿਨਾਰੇ ਨਾਲ ਟੱਕਰਾਂ ਮਾਰਨ ਲੱਗ ਪਈਆਂ। ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਦਾ ਗਰਭ ਦੌਰਾਨ ਵੱਡਾ ਹੋਇਆ ਢਿੱਡ ਆ ਗਿਆ ਤੇ ਨਾਲ ਹੀ ਬ੍ਰਹਮਾ ਜੀ ਦਾ। ਮਾਂ ਮੇਰੀ ਭੈਣ ਨੂੰ ਦੁੱਧ ਚੁੰਘਾਉਂਦੀ ਦਿਸੀ। ਸੋਚਾਂ ਦਾ ਸਿਲਸਿਲਾ ਅੰਨ੍ਹੇ ਸਾਧ ਦੀ ਕਥਾ ਵਾਂਗ ਲੰਮਾ ਤੇ ਭੇਦ ਭਰਿਆ ਹੋ ਗਿਆ ਕਿ ਬ੍ਰਹਮਾ ਜੀ ਨੇ ਇਕੱਠੇ ਜੰਮੇ ਚਾਰ ਨਿਆਣਿਆਂ ਨੂੰ ਕਿਵੇਂ ਜਨਮ ਦਿੱਤਾ ਹੋਵੇਗਾ? ਜਣੇਪੇ ਵੇਲੇ ਉਨ੍ਹਾਂ ਦੀ ਸਾਫ਼-ਸਫ਼ਾਈ ਤੇ ਮਦਦ ਲਈ ਦਾਈ ਗੰਗੋ ਵਰਗੀ ਕੌਣ ਹੋਵੇਗੀ? ਉਨ੍ਹਾਂ ਨੇ ਆਪਣੀਆਂ ਦੋ ਛਾਤੀਆਂ ਵਿੱਚੋਂ ਚੌਹਾਂ ਨੂੰ ਕਿਵੇਂ ਦੁੱਧ ਚੁੰਘਾਇਆ ਹੋਵੇਗਾ ਤੇ ਅੰਗਾਂ ਵਿੱਚ ਗਰਭ-ਉਭਾਰ ਮੇਰੀ ਮਾਂ ਦੇ ਢਿੱਡ ਵਾਂਗ ਕਿਵੇਂ ਹੋਇਆ ਹੋਵੇਗਾ ਤੇ ਉਹ ਕਿਵੇਂ ਫਿਰਦੇ ਤੁਰਦੇ ਹੋਣਗੇ?

ਫਿਰ ਯਕਦਮ ਮੇਰਾ ਖ਼ਿਆਲ ਮੇਰੀਆਂ ਚਾਚੀਆਂ-ਤਾਈਆਂ ਮਾਮੀਆਂ-ਮਾਸੀਆਂ ਵੱਲ ਗਿਆ ਜਿਨ੍ਹਾਂ ਨੂੰ ਸਾਲ ਦੋ ਸਾਲ ਬਾਅਦ ਨਿਆਣੇ ਜੰਮਦੇ ਰਹਿੰਦੇ ਸਨ ਤੇ ਇੱਕ ਵਾਰ ਚਾਰ ਕਦੀ ਵੀ ਨਹੀਂ। ਵਾਰ ਵਾਰ ਸੋਚਣ ’ਤੇ ਵੀ ਮੈਂਨੂੰ ਕਿਧਰੇ ਕੋਈ ਥਾਹ ਨਾ ਲੱਗੀ ਕਿ ਕਿਸੇ ਬੰਦੇ ਨੂੰ ਨਿਆਣਾ ਜੰਮਿਆ ਹੋਵੇ। ਮੇਰੀਆਂ ਸੋਚਾਂ ਵਿੱਚ ਉਦੋਂ ਖਲਲ ਪਿਆ ਜਦੋਂ ਪੋਚਵੀਂ ਪੱਗ ਤੇ ਨਵੇਂ-ਨਕੋਰ ਕੁੜਤੇ-ਪਜਾਮੇ ਵਿੱਚ ਫੱਬਵੀਂ ਦਿੱਖ ਵਾਲਾ ਇੱਕ ਅੱਧਖੜ ਬੰਦਾ ਖੜ੍ਹਾ ਹੋ ਕੇ ਪੁੱਛਣ ਲੱਗਾ, ‘ਮਹਾਰਾਜ, ਬ੍ਰਹਮਾ ਜੀ ਦੀ ਜ਼ਨਾਨੀ ਨਹੀਂ ਸੀ?’

‘ਸਿਗੀ, ਉਹਦਾ ਨਾਂ ... ਭਾਈ, ਹਾਂ ...ਹਾਂ ... ਆ ਗਿਆ ਚੇਤੇ ... ਉਹਦਾ ਨਾਂ ਸੀ ਸਰਸਵਤੀ!’ ਅੰਨ੍ਹੇ ਸਾਧ ਨੇ ਕਿੰਨਾ ਚਿਰ ਸੋਚਣ ਬਾਅਦ ਦੱਸਿਆ।

‘ਉਹਦਾ ਕੋਈ ਧੀਆ-ਪੁੱਤਾ?’

‘ਭਾਈ ਜਿੰਨਾ ਕੁ ਮਈਨੂੰ ਪਤਾ, ਉਹਦੀ ਕੋਈ ਔਲਾਦ ਨਹੀਂ ਸੀ - ਦੱਸਦੇ ਆ ਪਈ ਨਿਆਣੇ ਸਿਰਫ ਬ੍ਰਹਮਾ ਜੀ ਨੂੰ ਜੰਮੇ!’

ਖਲਾਅ ਵਿੱਚ ਇੱਕ ਨਿੱਕਾ ਜਿਹਾ ਹਾਸਾ ਉੱਚਾ ਹੋਇਆ। ਮਾਹੌਲ ਗੋਸ਼ਟ-ਚਰਚਾ ਵਿੱਚ ਬਦਲ ਗਿਆ।

‘ਏਹਦਾ ਮਤਲਬ ਪਈ ਉਹ ਖੁਸਰਾ ਸੀ ਜਾਂ ਨਮਰਦ?’

‘ਨਮਰਦਾਂ ਜਾਂ ਖੁਸਰਿਆਂ ਤੋਂ ਨਾ ਨਿਆਣੇ ਪੈਦਾ ਹੁੰਦੇ ਆ ਤੇ ਨਾ ਈ ਉਨ੍ਹਾਂ ਨੂੰ ਜੰਮਦੇ ਆ!’ ਇੱਕ ਹੋਰ ਪੈਂਟ-ਕਮੀਜ਼ ਵਾਲੇ ਕਾਹਲਾ-ਕਾਹਲਾ ਬੋਲਦੇ ਮੁੰਡੇ ਨੇ ਗੱਲ ਵਿੱਚ ਹਿੱਸਾ ਲੈਣ ਦੇ ਮਨਸ਼ੇ ਨਾਲ ਆਖਿਆ!

‘ਮਰਦਾਂ ਨੂੰ ਨਿਆਣੇ ਹੁੰਦੇ ਕਦੀ ਨਹੀਂ ਸੁਣੇ?’ ਇੱਕ ਹੋਰ ਆਵਾਜ਼ ਆਈ।

‘ਭਾਈ ਇੰਨਾ ਕੁ ਸੁਣਿਆ ਹੋਇਆ ਪਤਾ ਪਈ ਬ੍ਰਹਮਾ ਜੀ ਨੇ ਆਪਣੀ ਧੀ ਨਾਲ ਸਹਿਵਾਸ ਕੀਤਾ ਸੀ - ਸ੍ਰਿਸ਼ਟੀ ਨੂੰ ਅੱਗੇ ਤੋਰਨ ਲਈ। ਗ੍ਰੰਥਾਂ ਵਿੱਚ ਲਿਖਿਆ ਹੋਇਆ।’

‘ਇਹ ਨਿਰਾ ਕੁਫ਼ਰ ਆ - ਆਪਣੀ ਧੀ ਨਾ ਇੰਨਾ ਅਨਰਥ ਕੌਣ ਕਰ ਸਕਦਾ! ਕੋਈ ਮੰਨ ਨਹੀਂ ਸਕਦਾ!’ ਮੇਰੇ ਕੋਲ ਬੈਠੇ ਭਾਈਏ ਨੇ ਹੌਲੀ ਦੇਣੀ ਆਖਿਆ।

‘ਮਹਾਰਾਜ ਬ੍ਰਹਮਾ ਜੀ ਦਾ ਕੋਈ ਮੰਦਰ ਕਿੱਥੇ ਆ?’ ਪੋਚਵੀਂ ਪੱਗ ਵਾਲੇ ਅੱਧਖੜ ਆਦਮੀ ਨੇ ਫਿਰ ਪੁੱਛਿਆ।

‘ਮੰਦਰ ਤਾਂ ਕਿਤੇ ਨਹੀਂ ...।’ ਅੰਨ੍ਹੇ ਸਾਧ ਦੇ ਮੂੰਹੋਂ ਇਨ੍ਹਾਂ ਬੋਲਾਂ ਦੀ ਦੱਬਵੀਂ ਜੀਭੇ ਨਿਕਲੀ ਆਵਾਜ਼ ਇਉਂ ਲਗਦੀ ਸੀ ਜਿਵੇਂ ਉਹਦੇ ਤੂੰਬੇ ਦੀ ਢਿੱਲੀ ਤਾਰ ਵਿੱਚੋਂ ਨਿਕਲੀ ਹੋਵੇ।

‘ਕਿਉਂ ਵਿੱਚ ਖੱਪ ਪਾਈਊ ਆ? ਪ੍ਰਸੰਗ ਅੱਗੇ ਸੁਣਨ ਦਿਓ, ਨਹੀਂ ਚੰਗਾ ਲਗਦਾ ਤਾਂ ਘਰਾਂ ਨੂੰ ਬਗ ਜਾਓ।’ ਮੱਸੇ ਨੇ ਆਖਿਆ। ਉਹਨੇ ਆਪਣੀ ਢਿੱਲੀ ਬੱਧੀ ਪੱਗ ਹੇਠਾਂ ਸਿਰ ’ਤੇ ਸੱਜੇ ਹੱਥ ਨਾਲ ਖਾਜ ਕਰਨ ਪਿੱਛੋਂ ਮੁੜ ਕਿਹਾ, ‘ਚਾਰ ਅੱਖਰ ਕੀ ਪੜ੍ਹ ਲਏ - ਪਰ ਲੱਗ ਗਏ - ਧੁਆਨੂੰ ਇਨ੍ਹਾਂ ਭੇਤਾਂ ਦਾ ਕੀ ਪਤਾ ਪਈ ਦੁਨੀਆਂ ਕਿੱਦਾਂ ਚੱਲੀ!’

‘ਤੁਸੀਂ ਦੱਸ ਦਿਓ ਫੇ ਪਈ ਬ੍ਰਹਮਾ ਦੇ ਮੂੰਹ, ਧੜ ਬਾਹਾਂ ਤੇ ਪੈਰਾਂ ਵਿੱਚ ਗਰਭ ਕਿੱਦਾਂ ਠਹਿਰਿਆ ਹੋਊ? ਬ੍ਰਹਮਾ ਦੇ ਸਰੀਰ ਨੂੰ ਕੇਹਨੇ ਕਿੱਦਾਂ ਭੋਗਿਆ ਹੋਊ? ਤੀਮੀਆਂ ਆਂਗੂੰ ਕੱਪੜੇ ਕਿੱਦਾਂ ਆਏ ਹੋਊਗੇ? ਸੌ ਹੱਥ ਰੱਸਾ ਤੇ ਸਿਰੇ ’ਤੇ ਗੰਢ, ਪਈ ਬੰਦਿਆਂ ਨੂੰ ਕਦੀ ਨਿਆਣੇ ਜੰਮੇ ਆ? ਭਰਮ ਫਲਾਇਆ ਹੋਇਆ ਸਾਰਾ - ਲੋਕਾਂ ਨੂੰ ਭਰਮਾਉਣ ਖਾਤਰ ਇਨ੍ਹਾਂ ਚਾਲਬਾਜਾਂ ਨੇ ...।’ ਜ਼ਰਾ ਕੁ ਰੁਕ ਕੇ ਫਿਰ ਆਖਣ ਲੱਗਾ, ‘ਰੂਸ ਦਸ ਸਾਲ ਪਹਿਲਾਂ ਧਰਤੀ ਦੀ ਗਰੂਤਾ ਪਾਰ ਕਰ ਗਿਆ ਤੇ ਹੁਣ ਅਮਰੀਕਾ ਚੰਦ ਉੱਤੇ ਝੰਡਾ ਝੁਲਾਉਣ ਦੀ ਤਿਆਰੀ ਕਰ ਰਿਹਾ ਤੇ ਇੱਧਰ ਸਾਡਾ ਲਾਣਾ ਅਜੇ ਬ੍ਰਹਮਾ ਦੀ ਧੋਖਾਧੜੀ ਵਾਲੀ ਤੇ ਲੁੱਟ-ਖਸੁੱਟ ਭਰੀ ਸਿਰਜਣਾ ’ਚੋਂ ਬਾਹਰ ਨਹੀਂ ਨਿਕਲ ਰਿਹਾ।’ ਪਕਰੋੜ ਉਮਰ ਦਾ ਉਹ ਬੰਦਾ ਬਿਨਾਂ ਕਿਸੇ ਝਿਜਕ ਦੇ ਬੋਲੀ ਜਾ ਰਿਹਾ ਸੀ ਤੇ ਮੈਂ ਮਨ ਹੀ ਮਨ ਬਾਘੀਆਂ ਪਾਈ ਜਾ ਰਿਹਾ ਸੀ।

ਮੱਸਾ ਬਾਹਬਰ ਕੇ ਫਿਰ ਬੋਲਿਆ, ‘ਭਲਕੇ ਤੁਸੀਂ ਕਹੂੰਗੇ ਪਈ ਰਵਿਦਾਸ ਨੇ ਪੱਥਰ ਕਿੱਦਾਂ ਤਾਰਿਆ? ਪਰਸੋਂ ਨੂੰ ਕਹੂੰਗੇ ਪਈ ਧੰਨੇ ਨੇ ਪੱਥਰ ’ਚੋਂ ਰੱਬ ਕਿੱਦਾਂ ਪਾ ਲਿਆ? ਇਸ ਨਿਆਰੇ ਮਾਰਗ ’ਤੇ ਚੱਲ ਕੇ, ਤਪੱਸਿਆ ਕਰ ਕੇ ਈ ਕੁਛ ਮਿਲਦਾ - ਐਮੀ ਥੋੜ੍ਹੋ ਦੁਨੀਆਂ ਘਰ-ਬਾਰ ਛੱਡ ਕੇ ਜੰਗਲਾਂ ਨੂੰ ਭਗਤੀ ਕਰਨ ਜਾਂਦੀ ਆ! ... ਕੱਲ੍ਹ ਜੰਮ ਕੇ ਅੱਜ ਮੱਤਾਂ ਦੇਣ ਲੱਗ ਪਏ ਆ।’

ਲਾਲਟੈਣ ਦੀ ਲੋਅ ਵਿੱਚ ਮੈਂ ਦੇਖਿਆ ਕਿ ਸੁਣਨ ਵਾਲਿਆਂ ਦੇ ਚਿਹਰਿਆਂ ਉੱਤੋਂ ਇਉਂ ਲਗਦਾ ਸੀ ਜਿਵੇਂ ਉਨ੍ਹਾਂ ਨੂੰ ਦੋਹਾਂ ਧਿਰਾਂ ਦੀਆਂ ਗੱਲਾਂ ਸੋਲਾਂ ਆਨੇ ਸੱਚ ਲੱਗ ਰਹੀਆਂ ਸਨ ਤੇ ਮਨੁੱਖ ਦੇ ਪੁਲਾੜ ਵਿੱਚ ਜਾਣ ਦੀ ਗੱਲ ਨੂੰ ਕਿਸੇ ਨੇ ਗੌਲਿਆ ਹੀ ਨਾ।

‘ਸਾਤੋਂ ਨਹੀਂ ਸੁਣ ਹੁੰਦੀ ਇਹ ਕੰਜਰ-ਖੱਪ!’ ਪੋਚਵੀਂ ਪੱਗ ਵਾਲੇ ਨੇ ਮਲਕੜੇ ਜਿਹੇ ਆਖਿਆ ਤੇ ਉਹਦਾ ਦੂਜਾ ਸਾਥੀ ਉਹਦੇ ਮਗਰ-ਮਗਰ ਤੁਰ ਪਿਆ।

ਦਰਅਸਲ, ਉਹ ਦੋਵੇਂ ਜਣੇ ਸਾਡੇ ਪਿੰਡ ਦੇ ਕਾਮਰੇਡਾਂ ਦੇ ਪ੍ਰਾਹੁਣੇ ਆਏ ਹੋਏ ਸਨ। ਉਨ੍ਹਾਂ ਨੂੰ ਰੋਸ ਵਜੋਂ ਉੱਠ ਕੇ ਜਾਂਦਿਆਂ ਨੂੰ ਕਿਸੇ ਨੇ ਚੰਗਾ-ਮੰਦਾ ਨਾ ਕਿਹਾ।

ਆਪਣੀ ਪਾਠ-ਪੁਸਤਕ ਵਿੱਚ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਬਾਰੇ ਕਬੀਰ ਸਾਹਿਬ ਦਾ ਸਲੋਕ:

ਪਾਹਨ ਪੂਜੇ ਹਰੀ ਮਿਲੇ ਤੋਂ ਮੈਂ ਪੂਜੂੰ ਪਹਾੜ
ਯਾ ਤੇ ਉਹ ਚੱਕੀ ਭਲੀ ਪੀਸ ਖਾਏ ਸੰਸਾਰ

ਮੁੜ-ਮੁੜ ਮੇਰੀਆਂ ਅੱਖਾਂ ਮੋਹਰੇ ਆਇਆ।

‘ਸਾਰਾ ਮਜ਼ਾ ਕਿਰਕਿਰਾ ਕਰ ਕੇ ਤੁਰ ਪਏ - ਬੜਾ ਸੁਹਣਾ ਪ੍ਰਸੰਗ ਚਲਦਾ ਸੀ ...।’ ਮੱਸੇ ਨੇ ਆਦਤ ਮੁਤਾਬਿਕ ਆਪਣੀ ਗੱਲ ਨੱਕ ਵਿੱਚ ਬੋਲ ਕੇ ਧਿਆਨ ਖਿੱਚਣ ਲਈ ਵਿਗੋਚਾ ਜ਼ਾਹਿਰ ਕੀਤਾ। ਉਹ ਕਿਸੇ ਜੇਤੂ ਭਲਵਾਨ ਵਰਗਾ ਪ੍ਰਭਾਵ ਦੇ ਕੇ ਰੁਮਾਲੀ ਜਿੱਤਣ ਦੇ ਆਹਰ ਵਿੱਚ ਬੋਲੀ ਜਾ ਰਿਹਾ ਸੀ ਪਰ ਹੁਣ ਲੋਕ ਪਲ ਵਿੱਚ ਹੀ ਉਹਦੀਆਂ ਗੱਲਾਂ ਤੋਂ ਬੇਰੁਖ ਹੋ ਗਏ।

ਘੁਸਰ-ਮੁਸਰ ਤੇ ਹੋਰ ਨਵੀਂ ਬਹਿਸਬਾਜ਼ੀ ਦਾ ਅੰਤ ਨਾ ਹੁੰਦਾ ਦੇਖ ਕੇ ਭਾਈਆ ਭਰਿਆ ਦੀਵਾਨ ਛੱਡਣ ਲਈ ਕਾਹਲਾ ਪੈ ਗਿਆ। ਮੈਂ ਵੀ ਉਹਦੇ ਪਿੱਛੇ-ਪਿੱਛੇ ਘਰ ਨੂੰ ਤੁਰ ਪਿਆ। ਮੇਰੇ ਤਾਏ ਦੇ ਪੁੱਤ ਮੰਗੀ ਨੇ ਕਿਹਾ, ‘ਬਈ ਦਲੀਲਾਂ ਤਾਂ ਮੁੰਡਿਆਂ ਦੀਆਂ ਬੀ ਦਿਲ ਨੂੰ ਟੁੰਬਣ ਆਲੀਆਂ ਸਿਗੀਆਂ - ਇੱਕ ਨਹੀਂ ਗਿਣਨ ਦਿੱਤੀ ਅੰਨ੍ਹੇ ਨੂੰ!’

‘ਉਨ੍ਹਾਂ ਮੁੰਡਿਆਂ ਦੀਆਂ ਦਲੀਲਾਂ ਸੁਣ ਕੇ ਤਾਂ ਐਂ ਲਗਦਾ ਪਈ ਆਪਾਂ ਸਾਰੇ ਅੰਨ੍ਹੇ ਆਂ - ਜਿੱਦਾਂ ਕਿਸੇ ਨੇ ਕਹਿਤਾ ਉੱਦਾਂ ਈ ਮੰਨ ਲਿਆ। ਭਾਈਏ ਨੂੰ ਜਿਵੇਂ ਕੋਈ ਫ਼ੁਰਨਾ ਫੁਰਿਆ ਹੋਵੇ, ‘ਮੰਗੀ ਇੱਕ ਗੱਲ ਤਾਂ ਦਿਲ ਨੂੰ ਲਗਦੀ ਆ ਪਈ ਜੇ ਰੱਬ ਹੈਗਾ ਤਾਂ ਉਹਦਾ ਬੀ ਕੋਈ ਮਾਂ-ਬਾਪ ਹੋਊਗਾ - ਕਿਹੜਾ ਬੰਦਾ ਜਿਹਦਾ ਮਾਂ-ਬਾਪ ਨਹੀਂ, ਕਿਹੜਾ ਰੁੱਖ ਜਾਂ ਕੋਈ ਬੂਟਾ ਆ ਜਿਹਦੇ ਜੜ੍ਹ ਜਾਂ ਬੀ ਨਹੀਂ।’ ਭਾਈਆ ਘਰ ਦੀ ਸਰਦਲ ਤਕ ਜਾਂਦਾ ਬੋਲਦਾ ਰਿਹਾ। ਬੀੜੀ ਮੂੰਹ ਵਿੱਚ ਪਾ ਕੇ ਤੇ ਮੱਠੀ ਜਿਹੀ ਵਗਦੀ ਹਵਾ ਤੋਂ ਬਲਦੀ ਤੀਲੀ ਨੂੰ ਬਚਾਉਣ ਲਈ ਦੋਹਾਂ ਹੱਥਾਂ ਦੀ ਓਟ ਵਿੱਚ ਮੂੰਹ ਤਕ ਲੈ ਕੇ ਗਿਆ। ਧੂੰਏਂ ਦਾ ਘੁੱਟ ਛੱਡ ਕੇ ਉਹ ਬਲਦੀ ਤੀਲੀ ਵੱਲ ਦੇਖਦਾ ਰਿਹਾ ਤੇ ਮਲਕੜੇ ਜਿਹੇ ਆਖਣ ਲੱਗਾ, ‘ਸਾਰੀ ਕਲਪਨਾ ਈ ਆ - ਐਮੀਂ ਰਾਮ-ਰੌਲਾ ਆ ਸ੍ਰਿਸ਼ਟੀ ਕਿਹੜੀ ਕਿਸੇ ਨੇ ਬਣਦੀ ਦੇਖੀ ਆ - ਕੁਦਰਤ ਅਲ ਕਿਸੇ ਦਾ ਧਿਆਨ ਈ ਨਹੀਂ ਪਈ ਕਿੱਦਾਂ ਦਿਨ-ਰਾਤ ਸਾਡੇ ਅਰਗੇ ਕੰਮੀਆਂ ਆਂਙੂੰ ਮਿਹਨਤ ਕਰਦੀ ਆ - ਰੁੱਖ-ਮਨੁੱਖ ਨਿੱਕਿਆਂ ਤੋਂ ਵੱਡੇ ਹੋ ਰੲ੍ਹੇ ਆ - ਝੜਦੇ ਪੱਤਿਆਂ ਦੀ ਥਾਂ ਨਮੇ ਆ ਜਾਂਦੇ ਆ - ਕਮਾਲ ਆ ਕੁਦਰਤ ਦੇ ਕ੍ਰਿਸ਼ਮੇ ਦੀ ਵੀ ...।’

ਪਹਿਲਾਂ ਹੀ ਜਾ ਚੁੱਕੇ ਉਨ੍ਹਾਂ ਦੋਹਾਂ ਅੱਧਖੜ ਸਾਥੀਆਂ ਦੇ ਸਵਾਲਾਂ-ਜਵਾਬਾਂ ਦੀ ਲੜੀ ਮੇਰੇ ਮਨ ਵਿੱਚ ਲੰਮੀ ਹੁੰਦੀ ਗਈ। ਵਿਹੜੇ ਵਿੱਚ ਬਾਣ ਦੀ ਨੰਗੀ ਮੰਜੀ ਉੱਤੇ ਸੌਣ ਲਈ ਪਿਆਂ, ਮੇਰੀਆਂ ਮੀਟੀਆਂ ਅੱਖਾਂ ਮੋਹਰੇ ਉਨ੍ਹਾਂ ਦੋਹਾਂ ਅਜਨਬੀਆਂ ਦੇ ਨਿੱਗਰ ਖ਼ਿਆਲ ਖਲਾਅ ਵਿਚਲੇ ਚਮਕਦੇ ਟਟਿਹਣਿਆਂ ਵਾਂਗ ਮੇਰੇ ਮਨ ਦੇ ਹਨ੍ਹੇਰੇ ਆਕਾਸ਼ ਵਿੱਚ ਰੌਸ਼ਨੀ ਭਰਨ ਲਈ ਇੱਧਰ ਤੇ ਕਦੀ ਉੱਧਰ ਨਿੱਕੀਆਂ-ਨਿੱਕੀਆਂ ਉਡਾਰੀਆਂ ਭਰ ਰਹੇ ਸਨ। ਅੱਜ ਦੀ ਗੋਸ਼ਟੀ ਤੇ ਭਾਈਏ ਦੇ ਵਿਚਾਰਾਂ ਨੇ ਮੇਰੇ ਖ਼ਿਆਲਾਂ ਨੂੰ ਨਵੀਂ ਉਡਾਣ ਦੇ ਦਿੱਤੀ। ਮੈਂਨੂੰ ਅੰਦਰੋਂ-ਅੰਦਰੀ ਮਹਿਸੂਸ ਹੋਇਆ ਕਿ ਮੇਰੇ ਖ਼ਿਆਲਾਂ ਵਿੱਚ ਬਹੁਤ ਕੁਝ ਨਵਾਂ-ਨਵਾਂ ਭਰਦਾ ਜਾ ਰਿਹਾ ਹੈ। ਦੀਵਾਨ ਵਾਲੀ ਥਾਂ ਹਨ੍ਹੇਰੇ ਵਿੱਚ ਜਗਦੀ ਲਾਲਟੈਨ ਮੈਂਨੂੰ ਮੁੜ-ਮੁੜ ਦਿਸ ਰਹੀ ਸੀ। ਮੈਂਨੂੰ ਲੱਗਿਆ ਕਿ ਮੈਂ ਬ੍ਰਹਮਾ ਦੇ ਫੋਕੇ-ਥੋਥੇ ਚੱਕਰਵਿਊ ਤੋਂ ਬਾਹਰ ਨਿਕਲ ਗਿਆ ਹੋਵਾਂ, ਜਿਵੇਂ ਧਰਤੀ ਦੀ ਗਰੂਤਾ ਤੋਂ ਮਨੁੱਖ।

ਛਾਂਗਿਆ ਰੁੱਖ (ਕਾਂਡ ਦਸਵਾਂ)

ਧੁੰਦ ਦੇ ਬੱਦਲ ਦੌੜ-ਦੌੜ ਸੂਰਜ ਨੂੰ ਚੁਫੇਰਿਓਂ ਘੇਰ ਰਹੇ ਸਨ। ਦੁਪਹਿਰ ਹੋਣ ਵਾਲੀ ਸੀ ਪਰ ਬੱਦਲਾਂ ਦੇ ਛਟਣ ਦਾ ਆਸਾਰ ਨਜ਼ਰ ਨਹੀਂ ਸੀ ਆਉਂਦਾ। ਠੰਢੀ-ਯੱਖ ਵਗਦੀ ਹਵਾ ਕਾਰਨ ਸਕੂਲ ਦੇ ਬਹੁਤੇ ਨਿਆਣੇ ਅਜੇ ਵੀ ਠੁਰ-ਠੁਰ ਕਰ ਰਹੇ ਸਨ। ਤਫ਼ਰੀਹ (ਅੱਧੀ ਛੁੱਟੀ) ਤੋਂ ਪਹਿਲਾਂ ਵੱਜੀ ਘੰਟੀ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏ। ਕਿਸੇ ਨੇ ਕੋਈ ਅੰਦਾਜ਼ਾ ਲਾਇਆ ਤੇ ਕਿਸੇ ਨੇ ਕੋਈ। ਮੇਰੇ ਚਿੱਤ ਵਿੱਚ ਆਇਆ ਕਿ ਮੋਹਨ ਲਾਲ ਜ਼ਰੂਰ ਆਪਣੀ ਡਾਕ-ਥੈਲੀ ਵਿੱਚ ਅਜਿਹੀ ਕੋਈ ਖ਼ਬਰ ਲਿਆਇਆ ਹੋਵੇਗਾ ਜਿਸ ਦੀ ਵਜਾਹ ਬੇਵਕਤੀ ਘੰਟੀ ਵੱਜੀ ਹੈ।

ਪੰਜਾਂ ਹੀ ਜਮਾਤਾਂ ਦੇ ਵਿਦਿਆਰਥੀ ਪਾਲਾਂ ਬਣਾ ਕੇ ਇਵੇਂ ਬੈਠ ਗਏ ਜਿਵੇਂ ਸਵੇਰ ਦੀ ਪ੍ਰਾਰਥਨਾ ਸਭਾ ਜੁੜੀ ਹੋਵੇ। ਹੈੱਡਮਾਸਟਰ ਚੇਤ ਰਾਮ ਸ਼ਰਮਾ ਸਾਨੂੰ ਮੁਖ਼ਾਤਿਬ ਹੋਏ, “ਬੜੇ ਅਫ਼ਸੋਸ ਨਾਲ ਦੱਸ ਰਿਹਾ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਕੱਲ੍ਹ (10 ਜਨਵਰੀ, 1966) ਤਾਸ਼ਕੰਦ ਵਿਖੇ ਹਿੰਦ-ਪਾਕਿ ਸਮਝੌਤੇ ਤੋਂ ਥੋੜ੍ਹਾ ਚਿਰ ਬਾਅਦ ਗੁਜ਼ਰ ਗਏ ਹਨ।”

ਵਿਦਿਆਰਥੀਆਂ-ਅਧਿਆਪਕਾਂ ਦੇ ਚਿਹਰਿਆਂ ਉੱਤੇ ਵਗਦੇ ਠੱਕੇ ਨੇ ਜਿਵੇਂ ਠੰਢੀ ਧੁੰਦ ਦੀ ਇੱਕ ਹੋਰ ਪਰਤ ਚੜ੍ਹਾ ਦਿੱਤੀ ਹੋਵੇ। ਉਹ ਬੇਹਰਕਤ ਖੜ੍ਹੇ ਬੁੱਤ ਲਗਦੇ ਸਨ।

ਹੈੱਡਮਾਸਟਰ ਜੀ ਦੱਸਣ ਲੱਗੇ, ‘ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਸਤਰੀ ਜੀ ਬਹੁਤ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ। ਉਹ ਇੱਕ ਸਾਲ ਦੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਪੂਰੇ ਹੋ ਗਏ। ਵਾਰਾਨਸੀ ਪੜ੍ਹਨ ਜਾਣ ਲਈ ਉਨ੍ਹਾਂ ਨੂੰ ਕਈ ਵਾਰ ਗੰਗਾ ਨਦੀ ਤਰ ਕੇ ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਕੋਲ ਕਿਸ਼ਤੀ ਰਾਹੀਂ ਦੂਜੇ ਕਿਨਾਰੇ ਜਾਣ ਲਈ ਭਾੜਾ ਨਹੀਂ ਹੁੰਦਾ ਸੀ। ਉਹ ਬਹੁਤ ਗੰਭੀਰ ਤੇ ਸਖ਼ਤ ਮਿਹਨਤੀ ਸੁਭਾਅ ਦੇ ਸ਼ਾਗਿਰਦ ਸਨ। ਉਨ੍ਹਾਂ ਚੜ੍ਹਦੀ ਜਵਾਨੀ ਵਿੱਚ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਹਿੰਸਾ ਵਿੱਚ ਯਕੀਨ ਰੱਖਣ ਅਤੇ ਸਾਦਾ ਜ਼ਿੰਦਗੀ ਬਤੀਤ ਕਰਨ ਵਾਲੇ ਇਨਸਾਨ ਸਨ। ਉਹ ਕਈ ਮਹਿਕਮਿਆਂ ਦੇ ਵਜ਼ੀਰ ਰਹੇ। ਛੋਟੇ ਕੱਦ ਦੇ ਸ਼ਾਸਤਰੀ ਜੀ ਨੂੰ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹੁਣ ਮੈਂ ਉਨ੍ਹਾਂ ਦਾ ਦਿੱਤਾ ਨਾਹਰਾ ਤਿੰਨ ਵਾਰ ਲਾਵਾਂਗਾ, ਤੁਸੀਂ ਪਿੱਛੇ-ਪਿੱਛੇ ਜੋਸ਼ ਨਾਲ ਬੋਲਣਾ- ‘ਜੈ ਜਵਾਨ ਜੈ ਕਿਸਾਨ’, ‘ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਅਮਰ ਰਹੇ।’

ਹਾਜ਼ਰ ਵਿਦਿਆਰਥੀਆਂ, ਇੱਕ ਮਾਸਟਰ ਤੇ ਭੈਣ ਜੀ ਨੇ ਇੱਕ ਆਵਾਜ਼ ਵਿੱਚ ਉੱਚੀ-ਉੱਚੀ ਨਾਹਰੇ ਬੋਲਦਿਆਂ ਆਪਣੇ ਸੱਜੇ ਹੱਥਾਂ ਦੀਆਂ ਮੁੱਠਾਂ ਹਵਾ ਵਿੱਚ ਉਲਾਰੀਆਂ। ਫਿਰ ਹੈੱਡਮਾਸਟਰ ਜੀ ਨੇ ਸਲਾਹ ਵਰਗਾ ਹੁਕਮ ਕੀਤਾ, ‘ਹੁਣ ਆਪਾਂ ਦੋ ਮਿੰਟ ਦਾ ਮੌਨ ਰੱਖਾਂਗੇ!’

ਸਾਰੇ ਜਣੇ ਨੀਵੀਂ ਪਾ ਕੇ ਚੁੱਪ-ਚਾਪ ਖੜ੍ਹੇ ਸਨ। ਖ਼ਾਮੋਸ਼ੀ ਦਾ ਪਹਿਰਾ ਪਸਰਿਆ ਹੋਇਆ ਸੀ। ਮਾਸਟਰ ਰਾਮ ਕਿਸ਼ਨ ਜੀ ਦੇ ‘ਵਿਸ਼ਰਾਮ’ ਆਖਣ ਪਿੱਛੋਂ ਹੈੱਡਮਾਸਟਰ ਸ਼ਰਮਾ ਨੇ ਦੋ ਦਿਨ ਦੀ ਛੁੱਟੀ ਮਰਹੂਮ ਪ੍ਰਧਾਨ ਮੰਤਰੀ ਦੇ ਸੋਗ ਵਜੋਂ ਐਲਾਨੀ। ਭਰਿਆ ਸਕੂਲ ਪਲ ਵਿੱਚ ਖਾਲੀ ਹੋ ਗਿਆ। ਵਿਦਿਆਰਥੀ ਝੋਲੇ-ਫੱਟੀਆਂ ਚੁੱਕੀ ਦੌੜਦੇ ਇਉਂ ਜਾ ਰਹੇ ਸਨ ਜਿਵੇਂ ਜੇਲ੍ਹਖ਼ਾਨੇ ਤੋਂ ਛੁੱਟੇ ਕੈਦੀ, ਜਿਵੇਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਚਲਾਣੇ ਕਾਰਨ ਹੋਈ ਛੁੱਟੀ ਵਕਤ ਖ਼ੁਸ਼ੀਆਂ ਮਨਾਉਂਦੇ ਦੌੜੇ ਸਨ।

ਖ਼ੈਰ, ਮੈਂ ਇਕੱਲਾ ਤੁਰਿਆ ਰਿਹਾ। ਸ਼ਾਸਤਰੀ ਕੋਲ ਪੈਸਿਆਂ ਖੁਣੋ ਕਿਸ਼ਤੀ ਰਾਹੀਂ ਨਦੀ ਨਾ ਪਾਰ ਕਰ ਸਕਣ ਦੀ ਹਕੀਕਤ ਨੇ ਮੈਂਨੂੰ ਬੇਚੈਨ ਤੇ ਪਰੇਸ਼ਾਨ ਕਰ ਦਿੱਤਾ। ਖ਼ਿਆਲ ਆਇਆ, ‘ਕੀ ਹੋਇਆ ਜੇ ਨਾਲ ਪੜ੍ਹਦੇ ਮੁੰਡੇ ਜਾਤ ਦਾ ਮਿਹਣਾ ਮਾਰਦੇ ਆ- ਸ਼ਾਸਤਰੀ ਕਿਹੜਾ ਬ੍ਰਾਹਮਣ ਸੀ। ਕੀ ਹੋਇਆ ਜੇ ਮੇਰੇ ਕੋਲ ਹੋਰ ਕੱਪੜੇ ਨਹੀਂ- ਮੇਰੇ ਨਾਲ ਮੇਰਾ ਭਾਈਆ ਹੈ, ਸ਼ਾਸਤਰੀ ਕੋਲ ਤਾਂ ਉਹ ਵੀ ਨਹੀਂ ਸੀ। ਜੇ ਸ਼ਾਸਤਰੀ ਆਪਣੀ ਗਰੀਬੀ ਦੌਰਾਨ ਮਿਹਨਤ ਤੇ ਦ੍ਰਿੜ੍ਹਤਾ ਨਾਲ ਇੱਥੇ ਤਕ ਪਹੁੰਚ ਸਕਦਾ ਹੈ ਤਾਂ ਮੈਂਨੂੰ ਹਿੰਮਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ।’

ਘਰ ਦੀ ਸਰਦਲ ਟੱਪਦਿਆਂ ਮੇਰੀਆਂ ਸੋਚਾਂ ਦੀ ਮਾਲ ਗੱਡੀ ਥਾਂ ਹੀ ਰੁਕ ਗਈ। ਦੋ-ਤਿੰਨ ਦਿਨ ਪਹਿਲਾਂ ਮਿਲਣ ਆਈ ਹੋਈ ਮੇਰੀ ਕਰਮੀ ਭੂਆ ਰੋ ਰਹੀ ਸੀ। ਉਹਦੀਆਂ ਲਾਲ ਹੋਈਆਂ ਅੱਖਾਂ ਤੋਂ ਲਗਦਾ ਸੀ ਕਿ ਉਹ ਚਿਰੋਕਣੀ ਹੰਝੂ ਵਹਾਉਂਦੀ ਹੋਵੇਗੀ। ਮੇਰੀ ਮਾਂ ਤੇ ਦਾਦੀ ਉਹਦੇ ਕੋਲ ਬੈਠੀਆਂ ਸਨ। ਭੂਆ ਦੁਪੱਟੇ ਨਾਲ ਅੱਖਾਂ ਪੂੰਝਦੀ ਬੋਲੀ, ‘ਰੱਬ ਉਹ ਦਿਨ ਕਿਸੇ ਬੈਰੀ-ਦੁਸ਼ਮਣ ਨੂੰ ਨਾ ਦਖਾਲੇ, ਮਾਂਵਾਂ ਦੇ ਸਾਹਮਣੇ ਉਨ੍ਹਾਂ ਦੇ ਸਰੂਆਂ ਅਰਗੇ ਪੁੱਤ ਮਾਰਤੇ, ਧੀਆਂ-ਭੈਣਾਂ ਦੀਆਂ ਦੋਧੀਆਂ ਵੱਢ ’ਤੀਆਂ। ਲੋਕਾਂ ਨੇ ਆਪਣੇ ਹੱਥੀਂ ਧੀਆਂ ਨੂੰ ਵੱਢ ਕੇ ਖੂਹਾਂ ਵਿੱਚ ਸਿੱਟਤਾ ... ਬਹੁਤੀਆਂ ਨੂੰ ਜ਼ਹਿਰਾਂ ਦੇ ’ਤੀਆਂ।’

ਭੂਆ ਨੇ ਫਿਰ ਅੱਖਾਂ ਪੂੰਝੀਆਂ ਤੇ ਦੱਸਣ ਲੱਗੀ, ‘ਸਾਡੇ ਕਾਫ਼ਲੇ ਦੇ ਕਈ ਬੰਦੇ ਰਾਹ ਵਿੱਚ ਮਰ-ਖਪ ਗਏ। ਲੋਥਾਂ ਦੇ ਦੇਖੇ ਢੇਰ ਜਦੋਂ ਰਾਤ ਨੂੰ ਅੱਖਾਂ ਮੋਹਰੇ ਆਉਂਦੇ ਆ ਤਾਂ ਹਾਲੇ ਬੀ ਨੀਂਦ ਨਹੀਂ ਆਉਂਦੀ। ... ਪਤਾ ਨਹੀਂ ਵਸਦੇ-ਰਸਦੇ ਲੋਕਾਂ ਦਾ ਲਹੂ ਦਿਨਾਂ ਵਿੱਚ ਕਿੱਦਾਂ ਪਾਣੀ ਬਣ ਗਿਆ - ਜਿਹਦਾ ਕਦੀ ਚਿੱਤ-ਚੇਤਾ ਨਹੀਂ ਸੀ। ਨਿੱਜ ਹੋਣਾ ਨਾ ਪਾਕਸਤਾਨ ਬਣਦਾ ਨਾ ਲੋਕਾਂ ਦੀ ਇੱਦਾਂ ਦੁਰਦਸ਼ਾ ਹੁੰਦੀ ...।’

ਭੂਆ ਦੀਆਂ ਗੱਲਾਂ ਸੁਣਦਿਆਂ ਮੇਰੀ ਮਾਂ ਜ਼ਾਰੋਜ਼ਾਰ ਰੋਣ ਲੱਗ ਪਈ ਤੇ ਮੇਰੀਆਂ ਭੁੱਬਾਂ ਨਿਕਲ ਗਈਆਂ। ਮੈਂਨੂੰ ਲੱਗਿਆ ਕਿ ਭੂਆ ਦੇ ਮਨ ਉੱਤੇ ਪਏ ਟੱਕ ਅਜੇ ਅੱਲੇ ਹਨ। ਇਹ ਸੱਲ ਉਹਨੂੰ ਜਦੋਂ ਯਾਦ ਆਉਂਦਾ ਹੈ ਤਾਂ ਉਹ ਫਿੱਸ ਪੈਂਦੀ ਹੈ।

ਮਾਂ ਨੇ ਮੈਂਨੂੰ ਆਪਣੇ ਕਲਾਵੇ ਵਿੱਚ ਲੈ ਕੇ ਤੇ ਭੂਆ ਨੂੰ ਦਿਲਾਸਾ ਦਿੰਦਿਆਂ ਆਖਿਆ, ‘ਬੀਬੀ ਕਿਸੇ ਦੇ ਬੱਸ ਦੀ ਗੱਲ ਨਹੀਂ, ਜੋ ਕਿਸਮਤ ਵਿੱਚ ਲਿਖਿਆ, ਉਹ ਹੋ ਕੇ ਰਹਿੰਦਾ ...!’

‘ਜਦੋਂ ਆਉਨੀ ਆਂ ਇਹੋ ਝੋਰਾ ਲੈ ਕੇ ਬਹਿ ਜਾਨੀ ਆਂ। ਤੂੰ ਸ਼ੁਕਰ ਮਨਾ ਪਈ ਤੇਰਾ ਸਾਰਾ ਟੱਬਰ ਸਹੀ ਸਲਾਮਤ ਪਹੁੰਚ ਗਿਆ!’ ਦਾਦੀ ਨੇ ਆਪਣੀ ਚੁੱਪ ਤੋੜੀ।

‘ਮੈਂ ਰੋਨੀ ਆਂ ਪਈ ਹਿੰਦਸਤਾਨ-ਪਾਕਸਤਾਨ ਬਣ ਗਿਆ- ਆਪਣੇ ਘਰ ਰਾਜ਼ੀ-ਖ਼ੁਸ਼ੀ ਰਹਿਣ। ਲੋਕਾਂ ਨੂੰ ਚੈਨ ਨਾ ਵਸਣ ਦੇਣ। ਇੱਕ-ਦੂਏ ਤੋਂ ਬਦਲਾ ਲਈਂਦੇ ਆ ਲੜਾਈ ਛੇੜ ਕੇ। ਪਤਾ ਨਹੀਂ ਕਿੰਨੀਆਂ ਮਾਂਵਾਂ ਦੇ ਪੁੱਤ ਇਸ ਕਲਹਿਣੀ ਕਲਾ ਦੀ ਬਲੀ ਚੜ੍ਹੇ ਹੋਣਗੇ। ਮੈਂ ਦਿਨ-ਰਾਤ ਸੁੱਖਾਂ-ਸੁੱਖਦੀ ਰਹੀ ਪਈ ਮੇਰਾ ਭਰਾ-ਭਤੀਜਾ (ਮੇਰਾ ਤਾਇਆ ਦੀਵਾਨ ਚੰਦ ਤੇ ਵੱਡੇ ਤਾਏ ਦਾ ਪੁੱਤ ਮੋਹਨ ਲਾਲ) ਸੁਖ-ਸੁਖੀਲੀ ਨਾ ਘਰ ਮੁੜ ਆਉਣ। ਰੱਬ ਦਾ ਸ਼ੁਕਰ ਪਈ ਲੜਾਈ (ਸਤੰਬਰ, 1965 ਦੀ ਜੰਗ) ਬੰਦ ਹੋ ਗਈ।’ ਭੂਆ ਦੀਆਂ ਅੱਖਾਂ ਥਾਣੀਂ ਪਰਲ-ਪਰਲ ਵਗਦਾ ਪਾਣੀ ਪਤਾ ਨਹੀਂ ਕਿੱਥੋਂ ਆਈ ਜਾ ਰਿਹਾ ਸੀ। ਉਹਦੀ ਭਾਰੀ ਹੋਈ ਜ਼ੁਬਾਨ ਕਾਰਣ ਮੇਰਾ ਮਨ ਇੱਕ ਵਾਰ ਫਿਰ ਭਰ ਆਇਆ।

ਇਸੇ ਦੌਰਾਨ ਭਾਈਏ ਨੇ ਥੋੜ੍ਹਾ ਨੀਵਾਂ ਹੋ ਕੇ ਦਲਾਨ ਦਾ ਬੂਹਾ ਲੰਘਦਿਆਂ ਆਟੇ ਦਾ ਬੋਰਾ ਦੁਵੱਲਿਓਂ ਹੱਥਾਂ ਵਿੱਚ ਫੜ ਕੇ ਭੁੰਜੇ ਰੱਖਿਆ, ਜੋ ਰਾਸ਼ਨ ਕਾਰਡ ’ਤੇ ਭੋਗਪੁਰ ਤੋਂ ਮਿਲਿਆ ਸੀ।

ਉਹਨੇ ਲੱਸੀ ਗਟਗਟ ਚਾੜ੍ਹਨ ਮਗਰੋਂ ਖਾਲੀ ਗਲਾਸ ਮਾਂ ਨੂੰ ਫੜਾਉਂਦਿਆਂ ਕਿਹਾ, ‘ਮਰ ਜਾਣਾ ਦੁਨੀਆਂ ਨੇ ਲੜ-ਭਿੜ ਕੇ, ਕੁਛ ਹਮਲਿਆਂ (1947 ਵਿੱਚ ਮਿਲੀ ਆਜ਼ਾਦੀ ਜਿਸ ਨਾਲ ਭਾਰਤ-ਪਾਕਿ ਵੰਡ ਵੀ ਹੋਈ) ਵਿੱਚ ਮਰ ਗਏ, ਕੁਛ ਪਲੇਗ ਨਾਲ ਮਰ ਗਏ, ਕੁਛ ਆਹ ਲੜਾਈ ਵਿੱਚ ਮਰ ਗਏ ਤੇ ਰਹਿੰਦੇ-ਖੂੰਹਦੇ ਪਰੂੰ ਦੀ ਪਈਊ ਔੜ-ਸੌਕੇ ਨਾਲ ਭੁੱਖੇ ਮਰ ਜਾਣੇ ਆ। ਖੂਹਾਂ ਦੇ ਤਲ਼ੇ ਸੁੱਕ ਗਏ ਆ। ਫ਼ਸਲਾਂ ਨੇ ਝਾੜ ਕੀ ਦੇਣਾ!’

ਘਰ ਬੈਠੇ ਦੀ ਮੇਰੀ ਨਿਗਾਹ ਨਬੀਏ ਅਰਾਈਂ (ਪਾਕਿਸਤਾਨ ਬਣਨ ਵਕਤ ਲਹਿੰਦੇ ਪੰਜਾਬ ਚਲਾ ਗਿਆ) ਦੇ ਅੰਬ ਵਾਲੇ ਖੂਹ ਅੰਦਰ ਗਈ ਜਿਸ ਨੇ ਨਿੱਤਰੇ ਪਾਣੀ ਤੇ ਗੋਲ-ਚੱਕ ਉੱਤੇ ਕੀਤੀ ਵੱਖਰੀ ਤੇ ਚੌੜੀ ਚਿਣਾਈ ਦਿਸਣ ਲੱਗੀ। ਪੇਤਲੇ ਜਿਹੇ ਪਾਣੀ ਅੰਦਰ-ਬਾਹਰ ਕੁਝ ਸੁੱਕੀਆਂ ਟਹਿਣੀਆਂ ਕਿਸੇ ਆਦਮੀ ਦੇ ਪਿੰਜਰ ਵਰਗੀਆਂ ਲਗਦੀਆਂ ਸਨ ਜੋ ਸਕਿੰਟ ਵਿੱਚ ਹੀ ਮੇਰੇ ਮਨ ਵਿੱਚ ਕਲਪਤ ਨਬੀਏ ਦੀ ਯਾਦ ਵਿੱਚ ਬਦਲ ਗਈਆਂ।

ਭਾਈਨੇ ਨੇ ਸਾਡੇ ਸਾਰਿਆਂ ਵੱਲ ਦੇਖਦਿਆਂ ਫਿਰ ਆਖਿਆ, ‘ਸ਼ਹਿਰ ਅਖ਼ਬਾਰਾਂ ਪੜ੍ਹਦੇ ਲੋਕ ਦੱਸਦੇ ਸੀ ਪਈ ਹਾਲਾਤ ਬੰਗਾਲ ਦੇ ਕਾਲ (1943) ਅਰਗੇ ਬਣਦੇ ਜਾਂਦੇ ਆ। ਉਦੋਂ ਟੱਬਰਾਂ ਦੇ ਟੱਬਰ ਮਰ ਗਏ। ਘਰਾਂ ਦੇ ਘਰ ਖਾਲੀ ਹੋ ਗਏ। ਲੋਕਾਂ ਨੇ ਦਸ-ਦਸ ਕਿਲੋ ਆਟੇ ਬਦਲੇ ਆਪਣੇ ਬੱਚੇ ਬੇਚ ਦਿੱਤੇ ਸੀ ਤੇ ਕੁੜੀਆਂ ਦਾ ਮੁੱਲ ਵੱਟਿਆ ਸੀ। ਧੀਆਂ-ਭੈਣਾਂ ਘਰ ਛੱਡਣ ਲਈ ਮਜਬੂਰ ਹੋ ਗਈਆਂ। ਕਈ ਸ਼ਹਿਰਾਂ ਵਿੱਚ ਧੰਦਾ ਕਰਨ ਲੱਗ ਪਈਆਂ। ਟਾਵੀਆਂ-ਟਾਵੀਆਂ ਪੰਜਾਬ ਆ ਗਈਆਂ। ਹਾਅ ਭਾਈ ਬਲਬੀਰ ਲੰਙੇ (ਸਾਡੇ ਘਰ ਦੀ ਪਿਛਾੜੀ ਰਹਿੰਦਾ ਪਰਿਵਾਰ) ਨੇ ਨਹੀਂ ਬੰਗਾਲਣ ਲਿਆਂਦੀਊ ...।’

ਭਾਈਏ ਦੀ ਅਗਲੀ ਗੱਲ ਸ਼ਾਇਦ ਮੈਂਨੂੰ ਸੁਣੀ ਨਹੀਂ ਸੀ। ਮੇਰੇ ਮਨ ਦੇ ਸ਼ੀਸ਼ੇ ਉੱਤੇ ‘ਭਾਈ ਰਾਣੀ', ਤਾਈ ਆਤੋ ਦੇ ਕੋਠੇ ਦੀ ਛੱਤ ਉੱਤੋਂ ਹੇਠਾਂ ਵਿਹੜੇ ਵਿੱਚ ਉਹਦੇ ਨਾਲ ਗੱਲਾਂ ਕਰਦੀ ਉੱਭਰੀ। ਉਹ ਪੱਕੇ ਰੰਗ ਦੀ ਗੁੰਦਵੇਂ ਤੇ ਗੱਦਰ ਸਰੀਰ ਦੀ ਉੱਚੀ-ਲੰਮੀ ਜਵਾਨ ਤੇ ਚੜ੍ਹਦੇ ਤੋਂ ਚੜ੍ਹਦਾ ਕੱਪੜਾ ਪਾਉਂਦੀ, ਸੁਰਖੀ-ਬਿੰਦੀ ਲਾ ਕੇ ਰੱਖਦੀ। ਜਦੋਂ ਉਹ ਥੋੜ੍ਹਾ ਹਿੰਦੀ ਲਹਿਜ਼ੇ ਵਿੱਚ ਪੰਜਾਬੀ ਬੋਲਦੀ ਜਾਂ ਹੱਸ-ਹੱਸ ਗੱਲ ਕਰਦੀ ਤਾਂ ਉਹਦੇ ਚਿੱਟੇ ਦੰਦਾਂ ਦਾ ਮੋਤੀਆਂ ਵਾਂਗ ਜੜਿਆ ਪੀੜ ਫੱਬਦਾ। ਭਾਈ ਰਾਣੀ ਦਾ ਮੇਰੇ ਮਨ ਤੋਂ ਅਕਸ ਉਦੋਂ ਅਲੋਪ ਹੋ ਗਿਆ ਜਦੋਂ ਬਾਹਰਲੇ ਬੂਹੇ ਤੋਂ ਮਰਦਾਨਾ ਤੇ ਜ਼ਨਾਨਾ ਆਵਾਜ਼ ਸੁਣੀ।

ਮੈਂ ਬਾਹਰ ਨੂੰ ਅਹੁਲਦੇ ਵਕਤ ਦੇਖਿਆ ਕਿ ਮੇਰੀ ਮਾਂ, ਮੇਰੀ ਭੂਆ ਤੇ ਦਾਦੀ ਦੇ ਚਿਹਰੇ ਉੱਡੇ ਹੋਏ ਸਨ ਜਿਵੇਂ ਘਰ ਵਿੱਚ ਕੋਈ ਤਾਜ਼ਾ ਸੋਗੀ ਭਾਣਾ ਵਰਤਿਆ ਹੋਵੇ। ਮਾਹੌਲ ਵਿਚਲੀ ਗਹਿਰੀ ਖ਼ਾਮੋਸ਼ੀ ਤੋਂ ਕੋਈ ਓਪਰਾ ਬੰਦਾ ਅੰਦਾਜ਼ਾ ਲਾ ਸਕਦਾ ਸੀ ਕਿ ਘਰ ਵਿੱਚ ਕੋਈ ਜੀਅ ਨਹੀਂ ਰਹਿੰਦਾ। ਭੂਆ ਖੱਬੇ ਗੋਡੇ ਉੱਤੇ ਖੱਬੀ ਕੂਹਣੀ ਟਿਕਾ ਕੇ ਸਿਰ ਨੂੰ ਹੱਥ ਦਾ ਸਹਾਰਾ ਦੇ ਕੇ ਬੈਠੀ ਸੱਚਮੁੱਚ ਕੋਈ ਅਹਿੱਲ ਮੂਰਤੀ ਜਾਂ ਤਸਵੀਰ ਲਗਦੀ ਸੀ।

ਪਲ ਭਰ ਦੀ ਇਸ ਰੁਕਣੀ ਮਗਰੋਂ ਮੈਂ ਫੁਰਤੀ ਨਾਲ ਬਾਹਰਲੇ ਬੂਹੇ ਵਲ ਗਿਆ ਜਦੋਂ ਤਰਲੇ ਭਰੀ ਆਵਾਜ਼ ਕੰਨਾਂ ਵਿੱਚ ਮੁੜ ਪਈ। ਇੱਕ ਜਵਾਨ ਬੰਦੇ ਨੇ ਬੂਟੀਆਂ ਵਾਲੀ ਪੱਗ ਦੇ ਪੋਲੇ ਜਿਹੇ ਅਘੜ-ਦੁਘੜੇ ਲਪੇਟ ਮਾਰੇ ਹੋਏ ਸਨ। ਗੱਲ ਚਿੱਟਾ ਕੁੜਤਾ ਤੇ ਤੇੜ ਧੋਤੀ ਬੰਨ੍ਹੀ ਹੋਈ ਸੀ। ਉਹਦੇ ਘਰਵਾਲੀ ਸੁਹਣੀ-ਸੁਨੱਖੀ ਤੇ ਲਾਲ ਭਾ ਮਾਰਦਾ ਚਿਹਰਾ। ਉਹਨੇ ਬਹੁ-ਰੰਗੀ ਸਾੜ੍ਹੀ ਤੇ ਉੱਤੋਂ ਦੀ ਗਰਮ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ। ਲੱਕ ਦੁਆਲੇ ਚਾਂਦੀ ਦੀ ਗਹਿਣਾ-ਨੁਮਾ ਪੇਟੀ ਬੰਨ੍ਹੀ ਹੋਈ ਸੀ। ਨੰਗੇ ਡੌਲਿਆਂ, ਬਾਹਾਂ ਤੇ ਗਿੱਟਿਆਂ ਵਿੱਚ ਚਾਂਦੀ ਦੇ ਮੋਟੇ ਗਜਰੇ, ਕੜੇ, ਛੱਲੇ ਤੇ ਕੰਙਣ ਪਾਏ ਹੋ ਸਨ। ਉਨ੍ਹਾਂ ਦੀਆਂ ਗਾਚਣੀ ਰੰਗ ਦੀਆਂ ਦੇਸੀ ਜੁੱਤੀਆਂ ਦੀ ਦਿੱਖ ਖ਼ੂਬਸੂਰਤ ਸੀ। ਉਨ੍ਹਾਂ ਦੋਹਾਂ ਨੇ ਇੱਕ-ਇੱਕ ਬੱਚਾ ਆਪੋ-ਆਪਣੀ ਹਿੱਕ ਨਾਲ ਲਾਇਆ ਹੋਇਆ ਸੀ।

ਇਹ ਸਭ ਕੁਝ ਤੱਕਦਿਆਂ ਮੇਰੀ ਮਾਂ ਆਈ। ਉਹ ਦੋਵੇਂ ਜਣੇ ਤਰਲੇ ਕਰਨ ਲੱਗੇ, ‘ਬੀਬੀ ਦੋ-ਦੋ ਰੋਟੀਆਂ ਦੇ ਦੇ ਯਾ ਆਟੇ ਕੀ ਦੋ ਮੁੱਠਾਂ ਦੇ ਦੇ - ਹਮ ਔਰ ਯੇਹ ਹਮਾਰੇ ਬੱਚੇ ਭੂਖੇ ਹੈਂ। ਸੋਕਾ ਪੜ੍ਹ ਰਹਾ ਹੈ - ਫਸਲ ਨਹੀਂ ਹੋ ਰਹੀ - ਹਮ ਮਾਂਗਨੇ ਵਾਲੇ ਨਹੀਂ ਹੈਂ - ਬੱਸ ਦੋ ਰੋਟੀਆਂ ਯਾ ...।’

ਇਸ ਅਜਨਬੀ ਜੋੜੇ ਦੇ ਮਿੰਨਤਾਂ-ਤਰਲੇ ਦੇਖ ਕੇ ਮੈਂਨੂੰ ਤਰਸ ਆ ਗਿਆ। ਛੋਟੇ ਬੱਚੇ ਨੇ ਆਪਣੀ ਮਾਂ ਦੀ ਬੁੱਕਲ ਵਿੱਚੋਂ ਸਾਡੇ ਵਲ ਓਪਰੀ ਜਿਹੀ ਨਜ਼ਰ ਮਾਰਦਿਆਂ ਤੇ ਆਪਣੀ ਮਾਂ ਦੇ ਮੋਢੇ ਨਾਲ ਸਿਰ ਲਾਉਂਦਿਆਂ ਉਹਨੂੰ ਘੁੱਟ ਲਿਆ।

ਸਾਨੂੰ ਮਾਂ-ਪੁੱਤ ਨੂੰ ਦਲਾਨ ਅੰਦਰ ਵੜਦਿਆਂ ਦੇਖ ਭਾਈਏ ਨੇ ਪਹਿਲਾਂ ਵਰਗੀ ਗੱਲ ਫਿਰ ਤੋਰੀ, ‘ਦੇਖੋ ਹਾਅ ਜੋਰਾਵਰ ਕਈਂਦੇ ਕਹਾਉਂਦੇ ਰਾਜਪੂਤ ਭੁੱਖ ਨੇ ਕਿੱਦਾਂ ਅੱਝੇ ਕਰਤੇ ਆ। ਇਨ੍ਹਾਂ ਨੂੰ ਸਾਡੇ ਬਿਹੜੇ-ਮੁਹੱਲੇ ਦਾ ਪਤਾ ਬੀ ਆ। ਇਨ੍ਹਾਂ ਨੇ ਕਦੀ ਕੋਲ ਨਹੀਂ ਢੁੱਕਣ ਦਿੱਤਾ। ਜਦੋਂ ਅਸੀਂ ਗੰਗਾ ਨਗਰ ਕਣਕ-ਛੋਲੇ ਬੱਢਣ ਜਾਈਦਾ, ਪਾਣੀ ਪੀਣ ਲਈ ਕਹੀਏ ਤਾਂ ਪਈਲਾਂ ਜਾਤ ਪੁੱਛਦੇ ਆ ਤੇ ਹੁਣ ਸਾਡੇ ਦਰਾਂ ’ਤੇ ਮੰਗਦੇ ਫਿਰਦੇ ਆ। ਕੋਈ ਪੁੱਛਣ ਆਲਾ ਹੋਬੇ ਪਈ ਹੁਣ ਧੁਆਡੀ ਆਕੜ, ਹੰਕਾਰ ਤੇ ਦਬਦਬਾ ਕਿੱਥੇ ਗਿਆ? ਕਈਂਦੇ ਆ ਪਈ ਭੁੱਖ-ਮੁਸੀਬਤ ਬੇਲੇ ਕਿਸੇ ਨੇ ਆਪਣੀ ਮਾਂ ਦੇ ਯਾਰ ਨੂੰ ਬੀ ਬਾਪ ਬਣਾ ਲਿਆ ਸੀ।’

ਹੁੱਕੇ ਦੇ ਕੋ ਕਾਹਲੇ ਘੁੱਟ ਭਰਨ ਪਿੱਛੋਂ ਭਾਈਏ ਨੇ ਫਿਰ ਆਖਿਆ, ਸਾਡੀ ਗੱਲ ਸਮਝਣ ਦਾ ਕਿਸੇ ਕੋਲ ਟੈਮ ਈ ਨਹੀਂ ਪਈ ਜਾਤਾਂ-ਪਾਤਾਂ ਦਾ ਸਾਰਾ ਤਾਣਾ-ਬਾਣਾ ਰੱਬ ਨੇ ਨਹੀਂ, ਬੰਦੇ ਨੇ ਆਪਣੇ ਮੁਫ਼ਾਦ ਬਾਸਤੇ ਘੜਿਆ ਹੋਇਆ।’

ਭਾਈਏ ਵਲੋਂ ਲਗਾਤਾਰ ਕੀਤੀਆਂ ਗੱਲਾਂ ਨੂੰ ਘਰ ਦੇ ਜੀਆਂ ਨੇ ਗਹੁ ਨਾਲ ਸੁਣਿਆ ਪਰ ਭਰਵਾਂ ਹੁੰਗਾਰਾ ਕਿਸੇ ਨਾ ਭਰਿਆ। ਮਾਂ ਨੇ ਮੇਰੀ ਨਵ-ਜੰਮੀ ਭੈਣ ਨੂੰ ਦੁੱਧ ਚੁੰਘਾਉਣ ਤੇ ਉਹਨੂੰ ਸੁੱਤੀ ਨੂੰ ਮੰਜੇ ਉੱਤੇ ਪਾਉਣ ਮਗਰੋਂ ਆਖਿਆ, ‘ਗੱਲ ਇੱਥੇ ਨਿੱਬੜਦੀ ਆ ਪਈ ਲਿਖੀਆਂ ਅੱਗੇ ਕਿਸੇ ਦਾ ਜੋਰ ਨਹੀਂ ...। ਦੇਖੋ ਕਾਲ ਨੇ ਕਈਆਂ ਨੂੰ ਰਾਜਿਆਂ ਤੋਂ ਰੰਕ ਬਣਾਤਾ!’

ਭੂਆ ਨੇ ਸਿਰ ਹਿਲਾ ਕੇ ਮਾਂ ਦੇ ਬੋਲਾਂ ਦੀ ਹਾਮੀ ਭਰੀ ਤੇ ਦਾਦੀ ਮਾਂ ਨੇ ਪੈਰੀਂ ਜੁੱਤੀ ਪਾ ਕੇ ਹੱਥ ਵਿੱਚ ਸੋਟਾ ਫੜ ਲਿਆ।

‘ਇਹਨੂੰ ਹੋਰਾਂ ਦੀ ਚਿੰਤਾ, ਆਪਣੀ ਨਹੀਂ। ਅਸੀਂ ਨਿੱਤ ਫਾਕੇ ਕੱਟਦੇ ਆਂ, ਸਾਡੇ ’ਤੇ ਕਿਸੇ ਨੂੰ ਦਇਆ ਨਹੀਂ ਆਉਂਦੀ ਪਈ ਬਲੂਰ ਵਿਲਕਦੇ ਆ। ਮਣ-ਮਣ ਅੰਨ ਦੇ ਦੇਈਏ, ਹਿਸਾਬ ਅੱਗੇ ਪਿੱਛੇ ਹੋ ਜਾਊ। ਔਖੇ ਬੇਲੇ ਕੀਤੀ ਨੇਕੀ ਨੂੰ ਕਿਹੜਾ ਕੋਈ ਭੁੱਲਦਾ? ਅਖੇ ਰੱਬ ਦਾ ਭਾਣਾ, ਸਾਲਾ ਰੱਬ - ਨਿਰਾ ਜੱਬ੍ਹ। ਹੋਬੇ ਤਾਂ ਸਾਡੀ ਫ਼ਰਿਆਦ ਨਾ ਸੁਣੇ? ਇਹੋ ਜਿਹੇ ਜ਼ਾਲਮ ਤੋਂ ਦੂਰ ਈ ਚੰਗੇ ...!’ ਭਾਈਏ ਨੇ ਮਨ ਦੀ ਭੜਾਸ ਕੱਢਦਿਆਂ ਆਪਣਾ ਦੋ-ਟੁੱਕ ਫੈਸਲਾ ਸੁਣਾਇਆ।

ਮਾਂ ਨੂੰ ਚਾਣਚੱਕ ਜਿਵੇਂ ਕੁਝ ਚੇਤਾ ਆ ਗਿਆ ਸੀ। ਉਹਨੇ ਆਪਣੇ ਵਲ ਆਉਣ ਲਈ ਹੱਥ ਦਾ ਇਸ਼ਾਰਾ ਕੀਤਾ। ਫਿਰ ਉਹਨੇ ਸਿਲਵਰ ਦੀ ਬਾਲਟੀ ਵੱਲ ਦੇਖਦਿਆਂ ਮੂੰਹੋਂ ਆਖਿਆ, ‘ਮੰਤਰੀਆਂ ਦਿਓਂ ਮੈਲ ਦੀ ਬਾਲਟੀ ਭਰਾ ਲਿਆ - ਇਹਦੀਆਂ ਨਹੀਂ ਗੱਲਾਂ ਮੁੱਕਣੀਆਂ!’

ਨੱਕੋ ਨੱਕ ਭਰੀ ਮੈਲ ਦੀ ਬਾਲਟੀ ਲਿਆਉਂਦਿਆਂ ਬਾਲਟੀ ਦੇ ਛਲਕਣ ਕਾਰਨ ਮੇਰੇ ਸੱਜੇ ਪੈਰ ਉੱਤੇ ਮੈਲ ਡਿਗ ਪਈ ਜਦੋਂ ਮੈਂ ਬਾਲਟੀ ਦੂਜੇ ਹੱਥ ਬਦਲਣ ਲੱਗਾ। ਨਿੱਕੇ-ਨਿੱਕੇ ਛਾਲੇ ਅਕਸਰ ਹੀ ਪੈਂਦੇ ਰਹਿੰਦੇ। ਮਨ ਅਫ਼ਸੋਸ ਦੇ ਡੂੰਘੇ ਪਾਣੀਆਂ ਵਿੱਚ ਡੁੱਬਦਾ-ਘਿਰਦਾ, ਦੁੱਖ ਮਨਾਉਂਦਾ, ਸ਼ਰਮਿੰਦਗੀ ਦਾ ਇਹਸਾਸ ਹੋਰ ਤਿੱਖਾ ਤੇ ਤੀਬਰ ਹੁੰਦਾ ਜਦੋਂ ਜਮਾਤੀ ਜੱਟ ਮੁੰਡੇ ਬੇਪਰਵਾਹੀ ਨਾਲ ਕਦੀ ਸਹਿਜ ਤੇ ਕਦੀ ਤਲਖ਼ੀ ਨਾਲ ਫਿਕਰੇ ਕੱਸਦੇ, ‘ਮੈਲ ਪੀਣ ਨਾਲ ਧੁਆਡੇ ਰੰਗ ਮੈਲ ਅਰਗੇ ਹੋਇਓ ਆ! ... ਮੈਲ ਪੀਣੀ ਜਾਤ ਫੇ ਬੀ ਸਾਨ੍ਹ ਆਂਙੂੰ ਆਕੜਦੀ ਰਹਿੰਦੀ ਆ ... ਇਸ ਸਿਆਲ ਚੰਗਾ ਦਾਅ ਲੱਗਾ ਹੋਣਾ ਮਾਸ ਖਾਣ ਨੂੰ, ਬਥੇਰੇ ਕੱਟੇ-ਬੱਛੇ ਮਰਦੇ ਆ ਸੁੱਕੀ ਠੰਢ ’ਚ - ਕਿਉਂ ਗੁੱਡ?’

ਮੈਂ ਖਿਝ ਗਿਆ। ਮਨ ਸੜ-ਬਲ ਗਿਆ ਜਿਵੇਂ ਆਲੂਆਂ ਦੀਆਂ ਵੇਲਾਂ ਜਾਂ ਛੋਟੇ ਨਰਮ ਪੌਦੇ ਠੰਢ ਨਾਲ ਝੁਲਸ ਗਏ ਸਨ। ਚਿੱਤ ਵਿੱਚ ਆਉਂਦਾ ਕਿ ਕਹਿਣ ਵਾਲੇ ਦਾ ਸਿਰ-ਮੱਥਾ ਇੱਟ-ਰੋੜਾ ਮਾਰ ਕੇ ਪਾੜ ਦਿਆਂ ਤੇ ਕਹਾਂ- ਸਾਡੀ ਮਜਬੂਰੀ ਆ, ਕੋਈ ਸ਼ੌਕ ਥੋੜ੍ਹੋ ਆ? ਧੁਆਨੂੰ ਸਾਡੀ ਭੁੱਖ ਦਾ ਕੀ ਦੁੱਖ! ਤੁਸੀਂ ਖਾ-ਖਾ ਪਾਟਣ ਨੂੰ ਫਿਰਦੇ ਆਂ ਤੇ ਸਾਡੇ ਲੱਕੇ ਲਗਦੇ ਜਾਂਦੇ ਆ, ਲਿੱਸੇ ਬੌਲਦਾਂ ਵਾਂਗ।

ਮਨ ਵਿੱਚ ਖ਼ਿਆਲਾਂ ਦੀ ਲੜੀ ਸਕੂਲ ਦੀ ਹਲਟੀ ਦੀਆਂ ਟਿੰਡਾਂ ਦੀ ਮਾਲ੍ਹ ਵਾਂਗ ਮੁੱਕਣ ਵਿੱਚ ਹੀ ਨਹੀਂ ਆ ਰਹੀ ਸੀ। ਸੋਚਦਾ, ਬੱਸ ਥੋੜ੍ਹਾ ਚਿਰ ਰਹਿ ਗਿਆ ਪਿੰਡ ਦੀ ਜੂਹ ਵਿੱਚ ਜਾਤ ਦੇ ਮਿਹਣੇ ਸੁਣਨ ਤੇ ਝੱਲਣ ਦਾ। ਜਦੋਂ ਗੀਗਨਵਾਲ ਸਕੂਲੇ ਪੜ੍ਹਨ ਲੱਗ ਪੈਣਾ, ਉਦੋਂ ਨਾ ਕੋਈ ਮੈਲ ਪੀਣ ਤੇ ਮਰੇ ਪਸ਼ੂਆਂ ਦੇ ਮਾਸ ਬਾਰੇ ਤਾਹਨੇ ਮਾਰੇਗਾ ਤੇ ਨਾ ਹੀ ਰਾਹਾਂ ਵਿੱਚੋਂ ਬਾਲਣ ਲਈ ਕੱਖ-ਪੱਤ ਹੂੰਝਦੇ ਨੂੰ ਦੇਖੇਗਾ।

ਜਦੋਂ ਹੈੱਡਮਾਸਟਰ ਚੇਤ ਰਾਮ ਸ਼ਰਮਾ ਵਲੋਂ ਦੱਸੀਆਂ ਸ਼ਾਸਤਰੀ ਦੀ ਜ਼ਿੰਦਗੀ ਦੀਆਂ ਤਲਖ਼-ਹਕੀਕਤਾਂ ਦਾ ਚੇਤਾ ਆਇਆ ਤਾਂ ਮੇਰਾ ਹੌਸਲਾ ਹੋਰ ਬੁਲੰਦ ਹੋ ਗਿਆ। ਜਦੋਂ ਭਾਈਏ ਦਾ ਬਿਆਨ ਯਾਦ ਆਇਆ ਕਿ ਜਹਿਮਤ, ਭੁੱਖ-ਪਿਆਸ ਨਾ ਪੁੱਛੇ ਜਾਤ, ਇਨ੍ਹਾਂ ਥੁੜਾਂ-ਥੋੜਾਂ ਕਰਕੇ ਸਾਡੇ ਲੋਕ ਲਿਫ਼ ਕੇ ਰੲ੍ਹੀਂਦੇ ਆ, ਮੈਂ ਤਾਂ ਚਾਹੁੰਨਾ ਭਲਕੇ ਸਾਡੀ ਔਲਾਦ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ, ਧੌਣ ਅਕੜਾ ਕੇ ਅਣਖ ਨਾਲ ਤੁਰੇ। ਚਾਰ ਸਿਆੜ ਖਰੀਦੇ ਜਾਂ ਸਰਕਾਰ ਨਾਲ ਲੜ ਭਿੜ ਕੇ ਲਵੇ।

ਭਾਈਏ ਦੀਆਂ ਖ਼ਾਹਿਸ਼ਾਂ ਉੱਤੇ ਖਰਾ ਉੱਤਰਨ ਲਈ ਮੈਂ ਲਗਾਤਾਰ ਤਰਲੋਮੱਛੀ ਹੁੰਦਾ ਰਹਿੰਦਾ। ਮੈਂਨੂੰ ਲਗਦਾ ਕਿ ਦਿਨ ਪੁਰ ਦਿਨ ਮੇਰਾ ਰਾਹ ਰੌਸ਼ਨ ਹੁੰਦਾ ਜਾ ਰਿਹਾ ਹੈ ਜਿਸ ਸਦਕਾ ਮਨ ਹੀ ਮਨ ਮੈਂ ਅੰਬਰੋਂ ਤਾਰੇ ਤੋੜਨ ਦੀਆਂ ਵਿਉਂਤਾਂ ਬਣਾਉਂਦਾ ਨਾ ਥੱਕਦਾ।

ਛਾਂਗਿਆ ਰੁੱਖ (ਕਾਂਡ ਗਿਆਰ੍ਹਵਾਂ)

‘ਲੈ ਬਈ ਚਾਚਾ, ਗੁੱਡ ਐਤਕੀਂ ਪੂਰਾ ਹਾਲ਼ੀ ਹੋ ਗਿਆ - ਝੋਨਾ ਲਾਉਣ ਤੇ ਤਾਲਣ ਚਮਿਆਰੀ, ਰਾਸਗੂੰਆਂ (ਰਾਸਤਗੋ), ਖੜ੍ਹਬੜਾਂ (ਸਿਕੰਦਰਪੁਰ), ਢੱਡਿਆਂ ਤੇ ਸੋਹਲਪੁਰ ਤਕ ਜਾਣ ਲੱਗ ਪਿਆ - ਆਪਣੇ ਪਿੰਡ ਤਾਂ ਪਰੂੰ ਬੀ ‘ਬਾਬਿਆਂ’ ਦੇ ਜਾਂਦਾ ਰਿਹਾ। ਕਮਾਦ-ਜੁਆਰ (ਮੱਕੀ) ਗੁੱਡਣ ਦਾ ਰੁਕ ਬੀ ਆ ਗਿਆ। ... ਇੱਕ ਗੱਲ ਆ ਪਈ ਗੁੱਡ ਦਾ ਲੱਕ ਭਾਮੇਂ ਸ਼ਿਕਾਰੀ ਕੁੱਤੇ ਅਰਗਾ ਪਰ ਹੱਡੀ ਨਰੋਈ ਆ ...।’ ਮੇਰੇ ਤਾਏ ਦੇ ਪੁੱਤ ਮੰਗੀ ਨੇ ਮੇਰੇ ਮੋਢੇ ਉਤਲੇ ਪਰਨੇ ਅੰਦਰ ਲਪੇਟੇ ਤੇ ਪਿੱਠ ਪਾਸੇ ਲਮਕਦੇ ਗਲਾਸ ਵੱਲ ਦੇਖਦਿਆਂ ਇੱਕ ਦੁਪਹਿਰ ਖ਼ੁਸ਼ੀ ਭਰੇ ਲਹਿਜ਼ੇ ਵਿੱਚ ਭਾਈਏ ਨਾਲ ਗੱਲ ਤੋਰੀ।

ਮੈਂ ਓਪਰਾ ਜਿਹਾ ਮੁਸਕਰਾ ਕੇ ਦਲਾਨ ਅੰਦਰ ਚਲਾ ਗਿਆ। ਮੇਰਾ ਲੱਕ ਤੇ ਧੌਣ ਫੱਟੇ ਵਾਂਗ ਆਕੜੇ ਹੋਏ ਸਨ, ਸਾਰੇ ਸਰੀਰ ਅੰਦਰ ਟੁੱਟ-ਭੱਜ ਤੇ ਦਰਦ ਮਹਿਸੂਸ ਹੋ ਰਹੇ ਸਨ। ਕੱਦੂ ਕੀਤੇ ਖੇਤ ਵਿੱਚ ਝੋਨੇ ਦੀ ਪਨੀਰੀ ਲਾਉਂਦਿਆਂ ਮੇਰੇ ਸੱਜੇ ਹੱਥ ਦੇ ਅੰਗੂਠੇ ਦੇ ਨਹੁੰ ਮੋਹਰਲਾ ਹਿੱਸਾ ਚਿੱਟਾ ਹੋ ਗਿਆ ਸੀ, ਜਿਵੇਂ ਉਹਦੇ ਵਿੱਚ ਪੀਕ ਪੈ ਗਈ ਹੋਵੇ। ਪੈਰਾਂ ਦੀਆਂ ਉਂਗਲੀਆਂ ਵਿਚਲੀਆਂ ਵਿੱਥਾਂ ਵਿੱਚ ਕਰੋਹੀਆਂ ਹੋ ਗਈਆਂ ਸਨ ਜਿਨ੍ਹਾਂ ਅੰਦਰ ਮੁੜ-ਮੁੜ ਖਾਜ ਕਰਨ ਨੂੰ ਚਿੱਤ ਕਰਦਾ। ਸੋਚਦਾ, ਸਕੂਲੋਂ ਛੁੱਟੀਆਂ ਕਾਹਦੀਆਂ ਹੋਈਆਂ, ਮੇਰੇ ਲਈ ਮੁਸੀਬਤਾਂ ਦੀ ਬਰਸਾਤ ਲੈ ਕੇ ਆਈਆਂ। ਛੁੱਟੀਆਂ ਦੀ ਇਹ ਕੇਹੀ ਰੁੱਤ - ਸਿਰ ’ਤੇ ਵੱਢ ਖਾਣੀ ਧੁੱਪ ਤੇ ਪੈਰ ਤੱਤੇ ਪਾਣੀ ਵਿੱਚ। ਮੇਰੇ ਨਾਲ ਪੜ੍ਹਦੇ ਕਈ ਕੁੜੀਆਂ-ਮੁੰਡੇ ਆਪਣੇ ਮਾਮਿਆਂ-ਮਾਸੀਆਂ ਦੇ ਗਏ ਹੋਏ ਆ ਤੇ ਮੈਂ ਆਪਣੇ ਭਾਈਏ ਤੇ ਭਾਈ ਨਾਲ ਥੁੜਾਂ-ਥੋੜਾਂ ਦੀ ਦਲਦਲ ਵਿੱਚ ਫਸਿਆ ਹੋਇਆ ਹਾਂ। ਅਜਿਹੀਆਂ ਸੋਚਾਂ ਸੋਚਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ।

ਕੁਝ ਦਿਨ ਪਹਿਲਾਂ ਜਦੋਂ ‘ਬਾਰੀਆਂ’ ਦੇ ਸੋਹਣ ਹੁਰਾਂ ਦੇ ਨਿਆਈਂ ਵਾਲੇ ਨੀਵੇਂ ਖੇਤ ਵਿੱਚ ਝੋਨਾ ਲਾਉਣ ਦਾ ਚੇਤਾ ਆਇਆ ਤਾਂ ਮੇਰੀਆਂ ਅੱਖਾਂ ਸਾਹਮਣੇ ਪਾਣੀ ਉੱਤੇ ਤਰਦੀਆਂ ਸੁੱਕੀਆਂ ਟੱਟੀ-ਲੇਂਡੀਆਂ, ਮੁਸ਼ਕ ਮਾਰਦੇ ਗੋਹੇ, ਕੱਖ-ਪੱਤ ਤੇ ਬੇਰੀ ਦੀਆਂ ਸੁੱਕੀਆਂ ਨਿੱਕੀਆਂ-ਨਿੱਕੀਆਂ ਕੰਡਿਆਲੀਆਂ ਟਾਹਣੀਆਂ ਦੇ ਕੰਡੇ ਪੈਰਾਂ ਵਿੱਚ ਚੁੱਭਣ ਅਤੇ ਆਪਣੇ ਸਰੀਰ ਦੇ ਵੱਡੇ ਪ੍ਰਸ਼ਨ ਚਿੰਨ੍ਹ ਵਾਂਗ ਝੁਕੇ ਹੋਣ ਦਾ ਦ੍ਰਿਸ਼ ਸਾਕਾਰ ਹੋ ਗਿਆ। ਰੋਸ-ਕ੍ਰੋਧ ਮਨ ਵਿੱਚ ਤੱਤੇ ਪਾਣੀ ਵਾਂਗ ਉਬਾਲੇ ਮਾਰਦੇ। ਮੈਂ ਧੜੰਮ ਕਰ ਕੇ ਮੰਜੇ ਉੱਤੇ ਡਿਗ ਜਾਣਾ ਚਾਹੁੰਦਾ ਕਿ ਬੱਸ ਸੌਂ ਜਾਵਾਂ।

‘... ਚਾਚਾ, ਚੱਲ ਹੋਰ ਦੋ ਸਾਲਾਂ ਨੂੰ ਗੁੱਡ ਰਲਿਆ ਸਮਝ ਸਾਡੇ ਨਾਲ!’ ਮੰਗੀ ਨੇ ਫਿਰ ਆਖਿਆ।

ਇਹ ਸੁਣਦਿਆਂ ਹੀ ਜਿਵੇਂ ਅਸਮਾਨੀ ਬਿਜਲੀ ਬਿਨਾਂ ਬੱਦਲਾਂ ਤੋਂ ਹੀ ਮੇਰੇ ਉੱਤੇ ਆਣ ਡਿੱਗੀ ਹੋਵੇ। ਕੋਠੇ ਦੀ ਛੱਤ ਉੱਤੇ ਸ਼ਾਮ-ਸਵੇਰੇ ਦੇਖੀਆਂ ਅਮੁੱਕ ਸ਼ਿਵਾਲਿਕ ਪਹਾੜੀਆਂ ਅਤੇ ਹਿਮਾਲਿਆ ਪਰਬਤ ਦੀਆਂ ਅਸਮਾਨ ਛੋਹੰਦੀਆਂ ਚੋਟੀਆਂ ਆਪਣੇ ਮੋਹਰੇ ਲੰਮੀ ਦਿਖਾਈ ਦਿੰਦੀ ਜ਼ਿੰਦਗੀ ਵਾਂਗ ਮੁੜ-ਮੁੜ ਅੱਖਾਂ ਮੋਹਰੇ ਆਉਣ ਲੱਗ ਪਈਆਂ। ਮੇਰੇ ਚਿੱਤ ਵਿੱਚ ਆਇਆ ਕਿ ਮੰਗੀ ਦਾ ਸਿਰ ਇੱਟ-ਰੋਟਾ ਮਾਰ ਕੇ ਪਾੜ ਦਿਆਂ ਤੇ ਭਾਈਏ ਦਾ ਵੀ, ਜੋ ਇਹੋ ਜਿਹੀਆਂ ਦਿਲ-ਢਾਹੂ ਗੱਲਾਂ ਸੁਣੀ ਜਾ ਰਿਹਾ। ਉਸੇ ਪਲ ਖ਼ਿਆਲ ਆਇਆ - ਮੇਰੀ ਵੱਡੀ ਭੂਆ ਦੇ ਪੁੱਤ ਦਿੱਲੀ ਵਿੱਚ ਸਰਕਾਰੀ ਅਫਸਰ ਆ - ਮੇਰਾ ਮਾਮਾ ਡੀ.ਸੀ. ਲੱਗਾ ਹੋਇਆ ... ਮੈਂ ਅਨਪੜ੍ਹ ਰਹਾਂ? ਸਾਰੀ ਬਿਰਾਦਰੀ ਵਾਂਗ ਦੂਜਿਆਂ ਦੀ ਗੁਲਾਮੀ ਕਰਾਂ ਤੇ ਚੱਟੀਆਂ ਭਰਾਂ? ਮੇਰੇ ਕੋਲੋਂ ਇਹ ਨਹੀਂ ਹੋ ਸਕਦਾ!

ਭਾਈਏ ਨੇ ਮੰਗੀ ਦੀ ਗੱਲ ਉੱਤੇ ਜਿਵੇਂ ਗੌਰ ਹੀ ਨਾ ਕੀਤਾ ਜਾਂ ਅਣਸੁਣੀ ਕਰ ਦਿੱਤੀ। ਹੁੱਕੇ ਦੀ ਚਿਲਮ ਵਿੱਚ ਅੱਗ ਪਾਉਣ ਲਈ ਉਹ ਛੱਤੜੀ ਅੰਦਰ ਨੂੰ ਜਾਂਦਾ-ਜਾਂਦਾ ਕਹਿਣ ਲੱਗਾ, ‘ਮੈਂ ਤਾਂ ਇਹਨੂੰ ਕੲ੍ਹੀਨਾ ਪਈ ਸਕੂਲ ਦੀ ਬਰਦੀ ਜੋਗੇ ਪੈਹੇ ਕਰ ਲਾ ਜਾਂ ਫੇ ਝੱਗਾ-ਪਜਾਮਾ ਸਮਾਂ ਲਈਂ ...।’

‘ਪਰੂੰ ਬੀ ਇੱਦਾਂ ਈ ਕੲ੍ਹੀਂਦਾ ਸੀ - ਮਗਰੋਂ ਆਣੀ ਕੋਠੇ ਦੀ ਛੱਤ ਲਈ ਲਿਆਂਦੇ ਕੱਲਰ ਦੇ ਦੋ ਗੱਡਿਆਂ ਦੇ ਪੈਹੇ ਦੇ ਆਇਆ ਸੀ।’ ਮੈਂ ਵਿੱਚੋਂ ਟੋਕ ਕੇ ਆਖਿਆ।

‘ਤੇਰਾ ਪਤੰਦਰ ਵੀਹ ਤਾਂ ਗੇੜੇ ਮਾਰ ਗਿਆ ਸੀ ... ਉਹਨੂੰ ਗਲ਼ੋਂ ਨੀਂ ਸੀ ਲਾਹੁਣਾ!’

‘‘.. ਤੇ ਐਤਕੀਂ?’

‘ਖੜ੍ਹਾ ਹੋ ਜਰਾ। ਤਈਨੂੰ ਲਿਖ ਕੇ ਦੇਮਾ ਮਾਮਾ ਹੀਰ ਦਿਆ!’ ਭਾਈਆ ਕਾਹਲੀ ਨਾਲ ਚੁੱਲ੍ਹੇ ਮੋਹਰਿਓਂ ਉੱਠਦਿਆਂ ਮੇਰੇ ਵਲ ਆਇਆ ਤੇ ਮੈਂ ਦੌੜ ਕੇ ਬਾਹਰ ਬੋਹੜ-ਪਿੱਪਲ ਥੱਲੇ ਚਲਾ ਗਿਆ।

ਲਹਿੰਦੀ ਫਿਰਨੀ ਵਲੋਂ ਜੋਸ਼ ਭਰੀ ਇੱਕ ਜ਼ੋਰਦਾਰ ਆਵਾਜ਼ ਆ ਰਹੀ ਸੀ। ਬੋਲਣ ਵਾਲਾ ‘ਲੰਬੜਾਂ’- ‘ਹੈਕਨਾਂ’ ਦੀਆਂ ਹਵੇਲੀਆਂ ਓਹਲੇ ਸੀ। ਆਵਾਜ਼ ਹੋਰ ਨੇੜੇ ਆ ਰਹੀ ਸੀ।

‘... ਭੈਣੋ ਤੇ ਭਰਾਵੋ, ਇਸ ਵੇਲੇ ਜੋ ਸਖ਼ਤ ਜ਼ਰੂਰਤ ਹੈ - ਉਹ ਹੈ ਸੰਸਾਰ ਅਮਨ ਦੀ!’

‘ਇਹ ਤਾਂ ਭੂੰਦੀਆਂ ਆਲਾ ਕਾਮਰੇਡ ਰਾਮ ਕਿਸ਼ਨ ਆ - ਭੋਗਪੁਰ ਨਾਈ ਦੀ ਦੁਕਾਨ ਕਰਦਾ!’ ਦਾਦੀ ਕੋਲ ਬੈਠੇ ਫੁੰਮ੍ਹਣ ਨੇ ਦੱਸਿਆ।

ਉਹ ਸੱਜੇ ਹੱਥ ਵਿੱਚ ਸਾਇਕਲ ਦਾ ਹੈਂਡਲ ਤੇ ਖੱਬੇ ਹੱਥ ਧੁੱਤਰੂ ਫੜ ਕੇ ਬੋਲਦਾ ਆ ਰਿਹਾ ਸੀ, ‘ਜੇ ਅਮਨ-ਅਮਾਨ ਹੋਊ ਤਾਂ ਅਸੀਂ ਗਰੀਬੀ ਦੇ ਖ਼ਿਲਾਫ਼ ਹੋਰ ਬੀੜਾ ਚੁੱਕ ਸਕਦੇ ਹਾਂ। ਸਰਕਾਰ ਉੱਤੇ ਜ਼ਮੀਨ ਦੀ ਹੱਦਬੰਦੀ ਤੈਅ ਕਰਨ ਲਈ ਦਬਾਅ ਪਾ ਸਕਦੇ ਹਾਂ - ਉਜਰਤਾਂ ਤੈਅ ਕਰਾ ਸਕਦੇ ਹਾਂ - ਲਾਗੂ ਕਰਾ ਸਕਦੇ ਹਾਂ। ਜਿਣਸਾਂ ਦੇ ਭਾਅ ਵਧਾਉਣ ਤੇ ਖਾਦਾਂ ਉੱਤੇ ਸਬਸਿਡੀ ਵਧਾਉਣ ਲਈ ਧਰਨੇ-ਮੋਰਚੇ ਲਾ ਸਕਦੇ ਹਾਂ।’

ਜ਼ਰਾ ਕੁ ਰੁਕ ਕੇ ਉਹਨੇ ਸਾਇਕਲ ਸਟੈਂਡ ਉੱਤੇ ਖੜ੍ਹਾ ਕਰ ਕੇ ਪੁੱਠੇ ਸੱਜੇ ਹੱਥ ਨਾਲ ਮੱਥੇ ਦਾ ਪਸੀਨਾ ਪੂੰਝਿਆ ਤੇ ਧੁੱਤਰੂ ਵਿੱਚ ਮੁੜ ਬੋਲਣ ਲੱਗਾ, ‘ਸਾਥੀਓ! ਜੇ ਸਰਹੱਦਾਂ ਉੱਤੇ ਚਿੱਟੇ ਝੰਡੇ ਝੁੱਲਣਗੇ ਤਾਂ ਤਰੱਕੀ ਦੇ ਅਸਾਰ ਜ਼ਿਆਦਾ ਹੋ ਸਕਦੇ ਆ - ਮੈਂ ਦੱਸਣਾ ਚਾਹੁੰਨਾ ਕਿ ਇੱਕ ਟੈਂਕ, ਇੱਕ ਜਹਾਜ਼ ਤੇ ਇੱਕ ਮਿਸਾਇਲ ਉੱਤੇ ਜਿੰਨਾ ਖਰਚ ਆਉਂਦਾ, ਉਸ ਨਾਲ ਕਈ ਸਕੂਲ, ਕਈ ਹਸਪਤਾਲ ਤੇ ਕਈ ਭਲਾਈ ਸਕੀਮਾਂ ਚਲਾਏ ਜਾ ਸਕਦੇ ਆ। ... ਅਸੀਂ ਇਨ੍ਹਾਂ ਦਿਨਾਂ ਵਿੱਚ ਸੰਸਾਰ ਅਮਨ ਰੈਲੀ ਕਰਾਂਗੇ - ਤੁਸੀਂ ਹੁੰਮ ਹੁਮਾ ਕੇ ਆਉਣਾ - ਦਿਨ ਤੇ ਤਰੀਕ ...।’

‘ਇਨਕਲਾਬ – ਜ਼ਿੰਦਾਬਾਦ, ਇਨਕਲਾਬ - ਜ਼ਿੰਦਾਬਾਦ!’ ਫੁੰਮ੍ਹਣ ਨੇ ਅਚਾਨਕ ਸੱਜੀ ਬਾਂਹ ਹਵਾ ਵਿੱਚ ਉਲਾਰ ਕੇ ਅਤੇ ਹੱਥ ਦਾ ਮੁੱਕਾ ਬਣਾ ਕੇ ਨਾਅਰੇ ਲਾਏ।

ਤਮਾਸ਼ਾ ਦੇਖਣ ਵੇਲੇ ਵਾਂਗ ਅਰਧ ਗੋਲਾਕਾਰ ਬਣਾ ਕੇ ਖੜ੍ਹੇ ਪਿੰਡ ਦੇ ਨਿਆਣਿਆਂ-ਸਿਆਣਿਆਂ ਤੇ ਮੁੰਡਿਆਂ ਵਿੱਚ ਨਵੇਕਲੀ ਹਰਕਤ ਆ ਗਈ। ਨੌਜਵਾਨਾਂ ਦੇ ਸੀਨੇ ਤਣ ਗਏ। ਡੌਲ਼ੇ ਫਰਕਣ ਲੱਗੇ ਤੇ ਹੱਥਾਂ ਦੀਆਂ ਪੰਜੇ ਉਂਗਲਾਂ ਮੁੱਕਿਆਂ ਵਿੱਚ ਬਦਲ ਗਈਆਂ।

‘ਪੁਰੇ ਦੀ ਹਵਾ ਬਗਣ ਲੱਗ ਪਈ!’ ਕਿਸੇ ਨੇ ਕਿਹਾ, ‘ਲਗਦਾ ਕਿਤੇ ਬਾਰਿਸ਼ ਹੋ ਗਈ ...। ਕੋਹ-ਕਾਫ਼ ਤੋਂ ਪਾਰ ਦੀਆਂ ਹਵਾਵਾਂ ਕਿਤੇ ਇੱਧਰ ਬੀ ਆ ਜਾਣ ਤਾਂ ਲਹਿਰਾਂ-ਬਹਿਰਾਂ ਹੋ ਜਾਣ ...। ਰੁੱਖਾਂ ’ਤੇ ਨਿਖ਼ਾਰ ਆ ਜਾਵੇ।’

ਇੱਕ ਹੋਰ ਨੇ ਕਿਹਾ, ‘ਸਾਡੇ ਕਹਿਣ ਨਾਲ ਭਲਾ ਜੰਗ ਰੁਕ ਜਾਊ!’

‘ਸਾਰੇ ਪੁਆੜੇ ਦੀ ਜੜ੍ਹ ਅਮਰੀਕਾ! ਪਾਕਸਤਾਨ ਨੂੰ ਚੱਕੋਪਾਈ ਕਰਦਾ, ਨਾਲੇ ਆਪਣੇ ਹਥਿਆਰ ਬੇਚੀ ਜਾਂਦਾ।’ ਕਾਮਰੇਡ ਅਜੈਬ ਸਿੰਘ ਨੇ ਲੋਕਾਂ ਨੂੰ ਦੱਸਿਆ, ‘ਜਿੰਨਾ ਚਿੱਕਰ ਰੂਸ ਸਾਡੇ ਮੁਲਕ ਨਾਲ ਆ - ਕਿਸੇ ਦੀ ਮਜ਼ਾਲ ਨਹੀਂ ਪਈ ਇਹਦੇ ਅਲ ਅੱਖ ਚੱਕ ਕੇ ਦੇਖੇ! ਜੇ ਰੂਸ ਨਾਲ ਹੋਰ ਸੰਧੀ ਹੋ ਜਾਏ ਤਾਂ ਸਮਝੋ ਮੁਲਕ ਤਰੱਕੀ ਦੀਆਂ ਲੀਹਾਂ ’ਤੇ ਪੈ ਜਾਊ!’

‘ਜੇ ਮੁਲਖ ਵਿੱਚੋਂ ਬੇਈਮਾਨੀ ਹਟ ਜਾਏ ਜਾਂ ਘਟ ਜਾਏ ਤਾਂਮ੍ਹੀ ਸਾਡੀ ਹਾਲਤ ਸੁਧਰ ਜਾਏ ...।’ ਮੇਰੇ ਤਾਏ ਰਾਮੇ ਨੇ ਆਖਿਆ।

‘ਐਮੀਂ ਵਿਹਲਿਆਂ ਦੀਆਂ ਗੱਲਾਂ - ਲੜਾਈ ਧੁਆਤੋਂ ਪੁੱਛ ਕੇ ਲੱਗਣੀ ਆ!’ ਮੰਗੀ ਨੇ ਕਿਹਾ।

‘ਬਈ ਇੱਕ ਦਬਾਅ ਬਣਾਉਣਾ ਹੁੰਦਾ - ਦੁਨੀਆਂ ਦੇ ਲੋਕਾਂ ਦੀ ਇੱਕ ਰਾਏ ਬਣਾਉਣੀ ਹੁੰਦੀ ਆ!’ ਕਾਮਰੇਡ ਮੀਤਾ ਬੋਲਿਆ।

‘ਬਈ ਗੱਲਾਂ ਭੂੰਦੀਆਂ ਆਲਾ ਕਾਮਰੇਡ ਖ਼ਰੀਆਂ ਕਰਦਾ - ਐਮੇਂ ਕਹੀਏ ...। ਕਿਸੇ ਦਿਨ ਇਹਦੇ ਕੋਲੋਂ ਬਹਿ ਕੇ ਹੋਰ ਗੱਲਾਂ ਸੁਣਾਂਗੇ ...।’ ਭਾਈਏ ਨੇ ਹੋਰਾਂ ਨੂੰ ਸੁਣਾ ਕੇ ਆਖਿਆ।

ਇੰਨੇ ਨੂੰ ਇਕਹਿਰੇ ਤੇ ਫ਼ੁਰਤੀਲੇ ਸਰੀਰ, ਤਿੱਖੀਆਂ ਭਰਵੀਆਂ ਕਾਲੀਆਂ ਮੁੱਛਾਂ ਵਾਲੇ ਕਾਮਰੇਡ ਨੇ ਸਾਇਕਲ ’ਤੇ ਲੱਤ ਦਿੱਤੀ ਤੇ ਔਹ ਗਿਆ। ਮੇਰੀ ਨਿਗਾਹ ਕਿੰਨਾ ਚਿਰ ਉਹਦੀ ਪਿੱਠ ਦਾ ਪਿੱਛਾ ਕਰਦੀ ਰਹੀ।

ਔਰਤਾਂ ਘਰੋ-ਘਰੀ ਮੁੜਨ ਲੱਗੀਆਂ। ਦਿਹਾੜੀਦਾਰ ਖੇਤਾਂ ਨੂੰ ਜਾਣ ਲਈ ਅਹੁਲੇ। ਇੰਨੇ ਨੂੰ ਧਿਆਨ ਨੇ ਹਾਕ ਮਾਰੀ, ‘ਗੁੱਡ ਆ ਹੁਣ ...।’

ਮੈਂ ਫਿਰ ਪਰਨੇ ਦੇ ਲੜ ਗਲਾਸ ਬੰਨ੍ਹਿਆ ਤੇ ਪਿੱਠ ਉੱਤੇ ਲਮਕਾ ਕੇ ਲੰਬੜਾਂ ਦੇ ‘ਘੜੱਲਾਂ’ ਵਾਲੇ ਖੇਤ ਵਿੱਚ ਝੋਨਾ ਤਾਲਣ ਤੁਰ ਪਿਆ। ਲੱਤਾਂ-ਬਾਹਾਂ ਸਣੇ ਮੇਰਾ ਸਰੀਰ ਕੜਾਕੇਦਾਰ ਧੁੱਪਾਂ ਨਾਲ ਲੂਹ ਹੋ ਕੇ ਹੋਰ ਕਾਲਾ ਹੋ ਗਿਆ। ਐਨ ਝੋਟੇ ਦੇ ਚੰਮ ਵਰਗਾ। ਸੋਚਦਾ - ਹੱਥੀਂ ਕੰਮ ਕਰਨ ਵਾਲਿਆਂ ਨੂੰ ਜਿਮੀਂਦਾਰਾਂ ਦੇ ਨਰਮ ਉਮਰ ਦੇ ਮੁੰਡੇ ਬੰਨ੍ਹਿਆ ਉੱਤੇ ਟਹਿਲਦੇ ਦਬਕਾ-ਝਿੜਕਾ ਮਾਰਦੇ ਉਮਰ ਦਾ ਲਿਹਾਜ਼ ਨਹੀਂ ਕਰਦੇ - ਤੇ ਸਾਡੇ ਬੰਦੇ ਉਨ੍ਹਾਂ ਮੋਹਰੇ ਕੁਸਕਦੇ ਵੀ ਨਹੀਂ। ਜੇ ਮੈਂ ਨਾ ਪੜ੍ਹ ਸਕਿਆ ਤਾਂ ਪਹਾੜ ਜਿੱਡੀ ਲੰਮੀ ਉਮਰ ਦੌਰਾਨ ਇਹ ਸਭ ਕੁਝ ਕਿਵੇਂ ਝੱਲਾਂਗਾ! ਇਹ ਸਵਾਲ ਮੈਂਨੂੰ ਵਿੱਚੋਂ-ਵਿੱਚ ਘੁਣ ਵਾਂਗ ਖਾਣ ਲਈ ਕਾਹਲਾ ਜਾਪਦਾ। ਕਦੀ-ਕਦੀ ਮੈਂਨੂੰ ਲਗਦਾ ਜਿਵੇਂ ਮੈਂ ਟਾਹਲੀ ਦਾ ਕਾਲਾ-ਸ਼ਾਹ ਮੋਛਾ ਹੋਵਾਂ ਤੇ ਘੁਣ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ।

‘ਓਹਅ ...।’ ਢੱਡਿਆਂ ਦੇ ਬਸੀਮੇ ਕੋਲ ਮੇਰੇ ਖੱਬੇ ਪੈਰ ਵਿੱਚ ਲੱਗੀ ਠੋਕ੍ਹਰ ਕਾਰਨ ਮੇਰੇ ਮੂੰਹੋਂ ਨਿਕਲਿਆ। ਅੰਗੂਠੇ ਨਾਲ ਦੀ ਉਸ ਤੋਂ ਲੰਮੀ ਉਂਗਲ ਦਾ ਨਹੁੰ ਥੋੜ੍ਹਾ ਜਿਹਾ ਉਤਾਂਹ ਚੁੱਕ ਹੋ ਗਿਆ ਤੇ ਹਲਕਾ ਜਿਹਾ ਲਹੂ ਸਿੰਮ ਪਿਆ।

‘ਓਦਾਂ ਨੀਮੀ ਪਾ ਕੇ ਤੁਰਿਆ ਆਂ, ਦੇਖ ਕੇ ਤੁਰ ਤਾਂ ...।’ ਧਿਆਨ ਨੇ ਪਹਿਲਾਂ ਮੇਰੇ ਪੈਰ ਵਲ ਤੇ ਫਿਰ ਮੂੰਹ ਵਲ ਦੇਖਦਿਆਂ ਆਖਿਆ ਜਿਸ ਨਾਲ ਮੈਂਨੂੰ ਇਹਸਾਸ ਹੋਇਆ ਕਿ ਉਹ ਮੇਰੇ ਨਾਲ ਹੈ।

‘ਜਖਮ ’ਤੇ ਦਬਾਸੱਟ ਮੂਤ ਕਰ ਲਾ - ਆਪੇ ਈ ਠੀਕ ਹੋ ਜਾਣਾ ਇਹ।’ ਧਿਆਨ ਨੇ ਸਲਾਹ ਦਿੱਤੀ ਤੇ ਮੈਂ ਝੱਟ ਦੇਣੀ ਅਮਲ ਵਿੱਚ ਆ ਗਿਆ। ਅਸੀਂ ਫਿਰ ਪਹਿਲਾਂ ਵਾਂਗ ਆਪਣੀ ਮੰਜ਼ਲ ਵਲ ਵਧਣ ਲੱਗ ਪਏ।

‘ਦੇਖਦਿਆਂ ਹੀ ਦੇਖਦਿਆਂ ਰੁੱਤ ਬਦਲ ਗਈ ਪਰ ਸਾਡੇ ਦਿਨ ਨਾ ਬਦਲੇ।’ ਇੱਕ ਦਿਨ ਸਹਿਜ ਹੀ ਖ਼ਿਆਲ ਆਇਆ। ਭਰ ਸਿਆਲ ਵਿੱਚ ਉਮੀਦਾਂ ਦਾ ਜੋਸ਼ ਨਿੱਘ ਦਾ ਸਬੱਬ ਬਣਨ ਲੱਗਾ।

‘ਇਨ੍ਹਾਂ ਬੋਟਾਂ (ਵੋਟਾਂ) ਆਲਿਆਂ ਨੂੰ ਚੈਨ ਨਹੀਂ ਆਉਂਦੀ, ਚੋਣਾਂ ਵਿੱਚ ਪੂਰਾ ਡੂੜ੍ਹ ਮਹੀਨਾ ਪਿਆ ਅਜੇ।’ ਤਾਏ ਮਹਿੰਗੇ ਨੇ ਬੰਦਿਆਂ ਨਾਲ ਭਰੇ ਇੱਕ ਟੈਂਪੂ ਨੂੰ ਆਉਂਦਿਆਂ ਦੇਖ ਕੇ ਆਖਿਆ। ਆਵਾਜ਼ ਆਈ:

ਝੰਡੀਏ ਤਿੰਨ ਰੰਗੀਏ,
ਤੈਨੂੰ ਵੋਟ ਕਿਸੇ ਨਹੀਂ ਪਾਉਣੀ,
ਝੰਡੀਏ ਤਿੰਨ ਰੰਗੀਏ ...

ਮਾਇਕ ਵਿੱਚ ਤੂੰਬੀ ਨਾਲ ਗਾਉਂਦੇ ਸਾਡੇ ਫੁੰਮ੍ਹਣ ਦੇ ਇਹ ਬੋਲ ਕਿਸੇ ਰੋਸ ਤੇ ਰੋਹ ਦਾ ਪ੍ਰਗਟਾ ਲਗਦੇ ਸਨ। ਉਹ ਕਦੀ ਭਾਸ਼ਨ ਕਰਨ ਡਹਿ ਪੈਂਦਾ - ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਅਨੇਕ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਤੇ ਕਦੀ ਉੱਚੀ, ਜੋਸ਼ ਭਰੀ ਆਵਾਜ਼ ਵਿੱਚ ਨਾਅਰੇ ਮਾਰਨ ਲੱਗ ਪੈਂਦਾ - ਇਨਕਲਾਬ ਜ਼ਿੰਦਾਬਾਦ!

ਵਿੱਚ-ਵਿੱਚ ਕਾਮਰੇਡ ਰਾਏ ਨਾਅਰਾ ਲਾਉਂਦਾ- ‘ਗਲ਼ੀ - ਗਲ਼ੀ ’ਚੋਂ ਆਈ ਆਵਾਜ਼’, ਟੈਂਪੂ ਅੰਦਰ ਖੜ੍ਹੀ ਮਢੀਰ ਤੇ ਹੋਰ ਬੰਦੇ ਜਵਾਬ ਵਿੱਚ ਬੋਲਦੇ, ‘ਦਾਤੀ ਸਿੱਟਾ ਕਾਮਯਾਬ!’

‘ਜਿੱਤੂਗਾ ਬਈ ਜਿੱਤੂਗਾ!’ -ਰਾਏ।

‘ਕਾਮਰੇਡ ਕੁਲਵੰਤ ਜਿੱਤੂਗਾ! -ਲੋਕ।

‘ਮੋਹਰ ਕਿੱਥੇ ਲਾਉਣੀ ਆ?’ -ਰਾਏ।

‘ਦਾਤੀ ਸਿੱਟੇ ‘ਤੇ!’ -ਲੋਕ।

ਫੁੰਮ੍ਹਣ ਨਾਲ ਮੈਂ ਵੀ ਦੋ-ਚਾਰ ਵਾਰ ਟੈਂਪੂ ਵਿੱਚ ਚੜ੍ਹ ਕੇ ਲਾਗਲੇ ਪਿੰਡਾਂ ਵਿੱਚ ਗਿਆ। ਕਈ ਵਾਰ ਜਦੋਂ ‘ਰੋਕੋ, ਟੈਂਪੂ ਰੋਕੋ’ ਦੀਆਂ ਇਕੱਠੀਆਂ ਆਵਾਜ਼ਾਂ ਆਉਂਦੀਆਂ ਤੇ ਝੂਟਿਆਂ ਲਈ ਚੜ੍ਹੀ ਚੀਂਗਰਪੋਟ ਕਾਹਲੀ-ਕਾਹਲੀ ਥੱਲੇ ਉੱਤਰ ਜਾਂਦੀ।

ਅਸੀਂ ਥੱਕ-ਟੁੱਟ ਕੇ ਖਾਓ-ਪੀਏ ਵੇਲੇ ਘਰ ਵੜਦੇ। ਭਾਈਆ ‘ਬੁੜ੍ਹਿਆਂ’ ਦੇ ਮਾਰਖੰਡ ਬਲਦ ਵਾਂਗ ਰੱਸਾ ਤੁੜਾ ਕੇ ਮੈਂਨੂੰ ਢਾਉਣ ਨੂੰ ਪੈਂਦਾ। ਕਹਿੰਦਾ, ‘ਅਗਲੇ ਮਹੀਨੇ (ਮਾਰਚ, 1969) ਤੇਰੇ ਅੱਠਮੀਂ ਦੇ ਇਮਤਿਹਾਨ ਆ - ਤੂੰ ਆਪਣੀਆਂ ਕਿਤਾਬਾਂ ਨੂੰ ਹੱਥ ਨਹੀਂ ਲਾਉਨਾ - ਸਕੂਲ ਦੀ ਲੈਬਰੇਰੀ ’ਚੋਂ ਲੈ-ਲੈ ਬਾਹਰਲੇ ਮੁਲਖਾਂ ਦੀਆਂ ਪੜ੍ਹਨ ਲੱਗ ਪਿਆਂ! ਚੰਗਾ ਤਾਰੂੰਗਾ ਸਾਨੂੰ - ਜਿਹੜਾ ਹੁਣੇ ਸਾਲਾ ਅਫ਼ਲਾਤੂਨ ਦਾ ਬਣਦਾ ਫਿਰਦਾਂ! ਉੱਤੋਂ ਕਾਮਰੇਡਾਂ ਪਿੱਛੇ ਲੱਗਣ ਲੱਗ ਪਿਆਂ, ਜਿੱਦਾਂ ਉਨ੍ਹਾਂ ਨੇ ਸਾਡੇ ਨਾਂ ਜ਼ਮੀਨ ਬੈ ਕਰਾ ਦੇਣੀ ਆ - ਕੁਲਵੰਤ ਦੀ ਤਿੰਨ ਸੌ ਕਿੱਲਾ ਪੈਲ਼ੀ ਆ - ਦੋ-ਦੋ ਕਿਲੇ ਕੰਮੀਆਂ ਨੂੰ ਦੇ ਦਏ - ਹੋਰ ਨਹੀਂ ਤਾਂ ਆਪਣੇ ਸੀਰੀਆਂ-ਨਉਕਰਾਂ ਦੇ ਨਾਂ ਲੁਆ ਦਏ ...।’

‘ਪਾਰਟੀ ਆਲੇ ਕਹਿੰਦੇ ਸੀ ਪਈ ਜੇ ਇੱਕ ਜਿਮੀਂਦਾਰ ਲੋਕਾਂ ਨੂੰ ਜ਼ਮੀਨ ਦੇ ਬੀ ਦੇਬੇ ਤਾਂ ਕੀ ਫ਼ਰਕ ਪੈ ਜਾਊ - ਸਾਰੇ ਮੁਲਕ ਵਿੱਚ ਜਮੀਨੀ-ਸੁਧਾਰਾਂ ਦਾ ਬੀੜਾ ਚੁੱਕਣਾ! ਕਹਿੰਦੇ ਸੀ, ਜੇ ਇਨਕਲਾਬ ਆ ਗਿਆ ਤਾਂ ਸਾਰੇ ਲੋਕ ਬਰਾਬਰ ਹੋ ਜਾਣਗੇ!’ ਕਾਮਰੇਡਾਂ ਦੀਆਂ ਸੁਣੀਆਂ ਗੱਲਾਂ ਮੈਂ ਦੱਸੀਆਂ।

‘ਗੱਲਾਂ ਤਾਂ ਚੰਗੀਆਂ ਕਰਦੇ ਆ ਪਰ ਅਮਲਾਂ ਵਿੱਚ ...। ਜ਼ਮੀਨਾਂ ਦੇਣੀਆਂ ਤਾਂ ਇੱਕ ਪਾਸੇ ਰਹੀਆਂ - ਇਨ੍ਹਾਂ ਵਿੱਚ ਜੱਟਪੁਣਾ ਹੋਰਨਾਂ ਨਾਲੋਂ ਘੱਟ ਆ ਕਿਤੇ, ਜਿਹੜੇ ਐਡੀਆਂ ਉੱਚੀਆਂ ਫੜ੍ਹਾਂ ਮਾਰਦੇ ਆ।’

‘ਮੈਂ ਗੱਲਾਂ ਕਰਦੇ ਸੁਣੇ ਸੀ ਪਈ ਜਿੰਨਾ ਚਿਰ ਕੁਲਵੰਤ ਕੰਮ ਦਿੰਦਾ, ਲਈ ਚਲੋ, ਸਾਡੀ ਸੋਚ ਦਾ ਪ੍ਰਚਾਰ ਹੋ ਰਿਹਾ - ਪਾਰਟੀ ਕੋਲ ਕਿਹੜੇ ਪੈਸੇ ਆ ...।’

‘ਜਿਮੀਂਦਾਰਾਂ ਤੇ ਸਰਮਾਏਦਾਰਾਂ ਨੂੰ ਚੌਧਰ ਚਾਹੀਦੀ ਆ - ਜਿੱਧਰ ਮਰਜ਼ੀ ਮਿਲ ਜਾਏ! ਚਾਹੇ ਕੁਲਵੰਤ ਨਾਲ ਦਾ ਇਲਾਕੇ ਵਿੱਚ ਬੰਦਾ ਨਈ ਪਰ ਆਹ ਬਾਤ ਦਾ ਬਤੰਗੜ ਬਣਾਉਣ ਆਲਿਆਂ ਦਾ ਕੋਈ ਕੀ ਕਰੇ ਜਿਹੜੇ ਇਹ ਸਾਬਤ ਕਰਨ ’ਤੇ ਟਿੱਲ ਲਾਂਅਦੇ ਆ ਪਈ ਸਾਡੇ ਨਾਲੋਂ ਸੱਚਾ-ਸੁੱਚਾ ਕੋਈ ਨਹੀਂ।’

ਫਿਰ ਪਤਾ ਨਹੀਂ ਭਾਈਆ ਉਸ ਦਿਨ ਕਦੋਂ ਬੋਲਣੋਂ ਹਟਿਆ ਹੋਵੇਗਾ। ਮੈਂਨੂੰ ਇੰਨੀ ਗੂੜ੍ਹੀ ਨੀਂਦ ਆਉਂਦੀ ਕਿ ਸੁੱਧ-ਬੁੱਧ ਹੀ ਨਾ ਰਹਿੰਦੀ ਕਿ ਪਾਸਾ ਵੀ ਲਿਆ ਹੋਵੇਗਾ।

ਉੱਥੇ ਅਮਲਾਂ ਨਾਲ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।

‘ਸਾਢੇ ਤਿੰਨ ਹੱਥ ਧਰਤੀ ਤੇਰੀ,
ਬਾਹਲੀਆਂ ਜਗੀਰਾਂ ਵਾਲਿਆਂ।

ਰੱਬ ਮਿਲਦਾ ਗਰੀਬੀ ਦਾਵ੍ਹੇ,
ਦੁਨੀਆਂ ਗੁਮਾਨ ਕਰਦੀ।

ਇੱਕ ਤੜਕੇ ਨੂੰ ਇਹ ਲੋਕ-ਬੋਲੀਆਂ ਟਿਕਾ-ਟਿਕਾ ਤੇ ਦੁਹਰਾਅ-ਦੁਹਰਾਅ ਕੇ ਗਾਉਂਦੇ ਉਸ ਰਮਤੇ-ਮੰਗਤੇ ਸਾਧੂ ਦੀ ਮਨ ਨੂੰ ਧੂਹ ਪਾਉਣ ਵਾਲੀ ਵੈਰਾਗ ਭਰੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹੀ। ਮੈਂ ਮਲਕ ਦੇਣੀ ਝੁੱਲ ਵਿੱਚੋਂ ਮੂੰਹ ਬਾਹਰ ਕੱਢਿਆ।

ਹਾਂ, ਝੁੱਲ! ਦਰਅਸਲ, ਇਹ ਝੁੱਲ ਪਿਛਲੇ ਤਿੰਨ ਸਿਆਲਾਂ ਤੋਂ ਸਾਡੀ ‘ਰਜਾਈ’ ਸੀ - ਦੋਹਾਂ ਭਰਾਵਾਂ ਦੀ। ਭਾਈਏ ਵਲੋਂ ਸ਼ੂਗਰ ਮਿਲ ਭੋਗਪੁਰ ਵਿੱਚ ਦਿਹਾੜੀਦਾਰ ਵਜੋਂ ਸਿਫ਼ਟ ਡਿਊਟੀ ਕਰਨ ਪਿੱਛੋਂ ਰਾਤ ਨੂੰ ਘਰ ਮੁੜਦਿਆਂ ਉਹਨੂੰ ਇਹ ਰਾਹ ਵਿੱਚੋਂ ਲੱਭਾ ਸੀ। ਬਲਦ ਪਾਲਣ ਦੇ ਕਿਸੇ ਸ਼ੌਕੀਨ ਜ਼ਿਮੀਂਦਾਰ ਵਲੋਂ ਫੁੱਲ-ਬੂਟਿਆਂ ਵਾਲਾ ਇਹ ਝੁੱਲ ਬੜੀ ਰੀਝ ਨਾਲ ਨਵਾਂ ਭਰਾਇਆ ਲਗਦਾ ਸੀ ਤੇ ਸ਼ਾਇਦ ਪਹਿਲੀ ਵਾਰ ਉਸ ਨੇ ਉਸ ਰਾਤ ਆਪਣੇ ਬਲਦ ਨੂੰ ਕੋਰੇ ਅਤੇ ਠੰਢ ਤੋਂ ਬਚਾਉਣ ਲਈ ਉਹਦੇ ਉੱਤੇ ਦੇਣਾ ਸੀ। ਗੰਨੇ ਲੱਦੇ ਗੱਡੇ ਜਦੋਂ ਜਿਮੀਂਦਾਰ ਮਿੱਲ ਨੂੰ ਲਿਜਾਂਦੇ ਤਾਂ ਗੱਡੇ ਦੀ ਲੱਦ ਦੀ ਸਿਖਰ ਤੋਂ ਕਈ ਵਾਰ ਉਨ੍ਹਾਂ ਦੀ ਚਾਦਰ, ਪਰਨਾ ਜਾਂ ਅਜਿਹੀ ਕੋਈ ਹੋਰ ਚੀਜ਼ ਡਿਗ ਪੈਂਦੀ - ਜਿਵੇਂ ਇਹ ਝੁੱਲ।

ਪਲ ਦੀ ਪਲ ਮੈਂਨੂੰ ਲੱਗਿਆ ਜਿਵੇਂ ਝੁੱਲ ਵਿੱਚ ਲੁਕਿਆ ਵੱਛਾ ਹੋਵਾਂ ਜਿਸ ਨੇ ਲਗਾਤਾਰ ਗੱਡੇ, ਹਲ-ਪੰਜਾਲੀ ਤੇ ਅੱਗ ਵਾਂਗ ਵਰ੍ਹਦੀ ਧੁੱਪ ਵਿੱਚ ਫਲ੍ਹੇ ਅੱਗੇ ਜੁੜਨਾ ਹੈ ਤੇ ਫਿਰ ਕੰਨ੍ਹ ਪੈਣੀ ਹੈ। ਮੈਂ ਤ੍ਰਬਕ ਕੇ ਉੱਠਿਆ ਤੇ ਮੰਜੇ ’ਤੇ ਬਹਿ ਗਿਆ। ਉਸ ਸਾਧੂ ਦੇ ਬੋਲ ਮੈਂਨੂੰ ਵਿਸਰ ਗਏ। ਮੈਂਨੂੰ ਬੈਠੇ-ਬੈਠੇ ਨੂੰ ਨੀਂਦ ਦੀ ਝੋਕ ਜਿਹੀ ਲੱਗ ਗਈ। ਨਾਲ ਪਿਆ ਵੱਡਾ ਭਰਾ ਜਾਗ ਪਿਆ - ਮੈਂਨੂੰ ਝਟਕਾ ਜਿਹਾ ਲੱਗਾ ਜਿਵੇਂ ਕੋਈ ਸੁਪਨਾ ਟੁੱਟ ਗਿਆ ਹੋਵੇ। ਰਮਤੇ ਸਾਧੂ ਦੇ ਬੋਲ ਗਲ਼ੀਆਂ ਵਿੱਚ ਫਿਰ ਗੂੰਜੇ:

ਉੱਥੇ ਜਾਤ ਨਹੀਂ ਕਿਸੇ ਨੇ ਪੁੱਛਣੀ,
ਬੰਦਿਆਂ ਤੂੰ ਮਾਣ ਨਾ ਕਰੀਂ।

ਨਾਮਦੇਵ ਦੀ ਬਣਾਈ ਛੱਪਰੀ,
ਧੰਨੇ ਦੀਆਂ ਗਊਆਂ ਚਾਰੀਆਂ।

ਨਾਮ ਜਪ ਲਾ ਨਿਮਾਣੀਏ ਜਿੰਦੇ,
ਔਖੀ ਵੇਲੇ ਕੰਮ ਆਊਗਾ।

ਅਜਿਹੀਆਂ ਲੋਕ-ਗੀਤ ਨੁਮਾ ਬੋਲੀਆਂ ਪਹਿਲਾਂ ਵੀ ਤੜਕੇ ਨੂੰ ਸਵੇਰ ਹੋਣ ਤਕ ਸੁਣੀਆਂ ਹੋਈਆਂ ਸਨ ਪਰ ਅੱਜ ਵਾਲੇ ਸਾਧੂ ਦੀ ਵਾਜੇ (ਹਰਮੋਨੀਅਮ) ਦੀ ਸੁਰ ਵਿੱਚ ਸਮਾਈ ਸੁਰ ਸਦਕਾ ਮੇਰੇ ਮਨ ਅੰਦਰ ਬੇਸ਼ੁਮਾਰ ਖ਼ਿਆਲ ਪਨਪਣ ਲੱਗੇ। ਮੈਂ ਉੱਠਿਆ ਤੇ ਬਾਹਰਲੇ ਬੂਹੇ ਨੂੰ ਮਲਕ ਦੇਣੀ ਖੋਲ੍ਹ ਕੇ, ਸਰਦਲ ਵਿੱਚ ਖੜ੍ਹਾ ਹੋ ਕੇ, ਸਿਰ ਬਾਹਰ ਨੂੰ ਕੱਢ ਕੇ ਆਲੇ-ਦੁਆਲੇ ਝਾਕਿਆ। ਉਹ ਹਲਕੀ ਜਿਹੀ ਧੁੰਦ ਨੂੰ ਚੀਰਦਾ, ਠੰਢ ਵਿੱਚ ਆਪਣੇ ਨਿੱਘੇ ਬੋਲਾਂ ਨੂੰ ਉਚਾਰਦਾ, ਖਲਾਅ ਵਿੱਚ ਸੋਚਾਂ ਨੂੰ ਖਿਲਾਰਦਾ ਸਹਿਜੇ-ਸਹਿਜੇ ਤੁਰਿਆ ਆ ਰਿਹਾ ਸੀ। ਮੇਰੇ ਬਰੋਬਰੋਂ ਲੰਘਦਿਆਂ ਉਹਨੇ ਅਸ਼ੀਰਵਾਦ ਦੀ ਮੁਦਰਾ ਵਾਂਗ ਆਪਣਾ ਸੱਜਾ ਹੱਥ ਹਵਾ ਵਿੱਚ ਚੁੱਕਿਆ। ਮੈਂ ਮਨ ਹੀ ਮਨ ਪ੍ਰਸੰਨ ਹੋ ਗਿਆ।

ਮੈਂ ਦੇਖਿਆ ਕਿ ਉਹਨੇ ਆਪਣੇ ਵਾਜੇ ਦੇ ਦੁਵੱਲੇ ਕੁੰਡਿਆਂ ਵਿੱਚ ਪਰਨਾ ਬੰਨ੍ਹ ਕੇ ਗੱਲ ਵਿੱਚ ਪਾਇਆ ਹੋਇਆ ਸੀ ਤੇ ਆਪ ਭਗਵਾਂ ਪਹਿਰਾਵਾ। ਇਸੇ ਦੌਰਾਨ ‘ਹੈਕਨਾਂ’ ਦਾ ਕਾਲੂ (ਕੁੱਤਾ) ਮੋਹਰਿਓਂ ਦੌੜਦਾ ਆਉਂਦਾ ਭੌਂਕ ਪਿਆ ਪਰ ਸਾਧੂ ਜੱਟਾਂ ਦੀ ਗਲ਼ੀ ਅੰਦਰ ਨੂੰ ਆਪਣੀ ਮਸਤੀ ਵਿੱਚ ਵਾਜਾ ਵਜਾਉਂਦਾ ਤੇ ਗਾਉਂਦਾ ਜਾਈ ਜਾ ਰਿਹਾ ਸੀ। ਉੱਧਰ ਮੇਰੇ ਜ਼ਿਹਨ ਵਿੱਚ ਮੇਰੀਆਂ ਸੋਚਾਂ ਰਗ਼ਾਂ ਵਿੱਚ ਦੌੜਦੇ ਲਹੂ ਵਾਂਗ ਤੇਜ਼ ਰਫ਼ਤਾਰ ਨਾਲ ਸਰਪੱਟ ਦੌੜਨ ਲੱਗੀਆਂ - ਭਾਈਆ, ਮਾਂ ਤੇ ਉਨ੍ਹਾਂ ਦੇ ਬਜ਼ੁਰਗ ਕਈ ਪੀੜ੍ਹੀਆਂ ਤੋਂ ਗਰੀਬੀ-ਭੁੱਖ ਦੇ ਘੋਰ ਦਲਿੱਦਰ, ਹੀਣ-ਜਾਤ ਦੇ ਤਸ਼ੱਦਦ ਦੇ ਸ਼ਿਕਾਰ ਨੇ, ਰੱਬ ਉਨ੍ਹਾਂ ਦੇ ਰਹਿਣ-ਬਹਿਣ ਦੇ ਹਾਲਾਤ ਤੋਂ ਵਾਕਿਫ਼ ਨਹੀਂ ਹੋਣਾ, ਨਹੀਂ ਤਾਂ ਧੰਨੇ ਦੀ ਛੱਪਰੀ ਵਾਂਗ ਸਾਡਾ ਵੀ ਕਾਰਜ ਸੁਆਰ ਦਿੰਦਾ। ਜੇ ਉਹ ਗਰੀਬੀ ਦਾਵ੍ਹੇ ਮਿਲਦਾ ਹੈ ਤਾਂ ਘੱਟੋ-ਘੱਟ ਮਿਲ ਕੇ ਹੀ ਹਾਲਚਾਲ ਪੁੱਛ ਜਾਂਦਾ। ਸਾਡੇ ਕੋਲ ਜਾਂ ਸਾਡੇ ਨਾਲ ਉਹ ਸਭ ਕੁਝ ਹੈ ਜੋ ਉਹਦੇ ਮਿਲਣ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਜਿਵੇਂ ਉਹ ਸਾਧੂ ਆਖ ਰਿਹਾ ਹੈ।

ਇਸੇ ਦੌਰਾਨ ਅਚਾਨਕ ਮੈਂਨੂੰ ਕਾਮਰੇਡ ਮਲਕੀਤ ਚੰਦ ਮੇਹਲੀ ਦਾ ਪਿਛਲੇ ਦਿਨੀਂ ਸਾਡੇ ਪਿੰਡ ਹੋਏ ਜਲਸੇ ਵਿੱਚ ਦਿੱਤੀ ਤਕਰੀਰ ਦਾ ਖ਼ਿਆਲ ਆਇਆ- ‘ਸਵਰਗ ਦਾ ਲਾਰਾ, ਮਨੁੱਖ ਵਲੋਂ ਮਨੁੱਖ ਨੂੰ ਲੁੱਟਣ ਦੀ ਇੱਕ ਸੋਚੀ-ਸਮਝੀ ਚਤਰਾਈ ਭਰੀ ਚਾਲ ਐ - ਇਹ ਵਿਹਲੜ ਟੋਲਾ ਜਿਸ ਮਿਹਨਤੀ ਸਮਾਜ ’ਤੇ ਪਲਦਾ - ਉਹਨੂੰ ਹੀ ਕੋਸਦਾ - ਮੋਹ-ਮਾਇਆ ਤੋਂ ਦੂਰ ਰਹਿਣ ਲਈ ਕਹਿੰਦਾ ਤੇ ਆਪ ਗਲ-ਗਲ ਤਕ ਇਸ ਵਿੱਚ ਧੱਸਿਆ ਹੋਇਆ ਹੈ - ਇਹ ਸਾਰਾ ਦੰਭ ਐ, ਪਖੰਡ ਐ। ਧੁਆਡੇ ਦੁੱਖ-ਦਲਿੱਦਰ, ਗਰੀਬੀ ਤੇ ਭੁੱਖਮਰੀ ਦਾ ਇੱਕੋ- ਇੱਕ ਰਾਹ ਹੈ- ਇਨਕਲਾਬ, ਸਾਰੇ ਸਮਾਜ ਦੀ ਭਾਈਵਾਲੀ। ਤੁਸੀਂ ਸਾਥ ਦਿਓ, ਇਨਕਲਾਬ ਸਾਡੀਆਂ ਬਰੂਹਾਂ ’ਤੇ ਐ।’ ਫਿਰ ਉਹਨੇ ਨਾਅਰੇ ਲਾਏ ਸਨ - 'ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ, ਕਿਸਾਨ-ਮਜ਼ਦੂਰ ਏਕਤਾ - ਜ਼ਿੰਦਾਬਾਦ। ਇਨਕਲਾਬ - ਜ਼ਿੰਦਾਬਾਦ!’

ਬੋਲਦੇ ਵਕਤ ਕਾਮਰੇਡ ਮੇਹਲੀ ਦੀ ਧੌਣ ਦੀਆਂ ਨਾੜਾਂ ਫੁੱਲ ਗਈਆਂ ਸਨ ਜਿਵੇਂ ਉਨ੍ਹਾਂ ਅੰਦਰ ਲਹੂ ਨਹੀਂ ਹਵਾ ਭਰ ਗਈ ਹੋਵੇ। ਕਾਲਾ ਚਿਹਰਾ ਲਾਖਾ ਹੋ ਗਿਆ ਤੇ ਅੱਖਾਂ ਵਿੱਚ ਲਾਲਗੀ ਦਿਸਣ ਲੱਗੀ। ਰੋਹ ਤੇ ਵਿਦਰੋਹ ਨੇ ਉਹਦੇ ਹੁਣ ਵਾਲੇ ਤੇ ਪਹਿਲੇ ਚਿਹਰੇ ਵਿੱਚ ਵੱਡਾ ਫ਼ਰਕ ਪਾ ਦਿੱਤਾ। ਜਦੋਂ ਉਹ ਆਪਣੇ ਸੱਜੇ ਹੱਥ-ਬਾਂਹ ਨੂੰ ਚੁੱਕ-ਚੁੱਕ ਹਵਾ ਵਿੱਚ ਉਲਾਰਦਾ ਤਾਂ ਉਹਦਾ ਸਰੀਰ ਵੀ ਕਦੇ ਅੱਗੇ ਤੇ ਕਦੇ ਪਿੱਛੇ ਨੂੰ ਹੁੰਦਾ ਜਿਵੇਂ ਚਾਬੀ ਵਾਲਾ ਖਿਡੌਣਾ ਛਣਕਾਟਾ ਪਾਉਂਦਾ ਅਗਾਂਹ-ਪਿਛਾਂਹ ਹੁੰਦਾ ਹੈ।

ਸਕੂਲ ਦੇ ਵੱਡੇ-ਖੁੱਲ੍ਹੇ ਵਿਹੜੇ ਵਿੱਚ ਬੈਠੇ ਲੋਕਾਂ ਵਿੱਚ ਜੋਸ਼ ਤੇ ਜਜ਼ਬਾ ਪ੍ਰਤੱਖ ਦਿਸਦਾ ਸੀ। ਮੈਂ ਸੋਚਾਂ ਵਿੱਚ ਹੈਰਾਨ ਹੋ ਕੇ ਰਹਿ ਗਿਆ ਕਿ ਅੱਧਖੜ ਉਮਰ ਦੇ ਉਸ ਸਾਧਾਰਣ ਦਿੱਖ ਦੇ ਦਰਮਿਆਨੇ ਜਿਹੇ ਕੱਦ-ਕਾਠ ਵਾਲੇ ਪੱਕੇ ਰੰਗ ਦੇ ਬੰਦੇ, ਜਿਸਦੇ ਮੂੰਹ ਉੱਤੇ ਚੇਚਕ ਦੇ ਡੂੰਘੇ ਤੇ ਵੱਡੇ ਦਾਗ਼ ਹਨ, ਨੂੰ ਗੱਲਾਂ ਕਿੱਥੋਂ ਉੱਤਰਦੀਆਂ ਹਨ! ਰੱਬ ਕੋਲੋਂ ਉੱਕਾ ਭੈ ਨਹੀਂ ਖਾਂਦਾ।

ਇਹ ਸਭ ਸੋਚਦਿਆਂ ਮੇਰੀਆਂ ਰਗ਼ਾਂ ਵਿੱਚ ਇੱਕ ਵਾਰ ਫਿਰ ਖ਼ੂਨ ਖੌਲਣ ਲੱਗ ਪਿਆ। ਰਮਤੇ ਸਾਧੂ ਦੇ ਬੋਲ ਗਲ਼ੀਆਂ ਵਿੱਚ ਗੂੰਜਦੇ ਹੋਏ ਹੁਣ ਹਵਾ ਵਿੱਚ ਰਲ ਰਹੇ ਸਨ। ਮੈਂ ਮੁੜ ਦਲਾਨ ਅੰਦਰ ਆਪਣੇ ਝੁੱਲ ਵਿੱਚ ਜਾ ਲੁਕਿਆ।

‘ਜੱਟਾਂ-ਜਿਮੀਦਾਰਾਂ ਨੂੰ ਕਿੱਥੇ ਸੁਣਦਾ - ਸਾਢੇ ਤਿੰਨ ਹੱਥ ਧਰਤੀ ਤੇਰੀ, ਬਾਹਲੀਆਂ ਜਗੀਰਾਂ ਆਲਿਆ! ਜੇ ਸੁਣ ਪਿਆ ਹੁੰਦਾ ਤਾਂ ਸਾਡੇ ਬਾਰੇ ਬੀ ਸੋਚਦੇ ਪਈ ਇਨ੍ਹਾਂ ਹਮਾਤੜਾਂ ਨੂੰ ਨਾ ਦੁਰਕਾਰੋ, ਬਗਾਰਾਂ-ਬੁੱਤੀਆਂ ਨਾ ਕਰਾਓ, ਕੁਛ ਥਾਂ-ਥੱਥਾ ਦਿਓ, ਅਈਨੇ ਚਿਰਾਂ ਤੋਂ ਧੁਆਡੀ ਸੇਬਾ ਕਰਦੇ ਆ।’ ਭਾਈਏ ਨੇ ਮੰਜੇ ਤੋਂ ਉੱਠਦਿਆਂ ਜਿਵੇਂ ਸਾਨੂੰ ਸੁਣਾ ਕੇ ਆਖਿਆ ਹੋਵੇ। ਜ਼ਰਾ ਕੁ ਬਾਅਦ ਜੋ ਉਹਦੇ ਚਿੱਤ ਵਿੱਚ ਆਇਆ ਕਹਿਣ ਲੱਗਾ, ‘ਨਾਮ ਜਾਂ ਭਾਗਾਂ ਦੇ ਖੇਲ੍ਹ ਨੇ ਕੀ ਸੁਆਰਨਾ, ਬਥੇਰਾ ਕਰਮ ਕਰੀਦਾ, ਦਿਨ-ਰਾਤ ਸਖ਼ਤ ਮਿਹਨਤ ਕਰਦਿਆਂ ਦਾ ਖੋਪਰ ਘਸ ਚੱਲਾ - ਕੁਝ ਨਹੀਂ ਬਣਿਆ। ਜੇ ਕੋਈ ਸੱਚ ਪੁੱਛੇ ਤਾਂ ਮੈਂ ਕੲ੍ਹੀਨਾ ਪਈ ਮਨ ਵਿੱਚ ਪੱਕਾ ਭਰੋਸਾ ਰੱਖੋ ਤੇ ਆਪਣੇ ਬਲਬੂਤੇ ਖੜ੍ਹੇ ਹੋਬੋ!’

ਝੁੱਲ ਵਿੱਚ ਸਾਨੂੰ ਦੋਹਾਂ ਭਰਾਵਾਂ ਨੂੰ ਘੁਸਰ-ਮੁਸਰ ਕਰਦਿਆਂ ਦੇਖ ਭਾਈਏ ਨੇ ਆਖਿਆ, ‘ਬਿਰਜੂ ਤੂੰ ਤਾਂ ਬਥੇਰਾ ਹੱਥ-ਪੱਲਾ ਪੁਆਉਨਾ ਪਰ ਹਾਅ ਬਦਨੀਤਾ ਡੱਕਾ ਭੰਨ ਕੇ ਦੋਹਰਾ ਨਹੀਂ ਕਰਦਾ! ਰੋਟੀਆਂ ਭੰਨਣ ’ਤੇ ਹੋਇਆ ਬੱਸ।’

ਮੇਰੇ ਮਨ ਵਿੱਚ ਖ਼ਿਆਲਾਂ ਦੀ ਸੂਈ ਤੇਜ਼-ਤੇਜ਼ ਪਿਛਾਂਹ ਨੂੰ ਚੱਲਣ ਲੱਗੀ – ਚਾਰ-ਪੰਜ ਕਿਲੋਮੀਟਰ ਦੂਰ ਆਪਣੇ ਮਿਡਲ ਸਕੂਲ ਗੀਗਨਵਾਲ ਨੂੰ ਤੁਰ ਕੇ ਪੜ੍ਹਨ ਜਾਨਾਂ - ਆਉਂਦਾ ਹੋਇਆ ਬਗਲ ਵਿੱਚ ਝੋਲੇ ਸਣੇ ਸੋਹਲਪੁਰੋਂ ਬਰਸੀਨ, ਛਟਾਲਾ, ਸੇਂਜੀ ਤੇ ਕਦੀ ਕੜਬ ਦੀਆਂ ਦੋ-ਦੋ ਭਰੀਆਂ ਇਕੱਠੀਆਂ ਸਿਰ ’ਤੇ ਚੁੱਕ ਕੇ ਲਿਆਉਨਾ - ਕਦੀ ਭਾਈਏ ਜਾਂ ਬੜੇ ਭਰਾ ਨਾਲ ਗੰਨੇ ਛਿੱਲਣ ਜਾਨਾਂ - ਢੱਡੇ-ਸਨੌਰੇ ਤੋਂ ਕਣਕ ਤੇ ਮੱਕੀ ਦਾ ਪੰਦਰਾਂ-ਵੀਹ ਕਿਲੋ ਆਟਾ ਪਿਸਾ ਕੇ ਲਿਆਉਨਾ - ਹੋਰ ਮੈਂ ਕੀ ਕਰਾਂ! ਮੈਂ ਕਈ ਦਲੀਲਾਂ ਸੋਚਦਾ ਕਿ ਹੋਰ ਕੀ-ਕੀ ਕਰਾਂ ਕਿ ਭਾਈਆ ਗੰਦ-ਮੰਦ ਬੋਲਣੋਂ ਹਟ ਜਾਵੇ ਤੇ ਮੈਂਨੂੰ ਵੱਢੂੰ-ਟੁੱਕੂੰ ਨਾ ਕਰੇ ਤੇ ਨਾ ਹੀ ਲਾਹ-ਪਾਹ ਕਰੇ।

ਥੋੜ੍ਹਾ ਕੁ ਚਿਰ ਬਾਅਦ ਮੈਂਨੂੰ ਲੱਗਿਆ ਜਿਵੇਂ ਸਿਆਲ ਦੀ ਰੁੱਤ ਕਿਸੇ ਕਾਮਰੇਡ ਦੀ ਤਕਰੀਰ ਵਾਂਗ ਹੋਰ ਲੰਮੀ ਹੁੰਦੀ ਜਾ ਰਹੀ ਹੋਵੇ। ਠੰਢ ਨੇ ਆਪਣਾ ਸ਼ਿਕੰਜਾ ਦਿਨ-ਰਾਤ ਸਾਡੇ ਉੱਤੇ ਕੱਸਿਆ ਹੋਇਆ ਸੀ। ਨੰਗੇ ਪੈਰ ਤੇ ਤਨ ਢਕਣ ਲਈ ਅਸਮਾਨੀ ਰੰਗ ਦੇ ਮਲੇਸ਼ੀਏ ਦੇ ਝੱਗੇ-ਪਜਾਮੇ ਥਾਣੀਂ ਸਰੀਰ ਨੂੰ ਚੀਰਦੀ ਹਵਾ ਜਿਵੇਂ ਮੇਰੀ ਜ਼ਿੰਦਗੀ ਦਾ ਮਲ਼ੀਆਮੇਟ ਕਰਨ ਵਿੱਚ ਜੁਟੀ ਹੋਵੇ। ਸਕੂਲ ਜਾਂਦਿਆਂ ਮਨ ਨੂੰ ਧੁੜਕੂ ਲੱਗਾ ਰਹਿੰਦਾ ਕਿ ਮਾਸਟਰ ਕਿਸ਼ਨ ਚੰਦ ਅੱਜ ਫਿਰ ਨਾ ਪੁੱਛ ਲਵੇ ...। ਪ੍ਰਾਰਥਨਾ ਪਿੱਛੋਂ ਉਹ ਵਿਦਿਆਰਥੀਆਂ ਨੂੰ ਅਕਸਰ ਮੁਖ਼ਾਤਿਬ ਹੁੰਦਾ ਤੇ ਪੁੱਛਦਾ, ‘ਜਿਨ੍ਹਾਂ-ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ, ਖੜ੍ਹੇ ਹੋ ਜਾਓ!’

ਮੇਰੇ ਸਣੇ ਸਾਰੇ ਸਕੂਲ ਵਿੱਚੋਂ ਗਿਣਤੀ ਦੇ ਦਸ-ਬਾਰਾਂ ਕੁੜੀਆਂ-ਮੁੰਡੇ ਖੜ੍ਹੇ ਹੁੰਦੇ। ਮਨ ਰੋਣਹਾਕਾ ਹੋ ਜਾਂਦਾ। ਬਗਲੇ ਵਰਗੀ ਮੇਰੀ ਲੰਮੀ-ਪਤਲੀ ਧੌਣ ਸ਼ਰਮ ਵਿੱਚ ਹੋਰ ਨੀਵੀਂ ਹੋ ਜਾਂਦੀ। ਮਹਿਸੂਸ ਹੁੰਦਾ ਜਿਵੇਂ ਮੈਂ ਧਰਤੀ ਵਿੱਚ ਗਰਕ ਹੋਈ ਜਾ ਰਿਹਾ ਹੋਵਾਂ। ਖ਼ਿਆਲ ਆਉਂਦਾ - ਸ਼ੁਕਰ ਆ ਪਈ ਠੁਰਠੁਰ ਕਰਦਾ ਸਕੂਲ ਪਹੁੰਚ ਗਿਆਂ - ਕਿਤੇ ਰਾਹ ਵਿੱਚ ਹੀ ਨਹੀਂ ਡਿਗ ਪਿਆ ਜਿਵੇਂ ਸੋਹਲਪੁਰ ਵਾਲੇ ‘ਬੁੜ੍ਹਿਆਂ’ ਦਾ ਕੱਟਾ ਸਿਆਲ ਦੀ ਠੰਢ ਨਾਲ ਫੁੜਕ ਕੇ ਡਿਗ ਪਿਆ ਸੀ। ਜ਼ਮੀਨ ’ਤੇ ਪਈ ਉਹਦੀ ਲਾਸ਼ ਦੀ ਖੱਬੀ ਖੁੱਲ੍ਹੀ ਅੱਖ ਦਾ ਚੇਤਾ ਆਉਂਦਿਆਂ ਮੇਰਾ ਤਨ-ਮਨ ਝੁਣਝਣੀ ਖਾ ਗਿਆ।

‘ਜਿਨ੍ਹਾਂ-ਜਿਨ੍ਹਾਂ ਕੋਲ ਘਰ ਤੇ ਸਕੂਲ ਵਾਸਤੇ ਇਹੋ ਕੱਪੜੇ ਆ - ਉਹ ਖੜ੍ਹੇ ਰਹਿਣ, ਬਾਕੀ ਬਹਿ ਜਾਓ!’ ਉਮਰ ਦੀਆਂ ਤ੍ਰਕਾਲਾਂ ਵਲ ਕਾਹਲੀ ਨਾਲ ਵਧ ਰਿਹਾ, ਦਰਮਿਆਨੇ ਕੱਦ, ਗੋਰੇ ਰੰਗ, ਚਿੱਟੀਆਂ ਮੁੱਛਾਂ, ਸਿਰ ’ਤੇ ਪਾਧਾ-ਪੱਗ, ਗੱਲ-ਕਮੀਜ਼ ਤੇ ਤੇੜ ਪਜਾਮਾ ਪਹਿਨਦੇ ਮਾਸਟਰ ਕਿਸ਼ਨ ਚੰਦ ਨੇ ਆਪਣੀ ਭਾਰੀ ਆਵਾਜ਼ ਵਿੱਚ ਫਿਰ ਪੁੱਛਿਆ।

ਧੁੰਦ ਦੇ ਉੱਡਦੇ-ਜੁੜਦੇ ਬੱਦਲਾਂ ਵਾਂਗ ਮੇਰੇ ਮਨ ਵਿੱਚ ਖ਼ਿਆਲਾਂ ਦੀਆਂ ਲੜੀਆਂ ਜੁੜਨ ਲੱਗੀਆਂ - ਮੇਰੇ ਨਵੇਂ ਸਕੂਲ ਵਿੱਚ ਮੇਰੀ ਹੀਣੀ ਜਾਤ, ਘੋਰ ਗਰੀਬੀ ਕਾਰਨ ਲਾਚਾਰੀਆਂ, ਮਜਬੂਰੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ ਪਰ ਇਹ ਸਭ ਕੁਝ ਸਕੂਲ ਅੰਦਰ ਪੈਰ ਪਾਉਣ ਦੇ ਕੁਝ ਦਿਨਾਂ ਵਿੱਚ ਹੀ ਤੇ ਮਾਸਟਰਾਂ ਦੇ ਨਿੱਤ ਨਵੇਂ ਵਰਦੀ-ਸਿਆਪੇ ਨਾਲ ਕਿਸੇ ਦੁਰਗੰਧ ਵਾਂਗ ਫ਼ੈਲ ਚੁੱਕਾ ਸੀ। ਮਨ ਦੇ ਆਕਾਸ਼ ਵਿੱਚ ਤੇਜ਼ ਰਫ਼ਤਾਰ ਨਾਲ ਨ੍ਹੇਰੀ-ਝੱਖੜ ਝੁੱਲਣ ਲੱਗ ਪਿਆ ਜਿਸ ਨੇ ਮੇਰੇ ਸਵੈਮਾਣ ਦੀਆਂ ਜੜ੍ਹਾਂ ਹਿਲਾਉਣ, ਤਨ-ਤਣਾ ਭੰਨਣ-ਤੋੜਨ ਵਿੱਚ ਟਿੱਲ ਲਾਇਆ। ਫਿਰ ਖ਼ਿਆਲ ਆਉਂਦਾ - ਸਾਨੂੰ ਸਾਰਿਆਂ ਕੁੜੀਆਂ-ਮੁੰਡਿਆਂ ਦੇ ਪਿੰਡਾਂ ਦੀਆਂ ਪੱਤੀਆਂ, ਜਾਤਾਂ, ਮਾਸਟਰਾਂ ਦਾ ਵੀ ਅੱਗਾ-ਪਿੱਛਾ ਪਤਾ - ਮੇਰੇ ਬਾਰੇ ਪਤਾ ਲੱਗਣਾ ਕਿਹੜੀ ਜੱਗੋਂ ਬਾਹਰੀ ਗੱਲ ਹੈ! ਇਸ ਸਚਾਈ ਨੇ ਮੇਰੇ ਸਵੈ ਭਰੋਸੇ ਉੱਤੇ ਛਾਏ ਬੱਦਲਾਂ ਨੂੰ ਛੰਡ ਦਿੱਤਾ। ਮੇਰਾ ਹੌਸਲਾ ਫਿਰ ਬੁਲੰਦ ਹੋ ਗਿਆ। ਮਨ ਕਾਫ਼ੀ ਹੱਦ ਤਕ ਹੌਲਾ ਹੋ ਗਿਆ।

ਠੰਢ ਕੋਸੀਆਂ ਧੁੱਪਾਂ ਵਿੱਚ ਬਦਲ ਗਈ। ਰੁੱਖਾਂ ਉੱਤੇ ਪਤਝੜ ਸਵਾਰ ਹੋ ਗਈ। ਨਿਪੱਤਰੇ ਬਿਰਖ ਇਉਂ ਲਗਦੇ ਜਿਵੇਂ ਮੇਰੇ ਆਪਣੇ ਸਕੇ-ਸੰਬੰਧੀ ਤੇ ਭੈਣ-ਭਰਾ ਹੋਣ। ਮਿਹਨਤੀ ਬੰਦਿਆਂ ਵਾਂਗ ਨੰਗੇ ਤਨ ਕੜਾਕੇਦਾਰ ਗਰਮੀਆਂ-ਸਰਦੀਆਂ ਝੱਲਦੇ ਹਨ। ਔੜਾਂ-ਥੁੜਾਂ ਵਿੱਚ ਛਾਵਾਂ ਵੰਡਦੇ ਹਨ - ਬਰਸਾਤਾਂ ਨੂੰ ਓਟ ਦਿੰਦੇ ਹਨ। ਜਦੋਂ ਉਹ ਫੈਲਣ ਲਗਦੇ ਹਨ ਤਾਂ ਮਾਲਕਾਂ ਵਲੋਂ ਬੇਰਹਿਮੀ ਨਾਲ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਜਾਂਦੇ ਹਨ - ਲੱਤਾਂ-ਬਾਹਾਂ ਵਰਗੇ ਟਾਹਣ ਵੱਢ ਦਿੱਤੇ ਜਾਂਦੇ ਹਨ। ਅਜਿਹੇ ਖ਼ਿਆਲ ਆਉਂਦਿਆਂ ਤੀਜਾ-ਚੌਥਾ ਹਿੱਸਾ ਛਾਂਗੇ ਰੁੱਖ ਮੇਰੇ ਭਾਈਏ, ਤਾਇਆਂ ਤੇ ਉਨ੍ਹਾਂ ਦੇ ਪੁੱਤਾਂ ਵਿੱਚ ਬਦਲ ਗਏ।

ਡਰਾਉਣਾ ਸਿਆਲ ਫਿਰ ਛਾਲਾਂ ਮਾਰਦਾ ਆ ਰਿਹਾ ਸੀ। ਕਮਿਊਨਿਸਟ ਸਹਿਕਾਰੀ ਖੰਡ ਮਿਲ ਭੋਗਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਣ ਦੇ ਦਾਅ-ਪੇਚਾਂ ਵਿੱਚ ਲੱਗੇ ਹੋਏ ਸਨ। ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਐਤਕੀਂ ਹੋਰ ਜ਼ੋਰਦਾਰ ਆਵਾਜ਼ ਵਿੱਚ ਗੂੰਜਣ ਲੱਗੇ। ਨਤੀਜਾ- ਨਵੇਂ ਬਣੇ ਐੱਮ.ਐੱਲ.ਏ. ਕਾਮਰੇਡ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੂਰੀਆਂ ਤਿਆਰੀਆਂ ਪਿੱਛੋਂ ਵੱਡੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ।

ਮੇਰੇ ਚਿੱਤ ਵਿੱਚ ਆਉਂਦਾ ਕਿ ਮੈਂਨੂੰ ਕਾਮਰੇਡਾਂ ਦੇ ਮੂੰਹ ਚੜ੍ਹੀਆਂ ਗੱਲਾਂ ਨਾਲੋਂ ਵੀ ਵੱਧ ਵਿਚਾਰ - ਜਾਣਕਾਰੀ ਹੋਵੇ। ਥੋੜ੍ਹਾ ਹੋਰ ਵੱਡਾ ਹੋ ਕੇ ਜੋਸ਼ੀਲੇ - ਫ਼ਰਾਟੇਦਾਰ ਭਾਸ਼ਨ ਕਰਾਂ ਤੇ ਲੋਕਾਂ ਨੂੰ ਕਾਇਲ ਕਰਾਂ। ਜਦੋਂ ਕੋਈ ਰੂਸ ਅੰਦਰ ਸਮਾਜਿਕ ਬਰਾਬਰੀ ਤੇ ਇਕਸਾਰ ਤਰੱਕੀ ਦੀਆਂ ਗੱਲਾਂ ਕਰਦਾ ਤਾਂ ਮੈਂ ਆਪਣੇ ਭਵਿੱਖ ਦੀ ਸੁੱਖਾਂ-ਭਰੀ ਕਲਪਨਾ ਕਰ ਕੇ ਮਨ ਹੀ ਮਨ ਹੁੱਬਦਾ।

... ਤੇ ਲੋਕ ਮਿਲ ਦੀਆਂ ਗ੍ਰਿਫ਼ਤਾਰੀਆਂ ਦੀਆਂ ਗੱਲਾਂ ਕਰਦੇ, ਖ਼ਾਸ ਕਰਕੇ ਜੱਟ ਭਾਈਏ ਹੁਰਾਂ ਨੂੰ ਪੁੱਛਦੇ, ‘ਈਸਰ, ਦੌਲਤੀ ਤੇ ਮੁਣਸ਼ਾ ਸੁੰਹ ਛੜੇ ਦਾ ਕਿਹੜਾ ਕਮਾਦ ਆ ਜਿਹੜਾ ਭਾਅ ਵਧਾਉਣ ਤੇ ਬਿਜਲੀ ਚੌਵੀ ਘੰਟੇ ਕਰਾਉਣ ਲਈ ਜੇਲ ਵਿੱਚ ਬਈਠੇ ਆ। ... ਬੜੇ ਕਾਮਰੇਡੀ ਦੇ ਚੱਕਿਓ ਆ।’

‘ਅੱਜ ਸਾਡੇ ਬੰਦੇ ਧੁਆਡਾ ਸਾਥ ਦਿੰਦੇ ਆ - ਭਲਕੇ ਤੁਸੀਂ ਸਾਡੇ ਨਾਲ ਤੁਰੂੰਗੇ! ਕਿਉਂ? ਕੀ ਖਿਆਲ ਆ?’ ਭਾਈਏ ਨੇ ‘ਪੱਕਿਆਂ ਵਾਲਿਆਂ’ ਦੇ ਬਜ਼ੁਰਗ ਵਤਨ ਸਿੰਘ ਨੂੰ ਮੋੜਵਾਂ ਸਵਾਲ ਕੀਤਾ ਜਦੋਂ ਅਸੀਂ ਉਨ੍ਹਾਂ ਦੇ ਟਿੱਬੇ ਵਿੱਚੋਂ ਮੂੰਗਫਲੀ ਪੱਟ ਕੇ ਘਰਾਂ ਨੂੰ ਮੁੜ ਰਹੇ ਸੀ।

ਵਤਨ ਸਿੰਘ ਨੇ ਆਪਣੇ ਸ਼ੇਰ ਵਰਗੇ ਮੂੰਹ ਉਤਲੇ ਚਿੱਟੇ-ਫੱਬਵੇਂ ਤੇ ਲੰਮੇ ਦਾਹੜੇ ਉੱਤੇ ਹੱਥ ਫੇਰਦਿਆਂ ਖੁਣਸੀ ਜਿਹਾ ਹਾਸਾ ਹੱਸਿਆ ਤੇ ਮੂੰਹੋਂ ਕੁਝ ਵੀ ਨਾ ਬੋਲਿਆ। ਫਿਰ ਆਪਣੀ ਧੁੱਦਲ ਭਰੀ ਲੱਕੀ ਜੁੱਤੀ ਨੂੰ ਪ੍ਰੈਣ ਨਾਲ ਝਾੜਨ ਪਿੱਛੋਂ ਕਿਸੇ ਫ਼ਖ਼ਰ ਨਾਲ ਬੰਬੀ ਵਲ ਨੂੰ ਤੁਰ ਪਿਆ। ਤਾਇਆਂ ਦੇ ਪੁੱਤ ਮੰਗੀ - ਸੋਹਣੂ ਖ਼ਾਮੋਸ਼ ਖੜ੍ਹੇ ਸਨ।

ਭਾਈਏ ਨੇ ਵਤਨ ਸਿੰਘ ਦੀ ਪਿੱਠ ਵਲ ਦੇਖਦਿਆਂ ਟਿੱਪਣੀ ਕੀਤੀ, ‘ਬੜੇ ਨਸ਼ੁਕਰੇ ਆ ਇਹ ਲੋਕ - ਕਿਸੇ ਦੇ ਖ਼ਿਆਲਾਂ ਦੀ ਉੱਕੀ ਪ੍ਰਬਾਹ ਨਹੀਂ। ਇਨ੍ਹਾਂ ਖਾਤਰ ਆਪਣਾ ਦਿਹਾੜੀ-ਢੱਪਾ ਛੱਡ ਕੇ ਜੇਲ ਬਈਠੇ ਆ ਤੇ ਇਹ ਟਾਂਚਾਂ ਕਰਦੇ ਨਹੀਂ ਥੱਕਦੇ। ਐਮੀਂ ਥੋੜ੍ਹੋ ਕੲ੍ਹੀਂਦੇ ਆ, ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ!’

ਸਾਡੀ ਬਿਰਾਦਰੀ ਦੇ ਜੇਲ ਗਏ ਕਮਿਊਨਿਸਟ-ਹਮਦਰਦਾਂ ਬਾਰੇ ਕਈ ਦਿਨਾਂ ਤਕ ਗੱਲਾਂ ਹੁੰਦੀਆਂ ਰਹੀਆਂ ਭਾਵੇਂ ਉਹ ਵਾਪਸ ਘਰਾਂ ਨੂੰ ਮੁੜ ਆਏ ਸਨ। ਕੋਈ ਕਹਿੰਦਾ, ‘ਇਹ ਸਾਰਾ ਕੁਛ ਪਾਰਟੀ ਦੀ ਲੀਡਰੀ ਚਮਕਾਉਣ ਲਈ ਆ।’ ਕੋਈ ਕਹਿੰਦਾ, ‘ਇਹ ਸਾਰੇ ਵੱਡੇ ਜਿਮੀਂਦਾਰਾਂ ਦੇ ਢਹੇ ਚੜ੍ਹਿਓ ਆ।’

ਤੇ ਜਦੋਂ ਝੋਨਿਆਂ ਦੀ ਲਵਾਈ, ਤਾਲਾਈ ਤੇ ਮੱਕੀਆਂ ਦੀ ਗੁਡਾਈ ਆਈ ਤਾਂ ਵਿਹੜੇ ਦੇ ਕੰਮੀਆਂ ਨੇ ਬੋਹੜ-ਪਿੱਪਲ ਥੱਲੇ ਏਕਾ ਕਰ ਕੇ ਇੱਕ ਰੁਪਇਆ ਦਿਹਾੜੀ ਵਧਾਉਣ ਦਾ ਮਤਾ ਪਕਾਇਆ। ਇਹਦੀ ਖ਼ਬਰ ਰਾਤੋ-ਰਾਤ ਸਾਰੇ ਪਿੰਡ ਘਰ-ਘਰ ਪਹੁੰਚ ਗਈ।

ਅਗਲੀ ਸਵੇਰ ਪਿੰਡ ਵਿੱਚ ਐਸੀ ਹਵਾ ਵਗੀ ਕਿ ਮਾਹੌਲ ਵਿੱਚ ਖ਼ਾਮੋਸ਼ੀ ਭਰ ਗਈ। ਜੱਟਾਂ-ਜਿਮੀਂਦਾਰਾਂ ਤੇ ਕੰਮੀਆਂ ਵਿਚਾਲੇ ਖਲਾਅ ਹੀ ਦੀਵਾਰ ਬਣ ਕੇ ਖੜ੍ਹਾ ਹੋ ਗਿਆ। ਜੱਟਾਂ ਦੇ ਮੁੰਡੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਡਾਂਗਾਂ ਲੈ ਕੇ ਤਕਾਲੀਂ-ਸਵੇਰੇ ਫਿਰਨੀ ਉੱਤੇ ਗੇੜੇ ਮਾਰਨ ਲੱਗੇ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੋਈ ਕੰਮੀ-ਕਮੀਣ ਟੱਟੀ ਫਿਰਨ ਲਈ ਨਾ ਬੈਠੇ। ਬੰਦੇ ਨਾਲ ਦੇ ਪਿੰਡਾਂ ਵਿੱਚ ਜੰਗਲ-ਪਾਣੀ ਜਾਣ ਲੱਗ ਪਏ। ਔਰਤਾਂ, ਬੱਚਿਆਂ ਨੂੰ ਬਾਹਲੀ ਤੰਗੀ ਹੋ ਗਈ।

ਬਿਰਾਦਰੀ ਦੇ ਬੰਦੇ ਨਾਲ ਦੇ ਪਿੰਡਾਂ ਵਿਚਲੇ ਕੰਮੀਆਂ ਨੂੰ ਪੱਕਾ ਕਰ ਕੇ ਆਏ ਕਿ ਉਹ ਮਾਧੋਪੁਰ ਦਿਹਾੜੀ ਕਰਨ ਲਈ ਨਾ ਆਉਣ। ਹਾਲਤ ਕਾਹਲੀ ਨਾਲ ਚਿੰਤਾ ਫ਼ਿਕਰ ਤੇ ਤਣਾਅ ਵਾਲੇ ਹੋ ਗਏ। ਬਹੁਤੇ ਪਰਿਵਾਰ ਆਪਣੀਆਂ ਮੱਝਾਂ-ਗਾਵਾਂ, ਕੱਟੀਆਂ-ਵੱਛੀਆਂ ਰਿਸ਼ਤੇਦਾਰਾਂ ਦੇ ਛੱਡਣ ਲਈ ਮਜਬੂਰ ਹੋ ਗਏ। ਕੁਝ ਕੁ ਦੇ ਹੌਸਲੇ ਅਜੇ ਬੁਲੰਦ ਸਨ ਤੇ ਕਈਆਂ ਦੇ ਮੂੰਹ ਸੂਤੇ ਜਿਹੇ ਲਗਦੇ ਸਨ।

ਪੰਜਾਂ-ਛੇਆਂ ਦਿਨਾਂ ਬਾਅਦ ਸਾਡੇ ਵਿਹੜੇ ਦੇ ਲੋਕ ਫਿਰ ਅਗਲੀ ਕਾਰਵਾਈ ਲਈ ਸਿਰ ਜੋੜ ਕੇ ਸਲਾਹ ਲਈ ਬੈਠੇ। ਤਾਏ ਰਾਮੇ ਨੇ ਦੱਸਿਆ, ‘ਬਈ ਜਿਮੀਂਦਾਰਾਂ ਨੇ ਸਨੇਹਾ ਘੱਲਿਆ ਕਿ ਦਿਹਾੜੀ ਵਧਾਉਣ ਦੀ ਮੰਗ ਛੱਡ ਦਿਓ - ਨਹੀਂ ਤਾਂ ਹੋਰ ਸਖਤ ਨਾਕਾਬੰਦੀ ਕਰਾਂਗੇ।’

‘ਕਿੰਨੇ ਕੁ ਦਿਨ ਕਰ ਲੈਣਗੇ! ਮੋਹਰੇ ਫ਼ਸਲਾਂ ਨਹੀਂ ਦਿਸਦੀਆਂ। ਆਪੇ ਆ ਜਾਣਾ ਟਿਕਾਣੇ ਉਨ੍ਹਾਂ ਨੇ, ਜ਼ਰਾ ਜਿਗਰਾ ਰੱਖੋ!’

‘ਮੇਰਾ ’ਰਾਦਾ ਪਈ ਕਾਮਰੇਡ ਅਜੈਬ ਤੇ ਮੀਤੇ ਹੁਰਾਂ ਨਾਲ ਗੱਲ ਕਰੀਏ - ਉਹ ਮਸਲਾ ਸੁਲਝਾ ਸਕਦੇ ਆ - ਫਿਰ ਬੀ ਸਾਡੇ ਬੰਦੇ ਉਨ੍ਹਾਂ ਨਾਲ ਮੇਲਜੋਲ ਰੱਖਦੇ ਆ - ਉਨ੍ਹਾਂ ਨਾਲ ਜੇਲ ਕੱਟ ਕੇ ਆਏ ਆ!’ ਇੱਕ ਨੇ ਸਲਾਹ ਦਿੱਤੀ।

‘ਮੈਂ ਉਨ੍ਹਾਂ ਕੋਲੋਂ ਹੋ ਕੇ ਆਇਆਂ - ਉਹ ਕੲ੍ਹੀਂਦੇ ਆ, ਸਾਡੀ ਹਮਦਰਦੀ ਧੁਆਡੇ ਨਾਲ ਆ। ਅਸੀਂ ’ਕੱਲੇ ਕਿੱਦਾਂ ਦਿਹਾੜੀ ਬਧਾਈਏ? ਬਿਰਾਦਰੀ ਦਾ ਮਸਲਾ - ਅਸੀਂ ਉਨ੍ਹਾਂ ਤੋਂ ਬਾਹਰੇ ਨਹੀਂ ਹੋ ਸਕਦੇ! ਭਲਕੇ ਵੋਟਾਂ ਵੀ ਲੈਣੀਆਂ - ਸਰਪੰਚੀ ਦੀਆਂ ਤੇ ਫਿਰ ...।’ ਇੱਕ ਹਮਦਰਦ ਕਾਮਰੇਡ ਨੇ ਵਰੋਲੇ ਵਾਂਗ ਆਉਂਦਿਆਂ ਇੱਕੋ ਸਾਹੇ ਦੱਸਿਆ।

ਇਹ ਸੁਣਦਿਆਂ ਹੀ ਉਮੀਦਾਂ ਦਾ ਮਹਿਲ ਰੇਤ ਦੀ ਇਮਾਰਤ ਵਾਂਗ ਢਹਿ-ਢੇਰੀ ਹੋ ਗਿਆ। ਸਾਰੇ ਹੈਰਾਨ ਹੋ ਕੇ ਰਹਿ ਗਏ। ਸਾਡੇ ਲੋਕ ਜੱਟਾਂ ਦੇ ਸਲੂਕ ਦੀ ਬਦਖੋਈ ਕਰਨ ਲੱਗੇ - ਜੱਟ ਜੱਟਾਂ ਦੇ ਸਾਲੇ, ਕਰਦੇ ਘਾਲੇ ਮਾਲੇ। ਆਪ ਚੰਗਾ ਖਾਂਦੇ, ਮੰਦਾ ਬੋਲਦੇ। ਸ਼ਰਾਬਾਂ ਕੱਢਦੇ, ਵੇਚਦੇ, ਵਲੈਤੀ ਖਰੀਦਦੇ ਤੇ ਫਿਰ ਹੋਰਾਂ ’ਤੇ ਖੇੜਦੇ। ਖ਼ਰਮਸਤੀਆਂ ਕਰਦੇ ...। ਸਾਡੇ ਸਿਰ ’ਤੇ ਬੁੱਲੇ ਲੁੱਟਦੇ ਆ ਇਹ - ਦਿਹਾੜੀ ਦਾ ਰੁਪਈਆ ਬਧਾ ਦਿੰਦੇ ਤਾਂ ਕੀ ਦੋਗਾੜਾ ਲੱਗ ਜਾਣਾ ਸੀ - ਮਹਿੰਗਾਈ ਤਾਂ ਦੇਖਣ - ਹਰ ਸ਼ੈਅ ਨੂੰ ਅੱਗ ਲੱਗੀਊ ਆ, ਲੀੜਾ-ਕੱਪੜਾ ਤਾਂ ਇੱਕ ਪਾਸੇ ਰਿਹਾ, ਚਾਹ-ਪੱਤੀ ਨਹੀਂ ਮਾਣ!

‘ਓਦਣ ਮੇਹਲੀ ਕਿੱਦਾਂ ਸੰਘ ਪਾੜ-ਪਾੜ ਕਹਿੰਦਾ ਸੀ, ਕਿਸਾਨ-ਮਜ਼ਦੂਰ ਏਕਤਾ ਸਮੇਂ ਦੀ ਲੋੜ ਆ - ਇੱਕ ਦੂਜੇ ਦਾ ਸਾਥ ਦਿਓ, ਸਹਾਰਾ ਬਣੋ। ਜਿੱਦਣ ਆਊਗਾ, ਪੁੱਛਾਂਗੇ ਪਈ ਤੂੰ ਐੱਸ ਏਕਤਾ-ਸਹਾਰੇ ਦੀ ਸ਼ਾਹਦੀ ਭਰਦਾ ਸੀ - ਖੇਤ ਮਜ਼ਦੂਰ ਸਭਾ ਕਿਹੜੇ ਕੰਮ ਲਈ ਆ!’ ਭਾਈਏ ਨੇ ਕਿਸੇ ਵਿਗੋਚੇ ਨਾਲ ਆਖਿਆ।

‘ਭਰਾਵੋ ਘਬਰਾਓ ਨਾ, ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਊਗਾ!’ ਕਾਮਰੇਡ ਮੁਣਸ਼ਾ ਸਿੰਘ ਛੜਾ ਆਪਣੀ ਖੱਬੀ ਵੱਖੀ ਉੱਤੇ ਲਮਕਦੇ ਗਾਤਰੇ ਉੱਤੇ ਹੱਥ ਫੇਰਦਾ ਆਖਣ ਲੱਗਾ। ਚਿਹਰੇ ਤੋਂ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੇ ਉਮੀਦ ਦਾ ਪੱਲਾ ਘੁੱਟ ਕੇ ਫੜਿਆ ਹੋਵੇ। ਉਸ ਨੇ ਧੀਰਜ ਨਾਲ ਕਿਹਾ; ‘ਜੱਟਪੁਣੇ ਨਾਲ ਭਰੇ ਮਨਾਂ ਨੂੰ ਬਦਲਣਾ ਕਿਤੇ ਸਉਖਾ, ਮੁੰਡੇ ਅੱਗੇ ਪੜ੍ਹ - ਲਿਖ ਕੇ ਸ਼ੈਦ ...।’

ਮੈਂਨੂੰ ਲੱਗਿਆ ਜਿਵੇਂ ਕਾਮਰੇਡ ਮੁਣਸ਼ਾ ਸਿੰਘ ਆਪਣੇ ਸਰੀਰ ਉਤਲੀ ਦਾਦ-ਖਾਜ ਨਾਲ ਪਏ ਡੱਬ-ਖੜੱਬੇ ਦਾਗਾਂ ਵਰਗੇ ਸਮਾਜਿਕ ਕਲੰਕੀ-ਧੱਬਿਆਂ ਨੂੰ ਕੋਸ ਰਿਹਾ ਹੋਵੇ ਜਿਨ੍ਹਾਂ ਤੋਂ ਸਰੀਰਕ ਮਿਹਨਤ ਵੇਚਣ ਵਾਲੇ ਲੋਕ ਹਰ ਵਕਤ ਤੰਗ-ਪਰੇਸ਼ਾਨ ਰਹਿੰਦੇ ਹਨ। ਆਪਣੇ ਪਿੰਡੇ ਦੇ ਜ਼ਖ਼ਮਾਂ ਉੱਤੇ ਮੰਲ੍ਹਮ ਮਲਣ ਦੀ ਉਹਦੀ ਹਰਕਤ ਤੇ ਇਸ ਨਾਮੁਰਾਦ ਬੀਮਾਰੀ ਦੇ ਖ਼ਿਲਾਫ਼ ਖਨੂਹੇ ਭਰੀ ਜੱਦੋਜਹਿਦ ਤੋਂ ਮੈਂਨੂੰ ਇਉਂ ਲੱਗਿਆ ਜਿਵੇਂ ਉਹ ਸਮਾਜਿਕ ਆਰਥਿਕ ਕਾਣੀ-ਵੰਡ ਦੇ ਕੋਹੜ ਵਿਰੁੱਧ ਇੱਕ ਲੰਮੀ ਲੜਾਈ ਲੜਨ ਲਈ ਕਮਰਕੱਸੇ ਕਰਨ ਲਈ ਉਤੇਜਤ ਕਰ ਰਿਹਾ ਹੋਵੇ।

ਜ਼ਰਾ ਕੁ ਬਾਅਦ ਮੈਂਨੂੰ ਜਾਪਿਆ ਕਿ ਵਿਰਾਨ-ਬੰਜਰ ਜ਼ਮੀਨਾਂ ਵਰਗੀਆਂ ਜ਼ਿੰਦਗੀਆਂ ਵਿੱਚ ਹਰਿਆਵਲ ਲਈ ਸਭ ਨੇ ਮਿਲ ਕੇ ਲਗਾਤਾਰ ਹੋਰ ਉੱਦਮ ਕਰਨਾ ਹੈ। ਇਸ ਲਈ ਕਿ ਸਾਡੀ ਵਿਥਿਆ ਦਰ ਵਿਥਿਆ ਜੁੱਗਾਂ ਪੁਰਾਣੀ ਹੈ ਜਿਸ ਨੂੰ ਕਿਸੇ ਨੇ ਨਾ ਕਦੇ ਸੁਣਿਆ, ਤੇ ਨਾ ਹੀ ਮਹਿਸੂਸ ਕੀਤਾ ਹੈ।

ਛਾਂਗਿਆ ਰੁੱਖ (ਕਾਂਡ ਬਾਰ੍ਹਵਾਂ)

“ਬਿਰਜੂ, ਖਿਆਲ ਨਾ ਮੇਰੀ ਗੱਲ ਸੁਣ। ਜਿੱਦਾਂ-ਕਿੱਦਾਂ ਦਸਮੀਂ ਕਰ ਲਾ - ਤੇਰਾ ਮਾਮਾ ਡੀ ਸੀ ਲੱਗਾ ਆ - ਕਿਤੇ ਨੌਕਰੀ ਲੁਆ ਦਊ - ਤੇਰੀ ਜੂਨ ਸੁਧਰ ਜਾਊ ...।” ਭਾਈਏ ਤੇ ਮਾਂ ਨੇ ਮੇਰੇ ਤੋਂ ਚਾਰ ਸਾਲ ਵੱਡੇ ਭਰਾ ਨੂੰ ਮੁੜ-ਮੁੜ ਸਮਝਾਇਆ। ਬਖਸ਼ੀ (ਬਿਰਜੂ) 1970 ਵਿੱਚ ਆਪਣੀ ਦਸਵੀਂ ਦੀ ਪੜ੍ਹਾਈ ਅੱਧ-ਵਿਚਾਲੇ ਛੱਡ ਕੇ ਘਰ ਬਹਿ ਗਿਆ। ਮੈਂ ਉਸੇ ਸਾਲ ਨੌਵੀਂ ਵਿੱਚ ਹੋਇਆ। ‘ਡੀ.ਸੀ.’ ਸ਼ਬਦ ਸੁਣਨ ਸਾਰ ਹੀ ਮੈਂਨੂੰ ਉਹ ਨਿੱਖਰਿਆ ਦਿਨ (1964) ਚੇਤੇ ਆਇਆ ਜਦੋਂ ਬੋਹੜ-ਪਿੱਪਲ ਥੱਲੇ ਭਾਈਆ, ਤਾਇਆ ਰਾਮਾ ਤੇ ਵਿਹੜੇ ਦੇ ਹੋਰ ਬੰਦੇ ਖੱਡੀਆਂ ਵਿੱਚ ਬੈਠੇ ਬੁਣਾਈ ਕਰ ਰਹੇ ਸਨ ਅਤੇ ਜਲੰਧਰ ਤੋਂ ਬਜਾਜੀ ਵੇਚਣ ਆਏ ਹੰਸਰਾਜ ਤੇ ਭਵਗਾਨ, ਜੋ ਆਪਸੀ ਵਿੱਚ ਸਾਲਾ-ਭਣੋਈਆ ਸਨ, ਕੱਪੜਿਆਂ ਦੀ ਚੱਲਦੀ-ਫਿਰਦੀ ਖੁੱਲ੍ਹੀ ਦੁਕਾਨ ਪਹਿਲਾਂ ਵਾਂਗ ਸਜਾ ਕੇ ਗਾਹਕਾਂ ਦੀ ਪਸੰਦ ਦੇ ਥਾਨ ਉਨ੍ਹਾਂ ਮੋਹਰੇ ਸੁੱਟ ਰਹੇ ਸਨ।

ਮਾਂ ਨੇ ਕਾਹਲੀ ਨਾਲ ਆ ਕੇ ਭਾਈਏ ਦੀ ਖੱਡੀ ਕੋਲ ਬੈਠੇ ਬਖਸ਼ੀ ਨੂੰ ਖ਼ਤ (ਪੋਸਟ-ਕਾਰਡ) ਪੜ੍ਹਨ ਲਈ ਕਿਹਾ ਸੀ। ਸਾਰੇ ਜਣੇ ਬਖਸ਼ੀ ਦੇ ਮੂੰਹ ਵਲ ਦੇਖਦੇ ਚੁੱਪ-ਚਾਪ ਗੌਰ ਨਾਲ ਸੁਣਨ ਲੱਗੇ, “ਮੈਂ ਆਈ ਏ ਐੱਸ ਬਣ ਗਿਆ ਹਾਂ – ਵਧਾਈ!”

ਆਈ ਏ ਐੱਸ ਬਣਨ ਵਾਲੀ ਗੱਲ ਦਾ ਮਤਲਬ ਸਮਝ ਨਾ ਪਵੇ। ਫਿਰ ਹੰਸਰਾਜ ਨੇ ਚਿੱਠੀ ਫੜੀ ਤੇ ਪੜ੍ਹੀ, ਨਾਲ਼ੇ ਕਿਹਾ, “ਪਹਿਲਾਂ ਲੱਡੂ ਮੰਗਵਾਓ - ਫਿਰ ਦੱਸਾਂਗਾ ਕੀ ਗੱਲ ਏ!”

ਕੋਲ ਖੜ੍ਹਿਆਂ ਦੇ ਸਾਡੇ ਸਾਰਿਆਂ ਦੇ ਚਿਹਰੇ ਖਿੜ ਗਏ ਸਨ। ਭਾਈਏ ਨੇ ਕਾਹਲਾ ਪੈਂਦਿਆਂ ਪੁੱਛਿਆ ਸੀ, “ਲਾਲਾ, ਦਬਾ ਸੱਟ ਦੱਸ ਇਹ ਕੀ ਹੁੰਦਾ?”

“ਆਈ ਏ ਐੱਸ ਡੀ.ਸੀ. ਲੱਗਦੇ ਨੇ, ਸੀਬੋ ਭੈਣੇ ਵਧਾਈ, ਤੇਰਾ ਭਰਾ ਇੰਨਾ ਵੱਡਾ ਅਫਸਰ ਬਣ ਗਿਆ ਏ!”

ਭਾਈਆ ਭੱਜ ਕੇ ਜੈਰਾਮ ਦੀ ਹੱਟੀ ਤੋਂ ਲੱਡੂਆਂ ਦਾ ਥਾਲ ਭਰਾ ਲਿਆਇਆ ਜੋ ਸਾਰੇ ਵਿਹੜੇ ਵਿੱਚ ਵੰਡੇ ਗਏ ਤੇ ਉਹ ਇਕੱਲੇ-ਇਕੱਲੇ ਜਾਂ ਝੁਰਮਟ ਬਣਾ ਕੇ ਵਧਾਈਆਂ ਦੇਣ ਲਈ ਸਾਡੇ ਘਰ ਆਏ।

ਵਰੋਲੇ ਵਾਂਗ ਆਇਆ ਇਹ ਖ਼ਿਆਲ ਮੁੜ ਮਨ ਦੀ ਕਿਸੇ ਨੁੱਕਰ ਵਿੱਚ ਸਮਾ ਗਿਆ ਤੇ ਬਖਸ਼ੀ ਦਾ ਮਾੜਕੂ ਜਿਹਾ ਚਿਹਰਾ ਸਾਹਮਣੇ ਆ ਗਿਆ।

... ਤੇ ਬਖਸ਼ੀ ਨੇ ਇੱਕੋ ‘ਨੰਨਾ’ ਫੜਿਆ ਹੋਇਆ ਸੀ- “ਚਾਹੇ ਇੱਕ ਬਾਰੀ ਕਹਾ ਲਓ, ਚਾਹੇ ਸੌ ਬਾਰੀ - ਮੈਂ ਨਈਂ ਪੜ੍ਹਨਾ!”

“ਚੱਲ ਗੱਲ ਮੁੱਕੀ ... ਭਲਕੇ ਤੋਂ ਸਾਡੇ ਨਾਲ ਦਿਹਾੜੀ ਚੱਲੀਂ!” ਭਾਈਏ ਨੇ ਨਹੋਰੇ ਨਾਲ ਕਿਹਾ ਕਿ ਸ਼ਾਇਦ ਨਿੱਤ ਦੇ ਔਖੇ ਕੰਮ ਤੇ ਦਬਕੇ-ਝਿੜਕੇ ਦਾ ਸੋਚ ਕੇ ਅਜੇ ਵੀ ਪੜ੍ਹਨ ਲਈ ‘ਹਾਂ’ ਕਰ ਦੇਵੇਗਾ।

“ਦਿਹਾੜੀ-ਦੱਪੇ ਲਈ ਨਮਾਂ ਜਾਣਾ? ਚਹੁੰ-ਪੰਜਾਂ ਸਾਲਾਂ ਤੋਂ ਜਾਨਾਂ ਜਦੋਂ ਤਿੰਨ ਰੁਪਏ ਦਿਹਾੜੀ ਦੇ ਤੇਰੇ ਹੱਥ ’ਤੇ ਰੱਖਦਾ ਹੁੰਦਾ ਸੀ - ਚੇਤਾ ਭੁੱਲ ਗਿਆ?” ਬਖਸ਼ੀ ਨੇ ਚਿਤਾਰਿਆ।

“ਚੰਗਾ, … ਜਿੱਦਾਂ ਤੇਰੀ ਮਰਜ਼ੀ!” ਭਾਈਏ ਨੇ ਨਾ ਚਾਹੁੰਦਿਆਂ ਵੀ ਆਪਣੀ ਸਹਿਮਤੀ ਦੇ ਦਿੱਤੀ। ਭਾਈਏ ਦਾ ਕਈ ਦਿਨਾਂ ਤਕ ਮਨ ਉਦਾਸ ਰਿਹਾ, ਜਿਵੇਂ ਕਿਸੇ ਚੀਜ਼ ਦੇ ਗੁਆਚਣ ਦਾ ਵਿਗੋਚਾ ਲੱਗ ਗਿਆ ਹੋਵੇ। ਉਹਨੇ ਹੁੱਕੇ ਦੀ ਨੜੀ ਆਪਣੇ ਵਲ ਘੁਮਾਈ ਤੇ ਲੰਮਾ ਸੂਟਾ ਖਿੱਚਣ ਪਿੱਛੋਂ ਆਖਿਆ, ‘ਸਾਰੀਆਂ ਆਸਾਂ-ਉਮੀਦਾਂ ’ਤੇ ਪਾਣੀ ਫਿਰ ਗਿਆ ...।”

ਇੰਨੇ ਨੂੰ ਤਾਏ ਰਾਮੇ ਨੇ ਬਾਹਰਲੇ ਬੂਹੇ ਦੀ ਸਰਦਲ ਟੱਪ ਕੇ ਅੰਦਰ ਆਉਂਦਿਆਂ ਤੇ ਸਾਨੂੰ ਦੋਹਾਂ ਭਰਾਵਾਂ ਨੂੰ ਦਾਦੀ ਦੀ ਮੰਜੀ ਉੱਤੇ ਬੈਠਿਆਂ ਦੇਖ ਕੇ ਆਪਣੇ ਮਖ਼ੌਲੀਏ ਸੁਭਾਅ ਮੁਤਾਬਿਕ ਕਿਹਾ,

“ਬਿਰਜੂ ਤੇ ਘਿਰਜੂ ਨੇ

ਠਾਣੇਦਾਰ ਦੇ ਗੜਾਸੀ ਮਾਰੀ।”

ਤਾਏ ਨੇ ਲਾਡ ਨਾਲ ਸਾਡੇ ਕਈ ਨਾਂ-ਕੁਨਾਂ ਪਾਏ ਹੋਏ ਸਨ। ਉਹ ‘ਖੰਘ’ ਕੇ ਘਰ ਆਉਣ ਦੀ ਬਜਾਇ ਸਾਡੇ ਬਾਰੇ ਕੋਈ ਟੋਟਕਾ, ਕਦੀ ਕੋਈ ਤੁਕ ਬੋਲ ਕੇ ਆਉਂਦਾ ਤੇ ਮੇਰੀ ਮਾਂ ਫੁਰਤੀ ਨਾਲ ਦੋ ਗਿੱਠਾਂ ਲੰਮਾ ਘੁੰਡ ਕੱਢ ਲੈਂਦੀ।

ਭਾਈਏ ਕੋਲ ਤਾਏ ਦੇ ਬੈਠਣ ਦੀ ਦੇਰ ਸੀ ਕਿ ਉਹਨੇ ਨੜੀ ਤਾਏ ਵਲ ਮੋੜ ਦਿੱਤੀ। ਉਹਨੇ ਲੰਮੇ-ਲੰਮੇ ਤੇ ਕਾਹਲੇ-ਕਾਹਲੇ ਘੁੱਟ ਭਰੇ। ਤਾਇਆ ਧੂੰਆਂ ਮੂੰਹ ਥਾਣੀਂ, ਕਦੀ ਨਾਸਾਂ ਵਿੱਚੀਂ ਕੱਢਦਾ ਤੇ ਕਈ ਵਾਰੀ ਪਤਾ ਹੀ ਨਾ ਲਗਦਾ ਕਿ ਧੂੰਆਂ ਕਿੱਧਰ ਚਲਾ ਗਿਆ। ਉਹ ਉਸ ਨੂੰ ਕਿੰਨਾ ਚਿਰ ਮੂੰਹ ਅੰਦਰ ਹੀ ਰੋਕ ਰੱਖਦਾ। ਫਿਰ ਉਸ ਨੇ ਸਹਿਵਨ ਹੀ ਪੁੱਛਿਆ, “ਕਿੱਦਾਂ ਮਸੋਸੇ ਬੈਠਿਓਂ ਆਂ, ਜਿੱਦਾਂ ਕੁੜੀ ਦੱਬ ਕੇ ਆਏ ਹੋਮੋ! ਦੱਸੋ ਤਾਂ ਸਹੀ!”

“ਇਹਦੇ ਮਾਮੇ ਨੂੰ ਕੀ ਦੱਸਾਂਗੇ? ਪੜ੍ਹਦਾ ਨਹੀਂ ਜਾਂ ਸਾਤੋਂ ਨਹੀਂ ਪੜ੍ਹਾ ਹੁੰਦਾ? ਕੀ ਸੋਚੂਗਾ ਉਹ ਸਾਡੇ ਬਾਰੇ?” ਭਾਈਏ ਨੇ ਸਵਾਲ ਉੱਤੇ ਸਵਾਲ ਖੜ੍ਹੇ ਕਰ ਦਿੱਤੇ, ਜਿਨ੍ਹਾਂ ਵਿੱਚੋਂ ਜਵਾਬ ਝਲਕਦੇ।

“ਹੋਰ ਪੜ੍ਹ-ਲਿਖ ਕੇ ਕਿਤੇ ਆਹਰੇ ਲੱਗ ਜਾਊਂਗਾ - ਅੱਗੇ ਤੂੰ ਆਪਣਾ ਪੜ੍ਹਿਆ ਬਚਾਰ ਲਾ!” ਤਾਏ ਨੇ ਕੁਝ ਦਿਨ ਪਹਿਲਾ ਵਾਂਗ ਬਖਸ਼ੀ ਨੂੰ ਫਿਰ ਸਮਝਾਇਆ।

ਮੈਂ ਦੇਖਿਆ, ਭਾਈਏ ਦਾ ਅੱਧਖੜ ਉਮਰ ਦਾ ਚਿਹਰਾ ਮੁਰਝਾ ਗਿਆ। ਉਹ ਇੱਕ ਟੱਕ ਧਰਤੀ ਵਲ ਦੇਖਦਾ ਰਿਹਾ ਜਿਵੇਂ ਗੁੰਮ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੈਂ ਦੇਖਿਆ ਕਿ ਭਾਈਏ ਦੇ ਮੂੰਹ ਉਤਲੀ ਤਿੰਨ-ਚਾਰ ਦਿਨਾਂ ਦੀ ਉੱਗੀ ਦਾਹੜੀ ਵਿੱਚ ਚਿੱਟੇ ਵਾਲਾਂ ਦੀ ਗਿਣਤੀ ਦਿਨ-ਪੁਰ-ਦਿਨ ਵਧਦੀ ਜਾ ਰਹੀ ਹੈ।

... ਤੇ ਫਿਰ ਬਖਸ਼ੀ ਭਾਈਏ ਹੁਰਾਂ ਨਾਲ ਦਿਹਾੜੀ-ਡਗਾਰੇ ਜਾਣ ਲੱਗ ਪਿਆ। ਪਤਲਾ, ਫੁਰਤੀਲਾ ਤੇ ਨਿੱਗਰ ਹੱਡੀ ਦਾ ਕਾਲਾ ਸਰੀਰ ਕਿੰਨਾ-ਕਿੰਨਾ ਭਾਰ ਚੁੱਕਦਾ, ਕਹੀ ਵਾਹੁੰਦਾ, ਇੱਟਾਂ ਚੁੱਕਦਾ, ਉਲਾਰਦਾ ਤੇ ਗਾਰੇ ਦੀ ਘਾਣੀ ਕਰਦਾ ਨਾ ਅੱਕਦਾ। ਉਹਨੇ ਮੁਸੀਬਤਾਂ ਦਾ ਫਾਹਾ ਆਪਣੇ ਗੱਲ ਆਪੇ ਹੀ ਪਾ ਲਿਆ। ਥੋੜ੍ਹੇ ਕੁ ਦਿਨਾਂ ਬਾਅਦ ਮੈਂਨੂੰ ਲੱਗਿਆ ਜਿਵੇਂ ਉਹਦਾ ਨਾ-ਪੜ੍ਹਨ ਦਾ ਚਾਅ ਲੱਥਣ ਲੱਗ ਪਿਆ ਹੋਵੇ। ਉਹ ਆਪਣੇ ਮੂੰਹ ਉੱਤੇ ਉੱਗਦੇ ਵਿਰਲੇ-ਵਿਰਲੇ ਮੋਟੇ ਵਾਲਾਂ ਨੂੰ ਸੱਜੇ ਹੱਥ ਦੇ ਅੰਗੂਠੇ ਤੇ ਉਂਗਲ ਨਾਲ ਕਾਹਲੀ-ਕਾਹਲੀ ਗੁੱਸੇ ਵਿੱਚ ਪੁੱਟਦਾ ਇਉਂ ਲਗਦਾ ਜਿਵੇਂ ਆਪਣੀ ਭਾਵੀ ਨਾਲ ਜੂਝਣ ਦਾ ਯਤਨ ਕਰ ਰਿਹਾ ਹੋਵੇ। ਮੂੰਹ ਉਤਲੇ ਕਿੱਲਾਂ-ਫਿੰਸੀਆਂ ਤੋਂ ਜਾਪਦਾ ਜਿਵੇਂ ਉਹਦੀ ਜ਼ਿੰਦਗੀ ਵੀ ਹੁਣ ਸਾਵੀਂ-ਪੱਧਰੀ ਨਾ ਰਹੀ ਹੋਵੇ। ਜਦੋਂ ਉਹ ਉਨ੍ਹਾਂ ਨੂੰ ਘੁੱਟ-ਘੁੱਟ ਪੀਕ ਤੇ ਕਿੱਲ ਕੱਢਦਾ ਤਾਂ ਉਹਦੇ ਚਿਹਰੇ ਦੇ ਕਈ ਰੂਪ ਬਦਲਦੇ ਜਿਵੇਂ ਕਿਸੇ ਨਿਆਣੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਭਾਈਆ ਤੇ ਮਾਂ ਬਖਸ਼ੀ ਬਾਰੇ ਸੋਚਦੇ, ਫਿਕਰ ਕਰਦੇ ਤੇ ਗੱਲਾਂ ਕਰਦੇ, ‘ਸਾਰੀ ਉਮਰ ਇੱਦਾਂ ਈ ਚੰਮ ਲੁਹਾਊ ਇਹ! ਮੈਂ ਤਾਂ ਕਈਨਾ ਪਈ ਤੂੰ ਡੀ ਸੀ ਸਾਹਬ ਨਾਲ ਗੱਲ ਕਰ। ਕਿਤੇ ਪੁਲਿਸ ਵਿੱਚ ਭਰਤੀ ਕਰਾ ਦੇਣ! ਤਈਨੂੰ ਪਤਾ! ਪੁਲਿਸ ਆਲੇ ਲੋਕਾਂ ਦੇ ਜੁੱਤੀਆਂ ਮਾਰਦੇ ਆ, ਨਾਲੇ ਅਗਲੇ ਤੋਂ ਪੈਹੇ ਲਈਂਦੇ ਆ।”

ਇਹ ਸੁਣਦਿਆਂ ਹੀ ਮਾਮਾ ਜੀ ਦਾ ਭਰਵੀਆਂ, ਕੱਟੀਆਂ, ਫੱਬਦੀਆਂ ਨਿੱਕੀਆਂ ਮੁੱਛਾਂ ਵਾਲਾ ਗੋਰਾ ਨਿਛੋਹ ਰੋਹਬਦਾਰ ਚਿਹਰਾ, ਸਿਰ ਦੇ ਪਿਛਾਂਹ ਨੂੰ ਵਾਹੇ ਛੋਟੇ ਵਾਲ ਅਤੇ ਛਾਂਟਵਾਂ ਉੱਚਾ-ਲੰਮਾ ਜਵਾਨ ਸਰੀਰ ਮੇਰੀਆਂ ਅੱਖਾਂ ਮੋਹਰੇ ਆ ਗਿਆ। ਨਾਲ ਹੀ ਤਿੱਤਰ-ਖੰਭੀ ਬੱਦਲਾਂ ਵਰਗੇ ਖ਼ਿਆਲ ਮਨ ਦੇ ਰੌਂ ਮੁਤਾਬਿਕ ਜੁੜਨ ਲੱਗੇ। ਪਲ ਵਿੱਚ ਹੀ ਪਿਛਲੇ ਸਿਆਲਾਂ ਵਿੱਚ ਮਾਮਾ ਜੀ ਤੇ ਭਾਈਏ ਵਿਚਾਲੇ ਹੋਈਆਂ ਗੱਲਾਂ ਸੁਣਨ ਲੱਗੀਆਂ ਤੇ ਦ੍ਰਿਸ਼ ਦਿਸਣ ਲੱਗਾ।

ਭਾਈਏ ਨੇ ਪਿੰਡ ਆਏ ਮਾਮਾ ਜੀ ਨੂੰ ਆਪਣੇ ਟੱਬਰ ਦੀਆਂ ਮਜਬੂਰੀਆਂ ਦੀ ਅਕੱਥ-ਕਥਾ ਸੁਣਾਉਣ ਖਾਤਰ ਗੱਲ ਤੋਰੀ ਸੀ, ‘ਸਾਹਬ, ਜੇ ਮਿੱਲ ਵਿੱਚ ਜੀ.ਐੱਮ. ਨੂੰ ਕਹਿ ਕੇ ਮੈਂਨੂੰ ਐਤਕੀਂ ਪੱਕਾ ਕਰਾ ਦਿਓ ਤਾਂ ਘਰ ਦਾ ਤੋਰਾ ਵਾਹਵਾ ਤੁਰ ਪਊ ...!”

“ਭਾਈਆ, ਮੈਂ ਗੱਲ ਕਰਾਂਗਾ ...।” ਮਾਮਾ ਜੀ ਨੇ ਭਰੋਸਾ ਦਿਵਾਇਆ।

“ਨਿਆਣੇ ਠੀਕ-ਠਾਕ ਪੜ੍ਹ ਜਾਣਗੇ - ਰੁਜਗਾਰ ਦਾ ਵਸੀਲਾ ਬਣ ਜਾਊ - ਉਮਰ ਦੇ ਚਾਰ ਦਿਨ ਸਉਖੇ ਨੰਘ ਜਾਣਗੇ ...।” ਪਲ ਭਰ ਦੀ ਖ਼ਾਮੋਸ਼ੀ ਪਿੱਛੋਂ ਆਪਣੇ ਗੂੜ੍ਹੇ ਰਿਸ਼ਤੇ ਦਾ ਇਹਸਾਸ ਕਰਦਿਆਂ ਅਪਣੱਤ ਭਰੇ ਬੋਲਾਂ ਨਾਲ ਤਰਲਾ ਜਿਹਾ ਕੀਤਾ।

“ਠਾਕਰ ਦਾਸ, ਫ਼ਿਕਰ ਨਾ ਕਰੋ - ਮੈਂ ਗੱਲ ਕਰਾਂਗਾ - ਛੇਤੀ ਪਤਾ ਦਿਆਂਗਾ।” ਮਾਮਾ ਜੀ ਨੇ ਫਿਰ ਯਕੀਨ ਦਿਵਾਇਆ।

ਭਾਈਏ ਨੂੰ ਘਰ ਦੀ ਤਰੱਕੀ ਤੇ ਖ਼ੁਸ਼ਹਾਲੀ ਮਿੱਲ ਵਿੱਚ ਗੰਨੇ ਦੀ ਪਿੜਾਈ ਰੁੱਤ ਜਾਂ ਬਾਰਾਂ-ਮਹੀਨੇ ਦੀ ਨੌਕਰੀ ਵਿੱਚ ਦਿਖਾਈ ਦਿੰਦੀ। ਇਸੇ ਕਰ ਕੇ ਉਹ ਮਾਮਾ ਜੀ ਦੇ ਖਹਿੜੇ ਪਿਆ ਹੋਇਆ ਵਾਰ-ਵਾਰ ਕਹਿੰਦਾ-ਸੁਣਦਾ ਝਿਜਕਦਾ ਨਹੀਂ ਸੀ, ‘ਚਲੋ, ਐਤਕੀਂ ਨਹੀਂ ਤਾਂ ਅਗਲੇ ਸੀਜ਼ਨ ’ਤੇ ਦੇਖ ਲਿਓ ...।”

“ਮਈਨੂੰ ਪੰਦਰਾਂ ਸਾਲ ਹੋ ਚੱਲੇ ਹਰ ਸੀਜ਼ਨ ’ਤੇ ਕੰਮ ਕਰਦੇ ਨੂੰ - ਜਿਨ੍ਹਾਂ ਦੀਆਂ ਮਾੜੀਆਂ-ਮੋਟੀਆਂ ਸਪਾਰਸ਼ਾਂ (ਸਿਫ਼ਾਰਸ਼ਾਂ) ਸਿਗੀਆਂ, ਉਹ ਪੱਕੇ ਹੋ ਗਏ। ਜਾਂ ਫੇ ਉਹ ਪੱਕੇ ਹੋ ਗਏ ਜਿਨ੍ਹਾਂ ਨੇ ਚੜ੍ਹਾਵਾ ਚੜ੍ਹਾ ’ਤਾ। ਅਸੀਂ ਅੱਠ-ਦਸ ਓਹੀ ਬੰਦੇ ਰਹਿ ਗਏ ਆਂ ਜਿਨ੍ਹਾਂ ਦਾ ਕੋਈ ਬੇਲੀ-ਵਾਰਸ ਨਹੀਂ, ਜੇ ...।” ਭਾਈਆ ਦਲੀਲਾਂ ਦੇ ਕੇ ਚੁੱਪ ਹੋ ਗਿਆ। ਸ਼ਾਇਦ ਉਹਨੂੰ ਹੁਣ ਮਾਮੀ ਜੀ ਰਾਹੀਂ ਮਾਮਾ ਜੀ ਦੀਆਂ ਨਿੱਜੀ ਮਜਬੂਰੀਆਂ ਦੀ ਸੋਝੀ ਜਾਂ ਯਾਦ ਆਉਣ ਲੱਗ ਪਈ ਸੀ।

ਮਾਮਾ ਜੀ ਖ਼ਾਮੋਸ਼ ਬੈਠੇ ਆਪਣੀ ਨਕਟਾਈ ਉੱਤੇ ਵਾਰ-ਵਾਰ ਹੱਥ ਫੇਰਦੇ ਜਿਵੇਂ ਉਹਦਾ ਕੋਈ ਵਲ-ਵੱਟ ਕੱਢ ਰਹੇ ਹੋਣ।

ਮਿੱਲ ਦੀ ਗੰਨਾ ਪਿੜਾਈ ਰੁੱਤਾਂ ਪਹਿਲਾਂ ਵਾਂਗ ਆਉਂਦੀਆਂ ਤੇ ਜਾਂਦੀਆਂ ਰਹੀਆਂ। ਜਦੋਂ ਮਾਮਾ ਜੀ ਸਹਿਕਾਰਤਾ ਤੇ ਹੋਰ ਵਿਭਾਗਾਂ ਦੇ ਸਕੱਤਰ ਬਣੇ ਤਾਂ ਭਾਈਆ ਤੇ ਮਾਂ ਬੇਹੱਦ ਖੁਸ਼ ਹੋਏ। ਹਨ੍ਹੇਰੇ ਭਵਿੱਖ ਵਿੱਚ ਆਸ-ਵਿਸ਼ਵਾਸ ਦਾ ਇੱਕ ਜਗਦਾ ਚਿਰਾਗ਼ ਨਜ਼ਰ ਆਇਆ।

ਭਾਈਏ ਨਾਲ ਮਿੱਲ ਵਿੱਚ ਮਜ਼ਦੂਰੀ ਕਰਦੇ ਵਿਹੜੇ ਦੇ ਬੰਦੇ ਕਹਿਣ ਲੱਗੇ, ‘ਲੈ ਬਈ ਠਾਕਰਾ, ਤੇਰੀਆਂ ਪੌਂ ਬਾਰਾਂ ਹੋ ਗਈਆਂ ਸਮਝ। ਬਾਰਾਂ ਮਹੀਨੇ ਪੱਕੀ ਨਉਕਰੀ ਲੱਗੀ ਜਾਣ - ਜੱਟਾਂ ਦੀਆਂ ਬੁੱਤੀਆਂ ਤੋਂ ਪਿੱਛਾ ਛੁੱਟ ਜਾਊ। ਰੋਹਬ ਨਾਲ ਕਹਿ, ਤੇਰਾ ਹੱਕ ਬਣਦਾ - ਯਾਰ ਇੱਦਾਂ ਨਾ ਸੋਚ - ਮੁੱਲਾਂ ਸਬਕ ਨਾ ਦਊ ਤਾਂ ਘਰ ਬੀ ਨਾ ਆਉਣ ਦਊ!”

ਅਜਿਹੀਆਂ ਗੱਲਾਂ ਨੇ ਭਾਈਏ ਨੂੰ ਉਕਸਾਇਆ ਤੇ ਹੱਲਾਸ਼ੇਰੀ ਦਿੱਤੀ। ਉਹਨੇ ਸੰਗ-ਸੰਕੋਚ ਨੂੰ ਛੰਡਦਿਆਂ ਹਿੰਮਤ ਕਰ ਕੇ ਇੱਕ ਵਾਰ ਫਿਰ ਆਖਿਆ, ‘ਸਾਹਬ, ਹੁਣ ਤਾਂ ਸਬ ਕੁਛ ਧੁਆਡੇ ਹੱਥ-ਵੱਸ ਆ। ਮਿਹਰਬਾਨੀ ਕਰ ਕੇ ਜੇ ...।”

“ਠਾਕਰ ਦਾਸ, ਤੁਹਾਡੀ ਗੱਲ ਆਪਣੇ ਥਾਂ ਠੀਕ ਹੈ ਪਰ ਲੇਬਰ ਵਾਸਤੇ ਮੈਂ ਕਿਸੇ ਨੂੰ ਨਹੀਂ ਕਹਿਣਾ ... ਠੀਕ ਹੈ! ਕਿਸੇ ਪੜ੍ਹੇ ਲਿਖੇ ਲਈ ਸਿਫ਼ਾਰਸ਼ ਕਰਨੀ ਹੋਵੇ ਤਾਂ ਹੋਰ ਗੱਲ ਹੈ ...।” ਮਾਮਾ ਜੀ ਨੇ ਆਪਣੇ ਮਨ ਦੀ ਗੱਲ ਸਾਫ਼ ਤੇ ਸਪਸ਼ਟ ਦੱਸ ਦਿੱਤੀ।

ਭਾਈਏ ਦੀ ਚਿਰੋਕਣੀ ਕੁੱਤਾ-ਝਾਕ ਇੱਕ ਪਲ ਵਿੱਚ ਮੁੱਕ ਗਈ।

ਬਲਿਹਾਰੇ ਕੇ ਉਹਨੇ ਆਸ ਦਾ ਪੱਲਾ ਨਾ ਛੱਡਿਆ ਜਿਵੇਂ ਪਿਛਲੇ ਪੰਦਰਾਂ ਸਾਲ ਦੀ ਮਿੱਲ ਵਿਚਲੀ ਮੌਸਮੀ ਮਜ਼ਦੂਰੀ ਉਹਦੀ ਪੱਕੀ ਨੌਕਰੀ ਦਾ ਹੱਕ ਬਣ ਗਈ ਹੋਵੇ। ਹੁਣ ਉਹ ਵੱਡੇ ਸਰਪੰਚ ਮਾਮਾ ਜੀ ਦੁਆਲੇ ਗੇੜੇ ਮਾਰਨ ਲੱਗ ਪਿਆ ਸੀ। ਸਿਰ ਤੋੜ ਯਤਨਾਂ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।

ਮੇਰੇ ਮਨ ਵਿੱਚ ਇਨ੍ਹਾਂ ਖ਼ਿਆਲਾਂ ਦੇ ਗੜੇ ਪੈਣੋਂ ਉਦੋਂ ਰੁਕੇ ਜਦੋਂ ਭਾਈਏ ਨੇ ਮਾਂ ਨੂੰ ਠਰ੍ਹੰਮੇ ਨਾਲ ਸਲਾਹ ਦਿੱਤੀ, “ਮੇਰੀ ਗੱਲ ਛੱਡ ਤੂੰ, ਬਿਰਜੂ ਦੇ ਮਾਮੇ ਨੂੰ ਆਪ ਇੱਕ ਬਾਰੀ ਕਹਿ ਕੇ ਦੇਖ - ਜੇ ਥੋੜ੍ਹੀ ਜਿਹੀ ਤੁਲ ਮਾਰ ਦੇਣ ਤਾਂ ਸਮਝ ਲਈਂ ਕੁਲ ਤਰ ਗਈ। ਅਸੀਂ ਤਾਂ ਆਪਣਾ ਟੈਮ ਨੰਘਾਈ ਜਾਨੇ ਆਂ ਪਰ ਇਹਦੇ ਅਲ ਦੇਖ ਕੇ ਮਨ ਨੂੰ ਡੋਬੂ ਪਈਂਦਾ - ਅਜੇ ਸਾਰੀ ਉਮਰ ਪਈ ਆ। ਭਲਕੇ ਵਿਆਹ-ਸ਼ਾਦੀ ਹੋਣੀ ਆ - ਜੱਟਾਂ ਦੇ ਸਾਕ ਪੈਲ਼ੀਆਂ ਨੂੰ ਹੁੰਦੇ ਆ ਤੇ ਸਾਡੇ ਦੇਖਦੇ ਆ ਪਈ ਮੁੰਡਾ ਕੰਮ ਕੀ ਕਰਦਾ ਆ - ਸੌ ਗੱਲਾਂ ਪੁੱਛਦੇ ਆ! ਨਾਲ਼ੇ ...।”

ਭਾਈਏ ਨੇ ਥੋੜ੍ਹਾ ਕੁ ਰੁਕ ਕੇ ਫਿਰ ਆਖਿਆ, ‘ਤੂੰ ਜਾਹ, ਕਹਿ ਕੇ ਦੇਖ, ਦਸ ਪਾਸ ਨਹੀਂ ਤਾਂ ਕੀ ਹੋਇਆ, ਫੇਲ ਤਾਂ ਹੈ ਈ!”

ਭਾਈਏ ਨੇ ਹਾਲਾਤ ਮੁਤਾਬਿਕ ਫੈਸਲਾ ਲਏ ਜਾਣ ਲਈ ਕਿਸੇ ਟੋਏ ਨੂੰ ਛੜੱਪਾ ਮਾਰ ਕੇ ਟੱਪਣ ਵਾਸਤੇ ਲੰਮੀ ਲਾਂਘ ਪੁੱਟੀ। ਮੈਂਨੂੰ ਲੱਗਿਆ ਕਿ ਬਖਸ਼ੀ ਦੇ ਭਲਕ ਦਾ ਝੋਰਾ ਉਹਨੂੰ ਅੰਦਰੋ-ਅੰਦਰ ਢੋਰਾ ਬਣ ਕੇ ਖਾਣ ਲੱਗ ਪਿਆ ਹੈ।

ਮਾਂ ਦੇ ਮੁੜ-ਮੁੜ ਕਹਿਣ ’ਤੇ ਮਾਮਾ ਜੀ ਨੇ ਬਖਸ਼ੀ ਨੂੰ ਪੁਲਿਸ ਭਰਤੀ ਲਈ ਸੱਦਿਆ। ਮਾਂ ਮੁਤਾਬਿਕ ਸਮੇਂ ਦਾ ਸਾਥ ਹੱਥਾਂ ਦੀਆਂ ਲਕੀਰਾਂ ਵਿੱਚ ਬਦਲ ਗਿਆ। ਭਾਈਆ ਮਾਂ ਨੂੰ ਉਹਦੇ ਭਰਾਵਾਂ ਦੇ ਮਿਹਣੇ ਮਾਰਦਾ, ਪੁੱਠਾ-ਸਿੱਧਾ ਬੋਲਦਾ। ਗੁੱਸੇ ਵਿੱਚ ਕਈ ਚੀਜ਼ਾਂ ਚੁੱਕ-ਚੁੱਕ ਮਾਰਦਾ। ... ਤੇ ਮਾਂ ਜਿਵੇਂ ਹਿੱਕ ’ਤੇ ਪੱਥਰ ਰੱਖ ਕੇ ਸਭ ਕੁਝ ਜ਼ਰ ਲੈਂਦੀ। ਬੱਸ ਇੰਨਾ ਹੀ ਕਹਿੰਦੀ, ‘ਭਲਾ ਮੇਰੇ ਹੱਥ-ਵੱਸ ਕੀ ਆ? ਕਹਿਣ-ਸੁਣ ਈ ਹੁੰਦਾ ...।”

ਉਨ੍ਹਾਂ ਹੀ ਦਿਨਾਂ ਵਿੱਚ ਮਾਮਾ ਜੀ ਦਾ ਸੁਨੇਹਾ ਬਖਸ਼ੀ ਲਈ ਸਉਣ-ਭਾਦੋਂ ਦੇ ਬੱਦਲ ਵਾਂਗ ਆਇਆ ਜੋ ਕਦੀ ਵਰ੍ਹ ਜਾਂਦਾ ਤੇ ਕਦੀ ਨਾਲ ਦਾ ਬੰਨਾ ਹੀ ਛੱਡ ਜਾਂਦਾ ਹੈ।

ਰੁੱਖਾਂ ਉੱਤੇ ਗੂੜ੍ਹੀ ਹਰਿਆਲੀ ਵਾਂਗ ਸਾਰੇ ਟੱਬਰ ਦੇ ਤਨ-ਮਨ ’ਤੇ ਖ਼ੁਸ਼ੀ ਲਫ਼ਾਂ ਮਾਰਨ ਲੱਗੀ ਜਿਵੇਂ ਪਿੰਡ ਕੋਲ ਦੇ ਚੋਅ ਵਿੱਚ ਹੜ੍ਹ ਬਿਨਾਂ ਬਰਸਾਤ ਹੀ ਆ ਗਿਆ ਸੀ ਤੇ ਲੋਕ ਗੱਲਾਂ ਕਰ ਰਹੇ ਸਨ - ਦੂਰ ਪਹਾੜਾਂ ਉੱਤੇ ਮੀਂਹ ਬਹੁਤ ਵਰ੍ਹਿਆ, ਤਾਂ ਹੀ ਹੜ੍ਹ ਆਇਆ - ਉੱਥੇ ਭਲਾ ਕੀ ਲੋੜ ਆ ਮੀਂਹ ਦੀ - ਉੱਥੇ ਉੱਚੇ ਥਾਵਾਂ ਉੱਤੇ ਤਾਂ ਵਰ੍ਹਦਾ ਈ ਰਹਿੰਦਾ! ਇੱਧਰ ਬਿਨਾਂ ਬਾਰਸ਼ ਤੋਂ ਈ ਲੋਕਾਂ ਦਾ ਕਿੰਨਾ ਕੁਛ ਹੜ੍ਹ ਵਿੱਚ ਹੜ੍ਹ ਗਿਆ। ਮੈਂਨੂੰ ਲੱਗਿਆ, ਭਾਈਏ ਦੇ ਪਹਿਲੇ ਗਿਲੇ-ਸ਼ਿਕਵੇ, ਤਾਹਨੇ-ਮਿਹਣੇ ਤੇ ਬੇਉਮੀਦੀ ਮਾਮਾ ਜੀ ਦੇ ਸੁਨੇਹੇ ਨਾਲ ਰੁੜ੍ਹ ਕੇ ਦੂਰ ਚਲੇ ਗਏ ਹੋਣ।

ਮਾਮਾ ਜੀ ਦੀ ਸਲਾਹ, ‘ਪੁਲਿਸ ਨਾਲੋਂ ਰੋਡਵੇਜ਼ ਦੀ ਕੰਡਕਟਰੀ ਕਿਤੇ ਚੰਗੀ ਆ। ਬਖਸ਼ੀ ਨੂੰ ਕਹੋ, ਲਾਇਸੰਸ ਬਣਾ ਲਵੇ!”

ਬਖਸ਼ੀ ਨੇ ਜਲੰਧਰ ਦੇ ਗੇੜੇ ਮਾਰ-ਮਾਰ ਕੰਡਕਟਰ-ਲਾਇਸੰਸ ਦਿਨਾਂ ਵਿੱਚ ਹੀ ਬਣਾ ਲਿਆ। ਉਹਨੇ ਪਿੰਡ ਤੋਂ ਸੌ ਕਿਲੋਮੀਟਰ ਦੂਰ ਪਠਾਨਕੋਟ ਤੋਂ ਇੱਕ ਮਹੀਨੇ ਦੀ ਮੁੱਢਲੀ ਡਾਕਟਰੀ ਸਹਾਇਤਾ ਸਿਖਲਾਈ ਲੈ ਲਈ। ਨਿੱਤ ਦੇ ਕਿਰਾਏ-ਭਾੜੇ ਦੀ ਤੰਗੀ ਦੇ ਬਾਵਜੂਦ ਉਹਦੇ ਪੈਰ ਧਰਤੀ ’ਤੇ ਨਾ ਲਗਦੇ। ਉਹਦੀਆਂ ਸੋਚਾਂ ਰਾਕਟੀ ਰਫ਼ਤਾਰ ਵਾਂਗ ਤੇਜ਼ ਦੌੜਦੀਆਂ। ਘਰ ਵਿੱਚ ਹੈਰਾਨੀ-ਭਰੀ ਖ਼ੁਸ਼ੀ ਦੀਆਂ ਗੱਲਾਂ ਹੋਣ ਲੱਗੀਆਂ ਜਿਵੇਂ ਪਿਛਲੇ ਦਿਨੀਂ ਅਮਰੀਕਾ ਦੇ ਚੰਦ ਉੱਤੇ ਜਾਣ, ਉੱਥੋਂ ਮਿੱਟੀ-ਪੱਥਰ ਤੇ ਫੋਟੋ ਖਿੱਚ ਲਿਆਉਣ ਦੀਆਂ ਖ਼ਬਰਾਂ ਬਾਰੇ ਲੋਕ ਗੱਲਾਂ ਕਰ-ਕਰ ਹੈਰਾਨ ਹੁੰਦੇ ਸਨ। ਪੜ੍ਹੇ-ਲਿਖੇ ‘ਤਕਨੀਕੀ ਜੁਗਤਾਂ’ ਦੱਸ ਕੇ ਤਰੱਕੀ ਦਾ ਕਮਾਲ ਤੇ ਹੰਢੇ-ਵਰਤੇ ਬਜ਼ੁਰਗ ‘ਅਫ਼ਵਾਹਾਂ’ ਕਹਿ ਕੇ ਇਸ ਨੂੰ ਸਹਿਜ ਹੀ ਪਲ ਵਿੱਚ ਰੱਦ ਕਰ ਦਿੰਦੇ।

“ਗੁੱਡ, ਤਈਨੂੰ ਸੱਚ ਦੱਸਾਂ! ਰਾਤ ਨੂੰ ਸੁਫ਼ਨਿਆਂ ਵਿੱਚ ਮੈਂ ਬੱਸ ਡਰੈਵਰ ਨੂੰ ਸੀਟੀਆਂ ਮਾਰਦਾ ਰਹਿੰਨਾ! ਭੋਗਪੁਰ, ਕਾਲਾ ਬੱਕਰਾ, ਕਿਸ਼ਨਗੜ੍ਹ ਤੇ ਹੋਰ ਸਾਰੇ ਅੱਡਿਆਂ ਤੋਂ ਸਵਾਰੀਆਂ ਚੱਕਦਾਂ, ਲਾਹੁੰਨਾ। ਬੜਾ ਮਜ਼ਾ ਆਉਂਦਾ ਜਦੋਂ ਡਰੈਵਰ ਮੇਰੇ ਸੀਟੀ ਮਾਰਨ ’ਤੇ ਬੱਸ ਰੋਕਦਾ ਤੇ ਚਲਾਉਂਦਾ। ਜ਼ਰਾ ਕੁ ਬਾਅਦ ਉਹ ਕਹਿਣ ਲੱਗਾ ਸੀ, ‘ਹੁਣ ਪੱਕੀ ਨੌਕਰੀ ਮਿਲ ਜਾਣੀ ਆ - ਤੂੰ ਜਿੰਨਾ ਮਰਜ਼ੀ ਪੜ੍ਹ ਲਈਂ - ਕਾਪੀਆਂ-ਕਿਤਾਬਾਂ ਦੀ ਟੋਟ ਨਹੀਂ ਆਉਣ ਦਊਂਗਾ। ਮਾਮੇ ਆਂਙੂੰ ਬੜਾ ਅਫਸਰ ਬਣ ਜਾਈਂ ...।” ਬਖਸ਼ੀ ਨੇ ਮੈਂਨੂੰ ਆਖਿਆ।

ਵੱਡੇ ਭਰਾ ਦਾ ਇਹ ਭਰੋਸਾ ਸੁਣ ਕੇ ਮੈਂਨੂੰ ਪਲ ਦੀ ਪਲ ਲੱਗਿਆ ਸੀ ਜਿਵੇਂ ਮੇਰਾ ਕੱਦ ਹੱਥ ਭਰ ਹੋਰ ਉੱਚਾ ਹੋ ਗਿਆ ਹੋਵੇ। ਮੈਂ ਮਨ ਹੀ ਮਨ ਹਵਾ ਵਿੱਚ ਉੱਡਣ ਲੱਗਾ ਤੇ ਨਾਲ ਦੇ ਮੁੰਡਿਆਂ ਕੋਲ ਕਈ ਤਰ੍ਹਾਂ ਦੀਆਂ ਫੜ੍ਹਾਂ ਮਾਰਨ ਲੱਗਾ। ਥੋੜ੍ਹੇ ਕੁ ਚਿਰ ਬਾਅਦ ਮੈਂਨੂੰ ਜਾਪਿਆ - ਮੈਂ ਛੜੱਪਾ ਮਾਰ ਕੇ ਸੋਲਾਂ ਦੀਆਂ ਸੋਲਾਂ ਜਮਾਤਾਂ ਪਾਸ ਕਰ ਲਈਆਂ ਹੋਣ ਤੇ ਮਹੀਨੇ ਦੇ ਮਹੀਨੇ ਆਪਣੀ ਤਨਖਾਹ ਦੇ ਨੋਟਾਂ ਦੀ ਦੱਥੀ ਲਿਆ ਕੇ ਆਪਣੀ ਮਾਂ ਦੀ ਤਲ਼ੀ ’ਤੇ ਧਰਨ ਲੱਗ ਪਿਆ ਹੋਵਾਂ। ਆਪਣੇ ਮਨ ਦੀ ਖ਼ੁਸ਼ੀ ਨੂੰ ਮਾਰਿਆ ਬੰਨ੍ਹ ਟੁੱਟਣ-ਟੁੱਟਣ ਕਰਦਾ।

ਪਰ ਸਾਰੇ ਟੱਬਰ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀਆਂ ਚੜ੍ਹੀਆਂ ਛੱਲਾਂ ਛੇਤੀ ਲਹਿ ਗਈਆਂ ਜਿਵੇਂ ਚੋਅ ਦਾ ਸਿਖਰ ਦੁਪਹਿਰ ਨੂੰ ਲੱਫ਼ਾਂ ਮਾਰਦਾ ਪਾਣੀ ਸੂਰਜ ਦੇ ਛਿਪਣ ਨਾਲ ਹੀ ਲਹਿ ਗਿਆ ਸੀ ਜਦੋਂ ਪੁੱਛ-ਪ੍ਰਤੀਤ ਦੇ ਜਵਾਬ ਵਿੱਚ ਇਸ ਵਾਰ ਮਾਮੀ ਜੀ ਨੇ ਦੱਸਿਆ, ‘ਬਖਸ਼ੀ ਬਾਰੇ ਕਹਿੰਦੇ ਨੇ ਕਿ ... ਨੂੰ ਮੈਂ ਕਹਿਣਾ ਨਹੀਂ, ਉਹ ਉਨ੍ਹਾਂ ਤੋਂ ਬਹੁਤ ਸੀਨੀਅਰ ਨੇ, ਤੇ ... ਨੂੰ ਇਸ ਕਰ ਕੇ ਨਹੀਂ ਕਹਿਣਾ ਕਿ ਉਹ ਉਨ੍ਹਾਂ ਤੋਂ ਬਹੁਤ ਜੂਨੀਅਰ ਹੈ ... ਕਹਿੰਦੇ ਨੇ ਫਿਰ ਵੀ ਤੁਸੀਂ ਫ਼ਿਕਰ ਨਾ ਕਰੋ ...।”

ਮੈਂਨੂੰ ਲੱਗਿਆ ਜਿਵੇਂ ਦਲਾਨ ਦੀ ਪਿਛਲੀ ਕੋਠੜੀ ਦਾ ਤੋੜਾ ਫਿਰ ਤਿੜਕ ਗਿਆ ਹੈ ਜੋ ਭਾਈਏ ਤੋਂ ਬਿਨਾਂ ਕਿਸੇ ਦੀ ਨਜ਼ਰ ਨਾ ਪਿਆ ਹੋਵੇ ਤੇ ਉਹ ਕਿਸੇ ਹੋਰ ਥੰਮ੍ਹੀ ਦੀ ਤਲਾਸ਼ ਕਰਨ ਲੱਗ ਪਿਆ ਹੋਵੇ। ਉਹਦਾ ਬੁਲੰਦ ਹੌਸਲਾ ਇਸਦੀ ਸ਼ਾਹਦੀ ਭਰਦਾ ਜਾਪਦਾ।

ਭਾਈਏ ਨੇ ਖ਼ਾਮੋਸ਼ੀ ਦਾ ਸਾਗਰ ਪਾਰ ਕਰਦਿਆਂ ਜ਼ਰਾ ਕੁ ਪਿੱਛੋਂ ਮਾਂ ਨੂੰ ਆਖਿਆ, ‘ਜੇ ਮੇਰੀ ਸੱਸ ਜਿਊਂਦੀ ਹੁੰਦੀ ਤਾਂ ਉਹ ਤੇਰੇ ਦੁੱਖੜੇ ਸੁਣਦੀ ...।”

ਇਹ ਗੱਲ ਮੇਰੇ ਕੰਨੀਂ ਪੈਣ ਦੀ ਦੇਰ ਸੀ ਕਿ ਮੇਰੀਆਂ ਅੱਖਾਂ ਮੋਹਰੇ ਇਕਦਮ ਮੇਰੀ ਅੰਨ੍ਹੀ ਨਾਨੀ ਦਾ ਲਾਖੇ ਅਖਰੋਟ ਵਰਗਾ ਝੁਰੜੀਆਂ ਭਰਿਆ ਸ਼ਾਂਤ ਚਿਹਰਾ ਆ ਗਿਆ। ਉਸ ਨੂੰ ਮੈਂ ਕਦੀ ਸੁਜਾਖੀ ਨਹੀਂ ਸੀ ਦੇਖਿਆ। ਉਹ ਵੱਡੇ ਅੱਧ-ਉਜਾਲੇ ਵਾਲੇ ਦਲਾਨ ਅੰਦਰ ਬੈਠੀ ਆਪਣੇ ਧੀਆਂ-ਪੁੱਤਾਂ, ਪੋਤਿਆਂ-ਪੋਤੀਆਂ ਤੇ ਪ੍ਰਾਹੁਣਿਆਂ ਦੀ ਉਡੀਕ ਕਰਦੀ, ਬਿੜਕਾਂ ਲੈਂਦੀ ਰਹਿੰਦੀ। ਮੈਂਨੂੰ ਉਹ ਪਲ ਚੇਤੇ ਆਏ ਤੇ ਨਾਲ ਹੀ ਮਨ ਭਰ ਆਇਆ ਜਦੋਂ (1964) ਨਾਨੀ ਮੈਂਨੂੰ ਟੋਹ-ਟੋਹ ਦੇਖਦੀ ਕਿ ਮੈਂ ਕਿੰਨਾ ਕੁ ਉੱਚਾ ਤੇ ਤਕੜਾ ਹੋ ਗਿਆ ਹਾਂ। ਉਹ ਮੇਰੇ ਸਿਰ ’ਤੇ ਮੁੜ-ਮੁੜ ਹੱਥ ਫੇਰਦੀ, ਕਲਾਵੇ ਭਰਦੀ, ਲਾਡ ਕਰਦੀ ਤੇ ਕਹਿੰਦੀ, ‘ਅਈਧਰੋਂ ਬੀ ਬੁੱਗੀ ਦੇਹ ਮੇਰਾ ਪੁੱਤ, ਦੀਦਿਆਂ ਦੀ ਜੋਤ ਹੁੰਦੀ ਤਾਂ ਆਪਣੇ ਦੋਹਤੇ ਨੂੰ ਦੇਖਦੀ - ਹੁਣ ਨੌਂ ਵਰ੍ਹਿਆਂ ਦਾ ਹੋ ਗਿਆ ਗੁੱਡ, ਹਨਾ ਸੀਬੋ? ਰੱਬ ਇਹਦੀ ਉਮਰ ਲੰਮੀ ਕਰੇ, ਸੁੱਖ ਰੱਖੇ ...।”

ਮੈਂ ਆਪਣੀਆਂ ਸੋਚਾਂ ਵਿੱਚ ਦੂਰ ਪਿਛਾਂਹ ਗਿਆ ਉਦੋਂ ਪਰਤਿਆ ਜਦੋਂ ਬਾਹਰਲੇ ਬੂਹੇ ਤੋਂ ਤਾਏ ਰਾਮੇ ਦੇ ਬੋਲ ਮੈਂਨੂੰ ਸੁਣੇ।

ਉਹਨੇ ਘਰ ਵਿੱਚ ਫੈਲੀ ਮਾਤਮ ਵਰਗੀ ਉਦਾਸੀ ਦੀ ਵਜਾਹ ਪੁੱਛੀ ਤੇ ਭਾਈਏ ਨੇ ਫਿਰ ਓਹੀ ਦਾਸਤਾਨ ਸੰਖੇਪ ਵਿੱਚ ਦੱਸੀ।

“ਹੋਰਨਾਂ ਨੂੰ ਮੱਤਾਂ ਦਿੰਨਾ ਪਈ ਆਪਣੇ ਪੈਰਾਂ ’ਤੇ ਆਪ ਖੜ੍ਹੇ ਹੋਬੋ, ਪੱਕਾ ਇਰਾਦਾ ਰੱਖੋ - ਤੇ ਆਪ ਕਿਉਂ ਹੁਣ ਡੋਲਦਾਂ?” ਤਾਏ ਨੇ ਹੁੱਕੇ ਦੀ ਨੜੀ ਪਰੇ ਕਰਨ ਪਿੱਛੋਂ ਮੁੱਛਾਂ ਉੱਤੇ ਸੱਜੇ ਹੱਥ ਦਾ ਬਣਾਇਆ ਗੁੱਠੂ ਫੇਰਦਿਆਂ ਆਖਿਆ। ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਆਇਆ ਤੇ ਕਹਿਣ ਲੱਗਾ, ‘ਇਕ ਗੱਲ ਹੋਰ ਦੱਸਾਂ, ਗੁੱਡ ਦਾ ਮਾਮਾ ਸਾਧੂ ਸੁਭਾਅ ਆ ...।”

“ਹੋਰਨਾਂ ਦੇ ਕੰਮ ਬੀ ਤਾਂ ...! ਸਾਤੋਂ ਖਬਨੀ ਦੂਰ ਈ ਹੋਣਾ ਚਾਹੁੰਦੇ ਆ - ਜਿਹੜਾ ਜ਼ਰਾ ਕੁ ਵੱਡਾ ਆਫ਼ਸਰ ਬਣ ਜਾਂਦਾ - ਉਹ ਪਿੱਛਾ ਈ ਭੁੱਲ ਜਾਂਦਾ ...।’

ਭਾਈਏ ਨੂੰ ਵਿੱਚੋਂ ਟੋਕਦਿਆਂ ਉਹਨੇ ਆਖਿਆ, ‘ਤੂੰ ਐਮੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰ ...। ਲੋਕੀਂ ਬਥੇਰਾ ਕੁਛ ਕਈਂਦੇ ਆ ਪਈ ਬੜੇ ਅਫਸਰਾਂ ਦੀ ਇੱਕ ਅਲੱਗ ਜਮਾਤ ਬਣ ਗਈ ਆ ਤੇ ਉਹ ਗੂੜ੍ਹੀ ਸਕੀਰੀ ਨੂੰ ਛੱਡ ਤੁਰੇ ਆ। ਗੁੱਡ ਦਾ ਮਾਮਾ ਤਾਂ ਅਜੇ ਫੇ ਆਉਂਦਾ-ਜਾਂਦਾ।”

ਭਾਈਏ ਦਾ ਮੂੰਹ ਹੋਰ ਨਿੱਕਾ ਜਿਹਾ ਹੋ ਗਿਆ। ਉਹਦੇ ਮੱਥੇ ਉੱਤੇ ਤਿਊੜੀਆਂ ਉੱਭਰ ਆਈਆਂ। ਉਹਨੇ ਜ਼ਰਾ ਕੁ ਸੋਚਣ ਪਿੱਛੋਂ ਆਖਿਆ, ‘ਮੈਂ ਸੋਚਦਾ ਸੀ ਸੀਬੋ ...।”

ਮੈਂਨੂੰ ਅੰਦਰੋ-ਅੰਦਰ ਮਹਿਸੂਸ ਹੋਇਆ ਕਿ ਭਾਈਏ ਨੂੰ ਉਹ ਵਕਤ ਨਹੀਂ ਭੁੱਲ ਰਿਹਾ ਜਦੋਂ ਮਾਂ ਜੱਟਾਂ ਦੇ ਸੁਰਜਨ ਸੁੰਹ ਹੁਰਾਂ ਦੀ ਹਵੇਲੀ ਪਸ਼ੂਆਂ ਦਾ ਗੋਹਾ-ਕੂੜਾ ਚੁੱਕਦੀ ਹੁੰਦੀ ਸੀ। ਮਾਂ ਨਾਲ ਕਦੀ ਵੱਡਾ ਭਰਾ ਤੇ ਕਦੀ ਮੈਂ ਜਾਂਦਾ। ਸਿਆਲਾਂ ਨੂੰ ਉਹ ਜਦੋਂ ਹੱਥਾਂ ਦਾ ਬੁੱਕ ਬਣਾ ਕੇ ਪਸ਼ੂਆਂ ਦੀ ਮੋਕ ਜਾਂ ਮੁਤਰਾਲ ਚੁੱਕਦੀ ਤਾਂ ਮੈਂਨੂੰ ਕਾਣਤ ਆਉਂਦੀ। ਸਾਹ ਰੁਕਣ-ਰੁਕਣ ਕਰਦਾ। ਮੇਰਾ ਜੀਅ ਕਰਦਾ ਕਿ ਦੌੜ ਕੇ ਕਿਸੇ ਖੁੱਲ੍ਹੇ ਥਾਂ ਵਿੱਚ ਚਲਾ ਜਾਵਾਂ। ਵਿੱਚ-ਵਿਚਾਲੇ ਸੋਚ ਆਉਂਦੀ ਕਿ ਮੈਂ ਮਾਂ ਦੀ ਕੋਈ ਖ਼ਾਸ ਮਦਦ ਨਹੀਂ ਕਰ ਰਿਹਾ ਤੇ ਉਹਦੇ ਨਾਲ ਆਉਂਦਾ ਕੀ ਕਰਨ ਹਾਂ? ਫਿਰ ਮੈਂਨੂੰ ਲਗਦਾ ਜਿਵੇਂ ਮੈਂ ਉਹਦਾ ਆਸਰਾ ਹੋਵਾਂ ਜਾਂ ਉਹਦਾ ਪਹਿਰੇਦਾਰ।

“ਦੱਸ, ਕੀ ਸੋਚਦਾ ਸੀ?” ਤਾਏ ਨੇ ਦੋ-ਟੁੱਕ ਪੁੱਛਿਆ।

“ਇਹੀ ਪਈ ਬਿਰਜੂ ਦਾ ਕਿਤੇ ਕੰਮ ਬਣ ਜਾਂਦਾ ਤਾਂ ਚਾਰ ਦਿਨ ਅਸੀਂ ...।” ਭਾਈਏ ਤੋਂ ਅੱਗੇ ਬੋਲਿਆ ਨਾ ਗਿਆ ਜਿਵੇਂ ਭਵਿੱਖ ਨੇ ਉਹਦੀ ਜੀਭ ਪਲਟ ਦਿੱਤੀ ਹੋਵੇ ਜਾਂ ਧੂਹ ਲਈ ਹੋਵੇ।

ਫਿਰ ਇੱਕਦਮ ਭਾਈਆ ਕੋਠੜੀ ਦੇ ਇੱਕ ਖੂੰਜੇ ਪਈ ਮਾਂ ਦੀ ਦਾਜ ਵਾਲੀ ਪੇਟੀ ਵਿੱਚ ਸੰਭਾਲ ਕੇ ਰੱਖੀਆਂ ਚਿੱਠੀਆਂ (ਪੋਸਟਕਾਰਡ) ਕੱਢ ਲਿਆਇਆ। ਦੂਜੇ ਹੱਥ ਕਹੇਂ ਦੀ ਫੜੀ ਥਾਲ਼ੀ ਨੂੰ ਜ਼ਮੀਨ ਉੱਤੇ ਰੱਖ ਕੇ ਤੇ ਉਹਦੇ ਅੰਦਰ ਚਿੱਠੀਆਂ ਟਿਕਾ ਦੇ ਖੀਸੇ ਵਿੱਚੋਂ ਤੀਲਾਂ ਦੀ ਡੱਬੀ ਕੱਢੀ। ਅੱਗ ਲਾਉਂਦਿਆਂ ਕਹਿਣ ਲੱਗਾ, ‘ਲੂਹ ਕੇ ਇਨ੍ਹਾਂ ਦਾ ਤੇਲ ਇਸ ਹੱਥ ’ਤੇ ਲਾਊਂਗਾ - ਕਈਂਦੇ ਦਾਦ-ਖੁਜਲੀ ਹਮੇਸ਼ਾ ਲਈ ਹਟ ਜਾਂਦੀ ਆ।”

ਜ਼ਰਾ ਕੁ ਰੁਕ ਕੇ ਆਖਣ ਲੱਗਾ, ‘ਗੱਲਾਂ ਤਾਂ ਮੁੱਕਣੀਆਂ ਨਹੀਂ, ਮੈਂ ਸੋਚਿਆ ਅੱਜ ਇਹੀ ਕੰਮ ਮੁਕਾ ਲਮਾਂ।”

ਭਾਈਏ ਦੀਆਂ ਗੱਲਾਂ ਦਾ ਕਿਸੇ ਨੇ ਬਹੁਤਾ ਹੁੰਗਾਰਾ ਨਾ ਭਰਿਆ।

“ਗੁੱਡ ਦਾ ਮਾਮਾ ਅਸੂਲਾਂ ਦਾ ਬੰਦਾ! ਨਾਲ਼ੇ ਉਹ ਸਰਕਾਰ ਦਾ ਲੂਣ ਖਾਂਦਾ ...! ਤਾਹੀਓਂ ਕਈਂਦਾ - ਪੜ੍ਹਦੇ ਹੈ ਨਹੀਂ, ਨੌਕਰੀਆਂ ਕਿੱਥੋਂ ਮਿਲ ਜਾਣ! ਉਹ ਗਲਤ ਨਹੀਂ ਕਈਂਦਾ ਪਈ ਚੰਗੇ ਨੰਬਰ ਲੈ ਕੇ ਆਪੇ ਅੱਗੇ ਆਬੋ! ਨਾਲ਼ੇ ਸਾਨੂੰ ਤਾਂ ਇਹੋ ਭਾ ਬਥੇਰਾ ਪਈ ਉਹ ਗੁੱਡ ਹੁਣਾਂ ਦਾ ਮਾਮਾ!” ਤਾਏ ਨੇ ਪੂਰੇ ਭਰੋਸੇ ਨਾਲ ਆਖਿਆ।

ਭਾਈਏ ਨੂੰ ਜਿਵੇਂ ਤਾਏ ਦਾ ਕਿਹਾ ਸੁਣਿਆ ਹੀ ਨਾ ਹੋਵੇ। “ਮੌਸਮਾਂ ਦੇ ਹੇਰ-ਫੇਰ ਆਂਙੂੰ ਇਨ੍ਹਾਂ ਨੇ ਰਾਤ ਨੂੰ ਫੇ ਸਤਾਉਣਾ।” ਕਹਿ ਕੇ ਉਹ ਫੁਰਤੀ ਨਾਲ ਉੱਠਿਆ ਤੇ ਵਾਗਲੇ ਦੀ ਕੰਧ ਸਹਾਰੇ ਖੜ੍ਹੇ ਮੰਜੇ ਨੂੰ ਡਾਹ ਕੇ ਦੂਹੋ-ਦੂਹ ਡਾਂਗਾਂ ਵਰ੍ਹਾਉਣ ਲੱਗ ਪਿਆ। ਉਹਦੇ ਵਿੱਚੋਂ ਝੜਦੇ ਮਾਂਗਣੂਆਂ-ਖਟਮਲਾਂ ਨੂੰ ਪੈਰ ਦੀ ਜੁੱਤੀ ਨਾਲ ਘਸਾ-ਘਸਾ ਮਾਰਨ ਲੱਗ ਪਿਆ। ਮੈਂ ਵੀ ਦੱਸਣ ਲੱਗ ਪਿਆ, ‘ਇਕ ਔਹ ਜਾਂਦਾ - ਇੱਕ ਆਹ ਜਾਂਦਾ।”

ਮੰਜੇ ਦੀ ਪੈਂਦ ’ਤੇ, ਕਦੀ ਸਿਰਾਹਣੇ ਡਾਂਗਾਂ ਮਾਰਦੇ ਭਾਈਏ ਦੇ ਮੱਥੇ ਤੋਂ ਪਸੀਨਾ ਚੋਣ ਲੱਗ ਪਿਆ। ਅਖੀਰ ਉਹ ਹੰਭ ਗਿਆ। ਉਹਨੇ ਡਾਂਗ ਖੱਬੇ ਹੱਥ ਫੜ ਕੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਪਸੀਨਾ ਪੂੰਝਿਆ ਤੇ ਬਾਹਰ ਬੋਹੜ-ਪਿੱਪਲ ਦੀ ਗੂੜ੍ਹੀ ਛਾਂ ਹੇਠ ਬੈਠੀ ਮੇਰੀ ਦਾਦੀ ਕੋਲ ਜਾਂਦਿਆਂ ਕਹਿਣ ਲੱਗਾ, ‘ਇਹ ਬਰਸਾਤ ਕਹਿਣ ਨੂੰ ਆ - ਔੜ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਰਹਿਣੀ ਆ!”

ਮੈਂ ਭਾਈਏ ਦੀਆਂ ਗੱਲਾਂ ਨੂੰ ਵਿਚਾਰਦਾ ਉਹਦੇ ਮਗਰ-ਮਗਰ ਤੁਰ ਪਿਆ।

ਛਾਂਗਿਆ ਰੁੱਖ: (ਕਾਂਡ ਤੇਰ੍ਹਵਾਂ)

“ਤੇਰੀ ਆ ਜਾਏ ਢਾਈਆਂ ਘੜੀਆਂ ਵਿੱਚ ਸੁਣਾਉਣੀ, ਖੜ੍ਹਾ ਹੋ ਜਰਾ, ਆ ਲੈਣ ਦੇ ਤੇਰੇ ਜਣਦੇ ਨੂੰ, ਦੇਖੀਂ ਦਰੁੱਬੜੀ ਚੜ੍ਹਦੀ, ਤੈਨੂੰ ਕੱਚੇ ਨੂੰ ਲੂਣ ਲਾ ਕੇ ਖਾਮਾਂ ...!” ਹੱਥ ਵਿੱਚ ਜੁੱਤੀ ਫੜੀ ਮੇਰੇ ਪਿੱਛੇ ਦੌੜਦੀ ਮੇਰੀ ਦਾਦੀ ਅਕਸਰ ਇਹੋ ਜਿਹੀ ਸਲੋਕ-ਬਾਣੀ ਪੜ੍ਹਦੀ ਤੇ ਵਿੱਚ-ਵਿਚਾਲੇ ਰਹਾਓ ਦਾ ਘੱਟ ਹੀ ਇਸਤੇਮਾਲ ਕਰਦੀ।

ਗਲ਼ੀ-ਮੁਹੱਲੇ ਦੇ ਲੋਕ ਅਜਿਹੀ ਨਿੱਤ ਵਾਪਰਦੀ ਘਟਨਾ ਨੂੰ ਤੱਕਣ ਲਈ ਪਲਾਂ ਵਿੱਚ ਆ ਜੁੜਦੇ। ਜੱਟਾਂ ਦਾ ਬਹੁਤਾ ਲਾਂਘਾ ਸਾਡੇ ਘਰ ਮੋਹਰਿਓਂ ਦੀ ਸੀ ਤੇ ਹੈ।

“ਚੱਲ ਛੱਡ ਬੁੜ੍ਹੀਏ, ਮੁੰਡਾ ਬਸਮਝ ਆ।” ਇਹ ਗੱਲ ਕੋਈ ਜਣਾ ਝਕਦਾ ਝਕਦਾ ਹੀ ਆਖਦਾ ਕਿ ਕਿਤੇ ਉਹਦੀ ਸ਼ਾਮਤ ਨਾ ਆ ਜਾਵੇ।

ਉਹ ਅੱਗੋਂ ਹੋਰ ਭੜਕ ਕੇ ਦੱਸਦੀ, “ਲੋਕਾਂ ਦੇ ਨਿਆਣੇ ਸਕੂਲੋਂ ਦੋ-ਦੋ ਗਲਾਸ ਦੁੱਧ ਦੇ ਲੈ ਆਏ ਤੇ ਇਹ ਟੁੱਟ ਪੈਣਾ, ਜਿਹੜਾ ਸਿਗਾ, ਉਹ ਵੀ ਡੋਲ੍ਹ ਆਇਆ। ਆਵੇ ਸਹੀ, ਇਹਦੀਆਂ ਬੋਟੀਆਂ ਨਾ ਕਰ-ਕਰ ਖਾਧੀਆਂ ਤਾਂ ... ਨਾਲੇ ਰੰਬੇ ਤੇ ਮੁੰਡੇ ਨੂੰ ਜਿੰਨਾ ਚੰਡੀਏ, ਉੰਨਾ ਹੀ ਥੋੜ੍ਹਾ।” ਉਹ ਆਪਣਾ ਪਾਠ ਜਾਰੀ ਰੱਖਦੀ ਹੋਈ ਪਿਛਾਂਹ ਘਰ ਨੂੰ ਮੁੜ ਪੈਂਦੀ।

ਉਨ੍ਹਾਂ ਦਿਨਾਂ ਵਿੱਚ ਸੁੱਕੇ ਦੁੱਧ ਦੇ ਡੱਬੇ ਸਕੂਲ ਵਿੱਚ ਆਉਂਦੇ ਸਨ ਅਤੇ ਉਨ੍ਹਾਂ ਨੂੰ ਸਕੂਲ ਦੇ ਵਿਹੜੇ ਵਿੱਚ ਹੀ ਕੜਾਹੇ, ਵਲਟੋਹੇ ਜਾਂ ਦੇਗ਼ ਵਿੱਚ ਪਾਣੀ ਪਾ ਕੇ ਉਬਾਲਿਆ ਜਾਂਦਾ ਸੀ। ਫਿਰ ਨਿੱਕੇ ਵਿਦਿਆਰਥੀਆਂ ਨੂੰ ਪੀਣ ਲਈ ਦਿੱਤਾ ਜਾਂਦਾ ਸੀ। ਗਰੀਬ ਨਿਆਣੇ ਇਹ ਦੁੱਧ ਘਰਾਂ ਨੂੰ ਚਾਹ ਲਈ ਲੈ ਜਾਂਦੇ ਸਨ।

ਮੈਂ ਥੋੜ੍ਹੇ ਜਿਹੇ ਚਿਰ ਪਿੱਛੋਂ ਇੱਧਰ-ਉੱਧਰ ਗੇੜੀ ਦੇ ਕੇ ਫਿਰ ਆ ਜਾਂਦਾ ਪਰ ਦਾਦੀ ਦਾ ਪਾਰਾ ਸਹਿਜੇ ਕੀਤੇ ਹੇਠਾਂ ਨਾ ਆਉਂਦਾ। ਇੱਕ ਵਾਰ ਕਿਸੇ ਗੱਲੋਂ ਖ਼ਫ਼ਾ ਹੋ ਕੇ ਉਸ ਨੇ ਪਿੱਤਲ ਦਾ ਗਲਾਸ ਵਗਾਹ ਕੇ ਮਾਰਿਆ ਜੋ ਮੇਰੇ ਨੇਫੇ ਦੇ ਉੱਤੇ ਮੇਰੇ ਨੰਗੇ ਢਿੱਡ ਉੱਤੇ ਲੱਗਾ। ਨਾਲ ਹੀ ਗੋਲਾਕਾਰ ਵਿੱਚ ਗਲਾਸ ਦੇ ਕੰਢੇ ਛਪ ਗਏ ਜਿਸਦੇ ਨਿਸ਼ਾਨ ਕਈ ਸਾਲਾਂ ਤਕ ਪਏ ਰਹੇ।

ਦਾਦੀ ਆਪਣੀ ਕਮੀਜ਼ ਦੇ ਖੀਸੇ ਵਿੱਚ ਗੁੜ ਰੱਖਦੀ। ਮੈਂ ਕੋਲ ਬੈਠਾ ਮਲਕ ਦੇਣੀ ਗੁੜ ਦੀ ਪੇਸੀ ਕੱਢਦਾ ਤੇ ਫਿਰ ਬਾਹਰ ਨੂੰ ਖਿਸਕ ਕੇ ਗੱਚੀਆਂ ਵੱਢ-ਵੱਢ ਖਾਂਦਾ।

ਜਦੋਂ ਦਾਦੀ ਸੁਰਾਂ ਵਿੱਚ ਹੁੰਦੀ ਤਾਂ ਸਾਡੇ ਨਾਲ ਮੋਹ ਭਰੀਆਂ ਗੱਲਾਂ ਕਰਦੀ। ਮੈਂ ਲਾਡ ਨਾਲ ਉਹਦੇ ਮਾਸ ਲਮਕਦੇ ਮੋਟੇ ਡੌਲਿਆਂ ਨੂੰ ਵਾਰੀ-ਵਾਰੀ ਫੜਦਾ ਜੋ ਮੇਰੇ ਨਿੱਕੇ ਹੱਥਾਂ ਵਿੱਚ ਨਾ ਆਉਂਦੇ। ਮੈਂ ਆਪਣੇ ਮਾੜਕੂ ਜਿਹੇ ਸਰੀਰ ਵੱਲ ਦੇਖਦਾ ਤੇ ਕਹਿੰਦਾ, “ਮਾਂ ਥੋੜ੍ਹਾ ਜਿਹਾ ਮਾਸ ਮੈਂਨੂੰ ਵੀ ਦੇ ਦੇ।”

“ਨਿੱਜ ਹੋਣਿਆਂ ਖਾਇਆ-ਪੀਆ ਕਰ, ਹੋਰ ਉੱਦਾਂ-ਕਿੱਦਾਂ ਲੇਅ ਚੜ੍ਹ ਜਾਣ।” ਉਹ ਖ਼ੁਸ਼ੀ ਨਾਲ ਉੱਲਰ ਕੇ ਮੱਤ ਦਿੰਦੀ। ਇੰਨੇ ਨੂੰ ਸਾਡੇ ਘਰ ਦੀ ਪਿਛਾੜੀ ਰਹਿੰਦੇ ਤਰਖਾਣਾਂ ਦੀ ਕੋਈ ਵਹੁਟੀ ਆ ਜਾਂਦੀ।

“ਮਾਈ ਘਰ ਨੂੰ ਆਈਂ ਜ਼ਰਾ।” ਅਸੀਂ ਸਮਝ ਜਾਂਦੇ ਕਿ ਕੰਮ ਕੀ ਹੈ!

ਕਦੀ-ਕਦੀ ਉਹ ਮੈਂਨੂੰ ਆਪਣੇ ਨਾਲ ਲੈ ਜਾਂਦੀ ਤੇ ਮੈਂ ਕੁਕੜੀ ਦੀਆਂ ਦੋਹਾਂ ਲੱਤਾਂ ਨੂੰ ਫੜ ਕੇ, ਪੁੱਠੀ ਲਮਕਾ ਕੇ ਲੈ ਆਉਂਦਾ। ਮਿਸਤਰੀਆਂ ਨੇ ਆਂਡੇ ਵੇਚਣ ਲਈ ਕੁਕੜੀਆਂ ਰੱਖੀਆਂ ਹੋਈਆਂ ਸਨ। ਜਦੋਂ ਕੋਈ ਕੁਕੜੀ ਬੀਮਾਰ ਹੁੰਦੀ ਜਾਂ ਮਰ ਜਾਂਦੀ, ਉਹ ਸਾਨੂੰ ਬੁਲਾ ਕੇ ਚੁੱਕਾ ਦਿੰਦੇ।

ਇੱਕ ਦਿਨ ਦਾਦੀ ਨੇ ਮੈਂਨੂੰ ਕੁਕੜੀ ਵੱਢਣ ਲਈ ਆਖਿਆ। ਭਾਈਆ ਘਾਹ-ਪੱਠੇ ਲਈ ਅਜੇ ਘਰੋਂ ਨਿੱਕਲਿਆ ਹੀ ਸੀ। ਮੈਂ ਆਗਿਆਕਾਰੀ ਪੁੱਤਰ ਵਾਂਗ ਗੰਨੇ ਛਿੱਲਣ ਵਾਲੀ ਦਾਤੀ ਚੁੱਕੀ ਤੇ ਵਿਹੜੇ ਵਿੱਚ ਖੁਰਲੀ ਵਾਲੀ ਕੰਧ ਨਾਲ ਖੜ੍ਹੇ ਮੰਜੇ ਦੇ ਪਾਵੇ ਉੱਤੇ ਰੱਖ ਕੇ ਵੱਢਣ ਲੱਗਾ। ਕੁਕੜੀ ਦੀ ਧੜ ਮੇਰੇ ਖੱਬੇ ਹੱਥ ਵਿੱਚ ਸੀ। ਮੈਂ ਦੋ ਤਿੰਨ ਵਾਰ ਦਾਤੀ ਮਾਰੀ ਪਰ ਉਹਦੀ ਧੌਣ ਅਲੱਗ ਨਾ ਹੋਈ। ਥੋੜ੍ਹੀ ਵਿੱਥ ਉੱਤੇ ਬੈਠੀ ਦਾਦੀ ਅਬਾ-ਤਬਾ ਬੋਲਣ ਲੱਗੀ, “ਫੁੜਕੀ ਪੈਣਿਆਂ, ਬੁੱਢ-ਵਲੇਦ ਹੋ ਗਿਆਂ ਤੈਨੂੰ ਅਜੇ ...।”

ਬੱਸ ਫਿਰ ਕੀ ਸੀ, ਉਹਦੇ ਇੱਕ ਇਸ਼ਾਰੇ ਨਾਲ ਮੈਂ ਖੱਬੇ ਹੱਥ ਵਿੱਚ ਕੁਕੜੀ ਦੀ ਧੌਣ ਫੜੀ ਤੇ ਸੱਜੇ ਪੈਰ ਹੇਠ ਧੜ ਦੱਬ ਲਈ। ਇੱਕੋ ਵਾਰੀ ਦਾਤੀ ਮਾਰੀ ਤੇ ਕੁਕੜੀ ਦਾ ਗਾਟਾ ਲਹਿ ਗਿਆ।

ਲੌਢੇ ਵੇਲੇ ਦੀ ਇਸ ਹਰਕਤ ਨਾਲ ਮੇਰਾ ਮਨ ਮਸੋਸਿਆ ਗਿਆ। ਕਾਫੀ ਗਈ ਰਾਤ ਤਕ ਮੈਂਨੂੰ ਨੀਂਦ ਨਾ ਆਈ। ਅੱਖਾਂ ਸਾਹਮਣੇ ਉਹਦੀ ਧੌਣ, ਧੜ ਤੇ ਉਹਦੇ ਫੜਕਣ ਦਾ ਦ੍ਰਿਸ਼ ਘੁੰਮਦਾ ਰਿਹਾ। ਮੈਂ ਡਰਦਾ ਮਨ ਹੀ ਮਨ ਰੱਬ ਨੂੰ ਧਿਆਉਣ ਲੱਗ ਪਿਆ। ਵੱਡਾ ਭਰਾ ਮੇਰੇ ਨਾਲ ਪਿਆ ਘੂਕ ਸੁੱਤਾ ਹੋਇਆ ਸੀ। ਪਤਾ ਨਹੀਂ ਮੈਂਨੂੰ ਫਿਰ ਕਦੋਂ ਨੀਂਦ ਆਈ।

ਦਾਦੀ ਕਿਸੇ ਵਿਗੋਚੇ ਜਿਹੇ ਨਾਲ ਅਚਾਨਕ ਗੱਲ ਤੋਰਦੀ, “ਟੁੱਟ ਪੈਣਾ ਹਿੰਦੁਸਤਾਨ-ਪਾਕਸਤਾਨ ਕੀ ਬਣਿਆ-ਖਾਣ-ਪੀਣ ਦੀਆਂ ਉਹ ਗੱਲਾਂ ਈ ਨਹੀਂ ਰਹੀਆਂ। ਰਾਸਗੂੰਆਂ (ਰਾਸਤਗੋ) ਦੇ ਮੁਸਲਮਾਨ ਸਿਰ ’ਤੇ ਗੋਸ਼ਤ ਦੇ ਭਰੇ ਟੋਕਰੇ ਵੇਚਣ ਲਈ ਲਿਆਉਂਦੇ ਸੀ, ਜਿੱਦਾਂ ਸ਼ਹਿਰਾਂ ਵਿੱਚ ਕੇਲੇ-ਸੇਬ ਵੇਚਦੇ ਆ। ਰੱਜ ਰੱਜ ਕੇ ਖਾਈਦਾ ਸੀ।”

“ਧੁਆਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ ਜਦੋਂ ਨਉਕਰਾਂ (ਨੌਕਰਾਂ) ਦਾ ਵੈੜ੍ਹਾ ਬਮਾਰ ਹੋ ਕੇ ਚਾਣਚੱਕ ਮਰਿਆ ਸੀ, ਬੜਾ ਮੋਟਾ-ਤਕੜਾ ਸੀ। ਸਾਰੇ ਘਰਾਂ ਨੇ ਉਹਦਾ ਗੋਸ਼ਤ ਤੱਕੜੀ ਨਾਲ ਵੰਡਿਆ ਸੀ। ਟੁੱਟ ਪੈਣੇ ... ਨੇ ਅਖ਼ੀਰ ਵਿੱਚ ਭੜਥੂ ਪਾ ’ਤਾ ਪਈ ਸਾਨੂੰ ਪਿਛਲੇ ਪੁੜਿਆਂ ਦਾ ਗੋਸ਼ਤ ਕਿਉਂ ਨਹੀਂ ਦਿੱਤਾ।” ਉਹ ਇਉਂ ਦੀਆਂ ਯਾਦਾਂ ਤਾਜ਼ਾ ਕਰਦੀ ਜੋ ਮੇਰੇ ਚੇਤਿਆਂ ਵਿੱਚ ਡੂੰਘੀਆਂ ਲਹਿੰਦੀਆਂ ਜਾਂਦੀਆਂ।

“ਪਹਿਲਾਂ ਖਾਣ ਨੂੰ ਅੰਨ ਕਿੱਥੇ ਮਿਲਦਾ ਸੀ! ਜੀਮੀਂਦਾਰਾਂ ਦੇ ਬਾਜਰਾ ਡੁੰਗਣ ਜਾਈਦਾ ਸੀ। ਛਿੱਟੇ ਸੁਕਾਉਣੇ, ਕੁੱਟਣੇ, ਛੜਨੇ, ਪੀਹਣੇ ਫੇ ਕਿਤੇ ਜਾ ਕੇ ਰੋਟੀ ਖਾਣੀ। ਗੋਸ਼ਤ ਦੇ ਸ਼ੋਰੇ ਨਾਲ ਬੜਾ ਸੁਹਣਾ ਬੁੱਤਾ ਸਰ ਜਾਂਦਾ ਸੀ। ਸਿਆਲ ਨੂੰ ਬਥੇਰੇ ਪਸ਼ੂ ਮਰਦੇ ਸੀ। ਗੋਸ਼ਤ ਸੁਕਾ ਕੇ ਰੱਖ ਲਈਦਾ ਸੀ। ਹੱਡ ਸੁਕਾ ਕੇ ਔਹ ਕੋਠੀ ਉੱਤੇ ਜਾਂ ਫੇ ਛੱਤ ਦੀਆਂ ਕੜੀਆਂ ਨਾਲ ਟੰਗ ਦਈਦੇ ਸੀ।” ਦਾਦੀ ਆਪਣੀ ਜ਼ਿੰਦਗੀ ਦਾ ਜਿਵੇਂ ਇੱਕ ਹੋਰ ਅਧਿਆਇ ਸ਼ੁਰੂ ਕਰ ਲੈਂਦੀ ਜਿਸ ਨੂੰ ਕਦੀ ਉਹ ਚਾਅ ਨਾਲ ਤੇ ਕਦੀ ਮਸੋਸੇ ਮਨ ਨਾਲ ਲਗਾਤਾਰ ਸੁਣਾਉਂਦੀ।

ਮੈਂ ਹੁਣ ਥੋੜ੍ਹਾ ਵੱਡਾ ਹੋ ਗਿਆ ਸੀ। ਅਸੀਂ ਫਾਕੇ ਭਾਵੇਂ ਬਥੇਰੇ ਕੱਟੇ ਪਰ ਮੇਰੀ ਸੁਰਤ ਵਿੱਚ ਮਰੇ ਪਸ਼ੂਆਂ ਦਾ ਮਾਸ ਕਦੇ ਘਰ ਨਹੀਂ ਲਿਆਂਦਾ ਗਿਆ ਸੀ। ਸੋ, ਇਸੇ ਕਰ ਕੇ ਦਾਦੀ ਦੀਆਂ ਇਨ੍ਹਾਂ ਗੱਲਾਂ ਵਿੱਚ ਮੇਰੀ ਦਿਲਚਸਪੀ ਹੋਰ ਵਧਣ ਲੱਗ ਪਈ ਸੀ।

“ਹਮਲਿਆਂ ਤੋਂ ਥੋੜ੍ਹਾ ਚਿਰ ਪਹਿਲਾਂ ਸਾਰੀ ਚਮਾਰ੍ਹਲੀ ਦੇ ਘਰੀਂ ਪਸ਼ੂਆਂ ਦੀ ਚਰਬੀ ਦੇ ਪੀਪੇ ਭਰੇ ਰਹਿੰਦੇ ਸੀ। ਸਾਰੇ ਇਹਨੂੰ ਘੇ ਮਾਂਗੂ ਵਰਤਦੇ ਸੀ - ਤੁੜਕਾ ਲਾਉਂਦੇ ਸੀ - ਰੋਟੀਆਂ ਚੋਪੜਦੇ ਸੀ।” ਦਾਦੀ ਦੱਸਦੀ। ਮੇਰੀ ਹੈਰਾਨੀ ਦੇ ਹੱਦਾਂ-ਬੰਨੇ ਰੁੜ੍ਹ ਜਾਂਦੇ। ਮੈਂ ਮਾਹੌਲ ਨੂੰ ਢੁੱਕਵਾਂ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਕਿ ਦਾਦੀ ਨੂੰ ਕਿਸੇ ਤਰ੍ਹਾਂ ਗੁੱਸਾ ਨਾ ਆਵੇ।

“ਓਦੋਂ ਸਰ੍ਹੋਂ ਜਾਂ ਮਿੱਟੀ ਦੇ ਤੇਲ ਦੇ ਦੀਵੇ ਕੌਣ ਬਾਲਦਾ ਸੀ - ਸਾਡੇ ਘਰੀਂ ਚਰਬੀ ਦੇ ਦੀਵੇ ਬਲਦੇ ਸੀ।” ਕੋਲ ਬੈਠਾ ਗਵਾਂਢੀ ਖ਼ੁਸ਼ੀਆ ਦਾਦੀ ਦੇ ਹਲਫ਼ੀਆ ਬਿਆਨ ਦੀ ਪੁਸ਼ਟੀ ਕਰਦਾ ਤੇ ਵੇਰਵੇ ਸਹਿਤ ਇੱਕ-ਇੱਕ ਗੱਲ ਬਰੀਕੀ ਨਾਲ ਦੱਸਣ ਦਾ ਯਤਨ ਕਰਦਾ ਹੋਇਆ ਕਹਿੰਦਾ, “ਤੂੰ ਆਪਣੇ ਭਾਈਏ ਨੂੰ ਪੁੱਛ ਲਾ, ਆਹ, ਛੱਜੂ, ਢੇਰੂ, ਮਾਘੀ, ਸ਼ੀਹਾਂ-ਮੀਹਾਂ, ਪਖੀਰ ਹੁਣੀਂ ਸਾਰੇ ਮਾਸ ਖਾਂਦੇ ਸੀ।”

“ਖੁਸ਼ੀਏ-ਬੰਤੇ ਹੁਰੀਂ ਤਾਂ ਹੁਣ ਵੀ ਪਸ਼ੂਆਂ ਦੇ ਪੁੜਿਆਂ ਦਾ ਮਾਸ ਖੱਲ ਲਾਹੁਣ ਵੇਲੇ ਲੈ ਆਉਂਦੇ ਆ - ਸਾਨੂੰ ਕਹਿ ਦਿੰਦੇ ਆ, ਭੋਗਪੁਰੋਂ ਬੱਕਰੇ ਦਾ ਗੋਸ਼ਤ ਲਿਆਂਦਾ।” ਭਾਈਏ ਨੇ ਖੁਸ਼ੀਏ ਦੇ ਜਾਣ ਮਗਰੋਂ ਦੱਸਿਆ।

ਬੀਮਾਰ ਹੋ ਕੇ ਮਰੇ ਪਸ਼ੂਆਂ ਦਾ ਮਾਸ ਖਾਣ ਦੀਆਂ ਘਟਨਾਵਾਂ ਸੁਣ ਕੇ ਦਿਲ ਨੂੰ ਡੋਬੂ ਜਿਹਾ ਪੈਂਦਾ। ਜੰਗਲੀ ਜਾਨਵਰਾਂ ਤੇ ਹੋਰ ਪਸ਼ੂਆਂ ਦਾ ਸ਼ਿਕਾਰ ਕਰ ਕੇ ਤਾਂ ਰਾਜੇ-ਮਹਾਰਾਜੇ ਮਾਸ ਖਾਂਦੇ ਰਹੇ ਹਨ। ਆਦਿ ਮਨੁੱਖ ਦਾ ਜੀਵਨ ਹੀ ਜੰਗਲ ਤੇ ਜੰਗਲੀ ਜੀਵਾਂ ਉੱਤੇ ਨਿਰਭਰ ਰਿਹਾ ਹੈ। ਸਭਿਅਤਾ ਦੇ ਵਿਕਾਸ ਦੀਆਂ ਸਿਖਰਾਂ ਉੱਤੇ ਪਹੁੰਚ ਕੇ ਵੀ ਸਾਡੇ ਇਹ ਲੋਕ ਇਨ੍ਹਾਂ ਹਾਲਾਤ ਵਿੱਚ ਰਹਿਣ ਲਈ ਮਜਬੂਰ ਹਨ। ਮੈਂਨੂੰ ਆਪਣੇ ਦੇਸ਼ ਦੀ ਆਜ਼ਾਦੀ, ਸਭਿਅਤਾ ਤੇ ਸੰਸਕ੍ਰਿਤੀ ਸ਼ਬਦਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਮਹਿਸੂਸ ਹੁੰਦੇ।

ਮੈਂ ਆਪਣੀ ਹੋਸ਼ ਸੰਭਾਲਣ ਤੋਂ ਲੈ ਕੇ ਦਾਦੀ ਨੂੰ ਕਦੇ ਡੱਕਾ ਭੰਨ ਕੇ ਦੋਹਰਾ ਕਰਦਿਆਂ ਨਾ ਦੇਖਿਆ। ਪਰ ਉਹ ਆਪਣੀਆਂ ਤੇ ਹੋਰਾਂ ਦੀਆਂ ਨੂੰਹਾਂ-ਧੀਆਂ ਦੀ ਬਦਖੋਈ ਜ਼ਰੂਰ ਕਰਦੀ, “ਕੰਜਰੀਆਂ, ਦਪੈਹਰ ਤਾਈਂ ਸੁੱਤੀਆਂ ਨਹੀਂ ਉੱਠਦੀਆਂ, ਐਹਲੇ ਤਾਈਂ ਤਾਂ ਅਸੀਂ ਦਹਿ ਸੇਰ ਆਟਾ ਪੀਹ ਲਈਦਾ ਸੀ। ਖ਼ਾਰਾਸ ’ਤੇ ਸਾਡਾ ਆਟਾ ਕੌਣ ਪੀਂਹਦਾ ਸੀ?”

ਉਹ ਆਪਣੇ ਝੱਗੇ-ਸਲਵਾਰ ਨੂੰ ਆਪੇ ਹੀ ਟਾਕੀ-ਟਾਂਕਾ ਲਾ ਲੈਂਦੀ। ਆਪਣੇ ਲੀੜੇ ਆਪੇ ਧੋ ਲੈਂਦੀ। ਜੇਠ ਹਾੜ੍ਹ ਵਿੱਚ ਗਰਮੀ ਬਹੁਤ ਮੰਨਦੀ। ਇਨ੍ਹਾਂ ਦਿਨਾਂ ਵਿੱਚ ਉਹ ਘਰ ਮੋਹਰਲੇ ਪਿੱਪਲ ਥੱਲੇ ਮੰਜੀ ਡਾਹ ਕੇ ਬੈਠੀ ਰਹਿੰਦੀ। ਝੱਗਾ-ਕਮੀਜ਼ ਘੱਟ ਹੀ ਪਾਉਂਦੀ। ਉਹ ਆਪਣੇ ਦੁਪੱਟੇ ਨੂੰ ਇੰਨੀ ਜੁਗਤ ਨਾਲ ਤਨ ਦੁਆਲੇ ਲਪੇਟਦੀ ਕਿ ਉਹ ਸਾੜ੍ਹੀ ਵਿੱਚ ਬਦਲ ਜਾਂਦਾ। ਆਪਣੇ ਸਮੇਂ ਦੌਰਾਨ ਉਹ ਪਿੰਡ ਵਿੱਚ ਸਭ ਤੋਂ ਵੱਧ ਉਮਰ ਦੀ ਸੀ। ਪਰ ਜਦੋਂ ਕੋਈ ਸਿਆਣਾ ਬੰਦਾ ਉਹਦੇ ਕੋਲ ਖੜ੍ਹਾ ਹੋ ਕੇ ਹਾਲ-ਚਾਲ ਪੁੱਛਦਾ ਤਾਂ ਉਹ ਸਿਰ ਉੱਤੇ ਦੁਪੱਟਾ ਚੰਗੀ ਤਰ੍ਹਾਂ ਸੁਆਰ ਕੇ ਲੈ ਲੈਂਦੀ। ਅੰਦਰ-ਬਾਹਰ ਕਿਤੇ ਵੀ ਜਾਂਦੀ, ਦਿੱਬ ਦੀ ਪੱਖੀ ਉਹਦੇ ਹੱਥ ਵਿੱਚ ਰਹਿੰਦੀ।

ਸਿਆਲਾਂ ਨੂੰ ਵੀ ਉਹ ਬਹੁਤੇ ਜਾਂ ਗਰਮ ਕੱਪੜੇ ਨਾ ਪਾਉਂਦੀ। ਮੇਰੇ ਭਾਈਏ ਦੀ ਬੁਣੀ ਹੋਈ ਡੱਬੀ ਖੇਸੀ ਆਪਣੇ ’ਤੇ ਓੜਦੀ ਤੇ ਪੈਰੀਂ ਧੌੜੀ ਦੀ ਜੁੱਤੀ ਰੱਖਦੀ। ਵਿੱਚ-ਵਾਰ ਮੇਰੇ ਪੁਲਸੀਏ ਤਾਏ ਦੀ ਲਾਹੀ ਹੋਈ ਖਾਕੀ ਜਰਸੀ ਪਹਿਨ ਲੈਂਦੀ।

ਦਾਦੀ, ਮੇਰੀ ਮਾਂ ਨੂੰ ਟੋਕਾ-ਟਾਕੀ ਕਰਦੀ ਜਦੋਂ ਭਰ ਸਿਆਲ ਵਿੱਚ ਸਾਡੇ ਨਹਾਉਣ ਲਈ ਉਹ ਪਾਣੀ ਦੇ ਪਤੀਲੇ ਗਰਮ ਕਰਦੀ। ਉਹ ਕਹਿੰਦੀ, “ਨਾ ਸਾਰਾ ਬਾਲਣ ਪਾਣੀ ਤੱਤਾ ਕਰਨ ’ਤੇ ਲਾ ਦੇਣਾ, ਦੋ ਘੜੀਆਂ ਧੁੱਪੇ ਪਿਆ ਰਹਿਣ ਦਿੰਦੀ।”

ਹਾੜ੍ਹ ਜਾਵੇ ਜਾਂ ਸਿਆਲ ਦਾਦੀ ਦੁਪਹਿਰ ਨੂੰ ਨਹਾਉਂਦੀ। ਉਹਦੇ ਲਈ ਪਾਣੀ ਦੀ ਬਾਲਟੀ ਵਿਹੜੇ ਵਿੱਚ ਧੁੱਪ ਆਉਣ ਸਾਰ ਹੀ ਰੱਖ ਦਿੱਤੀ ਜਾਂਦੀ। ਉਹ ਤੇ ਮੇਰੀ ਮਾਂ ਵਿਹੜੇ ਵਿਚਲੇ ਖੁੱਲ੍ਹੇ ਖੁਰੇ ਵਿੱਚ ਮੰਜਾ ਵੱਖੀ ਭਾਰ ਖੜ੍ਹਾ ਕਰ ਕੇ, ਉੱਤੇ ਕੋਈ ਕੱਪੜਾ ਪਰਦੇ ਵਜੋਂ ਪਾ ਕੇ ਨਹਾ ਲੈਂਦੀਆਂ। ਅਸੀਂ ਸਾਰੇ ਜਣੇ ਰਾਤ ਨੂੰ ਇੱਥੇ ਹੀ ਪਿਸ਼ਾਬ ਕਰਦੇ। ਇਸ ਖੁੱਲ੍ਹੇ ਇਸ਼ਨਾਨ-ਸਥਾਨ ਤੋਂ ਪਿਸ਼ਾਬ ਦੀ ਬਦਬੂ ਆਉਂਦੀ ਹੀ ਰਹਿੰਦੀ ਭਾਵੇਂ ਕਿ ਚੱਕੀ ਦੇ ਪੁੜ ਜ਼ਮੀਨ ਖੋਦ ਕੇ ਇਸਦੇ ਬਰਾਬਰ ਟਿਕਾ ਦਿੱਤੇ ਗਏ ਸਨ।

ਮਾਂ ਜਦੋਂ ਕੱਪੜੇ ਧੋਣ ਵਾਲੇ ਸਾਬਣ ਨਾਲ ਸਾਨੂੰ ਨੁਹਾਉਂਦੀ ਤਾਂ ਦਾਦੀ ਫਿਰ ਆਪਣਾ ਓਹੀ ਰਾਗ ਸ਼ੁਰੂ ਕਰ ਲੈਂਦੀ, “ਸਾਬਣਾਂ ਨਾ ਨਲ੍ਹਾਉਣ ਲੱਗ ਪਈ ਆ, ਆ ਗਈ ਬੜੇ ਰਜੁਆੜੇ ਦੀ ਧੀ। ਅਸੀਂ ਤਾਂ ਟੱਲੇ-ਲੀੜੇ ਰੇਹ (ਕੱਲਰ ਦੀ ਬਰੀਕ ਜਿਹੀ ਮੁਲਾਇਮ ਧੁੱਦਲ-ਮਿੱਟੀ) ਨਾ ਧੋ ਲਈਦੇ ਸੀ। ਸਿਰ ਲੱਸੀ-ਦਹੀਂ ਨਾ ਧੋ ਲਈਦਾ ਸੀ। ਹੁਣ ਨਮੀਆਂ ਦੀ ਤਬਾ ਦਾ ਪਤਾ ਨਹੀਂ ਲਗਦਾ।”

ਇਹ ਸੁਣ ਕੇ ਵੀ ਮਾਂ ਚੁੱਪ ਰਹਿੰਦੀ। ਉਹ ਉਹਦੇ ਕੁਰਖ਼ਤ ਸੁਭਾ ਤੋਂ ਇਉਂ ਡਰਦੀ ਜਿਵੇਂ ਧੁਣਖੀ ਤੋਂ ਕਾਂ। ਗੱਲ ਕੀ ਮੇਰੀ ਮਾਂ ਨਾ ਦਾਦੀ ਮੋਹਰੇ ਕੁਸਕਦੀ ਤੇ ਨਾ ਹੀ ਉਹਦੇ ਹੁਕਮ ਅੱਗੇ ਹੁੱਤ ਕਰਦੀ। ਕਈ ਵਾਰ ਲਗਦਾ ਜਿਵੇਂ ਉਹਦੀ ਜ਼ਬਾਨ ਕਿਧਰੇ ਗ਼ਾਇਬ ਹੋ ਗਈ ਹੋਵੇ।

... ਕਦੀ-ਕਦੀ ਪਿੰਡ ਦੀ ਕੋਈ ਜੱਟੀ ਦਾਦੀ ਨੂੰ ਮਲਕ ਦੇਣੀ ਕਹਿੰਦੀ, “ਹਰੋ, ਘਰ ਨੂੰ ਆਈਂ ਜ਼ਰਾ!”

ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਆਪਣੀ ਡੰਗੋਰੀ ਫੜ ਕੇ ਉਹਦੇ ਮਗਰ-ਮਗਰ ਤੁਰ ਪੈਂਦੀ। ਉਹ ਪਲਾਂ ਵਿੱਚ ਉਨ੍ਹੀਂ ਪੈਰੀਂ ਮੁੜ ਆਉਂਦੀ। ਉਹਦੇ ਗੋਰੇ ਨਿਛੋਹ ਚਿਹਰੇ ਦੀਆਂ ਝੁਰੜੀਆਂ ਸਮੁੰਦਰੀ ਛੱਲਾਂ ਵਰਗੀਆਂ ਲਗਦੀਆਂ। ਉਹ ਸਰਦਲ ਲੰਘਦੀ ਤਾਂ ਉਲਟੇ ਦਾਅ ਹਰੇ ਰੰਗ ਦੀਆਂ ਜ਼ਮੀਨ ਵਿੱਚ ਦੱਬੀਆਂ ਬੋਤਲਾਂ ਉੱਤੇ ਪੁਰਾਣੇ ਖੱਸੜ-ਖਾਧੇ ਬੂਹੇ ਦੀਆਂ ਚੀਥੀਆਂ ਬਿਨਾਂ ਕਿਸੇ ਚੀਂ-ਚੀਂ ਦੇ ਅੰਦਰ ਵੱਲ ਨੂੰ ਘੁੰਮ ਜਾਂਦੀਆਂ ਜਿਵੇਂ ਕੋਈ ਨਿਆਣਾ ਅੱਡੀ ਭਾਰ ਸੰਤੁਲਨ ਬਣਾ ਕੇ ਘੁੰਮਦਾ ਹੈ। ਉਹ ਹੁਕਮ ਕਰਦੀ, “ਕਿੱਧਰ ਸਾਰਾ ਵਲੇਦਾ ਮਰ ਗਿਆ, ਮੰਜਾ ਡਾਹੋ।”

ਸਾਡੇ ਵਿੱਚੋਂ ਕੋਈ ਜਣਾ ਫੁਰਤੀ ਨਾਲ ਅਮਲ ਕਰਦਾ। ਉਹ ਜਿਵੇਂ ਕਿਸੇ ਖਾਸ ਪ੍ਰਾਪਤੀ ਦੇ ਨਤੀਜੇ ਵਜੋਂ, ਖੁਸ਼ੀ ਦੀ ਰੌਂ ਵਿੱਚ ਆਪਣੇ ਦੁਪੱਟੇ ਜਾਂ ਕਿਸੇ ਕੱਪੜੇ ਵਿੱਚ ਲਿਆਂਦੇ ਰੋਟੀਆਂ ਦੇ ਟੁਕੜੇ ਕਾਹਲੀ ਨਾਲ ਸੁੱਕਣੇ ਪਾਉਣ ਲੱਗ ਪੈਂਦੀ। ਇਹ ਟੁਕੜੇ ਵਿਆਹ, ਕੁੜਮਾਈ ਜਾਂ ਪਾਠ ਦੇ ਭੋਗ ਤੋਂ ਬਾਅਦ ਦੀ ਬਚ-ਖੁਚ ਹੁੰਦੇ। ਜਦੋਂ ਇਨ੍ਹਾਂ ਨੂੰ ਗੁੜ-ਪਾਣੀ ਵਿੱਚ ਰਿੰਨ੍ਹਿਆਂ ਜਾਂਦਾ ਤਾਂ ਮੂੰਹੋਂ ਨਾ ਲੱਥਦੇ। ਕਈ ਵਾਰ ਇਨ੍ਹਾਂ ਨੂੰ ਗੰਨਿਆਂ ਦੇ ਰਸ ਦੀ ਆਖਰੀ ਪੱਤ ਦੇ ਕੜਾਹੇ ਦੀ ਧੋਣ ਵਿੱਚ ਰਿੰਨ੍ਹਿਆਂ ਜਾਂਦਾ। ਮਹਿਕ ਨਾਲ ਹੀ ਮੂੰਹ ਪਾਣੀ ਨਾਲ ਭਰ ਜਾਂਦਾ। ਸੁਆਦ ਖਾਧਿਆਂ ਹੀ ਪਤਾ ਲੱਗਦਾ।

ਮੇਰੀ ਦਾਦੀ ਕਦੇ ਗੁਰਦੁਆਰੇ ਨਾ ਗਈ ਭਾਵੇਂ ਕਿ ਸਾਡੇ ਘਰ ਤੇ ਗੁਰਦੁਆਰੇ ਵਿਚਾਲੇ ਇੱਕ ਗਲੀ ਹੀ ਪੈਂਦੀ ਹੈ। ਹਾਂ, ਜਦੋਂ ਬਰਸਾਤਾਂ ਨੂੰ ਔੜ ਲੱਗ ਜਾਂਦੀ ਤਾਂ ਜੱਟ ਖ਼ਵਾਜ਼ਾ-ਖ਼ਿਜ਼ਰ ਦਾ ਦਲ਼ੀਆ ਦਿੰਦੇ। ਸਾਡੇ ਮੁਹੱਲੇ ਜਾਗਰ ਚੌਕੀਦਾਰ ਹੋਕਾ ਦਿੰਦਾ, “ਗੁਰਦੁਆਰਿਓਂ ਸਾਰੇ ਜਣੇ ਦਲ਼ੀਆ ਲੈ ਆਓ ਬਈ।” ‘ਲੈ ਆਓ ਬਈ’ ਨੂੰ ਉਹ ਕਿਸੇ ਹੇਕ ਵਾਂਗ ਲੰਮੀ ਆਵਾਜ਼ ਵਿੱਚ ਕਹਿੰਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ।

ਦਾਦੀ ਆਪਣੀ ਥਾਲੀ ਝੱਟ ਭਰਵਾ ਲਿਆਉਂਦੀ। ਫਿਰ ਵਿੱਚ ਦੇਸੀ ਘਿਓ ਪਾ ਕੇ ਖਾਂਦੀ। ਉਂਜ ਸੰਗਰਾਂਦ ਨੂੰ ਕਦੀ ਪ੍ਰਸ਼ਾਦ ਲੈਣ ਨਾ ਗਈ, ਨਾ ਕਦੀ ਕਥਾ-ਕੀਰਤਨ ਸੁਣਿਆ ਅਤੇ ਨਾ ਹੀ ਕਦੀ ਕਿਸੇ ਖ਼ਾਨਗਾਹ ਉੱਤੇ ਦੀਵਾ ਬਾਲਿਆ। ਦੀਵਾਲੀ ਨੂੰ ਵੀ ਕਦੀ ਦੀਵੇ ਨਾ ਜਗਾਏ। ਉਹਨੂੰ ਧਾਰਮਕ ਰੀਤਾਂ ਨੂੰ ਦਿਖਾਵੇ ਵਜੋਂ ਪਾਲਣ ਦਾ ਸ਼ੌਕ ਨਹੀਂ ਸੀ, ਸਗੋਂ ਉਲਟਾ ਕਹਿੰਦੀ, “ਬੰਦਾ ਦਸਾਂ ਨੌਂਹਾਂ ਦੀ ਕਮਾਈ ਕਰੇ, ਨਿੰਦਿਆ-ਚੁਗਲੀ ਨਾ ਕਰੇ, ਨੇਕ ਨੀਤ ਨੂੰ ਮੁਰਾਦਾਂ। ਹੋਰ ਭਲਾ ਰੱਬ ਨੂੰ ਅੱਗ ਲਾਉਣੀ ਆਂ।”

... ਹੁਣ ਉਹਦੇ ਦੀਦਿਆਂ ਦੀ ਜੋਤ ਪਹਿਲਾਂ ਵਰਗੀ ਨਾ ਰਹੀ। ਬੰਦਾ ਸਿਆਣਨ ਲਈ ਉਹ ਅੱਖਾਂ ਉੱਤੇ ਹੱਥ ਦਾ ਛੱਪਰ ਜਿਹਾ ਬਣਾਉਂਦੀ। ਕਈ ਸਾਲ ਹੋਏ ਉਹਦੀ ਖੱਬੀ ਅੱਖ ਦਾ ਅਪ੍ਰੇਸ਼ਨ ਹੋਇਆ ਤਾਂ ਉਹਦੇ ਉੱਤੇ ਹਰੀ ਪੱਟੀ ਬੱਝੀ ਪਰ ਉਹ ਤਾਂ ਵੀ ਟਿਕ ਕੇ ਨਾ ਬੈਠੀ। ਉਹਨੇ ਆਪਣਾ ਫੇਰਾ-ਤੋਰਾ ਬਰਕਰਾਰ ਰੱਖਿਆ। ਇੰਨਾ ਕੁ ਫਰਕ ਜ਼ਰੂਰ ਪੈ ਗਿਆ ਸੀ ਕਿ ਉਹ ਹੱਥ ਵਿੱਚ ਸੋਟਾ ਪੱਕੇ ਤੌਰ ’ਤੇ ਹੀ ਰੱਖਣ ਲੱਗ ਪਈ। ਘਰ ਵਿੱਚ ਰੋਹਬ ਤੇ ਬਾਹਰ ਦਬਦਬਾ ਲਗਾਤਾਰ ਕਾਇਮ ਸੀ। ਜਦੋਂ ਟਾਵਾਂ-ਟਾਵਾਂ ਨਿਆਣਾ ਉਹਨੂੰ ਖਿਝਾਉਣ ਲਈ ਖਰੂਦ ਕਰਦਾ ਤਾਂ ਟੁੱਟ ਕੇ ਪੈਂਦੀ, “ਕਿਹੜੀ ਜਾਇਆਂ ਵੱਢੀ ਦਾ? ਆਪਣੀ ਮਾਂ ਮੋਹਰੇ ਜਾ ਕੇ ਕੂਕਾਂ ਮਾਰ, ਹਰਾਮਦਿਆ!”

ਜਦੋਂ ਪਿੰਡ ਦੀ ਕੋਈ ਜੱਟੀ ਜਾਂ ਹੋਰ ਤੀਵੀਂ ਬਿਨਾਂ ਬੁਲਾਏ ਉਹਦੇ ਕੋਲੋਂ ਲੰਘਦੀ ਤਾਂ ਉਹਦੀ ਬੋਲ-ਬਾਣੀ ਦੀ ਸੁਰ ਉੱਚੀ ਹੋ ਜਾਂਦੀ, “ਪਤਾ ਨਹੀਂ ਕਿਹੜੀ ਯਾਰਾਂ-ਪਿੱਟੀ ਹੰਕਾਰੀਊ ਪਰਿਓਂ ਪਰਿਓਂ ਦੀ ਨੰਘ ਗਈ ਆ।”

ਪਿੱਪਲ ਹੇਠ ਬੈਠੀਆਂ ਤਾਸ਼ ਖਿਡਾਰੀਆਂ ਦੀਆਂ ਢਾਣੀਆਂ, ਬਾਰਾਂ ਟਾਹਣੀ ਖੇਡਦੇ ਜਾਂ ਬੰਟੇ ਖੇਡਦੇ ਨਿਆਣਿਆਂ-ਸਿਆਣਿਆਂ ਦੀਆਂ ਨਜ਼ਰਾਂ ਇਕਦਮ ਦਾਦੀ ਦੇ ਮੰਜੇ ਉੱਤੇ ਕੇਂਦਰਤ ਹੋ ਜਾਂਦੀਆਂ। ਉਹ ਗੱਲ ਦਾ ਵੇਰਵਾ ਜਾਨਣ ਲਈ ਤਾਂਘ ਨਾਲ ਦੇਖਦੇ ਰਹਿੰਦੇ।

“ਇਹ ਕਿਹੜੀ ਸੀ ਕੰਜਰੀ?” ਉਹ ਵਰੋਲੇ ਵਾਂਗ ਲੰਘ ਗਈ ਜ਼ਨਾਨੀ ਦਾ ਅੱਗਾ-ਪਿੱਛਾ ਨੌਲਦੀ। ਕੋਲ ਬੈਠੇ ਜਾਂ ਕੋਲੋਂ ਲੰਘਦੇ-ਵੜਦੇ ਤੋਂ ਗੁੱਸੇ ਨਾਲ ਪੁੱਛ ਪੜਤਾਲ ਕਰਦੀ।

ਇਉਂ ਜਿਹੜੀ ਉਹਨੂੰ ਬਿਨਾਂ ਬੁਲਾਏ ਲੰਘਦੀ ਉਹਦੇ ਭਾ ਦੀ ਬਣ ਜਾਂਦੀ। ਉਹ ਉਲਾਂਭੇ ਦਿੰਦੀ। ਮਿਹਣਿਆਂ ’ਤੇ ਉੱਤਰ ਆਉਂਦੀ। ਸੁਲ੍ਹਾ ਉਦੋਂ ਹੀ ਹੁੰਦੀ ਜਦੋਂ ਖੇਤੋਂ ਮੁੜਦੀ ਹੋਈ ਇੱਕ ਤਰ੍ਹਾਂ ਆਪਣੀ ‘ਗਲਤੀ’ ਦਾ ਇਹਸਾਸ ਨਾ ਕਰ ਲੈਂਦੀ, “ਮੈਨੂੰ ਰਤਾ ਛੇਤੀ ਸੀ, ਮਾਂ, ਆਹ ਲੈ ਤੱਤਾ-ਤੱਤਾ ਗੁੜ, ਵੇਲਣਾ ਵਗਦਾ।”

ਉਹਨੂੰ ਬੈਠੀ ਨੂੰ ਰਸ, ਗੁੜ, ਦਹੀਂ, ਸਾਗ, ਮੱਖਣ ਤੇ ਗੰਨੇ ਆ ਜਾਂਦੇ। ਇਨ੍ਹਾਂ ਚੀਜ਼ਾਂ ਵਿੱਚੋਂ ਉਹ ਥੋੜ੍ਹਾ ਸਾਨੂੰ ਤੇ ਥੋੜ੍ਹਾ ਆਪਣੇ ਦੂਜੇ ਪੋਤੇ-ਪੋਤੀਆਂ ਨੂੰ ਦੇ ਦਿੰਦੀ।

“ਮਾਂ ਪੈਰੀਂ ਪਈਨੀ ਆਂ!” ਕੋਈ ਹੋਰ ਜਣੀ ਲੰਘਦੀ ਕਹਿੰਦੀ। ਇਹ ਸੁਣ ਕੇ ਉਹਦੇ ਅੰਦਰ ਉੱਠੇ ਭਾਂਬੜ ਉੱਤੇ ਜਿਵੇਂ ਮੀਂਹ ਦਾ ਛੱਰਾਟਾ ਪੈ ਜਾਂਦਾ।

“ਗੁਰੂ ਭਲਾ ਕਰੇ!” ਉਹ ਕਿਸੇ ਕਿਸੇ ਨੂੰ ਅਸੀਸਾਂ ਦੀ ਝੜੀ ਲਾ ਦਿੰਦੀ। ਉਹ ਕਈਆਂ ਦੇ ਸਿਫ਼ਤਾਂ ਦੇ ਪੁਲ ਬੰਨ੍ਹਦੀ ਨਾ ਥੱਕਦੀ ਤੇ ਕਹਿੰਦੀ, “ਹਾਅ ਗੰਗੀ ਦੀ ਪੋਤ-ਨੋਂਹ ਕਲਬਿੰਦਰ ਹੋਈ, ਗੁੱਜਰ ਸੁੰਹ ਦੀ ਲਾਲ ਮੂੰਹੀਂ ਹੋਈ, ਬਿਨਾਂ ਬੁਲਾਇਆਂ ਨਹੀਂ ਨੰਘਦੀਆਂ। ਮੇਰੇ ਲਈ ਚੰਗੀਆਂ, ਬਥੇਰਾ ਆਦਰ-ਮਾਣ ਕਰਦੀਆਂ, ਐਵੇਂ ਕਹੀਏ।”

ਕਈ ਘਰ ਉਹਨੂੰ ਪੀਰਾਂ ਵਾਂਗ ਮੰਨਦੇ। ਦਿਨ-ਤਿਓਹਾਰ ’ਤੇ ਕਈ ਕੁਝ ਖਾਣ ਨੂੰ ਦੇ ਜਾਂਦੇ। ਲੋਹੜੀ ਤੋਂ ਅਗਲੇ ਦਿਨ ਗੰਨੇ ਦੀ ਰਸ ਵਿੱਚ ਬਣੀ ਚੌਲਾਂ ਦੀ ਖੀਰ ਕਈ ਜੱਟ ਘਰਾਂ ਤੋਂ ਆਉਂਦੀ। ਇਹ ਖਾਣ ਨੂੰ ਸਾਡਾ ਦੋ-ਦੋ ਦਿਨ ਦਾਅ ਲੱਗਾ ਰਹਿੰਦਾ। ਇਹੋ ਜਿਹੇ ਮੌਕਿਆਂ ਉੱਤੇ ਦਾਦੀ ਮੈਂਨੂੰ ਬਹੁਤ ਚੰਗੀ ਲਗਦੀ। ਜਦੋਂ ਘਰ ਵਿੱਚ ਚਾਹ ਲਈ ਗੁੜ ਨਾ ਹੁੰਦਾ ਤਾਂ ਉਹ ਆਪਣੇ ਕੋਲੋਂ ਦੋ ਪੇਸੀਆਂ ਦੇ ਦਿੰਦੀ। ਸਾਰਾ ਟੱਬਰ ਉਹਦਾ ਸ਼ੁਕਰਗੁਜ਼ਾਰ ਹੋ ਜਾਂਦਾ।

ਵਿੱਚ-ਵਿਚਾਲੇ ਮੇਰੀ ਛੋਟੀ ਭੂਆ ਕਰਮੀ ਆਪਣੀ ਮਾਂ ਅਤੇ ਮੇਰੀ ਦਾਦੀ ਦੀ ਸੁਖ-ਸਾਂਦ ਪੁੱਛਣ ਲਈ ਗੇੜਾ ਲਾਉਂਦੀ। ਉਹ ਘੰਟਿਆਂ-ਬੱਧੀ ਗੱਲਾਂ ਕਰ ਕੇ ਵੀ ਨਾ ਥੱਕਦੀਆਂ। ਭੂਆ ਮੈਂਨੂੰ ਸੈਨਤ ਮਾਰਦੀ ਤੇ ਹੌਲੀ ਦੇਣੀ ਕਹਿੰਦੀ, ਨੰਤੀ ਦਿਓਂ ਕਲੀ (ਹੁੱਕੀ) ਤਾਂ ਫੜ ਲਿਆ ਪੁੱਤ।”

ਮੈਂ ਚਾਅ ਨਾਲ ਹੁੱਕੀ ਵਿੱਚ ਨਵਾਂ ਪਾਣੀ ਪਾਉਂਦਾ। ਹੁੱਕੀ ਬੁਲਾਉਣ ਲਈ ਕਦੀ ਲੰਮਾ ਸੂਟਾ ਖਿੱਚ ਹੋ ਜਾਂਦਾ ਤਾਂ ਮੇਰੇ ਮੂੰਹ ਵਿੱਚ ਪਾਣੀ ਭਰ ਜਾਂਦਾ-ਹੁੱਥੂ ਛਿੜ ਪੈਂਦਾ। ਅੰਦਰ ਬੈਠੀ ਭੂਆ ਸਮਝ ਜਾਂਦੀ ਕਿ ਸਭ ਕੁਝ ਤਿਆਰ ਹੈ। ਉਹ ਦਾਦੀ ਤੋਂ ਪਰਦੇ ਨਾਲ ਹੁੱਕੀ ਪੀਂਦੀ ਸੀ ਕਿਉਂਕਿ ਉਹਨੂੰ ਇਸ ਗੁੜਗੁੜ ਤੇ ਧੂੰਏਂ ਤੋਂ ਸਖ਼ਤ ਨਫ਼ਰਤ ਸੀ। ਕਦੀ ਕਦੀ ਉਹ ਮੇਰੇ ਭਾਈਏ ਨੂੰ ਬੁਰਾ-ਭਲਾ ਬੋਲਦੀ, “ਤੇਰੇ ਮੂੰਹ ਵਿੱਚ ਤਾਂ ਨੜੀ ਰਹਿੰਦੀ ਆ, ਅੱਗ ਲਾ ਪਰੇ ਇਹਨੂੰ!”

ਦਾਦੀ ਦਾ ਗੜ੍ਹਕਾ ਜਾਰੀ ਸੀ। ਇੱਕ ਦਿਨ ਤਾਈ ਤਾਰੋ (ਜੱਟੀ) ਤੇ ਚਾਚੀ ਛਿੰਨੀ ਪਿੱਪਲ ’ਤੇ ਪਾਈ ਪੀਂਘ ਝੂਟ ਰਹੀਆਂ ਸਨ ਕਿ ਦਾਦੀ ਨੂੰ ਪਤਾ ਨਹੀਂ ਕੀ ਸੁੱਝਿਆ ਕਿ ਉੱਚੀ-ਉੱਚੀ ਦੁਹਾਈ ਪਾਉਂਦੀ ਆਈ, “ਇਨ੍ਹਾਂ ਨਟਣੀਆਂ, ਲੁੱਚੀਆਂ ਨੂੰ ਇਹੋ ਕੰਮ ਰਹਿ ਗਿਆ। ਆਦਮੀਆਂ ਦੀ ਪ੍ਰਵਾਹ ਈ ਨਹੀਂ ਪਈ ਥੱਕੇ-ਹਾਰੇ ਆਏ ਆ। ਬਦਮਾਸ਼ਾਂ ਕਿਸੇ ਥਾਂ ਦੀਆਂ।”

ਇਹ ਸੁਣਦਿਆਂ ਹੀ ਪੀਂਘ ਹੇਠਾਂ ਆ ਗਈ। ਸਿਖਰ ਦੁਪਹਿਰ ਦਾ ਸੂਰਜ ਜਿਵੇਂ ਅਸਤ ਹੋਣ ਲਈ ਕਾਹਲਾ ਪੈ ਗਿਆ ਹੋਵੇ। ਚਿਹਰਿਆਂ ਉੱਤੇ ਚੜ੍ਹੀ ਲਾਲੀ ਫਿੱਕੀ ਪੈ ਗਈ। ਤਮਾਸ਼ਬੀਨ ਖਿਸਕਣ ਲੱਗ ਪਏ। ਉਹ ਅਜੇ ਨਹਿਰੀਆਂ ਵੱਟਦੀ ਅੱਗੇ ਵਧ ਹੀ ਰਹੀ ਸੀ ਕਿ ਸਾਰੀ ਮਢੀਰ ਤਿੱਤਰ-ਬਿੱਤਰ ਹੋ ਗਈ।

ਦਾਦੀ ਨਾਲ ਤਾਈ ਤਾਰੋ ਦੀ ਬਣਦੀ ਵੀ ਬਹੁਤ ਸੀ। ਤਾਈ ਦਾਲ-ਸਬਜ਼ੀ ਨੂੰ ਤੁੜਕਾ ਲਾਉਂਦੀ ਤਾਂ ਆਲੇ-ਦੁਆਲੇ ਦੇ ਕਈ ਘਰਾਂ ਵਿੱਚ ਖ਼ਬਰ ਹੋ ਜਾਂਦੀ ਕਿ ਉਸ ਨੇ ਅੱਜ ਕੀ ਭੁੰਨਿਆ ਹੈ। ਦਾਦੀ ਨੂੰ ਇਸਦਾ ਦਸਵੰਧ ਆਪਣੇ ਆਪ ਪਹੁੰਚ ਜਾਂਦਾ।

ਤਾਈ ਹੁਰੀਂ ਤਿੰਨ ਦਰਾਣੀਆਂ-ਜਠਾਣੀਆਂ ਸਨ। ਜਦੋਂ ਮੁਕਾਣੇ ਜਾਂ ਵਾਂਢੇ ਜਾਂਦੀਆਂ, ਕੁੰਜੀਆਂ ਦਾਦੀ ਨੂੰ ਫੜਾ ਜਾਂਦੀਆਂ। ਉਹ ਹੁੱਬ ਕੇ ਰਾਹ ਜਾਂਦਿਆਂ ਨੂੰ ਸੁਣਾ ਕੇ ਦੱਸਦੀ, “ਆਹ ਚੰਦਾ ਸੁੰਹ ਦੀਆਂ ਨੋਹਾਂ, ਕਿਤੇ ਜਾਣਾ ਹੋਏ, ਮੈਂਨੂੰ ਕੁੰਜੀਆਂ ਸਮ੍ਹਾਲ ਜਾਂਦੀਆਂ। ਮੇਰਾ ਚੌਣਾਂ ਤਿੰਨ ਦਿਨ ਵੱਢਦੇ ਰਹੋ ਤਾਂ ਨਾ ਮੁੱਕੇ, ਮੇਰੀਆਂ ਮੈਂਨੂੰ ਪੁੱਛਦੀਆਂ ਈ ਨਹੀਂ।”

ਇੱਕ ਵਾਰ ਦਾਦੀ ਤਾਈ ਨਾਲ ਮਿਹਣ-ਕੁਮਿਹਣੇ ਹੋ ਪਈ। ਉਦੋਂ ਤਾਇਆ ਊਧਮ ਸਿੰਘ, ਜਿਸ ਨੂੰ ਸਾਰੇ ਪਿੰਡ ਵਾਸੀ ਸ਼ਹੀ ਕਹਿੰਦੇ ਸਨ, ਮਰ ਗਿਆ ਹੋਇਆ ਸੀ। ਉਹ ਘੋੜੀ ਵਾਲੇ ਬਿੱਕਰ ਸਿੰਘ ਨਾਲ ਗੱਡਾ ਵਾਹੁੰਦਾ ਹੁੰਦਾ ਸੀ। ਦਾਦੀ ਨੇ ਆਪਣਾ ਹੀ ਲਹੂਰ ਪਾਇਆ ਹੋਇਆ ਸੀ। ਉਸ ਨੇ ਰਾਹ ਵਿੱਚ ਖੜ੍ਹੀ ਹੋ ਕੇ ਆਖ ਦਿੱਤਾ, “ਤੂੰ ਪਿੰਡ ਦੀਆਂ ਬਥੇਰੀਆਂ ਰੰਡੀਆਂ ਕਰਤੀਆਂ ਪਰ ਤੂੰ ਰੰਡੀ ਹੋ ਕੇ ਵੀ ਰੰਡੀ ਨਾ ਹੋਈ।” ਕਟਾਰਾਂ ਵਰਗੀਆਂ ਇਨ੍ਹਾਂ ਟਾਹਰਾਂ ਨੂੰ ਸੁਣ ਕੇ ਸਾਰੇ ਨਿੰਮੋਝੂਣੇ ਹੋ ਗਏ।

“ਤੈਨੂੰ ਚੇਤਾ ਭੁੱਲ ਗਿਆ ਜਦੋਂ ਮੈਂ ਵਿਆਹੀ ਆਈ ਸੀ? ਉਦੋਂ ਤੇਰਾ ਸਹੁਰਾ ਅਜੇ ਸਬਿਹਾਰ ਨੂੰ ਜਾਂਘੀਆ ਲਾ ਕੇ ਨੰਗਾ-ਧੜੰਗਾ ਦੁੜੰਗੇ ਲਾਉਂਦਾ ਹੁੰਦਾ ਸੀ। ਆ ਗਈ ਮੇਰੇ ਨਾਲ ਆਢਾ ਲਾਉਣ, ਸੈਂਤਲਬਾਜ਼ ਕਿਸੇ ਥਾਂ ਦੀ।” ਅੱਗੋਂ ਤਾਈ ਨੇ ਹੱਸ ਛੱਡਿਆ ਤੇ ਗੱਲ ਆਈ ਗਈ ਹੋ ਗਈ।

ਮੈਂਨੂੰ ਯਾਦ ਹੈ ਪਿੰਡ ਦੇ ਕਈ ਬਜ਼ੁਰਗ ਜੱਟ ਵਿਆਹਾਂ-ਕਾਰਜਾਂ ਸੰਬੰਧੀ ਮੇਰੀ ਦਾਦੀ ਤੋਂ ਸਲਾਹਾਂ ਲੈਣ ਆਉਂਦੇ ਹੁੰਦੇ ਸਨ। ਉਹ ਜਿਵੇਂ ਦੱਸਦੀ ਉਵੇਂ ਹੀ ਸਾਰੇ ਕਾਰਜ ਨੇਪਰੇ ਚੜ੍ਹਾਏ ਜਾਂਦੇ। ਉਹ ਕਿਸੇ ਬਜ਼ੁਰਗ ਜੱਟ ਦੇ ਆਉਣ ’ਤੇ ਕਦੀ ਵੀ ਆਪਣੀ ਮੰਜੀ ਤੋਂ ਨਹੀਂ ਉੱਠਦੀ ਸੀ ਜਿਵੇਂ ਮੇਰਾ ਤਾਇਆ ਰਾਮਾ ਜੱਟ ਨੂੰ ਮੰਜੇ ਉੱਤੇ ਬਿਠਾ ਦਿੰਦਾ ਸੀ ਤੇ ਆਪ ਭੁੰਜੇ ਬਹਿ ਜਾਂਦਾ ਹੁੰਦਾ ਸੀ। ਇਹੋ ਜਿਹੀਆਂ ਦੋਹਾਂ ਸਥਿਤੀਆਂ ਵਿੱਚ ਮੈਂਨੂੰ ਜਾਤਾਂ ਦੇ ਪਾੜੇ ਪੂਰ ਹੁੰਦੇ ਦਿਸਦੇ। ਆਦਰ-ਸਤਿਕਾਰ ਦੀ ਇੱਕ ਮਿਸਾਲ ਕਾਇਮ ਹੁੰਦੀ ਜਾਪਦੀ। ਜਦੋਂ ਭਾਈਏ, ਤਾਏ ਹੁਰੀਂ ਜੱਟਾਂ ਦੀਆਂ ਹਵੇਲੀਆਂ ਜਾਂ ਘਰੀਂ ਜਾਂਦੇ ਤਾਂ ਉਨ੍ਹਾਂ ਨੂੰ ਕੋਈ ਬਰਾਬਰ ਤਾਂ ਕੀ ਉਂਜ ਹੀ ਬੈਠਣ ਲਈ ਨਾ ਕਹਿੰਦਾ। ਇਹ ਖ਼ਿਆਲ ਸੋਚਾਂ ਦਾ ਲੰਮਾ ਰਾਹ ਬਣਦਾ।

ਪਰ ਦਾਦੀ ਦੀ ਮੈਂਨੂੰ ਉਹ ਘਟਨਾ ਕਦੀ ਨਹੀਂ ਭੁੱਲੀ ਜਿਨ੍ਹਾਂ ਦਿਨਾਂ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਤੇ ਔੜ ਦਾ ਕਹਿਰ ਲਗਾਤਾਰ ਜਾਰੀ ਸੀ। ਪਿੰਡ ਦੀਆਂ ਤੀਵੀਆਂ ਪਾਣੀ ਵਿੱਚ ਗੋਹਾ-ਮਿੱਟੀ ਰਲਾ ਕੇ ਇੰਦਰ ਦੇਵਤੇ ਨੂੰ ਰਿਝਾਉਣ ਲਈ ਆਪਸ ਵਿੱਚ ਹੋਲੀ ਖੇਡ ਰਹੀਆਂ ਸਨ।” ਨੋਬਿਆਂ ਦੀ ਸੀਬੋ ਨੇ ਦਾਦੀ ਉੱਤੇ ਇਸ ਘੋਲ ਦੀ ਬਾਲਟੀ ਮੂਧੇਰ ਦਿੱਤੀ। ਨਾਲ ਹੀ ਅਖੰਡ ਪ੍ਰਵਾਹ ਸ਼ੁਰੂ ਹੋ ਗਿਆ।

“ਜੱਧੀਊ ਕਿਸੇ ਥਾਂ ਦੀ, ਚਗ਼ਲ ਜਿਹੀ। ਕੁਛ ਤਾਂ ਮੇਰੇ ਧੌਲੇ ਝਾਟੇ ਦੀ ਸ਼ਰਮ ਕਰ ਲਈਂਦੀ, ਬੱਚਾ ਪਿੱਟੀਏ।” ਉਹ ਨਿਸੰਗ ਹੋ ਕੇ ਗਾਲ੍ਹਾਂ ਕੱਢਦੀ ਉਹਦੇ ਘਰ ਤਕ ਗਈ। ਫਿਰ ਉਨ੍ਹੀਂ ਪੈਰੀਂ ਮੁੜ ਆਈ ਕਿਉਂਕਿ ਉਹਦੇ ਨਾਲ ਮੱਥਾ ਲਾਉਣ ਵਾਲਾ ਕੋਈ ਨਹੀਂ ਸੀ। ਮਸਲਾ ਉਦੋਂ ਹੀ ਮੁੱਕਿਆ ਜਦੋਂ ਉਸ ਨੇ ਘਰ ਆ ਕੇ ਦਾਦੀ ਤੋਂ ਮਾਫ਼ੀ ਮੰਗੀ। ਇਸ ਦੌਰਾਨ ਉਹ ਤਿੰਨ ਮਹੀਨੇ ਸਾਡੇ ਘਰ ਮੁਹਰਿਓਂ ਦੀ ਨਾ ਲੰਘੀ ਜਿੱਥੋਂ ਦੀ ਉਹਦਾ ਨਿੱਤ ਦਾ ਲਾਂਘਾ ਸੀ।

ਦਾਦੀ ਦਾ ਅੜਬ ਸੁਭਾਅ ਉਹਦੀ ਬਿਰਧ ਉਮਰ ਨਾਲ ਵੀ ਨਹੀਂ ਬਦਲਿਆ ਸੀ।

ਅਸੀਂ ਘਰ ਦੇ ਸਾਰੇ ਜੀਅ ਸੋਚਦੇ ਕਿ ਦਾਦੀ ਦੇ ਕੱਪੜੇ ਮੇਰੀ ਮਾਂ ਧੋ ਦਿਆ ਕਰੇ। ਪੁੱਛਣ ’ਤੇ ਅੱਗੋਂ ਦਾਦੀ ਉੱਖੜੀ ਕੁਹਾੜੀ ਵਾਂਗ ਪੈਂਦੀ, “ਮੈਂ ਨਹੀਂ ਕਿਸੇ ਦੀ ਮੁਥਾਜ ਹੋਣਾ, ਇਹਦੇ ਨਾਲੋਂ ਤਾਂ ਰੱਬ ਪੜਦਾ ਦੇ ਦੇਵੇ।”

ਉਹਦੀ ਸੁਰਤੀ ਅਜੇ ਚੰਗੀ ਸੀ। ਜਦੋਂ ਅਸੀਂ ਉਹਦੀਆਂ ਗੱਲਾਂ ਨੂੰ ਗਹੁ ਨਾਲ ਸੁਣਦੇ ਤਾਂ ਉਹ ਕਈ ਪੁਰਾਣੇ ਪ੍ਰਸੰਗ ਛੋਹ ਲੈਂਦੀ, “ਹੁਣ ਦੀਆਂ ਨੂੰ ਦੋ ਪੈਰ ਤੁਰਨੇ ਭਾਰੇ ਆ, ਮੈਂ ਤੁਰ ਕੇ ਲਾਹੌਰ ਨੂੰ ਚਲੀ ਜਾਂਦੀ ਸੀ।”

ਅੰਗਰੇਜ਼ਾਂ ਦੇ ਰਾਜ ਦੀ ਗੱਲ ਤੁਰਦੀ ਤਾਂ ਉਹ ਮਹਾਰਾਣੀ ਅਲੈਜ਼ਬੈੱਥ ਬਾਰੇ ਝੱਟ ਟਿੱਪਣੀ ਕਰਦੀ, “ਰੰਡੀ ਅਜੇ ਕੱਲ੍ਹ ਤਾਂ ਮਲਕਾ ਟਿੱਕੀ ਆ।” ‘ਜਾਰਜ ਪੰਚਮ’ ਅਤੇ ‘ਐਡਵਰਡ’ ਦੇ ਨਾਂ ਦੇ ਸਿੱਕਿਆਂ ਬਾਰੇ ਸ਼ਬਦ ਮੈਂ ਉਹਦੇ ਕੋਲੋਂ ਹੀ ਪਹਿਲੀ ਵਾਰ ਸੁਣੇ ਸਨ।

ਦਾਦੀ ਦੀ ਸਿਹਤ ਦਿਨ ਪੁਰ ਦਿਨ ਢਹਿੰਦੀਆਂ ਕਲਾਂ ਦੀਆਂ ਸਿਖਰਾਂ ਵੱਲ ਨੂੰ ਵਧਦੀ ਜਾਣ ਲੱਗ ਪਈ ਪਰ ਉਹਦੇ ਖਾਣ-ਪੀਣ ਵਿੱਚ ਬਹੁਤਾ ਫਰਕ ਨਾ ਪਿਆ। ਲੱਸੀ, ਗੰਨੇ ਦੀ ਰਸ, ਮੈਲ, ਸਾਗ, ਮੱਖਣ, ਮੱਕੀ ਦੀ ਰੋਟੀ ਪਹਿਲਾਂ ਵਾਂਗ ਹੀ ਖਾਂਦੀ-ਪੀਂਦੀ। ਕਦੀ ਉਹ ਕੌਲ ਵਿੱਚ ਤੇ ਕਦੀ ਮੱਕੀ ਦੀ ਰੋਟੀ ਉੱਤੇ ਸੱਬਰਕੱਤਾ ਸਾਗ ਰੱਖ ਕੇ ਉਹਦੇ ਗੱਭੇ ਇੱਕ ਟੋਆ ਜਿਹਾ ਬਣਾ ਕੇ ਮੱਖਣ ਰੱਖ ਲੈਂਦੀ। ਜੇ ਮੱਖਣ ਨਾ ਹੁੰਦਾ ਤਾਂ ਦਹੀਂ ਪਾ ਲੈਂਦੀ। ਰੋਟੀ ਖਾਣ ਤੋਂ ਪਹਿਲਾਂ ਰੋਟੀ ਦਾ ਨਿੱਕਾ-ਨਿੱਕਾ ਚੂਰਾ ਕਰਦੀ ਤੇ ਚਿੜੀਆਂ ਨੂੰ ਚੋਗੇ ਵਜੋਂ ਪਾਉਂਦੀ। ਵੀਹ-ਤੀਹ ਚਿੜੀਆਂ ਉਹਦੇ ਕੋਲ ਮੰਜੇ ਉੱਤੇ ਆ ਬਹਿੰਦੀਆਂ। ਇਹ ਦ੍ਰਿਸ਼ ਦਿਲ ਨੂੰ ਧੂਹ ਪਾਉਣ ਵਾਲਾ ਹੁੰਦਾ। ਕੁੱਤਿਆਂ ਨੂੰ ਦਰਵੇਸ਼ ਸਮਝ ਕੇ ਰੋਟੀ ਦੀਆਂ ਬੁਰਕੀਆਂ ਪਾਉਂਦੀ। ਆਖ਼ਰੀ ਉਮਰੇ ਇੱਕ ਦੋ ਕੁੱਤੇ ਉਹਦੇ ਪੱਕੇ ਸੰਗੀ-ਸਾਥੀ ਬਣ ਗਏ।

... ਤੇ ਫਿਰ ਉਹਦਾ ਗੜ੍ਹਕਾ ਪਹਿਲਾਂ ਵਾਲਾ ਨਾ ਰਿਹਾ। ਨਿਆਣੇ ਉਹਦੇ ਕੋਲੋਂ ਦੀ ਕੂਕਾਂ ਮਾਰਦੇ ਹੋਏ ਸ਼ੂਟਾਂ ਵੱਟ ਜਾਂਦੇ। ਜੇ ਕੋਈ ਨਿਆਣਾ-ਸਿਆਣਾ ਟਾਂਚ ਕਰਦਾ ਤਾਂ ਕਹਿੰਦੀ, “ਰੱਬ ਕਰ ਕੇ ਧੁਆਡੇ ’ਤੇ ਵੀ ਇਹ ਦਿਨ ਆਉਣ।”

ਦਾਦੀ ਦੀ ਬਦਲੀ ਸੁਰ ਉੱਤੇ ਹੈਰਾਨੀ ਹੁੰਦੀ ਕਿ ਹੁਣ ਉਹਦੀਆਂ ਪਹਿਲਾਂ ਵਾਂਗ ਨਹੀਂ ਚੱਲਦੀਆਂ। ਮੈਂਨੂੰ ਉਹਦੀਆਂ ਮਾਸ ਖਾਣ ਨਾਲ ਸੰਬੰਧਤ ਕੁਝ ਹੋਰ ਗਾਲ੍ਹਾਂ ਜੋ ਅਕਸਰ ਮੈਂਨੂੰ ਤੇ ਹੋਰ ਸ਼ਰਾਰਤੀ ਨਿਆਣਿਆਂ ਨੂੰ ਕੱਢਦੀ, ਦਾ ਚੇਤਾ ਆਉਂਦਾ ਜੋ ਇਸ ਕਿਸਮ ਦੀਆਂ ਸਨ, “ਤੇਰਾ ਕੀਮਾ ਬਣਾ ਕੇ ਖਾਮਾਂ', “ਤੇਰਾ ਕਾਲਜਾ ਕੱਢ ਕੇ ਖਾਮਾਂ', “ਤੇਰਾ ਗੋਸ਼ਤ ਬਣਾ ਕੇ ਖਾਮਾਂ', “ਤੇਰਾ ਭੁੜਥਾ ਬਣਾ ਕੇ ਖਾਮਾਂ', “ਤੇਰੀ ਮਿੱਝ ਕੱਢ ਕੇ ਖਾਮਾਂ', “ਤੇਰੇ ਸੀਰਮੇ ਪੀਮਾਂ', “ਤੇਰੇ ਰੁੱਕੜੇ ਕੱਢ ਕੇ ਖਾਮਾਂ।”

ਦਾਦੀ ਦੇ ਮੰਜੀ ਮੱਲ ਲੈਣ ’ਤੇ ਮੇਰੀ ਮਾਂ ਨੂੰ ਭਾਵੁਕ ਜਿਹਾ ਮੋਹ ਜਾਗਦਾ। ਉਹ ਸਾਨੂੰ ਦੱਸਦੀ, “ਸਾਡੀ ਮਾਂ ਵਰਗੀਆਂ ਘਰ-ਘਰ ਥੋੜ੍ਹੋ ਜੰਮਣੀਆਂ। ਪੰਤਾਲੀ-ਪੰਜਾਹ ਸਾਲ ਰੰਡੇਪਾ ਕੱਟਿਆ, ਨਿਆਣੇ ਪਾਲੇ, ਵਿਆਹੇ ਪਰ ਮਜ਼ਾਲ ਆ ਕਿਸੇ ਦੀ ਈਨ ਮੰਨੀ ਹੋਵੇ।”

ਘਰ ਵਿੱਚ ਗੱਲਾਂ ਹੋਣ ਲੱਗ ਪਈਆਂ, “ਪਤਾ ਨਹੀਂ ਮਾਂ ਨੇ ਸਿਆਲ ਕੱਢਣਾ ਕਿ ਨਹੀਂ, ਮਾਂ ਸੌ ਸਾਲ ਦੇ ਕਰੀਬ ਆ, ਨਹੀਂ ਤਾਂ ਦੋ-ਚਾਰ ਸਾਲ ਘੱਟ ਹੋਊ।”

ਸਿਆਲ ਵਿੱਚ ਦਾਦੀ ਦੀ ਮੰਜੀ ਪਿਛਲੀ ਕੋਠੜੀ ਵਿੱਚ ਹੁੰਦੀ ਅਤੇ ਉੱਥੇ ਹੀ ਪਸ਼ੂ ਬੰਨ੍ਹੀਦੇ ਸੀ। ਦਿਨ ਵੇਲੇ ਉਹਦੀ ਮੰਜੀ ਵਿਹੜੇ ਵਿੱਚ ਧੁੱਪੇ ਡਾਹ ਦਿੱਤੀ ਜਾਂਦੀ।

ਪਿੰਡ ਦੇ ਕਈ ਸਿਆਣੇ ਤੀਵੀਆਂ-ਬੰਦੇ ਉਹਦੀ ਮੰਜੀ ਕੋਲ ਆ ਕੇ ਸਲਾਹ ਦਿੰਦੇ, “ਹਰੋ, ਰੱਬ-ਰੱਬ ਕਰਿਆ ਕਰ।”

ਸਿਆਲ ਲੰਘ ਗਿਆ, ਗਰਮੀਆਂ ਆ ਗਈਆਂ। ਕਣਕਾਂ ਦੀਆਂ ਵਾਢੀਆਂ ਪੈ ਗਈਆਂ। ਭਾਈਆ ਤੇ ਮੇਰੇ ਤਾਇਆਂ ਦੇ ਪੁੱਤ ਗੱਲਾਂ ਕਰਦੇ, “ਕਿਤੇ ਵਾਢੀਆਂ ਵਿੱਚ ਈ ਮਾਂ ...।”

ਉਹ ਮੰਜੀ ਉੱਤੇ ਪਈ ਰਹਿੰਦੀ। ਉਹਦਾ ਕੱਪੜਾ-ਲੀੜਾ ਧੋ ਕੇ ਮੇਰੀ ਮਾਂ ਉਹਦੇ ਗੱਲ ਤੇ ਤੇੜ ਪਾਉਂਦੀ। ਉਹ ਨਿਆਣਿਆਂ ਵਾਂਗ ਸੁਆਰਦੀ, ਵਾਲ ਵਾਹੁੰਦੀ। ਲੋਕ ਮੇਰੀ ਮਾਂ ਦਾ ਜੱਸ ਕਰਦੇ ਹੋਏ ਕਹਿੰਦੇ, “ਬਈ ਸੀਬੋ ਨਹੀਂ ਰੀਸਾਂ ਤੇਰੀਆਂ, ਬਥੇਰੀ ਟਹਿਲ-ਸੇਵਾ ਕਰਦੀ ਆਂ, ਰੱਬ ਤੇਰੇ ਵੀ ਦਿਨ ਫੇਰੂਗਾ।”

ਦਾਦੀ ਦਾ ਮੇਰੀ ਮਾਂ ਪ੍ਰਤਿ ਰਵੱਈਆ ਨਰਮ ਹੋ ਗਿਆ। ਉਹਦੀ ਜ਼ਬਾਨ ’ਤੇ ਅਸੀਸਾਂ ਆਉਣ ਲੱਗ ਪਈਆਂ, “ਰੱਬ ਤਈਨੂੰ, ਤੇਰੇ ਪੁੱਤਾਂ ਨੂੰ ਬਹੁਤਾ ਦੇਵੇ। ਤੇਰੀ ਔਲਾਦ ਚੰਗੀ ਆ, ਮੈਂ ਨਾ ਦੇਖੂੰ ਪਰ ਤੇਰਾ ਰਾਜਭਾਗ ਜੱਗ ਦੇਖੂ!”

ਇਨ੍ਹਾਂ ਦਿਨਾਂ ਵਿੱਚ ਦਾਦੀ ਮੱਤਾਂ ਦੇਣ ਵਰਗੀਆਂ ਗੱਲਾਂ ਕਰਨ ਲੱਗ ਪਈ। ਇੰਨੇ ਨੂੰ ਪਿੰਡ ਦਾ ਕੋਈ ਆਦਮੀ ਜਾਂ ਤੀਵੀਂ ਆ ਕੇ ਕਹਿੰਦਾ, “ਹਰੋ, ਰੱਬ-ਰੱਬ ਕਰਿਆ ਕਰ। ਸੁਰਤੀ ਰੱਬ ਦੇ ਪਾਸੇ ਲਾ, ਜ਼ਰਾ ਛੇਤੀ ਛੁਟਕਾਰਾ ਹੋ ਜਾਊ।”

“ਬਥੇਰੀ ਅੱਗ ਲਾਉਂਨੀ ਆਂ ਬੱਚਾ ਪਿੱਟੇ ਨੂੰ, ਨਹੀਂ ਆਉਂਦੀ ਤਾਂ ਮੈਂ ਕੀ ਕਰਾਂ।” ਉਹ ਆਪਣੇ ਪੋਪਲੇ ਮੂੰਹੋਂ ਇਹੋ ਇੱਕੋ-ਇੱਕ ਜਵਾਬ ਦਿੰਦੀ। ਉਹਦੇ ਆਖ਼ਰੀ ਦਿਨੀਂ ਜਦੋਂ ਚਮਚੇ ਨਾਲ ਕੁਝ ਖੁਆਉਂਦੇ ਤਾਂ ਉਹਦੇ ਮੂੰਹ ਵਿੱਚ ਨਵੇਂ ਉੱਗਦੇ ਦੰਦ ਰੜਕਦੇ।

“ਮਾਂ, ਦੱਸ ਕਿਹੜੀ ਚੀਜ਼ ਖਾਣ ਨੂੰ ਤੇਰਾ ਚਿੱਤ ਕਰਦਾ?” ਇੱਕ ਦਿਨ ਅਸੀਂ ਪੁੱਛਿਆ।

ਉਸ ਨੇ ਸਾਫ਼ ਸ਼ਬਦਾਂ ਵਿੱਚ ਦੋ-ਟੁੱਕ ਆਖਿਆ, “ਗੋਸ਼ਤ ਦਾ ਸ਼ੋਰਾ।”

ਭਾਈਆ ਤ੍ਰਕਾਲਾਂ ਨੂੰ ਬੱਕਰੇ ਦਾ ਮਾਸ ਖ਼ਰੀਦ ਲਿਆਇਆ। ਰਾਤ ਨੂੰ ਇੱਕ ਕੌਲੀ ਮਾਸ-ਤਰੀ ਦੀ ਭਰ ਕੇ ਦਾਦੀ ਨੂੰ ਦਿੱਤੀ। ਉਹਨੇ ਆਪਣੇ ਹੱਥੀਂ ਕਣਕ ਦੀ ਰੋਟੀ ਤਰੀ ਨਾਲ ਖਾਧੀ।

ਅਗਲੇ ਦਿਨ ਦਾਦੀ ਤੁੜ੍ਹਕ ਪਈ। ਉਹਨੇ ਮੇਰੀ ਮਾਂ ਨਾਲ ਕਈ ਗੱਲਾਂ ਕੀਤੀਆਂ। ਪਰ ਇਹ (2 ਮਈ 1976) ਉਹਦੇ ਸਵਾਸਾਂ ਦਾ ਆਖ਼ਰੀ ਦਿਨ ਹੋ ਨਿੱਬੜਿਆ। ਅੱਧਾ ਪਿੰਡ ਇਕੱਠਾ ਹੋ ਗਿਆ। ਉਹਦੀ ਮ੍ਰਿਤਕ ਦੇਹ ਕੋਲ ਉਹਦੀਆਂ ਸਿਫ਼ਤਾਂ ਹੋਣ ਲੱਗੀਆਂ।

“ਕੰਙਣ ਮਾਂਗੂ ਖੜਕਦੀ ਸੀ ਹਰੋ। ਰੰਡੇਪਾ ਕੱਟਿਆ ਇੱਜ਼ਤ ਨਾਲ। ਵਾਖਰੂ ਝੂਠ ਨਾ ਬੁਲਾਵੇ, ਅੰਗਰੇਜਣਾਂ ਨੂੰ ਮਾਤ ਪਾਉਂਦਾ ਸੀ ਉਹਦਾ ਰੰਗ-ਰੂਪ। ਧਰਮ ਨਾ ਬੜੀ ਜਬ੍ਹੇ ਵਾਲੀ ਸੀ ਬੁੜ੍ਹੀ।” ਮੈਂਨੂੰ ਲੱਗਿਆ ਤਾਈ ਤਾਰੋ ਜਿਵੇਂ ਉਹਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਹੋਵੇ।

ਮੇਰੀ ਮਾਂ ਰੋ ਰਹੀ ਸੀ। ਅਸੀਂ ਮਸੋਸੇ ਗਏ ਸਾਂ।

ਨੜੋਏ ਪਿੱਛੇ ਲੋਕਾਂ ਦਾ ਇੱਕ ਦਰਿਆ ਸੀ ਜੋ ਸਿਵਿਆਂ ਨੂੰ ਜਾਂਦੇ ਸਾਰੇ ਰਾਹ ਵਿੱਚ ਦੂਰ-ਦੂਰ ਤਕ ਫੈਲਿਆ ਦਿਖਾਈ ਦੇ ਰਿਹਾ ਸੀ। ਅਰਥੀ ਉੱਤੇ ਬੰਨ੍ਹੇ ਗ਼ੁਬਾਰੇ ਹਵਾ ਵਿੱਚ ਉੱਪਰ ਨੂੰ ਉਡ ਰਹੇ ਸਨ ਜਿਵੇਂ ਉਹਦੇ ਸਵੈ-ਸਨਮਾਨ ਦੀ ਹਾਮੀ ਭਰ ਰਹੇ ਹੋਣ।

ਛਾਂਗਿਆ ਰੁੱਖ (ਕਾਂਡ ਚੌਦ੍ਹਵਾਂ)

“ਆਹ ਬੋਹੜ-ਪਿੱਪਲ ਵਿਚਾਲੇ ਅਈਨਾ ਫਾਸਲਾ ਸੀ ਪਈ ਅਸੀਂ ਨਿਆਣੇ ਹੁੰਦੇ ਗੱਭਿਓਂ ਦੀ ਨੰਘ ਜਾਈਦਾ ਸੀ।” ਇੱਕ ਦਿਨ ਲੋਰ ਵਿੱਚ ਆਏ ਭਾਈਏ ਨੇ ਘਰ ਮੋਹਰਲੇ ਬੋਹੜ-ਪਿੱਪਲ ਦਾ ਇਤਿਹਾਸਕ ਪ੍ਰਸੰਗ ਛੋਹ ਲਿਆ, ਜਿਸ ਬਾਰੇ ਜਾਨਣ ਦੀ ਮੇਰੀ ਦਿਲੀ ਇੱਛਾ ਨੂੰ ਸਹਿਵਨ ਹੀ ਬੂਰ ਪੈ ਗਿਆ।

“ਹੁਣ ਦੇਖ ਲਾ ਪਈ ਦੋਹਾਂ ਨੇ ਇੱਕ ਦੂਏ ਨੂੰ ਕਿੱਦਾਂ ਜੱਫੀ ਪਾਈਊ ਆ, ਵਿੱਚੋਂ ਦੀ ਹਵਾ ਨਈਂ ਨੰਘਦੀ!” ਇੰਨਾ ਕਹਿ ਕੇ ਭਾਈਆ ਚੁੱਪ ਜਿਹਾ ਹੋ ਗਿਆ ਪਰ ਮੈਂ ਕਾਹਲਾ ਸੀ ਕਿ ਗੱਲ ਜਾਰੀ ਰਹੇ।

“ਇਨ੍ਹਾਂ ਬੇਜਬਾਨਾਂ ਨੇ ਬਿਨਾਂ ਬੋਲਿਆਂ, ਬਿਨਾਂ ਤੁਰਿਆਂ, ਜਵਾਨ ਹੋ ਕੇ ਇੱਕ ਦੂਏ ਨੂੰ ਗੱਲ ਲਾ ਲਿਆ - ਤੇ ਇੱਧਰ ਬੰਦਾ ਆ, ਸਾਲਾ ਬੰਦੇ ਨੂੰ ਨੇੜੇ ਨਹੀਂ ਫੜਕਣ ਦਿੰਦਾ।” ਭਾਈਏ ਨੇ ਖ਼ਾਮੋਸ਼ੀ ਦਾ ਨਿੱਕਾ ਜਿਹਾ ਦਰਿਆ ਪਾਰ ਕਰਦਿਆਂ ਗੱਲ ਅੱਗੇ ਤੋਰੀ ਪਰ ਉਹਦੇ ਲਾਖੇ ਮੱਥੇ ਉੱਤੇ ਆਲੂਆਂ ਵਾਲੇ ਖੇਤ ਦੀਆਂ ਵੱਟਾਂ ਵਰਗੀਆਂ ਤਿਊੜੀਆਂ ਉੱਭਰ ਆਈਆਂ। ਮੈਂਨੂੰ ਆਪਣੇ ਭਾਈਏ ਦੇ ਚਿਹਰੇ ਉੱਤੇ ਉਸ ਅੰਦਰ ਜ਼ਰਬ-ਤਕਸੀਮ ਹੋਣ ਦਾ ਇਹਸਾਸ ਹੋਇਆ। ਅੱਖਾਂ ਸਾਹਮਣੇ ਬੋਹੜ-ਪਿੱਪਲ ਦੇ ਖੜਖੜ ਕਰਦੇ ਪੱਤਿਆਂ ਦੇ ਝੜਨ ਦਾ ਦ੍ਰਿਸ਼ ਸਾਕਾਰ ਹੋ ਗਿਆ ਅਤੇ ਨਾਲ ਹੀ ਨਵੀਆਂ ਕਰੂੰਬਲਾਂ ਲਿਸ਼ਕੋਰਾਂ ਮਾਰਦੀਆਂ ਦਿਸੀਆਂ।

“ਤਈਨੂੰ ਹੋਰ ਦੱਸਾਂ - ਇਹ ਬੋਹੜ-ਪਿੱਪਲ ਸਾਡੇ ਬਾਪੂ (ਪਿਤਾ, ਰਾਮ ਦਿੱਤਾ) ਤੇ ਝੀਰਾਂ ਦੇ ਰਾਮ ਸੁੰਹ ਦੇ ਬਾਬੇ (ਦਾਦਾ) ਠਾਕਰ ਨੇ ’ਕੱਠਿਆਂ ਨੇ ਲਾਏ ਸੀ।” ਇਹ ਸੁਣ ਕੇ ਮੈਂ ਇਨ੍ਹਾਂ ਰੁੱਖਾਂ ਤੇ ਮਨੁੱਖਾਂ ਦੀਆਂ ਉਮਰਾਂ ਦੇ ਹਿਸਾਬ ਵਿੱਚ ਪੈ ਗਿਆ। ਆਪਣੇ ਦਾਦਾ ਦੀ ਮੌਤ, ਦਾਦੀ ਅਤੇ ਆਪਣੇ ਭਾਈਏ ਦੀ ਉਮਰ ਤੋਂ ਮੈਂ ਇਹ ਅੰਦਾਜ਼ਾ ਲਾ ਲਿਆ ਕਿ ਇਨ੍ਹਾਂ ਦੋਹਾਂ ਰੁੱਖਾਂ ਨੂੰ 1876 ਤੋਂ 1880 ਈਸਵੀ ਦੇ ਵਿਚਾਲੇ ਲਾਇਆ ਗਿਆ ਹੋਵੇਗਾ।

“ਜੇ ਬਾਹਲਾ ਈ ਖਹਿੜੇ ਪਿਆਂ ਤਾਂ ਹੋਰ ਸੁਣ ਲਾ - ਆਹ ਬੋਹੜ ਹੇਠਲਾ ਖੱਡੀਆਂ ਆਲਾ 16 ਮਰਲੇ ਕੱਚਾ ਥਾਂ ਆਪਣੀ ਬਿਰਾਦਰੀ ਦੇ ਲੋਕਾਂ ਨੇ ਰਲ ਕੇ ਨੀਵੇਂ ਵਿਹੜੇ ਆਲੇ ਕਰਤਾਰ ਸੁੰਹ ਤੋਂ ਬਿਨਾਂ ਲਿਖਤ-ਪੜ੍ਹਤ ਦੇ ਖਰੀਦਿਆ ਸੀ ਤੇ ਪੱਕਿਆਂ ਆਲੇ ਭਾਈ ਹਰਬੰਸ ਸੁੰਹ ਨੇ ਇਹਨੂੰ ਨਾਪਿਆ ਸੀ। ਉਨ੍ਹੀਂ ਦਿਨੀਂ ਕੰਮੀਆਂ ਨੂੰ ਖੇਤੀ ਲਈ ਤਾਂ ਕੀ, ਕੋਠਾ ਪਾਉਣ ਨੂੰ ਵੀ ਥਾਂ ਖਰੀਦਣ ਦਾ ਹੱਕ ਨਹੀਂ ਸੀ। ਇੰਤਕਾਲੇ ਅਰਾਜੀ ਕਾਨੂੰਨ ਲਾਗੂ ਸੀ - ਉਸ ਤਹਿਤ ਚਮਾਰ-ਚੂਹੜੇ ਪੈਸੇ ਦੇ ਕੇ ਵੀ ਆਪਣੇ ਨਾਂ ਜ਼ਮੀਨ ਨਹੀਂ ਖਰੀਦ ਸਕਦੇ ਸੀ।” ਭਾਈਆ ਇੱਕ ਖ਼ਾਸ ਵਹਿਣ ਵਿੱਚ ਵਹਿ ਤੁਰਿਆ ਜਿਸ ਮੋਹਰੇ ਮੈਂ ਕਿਸੇ ਤਰ੍ਹਾਂ ਦਾ ਬੰਨ੍ਹ ਨਹੀਂ ਮਾਰਨਾ ਚਾਹੁੰਦਾ ਸੀ।

ਜੱਟ, ਬਾਹਮਣ, ਤਰਖਾਣ, ਨਾਈ, ਝੀਰ, ਸਰੈਹੜੇ ਵਗੈਰਾ ਜਾਤਾਂ ਦਾ ਸਤਨਾਜਾ ਸਾਡੀ ਬੋਹੜ ਨੂੰ ‘ਚਮਾਰਾਂ ਦਾ ਬੋਹੜ’ ਹੀ ਕਹਿੰਦੇ। ਕਦੀ ਪਿੰਡ ਦਾ ਕੋਈ ਜੱਟ ਦੂਜੇ ਨੂੰ ਪੁੱਛਦਾ ਕਿ ਕਿੱਧਰੋਂ ਆਇਆਂ ਤਾਂ ਉਹ ਅੱਗੋਂ ਦੱਸਦਾ, ‘ਚਮ੍ਹਾਰਲੀ ਅਲ ਗਿਆ ਸੀ। ਚਾਰ ਚਮਾਰ ਕਮਾਦ ਦਾ ਡਗਾਰਾ ਲਾਉਣ ਲਈ ਕਰ ਕੇ ਆਇਆਂ।” ਕਈ ‘ਚਮ੍ਹਾਰੜੀ’ ਸ਼ਬਦ ਦੀ ਵਰਤੋਂ ਕਰਦੇ। ਭਾਈਆ ਜੱਟ ਦੇ ਚਲੇ ਜਾਣ ਮਗਰੋਂ ਕਈ ਵਾਰ ‘ਸਾਲਾ ਚਮਾਰਾਂ ਦਾ’ ਵਰਗੀਆਂ ਗਾਲ੍ਹਾਂ ਕੱਢ ਕੇ ਆਪਣੇ ਮਨ ਦੀ ਭੜਾਸ ਕੱਢਦਾ।

ਵਾਢੀਆਂ ਦੇ ਦਿਨਾਂ ਵਿੱਚ ਖਾਓ-ਪੀਓ ਵੇਲੇ ਜੱਟ ਸਾਡੀ ਬੋਹੜ ਥੱਲੇ ਜਾਂ ਸਾਡੇ ਮੁਹੱਲੇ ਲਾਵੀ ’ਤੇ ਕਣਕ ਵੱਢਣ ਲਈ ਗੇੜੇ ਮਾਰਦੇ। ਕਈਆਂ ਨੇ ਤੇੜ ਕੱਛਾ ਤੇ ਗੱਲ ਮੈਲਾ ਜਿਹਾ ਕੁੜਤਾ ਜਾਂ ਬਨੈਣ ਪਾਏ ਹੁੰਦੇ। ਪਰਨਾ ਮੋਢੇ ਉੱਤੇ ਲਮਕਾਇਆ ਹੁੰਦਾ ਜਿਸ ਨੂੰ ਉਹ ਲੱਤਾਂ ਤੋਂ ਕੁਤੜੀ ਜਾਂ ਮੱਛਰ ਹਟਾਉਣ ਲਈ ਵਾਰ ਵਾਰ ਵਰਤਦਾ। ਉਹਦੇ ਜਾਣ ਪਿੱਛੋਂ ਭਾਈਆ ਅਕਸਰ ਹੀ ਕਹਿੰਦਾ, ‘ਪਤਾ ਨਹੀਂ ਇਨ੍ਹਾਂ ਜੱਟਾਂ ਨੂੰ ਕਦੋਂ ਅਕਲ ਆਉਣੀ ਆਂ? ਪਈ ਤੂੰ ਘਰ ਵਿੱਚ ਆਇਆਂ, ਤੇੜ ਧੋਤੀ-ਪਰਨਾ ਈ ਬੰਨ੍ਹ ਲਈਂਦਾ।’

ਸਾਡੇ ਸਾਰੇ ਟੱਬਰਾਂ ਦੇ ਬੰਦਿਆਂ ਨੂੰ ਪਤਾ ਹੁੰਦਾ ਕਿ ਕਿਹਦੀ ਰੋਹੀ, ਕਿਹਦੀ ਮੈਰੇ, ਕਿਹਦੀ ਰੱਕੜ ਵਾਲੀ, ਕਿਹਦੀ ਛੱਲ ਵਾਲੀ, ਤੇ ਕਿਹਦੀ ਘੜੱਲਾਂ ਵਾਲੀ ਕਣਕ ਭਾਰੀ ਹੈ। ਟਿੱਬੇ ਵਾਲੀ ਕਣਕ ਦੀ ਵਾਢੀ ਨੂੰ ਬਹੁਤੇ ਲੋਕ ਮੂੰਹ ਹੀ ਨਾ ਕਰਦੇ। ਕਹਿੰਦੇ, ‘ਕਿਹੜਾ ਸਾਲਾ ਭੱਸੜ ਭਨਾਏ, ਟਿੱਬੇ ਵਿੱਚ ਹੁੱਲੀਊ ਕਣਕ ਨੂੰ।’

ਕੋਈ ਜਣਾ ਕਣਕ ਲਾਵੀ ’ਤੇ ਵੱਢਣੀ ਤੈਅ ਕਰ ਲੈਂਦਾ। ਤਿੰਨੋਂ ਵੇਲੇ ਰੋਟੀ ਤੇ ਦੋ ਵਾਰ ਚਾਹ ਮਿਲਦੀ। ਕਈ ਜੱਟਾਂ ਨੂੰ ਮੇਰਾ ਭਾਈਆ ਤੇ ਮੇਰੇ ਤਾਇਆਂ ਦੇ ਪੁੱਤ ਜਵਾਬ ਦੇ ਦਿੰਦੇ ਕਿ ਫਲਾਨੇ ਦੇ ਜਾਣਾ। ਮਗਰੋਂ ਕਹਿੰਦੇ, ‘ਭਰੀ ਹਾੜ ਕੇ ਚਕਾਉਂਦਾ ਮਾਮਾ, - ਮਾੜੀ ਨੀਤ ਆਲਾ, ਨਾਲੇ ਖਾਹ-ਮਖਾਹ ਖਹਿਬੜਦਾ ਰਹਿੰਦਾ, ਅਖੇ ਤੁਸੀਂ ਹੁੱਕਾ-ਬੀੜੀ ਬਾਹਲਾ ਪੀਂਨੇ ਆਂ। ਭਲਾ ਇਸ ਬਹਾਨੇ ਦਮ ਨਾ ਮਾਰੀਏ ਤਾਂ ਇਹ ਟਿਕਣ ਕਿੱਥੇ ਦੇਣ! ਸਾਰਾ ਦਿਨ ਚੰਮ ਲੂਸ ਜਾਂਦਾ ਤੇ ਭਰੀ ਬਾਰੀ ਸੌ ਸੌ ਨਖਰੇ ਕਰਦੇ ਆ।’

ਪਿੱਪਲ ਦੇ ਸਿਖਰ ਦੇ ਡਾਹਣਿਆਂ ਉੱਤੇ ਮੋਰ ਤ੍ਰਕਾਲਾਂ-ਸਵੇਰੇ ਬਹਿੰਦੇ ਤੇ ‘ਐਇਉਆਂ’ ਦੀਆਂ ਆਵਾਜ਼ਾਂ ਕੱਢਦੇ। ਫਿਰ ਉੱਥੋਂ ਉੱਠ ਕੇ ਸਾਡੇ ਘਰਾਂ ਦੀਆਂ ਛੱਤਾਂ ਉੱਤੇ ਪੈਲਾਂ ਪਾਉਣ ਲੱਗ ਪੈਂਦੇ। ਅਸੀਂ ਚੋਗਾ ਪਾਉਂਦੇ, ਉਹ ਸਾਡੇ ਤੋਂ ਬਹੁਤਾ ਨਾ ਡਰਦੇ। ਕਾਂ ਬੋਹੜ ਦੀਆਂ ਗੋਹਲਾਂ ਨੂੰ ਠੂੰਗੇ ਮਾਰਦੇ। ਚਿੜੀਆਂ ਵਾਰ-ਵਾਰ ਉੱਡਦੀਆਂ ਤੇ ਫਿਰ ਬਹਿੰਦੀਆਂ। ਬੋਹੜ-ਪਿੱਪਲ ਦੁਆਲੇ ਮੈਂ ਕਈ ਮੌਕਿਆਂ ਉੱਤੇ ਮੌਲੀ ਦੇ ਧਾਗੇ ਬੰਨ੍ਹੇ ਦੇਖੇ ਜਿਸ ਬਾਰੇ ਇੱਕ ਦਿਨ ਮੈਂ ਭਾਈਏ ਨੂੰ ਸਹਿਜ ਹੀ ਪੁੱਛਿਆ।

“ਪਿੰਡ ਦੇ ਚੜ੍ਹਦੇ ਪਾਸੇ ‘ਵਲੀਆਂ ਵਿਹੜੇ’ ਦੇ ਬੋਹੜ ਤੇ ਸਾਡੇ ਬੋਹੜ ਦੇ ਵਿਆਹ ਪੂਰੀਆਂ ਰਸਮਾਂ ਨਾ ਕੀਤੇ ਗਏ ਸੀ - ਪਿੰਡ ਦੇ ਲੋਕਾਂ ਨੇ ਬੜੀ ਖੈਰ-ਸੁਖ ਮਨਾਈ ਸੀ।” ਭਾਈਆ ਪਿੱਪਲ ਤੇ ਬੋਹੜ ਦੇ ਕਾਫ਼ੀ ਮੋਟੇ-ਲੰਮੇ ਡਾਹਣਿਆਂ ਅਤੇ ਉਨ੍ਹਾਂ ਦੀਆਂ ਸੰਘਣੀਆਂ ਛਾਵਾਂ ਵੱਲ ਇਸ਼ਾਰਾ ਕਰ ਕੇ ਕਹਿੰਦਾ, ‘ਸਾਡੇ ਲਈ ਤਾਂ ਇਨ੍ਹਾਂ ਰੁੱਖਾਂ ਨੇ ਬਥੇਰੀਆਂ ਲਹਿਰਾਂ-ਬਹਿਰਾਂ ਲਾਈਆਂ ਹੋਈਆਂ, ਐਵੇਂ ਕਹੀਏ। ਇਨ੍ਹਾਂ ਦੀ ਸੁਖ ਲਈ ਮੌਲੀ ਬੰਨ੍ਹ ਦਿੰਦੇ ਆ, ਹੋਰ ਕੀ ...।’

ਇਨ੍ਹਾਂ ਥੱਲੇ ਸਾਡੀ ਬਿਰਾਦਰੀ ਦੇ ਬਹੁਤੇ ਪਰਿਵਾਰਾਂ ਦੀਆਂ ਖੱਡੀਆਂ ਸਨ ਅਤੇ ਰੋਟੀ-ਰੋਜ਼ੀ ਇਨ੍ਹਾਂ ਉੱਤੇ ਨਿਰਭਰ ਸੀ। ਖੱਡੀ ਦੇ ਕੰਮ ਵਿੱਚ ਘਰ ਦੇ ਸਾਰੇ ਜੀਆਂ ਨੂੰ ਰੁੱਝਣਾ ਪੈਂਦਾ। ਪਹਿਲਾਂ ਸੂਤ ਦੀਆਂ ਅੱਟੀਆਂ ਦੇ ਚੀਰੂ ਬਣਾਏ ਜਾਂਦੇ, ਫਿਰ ਉਨ੍ਹਾਂ ਨੂੰ ਚਰਖੜੀ ਉੱਤੇ ਚੜ੍ਹਾ ਕੇ ਚਰਖੇ ਦੀ ਤੱਕਲੀ ਉੱਤੇ ਨੜੇ ਵੱਟੇ ਜਾਂਦੇ। ਭਾਈਆ ਤਾਣੀ ਲਈ ਕਾਨੇ ਗੱਡਦਾ ਜੋ ਹੇਠੋਂ ਜੁੜਵੇਂ ਅਤੇ ਉੱਤੋਂ ਅੰਗਰੇਜ਼ੀ ਦੀ ‘ਵੀ’ ਦੀ ਸ਼ਕਲ ਦੇ ਹੁੰਦੇ। ਇਹ ਇੱਕ ਲੰਮੀ ਇਕਹਿਰੀ ਪਾਲ ਹੁੰਦੀ। ਕਦੀ ਉਹ ਦੋ ਦੇ ਮੋਹਰੇ ਦੋ ਹੋਰ ਕਾਨਿਆਂ ਦੀ ਦੋਹਰੀ ਕਤਾਰ ਗੱਡਦਾ। ਤੱਕਲੀਆਂ ਨਾਲ ਗੱਡੇ ਹੋਏ ਕਾਨਿਆਂ ਦੀਆਂ ਸੰਧਾਂ ਵਿੱਚ ਦੀ ਤਾਣਾ ਤਣਦਾ। ਇਸ ਕਾਰਜ ਨਾਲ ਖੜ੍ਹੇ ਪਾਣੀ ਉੱਤੇ ਹਵਾ ਨਾਲ ਬਣਦੀ ਇੱਕ ਲਹਿਰ ਜਿਹੀ ਦਿਸਦੀ। ਜਦੋਂ ਨੜੇ ਦਾ ਧਾਗਾ ਮੁੱਕ ਜਾਂਦਾ ਤਾਂ ਨਵੇਂ ਨੜੇ ਦੇ ਧਾਗੇ ਦੀ ਮਰੋੜੀ ਥੁੱਕ ਦੀ ਲਬ ਨਾਲ ਪਹਿਲੇ ਧਾਗੇ ਨੂੰ ਦਿੰਦਾ। ਸ਼ਾਮ ਤਕ ਕਾਹਲੀ ਕਾਹਲੀ ਤਾਣਾ ਤਣਦਾ। ਮੇਰਾ ਵੱਡਾ ਭਰਾ ਬਖਸ਼ੀ ਵੀ ਇਸ ਕੰਮ ਵਿੱਚ ਹੱਥ ਵਟਾਉਂਦਾ। ਭਾਈਆ ਅਗਲੇ ਦਿਨ ਤਾਣੀ ਖਿੱਚ ਕੇ ਪਾਣ ਚੜ੍ਹਾਉਂਦਾ। ਉੱਤੋਂ ਦੀ ਇੱਕ ਵੱਡੇ ਕੁੱਚ ਨੂੰ ਫੇਰਦਾ ਕਿ ਧਾਗੇ ਆਪਸ ਵਿੱਚ ਜੁੜ ਨਾ ਜਾਣ। ਫਿਰ ਤਾਣੀ ਇਕੱਠੀ ਕਰਦਾ ਤੇ ਰੱਸ਼ ਨਾਲ ਉਹਦਾ ਇੱਕ ਇਕ ਧਾਗਾ ਥੁੱਕ ਨਾਲ ਮਰੋੜੀਆਂ ਦੇ ਕੇ ਜੋੜਦਾ। ਫਿਰ ਪੱਲੇ ਲਈ ਖੱਡੀ ’ਤੇ ਚੜ੍ਹਾਉਂਦਾ। ਹੁਣ ਬਾਣੇ ਲਈ ਨਲੀਆਂ ਵੱਟੀਆਂ ਜਾਂਦੀਆਂ। ਭਾਈਆ ਖੱਡੀ ਵਿੱਚ ਲੱਤਾਂ ਲਮਕਾ ਕੇ ਬਹਿੰਦਾ। ਉਹ ਪੈਰਾਂ ਨਾਲ ਪੰਜਾਲੇ ਦੀਆਂ ਪਸਾਰਾਂ ਵਾਰੋ-ਵਾਰੀ ਦਬਾ ਕੇ ਤਾਣੀ ਵਿੱਚੀਂ ਨਾਲ ਕਦੇ ਸੱਜੇ ਹੱਥ ਨਾਲ ਖੱਬੇ ਵੱਲ ਨੂੰ ਫੁਰਤੀ ਨਾਲ ਲੰਘਾਉਂਦਾ ਤੇ ਕਦੇ ਖੱਬੇ ਹੱਥ ਨਾਲ ਸੱਜੇ ਵੱਲ ਨੂੰ। ਜੇ ਨੋਕੀਲੀ ਨਾਲ (ਜਿਸ ਵਿੱਚ ਨਲੀ-ਧਾਗਾ ਹੁੰਦਾ) ਜਿੱਡੀ ਚਲਦੀ ਤਾਂ ਉਸ ਦੁਆਲੇ ਸਰ੍ਹੋਂ ਦੇ ਤੇਲ ਦਾ ਹੱਥ ਮਲਦਾ। ਉਂਜ ਵੀ ਕਾਲੀ ਲੱਕੜ ਦੀ ਨਾਲ ਘਸ ਕੇ ਇੰਨੀ ਮੁਲਾਇਮ ਹੋ ਜਾਂਦੀ ਕਿ ਹੱਥਾਂ ਵਿੱਚੋਂ ਤਿਲਕਦੀ ਜਾਂਦੀ।

ਭਾਈਏ ਤੇ ਤਾਏ ਦੀ ਖੱਡੀ ਕੋਲ ਕੁਝ ਗਵਾਂਢੀ ਜੱਟ ਗੱਲਾਂ ਕਰਨ ਦੇ ਬਹਾਨੇ ਆ ਬਹਿੰਦੇ। ਇਨ੍ਹਾਂ ਵਿੱਚੋਂ ਤਾਇਆ ਹਰੀ ਸਿੰਘ, ਜਿਸ ਨੂੰ ਪਿੰਡ ਦੇ ਸਾਰੇ ਲੋਕ ਹਰੀ ਰਾਮ ਜਾਂ ਲੁੰਜ ਹੀ ਸੱਦਦੇ ਜਾਂ ਉਹਦਾ ਵੱਡਾ ਭਰਾ ਚੰਨੂ ਮੈਂਨੂੰ ਹਾਕ ਮਾਰ ਕੇ ਕਹਿੰਦੇ, ‘ਗੁੱਡ, ਰੱਤੇ ਬਾਹਮਣ ਦਿਓਂ ਲੰਪ ਦੀ ਡੱਬੀ ਫੜ ਲਿਆ ਦੌੜ ਕੇ।” ਤਾਇਆ ਚੰਨੂ ਸਿਰ ਖਨੂੰਹਦਾ ਤੇ ਭੋਗਪੁਰ ਦੀ ਖੰਡ ਮਿੱਲ ਵਿੱਚ ਹੋਈਆਂ ਘਟਨਾਵਾਂ ਨੂੰ ਹੱਸ-ਹੱਸ ਸੁਣਾਉਂਦਾ।

ਮੈਂ ਛੂਟ ਵੱਟ ਕੇ ਹੱਟੀ ਜਾਂਦਾ ਤੇ ਸਕਿੰਟਾਂ ਵਿੱਚ ਸਿਗਰਟਾਂ ਲੈ ਆਉਂਦਾ। ਤਾਏ ਹੁਰੀਂ ਦੋਵੇਂ ਭਰਾ ਕਦੀ ਇਕੱਠੇ ਤੇ ਕਦੀ ਇਕੱਲਾ-ਇਕੱਲਾ ਖੱਡੀਆਂ ਵਿੱਚ ਆ ਕੇ ਸਿਗਰਟਾਂ ਦੇ ਬੰਬੇ ਕੱਢਦੇ। ਉਨ੍ਹਾਂ ਦੇ ਤਾਏ ਦਾ ਪੁੱਤ ਰੇਸ਼ੂ (ਰੇਸ਼ਮ ਸਿੰਘ) ਆਪਣੇ ਕੋਲ ਰੇਡੀਓ ਰੱਖਦਾ ਤੇ ਤ੍ਰਕਾਲਾਂ ਨੂੰ ਘੁਸਮੁਸਾ ਹੋਣ ਤਕ ਇੱਥੇ ਬੈਠਾ ਰਹਿੰਦਾ। ਉਸਦਾ ਸਿਰ ਗੱਭਿਓਂ ਗੋਲਾਕਾਰ ਵਿੱਚ ਮੁੰਨਿਆਂ ਦੇਖ ਕੇ ਮੇਰਾ ਮੱਲੋਮੱਲੀ ਹਾਸਾ ਨਿੱਕਲ ਜਾਂਦਾ। ਮੈਂਨੂੰ ਇਹ ਵਾਰ ਵਾਰ ਦੇਖਣ ਦਾ ਮੌਕਾ ਮਿਲਦਾ ਜਦੋਂ ਤਾਇਆ ‘ਕੇਸ’ ਸੁਕਾਉਂਦਾ ਜਾਂ ਸਿਰ ਨੂੰ ਹਵਾ ਲੁਆਉਂਦਾ। ਕਈ ਵਾਰ ਗਿਆਨੂੰ ਨਾਈ ਉਹਦੇ ਸਿਰ ਵਿਚਕਾਰੋਂ ਵਾਲ ਇੱਥੇ ਹੀ ਮੁੰਨ ਦਿੰਦਾ ਤੇ ਕਦੀ ਦਾਹੜੀ ਦਾ ਖਤ ਕਰ ਦਿੰਦਾ। ਜਿੱਥੋਂ ਤਕ ਮੈਂਨੂੰ ਯਾਦ ਹੈ ਤਾਏ ਦੇ ਰੇਡੀਓ ਤੋਂ ਮੈਂ ਪਹਿਲੀ ਵਾਰ ਆਸਾ ਸਿੰਘ ਮਸਤਾਨਾ ਦਾ ਗਾਇਆ ਕਿੱਸਾ ਪੂਰਨ ਭਗਤ ਤੇ ਕਿੱਸਾ ਹੀਰ ਵਾਰਿਸ ਸ਼ਾਹ ਸੁਣਿਆ ਸੀ। ਤਾਇਆ ਅਣਵਿਆਹਿਆ ਹੋਣ ਕਰ ਕੇ ਕਈ ਉਹਨੂੰ ਪਿੱਠ ਪਿੱਛੇ ਛੜਾ ਜਾਂ ਬੋਕ-ਬੱਕਰਾ ਵੀ ਕਹਿੰਦੇ। ਇੰਨੇ ਨੂੰ ਕਦੀ ਕਦੀ ਤੋਤਿਆਂ ਦੀ ਕੋਈ ਡਾਰ ਤੀਰ ਦਾ ਨਿਸ਼ਾਨ ਬਣਾਉਂਦੀ ਸਾਡੇ ਸਿਰਾਂ ਉੱਤੋਂ ਦੀ ਉੱਡਦੀ-ਬੋਲਦੀ ਲੰਘ ਜਾਂਦੀ।

ਭਾਈਆ ਜਦੋਂ ਖੱਡੀ ਵਿੱਚੋਂ ਉੱਠ ਕੇ ਘਰੋਂ ਨਲ਼ੀਆਂ ਲੈਣ ਜਾਂ ਪਿਸ਼ਾਬ ਕਰਨ ਉੱਠਦਾ ਤਾਂ ਮੈਂ ਚੋਰੀ-ਚੋਰੀ ਹੁੱਕੇ ਦਾ ਸੂਟਾ ਮਾਰ ਲੈਂਦਾ। ਭਾਈਆ ਮੇਰੀ ਇਹ ਕਰਤੂਤ ਦੇਖ ਕੇ ਦੂਰੋਂ ਹੀ ਮੇਰੀ ਧੀ-ਦੀ ਭੈਣ-ਦੀ ਇੱਕ ਕਰਦਾ।

ਇੰਨੇ ਨੂੰ ਪਿੰਡ ਦੀ ਕੋਈ ਜੱਟੀ ਆ ਜਾਂਦੀ। ਬਹੁਤੀਆਂ ਜੱਟੀਆਂ ਆਪਣੇ ਕੋਲੋਂ ਸੂਤ ਜਾਂ ਰੂੰ ਦੇ ਕੇ ਭਾਈਏ ਕੋਲੋਂ ਡੱਬੀਆਂ, ਚਿੱਟੀਆਂ ਖੇਸ-ਖੇਸੀਆਂ, ਚਤਿਹੀਆਂ, ਚਾਦਰਾਂ ਬੁਣਵਾਉਂਦੀਆਂ। ਉਹ ਮੇਰੀ ਮਾਂ ਨੂੰ ਆਪਣੇ ਘਰ ਸੱਦ ਕੇ ਸੂਤ ਜਾਂ ਰੂੰ ਤੱਕੜੀ ਵਿੱਚ ਤੋਲ ਕੇ ਦਿੰਦੀਆਂ। ਮਾਂ ਨਾਲ ਹਿਸਾਬ ਕਰ ਕੇ ਬਦਲੇ ਵਿੱਚ ਮਿਹਨਤ ਵਜੋਂ ਕਣਕ ਜਾਂ ਮੱਕੀ ਦੇ ਦਾਣੇ ਦਿੰਦੀਆਂ। ਕਈ ਵਾਰ ਮੈਂ ਵੀ ਮਾਂ ਨਾਲ ਉਨ੍ਹਾਂ ਦੇ ਘਰੀਂ ਜਾਣ ਦੀ ਜ਼ਿੱਦ ਕਰਦਾ।

ਜਦੋਂ ਮੇਰੀ ਮਾਂ ਨੂੰ ਜੱਟੀ ਸੂਤ ਜਾਂ ਲੋਗੜੇ-ਰੂੰ ਦੀ ਪੰਡ ਚੁਕਾਉਂਦੀ ਤਾਂ ਨਾਲ ਹੀ ਕਹਿੰਦੀ, ‘ਸੀਬੋ ਰੁਕੀਂ ਜ਼ਰਾ, ਮੁੰਡੇ ਨੂੰ ਗੁੜ ਦੀ ਪੇਸੀ ਦੇ ਦਿਆਂ, ਵਰਾ ਹੋ ਜਾਉ।” ਮੇਰੇ ਚਿਹਰੇ ’ਤੇ ਰੌਣਕ ਆ ਜਾਂਦੀ। ਮੂੰਹ ਵਿੱਚ ਪਾਣੀ ਆ ਜਾਂਦਾ। ਮੈਂ ਆਪਣੇ ਸਦਾ ਵਗਦੇ ਨੱਕ ਨੂੰ ਆਪਣੇ ਝੱਗੇ ਦੇ ਮੋਢਿਆਂ-ਡੌਲਿਆਂ ਉਤਲੇ ਹਿੱਸੇ ਨਾਲ ਬਿਨਾਂ ਹੱਥ ਲਾਇਆਂ ਪੂੰਝ ਲੈਂਦਾ। ਮਾਂ ਤੋਂ ਮੋਹਰੇ ਦੌੜ ਕੇ ਘਰ ਪਹੁੰਚ ਜਾਂਦਾ।

ਇਨ੍ਹਾਂ ਖੱਡੀਆਂ ਉੱਤੇ ਫ਼ੌਜ ਲਈ ਤੌਲੀਏ ਬੁਣੇ ਜਾਂਦੇ। ਲਹਿਰੀਆ ਬੁਣਿਆ ਜਾਂਦਾ। ਸਿਲਕ-ਲੀਲਨ ਦੀ 110-110 ਗ਼ਜ਼ ਦੀ ਤਾਣੀ ਅਤੇ 30-30 ਗਜ਼ ਦਾ ਥਾਨ ਹੁੰਦਾ। ਜਦੋਂ ਸਿਲਕੀ ਤਾਣੀ ਨੂੰ ਖੱਡੀ ਅਤੇ ਖੁੰਡੇ ਵਿਚਾਲਿਓਂ ਕੁਝ ਝੋਲ ਪੈ ਜਾਂਦਾ ਤਾਂ ਭਾਈਆ ਮੂੰਹ ਵਿੱਚ ਪਾਣੀ ਭਰ ਕੇ ਫ਼ਰਾਟਾ ਮਾਰਦਾ। ਮੈਂ ਆਪਣੇ ਵਰਗਾ ਨਿੱਕਾ ਜਿਹਾ ਹਾਸਾ ਹੱਸਦਾ। ਭਾਈਆ ਦੋ ਤਿੰਨ ਵਾਰ ਇਉਂ ਪਾਣੀ ਬੁਲਕਦਾ ਤਾਂ ਤਾਣੀ ਐੱਨ ਤਣ ਜਾਂਦੀ। ਉਹ ਫਿਰ ਹੱਥਾਂ ਦੇ ਦਸਾਂ ਨਹੁੰਆਂ ਤੇ ਪੈਰਾਂ ਦੇ ਦਸਾਂ ਨਹੁੰਆਂ ਨੂੰ ਫ਼ੁਰਤੀ ਨਾਲ ਹਰਕਤ ਵਿੱਚ ਲੈ ਆਉਂਦਾ।

“ਤਾਣੀ ਦਾ ਉਦੋਂ ਸਾਲਾ ਮਿਲਦਾ ਕੀ ਸੀ, ਪੰਜ ਰੁਪਏ ਥਾਨ ਦੇ। ਤਾਣੀ ਦਾ ਸਾਰਾ ਕੱਚਾ ਮਾਲ ਹੁਸ਼ਿਆਰਪੁਰ ਦੇ ਪਿੰਡਾਂ ਜੌੜਾ, ਖ਼ਾਨਪੁਰ, ਚੰਡਿਆਲ, ਖ਼ਲਾਸਪੁਰ ਦੇ ਮੁਸਲਮਾਨ ਜੁਲਾਹਿਆਂ ਤੇ ਨੈਣੋਆਲੀਏ ਮੁਣਸ਼ੀ ਤੋਂ ਬੁਣਨ ਲਈ ਲਿਆਈਦਾ ਸੀ। ਸਾਰਾ ਪੈਂਡਾ ਪੈਰੀਂ ਤੈਅ ਕਰਨਾ ਤੇ ਦੋ-ਦੋ ਮਣ ਦੀਆਂ ਗੰਢਾਂ ਸਿਰ ਉੱਤੇ ਚੁੱਕ ਕੇ ਲਿਆਉਣੀਆਂ। ਕਦੀ ਕੜਾਕੇ ਦੀ ਧੁੱਪ, ਕਦੀ ਮੀਂਹ, ਕਦੀ ਨ੍ਹੇਰੀ, ਕਦੀ ਕਹਿਰ ਦੀ ਠੰਢ। ਫਿਰ ਵੀ ਤੁਰੇ ਰਹੀਦਾ ਸੀ।” ਭਾਈਏ ਨੇ ਝੂਰਦਿਆਂ ਹੋਇਆਂ ਇੱਕ ਹੋਰ ਅਕੱਥ-ਕਥਾ ਆਰੰਭ ਲਈ। ਹੁਣ ਮੈਂ ਦੇਖਦਾ ਹਾਂ ਕਿ ਇਹ ਪਿੰਡ ਸੱਤ ਤੋਂ ਸਤਾਈ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਹੋਏ ਹਨ।

“ਅਸੀਂ ਤਾਂ ਖਬਰੇ ਪੈਦਾ ਈ ਜ਼ੁਲਮ ਝੱਲਣ ਨੂੰ ਹੋਏ ਆਂ, ਕਾਹਦਾ ਜੀਣਾ ਸੀ ਉਦੋਂ ਸਾਡਾ।” ਭਾਈਏ ਨੇ ਦੁਖਦੀ ਰਗ਼ ’ਤੇ ਇੱਕ ਵਾਰ ਫਿਰ ਹੱਥ ਰੱਖਿਆ।

“ਇਕ ਵਾਰੀ ਪਤਾ ਕੀ ਹੋਇਆ? ਭੋਗਪੁਰ ਦੀ ਚੌਂਕੀ ਦਾ ਦਰੋਗਾ ਅਈਥੇ ਖੱਡੀਆਂ ਵਿੱਚ ਆ ਗਿਆ। ਧਰਮ ਨਾ ਬੜਾ ਜਵਾਨ ਸੀ ਸਾਲਾ ਉਹ ਲਾਲਾ। ਮਈਨੂੰ ਤੇ ਧੰਨੇ ਨੂੰ ਕਹਿਣ ਲੱਗਾ ਪਈ ਭਲਕੇ ਥਾਨ ਲੈ ਕੇ ਠਾਣੇ ਆਇਓ। ਬੰਨ੍ਹੋਗਿਰੀ ਨੂੰ ਅਸੀਂ ਕਿੰਨੇ ਸਾਰੇ ਥਾਨ ਲੈ ਗਏ। ਉਹਨੇ ਇੱਕ ਇਕ ਥਾਨ ਸਾਡੇ ਦੋਹਾਂ ਕੋਲੋਂ ਛਾਂਟ ਕੇ ਰੱਖ ਲਿਆ। ਅਸੀਂ ਖੜ੍ਹੇ ਰਹੇ ਪਈ ਕੁਛ ਦਊਗਾ। ਸਗੋਂ ਉਲਟਾ ਦਬਕਾ ਮਾਰ ਕੇ ਭੈਣ ਦਾ ਖਸਮ ਕਹਿਣ ਲੱਗਾ, ਦੌੜ ਜਾਓ, ਮੇਰੇ ਮੂੰਹ ਅਲ ਕੀ ਦੇਖਦੇ ਆਂ। ਧਰਮ ਨਾ ਸਾਡੀਆਂ ਲੱਤਾਂ ਕੰਬਣ ਲੱਗ ਪਈਆਂ। ਅਸੀਂ ਦਬਾ ਸੱਟ ਠਾਣਿਓਂ ਨਿਕਲ ਪਏ ਪਈ ਕਿਤੇ ਕੋਈ ਹੋਰ ਮਾਂ ਦਾ ਯਾਰ ਆ ਕੇ ਠੱਗੀ ਨਾ ਮਾਰ ਲਏ।” ਭਾਈਆ ਗੱਲ ਨੂੰ ਵਿਸਥਾਰ ਦਿੰਦਾ ਰਿਹਾ। ਕੁਝ ਪਲਾਂ ਬਾਅਦ ਉਹ ਫਿਰ ਆਪਣੀ ਪਹਿਲੀ ਗੱਲ ਉੱਤੇ ਆ ਗਿਆ, ‘ਇਨ੍ਹਾਂ ਖੱਡੀਆਂ ਵਿੱਚ ਬੜੀਆਂ ਰੌਣਕਾਂ ਹੁੰਦੀਆਂ ਸੀ।’

ਇਹ ਸੁਣ ਕੇ ਮੈਂਨੂੰ ਬਾਲ-ਵਰੇਸ ਵਿੱਚ ਇਸ ਬੋਹੜ ਦੇ ਝੜ ਗਏ ਪੀਲੇ ਪੱਤਿਆਂ ਦੀਆਂ ਬਣਾਈਆਂ ਭੰਬੀਰੀਆਂ ਘੁੰਮਦੀਆਂ ਦਿਸੀਆਂ ਜਦੋਂ ਮੈਂ ਹਵਾ ਦੇ ਉਲਟ ਦੌੜਦਾ ਹਵਾ ਹੋ ਜਾਂਦਾ ਸੀ। ਇਹ ਚੇਤੇ ਕਰਦਿਆਂ ਮੇਰੇ ਤਨ-ਮਨ ਉੱਤੇ ਰੌਣਕ ਇਸ ਬੋਹੜ-ਪਿੱਪਲ ਦੀ ਛਾਂ ਵਾਂਗ ਪਸਰ ਗਈ। ਵਿਆਹਾਂ-ਸ਼ਾਦੀਆਂ ਵੇਲੇ ਬੋਹੜ ਦੇ ਡਾਹਣਿਆਂ ਨਾਲ ਬੰਨ੍ਹੇ ਲਾਊਡ ਸਪੀਕਰ ਸਾਕਾਰ ਹੋ ਗਏ। ਜਾਦੂਗਰਾਂ ਤੇ ਤਮਾਸ਼ਾ ਦਿਖਾਉਣ ਵਾਲਿਆਂ ਵਲੋਂ ਦੇਸੀ ਠੇਕੇ ਦੀ ਸ਼ਰਾਬ ਦੀਆਂ ਬੋਤਲਾਂ, ਅਣਸੀਤੇ ਕੱਪੜਿਆਂ ਦੇ ਸੂਟ ਤੇ ਹੋਰ ਕਿੰਨਾ ਸਾਮਾਨ ਕੱਢੇ ਜਾਣ ਨਾਲ ਮੈਂ ਅੰਦਰ ਹੀ ਅੰਦਰ ਖ਼ੁਸ਼ ਹੋ ਕੇ ਰਹਿ ਗਿਆ। ਪਿੱਤਲ ਦੇ ਭਾਂਡੇ ਕਲੀ ਕਰਦੇ ਕਾਰੀਗਰ ਦੀ ਅੰਗੀਠੀ ਦੇ ਧੂੰਏਂ ਨਾਲ ਮੈਂਨੂੰ ਹੁੱਥੂ ਆਉਂਦਾ ਮਹਿਸੂਸ ਹੋਇਆ।

“ਸਾਡਾ ਦਵਾਨ (ਮੇਰਾ ਤਾਇਆ ਦੀਵਾਨ ਚੰਦ) ਹੀਰ ਦਾ ਕਿੱਸਾ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਬੜੀ ਹਾਲੇ ਦੀ ’ਵਾਜ ਸੀ। ਅੱਧਾ ਪਿੰਡ ’ਕੱਠਾ ਹੋ ਜਾਂਦਾ ਸੀ।” ਭਾਈਏ ਨੇ ਕਿਹਾ। ਹੁਣ ਉਹਦੇ ਮੂੰਹ ’ਤੇ ਹਲਕੀ ਜਿਹੀ ਮੁਸਕਾਨ ਉੱਭਰੀ।

ਇਸੇ ਦੌਰਾਨ ਮੈਂਨੂੰ ਅੰਨ੍ਹੇ ਸਾਧ, ਗਰੀਬ ਦਾਸ ਦਾ ਖ਼ਿਆਲ ਆਇਆ ਜੋ ਗਰਮੀਆਂ ਨੂੰ ਬੋਹੜ ਥੱਲੇ ਪੂਰਨ ਭਗਤ, ਕੌਲਾਂ, ਤਾਰਾ ਰਾਣੀ ਅਤੇ ਦਹੂਦ ਦਾ ਕਿੱਸਾ ਸੁਣਾਉਂਦਾ ਹੁੰਦਾ ਸੀ। ਉਹ ਇੱਕ ਹੱਥ ਨਾਲ ਤੂੰਬਾ (ਇਕ ਤਾਰਾ) ਅਤੇ ਦੂਜੇ ਹੱਥ ਵਿੱਚ ਪਾਈਆਂ ਖੜਤਾਲਾਂ ਵਜਾਉਂਦਾ। ਉਹ ਵਿੱਚ-ਵਿਚਾਲੇ ਪ੍ਰਸੰਗ ਸਹਿਤ ਕਥਾ-ਵਿਆਖਿਆ ਕਰਦਾ। ਨਾਲ਼ੋ ਨਾਲ ਹੁੱਕੇ ਦਾ ਘੁੱਟ ਵੀ ਭਰ ਲੈਂਦਾ। ਉਹਦੀ ਲੰਮੀ, ਭਰਵੀਂ ਬੱਗੀ ਦਾਹੜੀ ਤੇ ਮੁੱਛਾਂ ਧੁਆਂਖ ਹੋ ਕੇ ਲਾਖੇ ਰੰਗ ਦੀਆਂ ਹੋ ਗਈਆਂ ਸਨ ਅਤੇ ਉਹਦੇ ਗੇਰੂਏ ਰੰਗ ਦੇ ਚੋਲੇ ਨਾਲ ਇਕਮਿਕ ਹੋਣ ਦਾ ਝਉਲਾ ਪੈਂਦਾ ਸੀ। ਉਹਦੇ ਸੰਘਣੇ ਕੇਸਾਂ ਵਿੱਚ ਜੂੰਆਂ ਤੇ ਲੀਖਾਂ ਦੀ ਭਰਮਾਰ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਜਦੋਂ ਉਹ ਆਪਣੀ ਪੱਗ ਹੇਠਾਂ ਲਗਾਤਾਰ ਖਨੂਹਾ ਫੇਰਦਾ। ਗਰੀਬ ਦਾਸ ਨੂੰ ਸਾਰੇ ‘ਅੰਨ੍ਹਾ ਸਾਧ’ ਹੀ ਕਹਿੰਦੇ। ਗਾਉਣ ਦੌਰਾਨ ਕਈ ਵਾਰ ਉਹ ਮੈਂਨੂੰ ਕਹਿੰਦਾ, ‘ਗੁੱਡ, ਚਿਲਮ ਵਿੱਚ ਅੱਗ ਧਰ ਦੇ।” ਉਹ ਅੱਧੀ-ਅੱਧੀ ਰਾਤ ਤਕ ਗਾਉਂਦਾ ਰਹਿੰਦਾ। ਤੁਰਨ ਵੇਲੇ ਉਹਨੂੰ ਕੋਈ ਨਿਉਂਦਾ ਦਿੰਦਾ, ‘ਮਾਰ੍ਹਾਜ ਭਲਕੇ ਸਾਡੇ ਅਲ ਪ੍ਰਸ਼ਾਦਾ ਛਕ ਲਿਓ।’

ਇੱਕ ਹੋਰ ਅੰਨ੍ਹੇ ਸਾਧ ਦਾ ਮੈਂਨੂੰ ਚੇਤਾ ਆਇਆ ਜਿਸ ਨੇ ਆਪਣਾ ਨਾਂ ਅਸਲਾਮ ਰੱਖਿਆ ਹੋਇਆ ਸੀ। ਉਹ ਬਹੁਤ ਭਰਵੇਂ ਜੁੱਸੇ ਦਾ ਸੀ। ਹੱਥ ਵਿੱਚ ਸੰਮਾਂ ਵਾਲੀ ਡਾਂਗ ਰੱਖਦਾ ਤੇ ਹਰਾ ਚੋਲਾ ਤੇ ਹਰੀ ਟੋਪੀ ਪਹਿਨਦਾ। ਸਾਲ ਵਿੱਚ ਦੋ ਤਿੰਨ ਵਾਰ ਆ ਕੇ ਸਾਡੇ ਪਿੰਡ ਕੁਝ ਦਿਨਾਂ ਤਕ ਰਹਿੰਦਾ। ਸਾਡੇ ਘਰ ਦੇ ਬਿਲਕੁਲ ਨਾਲ ਦੇ ਘਰ - ਮੇਰੇ ਭਾਈਏ ਹੁਰਾਂ ਦੇ ਤਾਏ ਦੇ ਪੁੱਤ ਕੋਲ। ਉਹ ਕੱਵਾਲੀ, ਕਾਫ਼ੀ ਤੇ ਹੋਰ ਧਾਰਮਿਕ ਗੀਤ ਗਾਉਂਦਾ। ਉਹ ਹਾਰਮੋਨੀਅਮ ਜਾਂ ਸਾਰੰਗੀ ਵਜਾਉਂਦਾ। ਉਹਦੇ ਹੋਰ ਮੁਰੀਦ ਜੋੜੀ ਤੇ ਸਾਰੰਗੀ ਵਜਾਉਂਦੇ। ਉਹਨੂੰ ਹਾਲ ਜਿਹਾ ਚੜ੍ਹ ਜਾਂਦਾ। ਉਹਦੀ ਆਵਾਜ਼ ਉੱਚੀ ਹੁੰਦੀ ਜਾਂਦੀ ਜੋ ਥੰਮ੍ਹਣ ਵਿੱਚ ਨਾ ਆਉਂਦੀ। ਉਹ ਸਾਧ ਸੀ ਤਾਂ ਸਾਡੀ ਬਰਾਦਰੀ ਦਾ ਪਰ ਉਸ ਨੇ ਇਸਲਾਮ ਨੂੰ ਅੰਗੀਕਾਰ ਕਰ ਲਿਆ ਸੀ, ਸਮਾਜਿਕ ਬਰਾਦਰੀ ਖ਼ਾਤਰ। ਉਹਦੇ ਪ੍ਰਵਚਨਾਂ ਸਦਕਾ ਮੇਰੇ ਆਪਣੇ ਤਾਏ ਦੇ ਤਿੰਨਾਂ ਪੁੱਤਰਾਂ ਨੇ ਉਸ ਨੂੰ ਆਪਣਾ ਮੁਰਸ਼ਦ ਬਣਾ ਲਿਆ ਸੀ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਰਪੂਰ ਗਿਆਨ ਸੀ। ਉਹ ਕਈ ਗ੍ਰੰਥੀਆਂ ਦੇ ਗ਼ਲਤ ਗੁਰਬਾਣੀ ਉਚਾਰਣ ਨੂੰ ਫੜ ਲੈਂਦਾ ਤੇ ਸਰੇਆਮ ਫ਼ਿਟਕਾਰਦਾ। ਉਹ ਲਲਕਾਰਦਾ, ‘ਮੇਰੇ ਕੋਲੋਂ ਪੁੱਛੋ ਕਿਹੜਾ ਸ਼ਬਦ ਕਿੰਨਵੇਂ ਸਫ਼ੇ ’ਤੇ ਆ - ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਪਿਛਲੇ ਪਾਸਿਓਂ ਪੜ੍ਹਾ ਲਵੋ।” ਪਿੰਡ ਦੇ ਕਈ ਲੋਕ ਉਹਦੇ ਵਿਚਾਰ ਸੁਣਨ ਲਈ ਆਉਂਦੇ।

“ਇਕ ਵਾਰ ਸਾਡੇ ਮਹਿਨੇ ਵਾਲੇ ਸੰਤਾਂ ਨੇ ਇਨ੍ਹਾਂ ਖੱਡੀਆਂ ਵਾਲੇ ਥਾਂ, ਇਸ ਬੋਹੜ ਥੱਲੇ ਦਰਬਾਰ ਸਾਹਿਬ ਦਾ ਖੰਡ (ਅਖੰਡ) ਪਾਠ ਕਰਾਇਆ।” ਇਹ ਗੱਲ ਤੋਰ ਕੇ ਭਾਈਏ ਨੇ ਜਿਵੇਂ ਮੇਰੇ ਖ਼ਿਆਲਾਂ ਦੀ ਲੜੀ ਹੋਰ ਜੋੜਨ ਤੋਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਮੈਂ ਬਹੁਤ ਛੋਟਾ ਸੀ ਪਰ ਮੇਰੇ ਸਾਹਮਣੇ ਸੰਤ ਰਾਮ ਲਾਲ ਦਾ ਗੋਰਾ ਨਿਛੋਹ ਚਿਹਰਾ ਪ੍ਰਗਟ ਹੋਇਆ ਜੋ ਉਨ੍ਹਾਂ ਦੀ ਦੁੱਧ ਵਰਗੀ ਚਿੱਟੀ ਦਾਹੜੀ ਨਾਲ ਮੇਲ ਖਾ ਰਿਹਾ ਸੀ। ਗੁਣੀ-ਗਿਆਨੀ ਹੋਣ ਕਰ ਕੇ ਸਾਰੇ ਪਿੰਡ ਵਿੱਚ ਉਨ੍ਹਾਂ ਦੀ ਚੰਗੀ ਮਾਨਤਾ ਸੀ। ਭੋਗ ਵੇਲੇ ਪਿੰਡ ਦੀਆਂ ਤਕਰੀਬਨ ਸਾਰੀਆਂ ਬਿਰਾਦਰੀਆਂ ਦੇ ਲੋਕ ਉਨ੍ਹਾਂ ਦੇ ਬਚਨ ਸੁਣਨ ਆਏ। ਜਦੋਂ ਪ੍ਰਸ਼ਾਦ ਵੰਡ ਹੋਣ ਲੱਗਾ ਤਾਂ ਉਹ ਵਾਰੋ-ਵਾਰੀ ਹੱਥ ਧੋਣ ਜਾਂ ਪਿਸ਼ਾਬ ਕਰਨ ਦੇ ਬਹਾਨੇ ਖਿਸਕ ਗਏ। ਇਸ ਵਾਕਿਆ ਦੀ ਚਰਚਾ ਸਾਡੇ ਲੋਕ ਕਈ ਦਿਨਾਂ ਤਕ ਕਰਦੇ ਰਹੇ। ਕਹਿੰਦੇ, ‘ਭਲਾ ਜੇ ਪ੍ਰਸ਼ਾਦ ਨਹੀਂ ਲੈਣਾ ਸੀ ਤਾਂ ਆਏ ਥਣ ਲੈਣ ਸੀ?’

... ਤੇ ਬਰਸਾਤਾਂ ਨੂੰ ਬੁਣਾਈ ਦਾ ਕੰਮ ਬਾਹਲਾ ਹੀ ਘਟ ਜਾਂਦਾ। ਇਸ ਕਰਕੇ ਕਿ ਮੇਰੇ ਇਨ੍ਹਾਂ ਲੋਕਾਂ ਨੇ ਪਿੰਡ ਦੇ ਜਾਂ ਲਾਗਲੇ ਪਿੰਡਾਂ ਸੋਹਲਪੁਰ, ਮਾਣਕਢੇਰੀ, ਰਾਸਤਗੋ, ਸਿਕੰਦਰਪੁਰ, ਢੱਡਾ-ਸਨੌਰਾ ਦੇ ਜੱਟਾਂ-ਜ਼ਮੀਂਦਾਰਾਂ ਤੋਂ ਮੱਝਾਂ ਅਧਿਆਰੇ ਉੱਤੇ ਜਾਂ ਪੰਜ-ਦਵੰਜੀ ਹਿੱਸੇ ਉੱਤੇ ਲਈਆਂ ਹੁੰਦੀਆਂ ਜਿਨ੍ਹਾਂ ਨੂੰ ਬੋਹੜ ਥੱਲੇ ਬੰਨ੍ਹਦੇ। ਲੱਸੀ-ਦਹੀਂ ਨਾਲ ਬੋਹੜ ਕੋਲ ਦੇ ਖੂਹ ਵਿੱਚੋਂ ਪਾਣੀ ਦੇ ਡੋਲ ਕੱਢ ਕੇ ਨਹਾਉਂਦੇ। ਪੂਛਾਂ ਮੁੰਨਦੇ, ਧਲਿਆਰੇ ਪਾਉਂਦੇ। ਮੇਰਾ ਭਾਈਆ ਮੱਝਾਂ ਦੇ ਗੱਲਾਂ ਵਿੱਚ ਟੱਲੀਆਂ ਤੇ ਪੈਰਾਂ ਵਿੱਚ ਝਾਂਜਰਾਂ ਪਾਉਂਦਾ। ਸਾਡਾ ਸਾਰਾ ਟੱਬਰ ਇਨ੍ਹਾਂ ਦੇ ਅੱਗੇ ਪਿੱਛੇ ਹੀ ਰੁੱਝਾ ਰਹਿੰਦਾ। ਅਸੀਂ, ਮੇਰਾ ਭਾਈਆ, ਮੇਰਾ ਵੱਡਾ ਭਰਾ ਤੇ ਮੈਂ ਪਿੰਡ ਕੋਲੋਂ ਦੀ ਵਗਦੇ ਚੋਅ ਵਿੱਚੋਂ ਜਾਂ ਟਿੱਬੇ ਤੋਂ ਰੇਤਾ ਲਿਆ ਕੇ ਇਨ੍ਹਾਂ ਦੇ ਥੱਲੇ ਪਾਉਂਦੇ। ਸਿਆਲਾਂ ਨੂੰ ਮੈਂ ਤੇ ਬਖਸ਼ੀ ਰਾਹਾਂ ਕਿਨਾਰੇ ਦੀਆਂ ਟਾਹਲੀਆਂ ਤੋਂ ਝੜੇ-ਖਿੱਲਰੇ ਪੱਤਿਆਂ ਨੂੰ ਹੂੰਝ ਲਿਆਉਂਦੇ। ਕਦੀ-ਕਦੀ ਖੇਤਾਂ ਵਿੱਚੋਂ ਗੰਨਿਆਂ ਦੀ ਖੋਰੀ ਜੱਟਾਂ ਤੋਂ ਚੋਰੀ ਇਕੱਠੀ ਕਰ ਲਿਆਉਂਦੇ ਤੇ ਪਸ਼ੂਆਂ ਹੇਠਾਂ ਪਾਉਂਦੇ।

ਜਦੋਂ ਮੱਝਾਂ-ਝੋਟੀਆਂ ਸੂਣ ਵਾਲੀਆਂ ਹੁੰਦੀਆਂ ਤਾਂ ‘ਵਾਜਬ’ ਮੁੱਲ ਪੈਂਦਾ। ਅਕਸਰ ਜੱਟ ਖ਼ਰੀਦਦੇ। ਇਉਂ ਮੇਰਾ ਭਾਈਆ ਸਾਲ, ਡੇਢ ਸਾਲ ਬਾਅਦ ਮੱਝ ਦਾ ਰੱਸਾ-ਸੰਗਲ ਖੋਲ੍ਹ ਕੇ ਜੱਟ ਦੇ ਹੱਥ ਫੜਾਉਂਦਾ। ਘਰ ਦੇ ਜੀਆਂ ਦੇ ਮੂੰਹ ਲੱਥ ਜਿਹੇ ਜਾਂਦੇ।

ਕਦੀ-ਕਦੀ ਮੱਝ ਸਾਡੇ ਘਰ ਹੀ ਸੂਅ ਪੈਂਦੀ। ਮੈਂ ਕੱਟੀ-ਕੱਟੇ ਨਾਲ ਖੇਡਦਾ, ਲਾਡ ਕਰਦਾ। ਜਦੋਂ ਕਟੜੂ ਰੱਸਾ ਚੱਬਦਾ ਤਾਂ ਮੈਂ ਹੁੱਬਦਾ। ਮੈਂ ਉਹਦੇ ਮੂੰਹ ਵਿੱਚ ਘਾਹ ਦੀਆਂ ਲੈਰੀਆਂ-ਲੈਰੀਆਂ ਤਿੜ੍ਹਾਂ ਪਾਉਂਦਾ ਤਾਂ ਉਹ ਉਸ ਨੂੰ ਤੇ ਮੇਰੇ ਹੱਥ ਨੂੰ ਚੱਬਣ ਦੀ ਕੋਸ਼ਿਸ਼ ਕਰਦਾ ਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ। ਪਲ ਭਰ ਬਾਅਦ ਮੈਂ ਉਹਦਾ ਸਿਰ ਪਲੋਸਣ ਲੱਗ ਪੈਂਦਾ। ਇਸ ਮੋਹ ਕਾਰਣ ਹੀ ਮੈਂ ਮੱਝ ਪਿੱਛੇ ਜਾ ਰਹੇ ਕਟੜੂ ਲਈ ਅੜੀ ਕਰਦਾ।

“ਆਪਾਂ ਇੱਕ ਹੋਰ ਮੱਝ ਲੈ ਆਮਾਂਗੇ - ਪੰਜ ਕਲਿਆਣੀ, ਬੂਰੀ - ਮੀਮੀਂ ਜਿਹੀ।” ਕਈ ਵਾਰ ਮਾਂ ਮੈਂਨੂੰ ਪਤਿਆਉਂਦੀ।

ਭਾਈਆ ਆਪਣੇ ਪਹਿਲੇ ਘਰ ਗਈ ਮੱਝ ਦੀਆਂ ਸਿਫ਼ਤਾਂ ਕਰਦਾ ਨਾ ਥੱਕਦਾ, ‘ਧਰਮ ਨਾ ਬੜੀ ਸੁਨੱਖੀ ਸੀ। ਚੱਡਾ ਬੜਾ ਭਾਰਾ ਸੀ।” ਕਦੀ ਕਹਿੰਦਾ, ‘ਸਾਡੇ ਕੋਲ ਪੈਹੇ ਹੁੰਦੇ ਤਾਂ ਅਸੀਂ ਰੱਖ ਲੈਣੀ ਸੀ - ਸਾਨੂੰ ਤਾਰ ਦੇਣਾ ਸੀ ਉਹਨੇ - ਬੜੇ ਰਵੇ ਦੀ ਸੀ। ਪਰ ਸਾਡੀ ਸਾਲ਼ੀ ਕਿਸਮਤ ਕਿੱਥੇ ...?’

ਇਸ ਬੋਹੜ ਥੱਲੇ ਰੁਲੀਆ ਨਾਈ ਸਾਡੀਆਂ ਹਜਾਮਤਾਂ ਕਰਦਾ। ਅਸੀਂ ਸਾਰੇ ਨਿਆਣੇ ਉਹਨੂੰ ਤਾਇਆ ਸੱਦਦੇ ਹੁੰਦੇ ਸੀ। ਸਿਰ ਦੇ ਵਾਲ ਮੁੰਨਣ ਵੇਲੇ ਉਹ ਸਾਨੂੰ ਭੁੰਜੇ ਬਿਠਾ ਲੈਂਦਾ ਤੇ ਗਲੋਂ ਝੱਗਾ ਲੁਹਾ ਲੈਂਦਾ। ਉਹ ਕੋਲ ਬੈਠੇ ਤਾਏ ਮਹਿੰਗੇ ਜਾਂ ਦਲੀਪੇ ਤੋਂ ਹੁੱਕੇ ਦਾ ਘੁੱਟ ਭਰਦਾ ਰਹਿੰਦਾ। ਕਿੰਨਾ-ਕਿੰਨਾ ਚਿਰ ਬੈਠਾ ਮੈਂ ਅੱਕ-ਥੱਕ ਜਾਂਦਾ ਤੇ ਵਾਲ ਸੂਈਆਂ ਵਾਂਗ ਚੁੱਭਣ ਲੱਗ ਪੈਂਦੇ। ਕੈਂਚੀ, ਮਸ਼ੀਨ ਤੋਂ ਪਿੱਛੋਂ ਉਹਦਾ ਆਖ਼ਰੀ ‘ਹਥਿਆਰ’ ਉਸਤਰਾ ਹੁੰਦਾ। ਜਦੋਂ ਉਹ ਆਪਣੀ ਗੁੱਛੀ ਵਿੱਚੋਂ ਕੱਢਦਾ ਤਾਂ ਚਮੜੇ ਦੇ ਇੱਕ ਗੋਲ ਆਕਾਰ ਟੁਕੜੇ ਉੱਤੇ ਦੋ ਚਾਰ ਵਾਰ ਕਦੇ ਇੱਕ ਪਾਸੇ ਨੂੰ ਤੇ ਕਦੇ ਦੂਜੇ ਪਾਸੇ ਨੂੰ ਰਗੜ ਕੇ ਘਸਾਉਂਦਾ। ਫਿਰ ਉਹਦੀ ਧਾਰ ਨੂੰ ਜਾਚਦਾ ਤੇ ਸੱਜੇ ਹੱਥ ਦੀਆਂ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਨੂੰ ਪਾਣੀ ਭਰੀ ਕੌਲੀ ਵਿੱਚ ਭਿਉਂ ਕੇ ਪੁੜਪੜੀਆਂ ਤੇ ਕੰਨਾਂ ਵਿਚਾਲੇ ਦੀ ਥਾਂ ਤਰ ਕਰਦਾ। ਮੈਂ ਦਹਿਲ ਜਾਂਦਾ ਉਹ ‘ਬਸ-ਬਸ’ ਕਹਿੰਦਾ ਤਾਂ ਉਹਦੇ ਕੰਨਾਂ ਦੀਆਂ ਨੱਤੀਆਂ ਝੂਟੇ ਲੈ ਜਾਂਦੀਆਂ। ਉਹ ਫਿਰ ਮੇਰੇ ਸਾਹਮਣੇ ਜ਼ਮੀਨ ’ਤੇ ਰੱਖੇ ਛੋਟੇ ਜਿਹੇ ਸ਼ੀਸ਼ੇ ਨੂੰ ਚੁੱਕ ਕੇ ਆਪਣੀ ਕਤਰੀ ਦਾਹੜੀ ਤੇ ਮੁੱਛਾਂ ਨੂੰ ਸੁਆਰਦਾ। ਆਪਣੀਆਂ ਜਟੂਰੀਆਂ ਨੂੰ ਚਿੱਟੀ ਪਰ ਮੈਲ਼ੀ ਪੱਗ ਹੇਠਾਂ ਕਰਦਾ। ਜਦੋਂ ਭਾਈਆ ਕੱਟੇ ਵਾਲਾਂ ਨੂੰ ਦੇਖਦਾ ਤਾਂ ਟਿੱਪਣੀ ਕਰਦਾ, ‘ਕੰਜਰ ਦੀ ਸਾਰੀ ਉਮਰ ਨੰਘ ਗਈ - ਵਾਲ ਮੁੰਨਣੇ ਨਾ ਆਏ, ਦੇਖ ਕਿੱਦਾਂ ਧਲ਼ੀਆਂ ਪਾ ਤੀਆਂ। ਦੇਖ ਤਾਂ ਸਈ ਸੀਬੋ, ਸਾਲ਼ੇ ਨੇ ਇੱਧਰ ਵੀ ਮੁੰਡੇ ਦੇ ਹਰੜਾਂ ਪਾ ਤੀਆਂ।’

ਇੱਕ ਵਾਰੀ ਮੈਂ ਭਾਈਏ ਤੋਂ ਪੁੱਛਿਆ, ‘ਤਾਇਆ ਸਾਡੇ ਵਾਲ ਕੱਟਣ ਢੱਡਿਆਂ (ਚਾਰ ਕਿਲੋਮੀਟਰ ਦੂਰ ਪਿੰਡ) ਤੋਂ ਆਉਂਦਾ ਆ, ਸਾਡੇ ਪਿੰਡ ਤਾਇਆ ਗਿਆਨੂੰ ਤੇ ਉਹਦਾ ਭਾਈਆ, ਬਾਬਾ ਨੱਥਾ ਸੁੰਹ ਜੁ ਹੈਗੇ ਆ।’

“ਉਹ ਹਿੰਦੂ ਨਾਈ ਆ। ਸਾਡੇ ਵਾਲ ਨਹੀਂ ਮੁੰਨਦੇ।” ਭਾਈਆ ਇਹ ਕਹਿ ਕੇ ਕਿਸੇ ਹੋਰ ਕੰਮ ਵਿੱਚ ਰੁੱਝ ਗਿਆ। ਗੱਲ ਬਹੁਤੀ ਮੇਰੇ ਪੱਲੇ ਨਾ ਪਈ। ਪਰ ਤਾਏ ਗਿਆਨੂੰ ਨੂੰ ਮੈਂ ਕਈ ਵਾਰ ਜੱਟਾਂ ਦੇ ਪਸ਼ੂਆਂ ਦੀਆਂ ਪੂਛਾਂ ਮੁੰਨਦੇ ਦੇਖਿਆ ਸੀ।

ਬੋਹੜ-ਪਿੱਪਲ ਹੇਠਲੀ ਖੱਡੀਆਂ ਵਾਲੀ ਖੁੱਲ੍ਹੀ ਸਾਫ਼-ਸੁਥਰੀ ਥਾਂ ਕਾਰਣ ਇੱਥੇ ਕੋਈ ਨਾ ਕੋਈ ਸਰਗਰਮੀ ਰਹਿੰਦੀ। ਕੁੜੀਆਂ-ਮੁੰਡਿਆਂ ਦੇ ਵਿਆਹਾਂ ਦੇ ਦਿਨ ਬੰਨ੍ਹ ਹੁੰਦੇ। ਵਿਆਹ ਹੁੰਦੇ। ਜਨੇਤਾਂ ਦੇ ਉਤਾਰੇ ਹੁੰਦੇ। ਮਰਗ ਵੇਲੇ ਲੋਕ ਇੱਥੇ ਫੂਹੜੀ ’ਤੇ ਬਹਿੰਦੇ।

ਇਸ ਬੋਹੜ-ਪਿੱਪਲ ਸਦਕਾ ਸਾਡਾ ਮੁਹੱਲਾ ਸਮੁੱਚੇ ਪਿੰਡ ਦੇ ਮਨੋਰੰਜਨ ਦਾ ਸਾਧਨ ਵੀ ਸੀ। ਇਸ ਥਾਂ ਨਕਲਾਂ ਹੁੰਦੀਆਂ। ‘ਸਾਲ’ ਹੁੰਦਾ। ‘ਸਾਲ’ ਦੀ ਰਸਮ ਸਾਲ ਪਿੱਛੋਂ ਅਕਸਰ ਬਰਸਾਤ ਤੋਂ ਬਾਅਦ ਮਾਲ-ਡੰਗਰ ਦੀ ਖ਼ੈਰ-ਸੁਖ ਲਈ ਨਿਭਾਈ ਜਾਂਦੀ ਜੋ ਚਮਾਰਾਂ ਦੇ ਫ਼ਰਜ਼ਾਂ ਵਿੱਚ ਸ਼ਾਮਿਲ ਸੀ। ਇਸਦੀਆਂ ਤਿਆਰੀਆਂ ਮਹੀਨਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਅਸੀਂ ਚੜ੍ਹਦੀ ਉਮਰ ਦੇ ਮੁੰਡੇ ਆਪਣੇ ਤੋਂ ਵੱਡਿਆਂ ਨਾਲ ‘ਸਾਲ’ ਵਾਸਤੇ ਸਮੱਗਰੀ ਤੇ ਹੋਰ ਰਸਮਾਂ ਨਿਭਾਉਣ ਵਾਲੇ ਚੇਲਿਆਂ ਅਤੇ ਨਕਲੀਆਂ ਵਾਸਤੇ ਰਸਦ ਲਈ ਪੰਜ-ਪਾ-ਪੂਛ ਦੇ ਹਿਸਾਬ ਨਾਲ ਅਨਾਜ ਘਰ-ਪਰਤੀ ਉਗਰਾਹੁਣ ਜਾਂਦੇ। ਸਾਡੇ ਅਤੇ ਕਈ ਹੋਰ ਗਰੀਬ ਜੱਟ ਪਰਿਵਾਰਾਂ ਦੇ ਘਰੀਂ ਦਾਣੇ ਫ਼ੱਕੇ ਦੀ ਕਮੀ ਹੁੰਦੀ ਜਿਸ ਕਰ ਕੇ ਉਹ ਆਪਣੇ ਪਸ਼ੂਆਂ ਦੀ ਗਿਣਤੀ ਘਟਾ ਕੇ ਦੱਸਦੇ।

“ਸਾਲ’ ਪਸ਼ੂਆਂ ਦੀ ਮੂੰਹ-ਖੁਰ ਦੀ ਬੀਮਾਰੀ ਨੂੰ ਹਟਾਉਣ ਤੇ ‘ਸਿੱਧ’ ਦੇਵਤੇ ਨੂੰ ਰਿਝਾਉਣ ਲਈ ਹੁੰਦਾ। ਇਸਦੀਆਂ ਰਸਮਾਂ ਸੰਪੂਰਨ ਕਰਨ ਵਾਲੇ ‘ਭਗਤਾਂ’ ਦਾ ਮੁਖੀਆ ਕਡਿਆਣੇ ਵਾਲਾ ਕਿਰਪਾ ਹੁੰਦਾ। ਉਹ ਬਹੁਤ ਉੱਚਾ-ਲੰਮਾ ਤੇ ਚੌੜੀ ਛਾਤੀ ਵਾਲਾ ਸੀ। ਉਸ ਨੇ ਭਗਵੇਂ ਕੱਪੜੇ ਪਾਏ ਹੁੰਦੇ ਤੇ ਗੱਲ ਵਿੱਚ ਕਈ ਮਾਲਾ। ਉਹਦੀ ਧੀ ਨੰਤੀ ਸਾਡੇ ਘਰਾਂ ਵਿੱਚ ਵਿਆਹੀ ਹੋਈ ਸੀ ਤੇ ਉਹਦਾ ਜਵਾਈ ਮੱਸਾ ਵੀ ਚੇਲਿਆਈ ਕਰਦਾ ਸੀ। ਉਹ ਆਪਣੇ ਆਪ ਨੂੰ ਮੱਸਾ ਸਿੰਘ ਕਹਾਉਂਦਾ ਪਰ ਮਢੀਰ ਉਹਨੂੰ ਮੱਸਾ ਰੰਘੜ ਹੀ ਕਹਿੰਦੀ - ਪਿੱਠ ਪਿੱਛੇ। ਕਿਸੇ ਦੀ ਮੱਝ-ਗਾਂ ਦੁੱਧ ਨਾ ਦਿੰਦੀ ਤਾਂ ਉਹ ਆਟੇ ਦੇ ਪੇੜੇ ਨੂੰ ਹੱਥ ਵਿੱਚ ਫੜ ਕੇ ਮੂੰਹ ਵਿੱਚ ਬੁੜਬੁੜ ਕਰਦਾ ਤੇ ਫਿਰ ਰੁਕ-ਰੁਕ ਫੂਕਾਂ ਮਾਰਦਾ। ਬਾਅਦ ਵਿੱਚ ਪੇੜਾ ਕਰਾਉਣ ਆਈ ਬਾਰੇ ਹੁੱਬ ਕੇ ਕਹਿੰਦਾ, “ਸਾਲੀ ਰਵਿਆਂ ਦੀ, ਗਾਂ ਨੂੰ ਪੱਠੇ ਪਾਉਂਦੀ ਨਹੀਂ, ਦੁੱਧ ਕਿਤੇ ਅਸਮਾਨੋਂ ਡਿਗ ਪੈਣਾ ਭਲਾ!” ਉਹ ਗੱਲਾਂ-ਗੱਲਾਂ ਵਿੱਚ ਮਿੱਠੀਆਂ ਮਸ਼ਕਰੀਆਂ ਵੀ ਕਰ ਲੈਂਦਾ, ‘ਆ ਗਈ ਲੈ ਕੇ ਹੱਥ ਹੌਲਾ ਕਰਾਉਣ, ਅਖੇ ਭਾਈਆ ਵਹੁਟੀ ਦੇ ਪੈਰ ਭਾਰੇ ਨਹੀਂ ਹੁੰਦੇ - ਪਈ ਭਾਈਆ ਇਹਦੇ ਵਿੱਚ ਕੀ ਕਰੇ ...।” ਉਹ ਕਈ ਵਾਰ ਮਸ਼ਕੂਲੇ ਵਾਲੀ ਗੱਲ ਨੱਕ ਵਿੱਚ ਬੋਲਦਾ।

‘ਸਾਲ’ ਦੀ ਸ਼ੁਰੂਆਤ ਸਾਡੇ ਘਰ ਪਿਛਲੀ ਚੜ੍ਹਦੀ ਕੱਚੀ ਕੰਧ ਨਾਲ ਮਿੱਟੀ ਦੀ ਇੱਕ ਨਿੱਕੀ ਜਿਹੀ ਲਿੱਪੀ ਪੋਚੀ ਥੜ੍ਹਾ ਨੁਮਾ ਢੇਰੀ ਉੱਤੇ ਬਾਬਾ ਸਿੱਧ ਚਾਨੋ ਦੇ ਨਾਂ ’ਤੇ ਕੁਝ ਸਲੋਕ-ਮੰਤਰ ਪੜ੍ਹਨ ਨਾਲ ਹੁੰਦੀ। ਸੰਗਰਾਂਦ-ਮੱਸਿਆ ਨੂੰ ਸਾਡੇ ਵਿਹੜੇ ਦੇ ਲੋਕ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਇਸ ਥੜ੍ਹੇ ਉੱਤੇ ਰੋਟ-ਮੰਨੀ ਤੇ ਚੂਰਮਾ ਨਿਆਣਿਆਂ ਨੂੰ ਵੰਡਦੇ ਜੋ ਆਮ ਤੌਰ ’ਤੇ ਕਣਕ-ਮੱਕੀ ਦੇ ਆਟੇ ਤੇ ਗੁੜ ਦੇ ਰਲਾਅ ਨਾਲ ਪਕਾਏ-ਬਣਾਏ ਹੁੰਦੇ।

ਬਾਬਾ ਸਿੱਧ ਚਾਨੋ ਜਾਂ ਬਾਬਾ ਸਿੱਧ ਵਲੀ ਚਮਾਰਾਂ ਦਾ ਇੱਕ ਪ੍ਰਸਿੱਧ ਸ਼ਕਤੀਸ਼ਾਲੀ ਦੇਵਤਾ ਅਤੇ ਪਸ਼ੂਆਂ ਦਾ ਰਖਵਾਲਾ ਮੰਨਿਆ ਜਾਂਦਾ ਹੈ। ਸਵੇਰੇ-ਸ਼ਾਮ ਬਾਬਾ ਸਿੱਧ ਚਾਨੋ ਤੇ ਭਗਵਾਨ ਕ੍ਰਿਸ਼ਨ ਦਾ ‘ਅਖਾੜਾ’ ਲਗਦਾ। ਹਰਮੋਨੀਆ ਵਜਾਉਂਦਾ ‘ਭਗਤ’ ਸਲੋਕ ਪੜ੍ਹਦਾ ਤੇ ‘ਦੋ ਭਗਤ’ ਆਪਸ ਵਿੱਚ ਮੱਲਾਂ ਵਾਂਗ ‘ਕੁਸ਼ਤੀ’ ਲੜਦੇ। ਭਗਤ ਕਥਾ ਸੁਣਾਉਂਦਾ ਕਿ ਕ੍ਰਿਸ਼ਨ ਜੀ ਮਹਾਰਾਜ ਬੜੇ ਨੀਤੀਵੇਤਾ ਤੇ ਜੋਧਾ ਸਨ। ਇੱਕ ਵਾਰ ਉਨ੍ਹਾਂ ਦੀ ਬਾਬਾ ਸਿੱਧ ਚਾਨੋ ਨਾਲ ਟੱਕਰ ਹੋ ਗਈ। ਅਠਾਰਾਂ ਦਿਨ ਤਕ ‘ਅਖਾੜਾ’ ਲੱਗਾ ਰਿਹਾ। ਕ੍ਰਿਸ਼ਨ ਜੀ ਬਾਬਾ ਸਿੱਧ ਨੂੰ ਚਿੱਤ ਨਾ ਕਰ ਸਕੇ। ਅਖੀਰ, ਦਿਨ ਛਿਪਣ ਤੋਂ ਬਾਅਦ ਕ੍ਰਿਸ਼ਨ ਨੇ ਆਪਣੇ ਪੈਰ ਦੇ ਪਦਮ ਸਦਕਾ ਇਉਂ ਕਰ ਦਿੱਤਾ ਕਿ ਅਜੇ ਸੂਰਜ ਅਸਤ ਨਹੀਂ ਹੋਇਆ - ਤੇ ਆਰਾਮ ਕਰ ਰਹੇ ਬਾਬਾ ਸਿੱਧ ਨੂੰ ਧੋਖੇ ਭਰੀ ਚਾਲ ਨਾਲ ਚਿੱਤ ਕਰ ਦਿੱਤਾ ...।’

“ਅਖਾੜੇ’ ਵਾਲੇ ਆਖ਼ਰੀ ਦਿਨ ਦੀ ਰਾਤ ਨੂੰ ‘ਸਾਲ’ ਹੁੰਦਾ। ਪਿੰਡ ਦੇ ਲੋਕਾਂ ਸਣੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਕਿ ਘਰਾਂ ਦੇ ਬਨੇਰਿਆਂ ਉੱਤੇ ਤੀਵੀਆਂ, ਨਿਆਣਿਆਂ, ਸਿਆਣਿਆਂ ਦੀਆਂ ਪਾਲਾਂ ਨਾਲ ਇੱਕ ਹੋਰ ਦੀਵਾਰ ਉਸਰਦੀ ਦਿਸਦੀ। ਆਰਤੀ-ਅਰਦਾਸ ਹੁੰਦੀ - ਗੁਰੂ ਰਵਿਦਾਸ ਦੀ ਮਹਿਮਾ ਹੁੰਦੀ ਤਾਂ ‘ਭੌਰਾ’ ਚਿਮਟੇ ਨਾਲ ਮਘਦੇ ਕੋਲੇ ਫੜ-ਫੜ ਨਿਗਲਦਾ -ਚੱਬ ਕੇ ਵੀ ਖਾਂਦਾ। ਕਦੇ ਦੰਦਾਂ ਵਿਚਾਲੇ ਕੱਸ ਲੈਂਦਾ - ਅੰਦਰੋਂ ਬਾਹਰ ਨੂੰ ਫ਼ਰਾਟਾ ਮਾਰਦਾ, ਚੰਗਿਆੜੇ ਕੱਢਦਾ। ‘ਭਗਤ’ ਨਾਲੋ-ਨਾਲ ਗਾਉਂਦੇ ਰਹਿੰਦੇ, ‘ਭੌਰਾ ਅੱਗ ਖਾਏਗਾ ...।” ਲੋਕ ਹੈਰਾਨ ਹੁੰਦੇ। ਜਿਉਂ ਹੀ ਰਸਮ ਪੂਰੀ ਹੁੰਦੀ ਤਾਂ ਸਾਜਿੰਦੇ ਪੈਰੋਂ ਹੀ ਆਵਾਜ਼ ਚੁੱਕ ਦਿੰਦੇ, ‘ਥਾਅ ਥੱਈਆ, ਥਾਅ ਥੱਈਆ।’ ਨਾਲ ਹੀ ਨਚਾਰ, ਜਿਸ ਨੇ ਕੁੜੀਆਂ ਵਾਲਾ ਲਿਬਾਸ ਪਾਇਆ ਹੁੰਦਾ, ਛਾਲ ਮਾਰ ਕੇ ਜੋੜੀ-ਵਾਜੇ ਵਾਲਿਆਂ ਕੋਲ ਪਿੜ ਵਿੱਚ ਆ ਜਾਂਦਾ ਤੇ ਬੋਲ ਚੁੱਕਦਾ:

ਵਿੱਚ ਭਾਫ਼ਾਂ ਛੱਡੇ ਸਰੀਰ
ਕੁੜਤੀ ਮਲਮਲ ਦੀ

ਜਾਂ

ਲੱਕ ਮਿਣ ਨਾ ਦਰਜੀਆ ਮੇਰਾ
ਸੂਟ ਸੀ ਦੇ ਵੰਨ ਪੀਸ ਦਾ।

ਜਾਂ

ਗਲਗਲ ਵਰਗੀ ਜੱਟੀ
ਖਾ ਲਈ ਓ ਕਾਲੇ ਨਾਗ ਨੇ।

ਇਸਦੇ ਨਾਲ ਹੀ ਰੁਪਏ-ਰੁਪਏ ਦੀਆਂ ਵੇਲਾਂ ਦੀ ਸ਼ੁਰੂਆਤ ਹੋ ਜਾਂਦੀ। ਜਦੋਂ ਲਾਂਭਲੇ ਪਿੰਡ ਦਾ ਕੋਈ ਜਣਾ ਜਾਂ ਪਿੰਡ ਦੇ ਇੱਕ ਧੜੇ ਦਾ ਆਦਮੀ ਪੰਜ ਸੌ ਇੱਕ ਦੀ ਵੇਲ ਕਰਾਉਂਦਾ ਤਾਂ ਵੇਲਾਂ ਦਾ ਸਿਲਸਿਲਾ ਵੇਲ ਵਾਂਗ ਲੰਮਾ ਹੁੰਦਾ ਜਾਂਦਾ। ਨੋਟ ਟਕੂਏ, ਡਾਂਗ, ਖੂੰਡੇ ਜਾਂ ਬਰਛੇ ਨਾਲ ਬੰਨ੍ਹ ਕੇ ਉੱਚੇ ਕੀਤੇ ਜਾਂਦੇ। ਨਚਾਰ ਮੁੰਡਾ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਸੀਟੀ ਵਜਾਉਂਦਾ ਤਾਂ ਸਾਜਿੰਦੇ ਪਲ ਭਰ ਲਈ ਸਾਜ਼ਾਂ ਦੀਆਂ ਆਵਾਜ਼ਾਂ ਮੱਠੀਆਂ ਕਰ ਲੈਂਦੇ, ‘ਵੇਲ ਰੁਪਏ ਦੀ ਵੇਲ, ਇੱਕ ਸੌ ਇੱਕ ਰੁਪਏ ਦੀ ਵੇਲ, ਮੀਤੇ ਛੜੇ ਦੀ ਵੇਲ - ਮੇਰੇ ਖਸਮ ਮੀਤੇ ਦੀ ਵੇਲ’ ਇਹੋ ਜਿਹੀਆਂ ਵੇਲਾਂ ਛੜੇ ਆਪਣੇ ਲਈ ਕਹਿ ਕੇ ਕਰਾਉਂਦੇ ਸਨ। ਕਈ ਵਾਰ ਕੋਈ ਸ਼ਰਾਬੀ ਇਸ ‘ਕੁੜੀ’ ਨੂੰ ‘ਫੜ’ ਲੈਂਦਾ। ਉਹ ਵੀ ਅੱਗੋਂ ਅੱਖ ਦੱਬ ਕੇ ਸ਼ਰਾਬੀ ਢਾਣੀਆਂ ਨੂੰ ਖ਼ੁਸ਼ ਕਰਦੇ ਹੋਏ ਉਨ੍ਹਾਂ ਦੀਆਂ ਜੇਬਾਂ ਖ਼ਾਲੀ ਕਰਾਉਣ ਵਿੱਚ ਸੋਲਾਂ ਕਲਾਂ ਸੰਪੂਰਨ ਹੋਣ ਦਾ ਸਬੂਤ ਦਿੰਦੇ।

ਸਾਡੇ ਪਿੰਡ ਨਕਲਾਂ ਲਈ ਮਾਣਕਢੇਰੀ (ਹੁਸ਼ਿਆਰਪੁਰ) ਦੇ ਮਰਾਸੀ ਆਉਂਦੇ, ਇਨ੍ਹਾਂ ਮਰਾਸੀਆਂ ਨੂੰ ਉੱਥੋਂ ਦੇ ਲੋਕਾਂ ਨੇ ਹਮਲਿਆਂ ਵਿੱਚ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ। ‘ਸਾਲ’ ਵਾਲੇ ‘ਭਗਤ’ ਤੇ ਨਕਲੀਏ ਪਿੱਪਲਾਂ ਵਾਲਾ (ਹੁਸ਼ਿਆਰਪੁਰ) ਪਿੰਡ ਦੇ ਚਮਾਰ ਬਿਰਾਦਰੀ ਦੇ ਸਨ। ਨਕਲੀਏ ‘ਭਗਤ’ ਜੱਟ ਤੇ ਸੀਰੀ ਦੇ ਰੂਪ ਵਿੱਚ ਨਕਲ ਲਾਉਂਦੇ ਜਿਸਦੇ ਸੰਵਾਦ ਇਉਂ ਹੁੰਦੇ:

ਜੱਟ: ਹਾਂ ਬਈ ਧੰਨਿਆ ਨੌਕਰ ਲੱਗੇਂਗਾ?

ਕੰਮੀ: ਜੀ ਸਰਕਾਰ।

ਜੱਟ: ਬੋਲ ਕੀ ਮੰਗਦਾਂ?

ਕੰਮੀ: ਖਾਊਂ-ਪੀਊਂਗਾ ਧੁਆਡੇ ਸਿਰ।

ਜੱਟ: ਖਾਣਾ ਪੀਣਾ ਸਾਡੇ ਸਿਰ।

ਕੰਮੀ: ਲੀੜਾ-ਕੱਪੜਾ ਪਾੜੂੰ ਧੁਆਡੇ ਸਿਰ।

ਜੱਟ: ਲੀੜਾ ਕੱਪੜਾ ਸਾਡੇ ਸਿਰ। ਹੋਰ ...?

ਕੰਮੀ: ਤੇਲ ਸਾਬਣ ਧੁਆਡੇ ਸਿਰ।

ਜੱਟ: ਹਾਂ, ਤੇਲ ਸਾਬਣ ਸਾਡੇ ਸਿਰ। ਹੋਰ ...?

ਕੰਮੀ: ਜੁੱਤੀ ਤੋੜੂੰ ਧੁਆਡੇ ਸਿਰ।

ਇਸਦੇ ਨਾਲ ਹੀ ਹਾਸਿਆਂ ਦੇ ਗ਼ੁਬਾਰੇ ਹੋਰ ਉੱਚੇ ਹੋ ਜਾਂਦੇ। ‘ਜੱਟ’ ਇਸ ‘ਕੰਮੀ’ ਦੀਆਂ ਸੱਜੀਆਂ ਪੱਸਲੀਆਂ ਉੱਤੇ ਚਮੜੇ ਦੀ ਤਿਕੋਨੀ ਪਟਾਕੀ ਵਰ੍ਹਾਉਂਦਾ। ਨਕਲ ਲਾਉਣ ਵਾਲੇ ਨੇ ਤਾਂ ਪਹਿਲਾਂ ਹੀ ਝੱਗਾ ਗੱਲ ਤਕ ਚੁੱਕਿਆ ਹੁੰਦਾ।

ਇਉਂ ਮਨੋਰੰਜਨ ਭਰੀ ਰਾਤ ਦਾ ਤੀਜਾ ਪਹਿਰ ਹੋ ਜਾਂਦਾ। ‘ਸਾਲ’ ਵਾਲਾ ‘ਭਗਤ’ ਵਿੱਚੋਂ ਟੋਕ ਕੇ ਕਹਿੰਦਾ, ‘ਖੁਸ਼ੀਆ, ਭੀਮਾ ਜਿੱਥੇ ਵੀ ਬੈਠੇ ਆ, ਥੜ੍ਹੇ ’ਤੇ ਚਲੇ ਜਾਣ।’

‘ਸਾਲ’ ਦੀਆਂ ਅੰਤਮ ਰਸਮਾਂ ਨੂੰ ਸਿਰੇ ਚੜ੍ਹਾਉਣ ਲਈ ‘ਭਗਤ’ ਕਿਰਪੇ ਨੂੰ ਮੰਜੇ ਉੱਤੇ ਬਿਠਾ ਕੇ ਚਾਰ ਜਣੇ ਮੋਢੇ ਦੇ ਕੇ ਪਿੰਡ ਦੇ ਲਹਿੰਦੇ ਬਸੀਮੇ ਲੈ ਜਾਂਦੇ ਜਿੱਥੇ ਉਹ ਇੱਕ ਟੂਣਾ ਕਰਦਾ ਤੇ ਪਸ਼ੂਆਂ ਉੱਤੇ ਪਈ ‘ਭਾਰੀ’ ਪਿੰਡੋਂ ਬਾਹਰ ‘ਕੱਢਦਾ'। ਮੰਜੇ ਦੇ ਮੋਹਰਲੇ ਪਾਸੇ ਨੂੰ ਹਾਥੀ ਦਾ ਸੁੰਡ ਬਣਾ ਕੇ ‘ਹਾਥੀ ਦੀ ਸਵਾਰੀ’ ਦਾ ਝਾਉਲਾ ਪਾਇਆ ਹੁੰਦਾ। ਜਾਂਦੇ ਵਕਤ ਆਪਸ ਵਿੱਚ ਗੱਲਬਾਤ ਨਾ ਕਰਨ ਦੀ ਸਖ਼ਤ ਹਦਾਇਤ ਹੁੰਦੀ। ਦੋ ਕੁ ਵਾਰ ਇਹ ਰਸਮਾਂ ਦੇਖਣ ਮੈਂ ਵੀ ਨਾਲ ਗਿਆ। ਬਸੀਵੇਂ ਤੋਂ ਥੋੜ੍ਹਾ ਪਹਿਲਾਂ ਹੀ ਸਾਨੂੰ ਰੋਕ ਦਿੱਤਾ ਜਾਂਦਾ ਕਿ ‘ਚੀਜ਼’ ਨਿਆਣਿਆਂ ’ਤੇ ਵਾਰ ਨਾ ਕਰ ਦੇਵੇ।

“ਬਈ ਐਤਕੀਂ ਬੜਾ ਭਾਰ ਪਿਆ - ਬੜੀ ਭਾਰੀ ਸੀ ਪਸ਼ੂਆਂ ’ਤੇ।” ਆਉਂਦਿਆਂ ਹੋਇਆਂ ਗੱਲ ਚੱਲੀ।

“ਕਿਰਪੇ ਭਗਤ ਦਾ ਭਾਰ ਕਿਹੜਾ ਘੱਟ ਆ - ਖ਼ੁਸ਼ੀਆ ਸਾਰਿਆਂ ਨਾਲੋਂ ਮਧਰਾ ਹੈ, ਤਾਂ ਹੀ ਜ਼ਿਆਦਾ ਭਾਰ ਉਹਦੇ ਉੱਤੇ ਪਿਆ।” ਮੈਂ ਸੋਚਿਆ।

ਲੁਆਲਾ ਲੱਗਣ ਤੋਂ ਪਹਿਲਾਂ ਹੀ ਜਾਗਰ ਚੌਕੀਦਾਰ ਹੋਕਾ ਦਿੰਦਾ, ‘ਮਾਲ-ਡੰਗਰ ਸਾਲ ਹੇਠੋਂ ਦੀ ਨੰਘਾਓ ਬਈ।’

ਪਿੰਡ ਦੇ ਇੱਕ-ਇੱਕ ਪਸ਼ੂ ਨੂੰ ਸਿਆਲਕੋਟੀਆਂ ਦੇ ਬੋਹੜ ਦੇ ਡਾਹਣੇ ਨਾਲ-ਲਾਲ ਕੱਪੜੇ ਵਿੱਚ ਲਪੇਟ ਕੇ ਬੰਨ੍ਹੇ ਲਲੇਰਾਂ, ਸਮੱਗਰੀ ਤੇ ਮੌਲੀ ਦੇ ਧਾਗਿਆਂ ਹੇਠੋਂ ਦੀ ਲੰਘਾਇਆ ਜਾਂਦਾ। ਇਹ ਡਾਹਣਾ ਪੂਰੇ ਰਸਤੇ ਉੱਤੇ ਇਉਂ ਫੈਲਿਆ ਹੋਇਆ ਸੀ ਜਿਉਂ ਕਿਸੇ ਸ਼ਾਹੀ ਦਰਵਾਜ਼ੇ ਦਾ ਸੇਰੂ ਹੋਵੇ। ਇਸ ਰਸਮ ਪਿੱਛੋਂ ਸਾਰੇ ਪਿੰਡ ਦੇ ਘਰਾਂ-ਹਵੇਲੀਆਂ ਅੰਦਰ ਜਲ ਦੇ ਛਿੱਟੇ ਦਿੱਤੇ ਜਾਂਦੇ। ਗੁੱਗਲ ਧੂਫ਼ ਦੀ ਧੂਣੀ ਦਿੱਤੀ ਜਾਂਦੀ। ਕੁਝ ਸਮੱਗਰੀ ਵਰਤਾਈ ਜਾਂਦੀ ਤਾਂ ਕਿ ਅਗਲੇ ਦਿਨਾਂ ਵਿੱਚ ਲੋਕ ਇਸਦੀ ਧੂਫ਼ ਪਸ਼ੂਆਂ ਨੂੰ ਦਿੰਦੇ ਰਹਿਣ।

ਸਾਡੇ ਬੋਹੜ-ਪਿੱਪਲ ਥੱਲੇ ਗਰਮੀਆਂ-ਬਰਸਾਤਾਂ ਨੂੰ ਬਾਰਾਂ-ਟਾਹਣੀ, ਨੱਕਾ-ਪੂਰ ਤੇ ਤਾਸ਼ ਖਿਡਾਰੀਆਂ ਦੀਆਂ ਢਾਣੀਆਂ ਜੁੜਦੀਆਂ। ਹੁੱਕਿਆਂ ਦੀ ਗੁੜਗੁੜ ਹੁੰਦੀ। ਕਈ ਵਾਰ ਤਾਂ ਬੋਹੜ ਤੋਂ ਥੋੜ੍ਹੀ ਵਿੱਥ ’ਤੇ ‘ਨਾਂਗਿਆਂ ਦੇ ਛੱਪੜ’ ਉੱਤੇ ਬੋਲਦੇ ਬਰਸਾਤੀ ਡੱਡੂਆਂ ਦੀ ਗੜੈਂ-ਗੜੈਂ ਤੇ ਹੁੱਕਿਆਂ ਦੀ ਗੁੜ-ਗੁੜ ਇੱਕ ਦੂਜੇ ਵਿੱਚ ਸਮਾਂ ਜਾਂਦੇ।

ਇਨ੍ਹਾਂ ਦਿਨਾਂ ਵਿੱਚ ਮੇਰੀ ਭੂਆ ਤੇ ਹੋਰ ਧੀਆਂ-ਧਿਆਣੀਆਂ ਆਪਣੇ ਭਰਾਵਾਂ-ਭਤੀਜਿਆਂ ਦੇ ਰੱਖੜੀਆਂ ਬੰਨ੍ਹਣ ਆਉਂਦੀਆਂ। ਰੱਖੜੀ ਵਾਲੇ ਦਿਨ ਇਹ ਰੱਖੜੀਆਂ ਭਾਈਏ ਹੁਰੀਂ ਗੁੱਟਾਂ ’ਤੇ ਘੰਟਾ ਦੋ ਘੰਟਾ ਤੇ ਫਿਰ ਇਨ੍ਹਾਂ ਨੂੰ ਹੁੱਕੇ ਦੀ ਨੜੀ ਨਾਲ ਸਜ਼ਾ ਕੇ ਬੰਨ੍ਹ ਲੈਂਦੇ ਜੋ ਮਹੀਨਾ ਭਰ ਬੱਝੀਆਂ ਰਹਿੰਦੀਆਂ।

ਬੋਹੜ ਦੇ ਛੋਟੇ ਡਾਹਣਿਆਂ ਉੱਤੇ ਛੋਟੇ ਨਿਆਣਿਆਂ ਲਈ ਪੀਂਘਾਂ ਪਾਈਆਂ ਜਾਂਦੀਆਂ। ਵੱਡੀਆਂ ਤੀਵੀਆਂ, ਮੁਟਿਆਰਾਂ ਲਈ ਪਿੱਪਲ ਦੇ ਮੋਟੇ ਡਾਹਣਿਆਂ ਉੱਤੇ ਪੀਂਘਾਂ ਬੰਦੇ ਪਾ ਕੇ ਦਿੰਦੇ। ਤਾਈ ਤਾਰੋ (ਜੱਟੀ) ਤੇ ਚਾਚੀ ਛਿੰਨੀ ਇੰਨੀ ਉੱਚੀ ਪੀਂਘ ਚੜ੍ਹਾਉਂਦੀਆਂ ਤੇ ਹੰਘਾਉਂਦੀਆਂ ਕਿ ਮੇਰੇ ਵਰਗੇ ਨਿਆਣੀ ਉਮਰ ਦਿਆਂ ਦੇ ਦਿਲ ਨੂੰ ਹੌਲ ਜਿਹਾ ਪੈਣ ਲਗਦਾ ਤੇ ਕਈ ਵਾਰ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਜਾਂਦਾ।

ਸਾਡਾ ਬੋਹੜ ਜਿੱਥੇ ਬਰਸਾਤਾਂ ਨੂੰ ਸਮੁੱਚੇ ਪਿੰਡ ਲਈ ਪੂੜਿਆਂ ਵਾਸਤੇ ਪੱਤੇ ਮੁਹਈਆ ਕਰਾਉਣ ਤੇ ਹੋਰ ਖ਼ੁਸ਼ੀਆਂ ਦਾ ਵਸੀਲਾ ਬਣਦਾ ਉੱਥੇ ਤੌਖ਼ਲੇ, ਤਣਾਅ ਤੇ ਲੜਾਈ-ਝਗੜੇ ਦੀ ਸਾਖੀ ਵੀ ਬਣਦੀ। ਜਦੋਂ ਕਦੀ ਜੱਟਾਂ ਦਾ ਕੋਈ ਮੁੱਛ-ਫੁੱਟ ਗਭਰੂ ਆਪਣਾ ਗੱਡਾ ਸਾਡੇ ਘਰਾਂ ਮੋਹਰਿਓਂ ਦੀ ਲਿਜਾਂਦਾ ਤੇ ਗੱਡੇ ’ਤੇ ਖੜ੍ਹਾ ਹੋ ਕੇ ਬਲਦਾਂ ਦੀਆਂ ਨੱਥਾਂ ਨੂੰ ਪਾਏ ਰੱਸਿਆਂ ਨੂੰ ਫੜ ਕੇ ਪੁਚਕਾਰਦਾ ਤੇ ਗਾਉਂਦਾ। ਸਾਡੇ ਘਰਾਂ ਦੇ ਓਟਿਆਂ ਵਰਗੇ ਵਗਲਿਆਂ ਉੱਤੋਂ ਦੀ ਸਾਡੀਆਂ ਮਲੂਕ ਜਿਹੀਆਂ ਧੀਆਂ-ਭੈਣਾਂ ਨੂੰ ਤਾੜਦਾ। ਸਾਡੇ ਬੰਦਿਆਂ ਵਿੱਚੋਂ ਕੋਈ ਜਣਾ ਬਾਹਬਰ ਕੇ ਬੋਲਦਾ, ‘ਮਾਮਾ ਗੱਡਾ ਫਿਰਨੀ ਤੋਂ ਦੀ ਨਹੀਂ ਜਾਂਦਾ ’ਜਾਂ ਕਹਿੰਦਾ, ‘ਤੇਤੋਂ ਗੱਡੇ, ’ਤੇ ਬੈਠ ਕੇ ਨਹੀਂ ਜਾ ਹੁੰਦਾ।” ਕੋਈ ਹੋਰ ਜਣਾ ਮੂੰਹ ਵਿੱਚ ਬੁੜਬੁੜ ਕਰਦਾ, ‘ਬਣਿਆਂ ਫਿਰਦਾ ਸਾਲਾ ਰਾਣੀ ਖਾਂ ਦਾ। ਹਰ ਵੇਲੇ ਧੌਂਸ ਦਿੰਦੇ ਆ, ਹੱਗਣਾ-ਮੂਤਣਾ ਬੰਦ ਕਰ ਦਿਆਂਗੇ-ਭਲਾ ਤੁਸੀਂ ਰੱਬ ਨੂੰ ਢੂਹਾ ਦੇ ਕੇ ਆਇਓਂ ਆਂ ਜਿਹੜੀਆਂ ਧੁਆਨੂੰ ਜ਼ਮੀਨਾਂ ਮਿਲ ਗਈਆਂ-ਅਸੀਂ ਨਹੀਂ ਧੁਆਡੇ ਵਰਗੇ।’

ਕਈ ਵਾਰ ਸ਼ਰਾਬ ਵਿੱਚ ਧੁੱਤ ਬਖਤੌਰਾ ਜਾਂ ਉਹਦਾ ਛੋਟਾ ਭਰਾ ‘ਲੰਮਾ ਸੋਢੀ’ ਆ ਕੇ ਬੁਲ੍ਹਬਲੀਆਂ ਮਾਰ ਦਿੰਦੇ ਮਾੜੀ-ਧਾੜ ਚਮ੍ਹਾਰਲੀ। ਦੋਹਾਂ ਬਿਰਾਦਰੀਆਂ ਦਾ ਆਹਮਣੇ-ਸਾਹਮਣੇ ਟਕਰਾ ਹੋ ਜਾਂਦਾ। ਡਾਂਗਾਂ ਹਵਾ ਵਿੱਚ ਉੱਲਰਦੀਆਂ। ਦਵੱਲਿਓਂ ਗਾਲ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਜਾਂਦੀਆਂ। ਪੰਜ-ਸੱਤ ਮਿੰਟ ਦੀ ਇਹ ਘਟਨਾ ਉਦੋਂ ਖ਼ਤਮ ਹੁੰਦੀ ਜਦੋਂ ਤਾਇਆ ਚੰਨਣ ਸਿੰਘ ਆਪਣੇ ਪੁੱਤਾਂ ਨੂੰ ਬੁਰਾ-ਭਲਾ ਬੋਲਦਾ ਤੇ ਸਾਡੇ ਬੰਦਿਆਂ ਨੂੰ ਕਹਿੰਦਾ, ‘ਹਊ-ਪਰੇ ਕਰੋ, ਮੇਰੀ ਧੌਲ਼ੀ ਦਾਹੜੀ ਰੋਲ ‘ਤੀ ਅਲਾਦ ਨੇ।’

“ਇਸ ਬੋਹੜ ਥੱਲੇ ਸਾਡੇ ਨਾਲ ਕੀ ਕੀ ਨਹੀਂ ਹੋਇਆ', ਭਾਈਏ ਨੇ ਆਪਣੇ ਅੰਦਰ ਦੀ ਗੱਲ ਇਸ ਲਹਿਜ਼ੇ ਨਾਲ ਕੀਤੀ ਜਿਵੇਂ ਉਹ ਸਾਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਇਹ ਰਾਤ ਦੀ ਰੋਟੀ ਖਾਣ ਤੋਂ ਬਾਅਦ ਦਾ ਵੇਲਾ ਸੀ।

“ਹਾਂ, ਦੱਸ ਭਾਈਆ।” ਮੈਂ ਬੇਸਬਰੀ ਨਾਲ ਪੁੱਛਿਆ।

“ਹਮਲਿਆਂ ਤੋਂ ਪਹਿਲਾਂ ਲੰਬੜਦਾਰ ਸ਼ੇਰ ਸੁੰਹ ਸਿੱਧਾ ਇੱਥੇ ਸਾਡੀਆਂ ਖੱਡੀਆਂ ’ਤੇ ਆਉਂਦਾ। ਹੁਕਮ ਚਾੜ੍ਹਦਾ-'ਠਾਕਰਾ ਤੂੰ ਤੇ ਖੁਸ਼ੀਆ ਭਲਕੇ ਠਾਣੇਦਾਰ ਦੀ ਘੋੜੀ ਲਈ ਘਾਹ ਲਿਜਾਣਾ।’

“ਮੀਂਹ ਜਾਵੇ ਜਾਂ ਨ੍ਹੇਰੀ, ਅਸੀਂ ਬੱਧੇ-ਰੁੱਧੇ ਠਾਣੇ ਘਾਹ ਲਿਜਾਂਦੇ। ਪਹਿਲਾਂ ਲੰਬੜਦਾਰ ਨੂੰ ਘਾਹ ਦੀਆਂ ਪੰਡਾਂ ਦਿਖਾਲਦੇ। ਉਹ ਦੋਹਾਂ ਹੱਥਾਂ ਨਾਲ ਪੰਡ ‘ਤਾਂਹ ਨੂੰ ਚੁੱਕ ਕੇ ਹਾੜਦਾ-ਨਾਲੇ ਦੇਖਦਾ ਪਈ ਘਾਹ ਬਧੀਆ ਵੀ ਆ। ਠਾਣੇ ਜਾ ਕੇ ਅਸੀਂ ਉੱਦਾਂ ਡਈਂਬਰ ਜਾਂਦੇ। ਜਿੰਨਾ ਚਿੱਕਰ ਮੁਣਸ਼ੀ ਦੀ ਤਸੱਲੀ ਨਾ ਹੁੰਦੀ-ਅਸੀਂ ਪੰਡਾਂ ਕੋਲ ਖੜ੍ਹੇ ਰਹਿੰਦੇ। ਬੜੇ ਮਾੜੇ ਦਿਨ ਸੀ। ਡਾਕਟਰ ਅੰਬੇਦਕਰ ਤੇ ਮੰਗੂ ਰਾਮ ਉੱਠੇ ਤਾਂ ਕੁਛ ਇਹ ਹੱਲ੍ਹੇ ਹੋਏ। ਹਮਲਿਆਂ ਤੋਂ ਬਾਅਦ ਵੀ ਪੁਲਿਸ ਆਲੇ ਆਉਂਦੇ ਰਹੇ। ਪਰ ਅਸੀਂ ਘਾਹ ਲਿਜਾਣਾ ਬੰਦ ਕਰ ‘ਤਾ ਪਈ ਹੁਣ ਮੁਲਖ ਅਜ਼ਾਦ ਹੋ ਗਿਆ।’

“ਹੋਰ ਦੱਸਾਂ।” ਭਾਈਏ ਦੀਆਂ ਅੱਖਾਂ ਵਿੱਚ ਲਾਲਗੀ ਚਮਕ ਰਹੀ ਸੀ।’

“ਦੱਸ, ‘ ਅਸੀਂ ਕਿਹਾ।

“ਇਕ ਵਾਰ ਜੈਲਦਾਰ ਅੱਛਰ ਸੁੰਹ (ਪਿੰਡ ਲੜੋਆ) ਤੇ ਸ਼ੇਰ ਸੁੰਹ ਲੰਬੜ ਅਈਥੋਂ ਦੀ ਨੰਘਦੇ ਸੀ। ਅਸੀਂ ਸਾਰੇ ਜਣੇ ਆਪਣੇ ਧਿਆਨ ਖੱਡੀਆਂ ’ਤੇ ਬੁਣਾਈ ਕਰਦੇ ਸੀ। ਚਾਣਚੱਕ ਜੈਲਦਾਰ ਘੋੜੀ ਤੋਂ ਉੱਤਰਿਆ। ਚਾਚੇ ਛੱਜੂ ਦੇ ਡੰਡੇ ਵਰ੍ਹਾਉਣ ਲੱਗ ਪਿਆ। ਕਹੇ-ਮੇਰੀ ਘੋੜੀ ਦੀਆਂ ਬਾਗਾਂ ਨਹੀਂ ਫੜੀਆਂ। ਚਾਚੇ ਨੇ ਬਥੇਰੇ ਤਰਲੇ ਪਾਏ ਪਈ ਸਰਦਾਰ ਜੀ ਧੁਆਨੂੰ ਦੇਖਿਆ ਨਹੀਂ ... ਨਹੀਂ ਤਾਂ ਬਾਗਾਂ ਫੜ ਲੈਣੀਆਂ ਸੀ। ਸਾਰੀ ਚਮ੍ਹਾਰਲੀ ਨੂੰ ਨੌਲਦਾ ਰਿਹਾ। ਕਹੇ-ਪਈ ਘੋੜੀ ਦੇ ਪੌੜਾਂ ਦੀ ਪੈਛੜ ਨਹੀਂ ਸੁਣੀ? ਧਰਮ ਨਾ ਅਸੀਂ ਖੱਡੀਆਂ ਛੱਡ ਕੇ ਆਪੋ-ਆਪਣੇ ਥਾਂਈਂ ਥਰ-ਥਰ ਕੰਬਦੇ ਰਹੇ। ਅਖੀਰ ਸ਼ੇਰ ਸੁੰਹ ਨੇ ਜੈਲਦਾਰ ਨੂੰ ਕਿਹਾ-ਛੱਡੋ ਪਰ੍ਹਾਂ ਹੁਣ ਸਰਦਾਰ ਜੀ। ਛੱਜੂ ਰਾਮਾ ਅੱਗੇ ਤੋਂ ਖਿਆਲ ਰੱਖਣਾ, ਕਹਿ ਕੇ ਦੋਨੋਂ ਜਣੇ ਘੋੜੀਆਂ ’ਤੇ ਚੜ੍ਹ ਕੇ ਰਾਸਗੂੰਆਂ ਵਲ ਨੂੰ ਚਲੇ ਗਏ। ਜੈਲਦਾਰ ਸਾਲ਼ੇ ਨੂੰ ਜੱਜ ਜਿੰਨੇ ਹੱਕ ਸੀ-ਜਿਹਨੂੰ ਮਰਜ਼ੀ ਅੰਦਰ ਕਰਾਉਂਦਾ ਸੀ, ਜਿਹਨੂੰ ਮਰਜ਼ੀ ਛਡਾਉਂਦਾ ਸੀ। ਸੱਤ ਖੂਨ ਮੁਆਫ ਸੀ ਸਾਲ਼ੇ ਨੂੰ-ਤਾਹੀਓਂ ਦੁਨੀਆਂ ਡਰਦੀ ਸੀ ਉਹਤੋਂ। ਬਗਾਰਾਂ ਬੁੱਤੀਆਂ ਕਰਾਉਣ ਨੂੰ ਸਾਡੇ ਕਿੰਨੇ ਈ ਬੰਦੇ ਲੈ ਜਾਂਦਾ ਸੀ, ਭੈਣ ਦਾ ਖਸਮ।’

ਭਾਈਏ ਦਾ ਰੋਹ ਕਿਸੇ ਜਵਾਲਾਮੁਖੀ ਵਾਂਗ ਫੁੱਟ ਪਿਆ ਸੀ। ਫਿਰ ਮੈਂਨੂੰ ਲੱਗਿਆ ਕਿ ਉਹ ਸਾਨੂੰ ਜਿਵੇਂ ਆਜ਼ਾਦੀ ਦੇ ਅਸਲ ਅਰਥਾਂ ਨੂੰ ਸਮਝਣ ਲਈ ਪਰੇਰ ਰਿਹਾ ਹੋਵੇ।

ਅੰਗਰੇਜ਼ੀ ਸਰਕਾਰ ਦੇ ਪਿੱਠੂ ਇਸ ਜ਼ੈਲਦਾਰ ਸਰਦਾਰ ਨੂੰ ਮੈਂ ਭੋਗਪੁਰ ਠਾਣੇ ਲਾਗੇ ਕਈ ਮੌਕਿਆਂ ਉੱਤੇ ਘੁੰਮਦਿਆਂ ਦੇਖਿਆ। ਉਸ ਨੂੰ ਉਨ੍ਹਾਂ ਦਿਨਾਂ ਵਿੱਚ ਵੀ ਦੇਖਿਆ ਜਦੋਂ ਉਹ ਮਰਿਆਂ ਤੁੱਲ ਜ਼ਿੰਦਗੀ ਕੱਟ ਰਿਹਾ ਸੀ ਪਰ ਉਹਦੀ ਪੱਗ ਦਾ ਕੁੱਲਾ ਉਦੋਂ ਵੀ ਕਿਸੇ ਹੈਂਕੜ ਦੀ ਹਾਮੀ ਭਰਦਾ ਸਿਰ ਤੋਂ ਉਤਾਂਹ ਨੂੰ ਉੱਚਾ ਉੱਲਰਦਾ ਦਿਸਦਾ ਸੀ।

ਭਾਈਏ ਨੇ ਕਿਹਾ, ‘ਏਦਾਂ ਹੁੰਦੀ ਰਹੀ ਸਾਡੇ ਨਾਲ-ਔਖੇ-ਸੌਖੇ ਪੜ੍ਹ ਲਿਖ ਲਓ ਸਹੁਰੀ ਦਿਓ, ਜ਼ਿੰਦਗੀ ਸੁਧਰ ਜਾਉ। ਹੁਣ ਤਾਂ ਪਹਿਲਾਂ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਆ।’

ਫਿਰ ਉਹ ਦਿਨ ਵੀ ਆ ਗਿਆ ਜਿਸਦਾ ਮੈਂ ਕਦੇ ਕਲਪਨਾ ਵਿੱਚ ਵੀ ਨਹੀਂ ਸੋਚਿਆ ਸੀ ਤੇ ਉਹ ਮੇਰੀ ਯਾਦ ਦਾ ਇੱਕ ਨਾ ਭੁੱਲਣਯੋਗ ਵਾਕਿਆ ਬਣ ਗਿਆ। ਇਹ 1972 ਦੇ ਫਰਵਰੀ ਮਹੀਨੇ ਦੀ ਗੱਲ ਹੈ। ਮੈਂ ਦਸਵੀਂ ਜਮਾਤ ਦੇ ਆਖ਼ਰੀ ਦਿਨਾਂ ਵਿੱਚ ਸੀ। ਸਕੂਲੋਂ ਪਰਤਿਆ ਤਾਂ ਦੇਖਿਆ ਕਿ ਸਾਡੇ ਬੋਹੜ-ਪਿੱਪਲ ਦੇ ਮੋਛੇ ਪੈ ਚੁੱਕੇ ਸਨ। ਛਾਂਗ ਦੇਖਣ ਨੂੰ ਨਹੀਂ ਸੀ। ਕਿਸੇ ਪੁਰਾਣੇ ਸਮੇਂ ਵਿੱਚ ਜੰਗ ਵਿੱਚ ਸ਼ਹੀਦ ਹੋਏ ਸੂਰਬੀਰ ਦੇ ਡੱਕਰਿਆਂ ਵਾਂਗ ਬੋਹੜ-ਪਿੱਪਲ ਦੇ ਲੰਮੇ-ਲੰਮੇ, ਮੋਟੇ-ਮੋਟੇ ਡਾਹਣੇ ਜ਼ਮੀਨ ਉੱਤੇ ਪਏ ਸਨ। ਤਣੇ ਦੀ ਹਿੱਕ ਉੱਤੇ ਜਾਗਰ ਚੌਕੀਦਾਰ ਤੇ ਉਹਦੇ ਪੁੱਤ ਜਲਾਦਾਂ ਵਾਂਗ ਕਾਹਲੀ-ਕਾਹਲੀ ਆਰਾ ਫੇਰ ਰਹੇ ਸਨ।

ਤਾਜ਼ਾ ਲੰਘੇ ਭਰ ਸਿਆਲ ਦਾ ਮੈਂਨੂੰ ਆਪ-ਮੁਹਾਰੇ ਚੇਤਾ ਆ ਗਿਆ ਜਦੋਂ ਭਾਰਤ-ਪਾਕਿਸਤਾਨ ਜੰਗ ਦੌਰਾਨ ਸਾਡੇ ਬਹੁਤੇ ਪਰਿਵਾਰਾਂ ਨੇ ਬਲੈਕ-ਆਊਟ ਰਾਤਾਂ ਨੂੰ ਇਸਦੀ ਸ਼ਰਨ ਲਈ ਸੀ। ਇਸਦੀ ਓਟ ਹੇਠ ਮੋਰਚੇ ਪੁੱਟੇ ਗਏ ਸਨ। ਜਦੋਂ ਆਦਮਪੁਰ ਹਵਾਈ ਅੱਡੇ ਜਾਂ ਸ਼ੂਗਰ ਮਿਲ ਭੋਗਪੁਰ ਦੇ ਨੇੜੇ-ਤੇੜੇ ਪਾਕਿਸਤਾਨੀ ਬੰਬ ਗਿਗਦਾ ਤਾਂ ਲੋਕ ਦੌੜ ਕੇ ਇਨ੍ਹਾਂ ਮੋਰਚਿਆਂ ਵਿੱਚ ਜਾ ਲੁਕਦੇ।

ਇਨ੍ਹਾਂ ਡਰਾਉਣੀਆਂ ਰਾਤਾਂ ਵਿੱਚ ਇਸ ਬੋਹੜ-ਪਿੱਪਲ ਥੱਲੇ ਠੀਕਰੀ ਪਹਿਰੇ ਲਈ ਪਿੰਡ ਦੇ ਲੋਕ ਇਕੱਠੇ ਹੁੰਦੇ। ਖ਼ੌਫ਼ ਦੌਰਾਨ ਵੀ ਮੈਂ ਇੱਥੇ ਜ਼ਿੰਦਗੀ ਨੂੰ ਧੜਕਦਿਆਂ ਦੇਖਿਆ-ਸੁਣਿਆ। ਹਾਸੇ-ਮਖ਼ੌਲ ਨੂੰ ਇੰਦਰ ਸੁੰਹ ਦਾ ਸਵਰਨਾ ਤੁਲ ਦੇ ਕੇ ਸਿਖਰਾਂ ’ਤੇ ਪਹੁੰਚਾਉਂਦਾ ਜਦੋਂ ਉਹ ਹੁੱਝ ਮਾਰ ਕੇ ਉੱਚੀ ਦੇਣੀ ਹੱਸ ਕੇ ਕਹਿੰਦਾ, ‘ਇਨ੍ਹਾਂ ਸਿਆਲਾਂ ਦੀਆਂ ਰਾਤਾਂ ਦੀਆਂ ‘ਚੋਰੀਆਂ ’ਦਾ ਭੇਦ ਦੁਸਹਿਰੇ ਤੋਂ ਪਹਿਲਾਂ ਈ ਖੁੱਲ੍ਹ ਜਾਣਾ, ਕਿਉਂ ਕਿਸ਼ਨਿਆਂ।” ਅਸੀਂ ਹੌਲ਼ੀ ਉਮਰ ਦੇ ਸਾਰੇ ਮੁੰਡੇ ਰਾਜ਼ ਵਾਲੀ ਗੱਲ ਸਮਝ ਜਾਂਦੇ।

ਬੋਹੜ-ਪਿੱਪਲ ਦੇ ਮੋਛਿਆਂ ਨੂੰ ਦੇਖ ਮੈਂਨੂੰ ਜਾਪਿਆ ਜਿਵੇਂ ਸਾਡੇ ਸਿਰਾਂ ਤੋਂ ਸੱਚਮੁੱਚ ਸਾਇਆ ਚੁੱਕਿਆ ਗਿਆ ਹੋਵੇ। ਖੱਡੀਆਂ ਵਾਲਾ ਥਾਂ ਪੱਤਹੀਣ, ਨੰਗਾ ਜਿਹਾ ਹੋ ਗਿਆ। ਸਾਡੇ ਲੋਕਾਂ ਉੱਤੇ ਹੁੰਦੇ ਜ਼ੁਲਮਾਂ ਦੇ ਗਵਾਹਾਂ ਦਾ ਖ਼ਾਤਮਾ ਕਰ ਦਿੱਤਾ ਗਿਆ।

ਇਸ ਦੁੱਖਦਾਈ ਘਟਨਾ ਨਾਲ ਮੇਰੇ ਘਰਦਿਆਂ ਦੇ ਚਿਹਰੇ ਉੱਤੇ ਅਫਸੋਸ ਦਾ ਮਾਤਮੀ ਪਹਿਰਾ ਪ੍ਰਤੱਖ ਦਿਖਾਈ ਦੇ ਰਿਹਾ ਸੀ। ਦਾਦੀ ਨੇ ਝੁਸਮੁਸਾ ਹੋਣ ਤਕ ਵੀ ਘਰ ਦੀ ਸਰਦਲ ਦੇ ਬਾਹਰ ਬਦ ਅਸੀਸਾਂ ਦੀ ਝੜੀ ਲਾਈ ਹੋਈ ਸੀ, ‘ਦਾਦੇ ਮਰਾਉਣਿਓਂ ਧੁਆਡਾ ਤੁਖਮ ਨਾ ਰਹੇ। ਜਿੱਦਾਂ ਤੁਸੀਂ ਮੇਰਾ ਦਿਲ ਦੁਖਾਇਆ - ਰੱਬ ਧੁਆਡੇ ਨਾਲ ਬੀ ਇੱਦਾਂ ਹੀ ਕਰੇ।’

ਦਾਦੀ ਨੇ ਵਿਆਹੀ ਆਉਣ ਤੋਂ ਲੈ ਕੇ ਇਸ ਬੋਹੜ-ਪਿੱਪਲ ਨੂੰ ਵੱਡੇ ਹੁੰਦਿਆਂ ਦੇਖਿਆ ਤੇ ਛਾਵਾਂ ਮਾਣੀਆਂ ਸਨ। ਉਹਦੇ ਦਿਲ ਨੂੰ ਡੋਬੂ ਪਾਉਣ ਵਾਲੀ ਗੱਲ ਇਹ ਵੀ ਸੀ ਕਿ ਉਹਦੇ ਪਤੀ ਦੇ ਹੱਥੀਂ ਲਾਈ ਇਸ ਨਿਸ਼ਾਨੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ।

ਭਾਈਏ ਨੇ ਵੀ ਬੜਾ ਦੁੱਖ ਮਨਾਇਆ। ਪਰ ਉਸ ਨੇ ਇਹ ਕਹਿ ਕੇ ਦਿਲ ਨੂੰ ਧਰਵਾਸ ਦੇ ਲਿਆ, ‘ਚਲੋ, ਜੋ ਹੋ ਗਿਆ ਸੋ ਹੋ ਗਿਆ, ਹੁਣ ਜੱਟਾਂ ਦੀ ਮਢੀਰ ਤਾਂ ਨਾ ਆ ਕੇ ਬੈਠੂ ਇੱਥੇ।’

ਛਾਂਗਿਆ ਰੁੱਖ (ਕਾਂਡ ਪੰਦਰ੍ਹਵਾਂ)

“ਠਾਕਰਾ! ਠਾਕਰਾ! ਬੂਹਾ ਖੋਲ੍ਹ!” ਇਹ ਇੱਕੋ ਸਾਹੇ ਬੋਲੀ ਘਾਬਰੀ ਜਿਹੀ ਆਵਾਜ਼ ਸੀ।

“ਬਾਊ ਬਸੰਤ ਸੁੰਹ ਲਗਦਾ!” ਕਹਿ ਕੇ ਭਾਈਆ ਫ਼ੁਰਤੀ ਨਾਲ ਬਾਹਰਲਾ ਬੂਹਾ ਖੋਲ੍ਹਣ ਗਿਆ ਤੇ ਜਾਂਦਾ-ਜਾਂਦਾ ਬੋਲ ਰਿਹਾ ਸੀ, “ਮੂੰਹ ਨ੍ਹੇਰੇ! ਕਦੀ ਅੱਗੇ ਨਾ ਪਿੱਛੇ ... ਸੁਖ ਹੋਬੇ!”

“ਠਾਕਰਾ ਜੀਤ ਨੇ ਰਾਤੀਂ ਸੰਖੀਆ ਖਾ ਲਿਆ! ਤਈਨੂੰ ਸੱਦਦਾ! ਰੱਤੇ ਦਿਓਂ ਹਿੰਙ ਲੈ ਕੇ ਝੱਬੇ ਈ ਆ ਜਾ।” ਬਾਬੇ ਨੇ ਵਿਹੜੇ ਵੜਦਿਆਂ ਰੋਣਹਾਕੀ ਜ਼ਬਾਨ ਵਿੱਚ ਰੁਕ-ਰੁਕ ਕੇ ਆਖਿਆ। ਨਾਲ ਹੀ ਉਹਦੀਆਂ ਧਾਹਾਂ ਨਿਕਲ ਗਈਆਂ ਤੇ ਬੁੱਕਲ ਮਾਰੀ ਲੋਈ ਨਾਲ ਅੱਖਾਂ ਪੂੰਝਣ ਲੱਗ ਪਿਆ। ਸਾਡੇ ਮੂੰਹ ਉਡ ਜਿਹੇ ਗਏ।

“ਰਾਤੀਂ ਨਹੀਂ ਸੀ ਦੱਸ ਹੁੰਦਾ?” ਭਾਈਏ ਨੇ ਤਲਖ਼ੀ ਨਾਲ ਨਹੋਰਾ ਮਾਰਿਆ।

ਬਾਊ ਬਾਬੇ ਨੂੰ ਜਿਵੇਂ ਸੁਣਿਆ ਹੀ ਨਾ ਹੋਵੇ। ਉਹਨੇ ਫਿਰ ਨੱਕ ਵਿੱਚ ਬੋਲਦਿਆਂ ਕਿਹਾ, “ਠਾਕਰਾ ਛੇਤੀ ਪਹੁੰਚ ਫੇ! ਮਲਕੀਤ ਕੋਰ ਵੀ ਕੱਲ੍ਹ ਦੀ ਪੇਕਿਆਂ ਦੇ ਗਈਓ ਆ!”

ਮੈਂ ਦੇਖਿਆ ਕਿ ਬਾਊ ਬਾਬੇ ਦੇ ਪੈਰੀਂ ਰਬੜ ਦੀ ਜੁੱਤੀ ਉੱਤੇ ਤ੍ਰੇਲ ਨਾਲ ਧੁੱਦਲ ਦੀ ਇੱਕ ਮੋਟੀ ਤਹਿ ਜੰਮੀ ਹੋਈ ਸੀ। ਇੱਕ ਪਰਤ ਉਹਦੇ ਮੂੰਹ ਉੱਤੇ ਸੀ ਜੋ ਉਦਾਸੀ ਤੇ ਲਾਚਾਰੀ ਦਾ ਗਲੇਫ਼ ਬਣ ਕੇ ਚੜ੍ਹੀ ਹੋਈ ਸੀ।

“ਕੋਹਨਾ ਕੰਮ ਕੀਤਾ ਮੂਰਖ ਨੇ!” ਭਾਈਏ ਨੇ ਇਹ ਬੋਲ ਹੌਲ਼ੀ ਦੇਣੀ ਆਖੇ।

ਬਾਊ ਬਾਬਾ ਆਇਆ ਮਗਰੋਂ ਤੇ ਪਹਿਲਾਂ ਹੀ ਉੱਠ ਕੇ ਤੁਰ ਪਿਆ ਪਰ ਥੋੜ੍ਹੇ ਕੁ ਦਿਨ ਪਹਿਲਾਂ ਬੀਤੀ ਗੱਲ ਮੇਰੀਆਂ ਅੱਖਾਂ ਮੋਹਰੇ ਇਕਦਮ ਆ ਕੇ ਘੁੰਮਣ ਲੱਗ ਪਈ। ਤਾਇਆ ਜੀਤ ਉਸ ਦਿਨ ਸਾਡੇ ਪਿੰਡ ਤੇ ਆਪਣੇ ਪਿੰਡ ਸੋਹਲਪੁਰ ਵਿਚਾਲੇ ਬਰਸਾਤੀ ਚੋ ਲਈ ਨਵੇਂ-ਨਵੇਂ ਲੱਗੇ ਬੰਨ੍ਹ ਨਾਲ ਦੀ ਤਿਰਸ਼ੀ ਜਿਹੀ ਕੁਤਰ ਵਿੱਚ ਹੱਲ ਵਾਹੁੰਦਾ ਸੀ। ਉਹਨੇ ਲਾਡ ਭਰੇ ਬੋਲਾਂ ਨਾਲ ਕਿਹਾ ਸੀ, “ਗੁੱਡ!” ਤੇ ਪਰੈਣ ਸਣੇ ਆਪਣਾ ਸੱਜਾ ਹੱਥ ਹਵਾ ਵਿੱਚ ਹਿਲਾ ਕੇ ਸੈਨਤ ਮਾਰੀ ਸੀ। ਜਦੋਂ ਮੈਂ ਕੋਲ ਗਿਆ ਤਾਂ ਉਹਨੇ ਹਲ ਖੜ੍ਹਾ ਕਰ ਕੇ ਮੇਰਾ ਝੱਗਾ ਤੇ ਕੱਛਾ ਮੱਲੋਜ਼ੋਰੀ ਉਤਾਰ ਕੇ ਮਾਰਖੰਡ ਬੌਲਦ ਦੇ ਸਿੰਗ ਉੱਤੇ ਟੰਗ ਕੇ ਹੱਸਦਿਆਂ ਆਖਿਆ ਸੀ, “ਆਪੇ ਈ ਲਾਹ ਲਾ ਹੁਣ!”

ਮੈਂ ਰੋਣ ਲੱਗ ਪਿਆ ਸੀ। ਮੈਂ ਕਦੀ ਇੱਕ ਹੱਥ ਮੋਹਰੇ ਤੇ ਇੱਕ ਹੱਥ ਪਿੱਛੇ ਲਿਜਾ ਕੇ ਆਪਣਾ ਨੰਗ ਢਕਣ ਦੀ ਕੋਸ਼ਿਸ਼ ਕਰਦਾ। ਮੈਂ ਜਿੰਨਾ ਉੱਚੀ ਰੋਂਦਾ, ਤਾਇਆ ਉੰਨਾ ਹੀ ਜ਼ਿਆਦਾ ਹੱਸਦਾ। ਉਹਦੇ ਚੌੜੇ ਦੰਦਾਂ ਦਾ ਉਤਲਾ ਉੱਚਾ ਪੀੜ ਕਾਲੀ ਦਾਹੜੀ ਤੇ ਮੁੱਛਾਂ ਵਿਚਾਲੇ ਜਚਦਾ। ਅਖੀਰ ਤਾਏ ਨੂੰ ਹੁੱਥੂ ਆ ਗਿਆ ਤੇ ਉਹਦਾ ਭਰਵਾਂ ਤੇ ਸੁਨੱਖਾ ਚਿਹਰਾ ਲਾਲ ਹੋ ਗਿਆ ਸੀ।

“ਲੈ ਆਹ ਪਰੈਣ ਨਾਲ ਲਾਹ ਲਾ!” ਤਾਏ ਨੇ ਬੈਠ ਕੇ ਮੈਂਨੂੰ ਬਾਹਾਂ ਵਿੱਚ ਲੈ ਕੇ ਪਤਿਆਉਣ ਵਾਂਗ ਕਿਹਾ। ਉਹਨੂੰ ਪਤਾ ਸੀ ਕਿ ਮੈਂ ਇਸ ਕਾਲੇ-ਚਿੱਟੇ ਬੌਲਦ ਕੋਲੋਂ ਬਹੁਤ ਡਰਦਾ ਹਾਂ ਕਿਉਂਕਿ ਉਹ ਵੇਸਲਾ ਸਿੰਗ ਮਾਰ ਦਿੰਦਾ ਸੀ। ਸਾਡੇ ਪਿੰਡੋਂ ਖਰੀਦੇ ਵਹਿੜੇ ਨਾਲ ਭਿੜਦਿਆਂ ਉਹਦਾ ਇੱਕ ਸਿੰਗ ਮੁੱਢੋਂ ਹੀ ਟੁੱਟ ਗਿਆ ਸੀ ਤੇ ਉਹਦੇ ਵਿੱਚੋਂ ਨਿਕਲੀ ਛੋਟੀ ਜਿਹੀ ਗੁੱਲੀ ਉੱਤੇ ਡੇਢ-ਦੋ ਮਹੀਨੇ ਪੱਟੀ ਬੰਨ੍ਹੀ ਜਾਂਦੀ ਰਹੀ ਸੀ। ਮੇਰਾ ਬੁਸ-ਬੁਸ ਕਰਨਾ ਜਾਰੀ ਸੀ ਕਿ ਵੱਡੇ ਬਾਬੇ ਅਰਜਣ ਸਿੰਘ (ਤਾਏ ਦਾ ਚਾਚਾ-ਬਾਬਾ) ਨੇ ਦੂਰੋਂ ਹੀ ਫ਼ੌਜੀ ਰੋਹਬ ਵਾਲਾ ਦਬਕਾ ਮਾਰਦਿਆਂ ਕਿਹਾ, “ਸ਼ਰਮ ਕਰ ਕੁਛ, ਬਥੇਰਾ ਮਸ਼ਕੂਲਾ ਹੋ ਗਿਆ!”

ਫਿਰ ਤਾਏ ਨੇ ਦਬਾ ਸੱਟ ਲੀੜੇ ਲਾਹ ਕੇ ਮੈਂਨੂੰ ਦੇ ਦਿੱਤੇ ਸਨ। ਇੰਨੇ ਨੂੰ ਤਾਈ (ਮਲਕੀਤ ਕੌਰ) ਸ਼ਾਹ ਵੇਲੇ ਦਾ ਭੱਤਾ ਲੈ ਕੇ ਆ ਗਈ ਸੀ ਅਤੇ ਨਾਲ ਦੇ ਖੇਤਾਂ ਵਿੱਚ ਕੰਮ ਕਰਦੇ ਭਾਈਆ, ਵੱਡਾ ਬਾਬਾ ਤੇ ਛੋਟਾ ਬਾਬਾ (ਜਿਸ ਨੂੰ ਸਾਰੇ ਬਾਊ ਹੀ ਸੱਦਦੇ ਸਨ) ਆ ਗਏ ਸਨ। ਜਦ ਤਾਈ ਨੂੰ ਪਤਾ ਲੱਗਾ ਤਾਂ ਉਹ ਤਾਏ ਨੂੰ ਘੂਰਦੀ ਹੋਈ ਮੈਂਨੂੰ ਆਪਣੇ ਨਾਲ ਘਰ ਲੈ ਗਈ ਸੀ।

ਮੇਰੇ ਇਨ੍ਹਾਂ ਖ਼ਿਆਲਾਂ ਦੀ ਡੱਬਿਆਂ ਵਾਂਗ ਜੁੜੀ ਲੰਮੀ ਰੇਲ ਗੱਡੀ ਉਦੋਂ ਰੁਕੀ ਜਦੋਂ ਭਾਈਏ ਦੇ ਮੂੰਹੋਂ ‘ਉਹ! ਤੇਰੀ ...!” ਨਿਕਲਿਆ।

ਜਲਦਬਾਜ਼ੀ ਦੌਰਾਨ ਸਾਈਕਲ ਕੋਠੜੀ ਵਿੱਚੋਂ ਕੱਢਦਿਆਂ ਭਾਈਏ ਦੇ ਸੱਜੇ ਗਿੱਟੇ ਤੋਂ ਥੋੜ੍ਹਾ ਜਿਹਾ ਉਤਾਂਹ ਲੱਤ ਦੀ ਹੱਡੀ ਉੱਤੇ ਬਿਨਾਂ ਪੈਡਲ ਵਾਲੀ ਕਿੱਲੀ ਜ਼ੋਰ ਨਾਲ ਲੱਗ ਗਈ ਸੀ। ਉਹਦੇ ਮੂੰਹੋਂ ਸਹਿਵਨ ਹੀ ਫਿਰ ਨਿਕਲ ਗਿਆ, “ਕਾਹਲੀ ਅੱਗੇ ਟੋਏ ਈ ਰਈਂਦੇ ਆ ਸਾਲੇ।”

ਭਾਈਆ ਹਵਾ ਨਾਲੋਂ ਵੀ ਤੇਜ਼ ਸਾਈਕਲ ਭਜਾ ਕੇ ਸੋਹਲਪੁਰ (ਮੇਰੇ ਪਿੰਡ ਮਾਧੋਪੁਰ ਤੋਂ ਦੱਖਣ-ਪੂਰਬ ਵੱਲ ਢਾਈ ਤਿੰਨ ਕਿਲੋਮੀਟਰ ਦੂਰੀ ’ਤੇ ਸਥਿਤ ਛੋਟਾ ਜਿਹਾ ਪਿੰਡ) ਪਹੁੰਚਣਾ ਚਾਹੁੰਦਾ ਸੀ। ਭਾਈਏ ਦੇ ਚਿਹਰੇ ਉੱਤੇ ਚਿੰਤਾ-ਫ਼ਿਕਰ ਨੇ ਜਿਵੇਂ ਆਪਣਾ ਕਬਜ਼ਾ ਜਮਾ ਲਿਆ ਸੀ। ਉਸ ਨੇ ਤਾਏ ਵਾਲੇ ਵਲੈਤੀ ਸਾਈਕਲ ਨੂੰ ਸਰਦਲ ਤੋਂ ਬਾਹਰ ਕਰਦਿਆਂ ਪਿਛਾਂਹ ਨੂੰ ਮੂੰਹ ਕਰ ਕੇ ਸਾਨੂੰ ਹੁਕਮ ਕੀਤਾ, “ਅੱਜ ਸਕੂਲੋਂ ਛੁੱਟੀ ਕਰ ਲਿਓ ਦੋਮੇ ਜਣੇ।”

ਥੋੜ੍ਹੇ ਕੁ ਚਿਰ ਪਿੱਛੋਂ ਅਸੀਂ ਦੋਵੇਂ ਭਰਾ ਰੋਟੀ-ਟੁੱਕ ਖਾ ਕੇ ਸੋਹਲਪੁਰ ਨੂੰ ਤੁਰ ਪਏ। ਮੇਰੇ ਚਿੱਤ ਵਿੱਚ ਕਈ ਡਰਾਉਣੇ ਖ਼ਿਆਲ ਆਉਂਦੇ। ਤੁਰੇ ਜਾਂਦੇ ਨੂੰ ਵਿੱਚ-ਵਿੱਚ ਕੰਬਣੀ ਜਿਹੀ ਛਿੜ ਪੈਂਦੀ ਤੇ ਦਿਲ ਦੀ ਧੜਕਣ ਤੇਜ਼ ਤੇ ਉੱਚੀ ਹੋ ਜਾਂਦੀ। ਬੰਨ੍ਹ ਉੱਤੇ ਸੱਪਾਂ ਦੀਆਂ ਲੀਕਾਂ ਨਾਲ ਮੈਂ ਹੋਰ ਡਰ ਗਿਆ।

ਦੋਹਾਂ ਬਾਬਿਆਂ ਦੇ ਚਿਹਰੇ ਲੱਥੇ ਹੋਏ ਸਨ। ਉਨ੍ਹਾਂ ਦੀ ਨਿਗਾਹ ਰਾਹ ਵੱਲ ਸੀ। ਉਹ ਆਪਸ ਵਿੱਚ ਘੱਟ ਹੀ ਬੋਲ ਰਹੇ ਸਨ। ਜੇ ਗੱਲ ਕਰਦੇ ਤਾਂ ਬੱਸ ਇੰਨੀ ਕੁ ‘ਦਪ੍ਹੈਰ ਢਲ ਚੱਲੀ ਆ, ਠਾਕਰ ਅਜੇ ਬੀ ਨਹੀਂ ਆਇਆ।”

ਬਾਊ ਬਾਬੇ ਦਾ ਇੱਕ ਪੈਰ ਆਪਣੇ ਪੁੱਤ ਜੀਤ ਦੇ ਮੰਜੇ ਵਲ ਤੇ ਇੱਕ ਬਾਹਰ ਵਲ ਹੁੰਦਾ। ਉਹਨੂੰ ਜਿਵੇਂ ਚੈਨ ਨਹੀਂ ਸੀ ਆ ਰਹੀ ਤੇ ਨੱਕ ਵਿੱਚੋਂ ਪਾਣੀ ਵਗ ਰਿਹਾ ਸੀ।

ਥੋੜ੍ਹੀ ਕੁ ਦੇਰ ਬਾਅਦ ਇੱਕ ਚਿੱਟੀ ਕਾਰ ਆਈ। ਭਾਈਆ ਤੇ ਇੱਕ ਉੱਚਾ-ਲੰਮਾ, ਮੋਟਾ, ਗੋਰਾ ਨਿਛੋਹ ਚਿੱਟੀ ਭਰਵੀਂ-ਦਾਹੜੀ ਵਾਲਾ ਸਰਦਾਰ ਨਿਕਲੇ। ਉਹ ਸਿੱਧੇ ਤਾਏ ਦੇ ਮੰਜੇ ਕੋਲ ਗਏ। ਹੁਣ ਦੋਨੋਂ ਬਾਬੇ ਵੀ ਇੱਕ ਉਮੀਦ ਨਾਲ ਕੋਲ ਖੜ੍ਹੇ ਸਨ।

“ਸਰਦਾਰਾ ਸਿੰਆਂ ਪੈਹੇ ਜਿੰਨੇ ਮਰਜ਼ੀ ਲੱਗ ਜਾਣ, ਪਰਬਾਹ ਨਹੀਂ, ਮੁੰਡੇ ਨੂੰ ਬਚਾ ਲਓ!” ਬਾਬਾ ਅਰਜਣ ਸਿੰਘ ਨੇ ਤਰਲਾ ਕੀਤਾ।

ਬਾਊ ਬਾਬਾ ਉਨ੍ਹਾਂ ਸਾਰਿਆਂ ਦੇ ਮੂੰਹਾਂ ਵਲ ਦੇਖ ਰਿਹਾ ਸੀ ਤੇ ਬੇਵਸੀ ਦੀ ਝਲਕ ਉਹਦੇ ਮੂੰਹ ਉੱਤੇ ਸਾਫ਼ ਦਿਖਾਈ ਦਿੰਦੀ ਸੀ। ਉਹ ਤਾਏ ਦੇ ਮੰਜੇ ਕੋਲ ਭੁੰਜੇ ਬੈਠ ਗਿਆ।

ਡਾਕਟਰ ਨੇ ਤਾਏ ਦੀ ਛਾਤੀ ਉੱਤੇ ਮੁੜ-ਮੁੜ ਟੂਟੀ ਲਾਈ ਜਿਸਦੇ ਸਿਰਿਆਂ ਨੂੰ ਉਹਨੇ ਕੰਨਾਂ ਤੋਂ ਆਪਣੀ-ਚਿੱਟੀ ਪੱਗ ਉਤਾਂਹ ਕਰ ਕੇ ਲਾਇਆ ਹੋਇਆ ਸੀ। ਫਿਰ ਉਹਨੇ ਤਾਏ ਨੂੰ ਦਵਾਈ ਦਿੱਤੀ ਜਿਸ ਨਾਲ ਉਹਨੂੰ ਉਲਟੀਆਂ ਆ ਗਈਆਂ। ਮਗਰੋਂ ਪੁੜਿਆਂ ’ਤੇ ਟੀਕੇ ਲਾਏ।

“ਸਰਦਾਰਾ ਸਿੰਆਂ ਧੁਆਡੀ ਕਾਰ ਵਿੱਚ ਭੋਗਪੁਰ ਜਾਂ ਜਲੰਧਰ ਲੈ ਚਲਦੇ ਆਂ!” ਵੱਡੇ ਬਾਬੇ ਨੇ ਫਿਰ ਮਿੰਨਤ ਜਿਹੀ ਕੀਤੀ।

ਇਸੇ ਦੌਰਾਨ ਡਾਕਟਰ ਨੇ ਭਾਈਏ ਨੂੰ ਇੱਕ ਪਾਸੇ ਲਿਜਾ ਕੇ ਕੁਝ ਕਿਹਾ। ਦੋਹਾਂ ਬਾਬਿਆਂ ਦੇ ਚਿਹਰੇ ਹੋਰ ਫੱਕ ਹੋ ਗਏ। ਉਹ ਅਡੋਲ ਬੇਜਾਨ ਜਿਹੇ ਬੁੱਤ ਬਣੇ ਖੜ੍ਹੇ ਸਨ। ਲਗਦਾ ਸੀ ਜਿਵੇਂ ਉਨ੍ਹਾਂ ਨੂੰ ਆਪ ਕੁਝ ਨਹੀਂ ਅਹੁੜ ਰਿਹਾ ਸੀ ਤੇ ਡਾਕਟਰ ਹੀ ਉਨ੍ਹਾਂ ਲਈ ਰੱਬ ਬਣ ਗਿਆ ਸੀ।

“ਵਾਹਿਗੁਰੂ ’ਤੇ ਭਰੋਸਾ ਰੱਖੋ, ਮੈਂ ਦਵਾਈ ਦੇ ਦਿੱਤੀ ਆ, ਬਾਕੀ ਉਮਰ ਤਾਂ ਉੱਪਰ ਵਾਲੇ ਦੇ ਹੱਥ ਆ!” ਡਾਕਟਰ ਨੇ ਕਮੀਜ਼ ਹੇਠਲਾ ਆਪਣਾ ਗਾਤਰਾ ਠੀਕ ਕਰਦਿਆਂ ਦੋਹਾਂ ਬਜ਼ੁਰਗਾਂ ਨੂੰ ਦਿਲਾਸਾ ਦੇ ਕੇ ਕਾਰ ਵੱਲ ਜਾਂਦਿਆਂ ਦਿੱਤਾ। ਅੱਖ ਦੇ ਫੋਰ ਵਿੱਚ ਹੀ ਕਾਰ ਧੂੜ ਵਿੱਚ ਗੁੰਮ ਗਈ ਜਿਸਦਾ ਪਿੱਛਾ ਮੇਰੀ ਨਿਗਾਹ ਕਿੰਨੀ ਦੂਰ ਤਕ ਕਰਦੀ ਰਹੀ। ਮੇਰੇ ਖਿਆਲਾਂ ਵਿੱਚ ਪਲ ਦੀ ਪਲ ਤਾਏ ਦੀ ਨਾਜ਼ੁਕ ਬਣੀ ਹਾਲਤ ਜਿਵੇਂ ਇਸ ਧੂੜ-ਮਿਟੀ ਵਿੱਚ ਗੁਆਚ ਗਈ ਹੋਵੇ।

ਉੱਧਰ, ਹਵੇਲੀ ਨਾਲ ਦੀ ਛੱਪੜੀ ਦੇ ਦੂਜੇ ਪਾਸੇ ਘਰ ਨੂੰ ਜਾਂਦੀ ਗਲੀ ਵਿੱਚ ਦੁਪਹਿਰ ਤੋਂ ਪਹਿਲਾਂ ਦੀ ਬੈਠੀ ਦਾਦੀ ਰਾਓ ਨੇ ਮੈਂਨੂੰ ਹੱਥ ਨਾਲ ਆਪਣੇ ਕੋਲ ਆਉਣ ਲਈ ਇਸ਼ਾਰਾ ਕੀਤਾ।

“ਕੀ ਕਹਿ ਕੇ ਗਿਆ ਡਾਕਦਾਰ?”

“ਕਹਿੰਦਾ, ਉਮਰ ਤਾਂ ਉੱਪਰ ਆਲੇ ਦੇ ਹੱਥ ਆ!”

ਦਾਦੀ ਹਉਕੇ ਭਰਦੀ ਹਵੇਲੀ ਵੱਲ ਨੂੰ ਔਹਲੀ। ਪਰ ਉਹਤੋਂ ਦੋ ਪੈਰ ਵੀ ਪੁੱਟ ਨਾ ਹੋਏ ਜਿਵੇਂ ਲੱਤਾਂ ਜਵਾਬ ਦੇ ਗਈਆਂ ਹੋਣ। ਉਹ ਕਾਲਜਾ ਫੜ ਕੇ ਉੱਥੇ ਹੀ ਬਹਿ ਗਈ। ਉਹਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਡਿਗਣ ਲੱਗ ਪਏ।

ਬਾਊ ਬਾਬਾ ਤੇ ਮੈਂ ਫਿਰ ਤਾਏ ਦੀ ਥਾਂ-ਥਾਂ ਕੀਤੀ ਟੱਟੀ ਉੱਤੇ ਮਿੱਟੀ ਦੀਆਂ ਮੁੱਠਾਂ ਭਰ-ਭਰ ਪਾਉਣ ਲੱਗ ਪਏ। ਬਾਊ ਬਾਬੇ ਦੇ ਹੱਥ ਕੰਬ ਜਿਹੇ ਰਹੇ ਸਨ। ਉਹ ਹੌਲੀ-ਹੌਲੀ ਜਿਵੇਂ ਆਪਣੇ ਆਪ ਨੂੰ ਸੁਣਾ ਕੇ ਬੋਲਦਾ, “ਸਾਰਾ ਅੰਦਰ ਬੱਢ ਹੋ ਗਿਆ, ਹੁਣ ਤਾਂ ਨਿਰੀ ਚਰਬੀ ਵਾਹੁਣ ਲੱਗ ਪਿਆ।”

“ਠਾਕਰਾ ਮਈਨੂੰ ਬਚਾ ਲਾ, ਗਲਤੀ ਹੋ ਗਈ ਆ!” ਤਾਏ ਨੇ ਮੰਜੇ ਉੱਤੇ ਮਰੋੜੇ ਮਾਰਦਿਆਂ ਮੁੜ ਆਪਣੀ ਬੇਵਸੀ ਜ਼ਾਹਿਰ ਕੀਤੀ ਤਾਂ ਸਾਡੀਆਂ ਨਜ਼ਰਾਂ ਫਿਰ ਤਾਏ ਦੇ ਮੰਜੇ ਉੱਤੇ ਜਾ ਟਿਕੀਆਂ। ਬਾਊ ਬਾਬੇ ਦੀਆਂ ਅੱਖਾਂ ਵਿੱਚੋਂ ਪਾਣੀ ਇਉਂ ਵਗ ਤੁਰਿਆ ਜਿਵੇਂ ਆਡ ਦਾ ਨੱਕਾ ਟੁੱਟ ਗਿਆ ਹੋਵੇ ਤੇ ਪਾਣੀ ਨੇ ਜਿਵੇਂ ਕਿਸੇ ਮੋਟੀ ਵੱਟ ਨੂੰ ਖੋਰਾ ਲਾ ਲਿਆ ਹੋਵੇ।

“ਤੇਰੇ ਕੋਲ ਈ ਆਂ ਸਾਰੇ - ਹੌਸਲਾ ਰੱਖ!” ਭਾਈਏ ਨੇ ਜਿਵੇਂ ਬੜੀ ਹਿੰਮਤ ਇਕੱਠੀ ਕਰ ਕੇ ਕਿਹਾ ਹੋਵੇ। ਫਿਰ ਉਹਨੇ ਦੂਜੇ ਪਾਸੇ ਮੂੰਹ ਕਰ ਕੇ ਆਪਣੀ ਪੱਗ ਦੇ ਲੜ ਨਾਲ ਅੱਖਾਂ ਪੂੰਝ ਲਈਆਂ।

“ਠਾਕਰਾ ਮੈਂ ਮਰ ਜਾਣਾ - ਬਚਾ ਸਕਦਾਂ ਤਾਂ ਬਚਾ ਲਾ - ਪਰ ਉਹਨੂੰ ਮੇਰੇ ਨੇੜੇ ਨਾ ਆਉਣ ਦਈਂ!” ਤਾਏ ਨੇ ਪਲ ਕੁ ਰੁਕ ਕੇ ਫਿਰ ਆਖਿਆ, “ਜੇ ਤੂੰ ਮੇਰੇ ਕੋਲੋਂ ਚਲਾ ਗਿਆ ਤਾਂ ਮੈਂ ਖੂਹੀ ਵਿੱਚ ਛਾਲ ਮਾਰ ਦੇਣੀ ਆ।”

“ਜੀਤ ਹੌਸਲਾ ਰੱਖ ...!” ਭਾਈਏ ਕੋਲ ਜਿਵੇਂ ਤਾਏ ਨਾਲੋਂ ਵੀ ਸ਼ਬਦਾਂ ਦੀ ਕਮੀ ਆ ਗਈ ਹੋਵੇ। ਉਹਨੇ ਅੰਦਰੋਂ ਬਾਹਰ ਆ ਕੇ ਬਾਬਾ ਅਰਜਣ ਸਿੰਘ ਨੂੰ ਦੱਸਿਆ, “ਮੇਤੋਂ ਨਹੀਂ ਟੁੱਟਦੀਆਂ ਦੇਖ ਹੁੰਦੀਆਂ!”

ਸੰਤਰੀ ਰੰਗ ਵਿੱਚ ਬਦਲ ਚੁੱਕਾ ਸੂਰਜ ਛਾਲਾਂ ਮਾਰਦਾ ਹੋਇਆ ਛੁਪਣ-ਛੁਪਣ ਕਰ ਰਿਹਾ ਸੀ। ਪਰਿੰਦੇ ਆਪਣੇ ਆਲ੍ਹਣਿਆਂ ਵੱਲ ਨੂੰ ਉਡਾਰੀਆਂ ਮਾਰਨ ਲੱਗ ਪਏ ਸਨ।

ਭਾਈਆ ਖੂਹੀ ਤੋਂ ਪਾਣੀ ਪੀ ਕੇ ਮੁੜਿਆ ਤਾਂ ਤਾਇਆ ਦੂਜੇ ਮੰਜੇ ਉੱਤੇ ਆਪਣੇ ਤੇੜ ਵਾਲੀ ਚਿੱਟੀ ਚਾਦਰ ਓੜ ਕੇ ਪਿਆ ਹੋਇਆ ਸੀ। ਉਹਨੇ ਪੁੱਛਿਆ, “ਜੀਤ, ਕੀ ਗੱਲ ਇੱਧਰ ਪੈ ਗਿਆਂ?”

“ਠਾਕਰਾ, ਬੱਸ ਆ ਹੁਣ!”

“ਜੀਤ, ਇੱਦਾਂ ਨਾ ਕਹਿ ... ਰੱਬ ...!”

“ਮਲਕੀਤ ਕੋਰ ਤੋਂ ਮੇਰੀ ਅਲੋਂ ਮੁਆਫੀ ਮੰਗੀਂ ਪਈ ਗਲਤੀ ...!” ਤਾਏ ਨੇ ਜਿਵੇਂ ਆਪਣੀ ਸਾਰੀ ਤਾਕਤ ਇਨ੍ਹਾਂ ਬੋਲਾਂ ਉੱਤੇ ਲਾ ਦਿੱਤੀ ਹੋਵੇ। ਤਾਏ ਤੋਂ ਭਾਈਏ ਦਾ ਘੁੱਟ ਕੇ ਫੜਿਆ ਹੱਥ ਆਪੇ ਹੀ ਢਿੱਲਾ ਪੈ ਕੇ ਛੁੱਟ ਗਿਆ।

ਕੋਲ ਖੜ੍ਹਾ ਬਾਊ ਬਾਬਾ ਧਾਹਾਂ ਮਾਰ ਕੇ ਰੋ ਪਿਆ, “ਇੱਕ ਅਲਾਲਪੁਰ (ਅਲਾਵਲਪੁਰ, ਜ਼ਿਲ੍ਹਾ ਜਲੰਧਰ) ਬਈਠਾ ਆ ਤੇ ਇੱਕ ਬਲੈਤ ਵਿੱਚ - ਮੇਰਾ ਤਾਂ ਇਹੀ ਸੀ ਸਾਰਾ ਕੁਛ।” ਬਾਊ ਬਾਬੇ ਨੇ ਆਪਣੇ ਪੁੱਤਾਂ ਨੂੰ ਯਾਦ ਕੀਤਾ। ਉਹ ਡਿਗੂੰ-ਡਿਗੂੰ ਕਰਦਾ ਸੀ ਤੇ ਫਿਰ ਤਾਏ ਦੇ ਮੰਜੇ ਕੋਲ ਬਹਿ ਕੇ ਜ਼ਾਰੋਜ਼ਾਰ ਰੋਣ ਲੱਗ ਪਿਆ।

ਦੋਹਾਂ ਬਾਬਿਆਂ ਦੀ ਹਾਲ-ਪਾਹਰਿਆ ਸੁਣਦਿਆਂ ਸਾਰ ਹੀ ਦਾਦੀ ਦੁਹੱਥੜਾਂ ਮਾਰ-ਮਾਰ ਆਪਣੀ ਛਾਤੀ ਪਿੱਟਦੀ ਦੂਹੋ ਦੂਹ ਆ ਗਈ। ਹੁਣ ਉਹਦੀਆਂ ਲੱਤਾਂ ਵਿੱਚ ਪਤਾ ਨਹੀਂ ਕਿਵੇਂ ਜਾਨ ਪਰਤ ਆਈ ਸੀ। ਉਹ ਕੀਰਨੇ ਪਾਉਂਦੀ ਹੋਈ ਤਾਏ ਨੂੰ ਇਉਂ ਹਾਕਾਂ ਮਾਰ ਰਹੀ ਸੀ ਜਿਵੇਂ ਸੁੱਤੇ ਨੂੰ ਜਗਾ ਰਹੀ ਹੋਵੇ। ਦਾਦੀ ਨੂੰ ਵਿਲਕ-ਵਿਲਕ ਰੋਂਦੀ ਨੂੰ ਦੇਖ ਕੇ ਮੇਰਾ ਰੋਣ ਮੁੜ ਨਿਕਲ ਗਿਆ।

ਹੁਣ ਪੰਛੀ ਆਪਣੇ ਆਲ੍ਹਣਿਆਂ ਵਿੱਚ ਜਾ ਲੁਕੇ ਸਨ। ਉੱਤਰ ਰਿਹਾ ਹਨ੍ਹੇਰਾ ਜਿਵੇਂ ਸਭ ਨੂੰ ਮੱਲੋਮੱਲੀ ਆਪਣੀ ਬੁੱਕਲ ਵਿੱਚ ਲੁਕੋ ਲੈਣ ਲਈ ਕਾਹਲਾ ਪੈ ਰਿਹਾ ਸੀ।

ਇਸੇ ਦੌਰਾਨ ਚੈਨ ਦੀ ਪੀਤੋ ਤੇ ਲੰਬੜਨੀ ਨੰਨ੍ਹੀ ਆ ਕੇ ਉੱਚੀ-ਉੱਚੀ ਰੋਣ ਲੱਗ ਪਈਆਂ। ਖੁਰਲੀ ਉੱਤੇ ਬੱਝੇ ਪਸ਼ੂਆਂ ਨੇ ਆਪਣੇ ਮੂੰਹ ਰੋਣ-ਪਿੱਟਣ ਦੀਆਂ ਆਵਾਜ਼ਾਂ ਵਲ ਚੁੱਕੇ ਹੋਏ ਸਨ। ਇਉਂ ਜਾਪਦਾ ਸੀ ਜਿਵੇਂ ਉਨ੍ਹਾਂ ਨੂੰ ਵੀ ਕਿਸੇ ਅਣਹੋਣੀ ਦੇ ਹੋਣੀ ਵਿੱਚ ਤਬਦੀਲ ਹੋਣ ਦਾ ਇਹਸਾਸ ਹੋ ਗਿਆ ਹੋਵੇ।

... ਤੇ ਭਾਈਏ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਬੁਲਾ ਕੇ ਕਿਹਾ, “ਤੁਸੀਂ ਪਿੰਡ ਨੂੰ ਚਲੋ, ਮੈਮ੍ਹੀਂ ਆਉਨਾ!”

ਕੋਲ ਖੜ੍ਹਾ ਬਾਬਾ ਅਰਜਣ ਸਿੰਘ ਕਹਿ ਰਿਹਾ ਸੀ, “ਠਾਕਰਾ, ਨ੍ਹੇਰੇ ਉੱਠ ਕੇ ਕਠਾਰ ਜਾਹ - ਮਲਕੀਤ ਕੋਰ ਨੂੰ ਕਹੀਂ ਪਈ ਜੀਤ ਬਹੁਤ ਬਮਾਰ ਆ - ਆਪਣੇ ਭਰਾ ਨੂੰ ਨਾਲ ਲੈ ਕੇ ਆ ਜਾਬੇ - ਉਹਦੇ ਭਰਾ ਨੂੰ ਪੜਦੇ ਨਾ ਸਮਝਾ ਦਈਂ ਪਈ ਮਕਾਣ ਦਿਨ ਚੜ੍ਹੇ ਆ ਜਾਬੇ। ਜਾਂਦਾ ਹੋਇਆ ਆਪਣੀ ਭੂਆ ਤੇ ਭੈਣ (ਇੱਕੋ ਪਰਿਵਾਰ ਵਿੱਚ ਵਿਆਹੀਆਂ ਭੂਆ (ਪ੍ਰੀਤੋ), ਭਤੀਜੀ (ਮੀਤੋ) ਨੂੰ ਸਲ਼ਾਲ਼ੇ ਦੱਸ ਜਾਮੀ।”

ਨੜੋਏ ਤੋਂ ਮੁੜਦਿਆਂ ਮੈਂ ਦੇਖਿਆ ਕਿ ਨਿੱਕੇ ਜਿਹੇ ਪਿੰਡ ਦਾ ਵੱਡਾ ਸਾਰਾ ਰਾਹ ਅੰਗਾਂ-ਸਾਕਾਂ ਤੇ ਤਾਏ ਦੇ ਦੋਸਤਾਂ ਨਾਲ ਭਰਿਆ ਹੋਇਆ ਸੀ। ਇਹ ਸੋਗੀ ਘਟਨਾ 1965 ਦੀ ਦੀਵਾਲੀ ਤੋਂ ਵੀਹ-ਬਾਈ ਦਿਨ ਪਹਿਲਾਂ ਦੀ ਸੀ।

ਭਾਵੇਂ ਹੁਣ ਤਾਏ ਦਾ ਭੋਗ ਪੈ ਚੁੱਕਾ ਸੀ ਤਾਂ ਵੀ ਸਾਡੇ ਘਰ ਉਹਦੀਆਂ ਗੱਲਾਂ ਦਾ ਅਖੰਡ ਪਰਵਾਹ ਜਾਰੀ ਸੀ। ਭਾਈਆ ਫ਼ਖਰ ਨਾਲ ਕਹਿੰਦਾ, “ਜੀਤ ਵਰਗੇ ਬੰਦੇ ਕਿਤੇ ਘਰ-ਘਰ ਜੰਮਣੇ ਆ। ਇੱਕ ਬਾਰੀ ਅਸੀਂ ਹਬੇਲੀ ਖੜ੍ਹੇ ਸੀ ਤਾਂ ਜੀਤ ਦੇ ਚਿੱਤ ਪਤਾ ਨਹੀਂ ਕੀ ਅਇਆ, ਮਈਨੂੰ ਬਾਹੋਂ ਫੜ ਕੇ ਖੁਰਲੀ ਕੋਲ ਲਿਜਾ ਕੇ ਕਹਿਣ ਲੱਗਾ-ਠਾਕਰਾ ਐਹਲੇ ਆਪਣੇ ਕੋਲ ਪੱਗਾਂ ਨਹੀਂ, ਆ ਤੂੰਮ੍ਹੀ ਗੋਕੇ ਦੇ ਪਿੰਡੇ ’ਤੇ ਹੱਥ ਰੱਖ - ਲੈ ਅੱਜ ਤੋਂ ਆਪਾਂ ਭਰਾ ਬਣ ਗਏ ਆਂ। ਫਿਰ ਘਰ ਜਾ ਕੇ ਚਾਅ ਨਾਲ ਮਲਕੀਤ ਕੋਰ ਨੂੰ ਨਿਆਣਿਆਂ ਆਂਙੂੰ ਦੱਸਣ ਲੱਗਾ - ਠਾਕਰ ਅੱਗੇ ਤੋਂ ਸੈਕਲ, ਪੈਹੇ ਜਾਂ ਕੋਈ ਚੀਜ਼ ਮੰਗੇ ਤਾਂ ਨਾਂਹ ਨਹੀਂ ਕਰਨੀ, ਜੇ ਕੀਤੀ ਤਾਂ ਮੇਤੋਂ ਬੁਰਾ ਕੋਈ ਨਹੀਂ - ਹੁਣ ਅਸੀਂ ਭਰਾ ਬਣ ਗਏ ਆਂ।”

ਭਾਈਆ ਬਿੰਦ ਕੁ ਰੁਕ ਕੇ ਫਿਰ ਦੱਸਣ ਲੱਗ ਪਿਆ, “ਇੱਕ ਬਾਰੀ ਹਵੇਲੀ ਆ ਕੇ ਮਲਕੀਤ ਕੋਰ ਨੇ ਮਈਨੂੰ ਕਿਹਾ, ਭਾਈਆ ਜੀ ਪਤਾ ਲੱਗਾ ਪਈ ਬਰਾਮੀਏ ਮਿੰਹਦੂ ਦੇ ਘਰ ਬਈਠੇ ਪੀਂਦੇ ਆ। ਜ਼ਰਾ ... ਮੈਂ ਦਬਾ ਸੱਟ ਸੈਕਲ ਚੱਕਿਆ ਤੇ ਜਾ ਹਾਕ ਮਾਰੀ। ਜਦੋਂ ਗੇਟ ’ਤੇ ਆਇਆ ਤਾਂ ਮੈਂ ਕਿਹਾ - ਹਰਦੂਲਾਣਤ ਆ ਤੇਰੇ, ਅੱਜ ਇੱਥੇ ਪੀਨਾ ਭਲਕੇ ਤੇਰੇ ਘਰ ਬੀ ਆਉਣਾ ਇਨ੍ਹਾਂ ਨੇ। ਫੇ ਕੀ ਸੀ - ਚੁੱਪ ਕਰਕੇ ਉੱਥੋਂ ਈ ਮੇਰੇ ਨਾਲ ਤੁਰ ਪਿਆ।”

“ਹੋਰ ਦੱਸਾਂ?” ਭਾਈਏ ਨੇ ਹੋਰ ਦੱਸਣ ਦੀ ਇੱਛਾ ਨਾਲ ਪੁੱਛਿਆ।

“ਇਕ ਬਾਰੀ ਪੀਂਦਿਆਂ-ਪੀਂਦਿਆਂ ਤੋਖੀ ਸੁਆਜਪੁਰੀਏ (ਸ਼ਹਿਬਾਜ਼ਪੁਰੀਏ) ਨੇ ਮਈਨੂੰ ਦਬਕਾ ਮਾਰ ਕੇ ਘੱਟ-ਬੱਧ ਕਿਹਾ। ਜੀਤ ਉੱਠ ਕੇ ਪੈ ਗਿਆ - ਜੇ ਬਾਧੂ ਬੋਲਿਆ ਤਾਂ ਦੇਖ ਲਈਂ - ਇਹ ਮੇਰਾ ਭਰਾ ਆ। ਤੂੰ ਜਾਣਾ ਤਾਂ ਚਲੇ ਜਾ। ਤਲਬੰਡੀ ਆਲੇ ਸੁੱਚੇ ਨੇ ਬੀ ਇੱਕ ਬਾਰੀ ਚਮਾਰ-ਕਮੀਣ ਕਹਿ ਕੇ ਕੁਛ ਕਿਹਾ ਸੀ ਤਾਂ ਜੀਤ ਨੇ ਉਹਅਲੇ ਈ ਉਹਦੀ ਲਾਹ-ਪਾਹ ਕਰ’ਤੀ ਸੀ।”

ਭਾਈਏ ਕੋਲ ਤਾਏ ਨਾਲ ਜੁੜੀਆਂ ਯਾਦਾਂ ਦਾ ਇੱਕ ਅਮੁੱਕ ਭੰਡਾਰ ਸੀ। ਰਾਤ ਨੂੰ ਰੋਟੀ ਖਾਣ ਵੇਲੇ ਉਹ ਤਾਏ ਬਾਰੇ ਕੋਈ ਨਾ ਕੋਈ ਗੱਲ ਤੋਰ ਲੈਂਦਾ, “ਜਦੋਂ ਅਵਤਾਰ ਦਾ ਬਿਆਹ ਸੀ ਤਾਂ ਮਾਣਕਢੇਰੀ ਆਲਾ ਬਾਵਾ ਫੁਲਕੇ ਬਣਾਉਂਦਾ-ਬਣਾਉਂਦਾ ਚਾਚੇ (ਅਰਜਣ ਸਿੰਘ) ਨੂੰ ਕਹਿਣ ਲੱਗਾ - ਅਖੇ ਠਾਕਰ ਤਵੀ ਥੱਲੇ ਬਾਲਣ ਪਾਈ ਜਾਂਦਾ! ਚਾਚੇ ਨੇ ਚੰਗਾ ਠੋਕ ਕੇ ਜਵਾਬ ਦਿੱਤਾ, ਇਹਦੇ ਹੱਥਾਂ ਆਲੇ ਬਾਲਣ ਨਾਲ ਜ਼ਹਿਰ ਚੜ੍ਹਦੀ ਆ! ਇੱਦਾਂ ਈ ਗਿਆਨੂੰ (ਨਾਈ) ਕਹੇ ਪਈ ਖਾਣ-ਪੀਣ ਆਲੀਆਂ ਸਾਰੀਆਂ ਚੀਜ਼ਾਂ ਵਿੱਚ ਠਾਕਰ ਹੱਥ ਪਾਈ ਜਾਂਦਾ। ਦਾਰੂ (ਮਾਧੋਪੁਰ ਦਾ ਜੱਟ ਹਲਵਾਈ) ਨੇ ਕਿਹਾ ਫੇ - ਸ਼ਰਮ ਕਰ ਕੁਛ! ਤੂੰ ਹੈਂ ਤਾਂ ਸਾਡੇ ਨਾਲੋਂ ਬੜਾ, ਸਾਨੂੰ ਜਿਹੜੀ ਬੋਤਲ ਮਿਲਣੀ ਆਂ, ਉਹ ਬੀ ਨਹੀਂ ਮਿਲਣੀ ਇੱਦਾਂ - ਸਾਰਾ ਕੁਛ ਤਾਂ ਠਾਕਰ ਦੇ ਹੱਥ ਆ। ਫੇ ਗਿਆਂ ਨੂੰ ਕਹੇ - ਚੰਗਾ ਜਿੱਦਾਂ ਧੁਆਡੀ ਮਰਜ਼ੀ। ਮੈਂ ਪੁੱਛਦਾ-ਪੁੱਛਦਾ ਈ ਰਹਿ ਗਿਆ ਪਈ ਦੋ ਦਿਨ ਪਈਲਾਂ ਖੰਡ ਪਾਠ ’ਤੇ ਜੱਟਾਂ-ਚਮਾਰਾਂ ਦੇ ਘਰੋਂ ਲੱਸੀ ’ਕੱਠੀ ਕਰ ਕੇ ਚਾਟੀਆਂ ਭਰ ਕੇ ਅਸੀਂ ਲਿਆਂਦੀਆਂ ਮਾਧੋਪੁਰੋਂ। ਉਨ੍ਹਾਂ ਨੂੰ ‘ਤਰਾਜ ਨਹੀਂ ਤੇ ਤੂੰ ਬਿੱਚ ਕਾਹਨੂੰ ਘੜੰਮ ਚੌਧਰੀ ਬਣੀ ਜਾਨਾ।”

ਭਾਈਆ ਫਿਰ ਵਿਗੋਚੇ ਜਿਹੇ ਨਾਲ ਦੱਸਦਾ, “ਦਿਨ ਤਾਂ ਜਿੱਦਾਂ-ਕਿੱਦਾਂ ਮੂੰਹ-ਤੂੰਹ ਲੱਗ ਕੇ ਨੰਘ ਜਾਂਦਾ, ਘੁਸਮੁਸਾ ਹੁੰਦਾ ਤਾਂ ਅਈਦਾਂ ਲਗਦਾ ਜਿੱਦਾਂ ਜੀਤ ਮੇਰੇ ਨਾਲ-ਨਾਲ ਹੋਬੇ। ਰਾਤ ਨੂੰ ਅੱਬਲ ਤਾਂ ਨੀਂਦ ਨਹੀਂ ਆਉਂਦੀ - ਜੇ ਆਉਂਦੀ ਆ ਤਾਂ ਸੁਫ਼ਨਿਆਂ ਵਿੱਚ ਜੀਤ ਬੰਨ੍ਹ ਨਾਲ ਦੀ ਪਹੀ ਵਿੱਚ ਸੈਕਲ ਦੀ ਘਈਂਟੀ ਖੋਲ੍ਹ ਕੇ ਹਾੜਾ ਆਪੂੰ ਪੀਂਦਾ ਤੇ ਇੱਕ ਮਈਨੂੰ ਦਿੰਦਾ। ਕਹਿੰਦਾ - ਚੱਲ ਉੱਠ ਬੱਕਰੇ ਬਲਾਈਏ - ਤੂੰ ਘਬਰਾ ਨਾ ਮੈਂ ਜੋ ਤੇਰੇ ਨਾਲ ਆਂ।”

ਭਾਈਏ ਦੀਆਂ ਗੱਲਾਂ ਸੁਣਨ ਦੌਰਾਨ ਮੇਰਾ ਮਨ ਰਾਤ ਦੇ ਹਨ੍ਹੇਰਿਆਂ ਨੂੰ ਚੀਰ ਕੇ ਤਾਈ ਦੇ ਘਰ ਨੂੰ ਉਡਾਰੀਆਂ ਭਰਦਾ। ਤਾਈ ਦੇ ਬਿੱਲੀਆਂ ਵਾਂਗ ਰੋਣਾ - ਰੁਦਨ ਸੁਣੇ ਨਾ ਜਾਂਦੇ। ਛੁੱਟੀ ਵਾਲੇ ਦਿਨ ਮੈਂ ਗੋਲੀ ਵਾਂਗ ਸਿੱਧਾ ਉਹਦੇ ਕੋਲ ਵਗ ਜਾਂਦਾ।

ਵੱਡੀ ਦਾਦੀ ਈਸਰੀ (ਤਾਈ ਦੀ ਦਾਦੀ ਸੱਸ) ਵਿਹੜੇ ਵਿੱਚ ਮੰਜੀ ਉੱਤੇ ਲੋਈ ਜਾਂ ਰਜਾਈ ਲੈ ਕੇ ਬੈਠੀ ਹੁੰਦੀ। ਮੈਂ ਕੋਲ ਬਹਿੰਦਾ ਤਾਂ ਉਹ ਰਜਾਈ ਦਾ ਪੱਲਾ ਮੇਰੇ ਉੱਤੇ ਦਿੰਦੀ। ਆਪਣਾ ਹੱਥ ਮੇਰੇ ਸਿਰ ਤੇ ਪਿੱਠ ਉੱਤੇ ਫੇਰਦੀ ਹੋਈ ਅਸੀਸਾਂ ਦੀ ਵਰਖਾ ਕਰਦੀ ਕਹਿੰਦੀ, “ਠਾਕਰ ਨੂੰ ਪੰਜ ਰੁਪਈਏ ਦੇ ਕੇ ਮੈਂ ਤਈਨੂੰ ਲਿਆ ਆ। ਮੈਂ ਪੱਗਾਂ ਬਟਾਤੀਆਂ ਸੀ ਜੀਤ ਤੇ ਠਾਕਰ ਦੀਆਂ! ਛੇਤੀ-ਛੇਤੀ ਤਕੜਾ ਹੋ ਮੇਰਾ ਪੁੱਤ।”

ਇਸੇ ਦੌਰਾਨ ਮੈਂਨੂੰ ਆਪਣੇ ਪਿੰਡ ਦੀ ਬਜ਼ੁਰਗ, ਮਧਰੀ, ਪੱਕੇ ਰੰਗ ਦੀ ਛੁਆਰੇ ਵਾਂਗ ਝੁਰੜੀਆਂ ਭਰੇ ਮੂੰਹ ਵਾਲੀ ਲੰਬੜਨੀ ਭਾਗੋ ਚੇਤੇ ਆਉਂਦੀ ਜਿਸਦੇ ਲੀੜੇ ਮੈਲੇ, ਪੈਰੀਂ ਪੁਰਾਣੀਆਂ ਛਿਤਰੀਆਂ ਤੇ ਹੱਥ ਵਿੱਚ ਸੋਟਾ ਹੁੰਦਾ। ਉਹ ਸਾਡੇ ਘਰਾਂ ਦੀਆਂ ਤੀਵੀਆਂ-ਕੁੜੀਆਂ ਨਾਲ ਕੁਝ ਵਿਥ ਬਣਾ ਕੇ ਤੇ ਲੀੜੇ ਇਕੱਠੇ ਜਿਹੇ ਕਰਕੇ ਗੱਲ ਕਰਦੀ। ਰਾਹ-ਗਲੀ ਖੇਡਦਿਆਂ ਨਿਆਣਿਆਂ ਵਿੱਚੋਂ ਜਦੋਂ ਕਿਸੇ ਜਣੇ ਦਾ ਉਹਨੂੰ ਹੱਥ ਛੋਹ ਜਾਂਦਾ ਤਾਂ ਉਹ ਝੱਟ ਡੰਡਾ ਮਾਰ ਦਿੰਦੀ ਤੇ ਗਾਲ੍ਹ-ਉਲ੍ਹਾਮਾ ਵੱਖਰਾ। ਉਹ ਭਿੱਟ ਹੋ ਜਾਂਦੀ। ਮੈਂ ਸੋਚਦਾ, “ਵੱਡੀ ਦਾਦੀ ਨੂੰ ਤਾਂ ਕੁਛ ਨਹੀਂ ਹੁੰਦਾ, ਇਹ ਵੀ ਤਾਂ ਜੱਟ ਆ - ਮੁਰੱਬਾ ਜ਼ਮੀਨ ਆ - ਸਾਡੇ ਪਿੰਡ ਆਲੇ ਤਾਂ ਰੜਾ-ਟਾਹਲੀ ਨੂੰ ਕਾਹੀ ਲਈ ਗੱਡੇ ਲੈ ਕੇ ਤੁਰੇ ਰੲ੍ਹੀਂਦੇ ਆ ਤੇ ਫੇ ਬੀ ਸਾਡੇ ਨਾਲ ਇੱਦਾਂ ਕਰਦੇ ਆ।”

ਵੱਡੀ ਦਾਦੀ ਇੰਨਾ ਲਾਡ ਕਰਦੀ ਕਿ ਮੇਰਾ ਚਿੱਤ ਆਪਣੇ ਪਿੰਡ ਆਉਣ ਨੂੰ ਨਾ ਕਰਦਾ। ਫਿਰ ਖ਼ਿਆਲ ਆਉਂਦਾ, “ਸਾਡੇ ਪਿੰਡ ਈ ਇਹੋ ਜਿਹਾ ਪਾਣੀ ਤੇ ਇਹੋ ਜਿਹੀ ਹਵਾ ਜ਼ਿਆਦਾ ਵਗਦੀ ਆ।” ਸਹਿਜ ਹੀ ਭਾਈਏ ਦਾ ਜਵਾਬ ਮਿਲਦਾ, “ਸੋਹਲਪੁਰ ਸਾਰਾ ਪਿੰਡ ਤਾਂ ਅਮਲੀਆਂ ਦਾ, ਹਾਅ ਖੁਸ਼ੀਆ ਨਹੀਂ ਆਪਣੀ ਬਰਾਦਰੀ ਦਾ - ਉਹਦੇ ਘਰੋਂ ਡੋਡੇ-ਮਾਵਾ ਮੰਗ ਲਿਆਉਂਦੇ ਆ ਸਾਰੇ ਜਣੇ ਅੜੇ-ਥੁੜੇ ਨੂੰ। ਇਨ੍ਹਾਂ ਦੀ ਇੱਕ ਦੂਜੇ ਬਿਨਾਂ ਗਰਜ ਪੂਰੀ ਨਹੀਂ ਹੁੰਦੀ ਤੇ ਇਨ੍ਹਾਂ ਨੇ ਕਿਸੇ ਨਾਲ ਕੀ ਭਿੱਟ ਕਰਨੀ ਆ।”

ਮੇਰੇ ਇਸ ਉਥੇੜ-ਬੁਣ ਦੇ ਧਾਗੇ ਉਦੋਂ ਹੀ ਮੁੱਕਦੇ ਜਦੋਂ ਤਾਈ ਚਾਹ ਦਾ ਤੱਤਾ-ਤੱਤਾ ਗਲਾਸ ਮੇਰੇ ਹੱਥ ਲਿਆ ਫੜਾਉਂਦੀ।

ਤਾਈ ਮੈਂਨੂੰ ਕਦੀ ਰੋਟੀ ਉੱਤੇ ਗੁੜ, ਰਾਬ, ਸ਼ੱਕਰ-ਮੱਖਣ ਰੱਖ ਕੇ ਦਿੰਦੀ ਤੇ ਦਾਲ-ਦਹੀਂ ਜਾਂ ਸਾਗ ਵੱਖਰਾ। ਆਚਾਰ ਨੂੰ ਚਿੱਤ ਕਰਦਾ ਤਾਂ ਮੈਂ ਰਸੋਈ ਨਾਲ ਦੀ ਕੋਠੜੀ ਵਿਚਲੀ ਚਾਟੀ ਵਿੱਚੋਂ ਇੱਕ ਫਾੜੀ ਕੱਢ ਲਿਆਉਂਦਾ। ਉਹ ਮੈਂਨੂੰ ਆਪਣੇ ਜੂਠੇ ਭਾਂਡੇ ਧੋਣ ਜਾਂ ਮਾਂਜਣ ਨਾ ਦਿੰਦੀ।

ਤਾਈ ਮੇਰੇ ਨਾਲ ਪਹਿਲਾਂ ਤੋਂ ਹੀ ਅੰਤਾਂ ਦਾ ਮੋਹ ਕਰਦੀ ਸੀ। ਕਈ ਵਾਰ ਉਹ ਅਪਣੱਤ ਭਰੇ ਤਰਲੇ ਨਾਲ ਮੈਂਨੂੰ ਕਹਿੰਦੀ, “ਛੁੱਟੀ ਆਲੇ ਦਿਨ ਮੇਰੇ ਕੋਲ ਆਜਿਆ ਕਰ ਮੇਰਾ ਪੁੱਤ! ਮੇਰਾ ਚਿੱਤ ਲੱਗਾ ਰਈਂਦਾ।”

ਉਹਦੀ ਦੁਖਦੀ ਰਗ਼ ਦਾ ਮੈਂਨੂੰ ਥੋੜ੍ਹਾ-ਥੋੜ੍ਹਾ ਪਤਾ ਸੀ। ਉਹ ਮੇਰੇ ਵਿੱਚੋਂ ਆਪਣੇ ਮਰ ਚੁੱਕੇ ਪੁੱਤ ਤੇ ਧੀ ਨੂੰ ਤਲਾਸ਼ਦੀ। ਉਹ ਕੱਪੜੇ ਧੋਂਦੀ ਤਾਂ ਮੈਂ ਹੌਲੀ-ਹੌਲੀ ਨਲ਼ਕਾ ਗੇੜਦਾ ਰਹਿੰਦਾ। ਗੱਲ ਕੀ ਉਹ ਕੋਈ ਵੀ ਕੰਮ ਕਰਦੀ, ਮੈਂਨੂੰ ਆਪਣੇ ਨਾਲ-ਨਾਲ ਰੱਖਦੀ। ਮੈਂ ਵੀ ਉਹਦੇ ਮਗਰ-ਮਗਰ ਇਉਂ ਤੁਰਿਆ ਰਹਿੰਦਾ ਜਿਵੇਂ ਬੱਕਰੀ ਪਿੱਛੇ ਮੇਮਣਾ।

ਤ੍ਰਿਕਾਲਾਂ ਨੂੰ ਘਰ ਜਾਣ ਲਗਦਾ ਤਾਂ ਕਹਿੰਦੀ, “ਪੁੱਤ ਆਪਣੀ ਬੀਬੀ ਨੂੰ ਕਹੀਂ ਮਿਲ ਜਾਬੇ - ਤਾਰ ਦੇ ਬਿਆਹ ਦੀ ਆਈਊ ਤੇਰੇ ਤਾਏ ਦੇ ਮਸੋਸ ਨੂੰ ਆਈ ਆ, ਕਹੀਂ ਛੇਤੀ ਗੇੜਾ ਮਾਰੇ।”

ਆਪਣੇ ਪਿੰਡ ਨੂੰ ਜਾਂਦਿਆਂ ਮੇਰੇ ਪੈਰ ਜਿਵੇਂ ਭਾਰੇ ਹੋ ਜਾਂਦੇ। ਸੋਚਦਾ, “ਅਸੀਂ ਤਾਈ ਦੇ ਘਰ ਕੋਲ ਕੋਠਾ ਪਾ ਲਈਏ। ਮਾਧੋਪੁਰ ਤੋਂ ਨਾ ਰੋਜ਼ ਆਈਏ ਤੇ ਨਾ ਜਾਈਏ।”

ਮੈਂ ਘਰ ਪਹੁੰਚ ਕੇ ਦੱਸਦਾ ਕਿ ਤਾਈ ਨੇ ਅੱਜ ਕੀ-ਕੀ ਖਾਣ ਨੂੰ ਦਿੱਤਾ। ਮਾਂ ਹੱਥ ਜੋੜ ਕੇ ਅਰਦਾਸ ਕਰਨ ਦੇ ਲਹਿਜ਼ੇ ਨਾਲ ਕਹਿੰਦੀ, “ਰੱਬ ਤੇਰੀ ਤਾਈ ਦੀ ਝੋਲੀ ਬੀ ਭਰੇ!”

“ਉਦੋਂ ਮੁੰਡਾ ਹੋਇਆ ਤਾਂ ਉਹਨੂੰ ਜਲੋਧਰ ਹੋ ਗਿਆ - ਮੈਂ ਤਾਂ ਆਪਣੀ ਲਾਲ ਗਾਂ ਦਾ ਦੁੱਧ ਸਬੇਰੇ ਈ ਪਚਾਉਂਦਾ ਸੀ - ਨਹੀਂ ਬਧੀਊ ਸੀ। ਕੁੜੀ ਜੰਮੀ ਤਾਂ ਅਈਂਦਾ ਈ ਦੇਖਦਿਆਂ-ਦੇਖਦਿਆਂ ਹੱਥਾਂ ਵਿੱਚੋਂ ਚਲੀ ਗਈ। ਹੁਣ ਰੱਬ ਨਿਸ਼ਾਨੀ ਦੇਬੇ ਤੇ ਉਮਰ ਲਾ ਕੇ ਦੇਬੇ।” ਭਾਈਏ ਨੇ ਵੇਰਵੇ ਸਹਿਤ ਬਿਆਨ ਦਿੱਤਾ।

“ਜੜ੍ਹ-ਮਣਿਆਦ ਲਈ ਰੱਬ ਆਪੇ ਈ ਬੂਟਾ ਲਾਊਗਾ - ਕਰਮਾਂ ਦੀ ਮਾਰੀ ਨਾ ਪਈਲਾਂ ਈ ਬਥੇਰਾ ਅਨਿਆਂ ਹੋ ਗਿਆ।”

ਮੈਂ ਵਿੱਚੋਂ ਟੋਕ ਕੇ ਪੁੱਛਿਆ, “ਤਾਇਆ ਓਦਣ ਬੱਡੇ ਬਾਬੇ ਬਾਰੇ ...?”

“ਉਅਨੇ ਚਾਚੇ ਤੋਂ ਬੋਤਲ ਲਈ ਪੈਹੇ ਮੰਗੇ ਸੀ - ਕਿਸੇ ਨਾਲ ਦਸਹਿਰੇ ਦੁਆਲੇ ਪੀਣੀ ਸੀ - ਚਾਚੇ ਨੇ ਝਿੜਕ ਦਿੱਤਾ ਪਈ ਸ਼ਰਾਬਾਂ-ਕਬਾਬਾਂ ਨੂੰ ਮੇਰੇ ਕੋਲ ਪੈਹੇ ਹੈ ਨਹੀਂ - ਹਾਅ ਸੀ ਵਿੱਚੋਂ ਗੱਲ।” ਫਿਰ ਉਸ ਨੇ ਅਚਾਨਕ ਕਿਹਾ, “ਜੇ ਡਾਕਟਰ ਸਰਦਾਰਾ ਸੁੰਹ ਮੇਰੇ ਨਾਲ ਓਹਅਲਾਂ ਈ ਤੁਰ ਪਈਂਦਾ ਜਦੋਂ ਦਾ ਮੈਂ ਗਿਆ ਇਆ ਸੀ ਤਾਂ ਜੀਤ ਨੇ ਬਚ ਜਾਣਾ ਸੀ। ਮਾਮਾ ਫਫੜੇ ਈ ਕਰੀ ਜਾਬੇ - ਬੱਸ ਆਹ ਮਰੀਜ਼ ਦੇਖ ਕੇ ਚਲਦੇ ਆਂ ਹੁਣੇ ਈ ... ਹਈਦਾਂ ਈ ਬੁੜ੍ਹੀਆਂ ਆਂਙੂੰ ਖੇਖਨ ਕਰਦਿਆਂ ਦਪੈਹਰ ਲਿਆ ’ਤੀ। ਫੇ ਕਹੇ ਉਮਰ ਤਾਂ ਉੱਪਰ ਆਲੇ ਦੇ ਹੱਥ ਆ - ਚੱਕਿਆ ਆ ਬੜਾ ਡਾਕਟਰੀ ਦਾ।”

“ਬੰਦੇ ਦੇ ਕੀ ਹੱਥ-ਬੱਸ ਆ, ਹੁਣ ਸਤਿਗੁਰ ਜੀਅ ਦੇਬੇ - ਮਲਕੀਤ ਕੋਰ ਦਾ ਦੁੱਖ ਥੋੜ੍ਹਾ ਘਟ ਜਾਊਗਾ।” ਮਾਂ ਕੋਲ ਦੁਹਰਾਉਣ ਲਈ ਇਹੀ ਗੱਲ ਸੀ।

ਤਾਏ ਦੀ ਮੌਤ ਪਿੱਛੋਂ ਉਹਦੇ ਵਾਰਿਸ ਦੀਆਂ ਵਧੇਰੇ ਗੱਲਾਂ ਹੁੰਦੀਆਂ ਜਿਵੇਂ ਅਸੀਂ ਇਸ ਭਰ ਸਿਆਲ ਵਿੱਚ ਨਿੱਘ ਦੀਆਂ ਗੱਲਾਂ ਕਰਦੇ ਸੀ ਤੇ ਫਿਰ ਨਵਾਂ ਸਾਲ ਚੜ੍ਹ ਪਿਆ।

ਇੱਕ ਦਿਨ (ਪਹਿਲੀ ਫਰਵਰੀ, 1966) ਤ੍ਰਕਾਲਾਂ ਨੂੰ ਭਾਈਏ ਨੇ ਸੋਹਲਪੁਰੋਂ ਆ ਕੇ ਦੱਸਿਆ, “ਮਲਕੀਤ ਕੋਰ ਦੇ ਕੁੱਛੜ ਕੁੜੀ ਆ!”

“ਰੱਬ ਪੁੱਤ ਦੇ ਦਿੰਦਾ ਤਾਂ ...।” ਮਾਂ ਨੇ ਥੋੜ੍ਹਾ ਅਟਕ ਕੇ ਫਿਰ ਆਖਿਆ, “ਚਲੋ, ਰੱਬ ਉਮਰ ਲੰਮੀ ਕਰੇ!”

ਇਨ੍ਹਾਂ ਦਿਨਾਂ ਵਿੱਚ ਮੈਂ ਕਈ ਦਿਨ ਤਾਈ ਕੋਲ ਨਾ ਗਿਆ ਜਿਵੇਂ ਮੈਂ ਆਪਣੀ ਮਾਂ ਦੇ ਜਣੇਪੇ ਵੇਲੇ ਇੱਧਰ-ਉੱਧਰ ਖੇਡਦਾ ਉਹਦੇ ਮੰਜੇ ਕੋਲ ਬਹੁਤਾ ਨਹੀਂ ਜਾਂਦਾ ਹੁੰਦਾ ਸੀ। ਜਿੱਦਣ ਗਿਆ ਤਾਂ ਤਾਈ ਨੇ ਮੈਂਨੂੰ ਆਖਿਆ, “ਆਹ ਦੇਖ ਤੇਰੀ ਭੈਣ ਆ ਗਈ ਆ। ਹੋਰ ਦੋ ਮਹੀਨਿਆਂ ਨੂੰ ਪੰਜਮੀ ਕਰ ਕੇ ਗੀਗਨੋਆਲ (ਸਰਕਾਰੀ ਮਿਡਲ ਸਕੂਲ ਗੀਗਨਵਾਲ, ਜਲੰਧਰ) ਪੜ੍ਹਨ ਲੱਗ ਪਈਂ! ਨਾਲੇ ਦੇਬੀ ਨੂੰ ਖਲ੍ਹਾਇਆ ਕਰੀਂ।”

ਦੇਬੀ ਰੂੰ ਵਰਗੀ ਨਰਮ ਮੋਟੀ-ਭੁੱਚਰ, ਭੋਲੀ ਜਿਹੀ - ਮੈਂ ਉਹਨੂੰ ਕੁੱਛੜ ਚੁੱਕਦਾ - ਉਹ ਅੱਗੋਂ ਹੁੱਬ ਕੇ ਹੁੰਗਾਰੇ ਭਰਦੀ। ਕੋਲ ਬੈਠੀ ਦਾਦੀ ਰਾਓ ਧੌਣ ਪਿਛਾਂਹ ਨੂੰ ਕਰ ਕੇ ਨਸਵਾਰ ਦੀਆਂ ਚੂੰਢੀਆਂ ਭਰ-ਭਰ ਆਪਣੀਆਂ ਨਾਸਾਂ ਵਿੱਚ ਧੱਕਦੀ। ਮੈਂ ਮਲ੍ਹਕ ਦੇਣੀ ਉਹਦੀ ਵੱਖੀ ਵਾਲੀ ਜੇਬ ਵਿੱਚੋਂ ਨਸਵਾਰ ਦੀ ਡੱਬੀ ਕੱਢ ਲੈਂਦਾ। ਮੁੜ ਨਸਵਾਰ ਸੁੰਘਣ ਵੇਲੇ ਉਹ ਜੇਬ ਟੋਂਹਦੀ - ਇੰਨੇ ਨੂੰ ਮੈਂ ਛੱਤ ਉੱਤੇ ਚੜ੍ਹ ਜਾਂਦਾ। ਉਹ ਉੱਚੀ-ਉੱਚੀ ਬੋਲਦੀ, “ਸਾਹ ਲੈ ਦਾਦੇ ਮਰਾਉਣਿਆਂ, ਮੈਂ ਲਈਨੀ’ ਤੇਰੀ ਖ਼ਬਰ, ਬੰਦੇ ਦਾ ਪੁੱਤ ਬਣ ਕੇ ਡੱਬੀ ਦੇ ਦੇ।”

ਅੱਗਿਓਂ ਮੇਰੇ ਨੱਚਣ-ਟੱਪਣ ਦੇ ਅੰਦਾਜ਼ ਨੂੰ ਦੇਖ ਕੇ ਉਹ ਹੱਸਣ ਲੱਗ ਪੈਂਦੀ ਤੇ ਉਹਦੇ ਪੋਪਲੇ ਮੂੰਹ ਵਿੱਚ ਸਿਰਫ਼ ਜੀਭ ਹੀ ਹਿੱਲਦੀ ਦਿਸਦੀ। ਉਹਦੇ ਚਿਹਰੇ ਦੀਆਂ ਝੁਰੜੀਆਂ ਉਦੋਂ ਹੋਰ ਸੰਘਣੀਆਂ ਹੋਈਆਂ ਦਿਸਦੀਆਂ ਜਦੋਂ ਉਹ ਵਿਹੜੇ ਦੇ ਗੱਭੇ ਚੜ੍ਹਦੇ ਵਲ ਨੂੰ ਮੂੰਹ ਕਰਕੇ ਅੱਖਾਂ ਨੂੰ ਸੁੰਗੇੜ ਕੇ ਹੱਥਾਂ ਦਾ ਵਾਰੋ-ਵਾਰੀ ਛੱਪਰ ਜਿਹਾ ਬਣਾ ਕੇ ਉਤਾਂਹ ਨੂੰ ਮੇਰੇ ਵਲ ਵੇਖਦੀ। ਉਹ ਇੱਧਰ-ਉੱਧਰ ਡੰਡਾ ਟੋਲ੍ਹਦੀ ਤਾਂ ਮੈਂ ਹੁਸ਼ਿਆਰੀ ਨਾਲ ਪੌੜੀ ਦਾ ਇੱਕ-ਇੱਕ ਡੰਡਾ ਉੱਤਰ ਕੇ ਹਵੇਲੀ ਨੂੰ ਦੌੜ ਜਾਂਦਾ, ਜ਼ਰਾ ਕੁ ਪਿੱਛੋਂ ਉਹ ਮੈਂਨੂੰ ਹੱਥ ਨਾਲ ਇਸ਼ਾਰਾ ਕਰਦੀ ਤੇ ਹਾਕਾਂ ਮਾਰਦੀ, “ਆਪਣੇ ਬਾਬੇ ਲਈ ਚਾਹ ਲੈ ਜਾ ਮੇਰਾ ਪੁੱਤ।”

ਮੈਂ ਬੰਬੀ ’ਤੇ ਬਾਬੇ ਮੋਹਰੇ ਚਾਹ ਦਾ ਡੋਲੂ ਰੱਖਦਾ ਜਿਸ ਦੀ ਕਾਂ ਵਾਂਗ ਨਿਗਾਹ ਪਹਿਲਾਂ ਹੀ ਰਾਹ ਵੱਲ ਹੁੰਦੀ। ਉਹ ਪੋਸਤ ਪਾਣੀ ਵਿੱਚ ਭਿਉਂ ਕੇ ਮਲ਼ਦਾ, ਪੋਣੇ ਵਿੱਚ ਪੁਣਦਾ ਤੇ ਫਿਰ ਅੱਖਾਂ ਮੀਟ ਕੇ ਇੱਕੋ ਸਾਹੇ ਚਾੜ੍ਹ ਜਾਂਦਾ। ਨਸਵਾਰ ਸੁੰਘਣ ਕਾਰਣ ਹਲਕਾ ਜਿਹਾ ਲਾਖੀ ਭਾ ਮਾਰਦੀਆਂ ਮੁੱਛਾਂ ਅਤੇ ਝੜ ਕੇ ਛੋਟੀ ਹੋ ਚੁੱਕੀ ਵਿਰਲੀ ਚਿੱਟੀ-ਕਾਲੀ ਤੇ ਮੈਲ਼ੀ ਜਿਹੀ ਦਾਹੜੀ ਉੱਤੇ ਹੱਥ ਫੇਰਦਾ। ਮੈਂਨੂੰ ਸਮਝਾਉਂਦਾ, “ਗੁੱਡ ਅੱਗੇ ਤੋਂ ਮੇਤੋਂ ਚਾਹ ਨਾ ਮੰਗੀਂ ਤੇ ਨਾ ਈ ਰਾਹ ਵਿੱਚ ਪੀਮੀ। ਇਹਦੇ ਵਿੱਚ ਡੋਡੇ (ਪੋਸਤ) ਹੁੰਦੇ ਆ। ਮੈਂ ਤਾਂ ਫਸਿਆਂ ਆਂ ਕਿਤੇ ਤੂੰ ਨਾ ...।” ਫਿਰ ਚਾਹ ਦੇ ਘੁੱਟ ਭਰਦਾ ਮੱਤ ਦਿੰਦਾ, “ਮਿਹਨਤ ਨਾਲ ਸਾਰੇ ਕੰਮ ਰਾਸ ਆ ਜਾਂਦੇ ਆ। ਐਮੀਂ ਥੋੜ੍ਹੋ ਕਹਿੰਦੇ ਆ ਦੱਬ ਕੇ ਬਾਹ ਤੇ ਰੱਜ ਕੇ ਖਾਹ। ਭਾਮੇਂ ਮੈਂਨੂੰ ਅਮਲ ਲੱਗਾ ਆ ਪਰ ਮੈਂ ਟੈਮ ਥੋੜ੍ਹੋ ਗੁਆਉਨਾ - ਬੰਦਾ ਜਿੰਨੇ ਜੋਗਾ ਹੋਬੇ ਆਪਣੇ ਕੰਮ ਲੱਗਾ ਰਹੇ।”

ਬਾਊ ਦੇ ਗਲ਼ ਤੇ ਤੇੜ ਦੇ ਲੀੜੇ ਅਕਸਰ ਮੈਲ਼ੇ ਹੁੰਦੇ। ਅੜਿੱਕੇ ਬਹਿ ਕੇ ਉਹ ਕੱਛੇ ਦੀਆਂ ਜੂੰਆਂ ਮਾਰਦਾ। ਉਹਦੇ ਸਿਰ ਦੇ ਕਾਲੇ-ਚਿੱਟੇ ਵਾਲ ਜਟੂਰੀਆਂ ਵਿੱਚ ਬਦਲ ਕੇ ਚੱਪਾ-ਚੱਪਾ ਰਹਿ ਗਏ ਸਨ ਜੋ ਜੂੰਆਂ-ਲੀਖਾਂ ਨਾਲ ਭਰੇ ਹੁੰਦੇ। ਉਹ ਦੋਹਾਂ ਹੱਥਾਂ ਨਾਲ ਕਿੰਨਾ-ਕਿੰਨਾ ਚਿਰ ਖਨੂਹਾ ਫੇਰਦਾ ਤਾਂ ਪੋਲੀ ਜਿਹੀ ਬੱਧੀ ਪੱਗ ਉਤਾਂਹ ਨੂੰ ਚੁੱਕ ਹੋ ਜਾਂਦੀ, ਅੱਧੀਆਂ ਜਟੂਰੀਆਂ ਬਾਹਰ ਨੂੰ ਨਿੱਕਲੀਆਂ ਹੁੰਦੀਆਂ। ਉਹ ਹਾੜ੍ਹੀ-ਸਉਣੀ ਹੀ ਨਹਾਉਂਦਾ। ਉਹ ਪਿੰਡੇ ’ਤੇ ਪਾਣੀ ਪੈਣ ਤੋਂ ਇਉਂ ਡਰਦਾ ਸੀ ਜਿਵੇਂ ਕਿਸੇ ਕਾਲੀ ਘਟਾ ਨੂੰ ਦੇਖ ਕੇ ਬੱਕਰੀ ਕੰਬਣ ਲੱਗ ਪੈਂਦੀ ਹੈ।

ਬਾਊ ਨਾਲ ਮੇਰੀ ਦੋਸਤੀ ਪੈ ਗਈ ਸੀ। ਉਹ, ਵੱਡਾ ਭਰਾ ਤੇ ਮੈਂ ਪਸ਼ੂਆਂ ਲਈ ਚਰ੍ਹੀ, ਬਾਜਰਾ, ਗਾਚਾ, ਬਰਸੀਨ, ਚਟਾਲਾ, ਸੇਂਜੀ, ਲੂਸਣ ਵੱਢਦੇ। ਛੋਲੇ, ਮਸਰ, ਮੇਥੇ, ਰੁਆਂਹ, ਸਰ੍ਹੋਂ, ਸੌਂਫ, ਅਲਸੀ, ਅਰਹਰ ਪੁੱਟਦੇ-ਵੱਢਦੇ। ਗੰਨੇ ਛਿੱਲਦੇ - ਬੇੜਾਂ ਵੱਟਦੇ। ਮਿਰਚਾਂ-ਗੰਢਿਆਂ ਦੀ ਪਨੀਰੀ ਲਾਉਂਦੇ। ਮੂਲੀਆਂ-ਸ਼ਲਗਮਾਂ ਦੇ ਬੀ ਚੋਕਦੇ - ਸ਼ਕਰਕੰਦੀਆਂ ਦੀਆਂ ਵੇਲਾਂ ਕੱਟ-ਕੱਟ ਬੀਜਦੇ - ਕਮਾਦ ਦਾ ਬੀ ਟੁੱਕਦੇ। ਇਸ ਸਭ ਕਾਸੇ ਦੌਰਾਨ ਮੈਂ ਕਦੇ ਨਾ ਅੱਕਦਾ ਕਿਉਂਕਿ ਬਾਊ ਬਾਬਾ ਮੈਂਨੂੰ ਰਾਮਾਇਣ, ਮਹਾਂਭਾਰਤ ਦੀਆਂ ਕਹਾਣੀਆਂ ਤੇ ਗੁਰੂਆਂ ਦੀਆਂ ਦਿਲਚਸਪ ਸਾਖੀਆਂ ਸੁਣਾਉਂਦਾ ਰਹਿੰਦਾ ਸੀ। ਮੇਰੇ ਚਿੱਤ ਵਿੱਚ ਆਉਂਦਾ ਕਿ ਇਨ੍ਹਾਂ ਨੂੰ ਆਪਣੀ ਕਾਪੀ ਵਿੱਚ ਲਿਖ ਲਵਾਂ।

ਕੰਮ ਕਰਦਿਆਂ-ਕਰਦਿਆਂ ਬਾਊ ਨਸਵਾਰ ਦੀ ਡੱਬੀ ਖੋਲ੍ਹ ਕੇ ਸੱਜੇ ਹੱਥ ਦੇ ਅੰਗੂਠੇ ਤੇ ਨਾਲ ਦੀ ਉਂਗਲ ਨਾਲ ਚੂੰਢੀ ਭਰ ਕੇ ਨਾਸਾਂ ਅੰਦਰ ਕਰ ਕੇ ਸਾਹ ਜ਼ੋਰ ਨਾਲ ਅੰਦਰ ਨੂੰ ਖਿੱਚਦਾ। ਵਿਸਮਣ ਦੌਰਾਨ ਉਹਨੂੰ ਨਸ਼ੇ ਦੀ ਲੋਰ ਵਿੱਚ ਝੋਕ ਲੱਗ ਜਾਂਦੀ। ਜਦੋਂ ਸੁਰਤ ਵਿੱਚ ਆਉਂਦਾ ਤਾਂ ਕਹਿੰਦਾ, “ਮੇਰਾ ਪੁੱਤ ਦੱਬ-ਦੱਬ ਕੇ ਪੜ੍ਹਿਆ ਕਰ - ਘਰ ਦਾ ਦਲਿੱਦਰ ਚੱਕ ਹੋ ਜਾਊ।” ਮੈਂਨੂੰ ਲਗਦਾ ਬਾਊ ਨੂੰ ਜਿਵੇਂ ਕੋਈ ਧੁਰ ਦੀ ਬਾਣੀ ਉੱਤਰੀ ਹੋਵੇ। ਮੈਂ ਉਹਦੀਆਂ ਭੂਰੀਆਂ ਅੱਖਾਂ ਵਿੱਚ ਝਾਕ ਕੇ ਮਨ ਹੀ ਮਨ ਹੱਸ ਕੇ ਰਹਿ ਜਾਂਦਾ।

ਇਸੇ ਦਰਾਨ ਕਈ ਵਾਰ ਕੋਈ ਰੀਹ ਦੇ ਦਰਦ ਦਾ ਫਾਂਡਾ ਕਰਾਉਣ ਆਉਂਦਾ। ਬਾਊ ਬਾਬਾ ਹਥਲਾ ਕੰਮ ਛੱਡ ਕੇ ਕਹਿੰਦਾ, “ਗੁੱਡ ਔਹ ਡੇਕ ਦੇ ਪੱਤੇ ਤੋੜ ਲਿਆ!”

ਮੈਂ ਪੱਤੇ ਲਿਆ ਫੜਾਉਂਦਾ ਤਾਂ ਉਹ ਰੋਗੀ ਦੀ ਲੱਤ ਉੱਤੇ ਉਨ੍ਹਾਂ ਨੂੰ ਲਗਾਤਾਰ ਹਿਲਾਉਂਦਾ ਤੇ ਮੂੰਹ ਵਿੱਚ ਬੁੜਬੁੜ ਕਰਦਾ। ਬਾਅਦ ਵਿੱਚ ਸਲਾਹ ਦਿੰਦਾ, “ਇੱਕ ਬਾਰੀ ਹੋਰ ਝਾੜਾ ਕਰਾ ਜਾਈਂ - ਕਿਹੜਾ ਮੁੱਲ ਲਗਦਾ, ਰੱਬ ’ਤੇ ਭਰੋਸਾ ਰੱਖ, ਠੀਕ ਹੋ ਜਾਣਾ। ਸੱਚ ਆਉਂਦੀ ਬਾਰੀ ਪ੍ਰਸ਼ਾਦ ਲੈ ਆਈਂ।”

ਪ੍ਰਸ਼ਾਦ ਵੰਡਦਾ ਬਾਊ ਦੱਸਦਾ, “ਸਾਨੂੰ ਤਾਂ ਬਖਸ਼ਸ਼ ਆ - ਹੋਰ ਸਾਡੇ ਹੱਥ ਕੀ ਆ - ਸਤਿਗੁਰ ਦੀ ਕ੍ਰਿਪਾ ਆ।”

ਉੱਧਰ, ਵੱਡਾ ਬਾਬਾ ਹਾਕ ਮਾਰਦਾ, “ਗੁੱਡ ਆ ਜਾ ਝੂਟੇ ਲੈ ਲਾ।”

ਮੈਂ ਦੁੜੰਗੇ ਲਾਉਂਦਾ ਛਾਲ ਮਾਰ ਕੇ ਸੁਹਾਗੇ ਉੱਤੇ ਜਾ ਬਹਿੰਦਾ। ਉਹ ਬਲਦਾਂ ਨੂੰ ਤੇਜ਼ ਕਰਨ ਲਈ ਉਨ੍ਹਾਂ ਦੀਆਂ ਨੱਥਾਂ ਦੇ ਰੱਸੇ ਤੁਣਕਦਾ ਤੇ ਪਰੈਣ ਉਤਾਂਹ ਨੂੰ ਉਲਾਰ ਕੇ ਪਿਆਰ ਨਾਲ ਥੋੜ੍ਹਾ ਉੱਚਾ ਬੋਲ ਕੇ ਕਹਿੰਦਾ, “ਧੁਆਡਾ ਬੇੜਾ ਤਰ ਜਾਏ।”

ਝੂਟਿਆਂ ਦੇ ਬਹਾਨੇ ਵੱਡਾ ਬਾਬਾ ਮੈਂਨੂੰ ਕਦੀ ਆਪਣੇ ਨਾਲ ਗੱਡੇ ’ਤੇ ਬਿਠਾ ਕੇ ਆਟਾ ਪਿਸਾਉਣ ਬਹਿਰਾਮ ਸਰਿਸ਼ਤਾ ਲੈ ਜਾਂਦਾ ਤੇ ਕਦੀ-ਕਦੀ ਗੱਡੇ ਦੇ ਟਾਇਰ ਨੂੰ ਪੈਂਚਰ ਲਵਾਉਣ ਲਈ ਭੋਗਪੁਰ ਨੂੰ। ਮੈਂ ਗੱਡੇ ਦੀ ਮੰਜੀ ਉੱਤੇ ਤੇ ਬਾਬਾ ਜੂਲੇ ਉੱਤੇ ਬਹਿ ਕੇ ਪਸ਼ੂਆਂ ਦੇ ਰੱਸਿਆਂ ਦੀਆਂ ਨੱਥਾਂ ਫੜ ਕੇ ਬਹਿੰਦੇ। ਪਰ ਗੱਡਾ ਹਿੱਕਣ ਤੋਂ ਪਹਿਲਾਂ ਫੌਜੀ ਅਸੂਲ ਜ਼ਰੂਰ ਵਰਤਦਾ ਤੇ ਕਹਿੰਦਾ, “ਗੱਡੇ ਦੀ ਭੰਡਾਰੀ ਦੀ ਕੁੰਡੀ ਚੰਗੀ ਤਰ੍ਹਾਂ ਲਾ ਦੇ, ਕੋਈ ਰੱਸਾ ਜਾਂ ਦਾਤੀ ਨਾ ਖਿਸਕ ਕੇ ਡਿਗ ਪਬੇ।”

ਵੱਡਾ ਬਾਬਾ ਕਿਤੇ ਵੀ ਜਾਂਦਾ ਆਪਣੀ ਦੁੱਧ ਵਰਗੀ ਚਿੱਟੀ ਦਾਹੜੀ ਨੂੰ ਸੁਆਰ ਕੇ ਬੰਨ੍ਹਦਾ ਜੋ ਉਹਦੇ ਭਰਵੇਂ ਗੋਰੇ ਚਿਹਰੇ ਉੱਤੇ ਹੋਰ ਵੀ ਫੱਬਦੀ। ਉਹਦੀਆਂ ਹਲਕੀਆਂ ਬਿੱਲੀਆਂ ਅੱਖਾਂ ਚਮਕਾਂ ਮਰਦੀਆਂ। ਉਹ ਹਮੇਸ਼ਾ 777 ਨੰਬਰ ਦੀ ਮਲਮਲ ਦੀ ਬਰਫ਼ ਵਰਗੀ ਚਿੱਟੀ ਪੱਗ ਚਿਣ-ਚਿਣ ਬੰਨ੍ਹਦਾ। ਚਿੱਟੇ ਕੁੜਤੇ-ਪਜਾਮੇ ਨਾਲ ਉਹਦੇ ਤਨ-ਮਨ ਦੀ ਸੁੰਦਰਤਾ ਤੇ ਸਿਆਣਪ ਹੋਰ ਵੀ ਨਿੱਖਰੀ-ਨਿੱਖਰੀ ਦਿਸਦੀ। ਉਹਦੀ ਚਾਲ-ਢਾਲ ਵਿੱਚ ਫੌਜੀ ਜ਼ਿੰਦਗੀ ਦੀ ਝਲਕ ਪ੍ਰਤੱਖ ਦਿਸਦੀ।

ਬਾਬਾ ਅਰਜਣ ਸਿੰਘ ਦਾ ਸਾਰੇ ਪਿੰਡ ਵਿੱਚ ਤੇ ਘਰ ਵਿੱਚ ਬਹੁਤ ਮਾਣ-ਸਤਿਕਾਰ ਸੀ। ਉਹ ਬਹੁਤਾ ਨਾ ਬੋਲਦਾ, ਠਰ੍ਹੰਮੇ ਨਾਲ ਗੱਲ ਕਰਦਾ। ਭਾਵੇਂ ਉਹ ਪਰਿਵਾਰ ਦੇ ਜੀਆਂ ਨੂੰ ਦਬਕਦਾ-ਝਿੜਕਦਾ ਨਹੀਂ ਸੀ ਪਰ ਉਹਤੋਂ ਸਾਰੇ ਥਰ-ਥਰ ਕੰਬਦੇ। ਉਹਦੇ ਹੁਕਮਾਂ ਦੀ ਬਿਨਾਂ ਕਿਸੇ ਢਿੱਲ ਦੇ ਪਾਲਣਾ ਹੁੰਦੀ। ਮੈਂ ਵੀ ਡਰਦਾ ਤੇ ਉਹਦੇ ਮੋਹਰੇ ਸਾਊ ਹੋਣ ਦਾ ਸਾਂਗ ਰਚਦਾ।

ਜਦੋਂ ਬਾਬਾ ਮੈਂਨੂੰ ਕਿਸੇ ਕੰਮ ਘਰ ਨੂੰ ਭੇਜਦਾ ਤਾਂ ਮੈਂ ਦੇਬੀ ਨੂੰ ਖਿਡਾਉਣ ਵਿੱਚ ਰੁੱਝ ਜਾਂਦਾ। ਭਾਵੇਂ ਮੈਂ ਅੱਠਵੀਂ-ਨੌਵੀਂ ਵਿੱਚ ਹੋ ਗਿਆ ਸੀ ਤਾਂ ਵੀ ਕਦੀ ਵਿਹੜੇ ਵਿੱਚ ‘ਘੋੜਾ’ ਬਣ ਕੇ ਆਪਣੀ ਪਿੱਠ ’ਤੇ ਚੜ੍ਹਾ ਕੇ ਝੂਟੇ ਦਿੰਦਾ, ਹਸਾਉਂਦਾ ਤੇ ਕਦੀ ‘ਅੱਥਰਾ ਘੋੜਾ’ ਬਣ ਕੇ ਉਹਨੂੰ ਹੇਠਾਂ ਡੇਗ ਕੇ ਰੁਆਉਂਦਾ। ਇਹ ਤਮਾਸ਼ਾ ਦੇਖਦਿਆਂ ਤਾਈ ਦੂਰੋਂ ਹੀ ਕਹਿੰਦੀ, “ਹੋਰ ਡੇਢ-ਦੋ ਸਾਲਾਂ ਨੂੰ ਗੁੱਡ ਤੂੰ ਟਾਂਡੇ ਪੜ੍ਹਨ ਲੱਪੈਣਾ - ਫੇ ਕੌਣ ਖਲ੍ਹਾਊ?”

ਦੀਸ਼ੀ (ਦੇਬੀ ਦੀ ਭੂਆ ਦੀ ਧੀ ਜੋ ਇੱਥੇ ਹੀ ਰਹਿੰਦੀ ਤੇ ਪੜ੍ਹਦੀ ਸੀ) ਜੁ ਆ - ਇਨ੍ਹਾਂ ਨੇ ਆਪੇ ਈ ਸਹੇਲੀਆਂ ਬਣ ਜਾਣਾ।”

ਸੋਹਲਪੁਰੋਂ ਪਰਤਣ ਵੇਲੇ ਮੇਰੇ ਮੋਢੇ ਉੱਤੇ ਸਕੂਲ ਦਾ ਲਮਕਦਾ ਝੋਲਾ ਅਤੇ ਸਿਰ ਉੱਤੇ ਕੜਬ ਜਾਂ ਸੇਂਜੀ ਜਾਂ ਬਰਸੀਨ ਦੀ ਭਰੀ ਹੁੰਦੀ। ਦੇਬੀ ਤੇ ਤਾਈ ਬਾਰੇ ਆਉਂਦਿਆਂ ਹੋਇਆਂ ਸੋਚਦਾ ਤਾਂ ਸਿਰ ’ਤੇ ਚੁੱਕਿਆ ਭਾਰ ਉੱਕਾ ਹੀ ਮਹਿਸੂਸ ਨਾ ਹੁੰਦਾ। ਮੈਂਨੂੰ ਤਾਈ ਜਾਂ ਦੋਹਾਂ ਬਾਬਿਆਂ ਦੀਆਂ ਨਿੱਕੀਆਂ-ਨਿੱਕੀਆਂ ਬੁੱਤੀਆਂ ਦਾ ਚੇਤਾ ਆਉਂਦਾ ਤਾਂ ਮੈਂ ਮਨ ਹੀ ਮਨ ਖ਼ੁਸ਼ ਹੁੰਦਾ। ਪਰ ਦਾਦੀ ਦੇ ਬੋਲ ਮੈਂਨੂੰ ਚੁੱਭਦੇ ਜਦੋਂ ਹਵੇਲੀਓਂ ਖੇਤਾਂ ਨੂੰ ਜਾਣ ਵੇਲੇ ਉਹਨੇ ਮੈਂਨੂੰ ਕਿਹਾ ਸੀ, “ਮੋਢੇ ’ਤੇ ਰੱਖੀ ਕਹੀ ਨਾਲ ਤੂੰ ਨਿਰਾ ਜੱਟ ਲਗਦਾਂ।”

ਤੇ ਮੈਂਨੂੰ ਕਈ ਦਿਨਾਂ ਤਕ ਮਹਿਸੂਸ ਹੁੰਦਾ ਰਿਹਾ ਕਿ ਦਾਦੀ ਰਾਓ ਨੇ ਜਿਵੇਂ ਗਾਲ੍ਹ ਕੱਢੀ ਹੋਵੇ। ਮੈਂ ਮਨ ਹੀ ਮਨ ਉਹਦੇ ਨਾਲ ਨਰਾਜ਼ ਹੋ ਗਿਆ ਸੀ।

**

ਟਾਂਡਾ ਕਾਲਜ ਵਿੱਚ ਪੜ੍ਹਨ ਲੱਗ ਪੈਣ ਕਾਰਣ ਮੇਰਾ ਸੋਹਲਪੁਰ ਆਉਣਾ ਜਾਣਾ ਪਹਿਲਾਂ ਨਾਲੋਂ ਘਟ ਗਿਆ। ਤਾਈ ਤੇ ਦੋਨੋਂ ਬਾਬੇ ਮਿਲਣ ਆਉਣ ਲਈ ਸੁਨੇਹੇ ਘੱਲਦੇ ਪਰ ਮੈਂ ਆਪਣੇ ਹੀ ਨਵੇਂ ਸਹੇੜੇ ਰੁਝੇਵਿਆਂ ਵਿੱਚ ਜੁਟਿਆ ਰਹਿੰਦਾ; ਕਦੀ ਕਵੀ ਦਰਬਾਰ ਸੁਣਨ ਤੇ ਕਦੀ ਕਾਲਜ ਦੀ ਕਿਸੇ ਸਰਗਰਮੀ ਵਿੱਚ। ਜਦੋਂ ਨਾਲ ਦੇ ਮੁੰਡੇ ਦੱਸਦੇ, “ਐੱਨ.ਐੱਸਐੱਸ ਦੇ ਕੈਂਪ ਵਿੱਚ ਬੜੀਆਂ ਮੌਜਾਂ, ਇੱਕ ਬਾਰੀ ਚੱਲ ਤਾਂ ਸਹੀ।” ਤਾਂ ਮੈਂ ਵੀ ਬੀ.ਏ. ਪਾਰਟ-2 ਦੇ ਇਮਤਿਹਾਨ ਤੋਂ ਬਾਅਦ ਮੂਨਕਾਂ (ਗੁਰਦੁਆਰਾ ਟਾਹਲੀ ਸਾਹਿਬ) ਵਿਖੇ ਲੱਗੇ ਕੈਂਪ ਵਿੱਚ ਸ਼ਾਮਲ ਹੋ ਗਿਆ। ਦੋ-ਤਿੰਨ ਦਿਨ ਜ਼ੋਰਦਾਰ ਮੀਂਹ ਪੈਂਦਾ ਰਿਹਾ।

“ਮੈਂ ਪਿੰਡ ਜਾ ਕੇ ਆਉਨਾ ...!” ਮੀਂਹ ਹੱਲ੍ਹਾ ਹੋਇਆ ਤਾਂ ਇੱਕ ਸਵੇਰ ਨੂੰ ਮੇਰੇ ਪਿੰਡ ਦੇ ਤੇ ਮੇਰੇ ਦੋਸਤ ਧਿਆਨ ਨੇ ਆਖਿਆ।

ਉਹ ਲੌਢੇ ਕੁ ਵੇਲੇ ਮੁੜ ਆਇਆ। ਆਉਂਦਾ ਹੀ ਦੱਸਣ ਲੱਗਾ, “ਗੁੱਡ ਤੇਰਾ ਭਾਈਆ ਮਿਲਿਆ ਸੀ, ਕਹਿੰਦਾ ਸੀ ਉਹਨੂੰ ਦੱਸ ਦਈਂ ਪਈ ਚੌਥ (26-6-1977) ਚਾਚਾ ਅਰਜਣ ਸੁੰਹ ਗੁਜਰ ਗਿਆ। ਕਹਿੰਦਾ ਸੀ ਦਮਾਗ ਦੀ ਨਾੜ ਫਟ ਗਈ ਸੀ।”

ਇਹ ਸੁਣਦਿਆਂ ਹੀ ਬਾਬਾ ਮੈਂਨੂੰ ਸਵੇਰ ਨੂੰ ਛੋਟੇ ਜਿਹੇ ਪਿੱਪਲ ਥੱਲੇ ਮੰਜੇ ’ਤੇ ਬੈਠਾ ਗੁਟਕਾ ਖੋਲ੍ਹ ਕੇ ‘ਜਪੁਜੀ ’ਤੇ ਸੰਧਿਆ ਵੇਲੇ ‘ਰਹਿਰਾਸ’ ਪੜ੍ਹਦਾ ਦਿਸਣ ਲੱਗ ਪਿਆ। ਕਦੀ ਉਹ ਸਾਡੇ ਪਿੰਡ ਆ ਕੇ ਸਾਡੀਆਂ ਲਾਵੀ-ਠੇਕੇ ਦੀਆਂ ਕਣਕ ਦੀਆਂ ਭਰੀਆਂ ਗਾਹੁਣ ਲਈ ਫਲ੍ਹਾ ਪਾਉਂਦਾ - ਕਦੀ ਡਿਗੇ ਕੱਚੇ ਕੋਠੇ ਲਈ ਮਿੱਟੀ ਦੇ ਗੱਡੇ ਲਿਆਉਂਦਾ ਪਸ਼ੂਆਂ ਨੂੰ ਹਿੱਕਦਾ, ਕਦੀ ਭਾਈਏ ਲਈ ਆਪਣੇ ਖੇਤਾਂ ਵਿੱਚ ਉਗਾਏ, ਦਬਾਏ ਤੇ ਸੁਕਾਏ ਤਮਾਖੂ ਦਾ ਗੱਡਾ ਲਿਆਉਂਦਾ ਤੇ ਫਿਰ ਮੇਰੇ ਤਾਏ ਦੀਵਾਨ ਦੀ ਬੈਠਕ ਵਿੱਚ ਰੰਮ ਦੇ ਗਲਾਸ ਪੀਂਦਾ ਨਾਲੇ ਗੱਲਾਂ ਕਰਦਾ ਦਿਸਦਾ-ਸੁਣਦਾ, “ਦਬਾਨ ਆਹ ਦੇਖ ਮੇਰੇ ਖੱਬੇ ਗੁੱਟ ਵਿੱਚੋਂ ਦੀ ਗੋਲੀ ਨੰਘ ਗਈ ਸੀ ਪਰ ਰਫ਼ਲ ਨਹੀਂ ਸੀ ਛੱਡੀ-ਪਨਾਮਾ ਨਹਿਰ ਪਾਰ ਕਰ ਰਹੇ ਸੀ ਉਦੋਂ, ਪਹਿਲੀ ਜੰਗ ਵਿੱਚ।”

ਤਾਇਆ ਵੀ ਹੁੱਬ ਕੇ ਦੱਸਦਾ, “ਅਸੀਂ ਸੀ.ਆਰ.ਪੀ. ਆਲੇ ਬੀ ਮਿਜ਼ੋਆਂ ਦੇ ਬੜੀ ਲੱਠ ਫੇਰਦੇ ਆਂ - ਪਰ ਮਜ਼ਾਲ ਆ ਉਹ ਆਪਣੇ ਕਿਸੇ ਬੰਦੇ ਦਾ ਭੇਤ ਦੇ ਦੇਣ - ਫ਼ੀਜ਼ੋ ਬੜੀ ਚੀਜ਼ ਆ।”

ਬਾਬਾ ਮੈਂਨੂੰ ਕਦੀ ਕਿਸੇ ਨਾਲ ਗੱਲਾਂ ਕਰਦਾ ਤੇ ਕਦੀ ਮੰਜੇ ’ਤੇ ਬੈਠਾ ਸਣ ਕੱਢਦਾ ਹੋਇਆ ਧੂਣੀ ਸੇਕਦੇ ਬੰਦਿਆਂ ਨੂੰ ਬਿਆਨ ਦਿੰਦਾ ਦਿਸਦਾ-ਸੁਣਦਾ, “ਹਾਅ ਬਰਾਮ (ਬਹਿਰਾਮ ਸਰਿਸ਼ਤਾ ਜੋ ਇੱਕ ਵੱਡੇ ਥੇਹ ਉੱਤੇ ਵਸਿਆ ਹੋਇਆ ਹੈ, ਜ਼ਿਲ੍ਹਾ ਜਲੰਧਰ ਦਾ ਇੱਕ ਭਾਰੀ ਆਬਾਦੀ ਵਾਲਾ ਪਿੰਡ ਹੈ) ਆਲੀ ਬੋੜ੍ਹ ਨਾਲ ਬਿਆਸ ਦਰਿਆ ਦੀ ਬੇੜੀ ਬੱਝਦੀ ਮੇਰੇ ਬਾਬੇ ਨੇ ਦੇਖੀਊ ਆ।”

ਮਰਿਆ ਹੋਇਆ ਬਾਬਾ ਮੈਂਨੂੰ ਹੋਰ ਵੀ ਚੰਗਾ ਲੱਗਣ ਲੱਗ ਪਿਆ ਜਦੋਂ ਮੇਰੀਆਂ ਅੱਖਾਂ ਮੋਹਰੇ ਉਹਦੇ ਵਲੋਂ ਲੱਠੇ ਦਾ ਦਿੱਤਾ ਕਮੀਜ਼-ਪਜਾਮਾ ਘੁੰਮ ਗਿਆ। ਮੈਂਨੂੰ ਅੱਠਵੀਂ ਵਿੱਚ ਪੜ੍ਹਦੇ ਨੂੰ ਇਹ ਕੱਪੜੇ ਬਾਬੇ ਨੇ ਆਪਣੀ ਗੁਰਧਾਮ ਯਾਤਰਾ ਪਿੱਛੋਂ ਖਰੀਦ ਕੇ ਦਿੱਤੇ ਸਨ -ਕਿਉਂਕਿ ਮੈਂ ਬਾਊ ਬਾਬੇ ਕੋਲ ਵੀਹ-ਬਾਈ ਰਾਤਾਂ ਲਗਾਤਾਰ ਹਵੇਲੀ ਸੁੱਤਾ ਸੀ।

ਮੈਂ ਕੈਂਪ ਤੋਂ ਆਇਆ ਤਾਂ ਭਾਈਏ ਨੇ ਗੱਲ ਤੋਰੀ, “ਆਹ ਘਰ ਮੋਹਰਲਾ ਇੱਕ ਮਰਲਾ ਥਾਂ ਲੈ ਕੇ ਦੇ ਗਿਆ ਚਾਚਾ। ਗੁੱਡ ਲਈ ਫੀਸ ਜਾਂ ਹੋਰ ਪੈਹਿਆਂ ਦੀ ਲੋੜ ਹੋਣੀ ਤਾਂ ਚਾਚੇ ਨੇ ਕਹਿਣਾ, ਜਿੰਨੇ ਚਾਈਦੇ ਆ ਅਲਮਾਰੀ ਵਿੱਚੋਂ ਲੈ ਲਾ - ਬਾਕੀ ਸਮ੍ਹਾਲ ਕੇ ਰੱਖ ਦਈਂ।”

ਭਾਈਏ ਨੇ ਫਿਰ ਰੁਕ ਕੇ ਦੱਸਿਆ, “ਜਦੋਂ ਚਾਚੇ ਨਾਲ ਮੈਂ ਉਹਦੇ ਅਸਾਨਾਂ ਦੀ ਗੱਲ ਕਰਨੀ ਤਾਂ ਉਹਨੇ ਕਹਿਣਾ - ਠਾਕਰਾ ਤੁਸੀਂ ਸੀੜਾਂ (ਜ਼ਮੀਨ ਨੂੰ ਵਧੇਰੇ ਉਪਜਾਊ ਬਣਾਉਣ ਲਈ ਪੰਜ-ਛੇ ਫੁੱਟ ਜ਼ਮੀਨ ਪੁੱਟ ਕੇ ਹੇਠਲੀ ਮਿੱਟੀ ਉੱਤੇ ਅਤੇ ਉਤਲੀ ਹੇਠਾਂ ਕਰਨ ਦੀ ਇੱਕ ਜੁਗਤ) ਪੱਟ ਕੇ ਸਾਨੂੰ ਰਿਜਕੇ ਪਾ ਤਾ, ਪਈਲਾਂ ਸਾਡੇ ਖੇਤਾਂ ਵਿੱਚ ਬੀਂਡੇ ਬੋਲਦੇ ਸੀ। ਦਾਣਾ-ਫੱਕਾ ਖਾਣ ਜੋਗਾ ਬੀ ਮਸੀਂ ਹੁੰਦਾ ਸੀ - ਹੁਣ ਸੌ-ਸਵਾ ਸੌ ਬੋਰੀ ਕਣਕ ਦੀ ਮੰਡੀ ਸਿੱਟਦੇ ਆਂ। ਇਹ ਧੁਆਡੇ ਪੌਂਖੇ ਦਾ ਪ੍ਰਤਾਪ ਆ। ਅਸੀਂ ਜਨਮਾਂ ਤਕ ਧੁਆਡਾ ਦੇਣ ਨਹੀਂ ਦੇ ਸਕਦੇ।”

ਭਾਈਏ ਦੇ ਇਹ ਪ੍ਰਸੰਗ ਅਮੁੱਕ ਸਨ, “ਚਾਚੇ ਦਾ ਬਾਘ ਵਰਗਾ ਮੂੰਹ ਹੁੱਬਦੇ ਦਾ ਉਦੋਂ ਹੋਰ ਲਾਲ ਹੋ ਜਾਣਾ ਜਦੋਂ ਹਬੇਲੀ ਕੁੱਪ ਬੰਨ੍ਹਦਿਆਂ ਪਈਲੇ ਢਾਹੇ ਕੁੱਪ ਦੀ ਤੂੜੀ ਵਿੱਚੋਂ ਮੋਮਜਾਮੇ ਵਿੱਚ ਬੰਨ੍ਹੇ ਸੌ-ਸੌ ਦੇ ਨੋਟ ਉਹਨੂੰ ਫੜਾਉਣੇ ਜਿਨ੍ਹਾਂ ਦਾ ਉਹਨੂੰ ਚਿੱਤ-ਚੇਤਾ ਬੀ ਨਹੀਂ ਹੁੰਦਾ ਸੀ। ਪੈਹੇ ਫੜਦਿਆਂ ਚਾਚੇ ਨੇ ਕਹਿਣਾ, ਅਮਾਨਦਾਰੀ ਕਰ ਕੇ ਜਮੀਂ-ਅਸਮਾਨ ਬੱਝਿਓ ਆ ਭਾਈ, ਨਹੀਂ ਤਾਂ ਪਈਲੀਆਂ ਗੱਲਾਂ ਹੁਣ ਕਿੱਥੇ? ਤਾਂਹੀ ਠਾਕਰਾ ਮੈਂ ਕਹਿੰਨਾ ਪਈ ਗਰੀਬ ਦੋ ਸੇਰ ਦਾਣੇ ਬਾਧੂ ਬੀ ਲੈ ਜਾਏ ਤਾਂ ਕੀ ਫ਼ਰਕ ਆ - ਤੁਸੀਂ ਕਿਹੜਾ ਸਾਡਾ ਹੱਕ ਰੱਖਦੇ ਆਂ। ਘਰ ਆਂਙੂੰ ਟੁੱਟ-ਟੁੱਟ ਕੇ ਸਾਰਾ ਦਿਨ ਕੰਮ ਕਰਦੇ ਆਂ। ਧੁਆਡੇ ਹੁੰਦਿਆਂ ਸਾਡੀ ਅਲਾਦ ਸਾਨੂੰ ਬਹੁਤਾ ਚੇਤੇ ਨਹੀਂ ਆਉਂਦੀ - ਸਾਡਾ ਦੁੱਖ-ਸੁਖ ਤਾਂ ਤੁਸੀਂ ਦੇਖਦੇ ਆਂ। ਐਮੀਂ ਦੁਨੀਆਂ ਮੋਹ ਵਿੱਚ ਫਸੀਊ ਆ - ਮੈਂ-ਮੇਰੀ ਵਿੱਚ!”

ਇਸੇ ਦੌਰਾਨ ਮੇਰੇ ਤਾਇਆ ਦੇ ਪੁੱਤ ਕਹਿੰਦੇ, “ਚੰਗਾ ਹੋਇਆ ਬੁੜ੍ਹਾ ਸਾਰੀ ਜ਼ਮੀਨ ਬਾਊ ਦੇ ਨਾਂ ਕਰਾ ਗਿਆ - ਹੁਣ ਆਪੇ ਈ ਜਿੱਦਾਂ ਮਰਜ਼ੀ ਨਿੱਬੜਨ। ਚਾਚੇ-ਭਤੀਜੇ ਦੀ ਸੋਹਣੀ ਨੰਘ ਗਈ - ਐਮੀਂ ਕਈਏ!”

“ਬਾਊ ਬੀ ਕੰਢੀ ਉੱਤੇ ਰੁੱਖੜਾ ਹੁਣ - ਕੀ ਪਤਾ ਕਿਹਲੇ ਕੀ ਹੋ ਜਾਏ।” ਮੇਰੇ ਤਾਏ ਦੇ ਪੁੱਤ ਮੰਗੀ ਨੇ ਭਵਿੱਖ ਵਲ ਨਿਗਾਹ ਮਾਰੀ।

“ਉਹਦਾ ਬੀ ਹਿਆਂ ਟੁੱਟ ਗਿਆ ਹੁਣ - ਦੇਖਣ ਨੂੰ ਈ ਤੁਰਿਆ-ਫਿਰਦਾ ਲਗਦਾ।” ਭਾਈਏ ਨੇ ਮਹਿਸੂਸ ਕੀਤਾ ਦੱਸਿਆ ‘ਸਾਡੀ ਬੀ ਸੋਹਣੀ ਨਿਭ ਗਈ ਆ - ਨਾ ਕਦੀ ਬੋਲੀ, ਨਾ ਉਲ੍ਹਾਮਾ, ਦੇਖ ਲਉ ਪਈ ਸਾਗ-ਪੱਠਾ, ਗੰਨੇ-ਛੱਲੀਆਂ ਜਿੱਦਾਂ ਮਰਜ਼ੀ ਟੱਕ ਤੋਂ ਬੱਢ ਲਿਆਈਏ। ਕਦੀ ਬਿਆਹ-ਬਾਂਢੇ (ਵਿਆਹ-ਵਾਂਢੇ) ਜਾਣ ਹੋਬੇ ਤਾਂ ਪੱਠੇ ਕੁਤਰ ਕੇ ਪਿੰਡ ਛੱਡ ਜਾਂਦੇ ਰਹੇ ਆ। ਕਣਕ ਬੱਢਦਿਆਂ ਕੋਲ ਤਕਾਲਾਂ ਨੂੰ ਕਦੀ ਨਹੀਂ ਆਏ ਜਿੰਨੀ ਮਰਜ਼ੀ ਭਰੀ ਪਾ ਲਿਆਈਏ।”

ਭਾਈਏ ਨੇ ਹੁੱਕੇ ਦਾ ਘੁੱਟ ਭਰਨ ਮਗਰੋਂ ਫਿਰ ਕਿਹਾ, “ਤਾਂਈਓਂ ਉੱਥੇ ਦੇ ਉਨ੍ਹਾਂ ਦੇ ਹੋਰ ਜੱਟ ਭਰਾ ਖਿਝਦੇ ਆ - ਅਖੇ ਠਾਕਰ ਨੂੰ ਮੁਖਤਾਰ ਬਣਾਇਆ ਆ - ਗੱਲ ਤਾਂ ਸਈ ਆ ਪਈ ਫ਼ਸਲਬਾੜੀ ਦਾ ਲੈਣ-ਦੇਣ ਮੈਂ ਕਰਦਾ ਆਂ - ਲੁਹਾਰਾਂ-ਤਖਾਣਾਂ, ਝੀਰਾਂ ਤੇ ਬਾਜੀਗਰਾਂ ਨੂੰ ਮੈਂ ਭਰੀਆਂ ਚਕਾਉਨਾ - ਮੈਂ ਮਰੂੰਡਾ ਛੱਡਦਾਂ ਚਾਹੇ ਦੋ ਮਰਲੇ ਛੱਡ ਦਿਆਂ।”

ਉਸ ਨੇ ਜ਼ਰਾ ਕੁ ਰੁਕ ਕੇ ਝੂਰਦੇ ਜਿਹੇ ਨੇ ਫਿਰ ਆਖਿਆ, “ਜੇ ਸਾਡੇ ਕੋਲ ਬੀ ਚਾਰ ਸਿਆੜ ਹੁੰਦੇ ਤਾਂ ਸਾਡਾ ਝੱਟ ਵੀ ਸੋਹਣਾ ਨੰਘ ਜਾਣਾ ਸੀ। ਜੱਟਾਂ ਆਂਙੂੰ ਸਾਡੇ ਘਰ ਬੀ ਕਣਕ ਦੇ ਬੋਹਲ ਆਉਣੇ ਸੀ, ਨਲੋਈਆਂ ਤੇ ਲੰਬੜਾਂ ਬਰਗਿਆਂ ਨੇ ਪੁੱਛਣ ਆਇਆ ਕਰਨਾ ਸੀ, ਕਦੀ ਗੰਨੇ ਛਿੱਲਣ ਲਈ, ਕਦੀ ਪੱਠਿਆਂ ਤੇ ਕਦੀ ਕਿਸੇ ਸ਼ੈਅ ਲਈ।”

ਇਹ ਗੱਲਾਂ ਸੁਣਦਿਆਂ ਮੈਂਨੂੰ ਵੱਡਾ ਬਾਬਾ ਜਾਂ ਬਾਊ ਕਣਕ ਨੂੰ ਬੰਬੀ ਦਾ ਪਾਣੀ ਲਾਉਂਦੇ ਦਿਸਦੇ। ਮੈਂਨੂੰ ਯਾਦ ਆਉਂਦਾ ਕਿ ਉਨ੍ਹਾਂ ਨੇ ਸਾਨੂੰ ਕਦੀ ਨਹੀਂ ਰੋਕਿਆ ਸੀ ਜਦੋਂ ਦੇਬਾ (ਤਾਏ ਅਜੀਤ ਸਿੰਘ ਦਾ ਭਤੀਜਾ ਤੇ ਲਸ਼ਕਰ ਸਿੰਘ ਪਟਵਾਰੀ ਦਾ ਪੁੱਤ) ਤੇ ਮੈਂ ਠੰਢੇ-ਠੰਢੇ ਬਰਸੀਨ-ਛਟਾਲੇ ਉੱਤੇ ਘੁਲਦੇ ਤੇ ਦੇਬਾ ਮੋਟਾ ਜਿਹਾ ਤੇ ਫੋਸੜ ਸੀ ਪਰ ਤਾਂ ਵੀ ਉਹ ਮੈਂਨੂੰ ਕਦੀ-ਕਦੀ ਢਾਹ ਕੇ ਹੁੱਬ ਲੈਂਦਾ ਸੀ। ਦੇਬਾ ਤੇ ਮੈਂ ਇੱਕ ਹੀ ਜਮਾਤ ਵਿੱਚ ਅਤੇ ਉਹਦਾ ਵੱਡਾ ਭਰਾ ਬਿੰਦਰ ਤੇ ਮੇਰਾ ਵੱਡਾ ਭਰਾ ਇੱਕ ਜਮਾਤ ਵਿੱਚ ਪੜ੍ਹਦੇ ਸੀ। ਇਹ ਲੜੀ ਉਦੋਂ ਹੀ ਟੁੱਟਦੀ ਜਦੋਂ ਭਾਈਆ ਹੁਕਮ ਕਰਦਾ, “ਗੁੱਡ ਚਿਲਮ ਵਿੱਚ ਅੱਗ ਧਰ ਦੇ।”

“ਲੈ ਤਾਂ ਦੱਸ! ਮੈਂ ਤਾਂ ਹੱਸਦੀ ਨੇ ਸਨੇਹਾ ਘੱਲਿਆ ਸੀ ਪਈ ਗੁੱਡ ਐਪ.ਸੀ.ਆਈ. ਵਿੱਚ ਲੱਗ ਗਿਆ ਤੇ ਲੱਡੂ ਬੀ ਨਹੀਂ ਖਲਾਏ!” ਤਾਈ ਨੇ ਆਖਿਆ ਜਦੋਂ ਮੈਂ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਮਠਿਆਈ ਦਾ ਡੱਬਾ ਫੜਾਇਆ। ਫਿਰ ਕਹਿਣ ਲੱਗੀ, “ਹੋਰ ਤਰੱਕੀਆਂ ਕਰੋ ਪੁੱਤ - ਪਿਛਲਾ ਨਾ ਚੇਤਾ ਭਲਾ ਦਈਂ - ਆਪਣੀ ਬੀਬੀ-ਭਾਪੇ ਦਾ ਖ਼ਿਆਲ ਰੱਖੀਂ।”

ਦਾਦੀ ਰਾਓ ਨੇ ਆਪਣਾ ਸੋਟਾ ਉਤਾਂਹ ਨੂੰ ਚੁੱਕਦਿਆਂ ਆਖਿਆ, “ਦਾਦੇ ਮਰਾਉਣਿਆਂ ਆ ਗਿਆ ਚੇਤਾ ਹੁਣ ਸਾਡਾ?”

ਮੈਂਨੂੰ ਲੱਗਿਆ ਮੈਂ ਦਾਦੀ ਲਈ ਅਜੇ ਵੀ ਛੋਟਾ ਹੋਵਾਂ ਜਿਵੇਂ ਉਹਦੀ ਨਸਵਾਰ ਦੀ ਡੱਬੀ ਕੱਢਣ-ਲੁਕੋਣ ਵੇਲੇ ਸੀ।

“ਕਿਉਂ ਟਰ-ਟਰ ਕਰਨ ਲੱਗ ਪਈ ਆਂ - ਪਈਲਾਂ ਚਾਹ-ਪਾਣੀ ਤਾਂ ਪਲਾ ਲਾ।” ਬਾਊ ਬਾਬੇ ਨੇ ਕਿਹਾ।

“ਮੈਂ ਆਉਂਦਾ ਰਹੂੰਗਾ ਦਾਦੀ!”

“ਅੱਛਾ ਮੈਂ ਪੰਜ ਮੱਸਿਆ ਸੁੱਖੀਆਂ ਆਂ ਦਿੱਲੀ ਦੇ ਬੰਗਲਾ ਸਾਹਬ ਗੁਰਦੁਆਰੇ, ਬਿਰਜੂ ਉੱਥੇ ਈ ਆ ਤੇ ਮੈਂਨੂੰ ਲੈ ਚੱਲ।”

“ਦਾਦੀ ਜਦੋਂ ਮਰਜ਼ੀ ਚਲੀ ਚੱਲ।”

ਵਿੱਚੋਂ ਟੋਕਦਿਆਂ ਤਾਈ ਬੋਲੀ, ਗੁੱਡ ‘ਦੇਖ ਤਾਂ ਦੇਬੀ ਕਿੱਦਾਂ ਆਗ ਆਂਙੂੰ ਬਧਦੀ ਜਾਂਦੀ ਆ।” ਸੱਤਵੀਂ ਵਿੱਚ ਪੜ੍ਹਦੀ ਦੇਬੀ ਨੇ ਸੰਗਦੀ ਨੇ ਹੱਸ ਕੇ ਨੀਵੀਂ ਪਾ ਲਈ।

ਇਉਂ ਮੈਂ ਦੋ-ਚੌਂਹ ਮਹੀਨਿਆਂ ਵਿੱਚ ਇੱਕ ਗੇੜਾ ਤਾਈ ਹੁਰਾਂ ਨੂੰ ਮਿਲਣ ਲਈ ਲਾ ਆਉਂਦਾ। ਸਾਡੀਆਂ ਨਿੱਤ ਦੀਆਂ ਗੱਲਾਂ ਵਿੱਚ ਸੋਹਲਪੁਰ ਦਾ ਇਹ ਪਰਿਵਾਰ ਜ਼ਰੂਰ ਸ਼ਾਮਲ ਹੋ ਜਾਂਦਾ। ਭਾਈਆ ਕਿਸੇ ਚਿੰਤਾ ਜਿਹੀ ਵਿੱਚ ਗੱਲ ਤੋਰਦਾ, “ਪਟੁਆਰੀ ਹੁਣ ਬੀ ਆ ਜਾਬੇ ਤਾਂ ਚੰਗਾ - ਕੁਛ ਆਸਰਾ ਹੋ ਜਾਊ। ਸਾਰੀਆਂ ਤਾਂ ਘਰ ਵਿੱਚ ਬੁੜ੍ਹੀਆਂ, ਕੋਈ ਬੰਦਾ ਬੀ ਹੋਣਾ ਚਾਈਦਾ - ਉੱਦਾਂ ਪਟੁਆਰਨ ਮੱਸਿਆ-ਸੰਗਰਾਂਦ ਨੂੰ ਬਖੂਇਆਂ ਵਿੱਚ ਦੀਬਾ ਬਾਲਣ ਆਈਊ ਬਹਾਨੇ ਨਾਲ ਰਾਜ਼ੀ-ਬਾਜ਼ੀ ਪੁੱਛ ਜਾਂਦੀ ਆ। ਦੱਸਦੇ ਆ ਹੁਣ ਤਾਂ ਸੁੱਖ ਨਾਲ ਬਿੰਦਰ ਦਾ ਕੰਮ ਬੀ ਬਲੈਤ ਵਿੱਚ ਬਾਹਵਾ ਲੱਠੇ ਆ।”

ਹੁੱਕੇ ਦਾ ਘੁੱਟ ਭਰ ਕੇ ਤੇ ਨੜੀ ਇੱਕ ਪਾਸੇ ਕਰਦਿਆਂ ਫਿਰ ਕਹਿੰਦਾ, “ਦੀਸ਼ੀ-ਦੇਬੀ ਮੁਟਿਆਰਾਂ ਹੋਈਆਂ ਸਮਝੋ - ਚਲੋ ਜਿੱਦਾਂ ਕਿਸੇ ਦੀ ਮਰਜ਼ੀ - ਆਪਣਾ ਤਾਂ ਕਹਿਣ ਈ ਆ।”

ਇੱਕ ਦਿਨ (5-8-1980) ਮੈਂ ਭੁਲੱਥ (ਐੱਫ.ਸੀ.ਆਈ. ਦਾ ਦਫ਼ਤਰ) ਤੋਂ ਤਿੰਨ-ਚਾਰ ਦਿਨ ਬਾਅਦ ਘਰ ਆਇਆ ਹੀ ਸੀ ਕਿ ਭਾਈਏ ਨੇ ਖ਼ਬਰ ਦਿੱਤੀ, “ਗੁੱਡ ਬਾਊ ਗੁਜ਼ਰ ਗਿਆ!”

“ਹਲ੍ਹਾ! ਕਿੱਦਾਂ?” ਨਾਲ ਹੀ ਮੇਰਾ ਇੱਕ ਲੰਮਾ ਹਉਕਾ ਨਿਕਲ ਗਿਆ।

“ਮੀਂਹ ਥੋੜ੍ਹਾ ਪਿਆ ਕਿਤੇ! ਦੱਸਦੇ ਆ ਪਈ ਬਾਊ ਪਸ਼ੂਆਂ ਆਲੇ ਬਰਾਂਡੇ ਵਿੱਚ ਸੁੱਤਾ ਆ ਸੀ। ਉਹ ਡਿਗ ਪਿਆ ਤੇ ਥੱਲੇ ਈ ਪਿਆ ਰਹਿ ਗਿਆ - ਦਿਨ ਚੜ੍ਹੇ ਪਤਾ ਲੱਗਾ।”

“ਦਾਗਾਂ ’ਤੇ ਗਏ ਸੀ?”

“ਹਾਅ ਚੋ ਬਹੁਤ ਚੜ੍ਹਿਆ ਸੀ - ਕੋਈ ਦੱਸਣ ਈ ਨਹੀਂ ਆਇਆ।”

“ਭੋਗਪੁਰ ਅਲ ਦੀ ਪੁਲ ਤੋਂ ਆ ਜਾਂਦੇ।”

“ਮੈਂ ਗਿਆ ਸੀ ਅੱਜ, ਮਲਕੀਤ ਕੋਰ ਦੱਸਦੀ ਸੀ - ਭਾਈਆ ਜੀ ,ਅਸੀਂ ਲੰਬੜਾਂ ਨੂੰ - ਚੈਨ ਦਿਆਂ ਨੂੰ ਬਥੇਰਾ ਕਿਹਾ ਪਰ ਕੋਈ ਗਿਆ ਈ ਨਹੀਂ।”

ਬਾਊ ਬਾਬੇ ਦੇ ਨੱਕ ਦੀ ਥੋੜ੍ਹੀ ਜਿਹੀ ਵਿੰਗੀ ਕਰੂੰਬਲ, ਦਾਹੜੀ ਨੂੰ ਖਨੂਹਾ ਫੇਰਦੇ ਹੱਥ ਤੇ ਖੇਂਜ (ਮੋਟਾ ਰੱਸਾ) ਵਰਗੇ ਲੜਾਂ ਦੀ ਪੱਗ ਸਮੇਤ ਉਹਦਾ ਚਿਹਰਾ ਮੇਰੇ ਸਾਹਮਣੇ ਆ ਪ੍ਰਗਟ ਹੋਇਆ। ਕਦੀ ਉਹ ਮੈਂਨੂੰ ਲੁਹਾਰਾਂ ਦੇ ਕਰਖ਼ਾਨੇ ਰੇਡੀਓ ’ਤੇ ਖ਼ਬਰਾਂ ਸੁਣਦਾ ਦਿਸਦਾ ਜਦੋਂ ਪਾਕਿਸਤਾਨ ਨਾਲ 1971 ਦੀ ਲੜਾਈ ਲੱਗਣ ਵਾਲੀ ਸੀ ਤੇ ਫਿਰ ਖੇਤਾਂ ਵਿੱਚ ਭਾਈਏ ਹੁਰਾਂ ਨੂੰ ਦੱਸਦਾ-ਸੁਣਦਾ, “ਰੂਸ ਨੇ ਬੀ ਅਮਰੀਕਾ ਨੂੰ ਧਮਕੀ ਦੇਤੀ ਆ ਪਈ ਜੇ ਪਾਕਿਸਤਾਨ ਦੇ ਬਹਾਨੇ ਹਿੰਦੁਸਤਾਨ ਅਲ ਮੂੰਹ ਕੀਤਾ ਤਾਂ ਅਸੀਂ ਹੱਥ ’ਤੇ ਹੱਥ ਰੱਖ ਕੇ ਨਈ ਬਈਠਾਂਗੇ।”

ਬਾਊ ਮੈਂਨੂੰ ਕਣਕ, ਮੱਕੀ ਦਾ ਬੀ ਕੇਰਦਾ ਤੇ ਕਦੀ ਮੇਥਿਆਂ, ਬਰਸੀਨ, ਚਟਾਲੇ ਤੇ ਸੇਂਜੀ ਦਾ ਛੱਟਾ ਦਿੰਦਾ ਦਿਸਦਾ। ਕਦੀ ਸਾਰਖਾਂ, ਕਾਵਾਂ, ਚਿੜੀਆਂ, ਟਟੀਰੀਆਂ, ਬਗਲਿਆਂ ਨੂੰ ਦਬਕੇ ਮਾਰ ਕੇ ਉਡਾਉਂਦਾ ਅਤੇ ਚੂਹੇ-ਚਕੂੰਦਰਾਂ ਤੋਂ ਕਮਾਦ ਨੂੰ ਬਚਾਉਣ ਲਈ ਉਨ੍ਹਾਂ ਦੀਆਂ ਡੁੱਡਾਂ ਵਿੱਚ ਖੋਰੀ ਨੂੰ ਗੁੱਛ-ਮੁੱਛ ਕਰ ਕੇ ਤੁੰਨਦਾ ਦਿਸਦਾ। ਕਦੀ ਆਡ ਦੀ ਰੇਣ ਹੱਥਾਂ-ਪੈਰਾਂ ਨਾਲ ਪੋਲਾ ਪੋਲਾ ਦਬਾ-ਦਬਾ ਬੰਦ ਕਰਦਾ। ਕਦੀ ਮੈਂਨੂੰ ਨਸੀਹਤ ਦਿੰਦਾ ਸੁਣਦਾ, “ਦੱਬ ਕੇ ਮਿਹਨਤ ਕਰਿਆ ਕਰ - ਆਪੇ ਈ ਗਰੀਬੀ ਚੱਕੀ ਜਾਣੀ ਆ - ਅੱਗੇ ਤੋਂ ‘ਹੋਅ’ ਨਹੀਂ ‘ਹਾਂਜੀ’ ਕਹਿਣਾ।”

ਬਾਊ ਬਾਬਾ ਮੈਂਨੂੰ ਕਦੀ ਦੱਸ ਰਿਹਾ ਦਿਸਦਾ, “ਆਹ ਕਾਲਾ ਬਟੇਰਾ ਆ ਤੇ ਔਹ ਤਿੱਤਰ ਆ - ਲੱਗ ਗਿਆ ਪਤਾ ਫਰਕ ਦਾ? ਆਹ ਕਾਲਾ-ਪੀਲਾ ਕਮਾਦੀ ਕੁੱਕੜ ਆ। ਨਿੱਕੀਆਂ-ਵੱਡੀਆਂ ਲਾਲ ਚਿੜੀਆਂ ਵਿੱਚ ਦੇਖੀ ਕਿੰਨੀ ਫੁਰਤੀ ਆ! ਓਦਣ ਬੰਨ੍ਹ ਕੋਲ ਦੇਖਿਆ? ਸੱਪ ਤੇ ਨੇਲ (ਨਿਉਲਾ) ਕਿੱਦਾਂ ਲੜਦੇ ਸੀ! ਸੱਚ ਅੱਗੇ ਤੋਂ ਸੇਹ ਨੂੰ ਇੱਦਾਂ ਨਹੀਂ ਕਹੀ ਨਾਲ ਮਾਰਨਾ, ਨਾ ਜਾਣੀਏ ਕੰਡਾ ਖੁਭੋ ਦੇਬੇ। ਚਲੋ ਤੁਸੀਂ ਦੋਹਾਂ ਭਰਾਮਾ ਨੇ ਰਲ ਕੇ ਗੋਹ ਮਾਰਤੀ ਪਰ ਉਹ ਤੱਕਲਾ ਮਾਰ ਦਿੰਦੀ ਆ - ਅੱਗੇ ਤੋਂ ਬਚ ਕੇ ਰਹਿਓ। ਹਾਅ ਦਮੂੰਹੀਆਂ ਬਾਹਲੀਆਂ ਨਿਕਲਦੀਆਂ ਰਹਿੰਦੀਆਂ ਹੁਣ। ਬਹੁਤ ਸਾਰੇ ਜਾਨਵਰ ਪਹਾੜ ਤੋਂ ਇੱਧਰ ਆ ਗਏ ਆ - ਰੱਕੜ-ਰੇਤਾ ਬਿਚ ਬੰਨ੍ਹ ਤੇ ਖਾਲਾ ਪੁੱਟ ਹੋਣ ਕਰਕੇ।” ਇੰਨੇ ਨੂੰ ਇੱਕ ਸਹਿਆ ਸਾਡੇ ਕੋਲੋਂ ਉੱਠ ਕੇ ਦੌੜ ਪਿਆ ਸੀ।

ਮੈਂਨੂੰ ਪਲ ਕੁ ਬਾਅਦ ਮਹਿਸੂਸ ਹੋਇਆ ਕਿ ਬਾਊ ਮੇਰੇ ਸਾਧਾਰਣ ਵਿਗਿਆਨ ਵਿੱਚ ਜਿਵੇਂ ਵਾਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਅਗਲੇ ਦਿਨ ਅਫਸੋਸ ਲਈ ਗਿਆ ਤਾਂ ਦਾਦੀ ਕਹਿਣ ਲੱਗੀ, “ਅਸੀਂ ਨੋਂਹ-ਸੱਸ ਰੰਡੀਆਂ ਹੋ ਗਈਆਂ ਪੁੱਤ - ਸਾਡਾ ਆਸਰਾ ਹੁਣ ਤੁਸੀਂ ਆਂ।”

“ਲੈ ਦਾਦੀ, ਅਸੀਂ ਧੁਆਡੇ ਕੋਲ ਈ ਆਂ।”

ਮੈਂਨੂੰ ਲੱਗਿਆ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ ਕਿਉਂਕਿ ਮੇਰਾ ਸੋਹਲਪੁਰ ਜਾਣਾ ਬਹੁਤ ਘਟ ਗਿਆ ਸੀ। ਪਰ ਤਾਈ ਕਹਿੰਦੀ, “ਪੁੱਤ ਦੇਬੀ ਦੇ ਤੁਸੀਂ ਭਰਾ ਆਂ। ਬਿਆਹੀ ਜਾਊਗੀ ਤਾਂ ਜਾਂਦੇ ਰਿਹੋ।”

ਤਾਈ ਦੇ ਭਾਵੁਕ ਮੋਹ ਤੇ ਅਪਣੱਤ ਸਾਹਮਣੇ ਮੈਂਨੂੰ ਇਉਂ ਲਗਦਾ ਜਿਵੇਂ ਮੇਰਾ ਠੋਸ ਸਰੀਰ ਕਿਸੇ ਤਰਲ ਦਾ ਰੂਪ ਧਾਰ ਗਿਆ ਹੋਵੇ। ਮੇਰੀਆਂ ਅੱਖਾਂ ਨਮ ਹੋ ਗਈਆਂ। ਮੈਂਨੂੰ ਲੱਗਿਆ ਜੇ ਦੇਬੀ ਦਾ ਆਪਣਾ ਸਕਾ ਭਰਾ ਹੁੰਦਾ ਤਾਂ ਤਾਈ ਨੇ ਮੇਰੇ ਅੱਗੇ ਤਰਲਾ ਜਿਹਾ ਨਹੀਂ ਕਰਨਾ ਸੀ। ਮੈਂ ਪਲ ਦੀ ਪਲ ਸੋਚ ਕੇ ਰਹਿ ਗਿਆ ਕਿ ਸਮਾਜ ਵਿੱਚ ਮੁੰਡੇ ਦੀ ਕਿੰਨੀ ਲੋੜ, ਅਹਿਮੀਅਤ ਤੇ ਵੁੱਕਤ ਹੈ।

ਮੈਂਨੂੰ ਝੱਟ ਕੁ ਪਿੱਛੋਂ ਮਹਿਸੂਸ ਹੋਇਆ ਕਿ ਤਾਈ ਨੂੰ ਦੇਬੀ ਦੇ ਵੱਡੀ ਹੁੰਦੀ ਜਾਣ ਦੀ ਚਿੰਤਾ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਇਸ ਦੌਰਾਨ ਮਾਰਚ 1987 ਵਿੱਚ ਮੇਰੀ ਬਦਲੀ ਦਿੱਲੀ ਦੀ ਹੋ ਗਈ।

ਭਾਵੇਂ ਹੁਣ ਮੈਂ ਆਪਣੇ ਪਿੰਡ ਤੋਂ ਚਾਰ ਸੌ ਕਿਲੋਮੀਟਰ ਦੂਰ ਰਹਿੰਦਾ ਸੀ ਪਰ ਮੈਂਨੂੰ ਸੋਹਲਪੁਰ ਵਾਲੇ ਖੇਤਾਂ ਦੀਆਂ ਪਾਟੀਆਂ ਭੱਦਾਂ, ਸਨਮੇ ਕਮਾਦ ਦੀਆਂ ਫੁੱਟਦੀਆਂ ਅੱਖਾਂ ਤੇ ਪੜੂਏ, ਪੂਣ ਕੱਤਦੀਆਂ ਮੱਕੀਆਂ, ਨਰਮੇ-ਕਪਾਹ ਦੇ ਗੁਲਾਬੀ-ਚਿੱਟੇ ਫੁੱਲ ਤੇ ਫਿਰ ਖਿੜੀ ਕਪਾਹ, ਨਿੱਕੀਆਂ ਤੋਂ ਵੱਡੀਆਂ ਹੋਈਆਂ ਕੇਲਾ-ਛੱਲੀਆਂ, ਖਿੜੇ ਹੋਏ ਗੁਲਾਬ, ਲੰਬੜਾਂ ਦੇ ਖੂਹ ਦੀ ਤਰ ਗਈ ਮਾਲ੍ਹ ਕਾਰਣ ਦਿਸਦਾ ਖੂਹ ਦਾ ਤਲ਼ਾ ਅਤੇ ਬਿਜਲੀ ਦੀਆਂ ਤਾਰਾਂ ਨਾਲ ਪੁੱਠੇ ਲਮਕਦੇ ਮਰੇ ਕਾਂ ਮੈਂਨੂੰ ਸੁਪਨਿਆਂ ਵਿੱਚ ਦਿਸਦੇ। ਮੈਂਨੂੰ ਫਿਰ ਭਾਵੁਕ ਜਿਹਾ ਮੋਹ ਜਾਗ ਪੈਂਦਾ ਅਤੇ ਦਿੱਲੀ ਤੋਂ ਮਨ ਚੁੱਕਿਆ ਜਾਂਦਾ। ਮੈਂ ਪਿੰਡਾਂ ਨੂੰ ਜਾਣ ਲਈ ਕਾਹਲਾ ਪੈ ਜਾਂਦਾ।

ਇੱਕ ਦਿਨ ਗਿਆ ਤਾਂ ਤਾਈ ਨੇ ਕਿਹਾ, “ਚੰਗਾ ਹੋਇਆ ਤੂੰ ਦਿੱਲੀ ਚਲਾ ਗਿਆਂ - ਭਾਈਆ ਜੀ ਦੱਸਦੇ ਸੀ ਪਈ ਤਈਨੂੰ ਅੱਤਬਾਦੀਆਂ ਨੇ ਘੇਰ ਲਿਆ ਸੀ। ਵਾਖਰੂ ਨੇ ਬਚਾ ਲਿਆ!”

ਦਾਦੀ ਨੇ ਵਿੱਚੋਂ ਟੋਕਦਿਆਂ ਆਖਿਆ, “ਅੱਛਾ ਪੁੱਤ, ਮੈਂ ਮਰਨ ਤੋਂ ਪਈਲਾਂ ਬੰਗਲਾ ਸਾਹਬ ਜਾ ਕੇ ਸੁੱਖਣਾ ਲਾਹੁਣੀ ਚਾਹੁੰਨੀ ਆਂ - ਮੀਤੋ ਤੇ ਮੈਂ ਆ ਜਾਮਾਂਗੀਆਂ।”

“ਜਦੋਂ ਮਰਜ਼ੀ ਆਓ, ਦਾਦੀ ਉੱਥੇ ਬੀ ਆਪਣੇ ਘਰ ਈ ਜਾਣਾ।”

ਦੋ ਕੁ ਮਹੀਨਿਆਂ ਮਗਰੋਂ ਦਾਦੀ ਤੇ ਭੂਆ ਸਾਡੇ ਕੋਲ ਦਿੱਲੀ ਆ ਗਈਆਂ। ਜਿਸ ਦਿਨ ਪੰਜਵੀਂ ਤੇ ਆਖ਼ਰੀ ਮੱਸਿਆ ਨਹਾ ਕੇ ਆਈਆਂ ਤਾਂ ਦਾਦੀ ਕਹਿਣ ਲੱਗੀ, “ਲੈ ਪੁੱਤੋ ਹੁਣ ਮੈਂ ਸਉਖੀ ਮਰ ਜਾਊਂਗੀ - ਹੁਣ ਜਦੋਂ ਮਰਜ਼ੀ ਮੌਤ ਆ ਜਾਬੇ।”

“ਮੇਰਾ ਬਿਆਹ ਦੇਖ ਲਈਂ - ਫੇ ਭਾਵੇਂ ਮਰ ਜਾਈਂ।” ਮੇਰੇ ਮਜ਼ਾਕ ਨਾਲ ਦਾਦੀ ਨੇ ਫਿਰ ਹੱਸ ਕੇ ਸੋਟਾ ਚੁੱਕ ਲਿਆ।

... ਤੇ ਫਿਰ ਅਚਾਨਕ ਘਰੋਂ ਚਿੱਠੀ ਆਈ, “ਮਲਕੀਤ ਕੌਰ ਕੱਲ੍ਹ (25 ਜੁਲਾਈ, 1988) ਪੂਰੀ ਹੋ ਗਈ ਆ।”

ਪੜ੍ਹਨ ਸਾਰ ਹੀ ਤਾਈ ਨਾਲ ਦੋ-ਤਿੰਨ ਮਹੀਨੇ ਪਹਿਲਾਂ ਕੀਤਾ ਇਕਰਾਰ ਸਵਾਲੀਆ ਨਿਸ਼ਾਨ ਬਣ ਕੇ ਮੇਰੇ ਦਿਮਾਗ ਵਿੱਚ ਤੇਜ਼ੀ ਨਾਲ ਘੁੰਮਣ ਲੱਗ ਪਿਆ ਕਿ ਮੈਂ ਆਪਣੀ ਵਹੁਟੀ ਸਣੇ ਆਵਾਂਗਾ।

ਅੱਖਾਂ ਮੋਹਰੇ ਪਲ ਦੀ ਪਲ ਇੱਕ ਫਿਲਮ ਜਿਹੀ ਚੱਲ ਪਈ ਜਿਸ ਵਿੱਚ ਮੈਂਨੂੰ ਕਈ ਪੁਰਾਣੀਆਂ ਗੱਲਾਂ ਦੇ ਦ੍ਰਿਸ਼ ਦਿਸਣ ਲੱਗ ਪਏ - ਮੈਂ ਕਦੀ ਤਾਈ ਨਾਲ ਉਹਦੀ ਸੂਸਾਂ ਵਾਲੀ ਤੇ ਕਦੀ ਗੜ੍ਹੀ ਵਾਲੀ ਭੈਣ ਦੇ ਦੇਬੀ ਨੂੰ ਚੁੱਕੀ ਜਾਂਦਾ ਦਿਸਿਆ। ਕਦੀ ਤਾਈ ਝੋਲਾ ਮੈਂਨੂੰ ਫੜਾਉਂਦੀ ਤੇ ਦੇਬੀ ਨੂੰ ਆਪ ਫੜਦੀ ਦਿਸੀ। ਕਦੀ ਕਹਿੰਦੀ ਸੁਣਦੀ - ਗੁੱਡ ਤੂੰ ਤਾਂ ਬਿਰਜੂ ਇਸ ਨਮੇ ਘਰ ਦੀ ਕੰਧ ਉੱਤੇ ਆਪਣੇ ਤਾਏ ਦਾ ਨਾਂ ਸੋਹਣਾ ਜਿਹਾ ਕਰ ਕੇ ਲਿਖ ਦਿਓ। ਕਦੀ ਕਹਿੰਦੀ - ਗੁੱਡ ਦੇਬੀ ਨੂੰ ਦਬਕਾ ਮਾਰ ਕੇ ਜਾਈਂ ਸਾਰਾ ਦਿਨ ਖੇਲ੍ਹਦੀ ਰਈਂਦੀ ਆ -ਪੜ੍ਹਦੀ ਨਹੀਂ - ਸੁਖ ਨਾਲ ਹੁਣ ਅੱਠਮੀਂ ਵਿੱਚ ਹੋ ਗਈ ਆ।”

ਮੈਂ ਪਿੰਡ ਗਿਆ ਤਾਂ ਭਾਈਆ ਕਹਿਣ ਲੱਗਾ, “ਹੁਣ ਉੱਥੇ ਕਿਹਦੇ ਕੋਲ ਮਸੋਸ ਲਈ ਜਾਣਾ? ਤੂੰ ਸਾਡੇ ਕੋਲ ਕਰ ਲਿਆ - ਠੀਕ ਆ। ਬਹੁਤ ਬਮਾਰ ਥੋੜ੍ਹੋ ਹੋਈ ਸੀ - ਮਾੜੇ-ਮੋਟੇ ਰੋਗ ਤਾਂ ਦੇਹ ਨੂੰ ਲਗਦੇ ਈ ਰਈਂਦੇ ਆ। ਇੰਨਾ ਨਹੀਂ ਪਤਾ ਸੀ ਪਈ ਅਈਡੀ ਛੇਤੀ ਉਹਦਾ ਅੰਨ-ਜਲ ਮੁੱਕ ਜਾਊ।” ਭਾਈਏ ਨੇ ਪਲ ਕੁ ਰੁਕ ਕੇ ਆਖਿਆ, “ਦੱਸਦੇ ਆ ਪਈ ਮਲਕੀਤ ਕੋਰ ਨੇ ਬਥੇਰਾ ਜ਼ੋਰ ਲਾਇਆ ਪਈ ਬੰਨ੍ਹ ਨਾਲ ਦੀ ਕੁਤਰ ਸਾਨੂੰ ਪੱਠੇ-ਦੱਥੇ ਲਈ ਦੇ ਦਿਓ - ਪਰ ਉਹਦੀ ਪੁੱਗੀ ਨਹੀਂ। ਚਲੋ ... ਮਲਕੀਤ ਕੋਰ ਚੰਗਾ ਧਰਮਿੱਕਾ ਨਿਭਾਅ ਗਈ ਜੀਤ ਦੇ ਥਾਂ।”

ਭਾਈਏ ਦੀ ਸਲਾਹ ਦੇ ਬਾਵਜੂਦ ਵੀ ਮੈਂ ਸੋਹਲਪੁਰ ਗਿਆ। ਜਿਸ ਘਰ ਵਿੱਚ ਬੇਸ਼ੁਮਾਰ ਰੌਣਕਾਂ ਤੇ ਲਹਿਰਾਂ-ਬਹਿਰਾਂ ਤੇ ਜਿਸਦੇ ਦਰਵਾਜ਼ੇ ਸਾਡੇ ਲਈ ਸਦਾ ਖੁੱਲ੍ਹੇ ਰਹਿੰਦੇ ਸਨ, ਉੱਥੇ ਜਿੰਦਾ-ਕੁੰਡਾ ਲੱਗਾ ਹੋਇਆ ਸੀ। ਗਲੀ ਵਿੱਚ ਘਾਹ ਉੱਗਿਆ ਹੋਇਆ ਸੀ। ਹਵੇਲੀ ਵਲ ਦੇਖਿਆ ਤਾਂ ਉਹਦੇ ਕਮਰੇ ਡਿਗਣ-ਡਿਗਣ ਕਰ ਰਹੇ ਸਨ ਪਰ ਬਾਊ ਬਾਬੇ ਦੇ ਹੱਥਾਂ ਦਾ ਲਾਇਆ ਪਿੱਪਲ ਹੁਣ ਕਾਫ਼ੀ ਵੱਡਾ ਤੇ ਮੋਟਾ ਹੋ ਗਿਆ ਸੀ। ਹਵੇਲੀ ਦੇ ਵਿਹੜੇ ਵਲ ਜਾਣ ਨੂੰ ਉੱਕਾ ਹੀ ਮਨ ਨਾ ਕੀਤਾ ਕਿਉਂਕਿ ਉੱਥੇ ਉੱਗੀ ਉੱਚੀ-ਉੱਚੀ ਭੰਗ, ਗਾਜਰ ਬੂਟੀ ਤੇ ਝੁਆਂਖਰਾ ਦੂਰੋਂ ਹੀ ਦਿਖਾਈ ਦੇ ਰਹੇ ਸਨ ਤੇ ਉਜਾੜ ਵਿੱਚ ਬਦਲ ਚੁੱਕਾ ਉਹਦਾ ਵਿਹੜਾ ਭਾਂ-ਭਾਂ ਕਰਦਾ ਸੁਣਾਈ ਦਿੰਦਾ ਸੀ।

ਹੁਣ ਜਦੋਂ ਮੇਰੇ ਰੋਮਾਂ ਵਿੱਚ ਰਚੇ ਇਸ ਜੱਟ ਪਰਿਵਾਰ ਦੇ ਮੋਹ-ਤੇਹ ਦਾ ਖ਼ਿਆਲ ਆਉਂਦਾ ਹੈ ਤਾਂ ਮੈਂਨੂੰ ਲਗਦਾ ਹੈ ਜਿਵੇਂ ਉਹ ਸਾਡੀ ਜ਼ਿੰਦਗੀ ਦੇ ਰੇਗਿਸਤਾਨ ਵਿੱਚ ਵਗਿਆ ਦਰਿਆ ਹੋਵੇ ਜਿਸ ਸਦਕਾ ਸਾਡੀ ਜ਼ਿੰਦਗੀ ਥੋੜ੍ਹੀ-ਥੋੜ੍ਹੀ ਹਰਿਆਲੀ ਭਾਹ ਮਾਰਨ ਲੱਗ ਪਈ ਹੋਵੇ।

ਛਾਂਗਿਆ ਰੁੱਖ (ਕਾਂਡ ਸੋਲ੍ਹਵਾਂ)

“ਸਾਰਾ ਚਮਾਰ-ਵਾਧਾ ਪੜ੍ਹਨ ਡਹਿ ਪਿਆ। ਦਿਨ-ਬ-ਦਿਨ ਇਨ੍ਹਾਂ ਦਾ ਡਮਾਕ ਖਰਾਬ ਹੋਈ ਜਾਂਦਾ। ਜੇ ਇਨ੍ਹਾਂ ਨੂੰ ਨਉਕਰੀਆਂ ਮਿਲ ਗਈਆਂ ਤਾਂ ਸਾਡੇ ਖੇਤਾਂ ਵਿੱਚ ਕੰਮ ਕੌਣ ਕਰੂਗਾ! ਭੱਈਏ? ਡਾਕਾਂ ਬੰਨ੍ਹ-ਬੰਨ੍ਹ ਆਉਣ ਲੱਗ ਪਏ ਜਿਹੜੇ? ਦਸ ਬਾਰੀ ਕਹੋ ਤਾਂ ਇੱਕ ਬਾਰੀ ਹੱਥ ਹਲਾਉਂਦੇ ਆ। ਉੱਤੋਂ ਦਸ-ਦਸ ਰੋਟੀਆਂ ਪਾੜਦੇ ਆ!” ‘ਬੂਝੜ’ ਨੇ ਸਾਨੂੰ ਸੱਤਾਂ-ਅੱਠਾਂ ਜਣਿਆਂ ਨੂੰ ਕਾਲਜ ਜਾਂਦਿਆਂ ਦੇਖ ਕੇ ਸੁਣਾ ਕੇ ਆਖਿਆ।

ਪਹਿਲਾਂ ਹੀ ਸੋਚਾਂ ਲੱਦਿਆ ਵਿਚਾਰ ਤੁਰਤ ਆਇਆ, ‘ਸਾਡੇ ਮਾਂ-ਬਾਪ ਤੁਹਾਡੀਆਂ ਬੁੱਤੀਆਂ ਕਰ-ਕਰ ਉਧਾਰ ਚੁੱਕ-ਚੁੱਕ ਤੇ ਅਸੀਂ ਆਪ ਦਿਹਾੜੀਆਂ ਕਰ ਕੇ ਪੜ੍ਹਦੇ ਹਾਂ। ਕਿਸੇ ਨਾਲ ਹੇਰਾ-ਫੇਰੀ ਨਹੀਂ ਕਰਦੇ ਤੇ ਇਨ੍ਹਾਂ ਨੂੰ ਸਾਡੇ ਬਾਰੇ ਪੁੱਠਾ ਸੋਚਣ ਦਾ ਕੀ ਹੱਕ ਹੈ? ਆਪਣੇ ਮੁੰਡਿਆਂ ਨੂੰ ਵੱਡੇ ਅਫਸਰ ਬਣਾਉਣ ਦੀਆਂ ਵਿਉਂਤਾਂ ਬਣਾਉਂਦੇ ਨਹੀਂ ਥੱਕਦੇ। - ਇਸਦੇ ਨਾਲ ਹੀ ਪਿਛਲੇ ਦਿਨੀਂ ਉਹਦੇ ਖੇਤਾਂ ਵਿੱਚ ਦਿਹਾੜੀ ਕਰਨ ਗਿਆਂ ਨੂੰ ਲੌਢੇ ਵੇਲੇ ਦੀ ਚਾਹ ਸਾਡੇ ਗਲਾਸਾਂ ਵਿੱਚ ਪਾਉਣ ਵੇਲੇ ਦੀ ਟਿੱਚਰ ਵਜੋਂ ਕਹੀ ਗੱਲ ਮੱਲੋਮੱਲੀ ਚੇਤੇ ਆ ਗਈ:

“ਚਾਹ ਚੂਹੜੀ, ਚਾਹ ਚਮਿਆਰੀ, ਚਾਹ ਨੀਚੋਂ ਕੀ ਨੀਚ,

ਪੂਰਨ ਬ੍ਰਹਮ ਪਾਰ ਥੇ, ਜੇ ਚਾਹ ਨਾ ਹੁੰਦੀ ਬੀਚ।”

ਇਹ ਸੁਣਦਿਆਂ ਮਨ ਦਾ ਮੋਕਲਾ ਆਕਾਸ਼ ਪਲ ਵਿੱਚ ਸੁੰਗੜ ਗਿਆ ਸੀ। ਚਾਹ ਦੇ ਘੁੱਟਾਂ ਨੂੰ ਅੰਦਰ ਲੰਘਾਉਣਾ ਔਖਾ ਹੋ ਗਿਆ ਸੀ। ਮੇਰੇ ਚਿੱਤ ਵਿੱਚ ਆਇਆ ਕਿ ਗਲਾਸ ਵਿਚਲੀ ਤੱਤੀ ਚਾਹ ਬੂਝੜ ਦੇ ਮੂੰਹ ਉੱਤੇ ਸੁੱਟ ਦਿਆਂ ਜਾਂ ਉਹਦੀ ਧੌਲੀ ਦਾਹੜੀ ਪੁੱਟ ਦਿਆਂ। ਜ਼ਰਾ ਬੋਲਣਾ ਸਿੱਖ ਲਵੇ ਕਿ ਤਨ ਨਾਲੋਂ ਮਨ ਕਿਵੇਂ ਔਖਾ ਹੋ ਕੇ ਇਹ ਸਭ ਕੁਝ ਜਰਦਾ ਹੈ! ਉੱਧਰ ਭਾਈਏ ਦੇ ਬੋਲ ਵਾਰ-ਵਾਰ ਮੇਰੇ ਕੰਨਾਂ ਵਿੱਚ ਸੁਣ ਰਹੇ ਸਨ, “ਦੇਖ, ਉੱਠ-ਨੱਠ ਕਰ ਕੇ, ਸਹੇ ਦੇ ਕੰਨਾਂ ਵਰਗੇ ਨੋਟ ਫੜ ਕੇ ਤਈਨੂੰ ਕਾਲਜ ਦਾਖਲ ਕਰਾਤਾ! ਬੰਦੇ ਦਾ ਪੁੱਤ ਬਣ ਕੇ ਨਾਲ-ਨਾਲ ਦਿਹਾੜੀਆਂ ਕਰੀਂ, ਬਿਆਜ ਸਣੇ ਮੂਲ ਮੋੜਨਾ!”

ਅਜਿਹੇ ਖ਼ਿਆਲ ਜ਼ਬਾਨ ’ਤੇ ਆਏ ਮੇਰੇ ਬੋਲਾਂ ਨੂੰ ਨਿਗਲ਼ ਜਾਂਦੇ ਤੇ ਅੰਦਰ ਹੀ ਅੰਦਰ ਭਿਆਨਕ ਹਾਦਸਾ ਵਾਪਰ ਕੇ ਰਹਿ ਜਾਂਦਾ।

ਲੋਕ ... ਨੂੰ ‘ਬੂਝੜ’ ਇਸ ਲਈ ਕਹਿੰਦੇ ਸਨ ਕਿ ਉਹਦੀ ਬਹੁਤੀ ਚਿੱਟੀ ਤੇ ਘੱਟ ਕਾਲੀ ਭਰਵੀਂ ਦਾਹੜੀ ਖ਼ਾਖਾਂ ਤੋਂ ਉੱਤੇ ਤਕ ਸੰਘਣੇ ਘਾਹ ਵਾਂਗ ਉੱਗੀ ਹੋਈ ਸੀ ਜਿਸ ਨੂੰ ਉਹ ਵੱਟ ਚਾੜ੍ਹ ਕੇ ਅੰਦਰ ਨੂੰ ਤੁੰਨ ਲੈਂਦਾ। ਇਉਂ ਉਹਦੀ ਦਾਹੜੀ ਬਿੱਜੜੇ ਦੇ ਆਹਲਣੇ ਵਰਗੀ ਪੋਲੀ ਤੇ ਲਮਕਦੀ ਜਿਹੀ ਲਗਦੀ। ਗੱਲ੍ਹਾਂ ਉੱਤੇ ਤੇ ਅੱਖਾਂ ਦੁਆਲੇ ਇੰਨੀ ਚਰਬੀ ਚੜ੍ਹੀ ਹੋਈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਕਿ ਉਹਨੂੰ ਅਜੇ ਵੀ ਦਿਸਦਾ ਹੈ!

ਜਦੋਂ ‘ਬੂਝੜ’ ਦੇ ਬੋਲ ਚੇਤੇ ਆਉਂਦੇ ਤਾਂ ਦਿਲ ’ਤੇ ਟੋਕਾ ਚੱਲਦਾ। ਅੱਗੇ ਵਧਣ ਵਾਲੀਆਂ ਸੋਚਾਂ ਦਾ ਕੁਤਰਾ ਹੁੰਦਾ ਜਾਪਦਾ। ਫਿਰ ਮਨ ਨੂੰ ਧਰਵਾਸ ਹੁੰਦਾ ਜਦੋਂ ਖ਼ਿਆਲ ਆਉਂਦਾ, ਕੋਈ ਜੋ ਮਰਜ਼ੀ ਸੋਚੇ, ਸਮੇਂ ਦਾ ਪਹੀਆ ਹਮੇਸ਼ਾ ਅੱਗੇ ਨੂੰ ਤੁਰਨਾ ਹੈ, ਪਿੱਛੇ ਨੂੰ ਨਹੀਂ।

ਪਰ ਇਨ੍ਹਾਂ ਗਰਮੀਆਂ ਦੀਆਂ ਰਾਤਾਂ ਨੂੰ ਦੀਵੇ ਦੀ ਕੰਬਦੀ ਲੋਅ ਵਿੱਚ ਪੜ੍ਹਦਿਆਂ ਮੇਰਾ ਮਨ ਭਾਈਏ ਬਾਰੇ ਸੋਚ ਲਾਟ ਵਾਂਗ ਕੰਬ ਜਾਂਦਾ। ਨਿਗਾਹ ਭਾਵੇਂ ਕਿਤਾਬ ਉੱਤੇ ਹੁੰਦੀ ਤੇ ਧਿਆਨ ਭਾਈਏ ਦੀ ਨਿੱਤ ਦੀ ਹੱਡ-ਭੰਨਵੀਂ ਕਮਾਈ ਵੱਲ। ਜਦੋਂ ਭਾਈਏ ਦੇ ਭਾਰੇ ਟੱਬਰ ਦੀ ਸੋਚ ਆਉਂਦੀ ਤਾਂ ਮੈਂ ਜੀਅ-ਭਿਆਣਾ ਹੋ ਕੇ ਰਹਿ ਜਾਂਦਾ ਕਿ ਅਸੀਂ ਸੱਤ ਭੈਣ-ਭਰਾ, ਉਨ੍ਹਾਂ ਵਿੱਚੋਂ ਛੋਟੇ ਦੋ ਵਾਰੋ-ਵਾਰੀ ਮਾਂ ਦਾ ਦੁੱਧ ਚੁੰਘਦੇ ਹਨ। ਇੱਕ ਨੇ ਦੋਧੇ ਦੰਦ ਕੱਢੇ ਹੀ ਹਨ ਤੇ ਉਸ ਤੋਂ ਵੱਡੇ ਦੇ ਅਜੇ ਟੁੱਟੇ ਨਹੀਂ।

ਦਰਅਸਲ, ਮੈਂ ਆਪਣੇ ਇਨ੍ਹਾਂ ਛੋਟੇ ਭੈਣ-ਭਰਾ ਦੇ ਜਨਮਾਂ ਤੋਂ ਪਹਿਲਾਂ ਆਪਣੀ ਮਾਂ ਨੂੰ ਕਈ ਵਾਰ ਸਾਫ਼-ਸਾਫ਼ ਲਫ਼ਜ਼ਾਂ ਵਿੱਚ ਆਖਿਆ ਸੀ, “ਮੈਨੂੰ ਹੋਰ ਨਵਾਂ ਭੈਣ-ਭਰਾ ਨਹੀਂ ਚਾਹੀਦਾ - ਸਾਡੀਆਂ ਤੰਗੀਆਂ ਵਧ ਰਹੀਆਂ ਤੇ ਪਹਿਲੀਆਂ ਭੈਣਾਂ ਨੂੰ ਕੁੱਛੜ-ਕੰਧੇੜੀ ਚੁੱਕਿਆਂ ਹੁਣ ਸੰਗ ਆਉਂਦੀ ਆ।”

ਮਾਂ ਮੇਰੇ ਇਸ ਵਿਚਾਰ ਨਾਲ ਕਦੀ ਸਹਿਮਤ ਹੁੰਦੀ ਤੇ ਕਦੀ ਨਰਾਜ਼। ਅਖ਼ੀਰ ਦਲੀਲ ਦਿੰਦੀ, “ਰੱਬ ਦੀ ਦਾਤ ਨੂੰ ਕੋਈ ਕਿੱਦਾਂ ਧੱਕੇ ਮਾਰੇ!” ਜਦੋਂ ਕਦੀ ਉਹ ਭਾਈਏ ਨੂੰ ਮੇਰੀ ਆਖੀ ਗੱਲ ਦੱਸਦੀ ਤਾਂ ਉਹ ਜੁੱਤੀ ਚੁੱਕ ਕੇ ਮੇਰੇ ਦੁਆਲੇ ਹੁੰਦਾ, “ਸਾਲਾ ਅੰਗਰੇਜਾਂ ਦਾ ... ਲੱਗ ਪਿਆ ਮੱਤਾਂ ਦੇਣ ... ਤੇਰੇ ਕਹੇ ਮੈਂ ਰੱਦੀ ਹੋ ਕੇ ਘਰ ਬਹਿ ਜਾਮਾ।”

ਮੈਂ ਬਥੇਰਾ ਸਮਝਾਉਂਦਾ, ਘਰ ਦੀ ਮੰਦੀ ਹਾਲਤ ਤੇ ਪੜ੍ਹਾਈ ਵਿੱਚ ਪੈ ਰਹੇ ਵਿਘਨ ਦੀ ਗੱਲ ਕਰਦਾ, ਇਸ ਲਈ ਕਿ ਭਾਈਏ, ਮਾਂ ਤੇ ਦਾਦੀ ਸਣੇ ਅਸੀਂ ਦਸ ਜੀਅ ਚਾਰ ਖ਼ਾਨਿਆਂ ਦੇ ਦਲਾਨ ਤੇ ਇਸ ਪਿਛਲੀ ਕੋਠੜੀ ਵਿੱਚ ਸੌਂਦੇ। ਬਰਸਾਤਾਂ ਨੂੰ ਅੰਦਰ ਹੁੰਮਸ, ਵੱਟ-ਘੁੱਟ ਤੇ ਸਿਆਲਾਂ ਨੂੰ ਸਾਡੇ ਕੋਲ ਪੰਜ-ਸੱਤ ਪਸ਼ੂ ਬੱਝਦੇ। ਘਰ ਵਿੱਚ ਭੀੜ, ਨਿਰੀ ਸਿਰ ਪੀੜ। ਤੌਬਾ! ਤੌਬਾ!

ਫਿਰ ਮੈਂਨੂੰ ਲਗਦਾ ਜਿਵੇਂ ਪਹਿਲਾਂ ਨਾਲੋਂ ਮੇਰੀ ਜ਼ਿੰਮੇਵਾਰੀ ਵਧ ਗਈ ਹੈ। ... ਤੇ ਹੋਰ ਗੱਲਾਂ ਤੋਂ ਇਲਾਵਾ ਮੈਂ ਆਪਣੀ ਕਮਾਈ ਦੇ ਪੈਸਿਆਂ ਵਿੱਚੋਂ ਸ਼ੀਸ਼ੇ ਦੀ ਚਿਮਨੀ ਵਾਲਾ ਟੇਬਲ-ਲੈਂਪ ਖ਼ਰੀਦ ਲਿਆ। ਲਾਟ ਦੀ ਲੋਅ ਟਿਕਵੀਂ ਹੋ ਗਈ। ਮੈਂਨੂੰ ਜਾਪਿਆ ਜਿਵੇਂ ਕੋਈ ਵੀ ਹਵਾ ਹੁਣ ਘਰ ਅੰਦਰ ਪਸਰ ਰਹੀ ਰੌਸ਼ਨੀ ਨੂੰ ਹਨੇਰੇ ਵਿੱਚ ਤਬਦੀਲ ਨਹੀਂ ਕਰ ਸਕਦੀ। ਮੇਰੇ ਕੋਲ ਲੈਂਪ ਕੀ ਹੋ ਗਿਆ, ਮੈਂ ਮਨ ਹੀ ਮਨ ਖ਼ੁਸ਼ ਹੁੰਦਾ ਜਿਵੇਂ ਵੱਡੀ ਮੱਲ ਮਾਰ ਲਈ ਹੋਵੇ। ਪਰ ਰਾਤ ਨੂੰ ਵੱਖਰੇ ਕਮਰੇ ਦੀ ਅਣਹੋਂਦ ਮੈਂਨੂੰ ਵਕਤ ਦੀ ਬਰਬਾਦੀ ਤੇ ਆਪਣੇ ਭਵਿੱਖ ਦੀ ਖ਼ਰਾਬੀ ਨਜ਼ਰ ਆਉਣ ਲੱਗੇ। ਜੁਗਤ ਸੁੱਝੀ ਕਿ ਦਿਨ ਵੇਲੇ ਕਿਸੇ ਦਰਖ਼ਤ ਥੱਲੇ ਜਾਂ ਬੋਹੜ-ਪਿੱਪਲ ਦੇ ਡਾਹਣਿਆਂ ਨੂੰ ਵੱਢ ਕੇ ਗੁਰਦੁਆਰੇ ਦੀ ਬਣਾਈ ਕੁੱਲੀ ਵਿੱਚ ਪੜ੍ਹ-ਸੌਂ ਲਵਾਂ ਤੇ ਰਾਤ ਨੂੰ ਆਪਣੇ ਜਮਾਤੀ ਰਾਮਪਾਲ ਦੀ ਬੈਠਕ ਵਿੱਚ।

... ਤੇ ਉੱਧਰ ਕਾਲਜ ਦੀ ਪੜ੍ਹਾਈ ਦਾ ਆਪਣਾ ਮਜ਼ਾ, ਭਾਵੇਂ ਚਾਰ-ਪੰਜ ਕਿਲੋਮੀਟਰ ਦੇ ਕਰੀਬ ਰੇਲਵੇ ਸਟੇਸ਼ਨ ਤਕ ਤੁਰ ਕੇ ਜਾਂਦਾ। ਹੱਥ ਵਿੱਚ ਕਿਤਾਬ-ਕਾਪੀ, ਫਿਰਨ-ਤੁਰਨ ਦੀ ਆਪਣੀ ਮਰਜ਼ੀ। ਪੜ੍ਹਨ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਅਖ਼ਬਾਰਾਂ। ਅਲਮਾਰੀਆਂ ਵਿੱਚ ਬੰਦ ਪਿਆ ਅਥਾਹ ਗਿਆਨ। ਸੋਚਦਾ- ਦਿਨਾਂ ਵਿੱਚ ਹੀ ਇਹ ਮੇਰੇ ਲਹੂ ਵਿੱਚ ਰਚ-ਮਿਚ ਜਾਵੇ। ਅੱਗੇ ਵਧਣ ਲਈ ਸਮਾਜਿਕ ਵਰਤਾਰਾ ਤੇ ਪਿਛਲਾ ਬਹੁਤ ਕੁਝ ਭੁੱਲਣ ਦੀ ਕੋਸ਼ਿਸ਼ ਕਰਾਂ। ਮੇਰੀ ਇਹ ਇੱਛਾ ਪਲ੍ਹਰਨ ਲੱਗੀ। ਮੈਂ ਚਾਅ ਨਾਲ ਕਾਲਜ ਪੜ੍ਹਨ ਜਾਂਦਾ।

ਇਨ੍ਹੀਂ ਹੀ ਦਿਨੀਂ (5 ਅਕਤੂਬਰ, 1972) ਅਚਾਨਕ ਮੋਗਾ ਗੋਲੀ-ਕਾਂਡ ਘਟਨਾ ਵਾਪਰ ਗਿਆ। ਸਾਡੇ ਸਰਕਾਰੀ ਕਾਲਜ ਟਾਂਡਾ ਸਣੇ ਆਲੇ-ਦੁਆਲੇ ਦੇ ਸਾਰੇ ਕਾਲਜ ਪੜ੍ਹਾਈ ਲਈ ਬੰਦ ਹੋ ਗਏ ਪਰ ਵਿਦਿਆਰਥੀ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਦੌਰ ਸ਼ੁਰੂ ਹੋ ਗਿਆ। ਉੱਚੇ ਲੰਮੇ ਦਾਹਵਿਆਂ ਤੇ ਹੋਰ ਵਿਦਿਆਰਥੀ ਜਾਣਕਾਰੀ ਵਾਲੇ ਭਾਸ਼ਨ ਹੋਣ ਲੱਗੇ। ਸੁਣ ਕੇ ਖ਼ੂਨ ਖ਼ੌਲਦਾ। ਪਰ ਮੇਰੀਆਂ ਲੱਤਾਂ ਅਚਾਨਕ ਉਦੋਂ ਥਰ-ਥਰ ਕੰਬਣ ਲੱਗ ਪਈਆਂ ਜਦੋਂ ਮੇਰੇ ਲਈ ਇੱਕ ਅਜਨਬੀ ਵਿਦਿਆਰਥੀ ਆਗੂ ਨੇ ਕੱਪੜੇ ਵਿੱਚ ਲਪੇਟੀ ਕੋਈ ਸ਼ੈਅ ਮੇਰੇ ਹੱਥ ਫੜਾਈ। ਮੈਂਨੂੰ ਪਤਾ ਨਾ ਲੱਗੇ ਕਿ ਇਹ ਹੈ ਕੀ?

ਦਸ-ਪੰਦਰਾਂ ਮਿੰਟਾਂ ਪਿੱਛੋਂ ਮੇਰੇ ਕੋਲੋਂ ਉਹ ਆਪਣੀ ਵਸਤ ਵਾਪਸ ਲੈਂਦਿਆਂ ਤੇ ਮੇਰੇ ਮੂੰਹ ਵਲ ਦੇਖਦਿਆਂ ਕਹਿਣ ਲੱਗਾ, ‘ਕਿਉਂ ਦਰਕਦਾ ਮੋਕ ਮਾਰੀ ਜਾਨਾਂ- ਕਮਦਿਲਾ ਕਿਸੇ ਥਾਂ ਦਾ!”

ਮੈਂ ਬੋਝ-ਮੁਕਤ ਹੋ ਗਿਆ। ਹਾਲਾਤ ਮੁਤਾਬਕ ਕਈ ਦਿਨ ਅਸੀਂ ਕਾਲਜ ਨਾ ਗਏ। ਪਰ ਕੁਝ ਦਿਨਾਂ ਮਗਰੋਂ ਹਿੰਮਤ ਕਰ ਕੇ, ਅਸੀਂ ਵਿਹੜੇ ਦੇ ਇੱਕੋ ਜਮਾਤ ਵਿੱਚ ਪੜ੍ਹਦੇ ਸਾਰੇ ਮੁੰਡੇ ਘਰਦਿਆਂ ਦੀ ਇੱਛਾ ਦੇ ਖ਼ਿਲਾਫ਼ ਕਾਲਜ ਲਈ ਤਿਆਰ ਹੋਏ। ਭਾਈਏ ਨੇ ਇੱਕ ਵਾਰ ਫਿਰ ਸਮਝਾਇਆ, ‘ਜੱਟਾਂ ਦੀ ਮਢੀਰ ਪਿੱਛੇ ਨਾ ਲੱਗਿਓ ...।’

ਭਾਈਏ ਦੀ ਇਹ ਗੱਲ ਮੇਰੇ ਮਨ-ਮਸਤਕ ਵਿੱਚ ਡੂੰਘੀ ਲਹਿੰਦੀ ਲਗਦੀ ਸੀ। ਸੋਚਦਾ- ਭਾਈਆ ਵਾਰ-ਵਾਰ ਇਉਂ ਕਿਉਂ ਚਿਤਾਵਨੀਆਂ ਦਿੰਦਾ ਰਹਿੰਦਾ ਹੈ?

ਕਾਲਜ ਜਾਂਦਿਆਂ ਰਾਹ ਕੰਢੇ ਬਾਂਸਾਂ, ਨਿੰਮਾਂ, ਟਾਹਲੀਆਂ ਤੇ ਕੇਲਿਆਂ ਦੇ ਝੁਰਮਟ ਵਿਚਕਾਰ ਖੂਹ ਵਾਲੀ ਬੀਤੀ ਘਟਨਾ ਮੁੜ ਬਦੋਬਦੀ ਚੇਤੇ ਆ ਗਈ। ਉਦੋਂ ਮੈਂ ਤੀਜੀ-ਚੌਥੀ ਵਿੱਚ ਪੜ੍ਹਦਾ ਸੀ ਤੇ ਮੇਰੀ ਮਾਂ ਨੂੰ ਤਾਈ ਤਾਰੋ ਨੇ ਮਲ਼ਵੀਂ ਜੀਭੇ ਆਖਿਆ ਸੀ, “ਗੁੱਡ ਨੂੰ ਛੁੱਟੀ ਕਰਾ ਕੇ ਸਾਡੇ ਖੂਹ ਹੱਕਣ ਘੱਲਦੇ, ਮੇਰਾ ਅਵਤਾਰ ਸਕੂਲ ਚਲੇ ਜਾਊਗਾ।”

ਦੂਜੇ ਪਿੰਡ ਮੈਂ ਖੂਹ ਹਿੱਕਦਾ ਗਾਧੀ ’ਤੇ ਬੈਠਾ ਝੂਟੇ ਲੈ ਰਿਹਾ ਸੀ ਕਿ ਤਾਈ ਸ਼ਾਹ ਵੇਲੇ ਦਾ ਭੱਤਾ ਲੈ ਆਈ ਤੇ ਕਹਿਣ ਲੱਗੀ ਸੀ, “ਗੁੱਡ, ਜ਼ਰਾ ਕੁ ਭੁੰਜੇ ਉੱਤਰੀਂ, ਤੇਰੇ ਤਾਏ ਲਈ ਪਾਣੀ ਪੀਣ ਲਈ ਭਰਨਾ! ਤੂੰ ਤਾਂ ਆੜ ’ਚੋਂ ਈ ਪੀ ਲਮੀਂ।”

ਇਹ ਗੱਲ ਮੇਰੇ ਦਿਲ ਵਿੱਚ ਸੂਲ ਵਾਂਗ ਖੁੱਭ ਗਈ ਜਿਵੇਂ ਸ਼ਹੀ (ਤਾਈ ਤਾਰੋ ਦੇ ਪਤੀ ਊਧਮ ਸਿੰਘ ਦੀ ਅੱਲ) ਗੱਡਾ ਵਾਹੁੰਦਾ ਮੈਂਹੇਂ ਦੇ ਪੁੜਿਆਂ ਵਿੱਚ ਬੇਰਹਿਮੀ ਨਾਲ ਆਰ ਖੁਭੋ ਦਿੰਦਾ ਸੀ। ਮੇਰੀਆਂ ਭਰੀਆਂ ਅੱਖਾਂ ਦਾ ਪਾਣੀ ਉਨ੍ਹਾਂ ਅੰਦਰ ਹੀ ਜਜ਼ਬ ਹੋ ਗਿਆ ਸੀ ਜਿਵੇਂ ਮੋਰੀਆਂ ਵਾਲੀਆਂ ਟਿੰਡਾਂ ਦਾ ਖੂਹ ਵਿੱਚ ਡਿਗਦਾ ਪਾਣੀ।

ਇਸ ਵਾਕਿਆ ਦੀ ਲੰਮੀ ਲੜੀ ਅੱਧ-ਵਿਚਾਲੇ ਟੁੱਟ ਗਈ ਜਦੋਂ ਅਚਾਨਕ ਸਾਹਮਣੇ ਛਿੜੇ ਹੋਏ ਡੂੰਮਣੇ ਵਲ ਨਿਗਾਹ ਗਈ। ਮੈਂਨੂੰ ਲੱਗਿਆ ਰਾਹ ਲਾਗਲੇ ਖੇਤ ਵਿੱਚ ਗੱਡੇ ਉੱਤੇ ਕੜਬ ਲੱਦਦੇ ਮਜ਼ਦੂਰਾਂ ਵਾਂਗ ਮੈਂ ਵੀ ਡੂੰਮਣੇ ਨਾਲ ਚੁਫੇਰਿਓਂ ਘੇਰਿਆ ਗਿਆ ਹੋਵਾਂ। ਮੈਂ ਬੇਵਸੀ ਵਿੱਚ ਉੱਜਲੇ ਭਵਿੱਖ ਦੀ ਉਡੀਕ ਵਿੱਚ ਕਿੰਨਾ ਚਿਰ ਭੁੰਜੇ ਬੈਠਾ ਰਿਹਾ ਆਪਣੇ ਜਮਾਤੀਆਂ ਨਾਲ।

ਕਾਲਜ ਅਜੇ ਵੀ ਬੰਦ ਤੇ ਵਿਦਿਆਰਥੀ ਸੜਕਾਂ ਉੱਤੇ ਭੂਤਰੇ ਸਾਨ੍ਹਾਂ ਵਾਂਗ ਫਿਰਦੇ ਦਿਸਦੇ। ਕੋਈ ਨੇਤਾ-ਨੁਮਾ ਵਿਦਿਆਰਥੀ ਬਾਹਾਂ ਉਲਾਰ ਕੇ ਉੱਚੀ-ਉੱਚੀ ਬੋਲ ਕੇ ਕਹਿੰਦਾ, “ਸਾਥੀਓ, ਬਟਾਲੇ ਗੋਲੀ ਚੱਲ ਗਈ ਆ, ਦੋ-ਤਿੰਨ ਵਿਦਿਆਰਥੀ ਜ਼ਖਮੀ ਜਾਂ ਸ਼ਹੀਦ ਹੋ ਗਏ ਆ। ਇਹ ਇਮਤਿਹਾਨ ਦੀ ਘੜੀ ਆ, ਆਓ, ਸਾਰੇ ਜਣੇ ਸੰਘਰਸ਼ ਨੂੰ ਹੋਰ ਤਿੱਖਾ ਕਰੀਏ। ਸਰਕਾਰ ਉੱਤੇ ਦਬਾਅ ਵਧਾਉਣ ਲਈ ਆਪੋ-ਆਪਣੇ ਲਹੂ ਨਾਲ ਅੰਗੂਠੇ ਲਾਈਏ। ਮੈਮੋਰੰਡਮ ਭੇਜੀਏ। ਭਰੋਸਾ ਰੱਖੋ, ਜਿੱਤ ਤੁਹਾਡੀ ਆ। ਇਨਕਲਾਬ ਜ਼ਿੰਦਾਬਾਦ! ਇਨਕਲਾਬ ਜ਼ਿੰਦਾਬਾਦ!”

ਅਸੀਂ ਆਪਣੇ ਲਹੂ-ਭਿੱਜੇ ਅੰਗੂਠੇ ਪੂਰੇ ਜੋਸ਼ ਨਾਲ ਕਾਗ਼ਜ਼ਾਂ ਉੱਤੇ ਲਾਏ। ਨਵੇਂ ਸ਼ਬਦਾਂ ਨਾਲ ਜਾਣ-ਪਛਾਣ ਹੋਈ। ਨਤੀਜੇ ਵਜੋਂ ਕਾਲਜ 39 ਦਿਨਾਂ ਤਕ ਬੰਦ ਰਿਹਾ। ਰੁੱਤ ਸਿਆਲਾਂ ਵਿੱਚ ਬਦਲ ਗਈ।

ਕਾਲਜ ਦੇ ਇਨ੍ਹਾਂ ਦਿਨਾਂ ਵਿੱਚ ਮੈਂਨੂੰ ਆਪਣੇ ਨਾਂ ਦਾ ਪਹਿਲਾ ਹਿੱਸਾ ਬਲਬੀਰ - ਇਹਦਾ ਅਰਥ-ਭਾਵ ਚੰਗਾ ਲਗਦਾ। ਦੂਜਾ ਇਹ ਸਿੱਖੀ ਅਨੁਸਾਰ ਜਾਪਦਾ - ਕਿਸੇ ਹੋਰ ਲਈ ਵੰਗਾਰ-ਲਲਕਾਰ ਤੇ ਮੋਟੀ ਗੱਲ ਕਿ ਜਾਤ ਦਾ ਕਲੰਕ ਨਾ ਝਲਕਦਾ। ਨਾਂ ਦਾ ਪਿਛਲਾ ਹਿੱਸਾ ‘ਚੰਦ’ ਮੈਂਨੂੰ ਹਿੰਦੂ-ਆਸਥਾ ਨਾਲ ਜੁੜਿਆ ਮਹਿਸੂਸ ਹੁੰਦਾ ਜਿਸ ਨੇ ਸਾਡੇ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਕੱਸਿਆ ਹੋਇਆ ਹੈ। ਜਿਸ ਵਿੱਚੋਂ ਹੀਣ-ਕਮੀਨ ਦੀ ਦੁਰਗੰਧ ਚੁਫ਼ੇਰੇ ਫੈਲਦੀ ਮਹਿਸੂਸ ਹੁੰਦੀ।

ਅਕਸਰ ਮੈਂਨੂੰ ਉਹ ਦਿਨ ਯਾਦ ਆਉਂਦਾ ਜਦੋਂ ਬਖਸ਼ੀ ਦੁਸਹਿਰੇ ਦੇ ਦਿਨ ਭੋਗਪੁਰ ਤੋਂ ‘ਸੀਤਾ-ਰਾਮ’ ਦਾ ਕਲੰਡਰ ਲਿਆਇਆ ਸੀ ਤੇ ਮੈਂ ਦੇਖਦਿਆਂ ਸਾਰ ਹੀ ਪਾੜ ਕੇ ਪੈਰਾਂ ਹੇਠ ਮਧੋਲ ਸੁੱਟਿਆ ਸੀ। ਉਦੋਂ ਮੈਂ ਸੱਤਵੀਂ ਵਿੱਚ ਪੜ੍ਹਦਾ ਸੀ।

ਭਾਈਏ ਨੇ ਸ਼ਾਇਦ ਮੇਰੀ ਮਨਸ਼ਾ ਨੂੰ ਸਮਝਦਿਆਂ ਆਖਿਆ ਸੀ, “ਇਹ ਕਾਰਾ ਕੀ ਕੀਤਾ ਕਮੂਤ ਦੀਏ ਮਾਰੇ? ਇੱਦਾਂ ਕੀ ਫ਼ਰਕ ਪੈ ਜਾਊ!”

“ਕਹਿੰਦੇ ਨੇ ਇਸ ਰਾਮ ਨੇ ਸ਼ੰਭੂਕ ਰਿਸ਼ੀ ਦਾ ਆਪਣੇ ਹੱਥੀਂ ਕਤਲ ਕੀਤਾ ਸੀ। ਇਸ ਕਰਕੇ ਕਿ ਉਹ ਰੱਬ ਦੀ ਭਗਤੀ ਕਰਦਾ ਸੀ।” ਮੈਂ ਸੁਣਿਆ ਹੋਇਆ ਮਾਸੂਮ ਵਾਂਗ ਹੋਰ ਦੱਸਿਆ ਸੀ, ਰਾਜਾ ਰਾਮ ਚੰਦਰ ਹੁਰੀਂ ਬਾਹਰਲੇ ਮੁਲਕ ਤੋਂ ਆਏ ਆਰੀਆ ਪੁੱਤਰ ਆ। ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਵਾਲੇ ਤੇ ਅਸੀਂ ਇੱਥੋਂ ਦੇ ਬਾਸ਼ਿੰਦੇ ਆਂ। ਇਨ੍ਹਾਂ ਸਾਡਾ ਰਾਜਭਾਗ ਖੋਹ ਲਿਆ ਤੇ ਸਾਨੂੰ ਅਛੂਤ ਬਣਾ ਤਾਂ ...। ਧੋਖੇ ਨਾਲ ਸਾਨੂੰ ਗੁਲਾਮ ਬਣਾ ਲਿਆ। ਬੇਰਹਿਮੀ ਨਾਲ ਜਾਨੋਂ ਮਾਰ ਦਿੰਦੇ ਆ। ਕੋਈ ਕਿਲਾ ਬਣਨਾ ਹੋਵੇ ਤਾਂ ਬਲੀ ਅਛੂਤਾਂ ਦੀ, ਕੋਈ ਹੋਰ ਵੱਡਾ ‘ਪੁੰਨ’ ਦਾ ਕੰਮ ਕਰਨਾ ਹੋਵੇ ਤਾਂ ਬਲੀ ਦਾ ਬੱਕਰਾ ਅਛੂਤ-ਧਰਮ ਦੇ ਨਾਂ ’ਤੇ ਇਹ ਕੁਕਰਮ? ਨਾਲੇ ਅਸੀਂ ਤਾਂ ਗੁਰਦੁਆਰੇ ਤੋਂ ਬੀੜ ਲਿਆ ਕੇ ਪਾਠ ਕਰਾਈਦਾ, ਅਸੀਂ ਹਿੰਦੂ ਕਿੱਦਾਂ ਹੋਏ? ਮੈਂ ਦਮ ਮਾਰ ਕੇ ਫਿਰ ਆਖਿਆ, “ਯਾਦ ਭੁੱਲ ਗਿਆ ਜਦੋਂ ਜਲੰਧਰ ਤੋਂ ਆਏ ਹਿੰਦੂਆਂ ਦੀ ਢਾਣੀ ਸਾਡੇ ਲੋਕਾਂ ਨੂੰ ਪੰਜਾਬੀ ਵਿੱਚ ਸਮਝਾ ਰਹੀ ਸੀ ਕਿ ਆਪਣੀ ਮਾਤ-ਭਾਸ਼ਾ ਹਿੰਦੀ ਲਿਖਾਓ। ... ਤੇ ਮੈਂ ਮੋਹਰੇ ਹੋ ਕੇ ਕਿਹਾ ਸਿਗਾ ਪਈ ਅਸੀਂ ਪੰਜਾਬੀ ਬੋਲਦੇ ਆਂ - ਸਾਡੀ ਮਾਤ-ਭਾਸ਼ਾ ਪੰਜਾਬੀ ਆ!”

“ਤੇ ਅਸੀਂ ਕਿਹੜਾ ਉਨ੍ਹਾਂ ਦਾ ਕਹਿਣਾ ਮੰਨ ਲਿਆ? ਸਾਨੂੰ ਕਿਤੇ ਪਤਾ ਨਹੀਂ ਸੀ ਪਈ ਲੋਕਾਂ ਵਿੱਚ ਫ਼ਰਕ ਪਾਉਣ ਦੇ ਇਹ ਸਾਰੇ ਮਨਸੂਬੇ ਆ!” ਭਾਈਏ ਨੇ ਭਰੋਸੇ ਤੇ ਜਾਣਕਾਰੀ ਨਾਲ ਦੱਸਿਆ।

ਮੈਂਨੂੰ ਲਗਾਤਾਰ ਬੋਲਦੇ ਤੇ ਦਲੀਲਾਂ ਦਿੰਦੇ ਨੂੰ ਦੇਖ ਭਾਈਏ ਨੇ ਉਸ ਦਿਨ ਬੇਸ਼ੁਮਾਰ ਗੱਲਾਂ ਕੀਤੀਆਂ। ਕਹਿਣ ਲੱਗਾ, “ਚਾਹੁੰਦਾ ਮੈਂਮ੍ਹੀਂ ਆਂ ਹਿੰਦੂ ਸਮਾਜ ਦੀਆਂ ਪਖੰਡੀ-ਦੰਭੀ ਚਾਲਾਂ ਦੀਆਂ ਡੂੰਘੀਆਂ ਜੜ੍ਹਾਂ ਨੂੰ ਪੁੱਟ ਕੇ ਇੱਦਾਂ ਉਲਟਾ ਦੇਈਏ ਜਿੱਦਾਂ ਪਿਛਲੇ ਦਿਨੀਂ ਬੋਹੜ-ਪਿੱਪਲ ਨੂੰ ਪੁੱਟਿਆ ਸੀ ਤੇ ਉਹਦੇ ਮੋਛੇ ਪਾਏ ਸੀ। ਪਰ ਗੱਲ ਇਹ ਆ ਪਈ ਇਕੱਲੇ-ਇਕੱਲੇ ਦੇ ਕਰਨ ਨਾਲ ਕੁਛ ਨਹੀਂ ਬਣਨਾ, ਇਹ ਸਾਰੇ ਭਾਈਚਾਰੇ ਦਾ ਸਾਂਝਾ ਮਸਲਾ, ਸਾਂਝਾ ਹੰਭਲਾ ਮਾਰਨਾ ਚਾਈਦਾ!”

ਭਾਈਏ ਨੇ ਆਪਣੀ ਪੱਗ ਨੂੰ ਸੁਆਰਦਿਆਂ ਤੇ ਦੋਹਾਂ ਹੱਥਾਂ ਨਾਲ ਸਿਰ ’ਤੇ ਚੰਗੀ ਤਰ੍ਹਾਂ ਬਿਠਾਉਂਦਿਆਂ ਮੇਰੇ ਵੱਲ ਤਸੱਲੀ ਭਰੀਆਂ ਨਜ਼ਰਾਂ ਨਾਲ ਦੇਖਿਆ, ਜਿਵੇਂ ਉਨ੍ਹਾਂ ਵਿੱਚੋਂ ਉਹ ਆਪਣਾ ਭਵਿੱਖ ਤਲਾਸ਼ ਰਿਹਾ ਹੋਵੇ। ਫਿਰ ਮੈਂਨੂੰ ਲੱਗਿਆ ਭਾਈਆ ਮੇਰੀਆਂ ਹਰਕਤਾਂ ਤੇ ਗੱਲਾਂ ਬਾਰੇ ਪਹਿਲਾਂ ਜਿਵੇਂ ਉੱਤੋਂ-ਉੱਤੋਂ ਹੀ ਝਿੜਕਦਾ ਰਿਹਾ ਹੋਵੇ।

ਮੇਰੇ ਮਨ ਵਿੱਚ ਮੁੜ-ਮੁੜ ਆਉਂਦਾ- ਨਾਂ ਬਦਲ ਲਵਾਂ। ਇਸ ਬਾਰੇ ਮੈਂ ਪੁੱਛ-ਪ੍ਰਤੀਤ ਕੀਤੀ- ਨਾਂ ਬਦਲਿਆ ਨਹੀਂ ਜਾ ਸਕਦਾ- ਸੋਚ ਕੇ ਮੇਰਾ ਮੂੰਹ ਬਿੱਤਲੇ ਬਤਾਊਂ ਵਰਗਾ ਹੋ ਜਾਂਦਾ। ਉਦਾਸੀ ਦਾ ਹਲਕਾ ਜਿਹਾ ਪਹਿਰਾ ਕਦੀ-ਕਦੀ ਮੂੰਹ ਤੋਂ ਝਲਕਦਾ ਜਦੋਂ ਕੋਈ ਜਣਾ ਮੇਰਾ ਹਾਲ-ਚਾਲ ਪੁੱਛਦਾ।

ਇਨ੍ਹਾਂ ਸ਼ਸ਼ੋਪੰਜ ਭਰੇ ਦਿਨਾਂ ਵਿੱਚ ਸਾਲਾਨਾ ਪੇਪਰਾਂ ਦੌਰਾਨ ਬੱਸ ਅੰਦਰ ਹੋਈ ਇੱਕ ਨਿੱਕੀ ਜਿਹੀ ਘਟਨਾ ਮੇਰੇ ਮਨ ਉੱਤੇ ਕਾਵਿ-ਹਾਦਸਾ ਬਣ ਕੇ ਵਾਪਰ ਗਈ ਜਿਸ ਨੇ ਮੇਰੇ ਨਾਂ ਦੀ ਸਮੱਸਿਆ ਨੂੰ ਹੋਰ ਗੂੜ੍ਹੀ ਮੱਸਿਆ ਵਿੱਚ ਬਦਲ ਦਿੱਤਾ। ਗੱਲ ਇਉਂ ਦੀ ਵਾਰਤਾਲਾਪ ਵਿੱਚ ਹੋਈ-

“ਜਾਣ-ਬੁੱਝ ਕੇ ਦੋ ਤਿੰਨ ਵਾਰ ਮੇਰੇ ਪੈਰ ’ਤੇ ਪੈਰ ਰੱਖਿਆ ...।” ਸਾਡੇ ਤੋਂ ਪਿਛਲੀ ਸੀਟ ਉੱਤੋਂ ਇੱਕ ਅਣਖੀਲੀ ਤੇ ਰੋਸ ਭਰੀ ਜਨਾਨਾ ਆਵਾਜ਼ ਆਈ। ਸਾਡੀਆਂ ਧੌਣਾਂ ਇਕਦਮ ਪਿਛਾਂਹ ਨੂੰ ਮੁੜੀਆਂ। ਕੁਝ ਸਵਾਰੀਆਂ ਤਿਰਸ਼ੀਆਂ ਨਜ਼ਰਾਂ ਨਾਲ ਦੇਖਣ ਲੱਗੀਆਂ।

ਸਾਡੇ ਵਿਹੜੇ ਦਾ ਉਹ ਜਮਾਤੀ ਮੁੰਡਾ ਪੈਰਾਂ ’ਤੇ ਪਾਣੀ ਹੀ ਨਾ ਪੈਣ ਦੇਵੇ, “ਮੈਂ ਸ਼ਰਾਰਤ ਨਹੀਂ ਕੀਤੀ, ਸਹਿਵਨ ਪੈਰ ਲੱਗ ਗਿਆ ਹੋਊ। ਮੈਂਨੂੰ ਪਤਾ ਨਹੀਂ ...।”

“ਬੜੇ ਓਵਰ-ਕਲੈਵਰ ਬਣ ਕੇ ਦੱਸਦੇ ਆ - ਘਰ ਮਾਂ-ਭੈਣ ਨਹੀਂ? ਬੱਸ ਠਾਣੇ ਲੈ ਚਲੋ।” ਉਸ ਮਲੂਕ ਜਿਹੀ ਕੁੜੀ ਨੇ ਕੰਡਕਟਰ ਨੂੰ ਆਖਿਆ। ਗੁੱਸੇ ਵਿੱਚ ਬੋਲਦੀ ਦਾ ਉਹਦਾ ਰੰਗ ਲਾਲ ਹੋ ਗਿਆ ਤੇ ਚਿਹਰਾ ਹੋਰ ਰੋਹਬਦਾਰ।

“ਚੱਲ ਛੱਡ ਬੀਬਾ, ਹਊ ਪਰੇ ਕਰ!” ਇੱਕ ਬਜ਼ੁਰਗ ਨੇ ਕੁੜੀ ਨੂੰ ਕਿਹਾ ਤੇ ਸਾਡੇ ਸਾਥੀ ਜਮਾਤੀ ਨੂੰ ਸਮਝਾਉਂਦਿਆਂ ਕਿਹਾ, “ਅੱਗੇ ਤੋਂ ਇੱਦਾਂ ਦੀ ਹਰਕਤ ਨਹੀਂ ਕਰਨੀ।”

ਜਿਉਂ ਹੀ ਅੱਡਾ ਆਇਆ, ਅਸੀਂ ਛਾਲਾਂ ਮਾਰ ਕੇ ਉੱਤਰ ਗਏ। ਕੁੜੀ ਮਦਦ ਲਈ ਲੋਕਾਂ ਨੂੰ ਪੁਕਾਰਦੀ ਰਹਿ ਗਈ।

ਮਸਾਂ ਚਾਰ ਕਦਮ ਅੱਗੇ ਗਏ ਤਾਂ ‘ਉਸ’ ਜਮਾਤੀ ਮੁੰਡੇ ਨੇ ਕਿਹਾ, ‘ਧਰਮ ਨਾ, ਹਲਕੀਆਂ ਬਿੱਲੀਆਂ ਅੱਖਾਂ, ਤੋਤੇ ਦੀ ਚੁੰਝ ਵਰਗਾ ਤਿੱਖਾ ਨੱਕ, ਗੋਰਾ ਚਿਹਰਾ, ਗੋਲ ਠੋਡੀ ਤੇ ਖ਼ੂਬਸੂਰਤ ਦਿੱਖ ਵਾਲੀ ਉਸ ਕੁੜੀ ਨੂੰ ਦੇਖਿਆਂ ਭੁੱਖ ਲਹਿੰਦੀ ਸੀ!”

“ਲਹਿੰਦੀ ਕਿ ਚਮਕਦੀ?” ਮੈਂ ਟੋਣਾ ਮਾਰਿਆ। ਦੋ-ਚਾਰ ਹੋਰ ਕਦਮ ਪੁੱਟਣ ਮਗਰੋਂ ਮੈਂ ਆਖਿਆ, ‘ਅੱਜ ਦੇ ਪੰਜਾਬੀ ਪੇਪਰ ਵਿੱਚ ਇਹੀ ਪ੍ਰਸੰਗ ਸਹਿਤ ਵਿਆਖਿਆ ਲਿਖ ਦਈਂ।”

ਡੂੰਘੀ ਰਾਤ ਤਕ ਇਹ ਘਟਨਾ ਮੇਰੇ ਜ਼ਿਹਨ ਵਿੱਚ ਸੰਘਣੀ ਤਰ੍ਹਾਂ ਉੱਤਰ ਗਈ। ਤਿੰਨ-ਚਾਰ ਦਿਨ ਤੇ ਰਾਤਾਂ ਨੂੰ ਖ਼ਿਆਲ ਆਉਂਦਾ ਰਿਹਾ ਕਿ ਉਹ ਕੁੜੀ ਸੱਚੀ ਸੀ। ਉਹਦੇ ਹੱਕ-ਪੱਖ ਨੂੰ ਕਿਸੇ ਨੇ ਗੌਲ਼ਿਆ ਹੀ ਨਹੀਂ।

ਅਗਲੇ ਪੇਪਰ ਮੋਹਰੇ ਛੁੱਟੀਆਂ ਆਈਆਂ ਤਾਂ ਮੈਂ ਗੁਰਦੁਆਰੇ ਦੀ ਕੁੱਲੀ ਵਿੱਚ ਪੈੱਨ-ਕਾਗ਼ਜ਼ ਲੈ ਕੇ ਬਹਿ ਗਿਆ। ਮੈਂਨੂੰ ਮਹਿਸੂਸ ਹੋਇਆ ਕਿ ਬਚਪਨ ਦਾ ਕਾਵਿ-ਬੀਜ ਮਨ ਵਿੱਚ ਅਚਨਚੇਤ ਫੁੱਟ ਪਿਆ ਹੈ। ਮੈਂ ਘਟਨਾ ਨੂੰ ਲਿਖਣ ਲਈ ਤਰਲੋਮੱਛੀ ਹੋਣ ਲੱਗਾ।

ਤ੍ਰਿਕਾਲਾਂ ਤਕ ਮੈਂ ਸ਼ਬਦਾਂ ਨੂੰ ਜੋੜਦਾ-ਤੋੜਦਾ, ਲਿਖਦਾ-ਮਿਟਾਉਂਦਾ ਰਿਹਾ। ਕੁਝ ਤੁਕਾਂ ਬਣੀਆਂ ਤੇ ਅਖੀਰ ਡੇਢ ਕੁ ਸਫ਼ਾ ਭਰ ਲਿਆ। ਮਨ ਨੇ ਪੈਲ ਪਾਈ, ਖੰਭ ਫ਼ੈਲਾਏ। ਮਿੱਤਰਾਂ ਨੂੰ ਉਹ ਤੁਕਾਂ ਸੁਣਾਈਆਂ ਜਿਨ੍ਹਾਂ ਵਿੱਚ ਉਸ ਕੁੜੀ ਦਾ ਪੱਖ ਪੂਰਿਆ ਗਿਆ ਸੀ। ਮੇਰੇ ਯਤਨ ਨੂੰ ਸਲਾਹਿਆ ਗਿਆ। ਮੈਂ ਕਾਵਿ ਅਭਿਆਸ ਕਰਨ ਲੱਗਾ।

ਕਾਲਜ ਦੇ ‘ਤਾਰਿਕਾ ਮੰਡਲ’ ਵਿੱਚ ਕਵਿਤਾ ਛਪਣ ਦੀ ਗੱਲ ਸਾਹਮਣੇ ਆਈ ਤਾਂ ਮੇਰਾ ਨਾਂ ਮੇਰੀ ਸੋਚ ਸਾਹਮਣੇ ਕੋਹ-ਕਾਫ਼ ਜਿੱਡਾ ਸਵਾਲੀਆ ਨਿਸ਼ਾਨ ਬਣ ਕੇ ਖੜ੍ਹ ਗਿਆ। ਪੈਲ ਪਾਉਂਦਾ ਮੋਰ ਜਿਵੇਂ ਪੈਰਾਂ ਵਲ ਦੇਖ ਝੁਰਦਾ ਹੈ, ਉਵੇਂ ਮੈਂ ਅੰਦਰੋਂ-ਅੰਦਰ ਬਰਫ਼ ਦੇ ਡਲ਼ੇ ਵਾਂਗ ਖੁਰਦਾ। ਮੁੱਕਦੀ ਗੱਲ ਕਿ ਮੇਰੇ ਦਿਲ ਵਿੱਚ ਆਪਣੇ ਨਾਂ ਨਾਲ ਨਫ਼ਰਤ ਸਿਖਰਾਂ ’ਤੇ ਪਹੁੰਚ ਗਈ। ਮਨ ਵਿੱਚ ਨਵੇਂ ਨਾਂ ਦੀਆਂ ਤਰਕੀਬਾਂ ਬਣਾਉਣ ਲੱਗਾ ਕਿ ਘੱਟੋ-ਘੱਟ ਆਪਣਾ ਹਿੰਦੂ ਨਾਂ ਬਦਲ ਲਵਾਂ।

ਛਾਂਗਿਆ ਰੁੱਖ (ਕਾਂਡ ਸਤਾਰ੍ਹਵਾਂ)

ਮੈਂ ਆਪਣਾ ਮੰਜਾ ਅਤੇ ਕਿਤਾਬਾਂ ਚੁੱਕੀਆਂ ਤੇ ਕਿਸੇ ਪਨਾਹਗੀਰ ਵਾਂਗ ਆਰਜ਼ੀ ਤੌਰ ’ਤੇ ਸਭ ਤੋਂ ਵੱਡੇ ਤਾਏ ਦੇ ਘਰ ਵਿਚਲੀ ਬੈਠਕ ਦੀ ਬਿਨਾਂ ਤਾਕੀਆਂ ਵਾਲੀ ਖਿੜਕੀ ਮੋਹਰੇ ਡੇਰਾ ਲਾ ਲਿਆ। ਇੱਟਾਂ ਚਿਣ-ਚਿਣ ਕੇ ਉਨ੍ਹਾਂ ਉੱਤੇ ਕਿਤਾਬਾਂ ਦੀ ਟੇਕਣ ਲਾ ਲਈ ਤੇ ਟੇਬਲ ਲੈਂਪ ਟਿਕਾ ਲਿਆ। ਖਿੜਕੀ ਦੇ ਸਿਖਰ ਦੇ ਲੰਮੇ-ਦਾਅ ਸਰੀਏ ਉੱਤੋਂ ਇੱਕ ਚਾਦਰ ਪਰਦੇ ਵਜੋਂ ਲਮਕਾ ਲਈ। ‘ਆਪਣੇ’ ਕਮਰੇ ਦੀਆਂ ਦੀਵਾਰਾਂ ਤੋਂ ਉੱਖੜੇ ਸੀਮਿੰਟ ਵਾਲੀਆਂ ਕੁਝ ਥਾਵਾਂ ਦੀਆਂ ਕਈ ਤਸਵੀਰਾਂ ਬਣਦੀਆਂ ਨਜ਼ਰ ਆਉਂਦੀਆਂ। ਕਈ ਉਦਾਸ ਤੇ ਕਈ ਖ਼ੁਸ਼ੀ ਦੀ ਰੌਂ ਵਿੱਚ ਨੱਚਦੀਆਂ-ਟੱਪਦੀਆਂ ਤੀਵੀਆਂ ਤੇ ਆਦਮੀਆਂ ਦੀਆਂ। ਕਿਸੇ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਹੈਟ ਵਾਲਾ ਸਿਰ, ਨਿੱਕੀਆਂ-ਤਿੱਖੀਆਂ ਮੁੱਛਾਂ ਵਾਲਾ ਚਿਹਰਾ, ਕਿਸੇ ਵਿੱਚੋਂ ਲੈਨਿਨ-ਮਾਰਕਸ ਦੇ ਨੈਣ-ਨਕਸ਼ ਉੱਭਰਦੇ ਦਿਖਾਈ ਦਿੰਦੇ। ਮਨ ਹੀ ਮਨ ਮੈਂਨੂੰ ਮਹਿਸੂਸ ਹੁੰਦਾ ਕਿ ਇਹ ਛੋਟਾ ਜਿਹਾ ਕਮਰਾ ਮੇਰੇ ਇੱਥੇ ਆਉਣ ਨਾਲ ਫੱਬ ਗਿਆ ਹੈ ਜਾਂ ਇਹਦੇ ਨਾਲ ਮੈਂ ਸਜ ਗਿਆ ਹਾਂ।

ਪੰਜਾਂ-ਸੱਤਾਂ ਦਿਨਾਂ ਮਗਰੋਂ ਹੀ ਪੁੰਨਿਆਂ ਦਾ ਚੰਦ ਜਿਵੇਂ ਮੱਸਿਆ ਤੋਂ ਬਾਅਦ ਵਾਲੇ ਕਮਾਨ ਦੇ ਨਿਸ਼ਾਨ ਵਿੱਚ ਬਦਲ ਗਿਆ ਹੋਵੇ। ਖ਼ਿਆਲਾਂ ਦੇ ਖਲਾਅ ਵਿੱਚ ਉਡਦਾ ਗੁਬਾਰਾ ਫ਼ੂਕ ਨਿਕਲਣ ਕਾਰਨ ਜਿਵੇਂ ਧਰਤੀ ਉੱਤੇ ਇਕਦਮ ਆ ਡਿੱਗਿਆ ਹੋਵੇ।

ਦਰਅਸਲ, ਇੱਕ ਰਾਤ ਅਚਾਨਕ ਮੀਂਹ-ਹਨੇਰੀ ਆ ਗਏ। ਖਿੜਕੀ ਦੀ ਪਰਦਾ-ਚਾਦਰ ਤੇਜ਼ ਹਵਾ ਦੇ ਝਟਕੇ ਨਾਲ ਅੰਦਰ ਵਲ ਨੂੰ ਉਡੀ। ਟੇਬਲ-ਲੈਂਪ ਮੰਜੇ ਦੇ ਪਾਵੇ ਨਾਲ ਟਕਰਾਅ ਗਿਆ। ਮੈਂ ਉੱਬੜਵਾਹੇ ਉੱਠ ਕੇ ਕਿਤਾਬਾਂ ਨੂੰ ਮੀਂਹ ਦੇ ਭਿੱਜਣ ਤੋਂ ਬਚਾਉਣ ਲੱਗਾ। ਸੱਜੇ ਪੈਰ ਦੀ ਤਲ਼ੀ ਵਿੱਚ ਚਿਮਨੀ ਦੇ ਸ਼ੀਸ਼ੇ ਦੇ ਟੁਕੜੇ ਖੁੱਭ ਗਏ। ਕਾਨਿਆਂ ਦੀ ਛੱਤ ਅਗਲੇ ਦਿਨ ਵੀ ਟਪਕ ਰਹੀ ਸੀ ਜਿਵੇਂ ਰਾਤ ਨੂੰ ਮੇਰੇ ਪੈਰ ਵਿੱਚੋਂ ਲਹੂ। ਇਸ ਦੌਰਾਨ ਮੇਰੇ ਖ਼ਿਆਲਾਂ ਦੇ ਘੋੜੇ ਦੌੜੇ ਤੇ ਮੈਂ ਭਾਈਏ ਨੂੰ ਆਖਿਆ, “ਜੇ ਹਰੀ ਰਾਮ ਦੀ ਬੈਠਕ ਪੜ੍ਹਨ ਲਈ ਮਿਲ ਜਾਏ ਤਾਂ ...!”

ਭਾਈਏ ਦੇ ਅੱਧੇ ਬੋਲ ’ਤੇ ਹੀ ਹਰੀ ਰਾਮ ਨੇ ਬੈਠਕ ਮੇਰੇ ਹਵਾਲੇ ਕਰ ਦਿੱਤੀ। ਦੂਜੇ ਦਿਨ ਵੱਡੇ ਭਰਾ ਨੇ ਖਿੜਕੀਆਂ ਲਈ ਪਰਾਲ਼ੀ ਦੀਆਂ ਟਿੱਟੀਆਂ ਬਣਾ ਕੇ ਉਨ੍ਹਾਂ ਵਿੱਚ ਜੜ ਦਿੱਤੀਆਂ। ਮੈਂਨੂੰ ਲੱਗਿਆ ਜਿਵੇਂ ਪੱਤਝੜ ਵਿੱਚ ਰੁੱਖਾਂ ਦੇ ਪੁੰਗਾਰੇ ਕਾਹਲੀ ਨਾਲ ਫੁੱਟ ਪਏ ਹੋਣ ਤੇ ਉਨ੍ਹਾਂ ਦੀ ਛਾਂ ਸਾਡੇ ਸਾਰੇ ਵਿਹੜੇ ਵਿੱਚ ਫੈਲ ਗਈ ਹੋਵੇ।

ਇਸ ਕਮਰੇ ਨਾਲ ਮੇਰਾ ਇੰਨਾ ਭਾਵੁਕ ਮੋਹ ਤੇ ਲਗਾਅ ਹੋ ਗਿਆ ਕਿ ਗਰਮੀਆਂ ਵਿੱਚ ਚਾਹੇ ਕਣਕ ਵੱਢ ਕੇ ਮੁੜਾਂ, ਚਾਹੇ ਮੱਕੀ ਜਾਂ ਕਮਾਦ ਗੁੱਡਣ ਦੀ ਦਿਹਾੜੀ ਕਰ ਕੇ, ਇਸ ਅੰਦਰ ਗੇੜਾ ਜ਼ਰੂਰ ਮਾਰਦਾ। ਥੋੜ੍ਹਾ ਕੁ ਚਿਰ ਕੋਈ ਕਿਤਾਬ ਨਿੱਤ-ਨੇਮ ਨਾਲ ਪੜ੍ਹਦਾ। ਮੈਂਨੂੰ ਥਕੇਵਾਂ ਲੱਥਦਾ ਮਹਿਸੂਸ ਹੁੰਦਾ। ਹੌਲੀ-ਹੌਲੀ ਘਰ ਨਾਲ ਮੇਰਾ ਵਾਸਤਾ ਕੰਮਾਂ ਜਾਂ ਰੋਟੀ ਖਾਣ ਤਕ ਹੋ ਕੇ ਰਹਿ ਗਿਆ। ਵਿੱਚ-ਵਿਚਾਲੇ ਤੇ ਵੇਲੇ-ਕੁਵੇਲੇ ਭਾਈਆ ਛਾਪਾ ਮਾਰਦਾ। ਪੁੱਛਦਾ, “ਪੜ੍ਹਦਾ ਬੀ ਹੁੰਨਾ ਕਿ ਸੁੱਤਾ ਈ ਰਹਿਨਾ? ਇੱਕ ਗੱਲ ਗਹੁ ਨਾਲ ਸੁਣ ਲਾ-ਨਿਰਾ ਸ਼ੇਅਰੋ-ਸ਼ੇਅਰੀ ਨੇ ਢਿੱਡ ਨਹੀਂ ਭਰਨਾ। ਪਈਲਾਂ ਚੌਦਾਂ ਪਾਸ ਕਰ ਲਾ, ਫੇ ਜੋ ਮਰਜਿ ਇਹ ਕੁੱਤਖ਼ਾਨਾ ਲਿਖਦਾ ਰਹੀਂ।”

ਭਾਈਏ ਵਲੋਂ ਚਿਤਾਰੀ ਇਹ ਗੱਲ ਸੁਣਦਿਆਂ ਮੈਂਨੂੰ ਉਹ ਦਿਨ ਚੇਤੇ ਆਇਆ ਜਦੋਂ ਜੁੱਤੀ ਖਰੀਦਣ ਲਈ ਉਹਤੋਂ ਪੈਸੇ ਲੈ ਕੇ ਗਿਆ ਸੀ ਤੇ ਕਾਲਜ ਵਿੱਚ ਪੰਜਾਬ ਬੁੱਕ ਸੈਂਟਰ ਵਲੋਂ ਲਗਾਈ ਪੁਸਤਕ-ਪ੍ਰਦਰਸ਼ਨੀ ਵਿੱਚੋਂ ਮਾਰਕਸਵਾਦੀ-ਲੈਨਿਨਵਾਦੀ ਅਤੇ ਰੂਸੀ ਸਾਹਿਤ ਦੀਆਂ ਕਿਤਾਬਾਂ ਖਰੀਦ ਲਿਆਇਆ ਸੀ। ਅਜਿਹਾ ਸਾਹਿਤ ਪੜ੍ਹਨ ਦਾ ਮੈਂਨੂੰ ਇੰਨਾ ਭੁਸ ਪੈ ਗਿਆ ਕਿ ਕੋਈ ਬਹਾਨਾ ਮਾਰ ਕੇ ਘਰੋਂ ਜਾਂ ਦਿਹਾੜੀ ਕਰ ਕੇ ਕਿਤਾਬਾਂ ਖ਼ਰੀਦ ਲੈਂਦਾ।

ਮੈਕਸਿਮ ਗੋਰਕੀ ਦਾ ਨਾਵਲ ‘ਮਾਂ’ ਅਤੇ ਤਿੰਨ ਹਿੱਸਿਆਂ ਵਿੱਚ ਉਹਦੀ ਜੀਵਨੀ ਨੇ ਤਾਂ ਮੈਂਨੂੰ ਝੰਜੋੜ ਸੁੱਟਿਆ। ਮੈਂ ਇਨ੍ਹਾਂ ਵਿੱਚੋਂ ਚੋਣਵੀਆਂ ਗੱਲਾਂ ਆਪਣੇ ਮਾਂ-ਪਿਓ, ਤਾਈਆਂ, ਉਨ੍ਹਾਂ ਦੇ ਪੁੱਤਾਂ ਤੇ ਦੋਸਤਾਂ ਨੂੰ ਚਾਅ ਨਾਲ ਪੜ੍ਹ ਕੇ ਸੁਣਾਉਂਦਾ। ਕਈ ਵਾਰ ਗੱਚ ਭਰ ਆਉਂਦਾ ਤੇ ਕਦੇ ਹਾਲਾਤ ਨਾਲ ਜੂਝਦੇ ਮਨੁੱਖ ਦੀ ਕਾਮਯਾਬੀ ਦਾ ਸੋਚ ਮਨ ਖ਼ੁਸ਼ ਹੋ ਜਾਂਦਾ।

ਕਾਲਜ ਦੇ ਮੇਰੇ ਇਨ੍ਹਾਂ ਦਿਨਾਂ ਵਿੱਚ ਸੋਵੀਅਤ ਸੰਘ ਵਲੋਂ ਸੰਸਾਰ ਅਮਨ ਦੀ ਲਹਿਰ, ਖ਼ਾਸ ਕਰ ਕੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਬੜੇ ਉੱਦਮ ਤੇ ਉਤਸ਼ਾਹ ਨਾਲ ਖੜ੍ਹੀ ਕਰਨ ਦੇ ਉਪਰਾਲਿਆਂ, ਖੱਬੀ ਧਿਰ ਦੀਆਂ ਲੋਕ-ਪੱਖੀ ਸਰਗਰਮੀਆਂ, ਧਰਨੇ, ਮੁਜ਼ਾਹਰੇ, ਜਲਸੇ-ਜਲੂਸਾਂ ਆਦਿ ਨੂੰ ਦੇਖਦਿਆਂ ਮੇਰਾ ਝੁਕਾਅ ਕਮਿਊਨਿਸਟ ਪਾਰਟੀ ਵਲ ਹੋਇਆ। ਕਾਮਰੇਡਾਂ ਤੋਂ ਦੇਸ਼-ਬਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਭਾਸ਼ਨ-ਨੁਮਾ ਘੰਟਿਆਂ-ਬੱਧੀ ਗੱਲਾਂ ਸੁਣਦਾ। ਮੇਰੀ ਦਿਲਚਸਪੀ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਗੂੜ੍ਹੀ ਸ਼ਿੱਦਤ ਵਿੱਚ ਬਦਲਣ ਲੱਗੀ। ਸਮਾਜਵਾਦੀ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ... ਤੇ ਆਖ਼ਰ ਆਪਣੀ ਉਮਰ ਦੇ ਉੰਨ੍ਹੀਵੇਂ-ਵੀਹਵੇਂ ਵਰ੍ਹੇ (1974-75) ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਕੁਨ ਬਣ ਗਿਆ।

ਪਿੰਡ ਦੀ ਪਾਰਟੀ ਬਰਾਂਚ ਤੇ ਬਲਾਕ ਪੱਧਰ ਦੀ ਬਰਾਂਚ ਦੀਆਂ ਬਾਕਾਇਦਾ ਬੈਠਕਾਂ ਹੁੰਦੀਆਂ। ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਉੱਤੇ ਆਮ ਹੀ ਭਰਵੀਂ ਤੇ ਅਮੁੱਕ ਚਰਚਾ ਹੁੰਦੀ। ਮੈਂ ਇਨ੍ਹਾਂ ਵਿੱਚ ਹਿੱਸਾ ਲੈਂਦਾ। ਗੱਲ ਸਾਂਝੇ ਮਸਲਿਆਂ ਭਾਵ ਬੇਤਹਾਸ਼ਾ ਆਬਾਦੀ ਵਾਧੇ, ਮਹਿੰਗਾਈ, ਬੇਰੁਜ਼ਗਾਰੀ ਤੋਂ ਅਚਾਨਕ ‘ਤੁਹਾਡੇ ਬੰਦੇ', ‘ਤੁਹਾਡੀ ਬਿਰਾਦਰੀ’, ‘ਤੁਹਾਡੇ ਵਿਹੜੇ’, ‘ਆਦਿ ਧਰਮੀਆਂ’ ਆਦਿ ਸ਼ਬਦਾਂ ਉੱਤੇ ਕੇਂਦਰਤ ਹੋ ਜਾਂਦੀ। ਜਿਵੇਂ ਕੋਈ ਜਿਮੀਂਦਾਰ ਸਾਥੀ ਸਲਾਹ ਦਿੰਦਾ, “ਐਮੇਂ ਨਾ ਗੱਲ ਵਧਾਓ ... ਜਾਤ ਨੂੰ ਗੋਲੀ ਮਾਰੋ, ਜਮਾਤ ਦੀ ਗੱਲ ਕਰੋ। ਨਾਲ਼ੇ ਜਦੋਂ ਆਰਥਿਕ ਹਾਲਾਤ ਬਰਾਬਰ ਹੋ ਗਏ, ਫਿਰ ਜਾਤ ਨੂੰ ਕਿਹਨੇ ਪੁੱਛਣਾ ...!”

“... ਤੇ ਜ਼ਮੀਨ ਦੀ ਹੱਦਬੰਦੀ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ, ਸਾਡੇ ਉੱਪਰਲੇ ਸਾਥੀਆਂ ਨੂੰ ਇਹਦੇ ਬਾਬਤ ਸਰਕਾਰ ਉੱਤੇ ਦਬਾ ਵਧਾਉਣ ਲਈ ਜ਼ੋਰ ਦੇਣਾ ਚਾਹੀਦਾ ...।” ਇੱਕ ਸਰਵਹਾਰਾ ਸਾਥੀ ਨੇ ਵਿੱਚੋਂ ਟੋਕਦਿਆਂ ਆਖਿਆ।

“ਬਈ ਮੈਂ ਪਾਰਟੀ ਲਾਈਨ ਨਾਲ ਸਹਿਮਤ ਨਹੀਂ ਕਿ ਰਿਜ਼ਰਵੇਸ਼ਨ ਜਾਤ ਦੇ ਆਧਾਰ ’ਤੇ ਹੋਵੇ। ਇਹਦਾ ਆਧਾਰ ਆਰਥਕਤਾ ਹੋਣਾ ਚਾਹੀਦਾ। ਨਾਲ਼ੇ ਲਿਆਕਤ ਨਾਲ ਜੋੜੇ ਜਾਣ ਦੀ ਲੋੜ ਆ ...।” ਸਾਥੀ ਸ਼ਰਮਾ ਨੇ ਜਿਵੇਂ ਮਾਹੌਲ ਦਾ ਰੁਖ਼ ਬਦਲਦਿਆਂ ਕਿਹਾ।

“ਕਾਮਰੇਡ, ਜਿਨ੍ਹਾਂ ਸਰਵਹਾਰਾ ਲੋਕਾਂ ਦੇ ਸਹਾਰੇ ਆਪਾਂ ਇਨਕਲਾਬ ਲਿਆਉਣ ਦੇ ਦਾਈਏ ਬੰਨ੍ਹਦੇ ਆਂ. ਉਨ੍ਹਾਂ ਕੋਲ ਤਾਂ ਮਨੁੱਖੀ ਅਧਿਕਾਰ ਵੀ ਨਹੀਂ। ਸਮਾਜਕ ਤੌਰ ’ਤੇ ਅਬਰਾਬਰੀ, ਆਰਥਿਕ ਮੰਦਹਾਲੀ ਤੋਂ ਬਗੈਰ ਉਨ੍ਹਾਂ ਪੱਲੇ ਹੈ ਕੀ? ਉਨ੍ਹਾਂ ’ਚੋਂ ਕਿੰਨੇ ਕੁ ਪੜ੍ਹੇ-ਲਿਖੇ ਆ? ਕਿੰਨਿਆਂ ਕੁ ਨੂੰ ਨੌਕਰੀਆਂ ਮਿਲ ਗਈਆਂ? ਨਾਲੇ ਸਰਕਾਰ ਨੇ ਨਿਯਮ ਬਣਾਏ ਹੋਏ ਆ। ਕੋਈ ਉਮੀਦਵਾਰ ਸ਼ਰਤਾਂ ਪੂਰੀਆਂ ਕਰੇ ਤਾਂ ਹੀ ਨੌਕਰੀ ਮਿਲਦੀ ਆ! ਦੂਜੀ ਗੱਲ, ਭਲਕੇ ਉਹ ਕਹਿਣ ਪਈ ਜ਼ਮੀਨ ਸਾਨੂੰ ਦੇ ਦਿਓ ਤੇ ਨੌਕਰੀਆਂ ਤੁਸੀਂ ਲੈ ਲਓ, ਹੁਣ ਦੋਹਰਾ ਗੱਫ਼ਾ ਲੈਣਾ ਬੰਦ ਕਰੋ, ਤਾਂ ਤੁਸੀਂ ਕੀ ਕਰੋਗੇ? ਨਾਲ਼ੇ ਆਪਾਂ ਸਮਾਜ ਦੀ ਇਕਸਾਰ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਆਂ ...!” ਮੈਂ ਦਖ਼ਲ ਦਿੱਤਾ ਤੇ ਮੁੜ ਆਖਿਆ, “ਸਮਾਜਕ ਬਰਾਬਰੀ ਖਾਤਰ ਅੰਤਰ-ਜਾਤੀ ਜਾਂ ਪਿਆਰ-ਵਿਆਹਾਂ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਆ।”

“ਬਈ ਪਾਣੀ ਰਿੜਕਣ ਦਾ ਕੋਈ ਫ਼ਾਇਦਾ ਨਹੀਂ। ਜੋ ਸੰਭਵ ਨਹੀਂ, ਉਹਦੇ ’ਤੇ ਵਕਤ ਬਰਬਾਦ ਨਾ ਕਰੋ। ਜ਼ਮੀਨ ਜੱਟ ਦੀ ਜਾਨ ਆ ... ਜ਼ਮੀਨ ਦੀ ਹੱਦਬੰਦੀ ਬਾਰੇ ਸੋਚਣ ਦਾ ਕੰਮ ਸਾਡੇ ਲੀਡਰਾਂ ਦਾ, ਹਮ੍ਹਾਂ-ਤੁਮ੍ਹਾਂ ਦਾ ਨਹੀਂ।” ਇੱਕ ਹੋਰ ਜਿਮੀਂਦਾਰ ਸਾਥੀ ਬੋਲਿਆ।

“ਮੁੱਕਦੀ ਗੱਲ ਇਹ ਆ ਪਈ ਬਿਜਲੀ ਚੌਵੀ ਘੰਟੇ ਕਰਾਉਣ ਤੇ ਖਾਦਾਂ ਉੱਤੇ ਸਬਸਿਡੀ ਵਧਾਉਣ ਲਈ ਭਲਕੇ ਦੇ ਮੁਜ਼ਾਹਰੇ ਲਈ ਤੁਸੀਂ ਆਪਣੇ ਕਿੰਨੇ ਬੰਦੇ ਲਿਜਾਓਗੇ!” ਸਾਡਾ ਆਗੂ ਗੱਲ ਸਮੇਟਦਾ।

ਇਉਂ, ਪਾਰਟੀ ਸਰਗਰਮੀਆਂ ਵਿੱਚ ਮੇਰੇ ਬੇਝਿਜਕ ਹੋ ਕੇ ਹਿੱਸਾ ਲੈਣ ਦੇ ਸਿੱਟੇ ਵਜੋਂ ਛੇ ਮਹੀਨਿਆਂ ਦੇ ਅੰਦਰ ਹੀ ਸਮਾਜਕ ਵਿਵਸਥਾ ਦੀ ਨੰਗੀ ਅਸਲੀਅਤ ਉਦੋਂ ਸਾਹਮਣੇ ਆ ਗਈ ਜਦੋਂ ਮੇਰੇ ਪਿੰਡ ਦੇ ਇੱਕ ‘ਪੁਰਾਣੇ ਤੇ ‘ਧਾਕੜ’ ਕਾਮਰੇਡ ਦੇ ‘ਅੰਦਰਲਾ’ ਜਾਗ ਪਿਆ ਤੇ ਉਹ ਪਾਰਟੀ ਛੱਡ ਗਿਆ। ਅੰਮ੍ਰਿਤ ਛਕ ਕੇ ਗਾਤਰਾ ਕਮੀਜ਼ ਦੇ ਉੱਤੋਂ ਦੀ ਰੱਖਣ ਲੱਗ ਪਿਆ।

ਪਾਰਟੀ ਫ਼ਰਮਾਨਾਂ ਮੁਤਾਬਿਕ ਮੈਂ ‘ਆਪਣੇ ਵਿਹੜੇ’ ਦੇ ਵੱਧ ਤੋਂ ਵੱਧ ਬੰਦੇ ਲਿਜਾਣ ਲਈ ਕੋਸ਼ਿਸ਼ ਕਰਦਾ। ਪਰ ਜਦੋਂ ਸੋਵੀਅਤ ਸਾਹਿਤ ਜਿਸਦੇ ਲੇਖਕਾਂ ਵਿੱਚ ਦੋਸਤੋਵਸਕੀ, ਗਗੋਲ, ਸ਼ੋਲੋਖੋਵ, ਚੈਖੋਵ, ਅਕਸਦ ਮੁਖ਼ਤਾਰ, ਚੰਗੇਜ਼ ਆਇਤਮਾਤੋਵ ਸ਼ਾਮਿਲ ਹਨ, ਦੇ ਪਾਤਰਾਂ, ਅਸਲ ਵਿੱਚ ਬਾਲਸ਼ਵਿਕਾਂ (ਬਹੁਜਨਾਂ) ਵਲੋਂ ਸੋਵੀਅਤ ਲੋਕਾਂ ਦੀ ਇਕਸਾਰ ਤਰੱਕੀ, ਦੇਸ਼ ਦੀ ਪ੍ਰਗਤੀ ਲਈ ਦਿਨ-ਰਾਤ ਇੱਕ ਕਰਨ ਦੇ ਇਮਾਨਦਾਰ ਤੇ ਦ੍ਰਿੜ੍ਹ ਇਰਾਦੇ ਦੀ ਮੇਰੇ ਮਨ ਵਿੱਚ ਭਾਰਤ ਦੇ ਭੂਮੀਹੀਣ ਮਜ਼ਦੂਰਾਂ, ਧਰਮ ਦੀ ਆੜ ਹੇਠ ਸਮਾਜਿਕ-ਆਰਥਿਕ ਤੇ ਸਮਾਜਿਕ ਸਮਾਨਤਾ ਤੋਂ ਵੰਚਿਤ ਕੀਤੀਆਂ ਜਾਤੀਆਂ ਦੀ ਤੁਲਨਾ ਅਕਸਰ ਹੁੰਦੀ ਤਾਂ ਸੋਚਾਂ ਵਿੱਚ ਖ਼ਲਬਲੀ ਮਚਦੀ। ਸੋਚਦਾ, ਸੋਵੀਅਤ ਸਮਾਜਾਂ ਵਿੱਚ ਕਿਰਤ ਦੀ ਵਡੱਤਣ, ਸਮੂਹ ਸਮਾਜ ਲਈ ਸਹਿਕਾਰਤਾ, ਸਿਹਤ, ਸਿੱਖਿਆ ਲਈ ਸਰਕਾਰੀ ਉਪਰਾਲੇ ਤੇ ਇੱਥੇ ਮਿਹਨਤ-ਮਜ਼ਦੂਰੀ ਤੇ ਗੰਦ-ਮੰਦ ਦੀ ਸਫ਼ਾਈ ਬਦਲੇ ਗੰਦੇ-ਮੰਦੇ ਨਫ਼ਰਤ ਭਰੇ ਬੋਲ, ਜਾਤ ਦੇ ਮਿਹਣੇ, ਧੌਲ਼-ਧੱਫ਼ਾ ਤੇ ਇਸ ਸਭ ਕਾਸੇ ਦੇ ਨਤੀਜੇ ਵਜੋਂ ਕੰਮੀਆਂ ਨੂੰ ਮਨੁੱਖ ਹੀ ਨਾ ਸਮਝਣ ਦੀ ਬੇਈਮਾਨੀ ਨੂੰ ਕਾਇਮ ਰੱਖਣ ਦੀਆਂ ਸਾਜ਼ਿਸ਼ਾਂ ਤੋਂ ਇਲਾਵਾ ਹੈ ਕੀ?

ਇਨ੍ਹਾਂ ਵਿਚਾਰਾਂ ਨੇ ਮੇਰੀਆਂ ਕਵਿਤਾਵਾਂ ਦੇ ਸਰੋਕਾਰ ਨੂੰ ਹੋਰ ਪ੍ਰਚੰਡ ਕਰ ਦਿੱਤਾ। ਕਿਰਤੀ-ਕਾਮੇ, ਜਾਤ-ਵੰਡ, ਅਧਿਕਾਰ ਰਹਿਤ ਲੋਕ ਇਨ੍ਹਾਂ ਵਿੱਚ ਵਧੇਰੇ ਥਾਂ ਮੱਲਦੇ ਗਏ। ਸਮਾਜਿਕ ਵਿਵਸਥਾ ਦੇ ਰੋਹ-ਵਿਦਰੋਹ ਵਜੋਂ ਮੈਂ ਆਪਣਾ ਨਾਂ ਪਹਿਲਾਂ ਹੀ ਆਪੇ ਬਦਲ ਕੇ ਬਲਬੀਰ ਮਾਧੋਪੁਰੀ ਰੱਖ ਲਿਆ ਸੀ। ਫਿਰ ਵੀ, ਸਾਹਿਤ ਤੇ ਸਿਆਸਤ ਵਲ ਮੇਰਾ ਝੁਕਾਅ ਵੱਡੇ ਛੜੱਪੇ ਮਾਰ ਕੇ ਵਧਣ ਲੱਗਾ। ਬਠਿੰਡਾ ਪਾਰਟੀ ਕਾਂਗਰਸ, ਦਿੱਲੀ, ਚੰਡੀਗੜ੍ਹ, ਪਟਿਆਲਾ, ਜਲੰਧਰ ਦੇ ਜਲਸੇ-ਜਲੂਸਾਂ ਵਿੱਚ ਸਾਥੀਆਂ ਨਾਲ ਜਾਣਾ, ਹਮਦਰਦਾਂ ਨੂੰ ਭਰਵੀਂ ਗਿਣਤੀ ਵਿੱਚ ਲਿਜਾਣਾ, ਮਨ ਨੂੰ ਸਕੂਨ ਦਿੰਦਾ। ਲੋਕਾਂ ਦਾ ਹੜ੍ਹ, ਹੱਥਾਂ ਵਿੱਚ ਲਾਲ ਝੰਡੇ ਦੇਖ ਹੌਸਲਾ ਤੇ ਪਰੇਰਨਾ ਮਿਲਦੇ। ਅਸੀਂ ਇਨ੍ਹਾਂ ਜਲਸੇ-ਜਲੂਸਾਂ ਵਿੱਚ ਜੋਸ਼ ਨਾਲ ਨਾਅਰੇ ਲਾਉਂਦੇ:

“ਇੰਦਰਾ ਗਾਂਧੀ ਦਾ ਦੇਖੋ ਖੇਲ੍ਹ’ - ਇੱਕ ਜਣਾ ਬੋਲਦਾ।

‘ਖਾ ਗਈ ਬਿਜਲੀ, ਪੀ ਗਈ ਤੇਲ’ - ਬਾਕੀ ਅੱਗੋਂ ਬੋਲ ਚੁੱਕਦੇ।

‘ਜਿੱਥੇ ਖ਼ੂਨ ਮਜ਼ਦੂਰ ਦਾ ਡੁੱਲ੍ਹੂ’ - ਇੱਕ ਸਾਥੀ ਨਾਅਰਾ ਮਾਰਦਾ।

‘ਉੱਥੇ ਲਾਲ ਹਨ੍ਹੇਰੀ ਝੁੱਲੂ’ - ਸਾਰੇ ਸਾਥੀ ਜਵਾਬ ਵਿੱਚ ਬੋਲਦੇ।

ਕਾਂਗਰਸ ਤੇ ਅਕਾਲੀਆਂ ਵਿਰੁੱਧ ਅਸੀਂ ਹੇਠਲੇ ਕਾਰਕੁਨ ਤਿੱਖੀ ਸੁਰ ਵਿੱਚ ਗੱਲ ਕਰਦੇ। ਅਕਾਲੀਆਂ ਨੂੰ ‘ਫ਼ਿਰਕੂ’ ਤੇ ਕਾਂਗਰਸ ਨੂੰ ‘ਸਰਮਾਏਦਾਰਾਂ’ ਦੀ ਪਾਰਟੀ ਕਹਿ ਕੇ ਲੰਮੀਆਂ ਟਿੱਪਣੀਆਂ ਕਰਦੇ। ਕਈ ਲੋਕ ਸਾਨੂੰ ‘ਸਿਰ ਫਿਰੇ ਨਾਸਤਿਕ’ ਕਹਿੰਦੇ। ਤਣਾਅ ਵਧਦਾ ਤੇ ਮਨ-ਮੁਟਾਵਾ ਵੀ ਹੋ ਜਾਂਦਾ। ਗੱਲ ਕੀ, ਅਸੀਂ ਪਾਰਟੀ ਲਾਈਨ ਉੱਤੇ ਠੋਕ ਕੇ ਪਹਿਰਾ ਦਿੰਦੇ। ਸਰਬ ਭਾਰਤ ਨੌਜਵਾਨ ਸਭਾ ਵਲੋਂ ਬੰਤ ਬਰਾੜ ਤੇ ਤਾਰਾ ਸਿੰਘ ਸੰਧੂ ਜਲੰਧਰ, ਭੋਗਪੁਰ ਤੇ ਤਹਿਸੀਲ ਪੱਧਰ ਉੱਤੇ ਸਾਡੀ ਸਕੂਲਿੰਗ ਕਰਦੇ।

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਐਮਰਜੰਸੀ, ਬੈਂਕਾਂ ਦੇ ਰਾਸ਼ਟਰੀਕਰਣ, ਰਾਜਿਆਂ-ਮਹਾਰਾਜਿਆਂ ਦੇ ਭੱਤਿਆਂ ਉੱਤੇ ਪਾਬੰਦੀ, ਜ਼ਮੀਨ ਦੀ ਹੱਦਬੰਦੀ ਬਾਰੇ ਕਾਨੂੰਨ, ਸੋਵੀਅਤ ਯੂਨੀਅਨ ਨਾਲ ਹੋਰ ਗੂੜ੍ਹੇ ਰਿਸ਼ਤੇ, ਗੁੱਟ-ਨਿਰਲੇਪ ਦੇਸ਼ਾਂ ਦੀ ਜਥੇਬੰਦੀ ਰਾਹੀਂ ਸੰਸਾਰ ਅਮਨ ਦੀ ਸਲਾਮਤੀ ਵਾਸਤੇ ਭਾਰਤ ਦੀ ਮੋਹਰੀ ਭੂਮਿਕਾ ਜਿਹੇ ਸਮਾਜਵਾਦੀ ਕਾਰਜਾਂ ਸਦਕੇ ਕਾਂਗਰਸ ਨੂੰ ਭਰਵੇਂ ਸਹਿਯੋਗ ਤੇ ਸਮਰਥਨ ਨਾਲ ਪਾਰਟੀ ਅੰਦਰ ਕੁਝ ਮੱਤਭੇਦ ਉੱਭਰੇ। ਪਾਰਟੀ ਵਿੱਚ ‘ਜਮਹੂਰੀਅਤ’ ਕਾਰਨ ਆਲੋਚਨਾ ਹੋਈ ਤੇ ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਤੁਰੀ। ਪਰ ਮੈਂ ਆਪਣੀ ਧੁਨ ਵਿੱਚ ਪੂੰਜੀਵਾਦੀ ਮੁਲਕਾਂ ਦੇ ਸਰਦਾਰ ਅਮਰੀਕਾ ਖ਼ਿਲਾਫ਼ ਕਵਿਤਾਵਾਂ ਲਿਖ ਕੇ ਆਪਣੀ ਭੜਾਸ ਕੱਢਦਾ। ਜਿਵੇਂ:

ਮੈਂ ਜ਼ਿੰਦਗੀ ਦੇ ਫ਼ਿਕਰਾਂ ਨਾਲ ਲੈਸ ਹਾਂ ਇੰਜ,
ਡੀਗੋਗਾਰਸ਼ੀਆ ਜਿਵੇਂ ਹਥਿਆਰਾਂ ਨਾਲ।

**

ਮੇਰਾ ਤਨ ਮਨ ਉਸ ਕੋਲ ਹੈ ਇਸ ਤਰ੍ਹਾਂ,
ਅਮਰੀਕਾ ਕੋਲ ਜਿਵੇਂ ਗਿਰਵੀ ਪਾਕਿਸਤਾਨ।

ਅਜਿਹੀਆਂ ਕਵਿਤਾਵਾਂ ‘ਨਵਾਂ ਜ਼ਮਾਨਾ’ ਤੇ ਹੋਰ ਅਖ਼ਬਾਰਾਂ ਵਿੱਚ ਛਪਦੀਆਂ। ਰੂਸੀ ਸਾਹਿਤ ਵਿੱਚੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਵੀ ਕਦੀ-ਕਦਾਈਂ ਛਪ ਜਾਂਦਾ। ਆਈ. ਸੇਰੇਬਰੀਆਕੋਵ ਦੀ ਪੁਸਤਕ ‘ਪੰਜਾਬੀ ਸਾਹਿਤ’ ਅਤੇ ‘ਗੁਰੂ ਨਾਨਕ’ ਲੇਖ ਸੰਗ੍ਰਹਿ (ਮਾਸਕੋ ਪ੍ਰਗਤੀ ਪ੍ਰਕਾਸ਼ਨ) ਨੇ ਮੇਰੇ ਦ੍ਰਿਸ਼ਟੀਕੋਣ ਨੂੰ ਨਿਖਾਰਨ ਵਿੱਚ ਪਾਇਦਾਰ ਮਦਦ ਕੀਤੀ।

ਮੇਰੀਆਂ ਸਾਹਿਤਕ ਸਰਗਰਮੀਆਂ ਨੂੰ ਹੁਲਾਰਾ ਮਿਲਿਆ ਜਦੋਂ ਭਾਈਏ ਵਲੋਂ ਮੇਰੀ ਅਗਲੇਰੀ ਪੜ੍ਹਾਈ ਬਾਰੇ ਹੱਥ ਖੜ੍ਹੇ ਕਰਨ ਦੇ ਬਾਵਜੂਦ ਮੈਂ ਕਹਿ-ਕਹਾ ਕੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਐੱਮ.ਏ. ਵਿੱਚ ਦਾਖ਼ਲਾ ਲੈ ਲਿਆ। ਇਸ ਪਿੱਛੇ ਮੇਰੀ ਦਲੀਲ ਸੀ ਕਿ ਬਖਸ਼ੀ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਦਿੱਲੀ ਪੁਲਿਸ ਵਿੱਚ ਹੈ ਤੇ ਅਸੀਂ ਸਾਰੇ ਆਪੋ-ਆਪਣੇ ਥਾਂ ਕੰਮ ਕਰਦੇ ਹਾਂ। ਖ਼ੈਰ, ਕਾਲਜ ਦਾ ਮਾਹੌਲ ਅਤਿਅੰਤ ਸਾਜ਼ਗਾਰ, ਅਧਿਆਪਕ ਪ੍ਰਗਤੀਵਾਦੀ ਵਿਚਾਰਾਂ ਦੇ ਧਾਰਨੀ ਤੇ ਮਿਲਾਪੜੇ ਜਿਵੇਂ ਟਾਂਡਾ ਕਾਲਜ ਵਿੱਚ ਪ੍ਰੋ. ਦੀਦਾਰ ਸਿੰਘ (1954 ਵਿੱਚ ਲਿਖੀ ‘ਲੂਣਾ’ ਦੇ ਕਵੀ ਤੇ ਕਾਵਿ ਨਾਟਕਕਾਰ) ਵਿਦਿਆਰਥੀਆਂ ਅੰਦਰ ਸਾਹਿਤਕ ਤੇ ਸਭਿਆਚਾਰਕ ਚੇਟਕ ਨੂੰ ਕਾਇਮ ਰੱਖਣ ਦਾ ਉਪਰਾਲਾ ਕਰਦੇ ਸਨ। ਮੈਂਨੂੰ, ਮਿਸਰਦੀਪ ਭਾਟੀਆ ਤੇ ਹੋਰਾਂ ਨੂੰ ਕਵਿਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦੂਜੇ ਕਾਲਜਾਂ ਵਿੱਚ ਭੇਜਦੇ ਸਨ। ਖ਼ਾਲਸਾ ਕਾਲਜ ਪੜ੍ਹਦਿਆਂ ਮੇਰੀ ਜ਼ਿੰਦਗੀ ਦਾ ਉਹ ਇਤਿਹਾਸਕ ਦਿਨ ਹੋ ਨਿੱਬੜਿਆ ਜਿਸ ਦਿਨ ਓਪਨ ਏਅਰ ਥੀਏਟਰ ਵਿੱਚ ਹੋਏ ਕਵੀ ਦਰਬਾਰ ਵਿੱਚ ਪਾਸ਼, ਸੰਤ ਰਾਮ ਉਦਾਸੀ ਤੇ ਹੋਰ ਜੁਝਾਰੂ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਤੇ ਵਿਭਾਗ ਵਲੋਂ ਮੈਂ ਇਸ ਵਿੱਚ ਸ਼ਾਮਿਲ ਹੋਇਆ ਸੀ।

ਦੂਜਾ, ਜਲੰਧਰ ਸਾਹਿਤ ਤੇ ਸਿਆਸਤ ਦਾ ਗੜ੍ਹ - ਮੇਰੇ ਪੂਰੀ ਤਰ੍ਹਾਂ ਰਾਸ। ਵਜ੍ਹਾ, ਪੰਜਾਬੀ, ਹਿੰਦੀ, ਉਰਦੂ ਵਿੱਚ ਛਪਦੇ ਅਖ਼ਬਾਰ-ਰਸਾਲੇ, ਰੇਡੀਓ ਸਟੇਸ਼ਨ ਤੇ ਦੂਰਦਰਸ਼ਨ ਕੇਂਦਰ ਦੀ ਹੋਂਦ। ਰੂਸੀ ਲੇਖਕਾਂ ਤੇ ਸਿਆਸਤਦਾਨਾਂ ਦੇ ਵਫ਼ਦਾਂ ਦੀ ਆਮਦ। ਕਾਮਰੇਡ ਜਗਜੀਤ ਸਿੰਘ ਆਨੰਦ ਵਲੋਂ ਉਨ੍ਹਾਂ ਦੇ ਵਿਚਾਰਾਂ ਦਾ ਪੰਜਾਬੀ ਵਿੱਚ ਤਰਜਮਾ ਤੇ ਜੋਸ਼ ਵਿੱਚ ਲੋਕਾਂ ਦੀਆਂ ਲੰਮੀਆਂ ਤਾੜੀਆਂ। ਇਹ ਦੇਖਦਿਆਂ-ਸੁਣਦਿਆਂ ਮਨ ਇਨਕਲਾਬ ਖ਼ਾਤਰ ਸਿਰ ਤਲ਼ੀ ’ਤੇ ਧਰਨ ਨੂੰ ਕਰਦਾ।

ਸਰਦੀਆਂ ਦੇ ਇੱਕ ਨਿੱਖਰੇ ਦਿਨ ਦੀਆਂ ਤ੍ਰਕਾਲਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਹਰੇ-ਭਰੇ ਲਾਅਨ ਵਿੱਚ ਸ਼੍ਰੀ ਇੰਦਰ ਕੁਮਾਰ ਗੁਜਰਾਲ ਸੋਵੀਅਤ ਸੰਘ ਵਿੱਚ ਭਾਰਤ ਦੇ ਰਾਜਦੂਤ ਨੂੰ ਲੋਕਾਂ ਨੇ ਘੰਟਿਆਂ ਬੱਧੀ ਉਡੀਕਿਆ। ਮੌਸਮ ਦੀ ਖ਼ਰਾਬੀ, ਜਹਾਜ਼ ਤਾਸ਼ਕੰਦ ਤੋਂ ਅੰਮ੍ਰਿਤਸਰ ਪਹੁੰਚਣ ਵਿੱਚ ਦੇਰੀ ਦੱਸੀ ਗਈ। ਲੈਨਿਨ-ਕੱਟ ਦਾਹੜੀ ਵਾਲੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਸੋਵੀਅਤ ਸੰਘ ਬਾਰੇ ਗੱਲਾਂ ਸੁਣਦਿਆਂ ਹੈਰਾਨੀ ਹੁੰਦੀ। ਮਜ਼ਦੂਰਾਂ ਦੀ ਤਾਨਾਸ਼ਾਹੀ ਤਹਿਤ ਜਮਹੂਰੀਅਤ। ਵਫ਼ਦ ਵਿੱਚ ਆਏ ਰੂਸੀ ਲੇਖਕਾਂ, ਚਿੰਤਕਾਂ ਦੇ ਖ਼ਿਆਲ ਮਨ ਨੂੰ ਟੁੰਬਦੇ। ਅਜਿਹਾ ਸਿਲਸਿਲਾ ਲਗਾਤਾਰ ਚਲਦਾ।

ਸੋਚਾਂ ਆਉਂਦੀਆਂ, ਸੋਵੀਅਤ ਸੰਘ ਵਰਗਾ ਰਾਜਸੀ, ਸਰਕਾਰੀ ਪ੍ਰਬੰਧ ਸਾਡੇ ਦੇਸ਼ ਵਿੱਚ ਛੇਤੀ ਤੋਂ ਛੇਤੀ ਹੋ ਜਾਵੇ। ਆਰਥਿਕ ਬਰਾਬਰੀ ਕਿਸੇ ਜਾਦੂ ਵਾਂਗ ਆ ਜਾਵੇ ਤੇ ਜਾਤ ਦੇ ਧੱਬੇ ਸਮਾਜ ਦੇ ਰੂਪ-ਸਰੂਪ ਤੋਂ ਹਮੇਸ਼ਾ ਲਈ ਲੱਥ ਜਾਣ। ਸਾਰੇ ਲੋਕ ਹੱਥੀਂ ਕੰਮ ਕਰਨ, ਨਾ ਕੋਈ ਕਿਸੇ ਦਾ ਹੱਕ ਮਾਰੇ ਤੇ ਨਾ ਹੀ ਕੋਈ ਕੰਮੀਆਂ-ਕਿਰਤੀਆਂ, ਨਿਮਨ ਤੇ ਅਛੂਤਾਂ ਉੱਤੇ ਦਬਦਬਾ ਜਾਂ ਧੌਂਸ ਜਮਾ ਕੇ ਰੱਖੇ। ਸਾਡੇ ਵਿਹੜੇ ਆ ਕੇ ਬੱਕਰੇ ਬੁਲਾਉਂਦੇ ਜ਼ਿਮੀਂਦਾਰਾਂ ਦੀ ਸੋਚ ਤੇ ਵਿਹਾਰ ਵਿੱਚ ਤਬਦੀਲੀ ਤੁਰਤ ਆ ਜਾਵੇ। ‘ਘੜੇ ਦੀ ਮੱਛੀ’, ‘ਦਾਲ ਬਰੋਬਰ ਮੁਰਗੀ’ ਤੇ ‘ਚਮਾਰੀ, ਜਿੱਥੇ ਦੇਖੀ ਉੱਥੇ ...’ ਵਰਗੀਆਂ ਹੋਛੀਆਂ ਸਮਾਜਿਕ ਧਾਰਨਾਵਾਂ ਤੋਂ ਪਿੱਛਾ ਛੁੱਟ ਜਾਵੇ ਤੇ ਗਰੀਬਾਂ-ਕੰਮੀਆਂ ਦਾ ਆਦਰ-ਸਤਿਕਾਰ ਵਧੇ।

ਮੇਰੀਆਂ ਸਾਹਿਤਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ 1978 ਵਿੱਚ ਮੈਂ ਭਾਰਤੀ ਖ਼ੁਰਾਕ ਨਿਗਮ (ਐੱਫ.ਸੀ.ਆਈ.) ਵਿੱਚ ਭਰਤੀ ਹੋ ਗਿਆ ਤੇ ਅਗਲੇ ਸਾਲ ਇਸਦੀ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ, ਉਹ ਵੀ ਬਹੁਤ ਸਾਰੀਆਂ ਵੋਟਾਂ ਦੇ ਫ਼ਰਕ ਨਾਲ। ਇਸ ਪਿੱਛੇ ਮੁਲਾਜ਼ਮਾਂ ਦੀ ਯੂਨੀਅਨ ਵਿੱਚ ਪਾਰਟੀ ਦੇ ਕਾਰਕੁਨਾਂ ਤੇ ਹਮਦਰਦਾਂ ਦਾ ਹੋਣਾ ਸਪਸ਼ਟ ਦਿਖਾਈ ਦਿੰਦਾ ਸੀ। ਮੈਂਨੂੰ ਆਪਣੀ ਲਿਆਕਤ ਬਾਰੇ ਕੋਈ ਭੁਲੇਖਾ ਹੈ ਹੀ ਨਹੀਂ ਸੀ।

ਭੁਲੱਥ (ਜ਼ਿਲ੍ਹਾ ਕਪੂਰਥਲਾ) ਵਿਖੇ ਇਸ ਜਨਤਕ ਅਦਾਰੇ ਵਿੱਚ ਬੇਸ਼ੁਮਾਰ ਤਲਖ਼ ਤਜਰਬੇ ਹੋਏ। ਕਣਕ, ਚੌਲਾਂ ਤੇ ਝੋਨੇ ਦੇ ਭਰੇ ਟਰੱਕ ਆਉਂਦੇ। ਗੁਦਾਮਾਂ ਅੰਦਰ ਲਹਿੰਦੇ ਤੇ ਫਿਰ ਇੱਥੋਂ ਜਾਂਦੇ। ਅਨਾਜ ਦੇ ਵੱਡੇ-ਉੱਚੇ ਚੱਕਿਆਂ ਨੂੰ ਸਕਿੰਟਾਂ ਵਿੱਚ ਹੇਠਾਂ ਸੁੱਟ ਲਿਆ ਜਾਂਦਾ ਤੇ ਫਿਰ ਬੋਰੀਆਂ ‘ਬਣਾਈਆਂ’ ਜਾਂਦੀਆਂ। ਮੈਂਨੂੰ ਅਕਸਰ ਆਖਿਆ ਜਾਂਦਾ, “ਕਾਮਰੇਡ ਐਸ਼ ਕਰ ਤੂੰ, ਪੜ੍ਹ-ਲਿਖ ਲਾ, ਕੰਮ ਚੱਲੀ ਜਾਂਦਾ!”

‘ਬਣਾਈਆਂ ਹੋਈਆਂ’ ਬੋਰੀਆਂ ਸ਼ਾਮ ਨੂੰ ਜੇਬਾਂ ਵਿੱਚ ਪੈ ਜਾਂਦੀਆਂ। ਗੱਲਾਂ ਤੁਰਦੀਆਂ-ਤੁਰਦੀਆਂ ਮੇਰੇ ਤਕ ਪਹੁੰਚਦੀਆਂ, “ਕਾਮਰੇਡ ਨੂੰ ਕਿਸੇ ਤਰ੍ਹਾਂ ਕਾਣਾ ਕਰੋ, ਪੈਸੇ ਨਹੀਂ ਲੈਂਦਾ ਹੈਗਾ, ਸ਼ਰਾਬ ਨਹੀਂ ਪੀਂਦਾ ਹੈਗਾ, ਹੋਰ ਨਹੀਂ ਤਾਂ ਕਿਸੇ ਬਾਜ਼ੀਗਰਨੀ ਨੂੰ ਮਗਰ ਪਾ ਦਿਓ!”

ਡੂੰਘੀ ਸ਼ਾਮ ਨੂੰ ਥਕੇਵਾਂ ਲਾਹੁਣ ਲਈ ‘ਮਹਿਫ਼ਿਲ’ ਜੁੜਦੀ। ਲਤੀਫ਼ੇਬਾਜ਼ੀ ਹੁੰਦੀ ਜਿਸਦਾ ਕੇਂਦਰ-ਬਿੰਦੂ ਔਰਤ ਹੁੰਦੀ। ਕਈ ਉਨ੍ਹਾਂ ਔਰਤਾਂ ਦਾ ਜ਼ਿਕਰ ਹੁੰਦਾ ਜੋ ਗੁਦਾਮ ਅੰਦਰ ਕੰਮ ਕਰਨ ਆਉਂਦੀਆਂ।

ਮੇਰੇ ਦਿਲ ’ਤੇ ਛੁਰੀ ਫਿਰਦੀ ਜਿਵੇਂ ਕਣਕ ਜਾਂ ਚੌਲਾਂ ਦਾ ਚੱਕਾ ਸੁੱਟਣ ਲਈ ਫੇਰੀ ਜਾਂਦੀ। ਮਨ ਵਿੱਚ ਉਨ੍ਹਾਂ ਔਰਤਾਂ ਦਾ ਸ਼ੌਕ ਤੇ ਮਜਬੂਰੀ ਆਪਸ ਵਿੱਚ ਵਾਰ-ਵਾਰ ਬਦਲਦੇ। ਨਤੀਜੇ ਵਜੋਂ, ਗੁਦਾਮ ਅੰਦਰ ਕੰਮ ਕਰਨ ਆਉਂਦੀਆਂ ਔਰਤਾਂ ਨੂੰ ਮੈਂ ਸਮਝਾਉਂਦਾ ਕਿ ਇੱਜ਼ਤ ਨਾਲ ਰਹਿੰਦਿਆਂ ਕਿਵੇਂ ਰਹਿਣਾ-ਬਹਿਣਾ ਹੈ।

“ਸਮਝਾ ’ਤਾ? ਆਪਣੀਆਂ ਮਾਵਾਂ-ਭੈਣਾਂ ਨੂੰ!” ਇੱਕ ਦਿਨ ਚੱਕੇ ਉਹਲਿਓਂ ਅਚਾਨਕ ਨਿਕਲੇ ਮੁਲਾਜ਼ਮ ਸਾਥੀ ਨੇ ਮੈਂਨੂੰ ਟਿੱਚਰ ਕਰਦਿਆਂ ਕਿਹਾ।

“ਹਾਂ, ਹਾਲਾਤ ਦਾ ਨਜਾਇਜ਼ ਫ਼ਾਇਦਾ ਉਠਾਉਣ ਵਾਲਿਆਂ ਦੇ ਖ਼ਿਲਾਫ਼ ਕੁਝ ਕਰਨਾ ਹੀ ਪਊਗਾ ...।”

“ਨਾ ਗੱਲ ਬਣੇ ਤਾਂ ਮਾਂ-ਭੈਣ ਬਣਾ ਲਓ, ਬੱਲੇ ਓ ਧੁਆਡੇ ਵੱਡੇ ਕਾਮਰੇਡੋ! ਧੁਆਡੀ ਯੂਨੀਅਨ ਦਾ ਜਿਹੜਾ ਬੜਾ ਲੀਡਰ ਬਣਿਆ ਫਿਰਦਾ, ਉਹਦੀਆਂ ਕਰਤੂਤਾਂ ਕਿਹਤੋਂ ਗੁੱਝੀਆਂ? ਢਕੀਆਂ ਰਹਿਣ ਦੇ, ਮੈਂਨੂੰ ਅੱਖਾਂ ਲਾਲ ਕਰ ਕੇ ਦਿਖਾਉਣ ਦੀ ਲੋੜ ਨਹੀਂ।” ਉਹਨੇ ਮੂੰਹ ਉੱਤੇ ਰੁਮਾਲ ਫੇਰਨ ਤੇ ਦਾਹੜੀ ਨੂੰ ਸੁਆਰਨ ਪਿੱਛੋਂ ਫਿਰ ਕਿਹਾ, “ਤੂੰ ਅਜੇ ਨਮਾਂ-ਨਮਾਂ, ਹੋਰ ਦੋ ਸਾਲਾਂ ਨੂੰ ਤੂੰ ਆਪੇ ਈ ਇਸ ਲੀਹੇ ਤੁਰ ਪੈਣਾ!”

ਆਪਣੇ ਯੂਨੀਅਨ ਪ੍ਰਧਾਨ ਬਾਰੇ ਸੁਣ ਕੇ ਮੇਰੀ ਜ਼ਬਾਨ ਨੂੰ ਤਾਲਾ ਲੱਗ ਗਿਆ ਜਿਵੇਂ ਗੁਦਾਮ ਦਾ ਸ਼ਟਰ ਇੱਕ ਫ਼ੁਰਤੀਲੇ ਝਟਕੇ ਨਾਲ ਬੰਦ ਕਰ ਦਿੱਤਾ ਗਿਆ ਸੀ। ਮੈਂ ਦੰਦ ਪੀਹ ਕੇ ਤੇ ਕੱਚਾ ਜਿਹਾ ਹੋ ਕੇ ਰਹਿ ਗਿਆ।

‘ਮਹਿਫ਼ਿਲ’ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਜਦੋਂ ‘ਅੰਦਰ ਗਈ’ ਆਪਣਾ ਜਲਵਾ ਦਿਖਾਉਂਦੀ। ਦਿਨ ਵੇਲੇ ਦੇ ਚੰਗੇ-ਭਲੇ ਬੰਦਿਆਂ ਵਿੱਚ ਸ਼ਾਮ ਨੂੰ ਜਿਵੇਂ ਉਨ੍ਹਾਂ ਅੰਦਰ ਕੋਈ ਹੋਰ ਬੋਲਣ ਲੱਗ ਪੈਂਦਾ, “ਜੱਟ ਦੇ ਹੱਥ ਨਹੀਂ ਲੱਗੇ ਹਾਲੇ, ‘ਜੱਟ ਟੁੱਟ ਸਕਦਾ, ਲਿਫ਼ ਨਹੀਂ ਸਕਦਾ', ਜੱਟ ਨਾਲ ਪੰਗਾ ਲਿਆ ਤਾਂ ਮਹਿੰਗਾ ਪਊ’, ‘ਜੱਟ ਧੁਆਡੇ ਵਰਗੀ ਲੁੰਡੀ-ਬੁੱਚੀ ਨੂੰ ਟਿੱਚ ਸਮਝਦਾ ਹੈਗਾ’, ‘ਇੱਥੇ ਤਾਂ ਐਸ਼ ਕਰਨ ਆਈਦਾ, ਪੱਚੀ ਘੁਮਾਂ ਪੈਲ਼ੀ ਆ ਜੱਟ ਦੀ।’

ਇਉਂ ਦੀਆਂ ਨਿੱਤ ਦੀਆਂ ਯੱਭਲ਼ੀਆਂ ਤੋਂ ਤੰਗ-ਪਰੇਸ਼ਾਨ ਹੋ ਕੇ ਇੱਕ ਦਿਨ ਮੈਂ ਕਿਹਾ, “... ਸਾਹਬ, ਜੇ ਇਨ੍ਹਾਂ ਸ਼ਬਦਾਂ ਦੀ ਵਾਰ-ਵਾਰ ਰਟ ਨਾ ਲਾਓ ਤਾਂ ਚੰਗਾ, ਨਾਲ਼ੇ ਇੰਨੇ ਪੜ੍ਹੇ-ਲਿਖੇ ਹੋ ...।”

“ਕਾਮਰੇਡ ਤੇਰੀ ਗੱਲ ਠੀਕ ਹੈਗੀ, ਪਰ ਜੱਟ ਸ਼ਬਦ ਮੂੰਹ ਚੜ੍ਹਿਆ ਹੈਗਾ। ਨਾਲ਼ੇ ਸੁਭਾਅ ਈ ਬਣ ਗਿਆ ਹੋਇਆ ਹੈਗਾ!” ... ਸਾਹਿਬ ਨੇ ਵਿੱਚੋਂ ਟੋਕਦਿਆਂ ਆਖਿਆ।

ਥੋੜ੍ਹੇ ਕੁ ਦਿਨਾਂ ਬਾਅਦ ਮੇਰੇ ਬਿਆਨ ਦੀ ਮੈਂਨੂੰ ਸਜ਼ਾ ਮਿਲ ਗਈ, ਦੂਰ ਦੀ ਬਦਲੀ ਦੀ ਸ਼ਕਲ ਵਿੱਚ। ਮੇਰਾ ਪੈਂਡਾ ਹੋਰ ਵਧ ਗਿਆ। ਸਾਇਕਲ ਉੱਤੇ ਪੈਂਤੀ ਕਿਲੋਮੀਟਰ ਜਾਣ ਤੇ ਪੈਂਤੀ ਕਿਲੋਮੀਟਰ ਆਉਣ। ਘਰ ਨੂੰ ਹਫ਼ਤੇ ਵਿੱਚ ਇੱਕ-ਦੋ ਵਾਰ ਗੇੜਾ ਲਗਦਾ। ਮੇਰੇ ਲਈ ਇਸ ਨਵੇਂ ਇਲਾਕੇ ਵਿੱਚ ਨਾ ਕਿਸੇ ਨਾਲ ਜਾਣ ਨਾ ਪਛਾਣ। ਚੌਥਾ ਦਰਜਾ ਮੁਲਾਜ਼ਮ (ਫ਼ੌਜੀ) ਬੇਲਾ ਸਿੰਘ ਹੀ ਮੇਰਾ ਸੰਗੀ-ਸਾਥੀ। ਖ਼ਰਚਾ ਹੋਰ ਵਧ ਗਿਆ। ਘਰਦੇ ਸੋਚਦੇ, ਖ਼ਬਰੇ ਕਿਹੜੇ ਕੰਮੀਂ ਤਨਖ਼ਾਹ ਰੋੜ੍ਹੀ ਜਾਂਦਾ।

“ਲੋਕ ਤਾਂ ਮੰਡੀ ਵਿੱਚੋਂ ਲੁੱਟ ਪਾ ਕੇ ਮੁੜਦੇ ਆ ਤੇ ਤੂੰ?” ਇੱਕ ਦਿਨ ਭਾਈਏ ਨੇ ਪੁੱਛ ਹੀ ਲਿਆ।

ਮੈਂ ਚੁੱਪ ਰਿਹਾ। ਉਹਨੇ ਫਿਰ ਦੱਸਿਆ, “ਨਡਾਲੇ-ਬੇਗੋਆਲ ਦੀਆਂ ਤੀਮੀਆਂ ਵੈਲੀ ਆ। ਬੰਦਿਆਂ ਲਈ ਖ਼ੁਦ ਸ਼ਰਾਬ-ਕਬਾਬ ਖਰੀਦ ਕੇ ਲਿਆਉਂਦੀਆਂ! ਜ਼ਰਾ ਸੰਭਲ ਕੇ ਰਹਿਣਾ ...।”

ਜਿਵੇਂ-ਕਿਵੇਂ ਦੋ ਸੀਜ਼ਨ ਮੈਂ ਝੋਨਾ-ਮੰਡੀ ਕੱਟੇ। ਫਿਰ ਵੀ ਪੈਰ ਨਾ ਲੱਗਣ ਦਿੱਤੇ ਤੇ ਗੁਦਾਮ ਇੰਚਾਰਜ ਬਣਾ ਕੇ ਭੁਲੱਥ ਤੋਂ ਦੂਰ ਫਿਰ ਭੇਜ ਦਿੱਤਾ। ਰੁਝੇਵਾਂ ਇੰਨਾ ਕਿ ਪਲ ਭਰ ਵੀ ਵਿਹਲ ਨਾ ਲਗਦਾ, ਸਿਵਾਏ ਲੜਨ-ਝਗੜਨ ਦੇ, ਜਦੋਂ ਝੋਨੇ ਦੀਆਂ ਘੱਟ ਲਿਆਂਦੀਆਂ ਬੋਰੀਆਂ ਦਾ ਮੈਂਨੂੰ ਪਤਾ ਲੱਗ ਜਾਂਦਾ। ਗੱਲ ਜਿਵੇਂ ਅਜੇ ਵੀ ਨਾ ਮੁੱਕੀ ਹੋਵੇ। ਹੁਣ ਮੇਰੀ ਡਿਊਟੀ ਅਕਸਰ ਕਰਤਾਰਪੁਰ ਰੇਲ-ਹੈੱਡ ਉੱਤੇ ਅਨਾਜ ਦੀ ਲਦਾਈ ਲਈ ਲਗਦੀ। ਪਿੰਡ ਤੋਂ ਪੰਜਾਹ ਕਿਲੋਮੀਟਰ ਦੂਰ। ਨੌਕਰ ਕੀ ਤੇ ਨਖ਼ਰਾ ਕੀ? ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਢਾਲ ਲਿਆ।

ਜਦੋਂ ਕੋਈ ਚੌਲ-ਕਣਕ ਚੋਰੀ ਕਰ ਕੇ ਦੌੜ ਜਾਂਦਾ, ਮੈਂ ਉਹਦਾ ਦੋ-ਦੋ ਕਿਲੋਮੀਟਰ ਤਕ ਪਿੱਛਾ ਕਰਦਾ।

“ਇਨ੍ਹਾਂ ਦਾ ਪਿੱਛਾ ਨਾ ਕਰਿਆ ਕਰ, ਕਰਨਾ ਤਾਂ ਇਨ੍ਹਾਂ ਦਾ ਕਰਿਆ ਕਰ!” ਇੱਕ ਦਿਨ ਮੇਰੇ ਵਲੋਂ ਦੂਰੋਂ ਫੜ ਕੇ ਲਿਆਂਦੇ ਪੱਲੇਦਾਰ ਨੂੰ ਦੇਖ ਮੇਰੇ ਇੱਕ ਮੁਲਾਜ਼ਮ ਸਾਥੀ ਨੇ ਮੁਸਕਰਾ ਕੇ ਆਖਿਆ ਤੇ ਨਾਲ ਹੀ ਪਟੜੀ ਵਿਚਾਲਿਓਂ ਕੋਲਾ ਚੁਗਦੀ ਇੱਕ ਪਕਰੋੜ ਜਿਹੀ ਔਰਤ ਵਲ ਇਸ਼ਾਰਾ ਕੀਤਾ।

“ਇਹਦੇ ਵਿੱਚ ਕੰਡ ਈ ਨਹੀਂ। ਜਿੱਦਾਂ ਇੱਥੇ ਗੰਗਾ ਵਗਦੀ ਆ, ਭਾਮੇਂ ਰਾਤ-ਦਿਨ ਚੁੱਭੀਆਂ ਮਾਰੇ। ਇੱਕ ਹੋਰ ਨੇ ਉਕਸਾਉਣ ਲਈ ਤਰਕ ਮਾਰੀ।

ਇੰਨੇ ਨੂੰ ਉੱਚੀ-ਉੱਚੀ ਤਾੜੀਆਂ ਤੇ ਆਵਾਜ਼ਾਂ ਸੁਣੀਆਂ ਜਿਨ੍ਹਾਂ ਸਾਡਾ ਧਿਆਨ ਖਿੱਚਿਆ, “ਟਰੱਕ ਮੇਂ ਦਾਨੇ ਇਕੱਠੇ ਕਰਤੀ ਹਮਾਰੀ ਬਿਮਲਾ ਕੋ ਭਗਾ ਕੇ ਲੇ ਗਿਆ, ਹਮਾਰੀ ਬਿਮਲਾ ਕੋ ਲੇ ਗਿਆ ...।”

ਦੱਖਣੀ ਭਾਰਤ ਤੋਂ ਆਏ ਖੁਸਰਿਆਂ ਦੀ ਇੱਕ ਟੋਲੀ ਅਜੇ ਵੀ ਦੁਹਾਈ ਪਾਈ ਜਾ ਰਹੀ ਸੀ। ਮੈਂਨੂੰ ਲੱਗਿਆ ਕਿ ਉਹ ਜਿਉਂਦੇ ਰਹਿਣ ਲਈ ਪੇਟ ਦੀ ਭੁੱਖ ਮਿਟਾਉਣ ਖ਼ਾਤਰ ਇੰਨੀ ਦੂਰੋਂ ਆਏ ਹੋਏ ਹਨ ਤੇ ਡਰੈਵਰ ਆਪਣੀ ਭੁੱਖ ਮਿਟਾਉਣ ਲਈ ਕੀ ਘਟੀਆ ਕਾਰਾ ਕਰ ਗਿਆ ਹੈ।

ਮੇਰੇ ਖ਼ਿਆਲਾਂ ਵਿੱਚ ਇਹ ਵਿਚਾਰ ਭਾਰੂ ਹੋਣ ਲੱਗ ਪਿਆ ਕਿ ਐੱਫ.ਸੀ.ਆਈ. ਛੱਡ ਦਿਆਂ, ਹੋਰ ਕਿਸੇ ਮਹਿਕਮੇ ਵਿੱਚ ਨੌਕਰੀ ਲਈ ਕੋਸ਼ਿਸ਼ ਕਰਾਂ।

ਇਨ੍ਹਾਂ ਦਿਨਾਂ ਵਿੱਚ ਮੈਂ ਐੱਮ.ਏ., ਭਾਗ ਦੂਜਾ ਪ੍ਰਾਈਵੇਟ ਇਮਤਿਹਾਨ ਦੇ ਕੇ ਪਾਸ ਕਰ ਲਿਆ ਤੇ ਪਿੰਡ ਨੇੜੇ ਦੇ ਕਸਬੇ ਭੋਗਪੁਰ ਦੀ ਬਦਲੀ ਕਰਵਾ ਲਈ, ਜਿੱਥੇ ਮੇਰੇ ਹਮ-ਖ਼ਿਆਲ ਸਾਥੀ ਸਨ।

ਸਰਦੀਆਂ ਦੇ ਇੱਕ ਦਿਨ ਮੈਂ ਐੱਫ.ਸੀ.ਆਈ. ਦੇ ਆਪਣੇ ਦੋ ਸੁਹਿਰਦ ਮਿੱਤਰਾਂ ਨੂੰ ਫਿਰ ਭੁਲੱਥ ਮਿਲਣ ਗਿਆ। ਅੱਡੇ ’ਤੇ ਮੇਰੀ ਮੁਲਾਕਾਤ 23-24 ਵਰ੍ਹਿਆਂ ਦੇ ਨੌਜਵਾਨ ਰਾਜੇਂਦਰ ਯਾਦਵ ਨਾਲ ਹੋਈ। ਉਹਦੇ ਦੋਵੇਂ ਕੱਟੇ-ਹੱਥਾਂ ਨੂੰ ਦੇਖ ਦੰਗ ਰਹਿ ਗਿਆ। ਆਪਣੀਆਂ ਮਜਬੂਰੀ ਭਰੀਆਂ ਅੱਖਾਂ ਨਾਲ ਮੇਰੇ ਵਲ ਦੇਖਦਿਆਂ ਉਸ ਨੇ ਕਿਹਾ, “ਭਾਈ ਮੇਰੇ ਪਾਸ ਪੈਸੇ ਨਹੀਂ ਹੈ ... ਅਗਰ ...!”

ਜ਼ਰਾ ਕੁ ਰੁਕ ਕੇ ਉਸ ਨੇ ਫਿਰ ਦੱਸਿਆ, “ਪਿਛਲੇ ਦਿਨੋਂ ਮੇਂ ਮਸ਼ੀਨ ਪਰ ਚਾਰਾ ਕੁਤਰਤੇ ਵਕਤ ਮੇਰੇ ਹਾਥ ਕਟ ਗਏ ਹੈਂ। ਮੈਂ ਆਦਮੀ ਕੱਠਾ ਕੀਆ। ਸਰਦਾਰ ਨੇ ਮੇਰੇ ਕੋ ਪਿਛਲੇ ਛੇ ਮਹੀਨੇ ਕੀ ਮੇਰੀ ਮਿਹਨਤ ਔਰ ਹਾਥੋਂ ਦਾ ਚਾਰ ਹਜ਼ਾਰ ਦੇਨਾ ਮਾਨਾ, ਲੇਕਿਨ ਮੁੱਕਰ ਗਿਆ। ਮੇਰੇ ਕੋ ਗਾਂਵ (ਤਲਵੰਡੀ ਹੁਸੈਨਵਾਲ, ਜ਼ਿਲ੍ਹਾ ਕਪੂਰਥਲਾ) ਸੇ ਭਗਾ ਦੀਆਂ। ਮੇਰੀ ਬਹਨਾ ਇੰਤਜ਼ਾਰ ਕਰਤੀ ਹੋਗੀ, ਰਕਸ਼ਾ ਬੰਧਨ ਸੇ ਪੰਦਰਹ ਦਿਨ ਪਹਲੇ ਯੇਹ ਹਾਦਸਾ ਹੂਆ ...।”

“ਹਮ ਕੁਛ ਲੋਗ ਉਸ ਕੋ ਦੋਬਾਰਾ ਮਿਲਤੇ ਹੈਂ ...।”

“ਕੋਈ ਫ਼ਾਇਦਾ ਨਹੀਂ ...!”

ਇਸ ਦੁੱਖ ਭਰੀ ਘਟਨਾ ਦੇ ਵਾਪਰਨ ਦੇ ਤੁਰੰਤ ਬਾਅਦ ਭਈਏ ਨੂੰ ਹਸਪਤਾਲ ਨਾ ਲਿਜਾਣ ਦੀ ਹਕੀਕਤ ਨੇ ਮੇਰੇ ਜ਼ਿਹਨ ਵਿੱਚ ਖਲਬਲੀ ਮਚਾ ਦਿੱਤੀ। ਮੈਂ ਸਲਾਹ ਦਿੱਤੀ, “ਮੇਰੇ ਸਾਥ ਚੱਲ, ਬਿਹਾਰ ਜਾਣ ਦਾ ਤੇਰਾ ਬੰਦੋਬਸਤ ਕਰਤੇ ਹੈਂ ...।”

ਅਗਲੇ ਦਿਨ ਰਾਜੇਂਦਰ ਲਈ ਘਰੋਂ ਕੱਪੜਿਆਂ ਦਾ ਝੋਲਾ ਭਰ ਕੇ ਆਪਣੇ ਗੂੜ੍ਹੇ ਮਿੱਤਰ ਸਾਥੀ ਪ੍ਰਸ਼ੋਤਮ ਸ਼ਰਮਾ ਨੂੰ ਭਈਏ ਸਣੇ ਮਿਲਿਆ। ਰਾਤ ਅਸੀਂ ਉਹਦੇ ਘਰ ਰੁਕੇ। ਭਈਏ ਤੋਂ ਬਿਹਾਰ ਬਾਰੇ ਕਾਫ਼ੀ ਗੱਲਾਂ ਪੁੱਛੀਆਂ। ਰੋਟੀ ਖਾਣ ਮਗਰੋਂ ਆਪਣੇ ਟੁੰਡ-ਨੁਮਾ ਹੱਥਾਂ ਨੂੰ ਧੋ ਕੇ ਮੁੜ ਬੈਠਕ ਅੰਦਰ ਆਉਂਦਿਆਂ ਉਹਨੇ ਅੰਗੀਠੀ ਤੇ ਦੀਵਾਰ ਉੱਤੇ ਲੱਗੀਆਂ ਤਸਵੀਰਾਂ ਵਲ ਗਹੁ ਨਾਲ ਦੇਖਿਆ। ਪੁੱਛਿਆ, “ਕਿਆ ਆਪ ਚਮਾਰ ਹੋ? ‘

ਸ਼ਰਮਾ ਨੇ ਆਪਣੀ ਦਿੱਖ ਦਾ ਧਰਮ-ਨਿਰਪੇਖ ਪ੍ਰਭਾਵ ਦੇਣ ਲਈ ਹਿੰਦੂ ਦੇਵੀ-ਦੇਵਤਿਆਂ, ਸਿੱਖ ਗੁਰੂਆਂ ਤੇ ਸੰਤਾਂ-ਭਗਤਾਂ ਦੀਆਂ ਤਸਵੀਰਾਂ ਸ਼ੀਸ਼ਿਆਂ ਵਿੱਚ ਜੜਾ ਕੇ ਰੱਖੀਆਂ ਹੋਈਆਂ ਸਨ।

“ਭਈਆ ਪਹਲੇ ਪੂਛਨਾ ਥਾ?”

“ਕਿਆ ਬਾਤ ਹੂਈ?” ਮੈਂ ਪੁੱਛਿਆ।

“ਵੋਹ ਰੈਦਾਸ ਦੀ ਤਸਵੀਰ ਹੈ ਨਾ? ਸ਼ਰਮਾ ਤੋਂ ਚਮਾਰ ਨਹੀਂ ਹੋਤੇ!” ਭਈਏ ਨੇ ਪੁੱਛਿਆ। ਪਲ ਕੁ ਪਿੱਛੋਂ ਉਸ ਨੇ ਕਿਹਾ, “ਅਬ ਤੋਂ ਖਾਨਾ ਹੋ ਗਿਆ ...।”

“ਉਲਟੀ ਕਰ ਦੇ ਅਗਰ ਘ੍ਰਿਣਾ ਲਗਤੀ ਹੈ!” ਮੈਂ ਆਖਿਆ।

“ਭਗਵਾਨ ਕੀ ਕ੍ਰਿਪਾ ਸੇ ਦਹਿਨੇ ਹਾਥ ਕਾ ਅੰਗੂਠਾ ਬਚ ਗਿਆ, ਇਸ ਸੇ ਰੋਟੀ, ਕੁਰਲਾ ਔਰ ਬਾਕੀ ਕਾਮ ਹੋ ਜਾਤੇ ਹੈਂ!” ਉਸ ਨੇ ਕੱਚਾ ਜਿਹਾ ਹੋ ਕੇ ਗੱਲ ਦਾ ਰੁਖ਼ ਬਦਲਿਆ।

ਖ਼ੈਰ, ਅਸੀਂ ਉਸ ਨੂੰ ਗੱਡੀ ਦਾ ਟਿਕਟ ਖਰੀਦ ਦਿੱਤਾ ਤੇ ਲੋਕਾਂ ਤੋਂ ਸਹਾਇਤਾ ਵਜੋਂ ਇਕੱਠੀ ਰਕਮ ਵੱਖਰੇ ਤੌਰ ’ਤੇ ਮਨੀਆਰਡਰ ਕਰ ਦਿੱਤੀ।

ਇਹ ਖ਼ਿਆਲ ਮੈਂਨੂੰ ਕਈ ਦਿਨਾਂ ਤਕ ਪਰੇਸ਼ਾਨ ਕਰਦਾ ਰਿਹਾ ਕਿ ਉਹ ਭਈਆ ਅੰਗਹੀਣ ਤੇ ਮਾਲੀ ਪੱਖੋਂ ਬੇਸਹਾਰਾ ਹੋ ਕੇ ਵੀ ਜਾਤ-ਵਿਵਸਥਾ ਮਾਨਸਿਕ ਤੌਰ ’ਤੇ ਛੱਡਣ ਨੂੰ ਤਿਆਰ ਨਹੀਂ। ਮਜ਼ਦੂਰੀ ਕਰਨ ਆਏ ਪ੍ਰਦੇਸੀ ਭਈਏ ਦੀ ਨਜ਼ਰ ਵਿੱਚ ਵੀ ਨਿਮਨ ਜਾਤੀ ਦੇ ਇਨਸਾਨ ਦੀ ਕੋਈ ਵੁੱਕਤ ਨਹੀਂ।

ਸੋਚਦਾ- ਹੋਲਟਾਈਮਰ ਬਣ ਜਾਵਾਂ। ਬੇਜ਼ਮੀਨੇ ਮਜ਼ਦੂਰਾਂ, ਦੱਬੇ-ਕੁਚਲੇ ਲੋਕਾਂ ਤੇ ਗਰੀਬਾਂ ਲਈ ਕੰਮ ਕਰਾਂ। ਉਨ੍ਹਾਂ ਅੰਦਰ ਅਧਿਕਾਰ-ਚੇਤਨਾ ਪੈਦਾ ਕਰਨ ਲਈ ਟਿੱਲ ਲਾਵਾਂ। ਪਾਰਟੀ ਵਿਚਾਰਾਂ ਨੂੰ ਪਿੰਡ-ਪਿੰਡ, ਘਰ-ਘਰ ਪਹੁੰਚਾਉਣ ਦੇ ਹਾਲਾਤ ਦਾ ਖ਼ਿਆਲ ਆਉਂਦਾ ਤਾਂ ਮੈਂ ਕੰਬ ਕੇ ਰਹਿ ਜਾਂਦਾ। ਨੌਜਵਾਨ ਸਾਥੀਆਂ ਕੋਲ ਸਾਇਕਲ ਨੂੰ ਪੈਂਚਰ ਲੁਆਉਣ ਤੇ ਮਰਜ਼ੀ ਨਾਲ ਚਾਹ-ਪਾਣੀ ਪੀਣ ਲਈ ਪੈਸੇ ਹੀ ਨਾ ਹੁੰਦੇ, ਬਦਲਣ ਲਈ ਢੁੱਕਵੇਂ ਕੱਪੜੇ ਨਾ ਹੁੰਦੇ। ਉਨ੍ਹਾਂ ਦੀ ਪ੍ਰਤਿਭਾ ਤੇ ਪ੍ਰਤਿਬੱਧਤਾ ਦਾ ਸੋਚ ਕੇ ਮੇਰੇ ਮਨ ਵਿੱਚ ਉਨ੍ਹਾਂ ਪ੍ਰਤਿ ਸਤਿਕਾਰ ਹੋਰ ਵਧ ਜਾਂਦਾ।

... ਤੇ ਖੁੱਲ੍ਹੇ ਆਕਾਸ਼ ਵਲ ਇੱਕ ਖਿੜਕੀ ਮੇਰੇ ਲਈ ਖੁੱਲ੍ਹੀ। ਦਿੱਲੀ ਵਸਦੇ ਮੇਰੀ ਭੂਆ ਦੇ ਵੱਡੇ ਪੁੱਤ ਦੌਲਤ ਰਾਮ ਕੋਰੋਟਾਨੀਆ, ਯੋਜਨਾ ਆਯੋਗ ਵਿੱਚ ਉੱਚ ਅਧਿਕਾਰੀ, ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿੱਚ ਯੂ.ਪੀ.ਐੱਸ.ਸੀ. ਦੀਆਂ ਨੌਕਰੀਆਂ ਲਈ ਇੱਕ ਫਾਰਮ ਭੇਜਿਆ ਤੇ ਨਾਲ ਹੀ ਹਿਦਾਇਤਾਂ, ਜਿਨ੍ਹਾਂ ਮੁਤਾਬਿਕ ਮੈਂ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਅਭਿਆਸ ਕਰਨ ਲੱਗਾ। ਜਦੋਂ ਟੈਸਟ ਪਾਸ ਕਰ ਲਿਆ ਤਾਂ ਭਾ ਜੀ ਨੇ ਇੰਟਰਵਿਊ ਦੀ ਤਿਆਰੀ ਕਿਵੇਂ ਕਰਨੀ ਹੈ, ਬੋਰਡ ਸਾਹਮਣੇ ਭਰੋਸੇ ਨਾਲ ਕਿਵੇਂ ਗੱਲ ਕਰਨੀ ਹੈ, ਜੋ ਨਹੀਂ ਪਤਾ, ਕਹਿ ਦੇਣਾ ਕਿ ਪਤਾ ਨਹੀਂ ਤੇ ਹੋਰ ਕਿੰਨੇ ਨੁਕਤੇ ਸਮਝਾਏ। ਇਸ ਸਬੱਬ ਨਾਲ ਮੇਰੀ ਐੱਫ.ਸੀ.ਆਈ. ਤੋਂ ਜਾਨ ਛੁੱਟ ਗਈ। ਮੈਂ ਭਾਰਤ ਸਰਕਾਰ ਦੇ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ (ਪ੍ਰੈੱਸ ਇਨਫਰਮੇਸ਼ਨ ਬਿਊਰੋ) ਵਿੱਚ ਬਤੌਰ ਕਲਾਸ ਟੂ ਨਾਨ-ਗਜ਼ਟਿਡ ਅਫਸਰ ਵਜੋਂ ਜੂਨ 1983 ਵਿੱਚ ਜਾਇਨ ਕਰ ਲਿਆ। ... ਅੱਤਵਾਦ ਦੀ ਚੜ੍ਹਤ ਦੇ ਦਿਨ-ਜਨਤਾ ਲਈ ਕਾਲਾ ਦੌਰ।

ਪੰਜਾਬੀ ਵਿੱਚ ਖ਼ਬਰਾਂ ਦਾ ਅਨੁਵਾਦ, ਵਿਹਲੇ ਵਕਤ ‘ਨਵਾਂ ਜ਼ਮਾਨਾ’ ਵਿੱਚ ਕਾਮਰੇਡ ਸੁਰਜਨ ਜ਼ੀਰਵੀ ਕੋਲ ਬੈਠਣ ਨਾਲ ਕੁਝ ਸਵੈ-ਭਰੋਸਾ ਵਧਿਆ। ਉਹ ਲਤੀਫ਼ੇ ਸੁਣਾਉਂਦੇ ਤੇ ਤਾਰਾਂ-ਡਸਪੈਚ ਮੇਰੇ ਵਲ ਵਧਾਉਂਦਿਆਂ ਵਿਅੰਗ ਨਾਲ ਕਹਿੰਦੇ, “ਲੈ ਬਈ ਭੋਗਾਂ (ਪਾਠ-ਭੋਗ) ਦੀਆਂ ਬਣਾ ਖ਼ਬਰਾਂ!”

ਇਸਦੇ ਨਾਲ-ਨਾਲ ਪ੍ਰਸਿੱਧ ਰੂਸੀ ਲੇਖਕ ਅਲੈਕਸਾਂਦਰ ਰਸਕਿਨ ਦੀ ਕਿਤਾਬ ‘ਜਦੋਂ ਡੈਡੀ ਛੋਟਾ ਮੁੰਡਾ ਸੀ’ ਦਾ ‘ਨਵਾਂ ਜ਼ਮਾਨਾ’ ਵਿੱਚ ਐਤਵਾਰ ਨੂੰ ਲੜੀਵਾਰ ਅਨੁਵਾਦ ਛਪਣ ਲੱਗਾ। ਪਾਠਕਾਂ ਦੀਆਂ ਚਿੱਠੀਆਂ ਤੇ ਨਿੱਜੀ ਮੁਲਾਕਾਤਾਂ ਸਦਕਾ ਮੇਰੇ ਇਸ ਰੁਝਾਨ ਨੂੰ ਹੁਲਾਰਾ ਮਿਲਦਾ। ਖੱਬੇ-ਪੱਖੀ ਵਿਚਾਰਧਾਰਾ, ਉਸ ਨਾਲ ਸੰਬੰਧਤ ਕਿਤਾਬਾਂ ਅਤੇ ਸੋਵੀਅਤ ਯੂਨੀਅਨ ਦੇ ਭੂਗੋਲਿਕ, ਸਭਿਆਚਾਰਕ, ਪ੍ਰਬੰਧਕੀ ਢਾਂਚੇ, ਤੀਜੀ ਜੰਗ (ਸੰਭਾਵੀ), ਵਿਗਿਆਨਕ ਤੇ ਤਕਨੀਕੀ ਤਰੱਕੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮੇਰੇ ਲੇਖ ‘ਨਵਾਂ ਜ਼ਮਾਨਾ’ ਅਤੇ ‘ਅਜੀਤ’ ਵਿੱਚ ਛਪਣ ਲੱਗੇ। ਕਈ ਲੇਖਕਾਂ ਨਾਲ ਜਾਣ-ਪਛਾਣ ਹੋਈ ਤੇ ਕਈਆਂ ਨਾਲ ਦੋਸਤੀ ਪਈ। ਕੁਝ ਮੈਂਨੂੰ ਸੋਵੀਅਤ ਯੂਨੀਅਨ ਦਾ ਪ੍ਰਤਿਨਿਧ ਪੱਤਰਕਾਰ ਕਹਿ ਕੇ ਮਖ਼ੌਲ ਕਰਦੇ। ਵਿੱਚ-ਵਿਚਾਲੇ ਅੱਤਵਾਦ ਦਾ ਵਿਰੋਧ ਕਰਦੀਆਂ ਕਵਿਤਾਵਾਂ ਤੇ ਚਿੱਠੀਆਂ ਲਿਖਦਾ-ਛਪਵਾਉਂਦਾ।

ਰੋਜ਼ਾਨਾ ਕਿਤੇ ਨਾ ਕਿਤੇ ਕੋਈ ਵੱਡਾ ਅਣਮਨੁੱਖੀ ਅੱਤਵਾਦੀ ਕਾਰਾ ਹੋ ਜਾਂਦਾ। ਕੋਈ ਸਰਕਾਰ ਨੂੰ ਦੋਸ਼ੀ ਸਮਝਦਾ ਕਿ ਬੇਵਸੀ ਦੀ ਹਾਲਤ ਕਿਉਂ ਜ਼ਾਹਿਰ ਕਰ ਰਹੀ ਹੈ, ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕੋਈ ਕਹਿੰਦਾ ਕਿ ਅੱਤਵਾਦ ਦਾ ਬੂਟਾ ਸਰਕਾਰ ਨੇ ਖ਼ੁਦ ਹੀ ਲਾਇਆ, ਪਾਣੀ ਪਾ-ਪਾ ਵੱਡਾ ਕੀਤਾ, ਜਿਸ ਦਿਨ ਚਾਹੇਗੀ, ਜੜ੍ਹੋਂ ਪੁੱਟ ਦੇਵੇਗੀ। ਕਈ ਨਰਮ-ਗਰਮ ਸਿੱਖ ਜਥੇਬੰਦੀਆਂ ਦੀ ਆਲੋਚਨਾ ਕਰਦੇ ਕਿ ਉਹ ਨਿਰਦੋਸ਼ਾਂ ਦੇ ਕਤਲਾਂ ਦੀ ਨਿੰਦਿਆ ਨਹੀਂ ਕਰਦੇ ਤੇ ਇਸ ਬਹਾਨੇ ਬਰਾਬਰ ਦੇ ਭਾਈਵਾਲ ਹਨ। ਲੋਕਾਂ ਵਿੱਚ ਇੰਨੀ ਹਾਹਾਕਾਰ ਕਿ ਸ਼ਾਮ ਨੂੰ ਅੱਠ ਵਜੇ ਹੀ ਪਿੰਡਾਂ ਦੀਆਂ ਗਲ਼ੀਆਂ ਸੁੰਨੀਆਂ ਹੋ ਜਾਂਦੀਆਂ। ਰਾਤ ਨੂੰ ਗਲੀਆਂ ਵਿੱਚ ਪੈਛੜ ਸੁਣ ਕੇ ਘਰਾਂ ਅੰਦਰ ‘ਬੰਦੀ’ ਹੋਏ ਜੀਅ ਚੌਕੰਨੇ ਹੋ ਜਾਂਦੇ।

ਖੱਬੀਆਂ ਧਿਰਾਂ ਅਮਨ ਰੈਲੀਆਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਅਪੀਲਾਂ ਕਰਦੀਆਂ। ਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਦਾਹਵੇ ਕਰਦੀਆਂ, ਜਿਨ੍ਹਾਂ ਵਿੱਚੋਂ ਮਾਯੂਸੀ ਤੇ ਲਾਚਾਰੀ ਵੀ ਪ੍ਰਤੱਖ ਝਲਕਦੀ ਦਿਸਦੀ। ਖ਼ੈਰ, ਲੋਕ ਧਰਮ, ਜਾਤ ਤੇ ਹੋਰ ਰੰਜਸ਼ਾਂ ਭੁੱਲ ਕੇ ਇੱਕ ਮਜ਼ਬੂਤ ਏਕੇ ਦਾ ਮੁਜ਼ਾਹਰਾ ਕਰਦੇ। ਸਿੱਖ ਇੱਕ ਵੱਖਰੀ ਕੌਮ', ‘ਖ਼ਾਲਸੇ ਦਾ ਬੋਲਬਾਲ਼ਾ’, ‘ਖ਼ਾਲਸਾ ਰਾਜ’ ਤੇ ‘ਇਕ ਸਿੱਖ ਦੇ ਹਿੱਸੇ ਪੈਂਤੀ ਹਿੰਦੂ ਆਉਂਦੇ ਹਨ’, ‘ਸਿੱਖਾਂ ਦਾ ਧਰਮ ਤੇ ਸਿਆਸਤ ਇੱਕ ਹਨ’ ਦੇ ਬਾਵਜੂਦ, ਕਤਲ ‘ਸਕੋਰ’ ਦੇ ਉੱਚਾ ਹੁੰਦੇ ਜਾਣ ਦੇ ਬਾਅਦ ਵੀ ਹਿੰਦੂਆਂ-ਸਿੱਖਾਂ ਵਿਚਾਲੇ ਕੋਈ ਲਕੀਰ ਨਜ਼ਰ ਨਾ ਆਉਂਦੀ। ਇਸ ਇਕਜੁੱਟਤਾ ਤੇ ਇਕਮੁੱਠਤਾ ਸਦਕਾ ਖੱਬੀਆਂ ਤਾਕਤਾਂ ਤੇ ਨਿਰਪੱਖ ਸੋਚ ਦੇ ਲੋਕਾਂ ਦਾ ਹੌਸਲਾ ਬੁਲੰਦ ਹੁੰਦਾ। ‘ਬੰਦ’ ਦੇ ਸੱਦੇ ਕਾਮਯਾਬ ਹੁੰਦੇ।

... ਤੇ ਇੱਕ ਦਿਨ ਅਚਾਨਕ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਈ ਜਦੋਂ ਮੇਰੇ ਗਿਆਰ੍ਹਵੀਂ ਤੋਂ ਐੱਮ.ਏ. ਤਕ ਜਮਾਤੀ ਰਹਿ ਚੁੱਕੇ ਗੂੜ੍ਹੇ ਮਿੱਤਰ ਨੇ ਬੜੇ ਠਰ੍ਹੰਮੇ ਨਾਲ ਆਖਿਆ, “ਖ਼ਾਲਿਸਤਾਨ ਬਣ ਗਿਆ ਤਾਂ ਸਾਡੇ ਵਰਗੇ ਜੱਟਾਂ ਨੇ ਡੀ.ਸੀ., ਐੱਸ.ਪੀ. ਲੱਗਣਾ! ਸਿੱਖਾਂ ’ਚੋਂ ਕਿੰਨੇ ਕੁ ਲੋਕ ਪੜ੍ਹੇ-ਲਿਖੇ ਆ? ਖ਼ਾਲਸਾ ਰਾਜ ਦੀ ਸਥਾਪਨਾ ਲਈ ਸਾਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਹੈ। ਤੇ ਇਹ ਕੋਈ ਲਾਲਚ ਨਹੀਂ, ਆਪਣੀ ਤਾਂ ਪਹਿਲਾਂ ਹੀ ਪੈਲ਼ੀ ਬਥੇਰੀ ਆ, ਵੱਡਾ ਭਰਾ ਐੱਮ.ਬੀ.ਬੀ.ਐੱਸ. ਆ। ਉਹਦੇ ਘਰੋਂ ਸਾਡੀ ਭਰਜਾਈ ਵੀ ਡਾਕਟਰ ਆ। ਅਸੀਂ ਹੋਰ ਵੱਡੇ ਅਫਸਰ ਬਣ ਜਾਵਾਂਗੇ ...।”

ਇਸ ਉਪਰੰਤ ਮੈਂ ਉਸ ਮਿੱਤਰ ਵਿੱਚ ਕੋਈ ਖ਼ਾਸ ਦਿਲਚਸਪੀ ਨਾ ਲਈ। ਪਰ ਇੱਕ ਦਿਨ ਆਪਣੇ ਨਾਨਕਿਆਂ ਤੋਂ ਮੁੜਦਿਆਂ ਉਹਦੇ ਘਰ ਕੋਲੋਂ ਲੰਘਦਿਆਂ ਮੇਰਾ ਭਾਵੁਕ ਮੋਹ ਜਾਗ ਪਿਆ ਤੇ ਸਾਇਕਲ ਉਨ੍ਹਾਂ ਦੇ ਵਿਹੜੇ ਜਾ ਖੜ੍ਹਾ ਕੀਤਾ। ਮਿੱਤਰ ਘਰ ਨਹੀਂ ਸੀ, ਉਹਦਾ ਭਰਾ ਮਿਲਿਆ। ਮੈਂ ਸਹਿਜ ਹੀ ਪੁੱਛਿਆ, “ਡਾਕਟਰ ਸਾਹਬ ਤੇ ਡਾਕਟਰਨੀ ਭਰਜਾਈ ਅੱਜ ਕਿੱਥੇ ਆ? ਦਿਸਦੇ ਨਹੀਂ! ਛੁੱਟੀ ਵਾਲੇ ਦਿਨ ਤਾਂ ...।”

“ਡਾਕਟਰ? ਭਾ ਜੀ ਤਾਂ ਕੰਪਾਊਂਡਰ ਆ ਤੇ ਭਰਜਾਈ ਮਾਹਟਰਨੀ ਆ ...।” ਉਸ ਨੇ ਵਿੱਚੋਂ ਟੋਕਦਿਆਂ ਅੱਗੋਂ ਭੋਲੇ-ਭਾਅ ਦੱਸਿਆ।

“ਯਾਰ ਤੇਰੀ ਨੌਕਰੀ ਦਾ ਕੀ ਬਣਿਆ? ... ਚੱਲ ਧੁਆਡੀ ਪੈਲ਼ੀ ਬਥੇਰੀ ਆ, ਨੌਕਰੀ ਮਿਲ ਗਈ ਤਾਂ ਹੋਰ ਵਧੀਆ।” ਮੈਂ ਗੱਲ ਬਦਲੀ ਤੇ ਆਪਣੀ ਜ਼ਬਾਨ ਉੱਤੇ ਪੂਰਾ ਕਾਬੂ ਰੱਖਿਆ।

“ਭਾ ਜੀ, ਆਪਣੇ ਬਾਤ੍ਹੀਆਂ (ਪਛੜੀਆਂ ਜਾਤੀਆਂ) ਦੀਆਂ ਕਿਹੜੀਆਂ ਪੈਲ਼ੀਆਂ? ਸਾਨੂੰ ਚਹੁੰ ਭਰਾਵਾਂ ਨੂੰ ਚਾਰ-ਚਾਰ ਕਨਾਲੀਂ ਵੀ ਹਿੱਸੇ ਨਹੀਂ ਆਉਂਦੀ!”

“ਬਾਤ੍ਹੀ?”

“ਆਹੋ! ਬਾਤ੍ਹੀ ਆਪਣੇ ਇੱਧਰ ਘੱਟ ਆ, ਕੰਢੀ ਇਲਾਕੇ ਵਿੱਚ ਬਾਹਲੇ ਆ!” ਸਚਾਈ ਤੇ ਸਪਸ਼ਟਤਾ ਭਰੇ ਨਿਰਛਲ ਇਹ ਬੋਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਰੌਸ਼ਨਦਾਨ ਥਾਣੀਂ ਛਣ ਕੇ ਕਮਰੇ ਅੰਦਰ ਆਈ ਧੁੱਪ ਵਾਂਗ ਇਕਦਮ ਮੇਰੀਆਂ ਅੱਖਾਂ ਮੋਹਰੇ ਉਹ ਦਿਨ ਆ ਗਿਆ ਜਦੋਂ ਮੇਰੇ ਮਿੱਤਰ ਨੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਪੜ੍ਹਦੀ ਸਾਡੀ ਸਹਿਪਾਠੀ ਕੁੜੀ ਨੂੰ ਆਪਣੇ ਜੱਟ ਹੋਣ ਤੇ ਚੰਗੇ-ਖ਼ਾਸੇ ਜ਼ਿਮੀਂਦਾਰ ਹੋਣ ਦਾ ਲੰਮਾ ਵੇਰਵਾ ਦਿੱਤਾ ਸੀ।

ਮੈਂਨੂੰ ਲੱਗਿਆ ਕਿ ਸਮਾਜ ਦੀਆਂ ਨਜ਼ਰਾਂ ਵਿੱਚ ਜਨਮ-ਜਾਤ ਤੋਂ ਉੱਚਾ-ਸੁੱਚਾ ਹੋਣ ਦਾ ਢੌਂਗ ਰਚ ਕੇ ਮੇਰਾ ਉਹ ਮਿੱਤਰ ਕਿਵੇਂ ‘ਹੀਣਤਾ’ ਦਾ ਬੋਝ ਢੋਅ ਰਿਹਾ ਹੈ। ਦੋਹਰੀ ਜ਼ਿੰਦਗੀ ਜਿਊਂਦਾ ਪਲ-ਪਲ ਮਰ ਰਿਹਾ ਹੈ ਤੇ ਪਲ-ਪਲ ਬਨਾਵਟੀ ਜ਼ਿੰਦਗੀ ਜਿਉਂ ਰਿਹਾ ਹੈ। ਮੈਂ ਸੋਚਦਾ, ਪਿਛੜੀਆਂ ਜਾਤੀਆਂ ਨੂੰ ਅਛੂਤ ਜਾਤੀਆਂ ਨਾਲ ਮਿਲ ਕੇ ਚੱਲਣ ਦੀ ਲੋੜ ਹੈ। ਸਮਾਜਿਕ ਪਰਿਵਰਤਨ ਇਨਕਲਾਬ ਦਾ ਹੀ ਦੂਜਾ ਨਾਂ ਹੈ। ਉਨ੍ਹਾਂ ਤਾਕਤਾਂ ਨੂੰ ਮਿਲ ਕੇ ਸੱਟ ਮਾਰੇ ਜਾਣ ਦੀ ਲੋੜ ਹੈ ਜੋ ਵਰਤਮਾਨ ਸਮਾਜਿਕ ਵਿਵਸਥਾ ਅਤੇ ਸਥਿਤੀਆਂ ਨੂੰ ਜਿਉਂ ਦਾ ਤਿਉਂ ਰੱਖਣ ਲਈ ਹਰ ਹੀਲਾ-ਵਸੀਲਾ ਵਰਤ ਰਹੀਆਂ ਹਨ।

ਜ਼ਰਾ ਕੁ ਪਿੱਛੋਂ ਮੈਂਨੂੰ ਪੰਦਰ੍ਹਵੀਂ ਸਦੀ ਦੇ ਪ੍ਰਸਿੱਧ ਜਰਮਨ ਵਿਦਵਾਨ ਤੇ ਸਮਾਜ ਸੁਧਾਰਕ ਮਾਰਟੀਨ ਲੂਥਰ ਦਾ ਖ਼ਿਆਲ ਆਇਆ ਜਿਸ ਨੇ ਪੋਪ-ਪਦ ਨੂੰ ਸੰਸਾਰਕਤਾ ਨਾਲ ਗੂੜ੍ਹੀ ਤਰ੍ਹਾਂ ਓਤਪੋਤ ਦੇਖਿਆ ਸੀ। ਸਿੱਟੇ ਵਜੋਂ ਉਸ ਨੇ ਪੋਪ ਤੇ ਪਾਦਰੀਆਂ ਦੀ ਵਿਸ਼ੇਸ਼ ਰੂਹਾਨੀ ਰਹਿਬਰੀ ਤੇ ਧਰਮ-ਗ੍ਰੰਥ ਦੀ ਵਿਆਖਿਆ ਦੀ ਅਥਾਰਿਟੀ ਨੂੰ ਲਲਕਾਰਦਿਆਂ 95 ਥੀਸਿਸ ਪੇਸ਼ ਕਰਕੇ ਉਸ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਸੀ।

ਵਾਰ-ਵਾਰ ਖ਼ਿਆਲ ਉਪਜਦਾ ਕਿ ਸਾਡੇ ਮੁਲਕ ਵਿੱਚ ਧਰਮ ਅਤੇ ਰੂਹਾਨੀਅਤ ਦੇ ਨਾਂ ’ਤੇ ਵੰਡੇ ਜਾ ਰਹੇ ਅੰਧ ਵਿਸ਼ਵਾਸ, ਬੁੱਧੀ ਦੇ ਵਿਕਾਸ ਨੂੰ ਮਾਰੇ ਜਾ ਰਹੇ ਬੰਨ੍ਹ, ਅਗਲੇ-ਪਿਛਲੇ ਜਨਮਾਂ ਦੇ ਫਲ ਵਜੋਂ ਊਚ-ਨੀਚ ਤੋਂ ਛੁਟਕਾਰਾ ਪੁਆਉਣ ਹਿਤ ਕੌਣ ਅੱਗੇ ਆਵੇਗਾ? ਇਉਂ ਮੇਰੀਆਂ ਸੋਚਾਂ ਦੀਆਂ ਸੂਈਆਂ ਦੌੜਦੀਆਂ-ਦੌੜਦੀਆਂ ਡਾ. ਅੰਬੇਡਕਰ ਤੇ ਡਾ. ਰਾਮਾਸਵਾਮੀ ਨਾਇਕਰ ਪੇਰੀਆਰ ਉੱਤੇ ਜਾ ਰੁਕਦੀਆਂ।

ਪਹਿਲਾਂ ਚੱਲ ਰਿਹਾ ਵਿਚਾਰ ਫਿਰ ਭਾਰੂ ਹੋ ਗਿਆ। ... ਤੇ ਹਾਂ ਦਹਿਸ਼ਤਗਰਦੀ ਦੇ ਇਸ ਭਰਾ-ਮਾਰੂ ਦੌਰ ਵਿੱਚ ਇੱਕ ਹੋਰ ਅਜਿਹਾ ਹਾਦਸਾ ਵਾਪਰ ਗਿਆ ਜਿਸ ਨੇ ਮੇਰੀ ਰਾਤਾਂ ਦੀ ਨੀਂਦ ਉੱਤੇ ਹਮਲਾ ਕੀਤਾ ਜਦੋਂ ਸਾਡੀ ਇੱਕ ਰਿਸ਼ਤੇਦਾਰ ਨੇ ਆ ਕੇ ਦੱਸਿਆ, “ਸਰਦਾਰਨੀ, ਜਿਹਦੇ ਮੈਂ ਗੋਹਾ-ਕੂੜਾ ਚੁੱਕਦੀ ਆਂ, ਇੱਕ ਦਿਨ ਬੜੀ ਖ਼ੁਸ਼ ਹੋ ਕੇ ਮੈਂਨੂੰ ਕਹਿਣ ਲੱਗੀ, ਭੈਣੇ ਖ਼ਾਲਿਸਤਾਨ ਹੁਣ ਬਣਿਆ ਸਮਝ, ਮੌਜਾਂ ਲੱਗ ਜਾਣੀਆਂ, ਹਿੰਦੂ ਇੱਥੋਂ ਚਲੇ ਜਾਣੇ ਆ ਪਰ ਤੁਸੀਂ ਸਾਡੇ ਨਾਲ ਖ਼ਾਲਿਸਤਾਨ ਵਿੱਚ ਈ ਰਹਿਓ!”

ਅਸੀਂ ਪੂਰੇ ਗਹੁ ਨਾਲ ਸੁਣ ਰਹੇ ਸੀ। ਸਾਡੀਆਂ ਨਜ਼ਰਾਂ ਉਸ ਵਲ ਉਤਸੁਕਤਾ ਤੇ ਸਵਾਲੀਆ ਨਿਸ਼ਾਨ ਨਾਲ ਭਰੀਆਂ ਇੱਕ ਟੱਕ ਦੇਖ ਰਹੀਆਂ ਸਨ। ਉਹਨੇ ਗੱਲ ਦਾ ਸਿਰਾ ਫਿਰ ਫੜਿਆ, “ਮੈਂ ਕਿਹਾ, ਸਰਦਾਰਨੀਏ ਧੁਆਨੂੰ ਤਾਂ ਮੌਜਾਂ ਲੱਗ ਜਾਣਗੀਆਂ, ਕੋਈ ਜਮੀਨ ਸਾਡੇ ਨਾਂ ਬੀ ਲੱਗ ਜਾਊ? ਨਾਲ਼ੇ ਸਾਨੂੰ ਕਾਹਨੂੰ ਗੱਲੀਂ-ਗੱਲੀਂ ਮਜਬੂਰ ਕਰਦੀ ਆਂ ਪਈ ਖ਼ਾਲਸਤਾਨ ਬਣੇ ਤਾਂ ਅਸੀਂ ਧੁਆਡੇ ਨਾਲ ਰਹੀਏ ? ਸਾਡੇ ਲਈ ਤਾਂ ਹਿੰਦੂ-ਸਿੱਖ ਇੱਕੋ ਜਿਹੇ ਈ ਆ। ਬਹੁਤਾ ਪਿਆਰ ਏ ਸਰਦਾਰਨੀਏ ...”

“ਫਿਰ?” ਅਸੀਂ ਕਾਹਲੀ ਨਾਲ ਪੁੱਛਿਆ।

“ਫਿਰ ਕੀ? ... ਕਹਿੰਦੀ, ਭੈਣੇ, ਪਿਆਰ ਕਰ ਕੇ ਕਹਿੰਨੀ ਪਈ ਆਂ, ਖ਼ਾਲਿਸਤਾਨ ਵਿੱਚ ਸਾਡਾ ਗੋਹਾ-ਕੂੜਾ ਕੌਣ ਚੁੱਕੂ!”

ਮੈਂਨੂੰ ਜਿਨਾਹ ਦੀ ਉਹ ਗੱਲ ਚੇਤੇ ਆ ਗਈ ਜਦੋਂ ਦੇਸ਼ ਦੀ ਵੰਡ ਵੇਲੇ ਉਸ ਨੇ ਇੱਕ ਮੀਟਿੰਗ ਵਿੱਚ ਅਛੂਤਾਂ ਦੀ ਸਮੱਸਿਆ ਬਾਰੇ ਬੋਲਦਿਆਂ ਆਖਿਆ ਸੀ ਕਿ ਉਨ੍ਹਾਂ ਦੀ ਆਬਾਦੀ ਅੱਧੀ-ਅੱਧੀ ਵੰਡ ਲੈਣੀ ਚਾਹੀਦੀ ਹੈ ਤੇ ਇਸ ਗੱਲ ਦੇ ਅਰਥ ਮੈਂਨੂੰ ਕਾਫ਼ੀ ਚਿਰ ਬਾਅਦ ਸਮਝ ਆਏ ਸਨ।

ਦੂਜੇ-ਚੌਥੇ ਦਿਨ ਅਜਿਹੀਆਂ ਗੱਲਾਂ ਸੁਣਦਿਆਂ-ਦੇਖਦਿਆਂ ਮੈਂ ਪਰੇਸ਼ਾਨ ਹੋ ਕੇ ਰਹਿ ਜਾਂਦਾ। ਪਾਰਟੀ ਦੀਆਂ ਅਮਨ ਰੈਲੀਆਂ, ਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਫ਼ੈਸਲੇ, ਵਾਰ-ਵਾਰ ਬੰਦ ਦੇ ਸੱਦੇ, ਜੁਝਾਰੂ ਦਸਤੇ ਬਣਾਉਣ ਲਈ ਕਿਸੇ ਦੀ ਕੋਈ ਚਿੰਤਾ ਨਹੀਂ, ਨਿਰਦੋਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਉੱਤੇ ਨਿਰਭਰਤਾ ਵਰਗੇ ਮੁੱਦਿਆਂ ਬਾਰੇ ਸਾਧਾਰਣ ਸੋਚ ਵਾਲੇ ਮੇਰੇ ਵਰਗੇ ਸਾਥੀ ਵਿਚਾਰਾਂ ਕਰਦੇ। ਪਾਰਟੀ ਲੀਡਰਸ਼ਿੱਪ ਇਨ੍ਹਾਂ ਜਥੇਬੰਦੀਆਂ ਨੂੰ ਫਿਰਕੂ ਤਾਕਤਾਂ, ਪੂੰਜੀਵਾਦੀ ਤਾਕਤਾਂ ਦੇ ਢਹੇ ਚੜ੍ਹੀਆਂ ਤੇ ਇਨਕਲਾਬ ਦੇ ਰਾਹ ਵਿੱਚ ਅੜਿੱਕਾ ਦੱਸਦੀ।

ਬੁਲੰਦ ਹੌਸਲਾ, ਦ੍ਰਿੜ੍ਹ ਨਿਸਚਾ ਹੋਣ ’ਤੇ ਵੀ ਮੇਰੇ ਮਨ ਅੰਦਰ ਕਦੀ-ਕਦੀ ਨਿਰਾਸ਼ਾ ਉਪਜਦੀ ਜਿਸਦਾ ਅਸੀਂ ਕਦੇ ਕਿਸੇ ਸਾਹਮਣੇ ਪ੍ਰਗਟਾਵਾ ਨਾ ਕਰਦੇ। ਪਰ ਪੰਜਾਬ ਤੇ ਸਮੁੱਚੇ ਭਾਰਤ ਨੂੰ ਦਰਪੇਸ਼ ਇਸ ਖ਼ੌਫ਼ਨਾਕ ਤੇ ਦਹਿਸ਼ਤਗਰਦੀ ਦੇ ਹਾਲਾਤ ਵਿੱਚੋਂ ਛੇਤੀ ਨਿਕਲਦੇ ਦੇਖਣ ਬਾਰੇ ਵਿਚਾਰਾਂ ਕਰਦੇ। ਦੁਨੀਆਂ ਦੀਆਂ ਖਾੜਕੂ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਅਤੇ ਇੱਥੋਂ ਦੀ ਬੁਰਸ਼ਾਗਰਦੀ, ਧੀਆਂ-ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਨਾ ਰਹਿਣ, ਧਰਮ ਆਧਾਰਤ ਰਾਜਨੀਤੀ ਵਾਲੇ ਦਲਾਂ ਵਲੋਂ ਕਤਲਾਂ ਤੇ ਸਮੂਹਕ ਕਤਲਾਂ ਦੀ ਨਿੰਦਾ ਨਾ ਕਰਨ ਆਦਿ ਦੀ ਤੁਲਨਾ ਮਨ ਵਿੱਚ ਹੁੰਦੀ ਰਹਿੰਦੀ।

ਗੂੜ੍ਹੇ ਦੋਸਤਾਂ ਤੇ ਸਾਥੀਆਂ ਦੇ ਕਤਲਾਂ ਨੇ ਮੈਂਨੂੰ ਆਸ਼ਾ-ਨਿਰਾਸ਼ਾ ਦੀਆਂ ਸੋਚਾਂ ਦੇ ਘਣੇਰੇ ਜੰਗਲਾਂ ਵਿੱਚ ਧੱਕ ਦਿੱਤਾ। ਖੱਬੇ ਪੱਖੀ ਪਾਰਟੀਆਂ ਦੇ ਕੰਮ ਦੇ ਤਰੀਕੇ ਨੇ ਬਹੁਤ ਸਾਰੇ ਕਾਰਕੁੰਨਾਂ ਨੂੰ ਪਹਿਲਾਂ ਹੀ ਉਪਰਾਮ ਕੀਤਾ ਹੋਇਆ ਸੀ। ਕੋਈ ਸਾਥੀ ਭਾਰਤੀ ਕਮਿਊਨਿਸਟ ਪਾਰਟੀ ਤੋਂ ਟੁੱਟ ਕੇ ਮਾਰਕਸੀ ਪਾਰਟੀ ਵਿੱਚ ਚਲਾ ਜਾਂਦਾ ਤੇ ਕੋਈ ਉੱਧਰੋਂ ਇੱਧਰ। ਰੂਸ ਵਿੱਚ ਜ਼ਾਰਸ਼ਾਹੀ ਦੀਆਂ ਚਾਲਾਂ ਚਲਾਉਣ ਤੇ ਫਿਰ ਖਾਤਮੇ ਲਈ ਉੱਥੋਂ ਦੀਆਂ ਛੋਟੀਆਂ-ਵੱਡੀਆਂ ਕਮਿਊਨਿਸਟ ਪਾਰਟੀਆਂ ਵਲੋਂ ਮਿਲ ਕੇ ਕੀਤੇ ਸੰਘਰਸ਼ ਦਾ ਖ਼ਿਆਲ ਆਉਂਦਾ। ਸੋਚਦਾ, ਸਾਡੀਆਂ ਖੱਬੀਆਂ ਧਿਰਾਂ ਸੰਜੀਦਾ ਤੇ ਇਮਾਨਦਾਰ ਹੋ ਕੇ ਲੋਕਾਂ ਨੂੰ ਸੇਧ ਦੇਣ, ਹੈਂਕੜਬਾਜ਼ੀ ਦਾ ਤਿਆਗ ਕਰਨ।

ਇਨ੍ਹਾਂ ਅਨਿਸ਼ਚਿਤ ਹਾਲਾਤ ਤੇ ਸ਼ਸ਼ੋਪੰਜ ਭਰੇ ਦਿਨਾਂ ਵਿੱਚ ਨਿਕੋਲਾਈ ਉਸਤ੍ਰੋਵਸਕੀ ਦਾ ਸੰਸਾਰ ਪ੍ਰਸਿੱਧ ਨਾਵਲ ‘ਕਬਹੂ ਨ ਛਾਡੈ ਖੇਤੁ’ ਕਿਤਾਬਾਂ ਫ਼ੋਲਦਿਆਂ ਇੱਕ ਵਾਰ ਮੇਰੀ ਨਜ਼ਰੀਂ ਚੜ੍ਹਿਆ ਜਿਸਦਾ ਅਨੁਵਾਦ ਡਾ. ਕਰਨਜੀਤ ਸਿੰਘ ਦਾ ਕੀਤਾ ਹੋਇਆ ਹੈ। ਸਵੈਜੀਵਨੀ ਆਧਾਰਤ ਇਸ ਨਾਵਲ ਨੇ ਮੈਂਨੂੰ ਨਵੇਂ ਸਿਰਿਓਂ ਸੇਧ ਦਿੱਤੀ। ਹਰ ਹਾਲਤ ਵਿੱਚ ਬੁਲੰਦ ਹੌਸਲਾ, ਲੋਕਾਂ ਖ਼ਾਤਰ ਲਗਾਤਾਰ ਜੂਝਣਾ, ਦੇਸ਼ ਵਾਸਤੇ ਮਰ ਮਿਟਣ ਦੀ ਭਾਵਨਾ ਤੇ ਨਵੇਂ ਵਿਚਾਰਾਂ ਦੀ ਤਲਾਸ਼ ਨੇ ਮੇਰੇ ਅੰਦਰ ਅਥਾਹ ਊਰਜਾ ਭਰੀ। ਢਹਿੰਦੀਆਂ ਕਲਾਂ ਵਲ ਜਾ ਰਹੇ ਆਦਮੀ ਨੂੰ ਮੁੜ ਖੜ੍ਹਾ ਕਰਨ ਦੀ ਤਾਕਤ ਤੇ ਸਮਰੱਥਾ ਰੱਖਦੀ ਇਹ ਰਚਨਾ ਮੇਰੀ ਪ੍ਰੇਰਨਾ ਦਾ ਵੱਡਾ ਵਸੀਲਾ ਬਣ ਗਈ।

ਇਸ ਨਾਵਲ ਦੇ ਬਹੁਤ ਸਾਰੇ ਵਿਚਾਰਾਂ ਨੂੰ ਮੈਂ ਆਪਣੇ ਦੋਸਤਾਂ ਨਾਲ ਸਾਂਝੇ ਕਰਦਾ। ਪੱਲਿਓਂ ਪੈਸੇ ਖ਼ਰਚ ਕੇ ਇਸਦੀਆਂ ਸੱਤ-ਅੱਠ ਕਾਪੀਆਂ ਖ਼ਰੀਦੀਆਂ ਤੇ ਕਈਆਂ ਨੂੰ ਪੜ੍ਹਾਇਆ। ਕਾਮਰੇਡ ਪ੍ਰਸ਼ੋਤਮ ਸ਼ਰਮਾ ਨੇ ਆਪਣੇ ਨਵੇਂ ਜੰਮੇ ਪੁੱਤ ਦਾ ਨਾਂ ਪਵੇਲ ਤੇ ਧੀ ਦਾ ਨਾਂ ਤੋਨੀਆ ਰੱਖ ਲਿਆ। ਮਿਸਰਦੀਪ ਭਾਟੀਆ ਨੇ ਆਪਣੇ ਪੁੱਤ ਦਾ ਨਾਂ ਪਵੇਲ ਰੱਖਿਆ।

ਜਦੋਂ ਇਕੱਲਾ ਹੁੰਦਾ ਤਾਂ ਮੈਂ ਸੋਚਦਾ, ਦੁਨੀਆਂ ਉਮੀਦ ’ਤੇ ਚੱਲਦੀ ਹੈ। ਘੱਟੋ-ਘੱਟ ਨਿਕੋਲਾਈ ਉਸਤ੍ਰੋਵਸਕੀ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਸਾਡੀ ਮੌਜੂਦਾ ਤੇ ਨਵੀਂ ਪੀੜ੍ਹੀ ਜ਼ਰੂਰ ਤਿਆਰ ਹੋਵੇਗੀ।

ਛਾਂਗਿਆ ਰੁੱਖ (ਕਾਂਡ ਅਠਾਰ੍ਹਵਾਂ)

ਪਿਛਲੇ ਪੰਜਾਂ-ਛੇਆਂ ਸਾਲਾਂ ਤੋਂ ਪੰਜ-ਪਾਣੀਆਂ ਦੇ ਦੇਸ ਦਾ ਖ਼ਲਾਅ ਬਹੁਤ ਖ਼ਾਮੋਸ਼ ਹੋ ਗਿਆ! ਲਗਦਾ ਜਿਵੇਂ ਇਸ ਨੇ ਵੀ ਰਾਜਸੀ ਬੰਦਿਆਂ ਵਾਂਗ ਦਿਨ-ਰਾਤ ਆਪਣੇ ਮਖ਼ੌਟੇ ਬਦਲਣੇ ਸ਼ੁਰੂ ਕਰ ਦਿੱਤੇ ਹੋਣ। ਕਦੀ ਮਹਿਸੂਸ ਹੁੰਦਾ ਕਿ ਦਰਿੰਦਿਆਂ ਵਰਗੇ ਬੰਦਿਆਂ ਨੇ ਕੁਦਰਤ ਉੱਤੇ ਕਬਜ਼ਾ ਕਰਨ ਦੀ ਪੱਕੀ ਠਾਣੀ ਹੋਈ ਹੈ। ਖਾਓ-ਪੀਓ ਵੇਲੇ ਹੀ ਆਦਮੀਆਂ ਵਾਂਗ ਕੁੱਤੇ ਵੀ ਘਰਾਂ ਅੰਦਰ ਡੱਕ ਹੋ ਕੇ ਚੁੱਪ-ਚੁਪੀਤੇ ਬੈਠੇ ਰਹਿੰਦੇ ਜਿਵੇਂ ਭੌਂਕਣਾ ਉਨ੍ਹਾਂ ਦੇ ਸੁਭਾਅ ਵਿੱਚੋਂ ਮਨਫ਼ੀ ਹੋ ਰਿਹਾ ਹੋਵੇ! ਗਲ਼ੀਆਂ ਵਿੱਚ ਪਸਰੇ ਸਨਾਟੇ ਦੀ ਉਨ੍ਹਾਂ ਨੂੰ ਗਹਿਰ-ਗੰਭੀਰ ਸਮਝ ਆਉਣ ਲੱਗ ਪਈ ਹੋਵੇ! ਅਦਿੱਖ, ਸਾਜ਼ਿਸ਼ੀ ਸੰਨਾਟੇ ਦੀ ਚਾਦਰ ਨੂੰ ਜੇ ਲੀਰੋ-ਲੀਰ ਕਰਦੀ ਤਾਂ ਸਿਰਫ਼ ਠਾਹ-ਠਾਹ ਤੇ ਵੈਣਾਂ-ਸਿਆਪਿਆਂ ਤੇ ਰੋਣੇ-ਧੋਣੇ ਦੀ ਦਿਲ ਚੀਰਵੀਂ ਆਵਾਜ਼! ਜੇ ਕਿਧਰੇ ਮਾਤਮੀ-ਧੁਨ ਦੌਰਾਨ ਮੋਢਿਆਂ ਵਿਚਾਲੇ ਕੋਈ ਧੌਣ ਉੱਚੀ ਉੱਠਦੀ ਦਿਸਦੀ ਤਾਂ ਹਨ੍ਹੇਰੇ ਦੇ ਸੰਗੀਆਂ-ਸਾਥੀਆਂ ਵਲੋਂ ਉਹ ਸਦਾ ਲਈ ਅਲੋਪ ਕਰ ਦਿੱਤੀ ਜਾਂਦੀ - ਵੱਖਰੀ ਪਛਾਣ ਖ਼ਾਤਰ।

ਨਫ਼ਰਤ ਦੀ ਖੇਤੀਬਾੜੀ ਭੜਕਾਊ ਪਾਣੀਆਂ ਦੇ ਸਹਾਰੇ ਸੰਘਣੀ ਤੇ ਉੱਚੀ ਹੁੰਦੀ ਗਈ। ਮਾਲਕਾਂ ਤੇ ਪਾਲਕਾਂ ਨੂੰ ‘ਸਿੱਟੇ’ ਦੀ ਭਰਵੀਂ ਉਮੀਦ ਦਿਸਣ ਲੱਗੀ। ਕੱਚੀਆਂ ਕੁਆਰ ਗੰਦਲਾਂ ਨੂੰ ਬੇਰਹਿਮੀ ਨਾਲ ਤੋੜਦੇ-ਮਰੋੜਦੇ ਹੱਥ ਪਾਕਿ-ਪਵਿੱਤਰ ਗ਼ਰਦਾਨੇ ਜਾਣ ਲੱਗੇ। ਆਪਣਿਆਂ ਦੇ ਲਹੂ ਵਿੱਚ ਪਰਾਏ ਪ੍ਰਵੇਸ਼ ਕਰ ਗਏ ਜਾਪਦੇ ਜਿਸ ਕਾਰਨ ਵੱਖਰੀ ਲੋਚ ਤੇ ਸੋਚ ਦੀ ਸੁਰ ਉੱਭਰਦੀ। ਪਵਿੱਤਰ ਸਥਾਨਾਂ ਤੋਂ ਨਫ਼ਰਤ ਦੇ ਬਰੂਦ ਦੀਆਂ ਭਰੀਆਂ ਮਿਸਾਇਲਾਂ ਭਰਵੇਂ ਰੂਪ ਵਿੱਚ ਦਾਗ਼ੀਆਂ ਜਾਂਦੀਆਂ। ਘਰਾਂ ਅੰਦਰ ਦੀਵਾਰਾਂ ਉਸਰਨ ਲੱਗੀਆਂ।

... ਤੇ ਫ਼ੁਰਸਤ ਦੇ ਪਲਾਂ ਵਿੱਚ ਮੈਂ ਪੰਛੀਆਂ ਨੂੰ ਆਕਾਸ਼ ਵਿੱਚ ਉਡਦਿਆਂ ਦੇਖਦਾ। ਉਹ ਕਦੇ ਕਿਸੇ ਰੁੱਖ ਉੱਤੇ ਤੇ ਕਦੇ ਕਿਸੇ ਘਰ ਦੇ ਬਨੇਰੇ ਉੱਤੇ ਬਹਿੰਦੇ। ਹੱਦਾਂ-ਸਰਹੱਦਾਂ ਤੋਂ ਨਾਵਾਕਿਫ਼ ਤੇ ਇਹ ਸਭ ਕੁਝ ਉਨ੍ਹਾਂ ਲਈ ਅਰਥਹੀਣ ਜਿਵੇਂ ਸਾਰਾ ਜ਼ਮੀਨ-ਆਸਮਾਨ ਉਨ੍ਹਾਂ ਦਾ ਘਰ ਹੋਵੇ। ਮੇਰੀਆਂ ਸੋਚਾਂ ਉਨ੍ਹਾਂ ਦੀਆਂ ਪਰਵਾਜ਼ਾਂ ਦੇ ਮਗਰ-ਮਗਰ ਉਡਦੀਆਂ ਤੇ ਬਹੁਤੀ ਵਾਰ ਮਹਿਸੂਸ ਹੀ ਨਾ ਹੁੰਦਾ ਕਿ ਮੈਂ ਜ਼ਮੀਨ ’ਤੇ ਹਾਂ।

ਲੋਕ ਤੰਗ-ਪਰੇਸ਼ਾਨ ਕਿ ਦਿਨ ਚੜ੍ਹਦਿਆਂ ਹੀ ਕਦੇ ਕਿਸੇ ਪਿੰਡ ਤੇ ਕਦੇ ਕਿਸੇ ਪਿੰਡ ਮੁਕਾਣੀਂ ਜਾਣ ਦੀਆਂ ਤਿਆਰੀਆਂ ਕਰਦੇ। ਮੁਟਿਆਰਾਂ, ਅੱਧਖੜ ਤੇ ਬਜ਼ੁਰਗ ਔਰਤਾਂ ਦੇ ਸਿਰਾਂ ਦੇ ਦੁਪੱਟੇ ਚਿੱਟੇ ਤੇ ਮੂੰਹ ਪੂਣੀ ਵਰਗੇ ਬੱਗੇ ਦਿਸਦੇ। ਸਿਰਾਂ ਦੇ ਲਾਲ ਦੁਪੱਟੇ ਤੇ ਚਿਹਰਿਆਂ ਉੱਤੇ ਭਾ ਮਾਰਦੀ ਲਾਲੀ ਦਿਸ਼ਾਹੀਣ ਹਨ੍ਹੇਰੀ ਨੇ ਆਪਣੇ ਨਾਲ ਹੀ ਜਿਵੇਂ ਉਡਾ ਲਏ ਲਗਦੇ। ਵਿਹੜਿਆਂ ਵਿੱਚ ਫ਼ੂਹੜੀ-ਸੱਥਰ ਵਿਛਣੇ ਆਮ ਜਿਹੀ ਘਟਨਾ ਹੋ ਗਏ। ਇੱਕ ਬਜ਼ੁਰਗ ‘ਸਾਡੇ’ ਗੁਰਦੁਆਰੇ ਦੇ ਪਿੱਪਲ ਦੇ ਥੜ੍ਹੇ ਉੱਤੇ ਬੈਠਾ ਅਕਸਰ ਗੱਲ ਕਰਦਾ, ‘ਮੁਲਕ ’ਤੇ ਭਾਰੀ ਆ ਲੋਕੋ - ਹਮਲਿਆਂ ਤੋਂ ਬਾਅਦ ਇੱਦਾਂ ਦਾ ਖ਼ੂਨ-ਖ਼ਰਾਬਾ ਦੇਖ ਰਹੇ ਆਂ।’ ਫਿਰ ਜਿਵੇਂ ਲਾਚਾਰੀ ਵਿੱਚ ਕਹਿੰਦਾ, ‘ਸਤਿਗੁਰਾਂ ਦੇ ਅਸਥਾਨਾਂ ’ਤੇ ਬਹਿ ਕੇ ਜਿਹੜੇ ਸਾਜ਼ਸ਼ਾਂ, ਮਨਸੂਬੇ ਘੜਦੇ ਆ - ਉਨ੍ਹਾਂ ਦੇ ਮਨਾਂ ਵਿੱਚ ਸਤਿਗੁਰ ਆਪ ਬੈਠੇ ਤਾਂ ਇਹ ਕਲ਼ਾ ਨਿੱਬੜਨੀ ਆ - ਚਲੋ, ਕੁਦਰਤ ਇੱਕ ਦਿਨ ਲੋਕਾਂ ’ਤੇ ਮਿਹਰਬਾਨ ਹੋਊਗੀ। ਧਰਮ ਤੇ ਨਿਆਂ ਕਰ ਕੇ ਧਰਤੀ-ਅਸਮਾਨ ਥੰਮ੍ਹੇ ਖੜ੍ਹੇ ਆ!’

ਰੋਜ਼ਾਨਾ ਨਿਰਦੋਸ਼ਾਂ ਦੇ ਗਾਇਬ ਹੁੰਦੇ ਜਾਣ ਵਾਂਗ, ਭਰ ਗਰਮੀਆਂ ਵਿੱਚ ਬਿਜਲੀ ਦੇ ਦਰਸ਼ਨ-ਦੀਦਾਰੇ ਨਾਂ-ਮਾਤਰ ਹੋਣ ਦੇ ਬਾਵਜੂਦ ਦਹਿਸ਼ਤ ਤੇ ਬੁਰਸ਼ਾਗਰਦੀ ਤੋਂ ਡਰੇ ਹੋਏ ਜਵਾਨ-ਜਹਾਨ ਮੁੰਡੇ ਤੇ ਪਰਿਵਾਰ ਦੇ ਬਾਕੀ ਜੀਅ ਅੰਦਰੀਂ ਹੀ ਸੌਂਦੇ - ਤਾਲੇ ਮਾਰ ਕੇ ਰੱਖਦੇ। ਲੋਕ ਮੁਟਿਆਰ ਕੁੜੀਆਂ ਨੂੰ ਲੁਕੋ-ਲੁਕੋ ਰੱਖਦੇ ਜਿਵੇਂ ਚੋਰੀ ਚੁੱਕ ਲਿਜਾਣ ਵਰਗੀਆਂ ਵਸਤਾਂ ਹੋਣ। ਰੱਖਿਆ ਲਈ ਉੱਠੇ ਹੱਥ ਕਲਮ ਕਰ ਦਿੱਤੇ ਜਾਂਦੇ। ਨਿਰਾ ਯਮ-ਰਾਜ।

ਹਥਿਆਰਾਂ ਨਾਲ ਵਿਚਾਰਾਂ ਨੂੰ ਬਦਲਣ ਦੇ ਅਮੁੱਕ ਉਪਰਾਲੇ ਹੁੰਦੇ। ‘ਤੁੰਨੀ-ਮੁੰਨੀ’ ਇੱਕ ਬਰਾਬਰ' ਦੇ ਫ਼ਤਵੇ ਜਾਰੀ ਹੁੰਦੇ। ਕੁਝ ਕੁ ਲੋਕਾਂ ਦੀ ਅਜਿਹੀ ਮਾਨਸਿਕ ਚੜ੍ਹਤ ਦੇਖਦਿਆਂ ਇਨਸਾਫ਼ ਪਸੰਦ ਧਰਤ-ਪੁੱਤਰ ਲੋਕਾਂ ਦੀ ਏਕਤਾ ਤੇ ਇੱਕਤਾ ਵਾਸਤੇ ਦਿਨ-ਰਾਤ ਇਸ ਭਰਾ-ਮਾਰੂ ਵਰਤਾਰੇ ਦੇ ਖ਼ਿਲਾਫ਼ ਕਾਫ਼ਲੇ ਬਣਾ ਕੇ ਤੁਰਦੇ। ਲੋਕ-ਮਨ ਦੇ ਡੂੰਘੇ ਫੱਟਾਂ ਉੱਤੇ ਹਮਦਰਦੀ ਭਰੇ ਬੋਲਾਂ ਦੀ ਮੱਲ੍ਹਮ-ਪੱਟੀ ਕਰਦੇ। ਉਨ੍ਹਾਂ ਨੂੰ ਆਪਣੇ ਨਾਲ ਮਿਲਾਉਂਦੇ। ਸ਼ਬਦਾਂ ਦੇ ਚੀਨੇ ਕਬੂਤਰਾਂ ਨੂੰ ਸਰੇਆਮ ਖਲਾਅ ਵਿੱਚ ਉਡਾਉਂਦੇ।

... ਤੇ ਖਲਾਅ ਨੇ ਬੇਜ਼ੁਬਾਨਾਂ ਦੀ ਜ਼ੁਬਾਨ ਆਪਣੇ ਅੰਦਰ ਸਮੋ ਲਈ ਤੇ ਨਿੱਤ ਵਾਪਰਦੀਆਂ ਅਨੇਕ ਦਿਲ ਕੰਬਾਊ ਵਾਰਦਾਤਾਂ ਦਾ ਗਵਾਹ ਅਤੇ ਨਿਓਟਿਆਂ ਦੀ ਓਟ ਬਣ ਗਿਆ। ਫਿਰ ਉਹ ਦਿਨ ਆ ਗਏ ਜਦੋਂ ਖਲਾਅ ਖ਼ੁਦ ਦੀਵਾਰ ਬਣ ਗਿਆ - ਇੱਕ ਨਿਰੀ ਫ਼ੌਲਾਦੀ ਢਾਲ, ਜਿਸ ਦੀ ਉਹ ਹੀ ਮਿਸਾਲ। ਇੱਕ ਆਵਾਜ਼, ਜਿਸ ਨੇ ਹੋਰਾਂ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹਿਆ, ਉਹ ਚੁੱਪ ਕਰਾ ਦਿੱਤੀ ਗਈ। ਗੋਡਿਆਂ ਤੋਂ ਲੰਮੇ ਲਮਕਦੇ ਹੱਥ ਧਰਤੀ ਉੱਤੇ ਬੇਹਰਕਤ ਹੋ ਕੇ ਰਹਿ ਗਏ। ਸਿਫ਼ਤੀ ਦਾ ਘਰ ਛਲਨੀ-ਛਲਨੀ ਹੋ ਗਿਆ।

... ਖਲਾਅ ਵਿੱਚ ਸਰਕਾਰੀ ਸਹਿਮ ਤੇ ਧੜਕਣ ਰਹਿਤ ਮਰੀਅਲ ਜਿਹੀ ਜ਼ਿੰਦਗੀ ਮੈਂ ਪਹਿਲੀ ਵਾਰ ਤੱਕੀ। ਜਲੰਧਰ ਸ਼ਹਿਰ ਵਿੱਚ ਅੰਗਰੇਜ਼ੀ ਹਕੂਮਤ ਵੇਲੇ ਇੱਕ ਵਾਰ ਕਰਫਿਊ ਲੱਗਾ ਸੁਣਿਆ ਸੀ, ਉੱਥੇ ਦੂਜੀ ਵਾਰ ਤੇ ਸਮੁੱਚੇ ਪੰਜਾਬ ਵਿੱਚ ਪਹਿਲੀ ਵਾਰ ਇਹ ਦ੍ਰਿਸ਼ ਦੇਖਿਆ। ਟਾਵੇਂ-ਟਾਵੇਂ ਕੁੱਤਿਆਂ ਤੇ ਪੰਛੀਆਂ ਸਮੇਤ ਸੜਕਾਂ ਉੱਤੇ ਫ਼ੌਜੀ, ਨੀਮ-ਫ਼ੌਜੀ ਦਸਤੇ ਘੁੰਮਦੇ। ਕਰਫਿਊ ਲੱਗੇ ਸ਼ਹਿਰ ਵਿੱਚ ਸੱਚਮੁੱਚ ਵੀਰਾਨਗੀ ਪ੍ਰਤੱਖ ਦਿਸਦੀ। ਜਿਨ੍ਹਾਂ ਗਲ਼ੀਆਂ-ਬਾਜ਼ਾਰਾਂ ਵਿੱਚ ਦੋ-ਤਿੰਨ ਦਿਨ ਪਹਿਲਾਂ ਰੌਣਕਾਂ ਤੇ ਬੱਚਿਆਂ ਦੇ ਖੇਡਣ-ਮੱਲ੍ਹਣ ਦੇ ਨਜ਼ਾਰੇ ਦੇਖੇ ਸਨ, ਉੱਥੇ ਕੁੱਤਾ ਘੜੀਸਿਆ ਲਗਦਾ। ਸੱਚਮੁੱਚ ਜਿਵੇਂ ਸ਼ਹਿਰ ਵਿੱਚੋਂ ਬੰਦੇ, ਤੀਵੀਆਂ ਤੇ ਬੱਚੇ ਆਦਿ ਕਿਧਰੇ ਚਲੇ ਗਏ ਹੋਣ! ਖ਼ੌਫ਼ ਨੇ ਮਾਸੂਮਾਂ ਹੱਥੋਂ ਗ਼ੁਬਾਰੇ ਤੇ ਛੋਟਿਆਂ ਵੱਡਿਆਂ ਦੇ ਬੁੱਲ੍ਹਾਂ ਤੋਂ ਝਰਦੇ ਹਾਸਿਆਂ ਦੇ ਫ਼ੁਆਰੇ ਖੋਹ ਲਏ। ਦੁਕਾਨ-ਮਕਾਨ ਖੰਡਰਾਂ ਦੀ ਡਰਾਉਣੀ ਚੁੱਪ ਵਿੱਚ ਤਬਦੀਲ ਹੋ ਗਏ। ਵਿੱਚ-ਵਿੱਚ ਮੈਂ ਮਹਿਸੂਸ ਕਰਦਾ ਕਿ ਕੋਈ ਮੇਰਾ ਪਿੱਛਾ ਕਰਦਾ ਆ ਰਿਹਾ ਹੈ। ਮੈਂ ਮੁੜ-ਮੁੜ ਪਿਛਾਂਹ ਨੂੰ ਦੇਖਦਾ - ਮੇਰੇ ਆਪਣੇ ਹੀ ਵਹਿਮ ਤੋਂ ਬਿਨਾਂ ਕੋਈ ਨਾ ਹੁੰਦਾ।

ਦਗ਼ਦੀ-ਮਘਦੀ ਸਿਰ-ਪੈਰ ਰਹਿਤ ਅੱਗ ਕਿਸੇ ਦਾ ਲਿਹਾਜ਼ ਨਾ ਕਰਦੀ ਤੇ ਅਖੀਰ ਤਖ਼ਤ ਨੂੰ ਜਾ ਪਈ। ਕੌਮੀ ਤੇ ਕੌਮਾਂਤਰੀ ਆਵਾਜ਼ ਰਾਜਧਾਨੀ ਵਿੱਚ ਹੀ ਸਦਾ ਲਈ ਖ਼ਾਮੋਸ਼ ਕਰ ਦਿੱਤੀ ਗਈ। ‘ਵੱਡਾ ਦਰਖਤ ਡਿਗਿਆ, ਧਰਤੀ ਕੰਬ ਗਈ!’ ਦਿਨ-ਰਾਤ ਬਦਲਾਖੋਰ ਬਣ ਗਏ। ਨਿਰਦੋਸ਼ ਤੇ ਮਾਸੂਮ ਹੱਥ ਜ਼ਿੰਦਗੀ ਦੀ ਖ਼ੈਰ ਮੰਗਦੇ, ਆਪਸ ਵਿੱਚ ਜੁੜੇ ਹੀ ਰਹਿ ਗਏ। ਘਰਾਂ ਅੰਦਰ ਭੈ-ਭੀਤ ਤੇ ਆਂਢ-ਗਵਾਂਢ ਵਿੱਚ ਪਨਾਹ ਲੈ ਕੇ ਬੈਠੇ ਲੋਕ ਅੱਗ ਦੀ ਬਲੀ ਚੜ੍ਹਾ ਦਿੱਤੇ ਗਏ, ਜਿਵੇਂ ਉਨ੍ਹਾਂ ਨੇ ਹੀ ਗੁਨਾਹ ਭਰਿਆ ਕਾਰਾ ਕੀਤਾ ਹੋਵੇ। ‘ਜਾਦੂ’ ਸਿਰ ਚੜ੍ਹ ਕੇ ਬੋਲਿਆ - ਲੋਥਾਂ ਉੱਤੇ ਪਿਸ਼ਾਬ, ਬੇਕਿਰਕ ਕਤਲ, ਗਲ਼ਾਂ ਵਿੱਚ ਬਲਦੇ ਟਾਇਰ ਤੇ ਜਬਰ-ਜਨਾਹ ਦੀਆਂ ਘਟਨਾਵਾਂ ਇਸ ਤਰ੍ਹਾਂ ਵਾਪਰਦੀਆਂ ਜਿਵੇਂ ਪਰਾਏ ਮੁਲਕ ਦੇ ਧਾੜਵੀ ਕਰ-ਕਰਵਾ ਰਹੇ ਹੋਣ। ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’ ਦੇ ਨਾਅਰੇ ਬਿਜਲਈ ਮਾਧਿਅਮਾਂ ਉੱਤੇ ਸੁਣਦੇ।

ਨਿਆਂ-ਪਸੰਦ ਤੇ ਸੰਵੇਦਨਸ਼ੀਲ ਵਿਅਕਤੀ ਅਮਨ-ਸ਼ਾਂਤੀ ਦੀਆਂ ਅਪੀਲਾਂ ਕਰਦੇ। ਬਹੁਤਿਆਂ ਦੀ ਰਾਤਾਂ ਦੀ ਨੀਂਦ ਹਨ੍ਹੇਰਿਆਂ ਵਿੱਚ ਹੀ ਗੁਆਚ ਗਈ। ਕਈ ਵਾਰ ਗੱਲ ਪੂਰੀ ਨਾ ਹੁੰਦੀ, ਬੁੱਲ੍ਹ ਫ਼ਰਕ ਕੇ ਰਹਿ ਜਾਂਦੇ।

ਇਨ੍ਹਾਂ ਗ਼ੈਰਯਕੀਨੀ ਤੇ ਸ਼ੱਕੀ ਹਾਲਾਤ ਵਿੱਚ ਭਾਈਏ ਨੇ ਮੈਂਨੂੰ ਸਲਾਹ ਦਿੱਤੀ, ‘ਪੱਗ ਲਾਹ ਕੇ ਤੇ ਵਾਲ ਥੋੜ੍ਹੇ ਹੋਰ ਛੋਟੇ ਕਰਾ ਕੇ ਦਿੱਲੀ ਨੂੰ ਵਗ ਜਾ। ਬਖਸ਼ੀ ਸਣੇ ਸਾਰੇ ਰਿਸ਼ਤੇਦਾਰਾਂ ਨੂੰ ਅੱਖੀਂ ਦੇਖ ਕੇ ਆ। ਹੁਣ ਕੱਟ-ਵੱਢ ਰੁਕ ਗਈ ਲਗਦੀ ਆ।’

ਦਿੱਲੀ ਬੱਸ ਅੱਡੇ ਤੋਂ ਵੱਡੇ ਭਰਾ ਕੋਲ ਜਾਂਦਿਆਂ ਚੁਫ਼ੇਰੇ ਫ਼ੈਲੇ ਸਹਿਮ ਨੂੰ ਮਹਿਸੂਸ ਕੀਤਾ। ਆਲਾ-ਦੁਆਲਾ ਵੱਢ-ਖਾਣ ਨੂੰ ਪੈਂਦਾ। ਧੁੰਆਂਖੇ ਘਰਾਂ ਨੂੰ ਦੇਖ ਕੇ ਮੈਂਨੂੰ ਆਪਣੇ ਘਰ ਬਿਜਲੀ ਦੇ ਮੀਟਰ ਕੋਲ ਚਿੜੀ ਵਲੋਂ ਬਣਾਏ ਉਸ ਦੇ ਆਹਲਣੇ ਦਾ ਖ਼ਿਆਲ ਆਇਆ ਜਿਸ ਨੂੰ ਤੀਲਾ-ਤੀਲਾ ਜੋੜ ਕੇ ਬਣਾਉਂਦਿਆਂ ਮੈਂ ਦੇਖਿਆ ਸੀ। ਪਰ ਜਦੋਂ ਅਚਾਨਕ ਨ੍ਹੇਰੀ-ਝੱਖੜ ਆਇਆ ਤਾਂ ਉਹਦਾ ਕੱਖ-ਕੱਖ ਉਡ ਗਿਆ ਤੇ ਫਿਰ ਮੀਟਰ ਦੀਆਂ ਤਾਰਾਂ ਵਿੱਚੋਂ ਚਿੰਗਾੜੇ ਨਿਕਲ ਪਏ ਸਨ ਤੇ ਚਿੜੀ ਆਪਣੇ ਪਰਿਵਾਰ ਸਮੇਤ ਪਲਾਂ ਵਿੱਚ ਹੀ ਰਾਖ ਹੋ ਗਈ ਸੀ ... ਤੇ ਦਿਲ-ਦਿਮਾਗ਼ ਵਿੱਚ ਇੰਨਾ ਕੁਝ ਭਰ ਗਿਆ ਕਿ ਅਗਲੇ ਦਿਨ ਹੀ ਮੈਂ ਦਿੱਲੀਓਂ ਪਰਤ ਆਇਆ। ਮਾਨਵਤਾ ਕਿਧਰੇ ਅਲੋਪ ਹੋ ਗਈ ਲਗਦੀ। ਦਿਨਾਂ-ਮਹੀਨਿਆਂ ਬਾਅਦ ਕਵਿਤਾਵਾਂ ਆਪ ਮੁਹਾਰੇ ਫੁੱਟ ਪਈਆਂ ...!

... ਤੇ 24 ਜੁਲਾਈ, 1985 ਮੇਰਾ ਤੀਹਵਾਂ ਜਨਮ ਦਿਨ ਤੇ ਦੇਸ਼ ਲਈ ਇਤਿਹਾਸਕ। ਗਿਆਰਾਂ ਸੂਤਰੀ ਰਾਜੀਵ ਲੌਂਗੋਵਾਲ ਸਮਝੌਤਾ -ਲੋਕ ਅਖ਼ਬਾਰਾਂ ਪੜ੍ਹਦੇ, ਖ਼ਬਰਾਂ ਸੁਣਦੇ - ਚੰਡੀਗੜ੍ਹ ਪੰਜਾਬ ਨੂੰ ਤੇ ਬਦਲੇ ਵਿੱਚ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ, ਰਾਵੀ-ਬਿਆਸ ਦੇ ਪਾਣੀਆਂ ਦੀ ਵੰਡ ਟ੍ਰਿਬਿਊਨਲ ਦੇ ਹਵਾਲੇ, ਕਾਨਪੁਰ ਤੇ ਬੋਕਾਰੋ ਦੇ ਨਵੰਬਰ ਦੰਗਿਆਂ ਦੀ ਜਾਂਚ, ਆਨੰਦਪੁਰ ਸਾਹਿਬ ਮਤਾ ਸਰਕਾਰੀਆ ਕਮਿਸ਼ਨ ਦੇ ਸਪੁਰਦ, ਫ਼ੌਜ ਤੋਂ ਭਗੌੜਿਆਂ ਦਾ ਪੁਨਰਵਾਸ ਆਦਿ ...। ਦਿੱਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਦੀ ਪੜਤਾਲ ਵਾਸਤੇ ਪਹਿਲਾਂ ਹੀ ਰੰਗਨਾਥ ਮਿਸ਼ਰ ਕਮਿਸ਼ਨ ਬੈਠਾ ਦਿੱਤਾ ਹੋਇਆ ਸੀ। ਸਮਝੌਤਾ ਧਿਰਾਂ ਦੇ ਮੁਖੀ ਰਾਤੋ-ਰਾਤ ਅਮਨ ਦੇ ਮਸੀਹਾ ਬਣ ਗਏ। ਖੱਬੇ ਪੱਖੀ ਲੋਕਾਂ ਦੀ ਇਸ ਪਾਸੇ ਨਿਭਾਈ ਜਾ ਰਹੀ ਭੂਮਿਕਾ ਤੇ ਯੋਗਦਾਨ ਨੂੰ ਬਹੁਤਾ ਵਜ਼ਨ ਹੀ ਨਾ ਦਿੱਤਾ ਗਿਆ।

ਅੱਤਵਾਦ ਦੇ ਖ਼ਿਲਾਫ਼ ਨਰਮ ਦਲੀਆਂ ਵਲੋਂ ਵੀ ਹੁਣ ਸ਼ਾਂਤੀ ਤੇ ਭਾਈਚਾਰੇ ਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ। ਥਾਂ-ਥਾਂ ਗੱਲਾਂ ਹੁੰਦੀਆਂ, ‘ਜੇ ਸਹੀ ਨੀਤ ਨਾਲ ਸਮਝੌਤਾ ਲਾਗੂ ਹੋ ਜਾਵੇ ਤਾਂ ਪੰਜਾਬ ਤੇ ਦੇਸ਼ ਦੋਖੀਆਂ ਨੂੰ ਸਬਕ ਸਿਖਾਇਆ ਜਾ ਸਕਦਾ।’

ਪੰਜਾਬੀ-ਹਿੰਦੀ ਇਲਾਕਿਆਂ ਦੇ ਦੇਣ-ਲੈਣ ਦੀ ਗੱਲ ‘ਕੁੰਦੂਖੇੜਾ ਕਰੂ ਨਿਬੇੜਾ’ ਉੱਤੇ ਆ ਕੇ ਮੁੱਕਦੀ। ... ਫਿਰ ਕੁਝ ਜਨੂੰਨੀ ਲੋਕ ਸਰਕਾਰੀ ਅਫਸਰਾਂ ਅੱਗੇ ਪੰਜਾਬੀ ਵਿੱਚ ਕਹਿੰਦੇ ਸੁਣੇ, ‘ਸਾਡੀ ਮਾਂ ਬੋਲੀ ਹਿੰਦੀ ਲਿਖੋ ਜੀ!’ ... ਤੇ ਇਉਂ ਗਿਆਰਾਂ ਕੁ ਮਹੀਨੇ ਭੰਬਲ਼ਭੂਸਿਆਂ ਵਿੱਚ ਬੀਤ ਗਏ। ਪੰਜਾਬ ਦਾ ਸੰਤਾਪ ਜਿਉਂ ਦਾ ਤਿਉਂ, ਨਾ ਹਾਲਾਤ ਬਦਲੇ ਨਾ ਅਮਨ ਪਰਤਿਆ।

ਮਾਹੌਲ ਉਸ ਵਕਤ ਹੋਰ ਡਰਾਉਣਾ ਤੇ ਭਿਆਨਕ ਹੋ ਗਿਆ ਜਦੋਂ ਧਰਮ-ਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੰਗਰੂਰ ਤੋਂ ਤੀਹ ਕਿਲੋਮੀਟਰ ਦੂਰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ (20 ਅਗਸਤ 1986) ਕਰ ਦਿੱਤੀ ਜਦੋਂ ਉਹ ਸ਼ੇਰਪੁਰ ਪਿੰਡ ਦੇ ਗੁਰਦੁਆਰੇ ਅੰਦਰ ਆਪਣਾ ਭਾਸ਼ਨ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਨ। ਪੰਜਾਬ ਵਿੱਚ ਸੋਗ ਦੀ ਲਹਿਰ ਹੋਰ ਸੰਘਣੀ ਹੋ ਗਈ।

ਨਰਮ ਤੇ ਗਰਮ ਦਲਾਂ ਅਤੇ ਸਰਕਾਰ ਦੇ ਬਦਲਦੇ ਪੈਂਤੜਿਆਂ ਕਾਰਨ ਆਮ ਜਨਤਾ ਦਹਿਸ਼ਤ ਤੇ ਕਤਲੋਗ਼ਾਰਤ ਦੇ ਪੁੜਾਂ ਵਿਚਾਲੇ ਲਗਾਤਾਰ ਪਿਸਦੀ ਨਜ਼ਰ ਆਉਂਦੀ। ਅਮਨ, ਏਕਤਾ ਹਰ ਹਾਲਤ ਵਿੱਚ ਬਣਾਈ ਰੱਖਣ ਤੇ ਬੁਰਸ਼ਾਗ਼ਰਦੀ ਦਾ ਮੂੰਹ-ਤੋੜਵਾਂ ਜਵਾਬ ਦੇਣ ਦੀਆਂ ਅਪੀਲਾਂ ਹੁੰਦੀਆਂ। ਕੁਝ ਅਖ਼ਬਾਰਾਂ ਦੇ ਪ੍ਰਤਿਬੱਧ ਮਾਲਕ ਤੇ ਕਰਿੰਦੇ ਲੋਕਾਂ ਨਾਲ ਖੜ੍ਹਦੇ ਤੇ ਕੁਝ ਵਕਤੀ ਤੌਰ ’ਤੇ ਖਾੜਕੂਆਂ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੁੰਦੇ ਗਏ।

ਇਸ ਕਾਲ਼ੇ-ਕਾਲ ਦੌਰਾਨ ਮੇਰੀ ਨੌਕਰੀ ਦੇ ਪ੍ਰੋਬੇਸ਼ਨ ਤੋਂ ਬਾਅਦ ਤਰੱਕੀ ਹੋ ਗਈ ਤੇ ਮੈਂ ਗ਼ਜ਼ਟਿਡ ਅਫਸਰ ਬਣ ਗਿਆ। ਆਪਣੀ ਖ਼ੁਸ਼ੀ ਦੀ ਖ਼ਬਰ ਦੇਣ ਮੈਂ ਪਾਰਟੀ ਦਫਤਰ ਗਿਆ।

‘ਵਧਾਈ! ਹੁਣ ਤੂੰ ਮੈਨੇਜਮੈਂਟ ਦਾ ਹਿੱਸਾ ਬਣ ਗਿਆਂ - ਅਸੀਂ ਚਾਹਾਂਗੇ ਤੂੰ ਬਹੁਤਾ ਨਾ ਇੱਥੇ ਆਵੇਂ। ਨਾਲ਼ੇ ਪਿਛਲੇ ਸਾਲਾਂ ਤੋਂ ਤੂੰ ਕਿਹੜਾ ਕਾਰਡ ਹੋਲਡਰ ਆਂ!’ ਜ਼ਿਲ੍ਹਾ ਸਕੱਤਰ ਨੇ ਮੈਂਨੂੰ ਦੋ-ਟੁਕ ਸਲਾਹ ਦਿੱਤੀ, ‘ਇਹਦੇ ਵਿੱਚ ਤੇਰੀ ਬਿਹਤਰੀ ਆ!’

ਮੈਂਨੂੰ ਆਪਣਾ ਬਹੁਤ ਕੁਝ ਖੁੱਸਦਾ ਜਾਪਿਆ। ਪਿਛਲੇ ਬਾਰਾਂ ਸਾਲਾਂ ਤੋਂ ਕਈ ਸਿਆਣੇ ਸਾਥੀਆਂ ਦਾ ਨਿੱਘਾ ਪਿਆਰ, ਅਪਣੱਤ ਤੇ ਸੁਚੱਜੀ ਅਗਵਾਈ ਤੋਂ ਇਕਦਮ ਵਿਰਵਾ ਮਹਿਸੂਸ ਹੋਇਆ, ਜਿਵੇਂ ਮੋਰਚੇ ਉੱਤੇ ਸ਼ਿੱਦਤ ਤੇ ਸੁਹਿਰਦਤਾ ਨਾਲ ਡਟਿਆ ਕੋਈ ਸਿਪਾਹੀ ਜ਼ਖ਼ਮੀ ਤੇ ਫਿਰ ਅਪਾਹਜ ਹੋ ਗਿਆ ਹੋਵੇ। ਤਨ ਦੀਆਂ ਸਰਗਰਮੀਆਂ ਮਨ ਦੀਆਂ ਸਰਗਰਮੀਆਂ ਵਿੱਚ ਅਨੁਵਾਦ ਹੋਣ ਲੱਗੀਆਂ। ਕਾਲੇ-ਚਿੱਟੇ ਸ਼ਬਦਾਂ ਦੀਆਂ ਗੋਲ਼ੀਆਂ ਬੇਇਨਸਾਫ਼ੀ, ਅਮਨ-ਭਾਈਚਾਰੇ ਨੂੰ ਸੰਨ੍ਹ ਲਾ ਰਹੇ ਦੁਸ਼ਟਾਂ ਤੇ ਸਮਾਜਿਕ ਅਬਰਾਬਰੀ ਵਿਰੁੱਧ ਦਾਗਣ ਦਾ ਪੱਕਾ ਫ਼ੈਸਲਾ ਮੈਂ ਮਨ ਵਿੱਚ ਪਿੰਡ ਨੂੰ ਬੱਸ ਵਿੱਚ ਜਾਂਦਿਆਂ ਕਰ ਲਿਆ।

‘ਮੇਰੀ ਬਦਲੀ ਦਿੱਲੀ ਦੀ ਹੋ ਗਈ ...!’ ਮੈਂ ਘਰ ਦੇ ਵਿਹੜੇ ਵਿੱਚ ਪੈਰ ਪਾਉਂਦਿਆਂ ਭਾਈਏ ਤੇ ਮਾਂ ਨੂੰ ਦੱਸਿਆ।

‘ਰੱਬ ਦਾ ਸ਼ੁਕਰ ਆ, ਜਿਹਨੇ ਇੰਨਾ ਨੇੜੇ ਹੋ ਕੇ ਸੁਣੀ ...।’ ਮਾਂ ਨੇ ਮੇਰੀ ਅਧੂਰੀ ਗੱਲ ਸੁਣ ਕੇ ਕਾਹਲੀ ਨਾਲ ਆਖਿਆ ਤੇ ਧਰਤੀ ਨਮਸਕਾਰੀ। ਅਚਾਨਕ ਖਿੜਿਆ ਉਹਦਾ ਚਿਹਰਾ ਮੇਰੇ ਲਈ ਹੈਰਾਨੀ ਦਾ ਸਬੱਬ ਬਣ ਗਿਆ। ਮੇਰਾ ਸਿਰ ਪਲੋਸਦਿਆਂ ਉਹਨੇ ਪੁੱਛਿਆ, ‘ਕਦੋਂ ਜਾਣਾ? ਮੈਂ ਤਾਂ ਕਈਨੀ ਆਂ ਪਈ ਜਿਹੜਾ ਭਲਕੇ ਜਾਣਾ, ਅੱਜ ਈ ਦਿੱਲੀ ਦੀ ਗੱਡੀ ਚੜ੍ਹ ਜਾ ...।’

ਜ਼ਰਾ ਕੁ ਰੁਕ ਕੇ ਉਹਨੇ ਆਪਣੇ ਚਿੱਤ ਦੀ ਗੱਲ ਦੱਸੀ, “ਕਾਮਰੇਟ ਕੁਲਵੰਤ (ਦੋ ਵਾਰ ਰਹਿ ਚੁੱਕੇ ਐੱਮ.ਐੱਲ.ਏ., ਕਾਮਰੇਡ ਕੁਲਵੰਤ ਸਿੰਘ) ਰਾਹ ਬਦਲ ਬਦਲ ਕੇ ਤਈਨੂੰ ਫਿਰਨੀ ਦੇ ਮੋੜ ’ਤੇ ਛੱਡ ਕੇ ਜਾਂਦਾ - ਕਦੀ ਕਿਸੇ ਬੇਲੇ ਆਉਨਾ, ਕਦੀ ਕਿਸੇ ਬੇਲੇ। ਜਿੰਦਗੀ ਦਾ ਕੀ ਭਰੋਸਾ ਰਹਿ ਗਿਆ। ਹਰ ਦਮ ਜਾਨ ਸੁੱਕਦੀ ਰਹਿੰਦੀ ਆ। ਦਿੱਲੀ ਬੜੇ ਭਰਾ ਕੋਲ ਰਹੂੰਗਾ ਤਾਂ ਸਾਨੂੰ ਚਿੰਤਾ ਤਾਂ ਨਾ ਰਹੂ ...।”

“ਸਾਧ ਦੇ ਕੁੱਤੇ ਆਂਙੂੰ ਜਿੱਥੇ ਕੋਈ ਕਾਮਰੇਡ ਦੇਖਿਆ, ਉਹਦੇ ਮਗਰ ਤੁਰ ਪਿਆ। ਸਾਡੇ ਵਰਜਿਆਂ ਤਾਂ ਉਨ੍ਹਾਂ ਪਿੱਛਿਓਂ ਹਟਿਆ ਨਹੀਂ ਸੀ, ਚੱਲ ਹੁਣ ...।” ਭਾਈਏ ਨੇ ਕਿਹਾ ਤੇ ਉਹਦੇ ਚਿਹਰੇ ਉੱਤੇ ਕਿਸੇ ਜੇਤੂ ਵਾਂਗ ਖ਼ੁਸ਼ੀ ਦੀ ਲਹਿਰ ਦੌੜਦੀ ਦਿਸੀ।

“ਮੇਰੀ ਤਰੱਕੀ ...।” ਮੇਰੀ ਗੱਲ ਨੂੰ ਮਾਂ ਨੇ ਅੱਧ-ਵਿਚਾਲੇ ਫਿਰ ਟੋਕ ਕੇ ਆਖਿਆ, “ਲੀੜਾ-ਕੱਪੜਾ ਕਦੋਂ ਨੂੰ ਰੱਖਣਾ?”

ਮੈਂ ਅੱਗੇ ਕੁਝ ਕਹਿੰਦਾ, ਮਾਂ ਆਪੇ ਆਪਣੇ ਦਿਲ ਦੀ ਗੱਲ ਦੱਸਣ ਲੱਗੀ, “ਇਨ੍ਹਾਂ ਚੰਦਰੇ ਦਿਨਾਂ ਤੇ ਕਲਹਿਣੀਆਂ ਰਾਤਾਂ ਨੇ ਮਾਵਾਂ ਦੇ ਸਰੂਆਂ ਵਰਗੇ ਪੁੱਤ ਨਿਗਲਣ ਦਾ ਦਾਈਆ ਬੰਨ੍ਹਿਆ ਹੋਇਆ - ਇਸ ਕਰ ਕੇ ਪੁੱਤ ਮੈਂ ਕਈਨੀ ਆਂ ਪਈ ਤੂੰ ਇੱਥੋਂ ਦੂਰ ਚਲੇ ਜਾ।” ਮਾਂ ਨੇ ਆਪਣੀਆਂ ਅੱਖਾਂ ਵਿੱਚੋਂ ਡਿਗਣ-ਡਿਗਣ ਕਰਦੇ ਹੰਝੂਆਂ ਨੂੰ ਦੁਪੱਟੇ ਦੇ ਲੜ ਨਾਲ ਪੂੰਝਦਿਆਂ ਆਖਿਆ, “ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ਭੇਜ ਕੇ ਦੁਆਮਾਂ ਕਰਦੀਆਂ ਤੇ ਫਿਰ ਮਿਲਣ ਲਈ ਤੜਫਦੀਆਂ ਤੇ ਵਿਲਕਦੀਆਂ ...।”

ਮਾਂ ਦਾ ਗਲ਼ਾ ਜਿਵੇਂ ਬੈਠ ਜਿਹਾ ਗਿਆ ਤੇ ਉਹਦੇ ਕਈ ਬੋਲ ਉਹਦੇ ਮੂੰਹ ਵਿੱਚ ਹੀ ਰਹਿ ਗਏ। ਮੈਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੱਡੇ ਦਿਲ ਤੇ ਜਿਗਰੇ ਵਾਲਾ ਹਾਂ ਪਰ ਅੰਦਰੋਂ ਬਰਫ਼ ਦੇ ਡਲ਼ੇ ਵਾਂਗ ਖੁਰਨ ਲੱਗ ਪਿਆ ਤੇ ਮਨ ਵਿੱਚ ਮੇਰੇ ਤਾਇਆਂ ਦੇ ਫ਼ੌਜੀ ਪੁੱਤਾਂ ਨੋਹਣੇ, ਫੁੰਮ੍ਹਣ ਤੇ ਮੱਦੀ ਬਾਰੇ ਤੁਲਨਾ ਹੁੰਦੀ ਦਿਸੀ। ਉਨ੍ਹਾਂ ਦੇ ਛੁੱਟੀ ਕੱਟ ਕੇ ਜਾਣ ਵੇਲੇ ਵਿਹੜੇ ਦੀਆਂ ਅੱਧੀਆਂ ਕੁੜੀਆਂ-ਬੁੜ੍ਹੀਆਂ ਤੇ ਨਿਆਣੇ-ਸਿਆਣੇ ਇਕੱਠੇ ਹੁੰਦੇ। ਗੱਲਾਂ ਹੁੰਦੀਆਂ, ‘ਗਿਣਤੀ ਦੇ ਦਿਨ ਚੁਟਕੀ ਵਿੱਚ ਮੁੱਕ ਜਾਂਦੇ ਆ, ਲਗਦਾ ਈ ਨਹੀਂ ਪਈ ਨੋਹਣਾ ਮਹੀਨੇ ਦੀ ਛੁੱਟੀ ਆਇਆ ਹੋਵੇ ...।’

ਕੋਈ ਦੱਸਦਾ, ‘ਨਦੀ ਨਾਮ ਸੰਯੋਗੀ ਮੇਲੇ ... ਚਲੋ ਤੰਦਰੁਸਤੀ ਰਹਿਣੀ ਚਾਹੀਦੀ ਆ। ਢਿੱਡ ਵਿੱਚ ਝੁਲਕਾ ਪਾਉਣ ਲਈ ਹੀਲਾ-ਵਸੀਲਾ ਤਾਂ ਕਰਨਾ ਈ ਪਈਂਦਾ!’

ਮੈਂ ਦੇਖਦਾ ਕਿ ਮੇਰੀਆਂ ਤਾਈਆਂ, ਉਨ੍ਹਾਂ ਦੀਆਂ ਨੂੰਹਾਂ-ਧੀਆਂ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਤੋਰਦੀਆਂ। ਮਾਹੌਲ ਵਿੱਚ ਕੁਝ ਚਿਰ ਵਾਸਤੇ ਮੱਲੋਮੱਲੀ ਚੁੱਪ ਵਰਤ ਜਾਂਦੀ।

ਮੇਰੇ ਚੇਤਿਆਂ ਦੀ ਲੜੀ ਭਾਈਏ ਦੇ ਹੁੱਕੇ ਦੀ ਮੂੰਹ ਵਿਚਲੀ ਨੜੀ ਦੀ ਗੁੜਗੁੜ ਨਾਲ ਟੁੱਟੀ।

“ਗੁੱਡ! ਬੁਢਾਪਾ ਸਾਡੇ ’ਤੇ ਛਾਲਾਂ ਮਾਰਦਾ ਚੜ੍ਹਦਾ ਆ ਰਿਹਾ ਹੁਣ। ਇਹ ਨਾ ਹੋਵੇ ਪਈ ਮੁੜ ਕੇ ਪਿੰਡ ਨੂੰ ਬੱਤੀ ਨਾ ਵਾਹੇਂ! ਦੱਸਦੇ ਆ ਜਿਹੜਾ ਦਿੱਲੀ ਜਾਂਦਾ, ਉੱਥੇ ਦਾ ਹੋ ਕੇ ਰਹਿ ਜਾਂਦਾ! ਅਜੇ ਸਾਰੀ ਕਬੀਲਦਾਰੀ ਨਜਿੱਠਣ ਆਲੀ ਆ!” ਭਾਈਏ ਦੀਆਂ ਅੱਖਾਂ ਵਿੱਚ ਮਜਬੂਰੀਆਂ ਤੇ ਬੇਯਕੀਨੀ ਦਾ ਵਗਦਾ ਦਰਿਆ ਮੈਂ ਤੱਕਿਆ ਜੋ ਕੰਢਿਆਂ ਤੋਂ ਬਾਹਰ ਉਛਲਣ ਲਈ ਉਤਾਵਲਾ ਸੀ।

“ਭਾਈਆ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਆਂ ...।” ਆਪਣੀ ਜ਼ਿੰਮੇਵਾਰੀ ਸਮਝਦਿਆਂ ਮੈਂ ਦ੍ਰਿੜ੍ਹ ਇਰਾਦੇ ਨਾਲ ਭਰੋਸਾ ਦਿਵਾਇਆ।

“ਭਾਈਆ-ਭਾਈਆ ਕਰਦਾਂ, ਇਹਦਾ ਮਤਲਬ ਪਤਾ?” ਆਪਣੇ ਜਿਸਮ ਵਲ ਹੱਥ ਨਾਲ ਇਸ਼ਾਰਾ ਕਰਦਿਆਂ ਉਹਨੇ ਆਖਿਆ, “ਇਸ ਸਰੀਰ ਦੇ ਬਹਾਨੇ ਤੂੰ ਪੈਦਾ ਹੋਇਆ, ਇਸ ਸਰੀਰ ਦਾ ਤੂੰ ਹਿੱਸਾ ਆਂ। ਸੋ ਆਪਾਂ ਇਸ ਤਰੀਕੇ ਦੋਵੇਂ ਜਣੇ ਭਾਈ ਆਂ।” ਭਾਈਏ ਨੇ ਕਿਸੇ ਗੁਣੀ-ਗਿਆਨੀ ਵਾਂਗ ਗੱਲ ਕੀਤੀ ਜਿਸ ਵਿੱਚੋਂ ਨਹੋਰਾ ਵੀ ਸਾਫ਼ ਝਲਕਦਾ ਦਿਖਾਈ ਦਿੱਤਾ।

ਰਾਤ-ਭਰ ਮੈਂ ਆਪਣੇ ਹੀ ਅਦਿੱਖ ਖ਼ਿਆਲਾਂ ਦੇ ਘੇਰੇ ਵਿੱਚ ਘਿਰਿਆ ਰਿਹਾ। ਦੋਸਤਾਂ-ਮਿੱਤਰਾਂ, ਜੋ ਪੈਰ-ਪੈਰ ’ਤੇ ਮੇਰੇ ਅੰਗ-ਸੰਗ ਰਹੇ, ਤੋਂ ਇਕਦਮ ਅਚਨਚੇਤ ਚਾਰ ਸੌ ਕਿਲੋਮੀਟਰ ਦੂਰ ਦੇ ਮਹਾਂਨਗਰ ਦਾ ਸੋਚ ਕੇ ਦਿਲ ਭਾਰਾ ਜਿਹਾ ਹੁੰਦਾ ਰਿਹਾ।

ਅਗਲੀ ਸਵੇਰ (28 ਮਾਰਚ, 1987) ਨੂੰ ਮੇਰੀ ਮਾਂ ਤੇ ਭੈਣਾਂ ਮੇਰੇ ਤੋਂ ਪਹਿਲਾਂ ਉੱਠ ਕੇ ਮੇਰੇ ਜਾਣ ਦੀ ਤਿਆਰੀ ਦੇ ਆਹਰ ਵਿੱਚ ਕਾਹਲੀ-ਕਾਹਲੀ ਕਦੀ ਦਲਾਨ ਅੰਦਰ ਤੇ ਕਦੀ ਰਸੋਈ ਵਿੱਚ ਆਉਂਦੀਆਂ-ਜਾਂਦੀਆਂ ਨਜ਼ਰੀਂ ਪਈਆਂ।

“ਭਾਈਆ! ਸਾਇਕਲ ਮੈਂ ਸ਼ਰਮੇ ਦੀ ਦੁਕਾਨ ’ਤੇ ਖੜ੍ਹਾ ਕਰ ਜਾਊਂਗਾ!” ਮੈਂ ਸਾਇਕਲ ’ਤੇ ਲੱਤ ਦਿੱਤੀ ਤੇ ਦਿੱਲੀ ਲਈ ਰਵਾਨਾ ਹੋ ਗਿਆ। ਕੁਝ ਪੈਡਲ ਮਾਰਨ ਤੋਂ ਬਾਅਦ ਜਦੋਂ ਥੋੜ੍ਹਾ ਅੱਗੇ ਜਾ ਕੇ ਮੈਂ ਕੈਰੀਅਰ ਉਤਲੇ ਬੈਗ ਨੂੰ ਟੋਹਿਆ ਤੇ ਪਿਛਾਂਹ ਮੁੜ ਕੇ ਦੇਖਿਆ, ਭਾਈਆ ਮੇਰੀ ਨਿਗਾਹ ਨਾ ਪਿਆ। ਮਾਂ, ਭੈਣਾਂ ਤੇ ਛੋਟਾ ਭਰਾ ਕੁਲਦੀਪ ਅਜੇ ਉੱਥੇ ਫਿਰਨੀ ’ਤੇ ਖੜ੍ਹੇ ਮੇਰੇ ਤੇਜ਼ ਦੌੜਦੇ ਸਾਇਕਲ ਵਲ ਦੇਖ ਰਹੇ ਸਨ। ਸੜਕ ਦੇ ਦੁਵੱਲੇ ਪੱਕ ਰਹੀਆਂ ਲਹਿਲਾਉਂਦੀਆਂ ਕਣਕਾਂ ਜਿਵੇਂ ਮੈਂਨੂੰ ਆਪਣੀਆਂ ਜਵਾਨ ਤੇ ਵਿਆਹੁਣ ਯੋਗ ਹੋ ਰਹੀਆਂ ਭੈਣਾਂ ਦਾ ਇਹਸਾਸ ਕਰਵਾ ਰਹੀਆਂ ਹੋਣ। ਮੈਂਨੂੰ ਮਹਿਸੂਸ ਹੁੰਦਾ ਜਿਵੇਂ ਸਾਰਾ ਪਰਿਵਾਰ ਮੇਰੇ ਨਾਲ-ਨਾਲ ਮੇਰਾ ਪਿੱਛਾ ਕਰਦਾ ਆ ਰਿਹਾ ਹੋਵੇ।

ਛਾਂਗਿਆ ਰੁੱਖ (ਕਾਂਡ ਉੰਨ੍ਹੀਵਾਂ)

“ਇਸ ਕੰਜਰ ਦੇ ਪੁੱਤ ਨੇ ਆਪ ਤਾਂ ਮਰਨਾ, ਨਾਲ ਸਾਨੂੰ ਬੀ ਮਰਾਉਣਾ! ਇਹਨੂੰ ਚਾਰ ਭੁਆਂਟਣੀਆਂ (ਵਿਆਹ ਦੀਆਂ ਲਾਮਾਂ) ਦੇ ਕੇ ਨਰੜ ਦੇ ਕਿਤੇ - ਆਪੇ ਰੰਨ ਨਾ ਪੁੱਤ ਬਣ ਜਾਊ - ਨਾਲੇ ਫੇ ਦੇਖਾਂਗੇ ਸਾਡਾ ਕਿੰਨਾ ਕੁ ਹਾਲਚਾਲ ਪੁੱਛਣ ਆਉਂਦਾ ...।” ਭਾਈਆ ਆਪਣੇ ਗੁਸੈਲ ਸੁਭਾਅ ਮੁਤਾਬਿਕ ਉੱਲਰ-ਉੱਲਰ ਪਿਆ ਪਰ ਮਾਂ ਪੱਥਰ-ਚੁੱਪ ਤੇ ਅਹਿਲ ਖੜ੍ਹੀ ਸੀ। ਭਾਈਏ ਦਾ ਇੱਕੋ ਸਾਹੇ ਬੋਲਦੇ ਦਾ ਇਕਹਿਰਾ ਸਰੀਰ ਹਲਕਾ ਜਿਹਾ ਕੰਬਦਾ-ਕੰਬਦਾ ਲਗਦਾ। ਉਹਦੀਆਂ ਅੱਖਾਂ ਕਦੀ ਅੰਦਰ ਤੇ ਕਦੀ ਰਾਹ ਵੱਲ ਨੂੰ ਫ਼ੁਰਤੀ ਨਾਲ ਦੇਖਦੀਆਂ।

“ਐਤਕੀਂ ਮੈਂ ਆਪਣੀ ਮਰਜ਼ੀ ਨਾਲ ਥੋੜ੍ਹੋ ਆਇਆਂ - ਧੁਆਡਾ ...।”

“ਚੁੱਪ ਕਰ ਜਾ ਕੁੱਤੇ ਦਿਆ ਤੁਖਮਾਂ! ਨਹੀਂ ਤਾਂ ਜੁੱਤੀਆਂ ਮਾਰ-ਮਾਰ ਖੋਪਰ ਭੰਨ ਦਊਂ!” ਭਾਈਏ ਦੇ ਬੋਲ ਇੰਨੇ ਉੱਚੇ ਸਨ ਕਿ ਵਿਹੜੇ ਦੇ ਤੇ ਕੁਝ ਗਵਾਂਢੀ ਘਰਾਂ ਦੇ ਜੀਅ ਪਲਾਂ ਵਿੱਚ ਆ ਜੁੜੇ।

‘ਬਾਰੀਆਂ’ ਦੇ ਗੁਰਮੁਖ ਨੇ ਆਉਂਦਿਆਂ ਹੀ ਪੁੱਛਿਆ, ‘ਅਸੀਂ ਤਾਂ ਪੈਛੜ ਸੁਣੀ ਪਈ ਖੇਤਾਂ ਦੇ ਖੋਭੇ ਵਿੱਚ ਕੌਣ ਦੌੜਦਾ ਆ ਰਿਹਾ!”

“ਯਾਰ ਹੱਦ ਹੋ ਗਈ! ਗੱਲ ਤਾਂ ਦੱਸੋ ...।” ਤਾਏ ਰਾਮ ਸਿੰਘ ਨੇ ਆਪਣੇ ਵਿਰਲੇ ਜਿਹੇ ਦਾਹੜੇ ਉੱਤੇ ਹੱਥ ਫੇਰਦਿਆਂ ਕਾਹਲੀ ਨਾਲ ਪੁੱਛਿਆ।

“ਹੋਣਾ ਕੀ ਆ? ਅੱਤਬਾਦੀਆਂ ਨੇ ਘੇਰ ਲਿਆ!” ਭਾਈਏ ਨੇ ਦੱਸਿਆ।

“ਹਲਾ! ਕਿੱਥੇ?” ਤਾਏ ਨੇ ਫਿਰ ਉਤਸੁਕਤਾ ਨਾਲ ਪੁੱਛਿਆ।

“ਹਾਅ ਪੀਰ ਦੀ ਖ਼ਾਨਗਾਹ ਦੇ ਪਰਲੇ ਪਾਸੇ!”

“ਹੈਂ? ਦਿਨੇ ਈ ਨ੍ਹੇਰ! ਪਿੰਡ ਦੇ ਬਾਹਰ ਈ! ਅਜੇ ਤਾਂ ਅੱਠ ਬੀ ਨਹੀਂ ਬੱਜੇ? ਇਕੱਲਾ ਸੀ ਤੂੰ ਕਿ ਕੋਈ ਨਾਲ ਬੀ ਸੀ?” ਤਾਏ ਨੇ ਬੜੀ ਤਵੱਜੋ ਨਾਲ ਸਵਾਲਾਂ ਦੀ ਝੜੀ ਲਾ ਦਿੱਤੀ।

“ਧਿਆਨ ਤਾਂ ਮੈਂ ਸਿਗੇ!” ਮੈਂ ਦੱਸਿਆ।

ਪੁੱਛ-ਪੜਤਾਲ ਜਾਰੀ ਸੀ ਕਿ ਧਿਆਨ ਆ ਗਿਆ। ਉਹਦੇ ਪਿੱਛੇ-ਪਿੱਛੇ ‘ਬਾਬਿਆਂ’ ਦਾ ਸਾਧੂ। ਉਹਨੇ ਆਪਣੇ ਸਦਾ ਖ਼ੁਸ਼ਕ ਰਹਿੰਦੇ ਸੰਘ ਵਿੱਚੀਂ ਹੌਲੀ ਦੇਣੀ ਖੰਗੂਰਾ ਮਾਰਦਿਆਂ ਕਿਹਾ, ‘ਚੰਦ ਦੀ ਚਾਨਣੀ (ਸ਼ਾਇਦ ਪੁੰਨਿਆਂ ਜਾਂ ਇੱਕ-ਦੋ ਦਿਨ ਬਾਅਦ ਦੀ ਰਾਤ) ਵਿੱਚ ਇਨ੍ਹਾਂ ਵੱਲ ਤਾਣੀ ਛੋਟੀ ਬੰਦੂਕ (ਏ ਕੇ ਸੰਤਾਲੀ) ਦੇਖ ਮੈਂ ਪਿੱਛੇ ਈ ਹਰਨਾੜੀ ਰੋਕ ਲਈ ਤੇ ...।”

ਮੈਂ ਦੇਖਿਆ ਕਿ ਧਿਆਨ ਦਾ ਸਾਹ ਨਾਲ ਸਾਹ ਨਹੀਂ ਰਲ਼ ਰਿਹਾ ਸੀ। ਤੀਵੀਆਂ-ਬੰਦੇ ਸਾਡੇ ਮੂੰਹਾਂ ਵਲ ਤਰਸ ਤੇ ਦਇਆ ਭਰੀਆਂ ਨਜ਼ਰਾਂ ਨਾਲ ਦੇਖਦੇ ਖ਼ਾਮੋਸ਼ ਖੜ੍ਹੇ ਸਾਰੀ ਵਾਰਦਾਤ ਨੂੰ ਗਹੁ ਨਾਲ ਸੁਣ ਰਹੇ ਸਨ।

“... ਤੇ ਮੈਂ ਹਰਨਾਲੀ ਵੱਢ ਵਿੱਚੀਂ ਪਾ ਲਈ, ਜਿੱਥੇ ਗੁਰਮੁਖ ਹੁਰਾਂ ਦੀ ਕਣਕ ਦੀਆਂ ਭਰੀਆਂ ਹਾਲੇ ਵੀ ਪਈਆਂ ਪੁੰਗਰ ਰਹੀਆਂ! ... ਪੈਰ-ਖੁੱਭਦੇ ਆ!” ‘ਬਾਬਾ’ ਸਾਧੂ ਫਿਰ ਸੰਘ ਘਰੋੜ ਕੇ ਬੋਲਿਆ।

“ਸਾਰੀ ਕਬੀਲਦਾਰੀ ਅਜੇ ਨਜਿੱਠਣ ਆਲੀ ਆ, ਬੜਾ ਆਪ ਟੱਬਰਦਾਰ ਹੋ ਗਿਆ। ਅਸੀਂ ਹੁਣ ਤੇਰੇ ਹੱਥਾਂ ਅਲ ਈ ਦੇਖਦੇ ਆਂ ...! ਚਾਹੇ ਮੈਮ੍ਹੀਂ ਅਜੇ ਦਿਹਾੜੀ-ਢੱਪਾ ਕਰ ਲਈਨਾ ...।” ਭਾਈਏ ਨੇ ਆਪਣੇ ਭਵਿੱਖ ਦੀ ਚਿੰਤਾ ਭਰੀ ਕਹਾਣੀ ਦਾ ਸੰਖੇਪ ਸਾਰ ਪੇਸ਼ ਕੀਤਾ। ਉਹਦੇ ਬੁੱਲ੍ਹ ਤੇ ਚਿਹਰੇ ਦਾ ਮਾਸ ਫ਼ਰਕਦੇ ਦਿਸੇ।

“ਠਾਕਰਾ, ਅਕਾਲ-ਪੁਰਖ ਦਾ ਸ਼ੁਕਰ ਮਨਾ, ਮੁੰਡੇ ਬਚ ਗਏ। ਬੁੱਲਾ ਆਇਆ, ਨਿਕਲ ਗਿਆ।” ਤਾਏ ਨੇ ਦਿਲਾਸਾ ਦਿੱਤਾ।

“... ਤੁਸੀਂ ਫਿਕਰ ਨਾ ਕਰੋ, ਤਸੱਲੀ ਰੱਖੋ!” ਮੈਂ ਆਪਣੇ ਭਾਈਏ ਤੇ ਮਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਮੈਂਨੂੰ ਮਾਂ ਦੀਆਂ ਅੱਖਾਂ ਵਿੱਚ ਭਰਿਆ ਪਾਣੀ ਉਨ੍ਹਾਂ ਵਿੱਚੋਂ ਬਾਹਰ ਨੂੰ ਟਪਕਣ ਲਈ ਕਾਹਲਾ ਜਾਪਿਆ।

“ਮੈਨੂੰ ਲੱਗਿਆ ਪਈ ਅੱਜ ਸਾਡਾ ਨੰਬਰ ਲੱਗ ਗਿਆ ਪਰ ...।” ਧਿਆਨ ਤਾਜ਼ਾ ਬੀਤੀ ਦੱਸਣ ਦੀ ਕੋਸ਼ਿਸ਼ ਕਰਨ ਲੱਗਾ, “ਸਾਨੂੰ ਦੋਹਾਂ ਨੂੰ ਉਨ੍ਹਾਂ ਨੇ ਆਪਣੇ ਮੋਹਰੇ ਦਸ-ਪੰਦਰਾਂ ਫੁੱਟ ’ਤੇ ਬਰੋ-ਬਰੋਬਰ ਖੜ੍ਹੇ ਕਰ ਲਿਆ, ਕਹਿੰਦੇ ... ਸਾਲ਼ੇ ਸੜਕਾਂ ਉੱਤੇ ਬੀੜੀਆਂ ਪੀਂਦੇ ਫਿਰਦੇ ਆ। ਆਹ ‘ਬਾਬੇ’ ਨੇ ਜਦੋਂ ਹਰਨਾੜੀ ਖੇਤ ਵਿੱਚ ਪਾ ਲਈ ਤਾਂ ਉਨ੍ਹਾਂ ਦਾ ਧਿਆਨ ਉੱਧਰ ਹੋ ਗਿਆ ਤੇ ਮੈਮ੍ਹੀਂ ਹੁਸ਼ਿਆਰੀ ਨਾਲ ਖੇਤੀਂ ਪੈ ਗਿਆ! ਦੌੜ ਨਾ ਹੋਵੇ, ਪੈਰ ਖੁੱਭਦੇ ਜਾਣ। ਮੈਂ ਫੇਰ ਵੀ ਦੌੜਦਾ ਰਿਹਾ! ਉਹ ਕਹਿੰਦੇ ਰਹੇ ਰੁਕ ਜਾ, ਨਹੀਂ ਤਾਂ ਗੋਲੀ ਮਾਰ ਦਿਆਂਗੇ।”

“ਧਿਆਨ ਨੇ ਮੈਂਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ-ਘੱਟ ਇੱਕ ਜਣਾ ਤਾਂ ਬਚ ਜਾਵੇਗਾ। ਮੇਰੇ ਸੱਜੇ ਹੱਥ ਕੰਡਿਆਲੀ ਤਾਰ ਤੇ ਢੇਰ ਸਿਗੇ, ਭੱਜ ਕੇ ਜਾਣਾ ਕਿੱਥੇ ਸੀ?” ਮੈਂ ਦੱਸਿਆ।

“ਫੇਰ?”

“ਉਹ ਬੇਹਿਯਾ ਗਾਲ੍ਹਾਂ ਕੱਢਣ ਲੱਗੇ। ਇੱਕ ਨੇ ਕਿਹਾ, ਗੋਲੀ ਪਾਰ ਕਰ ਤੇ ਕੰਮ ਨਿਬੇੜ। ਬਹੁਤੀਆਂ ਗੱਲਾਂ ਨਾ ਕਰ।”

“ਅੱਛਾ? ਫੇਰ?”

“ਉਸ ਏ ਕੇ ਸੰਤਾਲੀ ਵਾਲੇ ਦੇ ਚਿੱਤ ਵਿੱਚ ਪਤਾ ਨੲ੍ਹੀਂ ਕੀ ਆਇਆ ਤੇ ਮੈਂਨੂੰ ਆਖਣ ਲੱਗਾ, ਤੂੰ ਸਾਡਾ ਸਿੱਖ ਭਰਾ ਆਂ, ਅੱਜ ਤੈਨੂੰ ਬਖਸ਼ ਤਾ ... ਅੱਗੇ ਤੋਂ ਸ਼ਰਾਬ ਪੀਤੀ ਜਾਂ ਅੰਗਰੇਜ਼ੀ ਬੋਲੀ ਤਾਂ ਉੜਾ ਦਿਆਂਗੇ ...।”

“ਇਹਦਾ ਮਤਲਬ ਪਈ ਗੁੱਡ ਤੈਨੂੰ ਪੱਗ ਨੇ ਬਚਾ ਲਿਆ! ... ਤੇ ਫਿਰ ਉਹ ਚਲੇ ਗਏ?” ਤਾਏ ਰਾਮ ਸਿੰਘ ਨੇ ਮੁੜ ਪੁੱਛਿਆ।

“ਤਾਇਆ, ਉਨ੍ਹੀਂ ਸਾਇਕਲ ’ਤੇ ਲੱਤ ਦਿੱਤੀ ਤੇ ਚਲੇ ਗਏ। ਲੋਈਆਂ ਦੀਆਂ ਬੁੱਕਲਾਂ ਮਾਰੀਆਂ ਸਿਗੀਆਂ। ... ਤੇ ਮੈਂ ਦੌੜ ਕੇ ਸਿੱਧਾ ਜੁਗਿੰਦਰ ਫੌਜੀ ਦੇ ਘਰ ਗਿਆ ਪਈ ਰਫਲ ਕੱਢ ਕੇ ਉਨ੍ਹਾਂ ਦਾ ਪਿੱਛਾ ਕਰੀਏ!”

“ਫਿਰ!”

“ਉਹ ਕਹਿੰਦਾ ਪੁਲਿਸ ਨੇ ਹਥਿਆਰ ਠਾਣੇ ਜਮ੍ਹਾਂ ਕਰਾਇਓ ਆ!” ਮੈਂ ਦੱਸਿਆ।

“ਪੁਲਿਸ ਆਲੇ ਆਪ ਡਰਦੇ ਜਾਨ ਲੁਕੋਂਦੇ ਫਿਰਦੇ ਆ ...।” ਤਾਇਆ ਮਿੰਨ੍ਹਾ ਜਿਹਾ ਹੱਸਿਆ।

“ਅਸੀਂ ਪੰਜ-ਸੱਤ ਜਣੇ ਡਾਂਗਾਂ-ਟਕੂਏ ਲੈ ਕੇ ਗਏ ਪਰ ਰਾਸਗੂੰਆਂ ਤੋਂ ਮੁੜ ਆਏ ...।” ਮੈਂ ਸਾਰਿਆਂ ਨੂੰ ਹੋਰ ਦੱਸਿਆ ਤੇ ਉਨ੍ਹਾਂ ਦਾ ਨਿੱਕਾ ਜਿਹਾ ਹਾਸਾ ਨਿਕਲ ਗਿਆ।

ਭਾਈਏ ਨੇ ਮਲਕ ਦੇਣੀ ਆਖਿਆ, ‘ਉੱਲੂ ਦੇ ਪੱਠੇ! ਕਿੱਥੇ ਡਾਂਗਾਂ! ਕਿੱਥੇ ਏ ਕੇ ਸੰਤਾਲੀ?”

“ਕਈ ਵਾਰੀ ਸ਼ਿਕਾਰ ਸਾਧਾਰਨ ਤੇ ਰਵਾਇਤੀ ਹਥਿਆਰਾਂ ਨਾਲ ਵੀ ਕਾਬੂ ਆ ਜਾਂਦਾ। ਦ੍ਰਿੜ੍ਹ ਇਰਾਦਾ ਤੇ ਹੌਸਲਾ ਹੋਣਾ ਚਾਹੀਦਾ ... ਇਹੋ ਜਿਹੇ ਫ਼ਸਲੀ ਬਟੇਰੇ ਹਥਿਆਰਾਂ ਦੇ ਸਿਰ ’ਤੇ ਸ਼ੇਰ ਆ। ਉੱਦਾਂ ਦਬਕਾ ਮਾਰਿਆ ਹੋਵੇ ਤਾਂ ਬੂਟਾਂ ਵਿੱਚ ਪਾਣੀ ਭਰ ਜਾਂਦਾ ...! ਨਾਲੇ ਅਸੀਂ ਇੰਨੇ ਤੇ ਉਹ ਦੋ ਜਣੇ ਸਿਗੇ ...!” ਮੈਂ ਆਖਿਆ ਤੇ ਅੱਗਿਓਂ ਕਿਸੇ ਨੇ ‘ਹੂੰ-ਹਾਂ’ ਨਾ ਕੀਤੀ।

... ਤੇ ਇਸ ਹਾਲਾਤ ਵਿੱਚ ਵੀ ਮੈਂਨੂੰ ਉਸ ਗੋਲੇ (ਸੜਕ) ਦਾ ਬਦੋਬਦੀ ਚੇਤਾ ਆ ਗਿਆ ਜਿੱਥੋਂ ਅਸੀਂ ਪਿਛਾਂਹ ਨੂੰ ਮੁੜੇ ਸੀ ਤੇ ਜਿਸ ਨੂੰ ਅੱਠ-ਨੌਂ ਸਾਲ ਪਹਿਲਾਂ ਆਪਣੇ ਕਾਲਜ ਦੀਆਂ ਜੂਨ-ਜੁਲਾਈ ਦੀਆਂ ਛੁੱਟੀਆਂ ਦੌਰਾਨ ਕੜਾਕੇਦਾਰ ਧੁੱਪ-ਗਰਮੀ ਵਿੱਚ ਮੈਂ ਬਾਂਸ ਦੇ ਝਾੜੂ ਨਾਲ ਸਾਫ਼ ਕਰਦਿਆਂ ਤੇ ਮਿੱਟੀ ਹੂੰਝਦਿਆਂ ਹੋਰਾਂ ਮਜ਼ਦੂਰਾਂ ਨਾਲ ਲੁਕ ਪਾਈ ਸੀ। ਆਪਣੇ ਸਿਰ ਉਤਲੇ ਮਧੇੜ ਤੋਂ ਥੋੜ੍ਹਾ ਉੱਚਾ ਕਰ ਕੇ ਦੋਹਾਂ ਹੱਥਾਂ-ਬਾਹਾਂ ਨਾਲ ਬਰੀਕ ਬਜਰੀ ਦੀਆਂ ਟੋਕਰੀਆਂ ਨੂੰ ਚੱਕਰੀ ਵਾਂਗ ਘੁਮਾ ਕੇ ਮਾਰਨ ਤੇ ਉਨ੍ਹਾਂ ਦੀ ਪਤਲੀ ਜਿਹੀ ਪਰਤ ਦਾ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਜਿਸ ਵਿੱਚੋਂ ਧੂੜ ਦਾ ਨਿੱਕਾ ਜਿਹਾ ਗ਼ੁਬਾਰ ਜਿਹਾ ਉੱਠਦਾ ਦਿਸਿਆ ਤੇ ਪਲ ਕੁ ਪਿੱਛੋਂ ਉਹਦੀ ਹੋਂਦ ਖਤਮ ਹੋ ਜਾਂਦੀ। ਪਰ ਕੜਾਹੇ ਹੇਠ ਬਲਦੀ ਅੱਗ ਦੀ ਲੰਬ ਨੂੰ ਹੋਰ ਵੱਡੀ ਕਰਨ ਲਈ ਲੱਕੜਾਂ ਪਾਉਂਦੇ ਸਮੇਂ ਅਚਾਨਕ ਛੋਟੀ ਜਿਹੀ ਬੱਦਲ਼ੀ ਵਿੱਚੋਂ ਮੋਟੀਆਂ-ਮੋਟੀਆਂ ਛਿੱਟਾਂ ਵਰ੍ਹੀਆਂ ਤੇ ਉਨ੍ਹਾਂ ਨਾਲ ਉੱਬਲ ਰਹੀ ਲੁਕ ਦੇ ਛਿੱਟੇ ਬਾਹਰ ਨੂੰ ਨਿਕਲ ਕੇ ਮੇਰੀ ਸੱਜੀ ਬਾਂਹ ਉੱਤੇ ਪੈ ਗਏ ਸਨ ਤੇ ਮੈਂ ਤੜਫ਼ ਕੇ ਰਹਿ ਗਿਆ ਸੀ।

“ਗੁੱਡ! ... ਕਿੱਧਰ ਗੁਆਚ ਗਿਆਂ?” ਤਾਏ ਨੇ ਮੇਰੀ ਬਾਂਹ ਫੜ ਕੇ ਹਲੂਣਿਆ।

“... ਹੂੰ! ਕਹਿੰਦੇ ਸਤਿਗੁਰ ਨੇ ਤੈਨੂੰ ਬਖਸ਼ ਤਾ - ਹੁਣ ਜੋ ਤੇਰੇ ਕੋਲ ਆ ਭੁੰਜੇ ਰੱਖਦੇ ਤੇ ਦਫ਼ਾ ਹੋ ਜਾ! ਜੇ ਪਿੱਛੇ ਮੁੜ ਕੇ ਦੇਖਿਆ ਜਾਂ ਪਿੰਡ ਜਾ ਕੇ ਦੱਸਿਆ ਤਾਂ ਗੋਲੀ ਮਾਰ ਦਿਆਂਗੇ - ਭੱਜ ਇੱਥੋਂ ਭੈਣ ਦਿਆ ...। ਫਿਰ ਦੂਜਾ ਬੋਲਿਆ, ‘ਸਾਲ਼ਾ ਰਵਿਆਂ ਦਾ ਮਜਾਜ ਨਾਲ ਤੁਰਿਆ ਟਰ-ਟਰ ਕਰੀ ਜਾਂਦਾ, ਮਾਰ ਗੋਲੀ ਮਾਂ ਦੇ ... ਦੇ।” ਮੈਂ ਵੇਰਵੇ ਭਰਿਆ ਬਿਆਨ ਦਿੱਤਾ।

“ਤਾਇਆ ... ਮੈਂਨੂੰ ਲੱਗਣ ਲੱਗ ਪਿਆ ਕਿ ਅਗਲਾ ਸਾਹ ਤੇ ਇਹ ਸਾਰਾ ਨਜ਼ਾਰਾ ਮੈਂ ਅਗਲੇ ਪਲ ਦੇਖ ਨਹੀਂ ਸਕਣਾ। ਦਸ-ਪੰਦਰਾਂ ਸਕਿੰਟਾਂ ਮਗਰੋਂ ਮੇਰਾ ਹੌਸਲਾ ਥੋੜ੍ਹਾ ਵਧ ਗਿਆ ਪਈ ਮਾਰਨਾ ਹੁੰਦਾ ਤਾਂ ਹੁਣ ਤਕ ਮਾਰ ਦਿੰਦੇ। ਇੰਨੀਆਂ ਗੱਲਾਂ ’ਤੇ ਬਹਿਸ ਕਾਹਦੇ ਲਈ ਕਰਨੀ ਆ ...।”

“ਚੰਗੇ ਸਿੱਖੀ ਦੇ ਚੱਕਿਓ ਆ ...! ਬੋਲ-ਬਾਣੀ, ਲੁੱਟ-ਖੋਹ ਤੇ ਮਾਰ-ਵੱਢ ਦੇ ਕਾਰਨਾਮੇ ਤਾਂ ਦੇਖੋ ਇਨ੍ਹਾਂ ‘ਗੁਰਮੁਖਾਂ’ ਦੇ ...।” ਤਾਏ ਨੇ ਆਪਣੇ ਗਾਤਰੇ ਨੂੰ ਕੱਢ ਕੇ ਤੇ ਉਹਦੇ ਉੱਤੇ ਹੱਥ ਫੇਰਨ ਪਿੱਛੋਂ ਮੁੜ ਛੋਟੇ ਜਿਹੇ ਮਿਆਨ ਵਿੱਚ ਪਾ ਲਿਆ। ਸੁਝਾਅ ਦਿੱਤਾ, ‘ਦਿਨ ਖੜ੍ਹੇ-ਖੜ੍ਹੇ ਬਾਹਰ-ਅੰਦਰ ਜਾ ਆਇਆ ਕਰੋ। ਇਸ ਨ੍ਹੇਰੀ ਦਾ ਪਤਾ ਨਹੀਂ ਕਿਸ ਨੂੰ ਕਿੱਧਰ ਨੂੰ ਉੜਾ ਲਿਜਾਵੇ।”

“... ਤੇ ਗੁੱਡ ਤੂੰ ਫੇ ਦੇਤਾ ਜੋ ਤੇਰੇ ਕੋਲ ਸੀ?” ਗੁਰਮੁਖ ਨੂੰ ਜਿਵੇਂ ਅਚਨਚੇਤ ਚੇਤਾ ਆਇਆ ਹੋਵੇ।

“ਬਟੂਆ, ਘੜੀ ਬਗੈਰਾ ... ਮੈਂ ਭੁੰਜੇ ਰੱਖ ਦਿੱਤੇ ਤੇ ਪਿੰਡ ਅਲ ਨੂੰ ਤੁਰ ਪਿਆ।”

ਤਾਇਆ ਰਾਮ ਸਿੰਘ ਜਾਂਦਾ-ਜਾਂਦਾ ਕਹਿਣ ਲੱਗਾ, ‘ਨਿਰਦੋਸ਼ਾਂ-ਮਾਸੂਮਾਂ ਨੂੰ ਮਾਰ ਕੇ ਇਨ੍ਹਾਂ ਪਾਪੀਆਂ ਦੇ ਪੱਲੇ ਕੀ ਪੈਣਾ? ਜਿਨ੍ਹਾਂ ਪਾਕਿਸਤਾਨ ਬਣਦਾ ਦੇਖਿਆ, ਉਹ ਭੁੱਲ ਕੇ ਵੀ ਖਾਲਿਸਤਾਨ ਦਾ ਨਾਂ ਨਹੀਂ ਲੈ ਸਕਦੇ।”

“ਸੋਲਾਂ ਆਨੇ ਸੱਚ!” ਕੁਝ ਆਵਾਜ਼ਾਂ ਸੁਣੀਆਂ। ਆਂਢ-ਗਵਾਂਢ ਤੋਂ ਆਏ ਲੋਕ ਆਪੋ-ਆਪਣੇ ਘਰਾਂ ਨੂੰ ਤੁਰ ਪਏ।

ਅਸੀਂ ਸਾਰਾ ਟੱਬਰ ਅੱਧੀ ਰਾਤ ਤਕ ਵਿਹੜੇ ਵਿੱਚ ਬੈਠੇ ਗੱਲਾਂ ਕਰਦੇ ਰਹੇ। ਮੇਰੀਆਂ ਭੈਣਾਂ ਦੇ ਮੂੰਹਾਂ ਉੱਤੇ ਜਿਵੇਂ ਤਾਲੇ ਲੱਗੇ ਹੋਣ। ਉਨ੍ਹਾਂ ਦੇ ਚਿਹਰੇ ਉੱਤਰੇ ਹੋਏ ਹੋਣ ਕਰ ਕੇ ਇਉਂ ਲਗਦਾ ਸੀ ਜਿਵੇਂ ਉਹ ਜਿਊਂਦੀਆਂ ਹੀ ਮੂਰਤੀਆਂ ਵਿੱਚ ਬਦਲ ਗਈਆਂ ਹੋਣ। ਮੈਂਨੂੰ ਮਹਿਸੂਸ ਹੋਇਆ ਜਿਵੇਂ ਉਹ ਮੇਰੀ ਲੰਮੀ ਉਮਰ ਦੀਆਂ ਮਨ ਹੀ ਮਨ ਅਰਦਾਸਾਂ ਕਰ ਰਹੀਆਂ ਹੋਣ।

ਇਸੇ ਦੌਰਾਨ ਦੂਰ ਦੇ ਪਿੰਡ ਤੋਂ ਠਾਹ-ਠਾਹ ਦੀਆਂ ਦੋ ਆਵਾਜ਼ਾਂ ਆਈਆਂ। ਸਾਰਿਆਂ ਦੀ ਧੜਕਣ ਇੱਕ ਵਾਰ ਫਿਰ ਤੇਜ਼ ਹੋ ਗਈ।

“ਸਾਨੂੰ ਪਤਾ ਦਿੱਲੀ ਤੇਰਾ ਚਿੱਤ ਨਹੀਂ ਲਗਦਾ। ਤੇਰਾ ਤਨ ਉੱਥੇ ਹੁੰਦਾ ਤੇ ਮਨ ਇੱਥੇ। ਅਸੀਂ, ਤੇਰੇ ਦੋਸਤ-ਮਿੱਤਰ ਇੱਥੇ ਆਂ ਪਰ ...।” ਮਾਂ ਨੇ ਅੱਗੇ ਗੱਲ ਤੋਰੀ, ‘ਭਾਟੀਆ ਆਪਣੀ ਭੂਆ ਦੀ ਜਿਹੜੀ ਧੀ ਦੱਸਦਾ, ਉਹਨੂੰ ਦੇਖ ਆ ਬੁੱਧਵਾਰ!”

“ਬੁੱਧਵਾਰ? ਉੱਦਣ ਨੂੰ ਤਾਂ ਮੈਂ ਵਾਪਸ ਮੁੜਨਾ! ਇੱਕ ਦਿਨ ਪਹਿਲਾਂ ਦੇਖ ਲਵਾਂਗੇ!” ਮੈਂ ਆਪਣੀ ਦਫ਼ਤਰੀ ਮਜਬੂਰੀ ਦਾ ਸੰਖੇਪ ਵਿੱਚ ਇਸ਼ਾਰਾ ਕੀਤਾ।

“ਮੰਗਲਵਾਰ?” ਮਾਂ ਨੇ ਹੈਰਾਨੀ ਜ਼ਾਹਿਰ ਕੀਤੀ।

“ਮੇਰਾ ਜਨਮ ਮੰਗਲਵਾਰ ਦਾ! ਜਨਮ-ਮਰਨ ਲਈ ਤਾਂ ਇਹ ਦਿਨ ਬੁਰਾ ਨਹੀਂ। ਸੂਰਜ ਤਾਂ ਹਰ ਵੇਲੇ ਰਹਿੰਦਾ। ਧਰਤੀ ਘੁੰਮਦੀ ਆ ਤੇ ਦਿਨ ਰਾਤ ਬਣ ਜਾਂਦੇ ਆ!” ਮੈਂ ਸਮਝਾਉਣ ਦੇ ਇਰਾਦੇ ਨਾਲ ਵਿਸਥਾਰ ਦਿੱਤਾ।

“ਸਾਡੀ ਸਮਝ ਵਿੱਚ ਨਹੀਂ ਆਉਂਦੀਆਂ ਤੇਰੀਆਂ ਗੱਲਾਂ - ਆਪਣਾ ਟੈਮ ਦੇਖ ਤੇ ਕੁੜੀ ਨੂੰ ਝਾਤੀ ਮਾਰ ਆ!” ਮਾਂ ਨੇ ਆਪਣੇ ਮਨ ਦੀ ਇੱਛਾ ਦੁਹਰਾਈ। ਮੈਂਨੂੰ ਜਾਪਿਆ ਜਿਵੇਂ ਮੇਰੇ ਮਾਪੇ ਮੇਰੀ ਘਰ-ਗ੍ਰਹਿਸਤੀ ਨੂੰ ਛੇਤੀ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹੋਣ।

ਗੱਲਾਂ ਕਰਦਿਆਂ-ਕਰਦਿਆਂ ਤਾਰੀਖ਼ ਬਦਲ ਗਈ।

ਹੁਣ ਮੈਂ ਆਪਣੇ ਕਮਰੇ ਵਿੱਚ ਇਕੱਲਾ ਸੀ। ਮੇਰੇ ਮਨ ਵਿੱਚ ਬੇਸ਼ੁਮਾਰ ਖ਼ਿਆਲਾਂ ਦੀ ਕਾਂਗ ਚੜ੍ਹਦੀ-ਉੱਤਰਦੀ ਰਹੀ। ਭਾਈਏ ਦਾ ਨਿੱਕਾ ਜਿਹਾ ਹੋਇਆ ਮੂੰਹ ਮੈਂਨੂੰ ਕਈ ਅਹਿਮ ਫ਼ੈਸਲੇ ਲੈਣ ਲਈ ਮਜਬੂਰ ਕਰਦਾ। ਉਹਦਾ ਆਖਿਆ ਮੇਰੇ ਕੰਨਾਂ ਵਿੱਚ ਮੁੜ-ਮੁੜ ਸੁਣਦਾ, ‘ਇਹ ਨ੍ਹੇਰੀ ਨੰਘ ਲੈਣ ਦੇ, ਫੇ ਜਿੱਦਾਂ ਮਰਜ਼ੀ ਆਇਆ-ਜਾਇਆ ਕਰੀਂ। ਸਾਰੀ ਕਬੀਲਦਾਰੀ ਅਜੇ ...।” ਇਹ ਸ਼ਬਦ ਮੈਂਨੂੰ ਜ਼ਿੰਦਗੀ ਅਤੇ ਮੌਤ ਵਿਚਾਲੇ ਦੇ ਤਾਜ਼ਾ ਤੱਕੇ ਪਲਾਂ ਦਾ ਇਹਸਾਸ ਕਰਾਉਂਦੇ। ਜ਼ਰਾ ਕੁ ਬਾਅਦ ਮੈਂਨੂੰ ਮਹਿਸੂਸ ਹੋਇਆ ਕਿ ਛੇਤੀ ਹੀ ਦਿਨ ਚੜ੍ਹਨ ਵਾਲਾ ਹੈ।

ਇਉਂ 12-13 ਜੂਨ, 1987 ਦੀ ਵਿਚਕਾਰਲੀ ਰਾਤ ਮੇਰੀ ਜ਼ਿੰਦਗੀ ਤੇ ਮੌਤ ਵਿਚਾਲੇ ਇਤਿਹਾਸਕ ਪਲਾਂ ਵਾਲੀ ਹੋ ਨਿੱਬੜੀ। ਮੈਂ ਨਵੇਂ ਨਿੱਖਰੇ ਦਿਨ ਦੀ ਉਡੀਕ ਕਰਨ ਲੱਗਾ।

ਛਾਂਗਿਆ ਰੁੱਖ (ਕਾਂਡ ਵੀਹਵਾਂ)

“ਇਹ ਨੇ ਮੇਰੇ ਲੰਗੋਟੀਏ ਯਾਰ ... ਪਿਛਲੇ 30-35 ਵਰ੍ਹਿਆਂ ਤੋਂ ਚੰਗੀ ਨਿਭਦੀ ਆ ਰਹੀ ਆ। ਬਹੁਤ ਵਧੀਆ ਗ਼ਜ਼ਲਗੋ ਨੇ। ਇਨ੍ਹਾਂ ਦੀਆਂ ਗ਼ਜ਼ਲਾਂ ਵਿੱਚੋਂ ਮਾਨਵਵਾਦੀ ਨਜ਼ਰੀਆ ਸਾਫ਼ ਝਲਕਦਾ - ਨਾਲੇ ਆਪਣੇ ਇਲਾਕੇ ਦੇ ਨੇ ...।”

‘ਯੋਜਨਾ’ (ਪੰਜਾਬੀ) ਦੇ ਸੰਪਾਦਕ, ਡਾ. ਗੁਰਚਰਨ ਸਿੰਘ ਮੋਹੇ ਨੇ ਇਕਹਿਰੇ ਸਰੀਰ, ਕਲਫ਼ ਕੀਤੀ ਦਾਹੜੀ ਤੇ ਲਾਲ ਬੱਧੀ ਪੱਗ ਵਾਲੇ ਆਏ ਬੰਦੇ ਨਾਲ ਦਫਤਰ ਵਿੱਚ ਸਰਸਰੀ ਮੁਲਾਕਾਤ ਕਰਵਾਉਂਦਿਆਂ ਦੱਸਿਆ।

“ਕਿਹੜੇ ਦਫਤਰ ਵਿੱਚ ਓ ਤੁਸੀਂ?” ਮੈਂ ਉਸ ਕਵੀ ਵਿੱਚ ਦਿਲਚਸਪੀ ਲੈਂਦਿਆਂ ਉਤਸ਼ਾਹ ਨਾਲ ਪੁੱਛਿਆ।

“ਆਪਾਂ ਤਾਂ ਚਲਦੇ ਫਿਰਦੇ ਰਮਤੇ ਆਂ। ਗ਼ਜ਼ਲਾਂ ਕਹੀਦੀਆਂ ... ਘਰ ਵਾਲੀ ਨੌਕਰੀ ਕਰਦੀ ਆ ...।”

“ਇਨ੍ਹਾਂ ਦਾ ਦਿਨ ਸੜਕਾਂ ਗਾਹੁੰਦਿਆਂ, ਗ਼ਜ਼ਲਾਂ ਸੋਚਦਿਆਂ ਤੇ ਸ਼ਾਮ ਕੌਫ਼ੀ ਹੋਮ ਵਿੱਚ ਬੀਤਦੀ ਆ ਤੇ ਦੁਪਹਿਰ ਚੰਡੂਖ਼ਾਨੇ ...।” ਡਾ. ਮੋਹੇ ਨੇ ਕਾਹਲੇ ਪੈਂਦਿਆਂ ਵਿੱਚੋਂ ਟੋਕ ਕੇ ਗੂੜ੍ਹੀ ਦੋਸਤੀ ਦਾ ਗੌਰਵ ਕਰਦਿਆਂ ਉਸ ਕਵੀ ਬਾਰੇ ਹੋਰ ਜਾਣਕਾਰੀ ਦਿੱਤੀ।

“ਚੰਡੂਖ਼ਾਨਾ?”

“ਜਿੱਥੇ ‘ਮਹਿਫ਼ਲਾਂ’ ਜੁੜਦੀਆਂ ... ਤੂੰ ਮੇਰੇ ਨਾਲ ਚੱਲਿਆ ਕਰ ... ਹੋਰਾਂ ਕਵੀਆਂ, ਲੇਖਕਾਂ ਨਾਲ ਵਾਕਫ਼ੀਅਤ ਕਰਵਾ ਦਿਆਂਗੇ ... ਅਈਥੇ ਥੋੜ੍ਹੋ ਕਮਰੇ ਅੰਦਰ ਬੈਠੇ ਰਹੀਦਾ!” ਡਾ. ਮੋਹੇ ਨੇ ਚਾਅ ਨਾਲ ਅੱਗੇ ਦੱਸਿਆ, “ਇਹ ਦਿਲ ਦਰਿਆ ਬੰਦਾ ... ਕੌਫ਼ੀ ਹੋਮ ਵਿੱਚ ਕਿਸੇ ਹੋਰ ਨੂੰ ਪੈਸੇ ਨਹੀਂ ਦੇਣ ਦਿੰਦਾ। ਕਵੀ ਦਰਬਾਰਾਂ ’ਤੇ ਕੀ ਮਿਲਦਾ! ਘਰ ਵਾਲੀ ਦੇ ਸਿਰ ’ਤੇ ਐਸ਼ਾਂ ਕਰਦਾ ... ਬੜੀ ਨੇਕ ਔਰਤ ਆ ਉਹ!”

ਗ਼ਜ਼ਲਗੋ ਹਲਕਾ ਜਿਹਾ ਮੁਸਕਰਾਉਂਦਾ ਰਿਹਾ। ਮੈਂਨੂੰ ਲੱਗਿਆ ਜਿਵੇਂ ਉਹ ਪਰਜੀਵੀ ਹੋਵੇ, ਜਿਸ ਕੋਲ ਨਾ ਕੋਈ ਕੰਮ ਤੇ ਨਾ ਕੋਈ ਹੋਰ ਆਮਦਨ ਵਸੀਲਾ।

“ਇਨ੍ਹਾਂ ਦੀ ਤਾਰੀਫ਼?” ਗ਼ਜ਼ਲਗੋ ਨੇ ਪੁੱਛਿਆ।

“ਇਹ ਮੇਰੇ ਕੋਲ ਸਹਾਇਕ ਸੰਪਾਦਕ ਆਏ ਨੇ। ਇਨ੍ਹਾਂ ਦਾ ਨਾਂ ਬਲਬੀਰ ਚੰਦ ਹੈ ਪਰ ਆਪਣੇ ਆਪ ਨੂੰ ਬਲਬੀਰ ਮਾਧੋਪੁਰੀ ਕਹਾਉਂਦੇ ਨੇ ...।” ਮੋਹੇ ਨੇ ਵਿਅੰਗ ਦੀ ਤਰਜ਼ ਵਿੱਚ ਜਾਣ-ਪਛਾਣ ਕਰਵਾਈ। ਇਸ ਰੋਜ਼ ਦੀ ਜ਼ਲਾਲਤ ਕਾਰਨ ਮੈਂ ਥੋੜ੍ਹੇ ਚਿਰਾਂ ਅੰਦਰ ਹੀ ਆਪਣਾ ਨਾਂ ਬਦਲਵਾ ਕੇ ਸਰਕਾਰੀ ਕਾਗ਼ਜ਼ਾਂ ਵਿੱਚ ਹੁਣ ਵਾਲਾ ਨਾਂ ਰੱਖ ਲਿਆ।

... ਤੇ ਦੁਪਹਿਰ ਦੀਆਂ ਮਹਿਫ਼ਲਾਂ ਪਾਰਲੀਮੈਂਟ ਸਟਰੀਟ ਉੱਤੇ ਪੀ.ਟੀ.ਆਈ. ਬਿਲਡਿੰਗ ਦੇ ਬਾਹਰ ਜੁੜਦੀਆਂ। ਸਾਹਿਤ-ਸੱਭਿਆਚਾਰ ਸੰਬੰਧੀ ਕਦੀ ਕੋਈ ਗੱਲ ਨਾ ਹੁੰਦੀ ਸਗੋਂ ਇੱਕ ਦੂਜੇ ਦੀ ਪਿੱਠ ਪਿੱਛੇ ਈਰਖਾ, ਸਾੜਾ ਤੇ ਹੋਰ ਅਜਿਹਾ ਕੁਝ ਸੁਣਨ ਨੂੰ ਮਿਲਦਾ। ਮੈਂ ਉੱਥੇ ਜਾਣ ਤੋਂ ਕੰਨੀ ਕਤਰਾਉਣ ਲੱਗਾ।

ਦਿਨ-ਮਹੀਨੇ ਬੀਤਦੇ ਗਏ। ਮੋਹੇ ਤੇ ਉਹਦਾ ਇੱਕ ਹੋਰ ਸੰਪਾਦਕ ਸਾਥੀ ਕਮਰੇ ਅੰਦਰ ਘੰਟਿਆਂ ਬੱਧੀ ਆਪੋ-ਆਪਣੀ ਧਾਰਮਿਕ ਪ੍ਰਵਿਰਤੀ ਦੀਆਂ ਉੱਚੀਆਂ ਗੱਲਾਂ ਕਰਦੇ। ਜਨਮ ਸੁਆਰਨ ਦੇ ਬਚਨ-ਬਿਲਾਸ ਹੁੰਦੇ। ਇਹ ਕੰਮ, ਇਹ ਪੈਸਾ ਨਾਲ ਨਹੀਂ ਜਾਣਾ ਆਦਿ ਦੇ ਬਹਾਨੇ ਉਨ੍ਹਾਂ ਦੀ ਲੜੀ ਨਾ ਟੁੱਟਦੀ। ਮੇਰੇ ਦਫ਼ਤਰੀ ਕੰਮ ਵਿੱਚ ਵਿਘਨ ਪੈਂਦਾ। ਆਪਣੇ ਗੁਰੂ ਨੂੰ ‘ਸੰਪੂਰਨ ਸਤਿਗੁਰੂ’ ਕਹਿੰਦੇ। ਮੇਰੇ ਨਾਲ ਬਹਿਸ ਕਰਦੇ ‘ਨਗੁਰੇ ਦਾ ਨਾਉਂ ਬੁਰਾ’ ਵਰਗੀਆਂ ਟਿੱਪਣੀਆਂ ਕਰਕੇ ਮੈਂਨੂੰ ਆਪਣੇ ਨਾਲ ਲਿਜਾਣ ਲਈ ਪਰੇਰਦੇ। ਜੜ੍ਹ-ਬੁੱਧੀ ਦਾ ਧਾਰਨੀ ਹੋਣ ਦਾ ਦੋਸ਼ ਲੱਗਦਾ। ਮੈਂ ਅੰਦਰੋਂ-ਅੰਦਰੀ ਕੰਮ ਦੇ ਨਾ ਹੋਣ ਦੇ ਬੋਝ ਕਾਰਨ ਪਰੇਸ਼ਾਨ ਹੁੰਦਾ ਤੇ ਮਾਨਸਿਕ ਤਣਾਅ ਵਿੱਚ ਰਹਿੰਦਾ!

... ਤੇ ਇੱਕ ਸ਼ਾਮ ਮਜਬੂਰੀ ਵੱਸ ਦਿੱਲੀ ਦੀ ਪੌਸ਼ ਕਾਲੋਨੀ ਵਿੱਚ ਵਸਦੇ ਉਨ੍ਹਾਂ ਦੇ ਗੁਰੂ ਵੇਦ ਪ੍ਰਕਾਸ਼ ਸ਼ਰਮਾ ਦੇ ਸਤਿਸੰਗ ਵਿੱਚ ਉਨ੍ਹਾਂ ਸੰਗ ਗਿਆ। ਮੋਹੇ ਦਾ ਗ਼ਜ਼ਲਗੋ ਦੋਸਤ ਮੈਥੋਂ ਪਹਿਲਾਂ ਹੀ ਜਾਣ ਲੱਗ ਪਿਆ ਸੀ। ਅਧਿਆਤਮ ਸਮੇਤ ਵਿਗਿਆਨਕ ਤੇ ਤਕਨੀਕੀ ਤਰੱਕੀ ਦੀ ਚਰਚਾ ਛਿੜ ਪੈਂਦੀ। ਮੈਂਨੂੰ ਮਾਹੌਲ ਚੰਗਾ ਲੱਗਾ। ਮੈਂ ਮੋਹੇ ਹੁਰਾਂ ਨਾਲ ‘ਹਾਜ਼ਰੀ’ ਭਰਨ ਲੱਗਾ।

... ਇੱਕ ਦਿਨ ਸਤਿਸੰਗ ਦੌਰਾਨ ਡੀ. ਡੀ. ਸ਼ਰਮਾ ਨੇ ਪੁੱਛਿਆ, ‘ਪਿਤਾ ਜੀ, ਗੁਰੂ ਰਵਿਦਾਸ ਦੀ ਬਾਣੀ ਵਿੱਚ ...।”

“ਗੁਰੂ? ਉਹ ਤਾਂ ਸੰਤ ਵੀ ਨਹੀਂ ਸੀ। ਗੁਰਬਾਣੀ ਵਿੱਚ ਉਨ੍ਹਾਂ ਨੂੰ ਭਗਤ ਕਿਹਾ ਗਿਆ ਹੈ!” ਸਤਿਗੁਰੂ ਸ਼ਰਮਾ, ਜਿਨ੍ਹਾਂ ਨੂੰ ਸਾਰੇ ਪਿਤਾ ਜੀ ਕਹਿ ਕੇ ਬੁਲਾਉਂਦੇ ਸਨ, ਨੇ ਪੂਰਾ ਸਵਾਲ ਸੁਣੇ ਬਗੈਰ ਹੀ, ਜੋ ਪੁੱਛਿਆ ਨਹੀਂ ਸੀ ਉਸ ਦੀ ਵਿਆਖਿਆ ਦਿੱਤੀ। ਸਵਾਲੀ ਨੇ ਚੁੱਪ ਧਾਰ ਲਈ ਕਿ ਸ਼ਾਇਦ ਗੁਰੂ ਨਾਲ ਇਸ ਵੇਲੇ ਗੋਸ਼ਟਿ ਉਚਿਤ ਨਹੀਂ।

... ਤੇ ਫਿਰ ਸਤਿਗੁਰੂ ਨੇ ਆਪਣੇ ਮਨ ਦੀ ਮੌਜ ਵਿੱਚ ਗੱਲ ਤੋਰੀ, “ਮੈਂ ਪਿਛਲੇ ਜਨਮ ਵਿੱਚ ਯੱਗਵਾਲ ਰਿਸ਼ੀ ਸੀ ਤੇ ਮੇਰੀ ਪਤਨੀ ਗਾਰਗੀ ਸੀ ਜੋ ਹੁਣ ਮੇਰੀ ਧੀ ਸ਼ੀਲਾ ਦੇ ਜਾਮੇ ਵਿੱਚ ਮੇਰੇ ਨਾਲ ਹੈ।” ਸਾਰੇ ਸਤਿਸੰਗੀ ਇੱਕ-ਦੂਜੇ ਦੇ ਮੂੰਹ ਵਲ ਦੇਖਣ ਲੱਗੇ ਕਿ ਸਤਿਗੁਰੂ ਅਗਲੇ-ਪਿਛਲੇ ਜਨਮਾਂ ਤੇ ਬ੍ਰਹਿਮੰਡ ਦਾ ਗਿਆਤਾ ਹੈ।

“ਪਿਤਾ ਜੀ, ਅਸੀਂ ਤਾਂ ਇਹ ਸੁਣਿਆ ਹੋਇਆ ਪਈ ਇਹ ਜੱਗ ਮਿੱਠਾ, ਅਗਲਾ ਕਿਸੇ ਨਾ ਡਿੱਠਾ ...।” ਮੈਂ ਸੁਣੀ ਹੋਈ ਗੱਲ ਕੀਤੀ।

“ਗੁਰੂ ਦੀ ਮਹਿਮਾ, ਗੁਰੂ ਦੀ ਲੀਲਾ ਨੂੰ ਕੋਈ ਨਹੀਂ ਜਾਣਦਾ ... ਗੁਰੂ ਕੁਝ ਵੀ ਕਰੇ ਉਸ ’ਤੇ ਕੋਈ ਦੋਸ਼ ਨਹੀਂ, ਕੰਵਲ ਵਾਂਗ ਨਿਰਲੇਪ ਹੈ ...। ਅਗਲੇ-ਪਿਛਲੇ ਸੰਗੀ-ਸਾਥੀ ਲੇਖਾ ਲੈਣ ਲਈ ਇੱਕ-ਦੂਜੇ ਦੇ ਨਾਲੋ-ਨਾਲ ਤੁਰੇ ਆ ਰਹੇ ਹਨ।” ਵੇਦ ਪ੍ਰਕਾਸ਼ ਸ਼ਰਮਾ ਨੇ ਅਗੰਮ-ਅਗੋਚਰ ਬਾਰੇ ਕਈ ਪ੍ਰਵਚਨ ਕੀਤੇ।

“ਪਿਤਾ ਜੀ, ਤੁਸੀਂ ਪੂਰਨ ਗੁਰੂ ਹੋ। ਸਾਰੇ ਗਰੀਬਾਂ ਦਾ ਕਲਿਆਣ ਕਰ ਦਿਓ। ਜਾਤ-ਪਾਤ ਦੇ ਵਿਤਕਰੇ ਖਤਮ ਕਰ ਦਿਓ। ਸਾਰੇ ਬਰਾਬਰ ਹੋ ਜਾਣ।” ਮੈਂ ਆਪਣੇ ਮਨ ਦੀ ਇੱਛਾ ਪੀੜਤ ਵਿਅਕਤੀ ਵਜੋਂ ਪ੍ਰਗਟ ਕੀਤੀ।

“ਦੇਖੋ! ਇਹ ਸਾਰਾ ਪਿਛਲੇ ਜਨਮਾਂ ਦੇ ਕਾਰਨ ਹੈ। ਸਤਿਗੁਰ ਇਹਦੇ ਵਿੱਚ ਦਖ਼ਲ ਨਹੀਂ ਦਿੰਦਾ ਸਗੋਂ ਰਜ਼ਾ ਵਿੱਚ ਰਹਿਣਾ ਸਿਖਾਉਂਦਾ ਹੈ। ਇਸੇ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ... ਤੁਸੀਂ ਆਪ ਹੀ ਦੇਖੋ, ਅਸੀਂ ਵਾਰ-ਵਾਰ ਮੂੰਹ ਧੋਂਦੇ ਹਾਂ, ਵਾਰ-ਵਾਰ ਸ਼ੀਸ਼ਾ ਦੇਖਦੇ ਹਾਂ ਤੇ ਪੈਰਾਂ ਵਲ ਕਿੰਨਾ ਕੁ ਧਿਆਨ ਦਿੰਦੇ ਹਾਂ?”

ਮੈਨੂੰ ਸ਼ੂਦਰ, ਅਤਿ ਸ਼ੂਦਰ ਹੋਣ ਦਾ ਗਿਆਨ ਪੂਰਨ ਸਤਿਗੁਰੂ ਦੇ ਕੋਲ ਬੈਠਿਆਂ ਪਲ ਵਿੱਚ ਹੋ ਗਿਆ। ਉਪਰੰਤ ਮੈਂ ਮੋਹੇ ਨਾਲ ਗੱਲ ਕੀਤੀ। ਉਨ੍ਹਾਂ ਆਖਿਆ, “ਜਨਮ-ਕਰਮ ਹੈ। ਤੂੰ ਆਪਣਾ ਬਰਤਨ ਸਿੱਧਾ ਰੱਖ, ਤਾਂ ਹੀ ਅੰਮ੍ਰਿਤ ਪਵੇਗਾ ... ਉਲਟੇ ਰੱਖੇ ਬਰਤਨ ਨਾਲ ਆਸਥਾ, ਸ਼ਰਧਾ ਤੇ ਵੈਰਾਗ ਨਹੀਂ ਉਪਜਦੇ!”

ਸਤਿਸੰਗ ਦੀ ਸਮਾਪਤੀ ਪਿੱਛੋਂ ਇੱਕ ਟੌਹਰੀ ਜਿਹੇ ਮੁੰਡੇ ਨੇ ਦੋ-ਚਾਰ ਸਤਿਸੰਗੀਆਂ ਨੂੰ ਦੱਸਿਆ, ‘ਇਹ ਹੈ ਤਾਂ ਮੇਰੇ ਮਾਮਾ, ਪਰ ਇਨ੍ਹਾਂ ਦੀਆਂ ਚਾਲਾਂ ਵਿੱਚ ਨਾ ਆਇਓ। ... ਮੁਰਗੇ ਦਾ ਸੂਪ ਪੀਂਦੇ ਨੇ ਤੇ ਕਦੀ-ਕਦੀ ਨਾਲ ਪੈੱਗ ਲਾ ਲੈਂਦੇ ਨੇ।”

ਉਹ ਮੁੰਡਾ, ਜਿਹੜਾ ਮੇਰੇ ਲਈ ਅਜਨਬੀ ਸੀ, ਦੀ ਗੱਲ ’ਤੇ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ।

“ਪਲ ਭਰ ਲਈ ਮੰਨ ਲਿਆ ਕਿ ਪਿਛਲਾ ਜਨਮ ਹੈ ਪਰ ਮਹਾਰਾਜ ਉਸ ਜਨਮ ਦੀ ਪਤਨੀ ਅੱਜ ਧੀ ਦੇ ਜਾਮੇ ਵਿੱਚ ਗਾਰਗੀ ਵਜੋਂ ਪ੍ਰਵਾਨ ਕਿਵੇਂ ਹੋ ਸਕਦੀ ਹੈ?” ਮੈਂ ਮੋਹੇ ਨੂੰ ਸਵਾਲ ਕੀਤਾ।

“ਗੁਰੂ ਦੀ ਨਿੰਦਾ ਕਰਨੀ ਤੇ ਸੁਣਨੀ ਗੁਰਮੁਖ ਲਈ ਪਾਪ ਤੁੱਲ ਹੈ ...।” ਉਨ੍ਹਾਂ ਸੰਖੇਪ ਵਿੱਚ ਸਮਝਾਇਆ।

“ਪਰ ਸੱਚ ਜਾਣਨ ਵਿੱਚ ਕੀ ਹਰਜ਼ ਆ!” ਮੇਰੇ ਆਖੇ ਦੇ ਜਵਾਬ ਵਿੱਚ ਉਨ੍ਹਾਂ ਦੇ ਪੁੱਤਰ ਸੁਖਬੀਰ ਨੇ ਆਖਿਆ, “ਮੈਂ ਸਾਰਾ ਪਤਾ ਲਾਵਾਂਗਾ ਜੋ ਤੁਸੀਂ ਲੱਖਣ ਲਾ ਰਹੇ ਹੋ!”

ਸੁਖਬੀਰ ਨੇ ਕਾਹਲੀ ਨਾਲ ਸਕੂਟਰ ਨੂੰ ਕਿੱਕ ਮਾਰੀ ਤੇ ਥੋੜ੍ਹੀ ਦੇਰ ਪਿੱਛੋਂ ਮਾਯੂਸ ਜਿਹੀ ਆਵਾਜ਼ ਵਿੱਚ ਦੱਸਣ ਲੱਗਾ, “ਪਿਤਾ ਜੀ ਦੀ ਪ੍ਰਿੰਸੀਪਲ ਲੜਕੀ ਨੂੰ ਮਿਲ ਕੇ ਪੁੱਛ ਆਇਆਂ। ਉਹ ਕਹਿੰਦੀ ਆ, ਆਪਣੇ ਪਿਤਾ ਦੀ ਵਜ੍ਹਾ ਕਰ ਕੇ ਮੈਂ ਹੁਣ ਨਾ ਵਿਆਹੀਆਂ ਵਿੱਚ ਹਾਂ ਤੇ ਨਾ ਹੀ ਕੁਆਰੀਆਂ ਵਿੱਚ।”

ਇਨ੍ਹਾਂ ਪੁਸ਼ਟੀਆਂ ਪਿੱਛੋਂ ਬ੍ਰਹਮਾ ਜੀ ਦੇ ਉਹ ਸ਼ਲੋਕ ਮੇਰੀਆਂ ਅੱਖਾਂ ਮੋਹਰੇ ਆਏ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੀ ਧੀ ਪਦਮਾ ਨੂੰ ਸੰਭੋਗ ਲਈ ਭਰਮਾਉਣ ਲਈ ਉਚਾਰੇ ਸਨ ਤੇ ਦਲੀਲ ਦਿੱਤੀ ਸੀ ਕਿ ਸੰਤਾਨ ਦੀ ਪ੍ਰਾਪਤੀ ਹਿਤ ਮਾਂ, ਧੀ, ਭੈਣ ਨਾਲ ਸਹਿਵਾਸ ਕੀਤਾ ਜਾ ਸਕਦਾ ਹੈ। ਮੈਂਨੂੰ ਲੱਗਿਆ ਕਿ ਕਿਤੇ ਇਹ ‘ਮਾਡਲ’ ਹੀ ਉਸ ‘ਸੰਪੂਰਨ ਗੁਰੂ’ ਸਾਹਮਣੇ ਨਾ ਹੋਵੇ।

ਮੇਰੀ ਦੁਬਿਧਾ ਦੇਖ ਕੇ ਮੋਹੇ ਨੇ ਕਿਹਾ, “ਭਾਰਤੀ ਮਿਥ ਵਿੱਚ ਅਜਿਹਾ ਬਹੁਤ ਬਕਵਾਸ ਪੜ੍ਹਿਆ ਤੇ ਸੁਣਿਆ ਸੀ ਪਰ ਇਹ ਤਾਂ ਸੱਚ ਹੋ ਨਿੱਬੜਿਆ ਲਗਦਾ ...।”

ਮੇਰੇ ਮਨ ਵਿੱਚੋਂ ‘ਗੁਰੂ’ ਤੇ ‘ਸਤਿਸੰਗ’ ਸੰਬੰਧੀ ਵਿਚਾਰ ਸਕਿੰਟਾਂ ਵਿੱਚ ਇਉਂ ਅਲੋਪ ਹੋ ਗਏ ਜਿਵੇਂ ਦਫਤਰ ਦੇ ਕੰਪਿਊਟਰ ਦੀਆਂ ਫ਼ਾਈਲਾਂ ਕੁਰੱਪਟ ਹੋ ਗਈਆਂ ਸਨ ਜਾਂ ਉਨ੍ਹਾਂ ਨੂੰ ਵਾਇਰਸ ਨੇ ਖਾ ਲਿਆ ਸੀ ਤੇ ਸਾਰੇ ਬਟਨ ਦਬਾ-ਦਬਾ ਦੇਖਣ ਉੱਤੇ ਵੀ ਮੌਨੀਟਰ ਦੀ ਸਕਰੀਨ ਉੱਤੇ ਕੁਝ ਨਹੀਂ ਆਇਆ ਸੀ। ਮੇਰੀ ‘ਮੁਕਤੀ’ ਹੋ ਗਈ।

ਮੋਹੇ ਤੇ ਉਨ੍ਹਾਂ ਦੀ ਪ੍ਰਵਿਰਤੀ ਦੇ ਲੋਕ ਕਿਸੇ ਪੜਤਾਲੀਆ ਕਮੇਟੀ ਵਾਂਗ ਗੰਭੀਰਤਾ ਨਾਲ ਮਸਲੇ ਦੀ ਘੋਖ ਕਰਨ ਲੱਗੇ। ‘ਘਟਿ ਘਟਿ ਦੇ ਅੰਤਰਜਾਮੀ’ ਕਹਾਉਣ ਵਾਲੇ ਉਸ ‘ਪੂਰਨ ਗੁਰੂ’ ਨੂੰ ਭਿਣਕ ਪੈ ਗਈ ਕਿ ਮੋਹੇ ਕਹਿ ਰਹੇ ਨੇ, “ਇਹ ਦੁਕਾਨ ਬੰਦ ਕਰਾ ਕੇ ਸਾਹ ਲਵਾਂਗੇ!”

‘ਗੁਰੂ’ ਉੱਤੇ ਤਾਂਤ੍ਰਿਕ ਹੋਣ ਦੇ ਦੋਸ਼, ਜਿਨ੍ਹਾਂ ਨੂੰ ਮੋਹੇ ਸਣੇ ਬਹੁਤੇ ਸਤਿਸੰਗੀ ਰੱਦ ਕਰਦੇ ਸਨ, ਆਪਣੀਆਂ ਗੱਲਾਂ ਸਪਸ਼ਟ ਕਹਿਣ ਲੱਗੇ। ‘ਸਤਿਸੰਗ’ ਦੇ ਬਹਾਨੇ ਮਾਇਆ ਇਕੱਠੀ ਕਰਨ ਦਾ ਧੰਦਾ ਠੱਪ ਹੋ ਗਿਆ।

ਗੁਰੂ ਨੇ ਆਪਣੀਆਂ ਕਰਤੂਤਾਂ ਛੁਪਾਉਣ ਲਈ ਇੱਕ ਨਿਕਟ-ਵਰਤੀ ਸਤਿਸੰਗੀ ਕੋਲ ਆਖਿਆ, “ਲੱਖਣ ਲਾਉਣ ਵਾਲੇ ਸਾਰੇ ਸ਼ਡੂਲਡ ਕਾਸਟ ’ਕੱਠੇ ਹੋਇਓ ਆ।”

‘ਪਿਤਾ ਜੀ’ ਕਹਾਉਣ ਵਾਲੇ ਦੇ ਮਨ ਵਿਚਲੀ ਵਿਰਾਸਤੀ ਸੋਚ ਦਾ ਵਿਸਫੋਟ ਹੋ ਗਿਆ।

ਮੋਹੇ ਰੋਹ ਜਿਹੇ ਨਾਲ ਕਹਿੰਦੇ, ਸਾਡੇ ਨਾਲ ਧੋਖਾ ਹੋਇਆ, ਕਿਸੇ ਪਾਸੇ ਦੇ ਨਹੀਂ ਰਹੇ। ਸਾਡਾ ਪਰਿਵਾਰ ਪਿਛਲੇ ਸੱਤਰ-ਅੱਸੀ ਸਾਲ ਤੋਂ ਰਾਧਾ ਸੁਆਮੀ ਮੱਤ ਨਾਲ ਜੁੜਿਆ ਹੋਇਆ ਸੀ। ਮੇਰੀਆਂ ਕਈ ਰਾਤਾਂ ਜਾਗਦਿਆਂ ਤੇ ਰੋਂਦਿਆਂ ਨਿੱਕਲ ਗਈਆਂ!”

“... ਤੇ ਉਹ ਲੇਖਕ ਜਨਾਨੀ?” ਮੈਂ ਹਲੂਣਾ ਦਿੱਤਾ!

“ਚੌਦਾਂ ਸਾਲ ਨਾਲ ਰਹਿ ਕੇ ਉਹ ਵੀ ਅਖੀਰ ਕਹਿ ਗਈ, ਤੁਸੀਂ ਚਮਾਰ ਦੇ ਚਮਾਰ ਹੀ ਰਹੇ।”

ਮੋਹੇ ਉਦਾਸ ਜਿਹੇ ਹੋ ਗਏ। ਮੂੰਹ ਦਾ ਮਾਸ ਸੁੰਗੜ ਗਿਆ ਤੇ ਆਪਣੀ ਧੌਲ਼ੀ ਦਾਹੜੀ ਉੱਤੇ ਹੱਥ ਫੇਰਦਿਆਂ ਲਗਦਾ ਜਿਵੇਂ ਉਸ ਨੂੰ ਪੁੱਟਣ ਲੱਗ ਪਏ ਹੋਣ।

ਇਨ੍ਹਾਂ ਹੀ ਦਿਨਾਂ ਵਿੱਚ ਡਾ. ਮੋਹੇ ਦੀ ਤਰੱਕੀ ਡਿਪਟੀ ਸੈਕਟਰੀ ਵਜੋਂ ਹੋ ਗਈ। ਉਹ ਪੰਜੀਂ-ਸੱਤੀਂ ਮੇਰੇ ਕੋਲ ਗੇੜਾ ਮਾਰਦੇ। ਇੱਕ ਦੁਪਹਿਰ ਆਏ ਤੇ ਕਹਿਣ ਲੱਗੇ, “ਚੱਲ ਚੰਡੂਖ਼ਾਨੇ ਦੋਸਤਾਂ ਨੂੰ ਮਿਲਣ ਚੱਲੀਏ ...।”

“ਗੁਰਚਰਨ ਕਿੰਨਾ ਕੁ ਚਿਰ ਰਹਿ ਗਿਆ ਰਟੈਰਮੈਂਟ ਦਾ?” ਗ਼ਜ਼ਲਗੋ ਨੇ ਰਾਜ਼ੀ-ਖ਼ੁਸ਼ੀ ਤੋਂ ਬਾਅਦ ਡਾਕਟਰ ਮੋਹੇ ਤੋਂ ਪੁੱਛਿਆ।

“ਛੇ ਮਹੀਨੇ!”

“ਚੱਲ ਬਾਅਦ ਵਿੱਚ ਐਸ ਮੋਚੀ ਕੋਲ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਬਹਿ ਜਾਈਂ। ਆਪਣਾ ਵੀ ਆਉਣ-ਜਾਣ ਬਣਿਆ ਰਹੂ ...।”

ਡਾ. ਮੋਹੇ ਨੇ ਵਿਅੰਗ-ਟਿੱਪਣੀ ਵਲ ਬਹੁਤੀ ਤਵੱਜੋ ਨਾ ਦਿੱਤੀ ਤੇ ਗੱਲ ਦਾ ਰੁਖ਼ ਬਦਲਣ ਦੀ ਕੋਸ਼ਿਸ਼ ਕੀਤੀ।

“ਗੁਰਚਰਨ, ਮੈਂ ਕੀ ਕਿਹਾ! ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਇੱਥੇ ਮੋਚੀ ਕੋਲ ਬਹਿ ਜਾਈਂ। ਨਾਲੇ ਸਾਡਾ ਬਹਿਣ-ਉੱਠਣ ਬਣਿਆ ਰਹੂ ...।” ਉਸ ਕਵੀ ਨੇ ਜੁੱਤੀਆਂ ਮੁਰੰਮਤ ਕਰਦੇ ਕਾਰੀਗਰ ਵਲ ਇਸ਼ਾਰਾ ਕਰਦਿਆਂ ਫਿਰ ਆਖਿਆ।

“ਯਾਰ ਮੇਰੇ ਕੋਲ ਹੋਮੀਓਪੈਥੀ ਦੇ ਡਾਕਟਰ ਦੀ ਡਿਗਰੀ ਆ। ਦਵਾਈਆਂ ਦੇ ਕੇ ਲੋਕਾਂ ਦਾ ਭਲਾ ਕਰਾਂਗਾ! ਤਜਰਬਾ ਬਥੇਰਾ ਅੰਗਰੇਜ਼ੀ, ਪੰਜਾਬੀ ਵਿੱਚ ਪੱਤਰਕਾਰੀ ਕਰ ਸਕਦਾਂ। ਐੱਮ.ਏ. ਪਾਸ ਹਾਂ, ਦੋਸਤੀ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ।”

ਥੋੜ੍ਹੇ ਕੁ ਦਿਨਾਂ ਬਾਅਦ ਡਾਕਟਰ ਮੋਹੇ ਤੇ ਮੈਂ ਪੁਰਾਣੇ ਮਿੱਤਰਾਂ ਨੂੰ ਮਿਲਣ ਗਏ। ਗ਼ਜ਼ਲਗੋ ਨੇ ਸਰਕਾਰੀ ਨੌਕਰੀ ਦੀ ਸੇਵਾ-ਮੁਕਤੀ ਬਾਰੇ ਪੁੱਛ-ਗਿੱਛ ਕਰ ਕੇ ਆਖਿਆ, ‘ਗੁਰਚਰਨ ਮੈਂ ਪਹਿਲਾਂ ਵੀ ਆਖਿਆ ਸੀ ਪਈ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਰੱਖ ਕੇ ਆਹ ਨਿੰਮ ਥੱਲੇ ਬਹਿ ਜਾਈਂ, ਸਾਡੀ ਬੈਠਣ-ਉੱਠਣ ਦੀ ਠਾਹਰ ਬਣੀ ਰਹੂਗੀ।”

ਇਸੇ ਦੌਰਾਨ ਤੁਰਤ ਪ੍ਰਤਿਕ੍ਰਿਆ ਵਿੱਚ ਮਾਨਵਵਾਦੀ ਕਵੀ ਦੇ ਮੂੰਹ ਉੱਤੇ ਡਾ. ਮੋਹੇ ਦੇ ਹੱਥਾਂ ਦੇ ਥੱਪੜ ਪੈਣ ਲੱਗੇ। ਮੈਂ ਦੇਖ ਕੇ ਅਣਡਿੱਠ ਕਰਦਿਆਂ ਮੂੰਹ ਦੂਜੇ ਪਾਸੇ ਕਰ ਲਿਆ। ਮੈਂ ਤਿਰਸ਼ੀ ਨਜ਼ਰ ਨਾਲ ਦੇਖਿਆ ਕਿ ਮੋਹਨ ਸਿੰਘ ਬੈਰੀ ਉਨ੍ਹਾਂ ਦੋਹਾਂ ਨੂੰ ਛੁਡਾ ਤੇ ਸਮਝਾ ਰਿਹਾ ਸੀ।

ਹੱਥੋਪਾਈ ਦੀ ਕਾਰਵਾਈ ਮਗਰੋਂ ਮੈਂਨੂੰ ਮਹਿਸੂਸ ਹੋਇਆ ਕਿ ਸਮੁੱਚੀਆਂ ‘ਕੰਮੀ-ਕਮੀਨ’ ਬਰਾਦਰੀਆਂ ਦੀ ਮਾਨਸਿਕਤਾ ਪਿੱਛੇ ਸਦੀਆਂ ਦਾ ਅਮਾਨਵੀ ਦ੍ਰਿਸ਼ਟੀਕੋਣ ਹੈ। ਜਿਨ੍ਹਾਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਜਾਤੀਆਂ ਦੀ ਸਾਂਝ ਨੂੰ ਅਸੀਂ ਪੱਕਿਆਂ ਹੁੰਦੇ ਦੇਖਣਾ ਚਾਹੁੰਦੇ ਹਾਂ, ਉਨ੍ਹਾਂ ਦੀ ਮਾਨਸਿਕ ਪੱਧਰ ਉੱਤੇ ਪਾਟੋਧਾੜ ਉਨ੍ਹਾਂ ਨੂੰ ਇੱਕ-ਦੂਜੇ ਦੇ ਨਜ਼ਦੀਕ ਨਹੀਂ ਆਉਣ ਦਿੰਦੀ। ਮੰਡਲ ਕਮਿਸ਼ਨ ਦੀ ਰਿਪੋਰਟ ਦਾ ਪਛੜੀਆਂ ਜਾਤੀਆਂ ਲਈ ਰਾਖਵੇਂਕਰਣ ਨੂੰ ਲਾਗੂ ਕਰਾਉਣ ਦਾ ਮੋਰਚਾ ਅਨੁਸੂਚਿਤ ਜਾਤੀਆਂ ਨੇ ਲਾਇਆ ਪਰ ਪਛੜੀਆਂ ਜਾਤੀਆਂ ਸਵਰਨਾਂ ਦੇ ਹਿਤਾਂ ਵਿੱਚ ਭੁਗਤ ਗਈਆਂ। ਭੰਨ ਤੋੜ ਹੋਈ, ਅੱਗਾਂ ਲੱਗੀਆਂ ਤੇ ਜਾਨੀ ਨੁਕਸਾਨ ਹੋਇਆ।

... ਮੈਂ ਇਨ੍ਹਾਂ ਸੋਚਾਂ ਦੀ ਨਿਰਖ-ਪਰਖ ਕਰ ਰਿਹਾ ਸੀ ਕਿ ਆਂਧਰਾ ਪ੍ਰਦੇਸ਼ ਦਾ ਮੇਰਾ ਇੱਕ ਕੁਲੀਗ ਐੱਮ.ਕੇ. ਰਾਓ ਆ ਗਿਆ। ਤਾਜ਼ਾ ਹੋਈ ਘਟਨਾ ਦਾ ਮੈਂ ਵੇਰਵਾ ਦਿੱਤਾ ਤੇ ਉਸ ਨੇ ਸਹਿਜ ਹੀ ਅੱਗੋਂ ਦੱਸਿਆ, ‘ਪ੍ਰੇਸ਼ਾਨ ਹੋਨੇ ਕੀ ਜ਼ਰੂਰਤ ਨਹੀਂ, ਹਮਾਰਾ ਜਹਾਂ ਮਹਾਤਮਾ ਗਾਂਧੀ ਸੰਪੂਰਣ ਵਾਂਙਮਯ ਕੇ ਏਕ ਉੱਚ ਅਧਿਕਾਰੀ ਨੇ ਹਮਾਰੀ ਐਸੋਸੀਏਸ਼ਨ ਕੇ ਚੁਨਾਵ ਸਮਯ ਮੇਰੇ ਅਧਿਅਕਸ਼ ਚੁਨੇ ਜਾਨੇ ਪਰ ਕਹਾ, ਅਬ ਸ਼ਡਿਊਲਡ ਕਾਸਟ ਲੋਗੋਂ ਕੋ ਅਪਨੇ ਬਰਾਬਰ ਕੈਸੇ ਬੈਠਾ ਸਕਤੇ ਹੈਂ! ਔਰ ਬਤਾਊਂ? ਮੈਂ ਐੱਸ. ਐੱਫ ਆਈ. ਕਾ ਸਟੇਟ ਜਨਰਲ ਸੈਕਰੇਟਰੀ ਰਹਾ। ਜਬ ਹਮ ਅਸੈਂਬਲੀ ਚੁਨਾਵੋਂ ਦੌਰਾਨ ਤਿਲੰਗਾਨਾ ਏਰੀਆ ਮੇਂ ਅਪਨੇ ਗਾਂਵ ਮੇਂ ਕਾਮਰੇਡ ਲੀਡਰ ਭਾਈਓਂ ਕੋ ਖਾਨੇ ਪੇ ਬੁਲਾਤੇ ਥੇ ਤੋ ਗਾਂਵ ਪ੍ਰਧਾਨ ਹਮਾਰੇ ਘਰੋਂ ਮੇਂ ਖਾਨਾ ਖਾਨੇ ਕੇ ਲੀਏ ਨਹੀਂ ਆਤਾ ਥਾ। ਕਹਿਨੇ ਕੋ ਬਹੁਤ ਪ੍ਰਗਤੀਵਾਦੀ ਹੈਂ ...।”

ਮੈਨੂੰ ਲੱਗਿਆ ਕਿ ਛੂਤ-ਛਾਤ ਦਾ ਕੋਹੜ ਅਜਿਹੀ ਬੀਮਾਰੀ ਹੈ ਜਿਸਦੇ ਕੀਟਾਣੂਆਂ ਦੇ ਮਰਨ ਦੀ ਕੋਈ ਛੇਤੀ ਸੰਭਾਵਨਾ ਨਹੀਂ। ਸਵਿੱਚ ਦਬਾਉਣ ’ਤੇ ਇਕਦਮ ਜਗੇ ਬਿਜਲੀ-ਬਲਬ ਦੀ ਰੌਸ਼ਨੀ ਵਾਂਗ ਖਿਆਲ ਆਇਆ ਕਿ ਹੋ ਸਕਦਾ ਬਰਾਬਰੀ ਵਾਸਤੇ ਮੋਹੇ-ਫ਼ਾਰਮੂਲਾ ਵਧੇਰੇ ਕਾਰਗਰ ਸਾਬਤ ਹੋਵੇ ਜਿਵੇਂ ਮੈਂ ਜਾਤੀਵਾਦ ਦੇ ਮੂੰਹ ਉੱਤੇ ਉਸ ਦਾ ਕਰਾਰਾ ਮਾਨਵਵਾਦੀ ਥੱਪੜ ਲਗਦਾ ਦੇਖਿਆ ਸੀ।

ਛਾਂਗਿਆ ਰੁੱਖ, ਕਾਂਡ ਇੱਕੀਵਾਂ ਅਥਵਾ ਅਖੀਰਲਾ

ਮੇਰੇ ਵਿਆਹ ਦੀ ਮੇਰੇ ਸਣੇ ਗਿਆਰਾਂ ਜਾਂਞੀਆਂ ਦੀ ਬਰਾਤ ਸਹੁਰੇ ਪਿੰਡ ਢੁੱਕੀ। ਸਵਾਗਤ ਵਿਚ ਹੋਰਾਂ ਗੀਤਾਂ ਸਮੇਤ ਜ਼ਨਾਨੀਆਂ ਸਿੱਠਣੀਆਂ ਦੇਣ ਲੱਗੀਆਂ ਜਿਨ੍ਹਾਂ ਵਿੱਚੋਂ ਕੁਝ ਦੇ ਬੋਲ ਇਸ ਤਰ੍ਹਾਂ ਸਨ:

ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਞ ਤਾਂ ਸੱਜਦੀ ਨੲ੍ਹੀਂ
ਨਿਲੱਜਿਓ, ਲੱਜ ਧੁਆਨੂੰ ਨਈਂ।

...

ਬਰਾਤੀਆਂ ਨੂੰ ਬਾਜਾ ਨਾ ਜੁੜਿਆ
ਢਿੱਡ ਵਜਾਉਂਦੇ ਆਏ ...।

ਤੀਵੀਆਂ ਸੁਣਾ-ਸੁਣਾ ਕੇ ਕਹਿੰਦੀਆਂ, ‘ਕਹਿੰਦੇ ਸੀ ਮੁੰਡਾ ਅਬਸਰ ਲੱਗਾ ਆ - ਨਾ ਵੀਡੀਓ ਫਿਲਮ ਬਣਾਉਣ ਆਲਾ ਲਿਆਂਦਾ ... ਨਾ ਕੁਛ ਹੋਰ, ਜਿੱਦਾਂ ਨਿਰੀ ਵਿਆਂਹਦੜ ਕੁੜੀ ਲੈਣ ਆਇਓ ਹੋਣ ... ਕੁਛ ਤਾਂ ਰੌਣਕ ਚਾਹੀਦੀ ਆ ...।’

‘ਮੈਂ ਤਾਂ ਸੁਣਿਆ, ਕਹਿੰਦੇ ਦਾਜ ਨਹੀਂ ਲੈਣਾ!’ ਇਕ ਹੋਰ ਜ਼ਨਾਨੀ ਨੇ ਗੱਲ ਕੀਤੀ।

‘ਮੁਫਤ ਦਾ ਮਾਲ ਕਿਹਨੂੰ ਮਾੜਾ ਲਗਦਾ - ਹੁਣ ਨਹੀਂ ਤਾਂ ਰਾਤ-ਬਰਾਤੇ ਪੁਚਾ ਦੇਣਗੇ - ਨਾਲੇ ਲੋਕੀਂ ਏਦਾਂ ਈ ਕਹਿੰਦੇ ਆ ਭੈਣੇ - ਮਗਰੋਂ ਆਣੀ ਹੋਰ ਮੰਗਣ ਡਹਿ ਪੈਂਦੇ ਆ।’

... ਤੇ ਦੋ-ਢਾਈ ਘੰਟਿਆਂ ਦੇ ਵਿਆਹ ਪਿੱਛੋਂ ਇਕ ਦੁਬਿਧਾ ਭਰੀ ਸੋਚ ਤੰਗ ਕਰਨ ਲੱਗੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮੈਨੂੰ ਅੰਦਰੋ-ਅੰਦਰ ਘੁਣ ਵਾਂਗ ਖਾਈ ਜਾ ਰਹੀ ਸੀ। ਉਹ ਸੀ ਮੁਕਲਾਵੇ ਵਾਲੀ ਰਾਤ ਤੇ ਵਿਆਹੁਤਾ ਜ਼ਿੰਦਗੀ। ਮਾਨਸਿਕ ਡਰ ਹੋਰ ਸੰਘਣਾ ਹੁੰਦਾ ਗਿਆ। ਮਹਿਸੂਸ ਹੁੰਦਾ ਜਿਵੇਂ ਕੋਈ ਬਲਾ, ਕੋਈ ਪਹਾੜ ਮੇਰੇ ’ਤੇ ਆ ਡਿਗਿਆ ਹੋਵੇ। ਇਸ ਫ਼ਿਕਰ ਕਾਰਨ ਮੇਰਾ ਅੱਠ-ਦਸ ਕਿਲੋ ਭਾਰ ਪਹਿਲਾਂ ਹੀ ਘਟ ਗਿਆ ਹੋਇਆ ਸੀ। ਕਈ ਮਖ਼ੌਲ ਕਰਦੇ, ‘ਪਹਿਲਾਂ ਈ ਸੁੱਕਦਾ ਜਾਨਾ, ਕੋਈ ਨਹੀਂ, ਫਿੱਟ ਜਾਊਂਗਾ ਦਿਨਾਂ ਵਿਚ ਈ। ਕਈਆਂ ਨੂੰ ਵਿਆਹ ਦੇਸੀ ਘੇ ਆਂਙੂੰ ਲਗਦਾ।’

ਮੈਂ ਆਪਣੀ ਪਤਨੀ ਨੂੰ ਲੈ ਕੇ ਪੰਜਵੇਂ ਦਿਨ ਦਿੱਲੀ ਆ ਗਿਆ। ਮਹੀਨੇ-ਡੇਢ ਮਹੀਨੇ ਵਿਚ ਮੇਰਾ ਵਜ਼ਨ ਪਹਿਲਾਂ ਜਿੰਨਾ ਹੋ ਗਿਆ ਤੇ ਮਨ ਉੱਚੀਆਂ ਹਵਾਵਾਂ ਵਿਚ ਉੱਡਣ ਲੱਗਾ। ਪਰ ਇਹ ਰੌਂਅ ਬਹੁਤੇ ਦਿਨ ਬਰਕਰਾਰ ਨਾ ਰਿਹਾ ਤੇ ਚਾਰ-ਪੰਜ ਮਹੀਨਿਆਂ ਵਿਚ ਮੈਂ ਹਕੀਕਤ ਦੀ ਜ਼ਮੀਨ ਉੱਤੇ ਆ ਗਿਆ। ਪ੍ਰਤੱਖ ਦਿਸਦੀ ਚਿੰਤਾ ਨੇ ਜਿਵੇਂ ਮੇਰੇ ਪਰ ਕੱਟ ਦਿੱਤੇ ਹੋਣ।

ਦਰਅਸਲ ਮਕਾਨਾਂ, ਦੋ ਭੈਣਾਂ, ਆਪਣੇ ਤੇ ਵੱਡੇ ਭਰਾ ਦੇ ਵਿਆਹਾਂ ਨੇ ਮੈਨੂੰ ਆਰਥਿਕ ਤੰਗੀਆਂ ਦੇ ਡੂੰਘੇ ਸਮੁੰਦਰਾਂ ਵਿਚ ਸੁੱਟ ਦਿੱਤਾ ਹੋਇਆ ਸੀ ਜਿਸ ਵਿੱਚੋਂ ਬਾਹਰ ਨਿਕਲਣ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦਾ। ਜੀ.ਪੀ. ਫੰਡਡ ਵਿੱਚੋਂ ਵਾਰ-ਵਾਰ ਰਕਮਾਂ ਕਢਾਉਂਦਿਆਂ ਤਨਖ਼ਾਹ ਦੋ ਹਜ਼ਾਰ ਰੁਪਏ ਤੋਂ ਵੀ ਘਟ ਗਈ। ਇਸ ਵਿੱਚੋਂ ਤੀਜਾ ਹਿੱਸਾ ਮੈਂ ਆਪਣੇ ਲਈ ਤੇ ਬਾਕੀ ਮਾਧੋਪੁਰ ਤੇ ਵੱਡੇ ਭਰਾ ਨੂੰ ਗੁਜ਼ਾਰਾ ਚਲਾਉਣ ਲਈ ਦੇ ਦਿੰਦਾ।

ਵਿਆਹ ਦੇ ਛੇ ਕੁ ਸਾਲਾਂ ਵਿਚ ਮੈਂ ਤਿੰਨ ਬੱਚਿਆਂ ਦਾ ਬਾਪ ਬਣ ਗਿਆ। ਤੀਜੀ ਭੈਣ ਦਾ ਵਿਆਹ ਕਰ ਦਿੱਤਾ। ਕਿਸ਼ਤ ਜ਼ਿਆਦਾ ਕੱਟ ਹੋਣ ਲੱਗੀ। ਮਹਿੰਗਾਈ ਤੇ ਹੋਰ ਖਰਚਿਆਂ ਵਿਚ ਵਾਧੇ ਨੇ ਘਰ ਦੇ ਮਾਹੌਲ ਵਿਚ ਮਾਨਸਿਕ ਤਣਾਅ ਪੈਦਾ ਕਰ ਦਿੱਤਾ। ਨਤੀਜੇ ਵਜੋਂ ਇਕ ਦਿਨ ਵੱਡੇ ਭਰਾ ਨੇ ਤਲਖ਼ੀ ਨਾਲ ਆਖਿਆ, “ਤੂੰ ਹਰੇਕ ਮਹੀਨੇ ਕਹਿਨਾ ਪਈ ਮਕਾਨ ਕਿਰਾਏ ’ਤੇ ਦੇਖ ਲਊਂਗਾ, ਜਾਂਦਾ ਤਾਂ ਹੈ ਨਹੀਂ। ਅੱਠ ਸੌ ਦਿੰਨਾਂ - ਉਹਦੇ ਨਾਲ ਰੋਟੀ ਚਲਦੀ ਆ? ਉੱਤੋਂ ਤੇਰੇ ਯਾਰ-ਦੋਸਤ ਡਾਰਾਂ ਬੰਨ੍ਹ ਕੇ ਤੁਰੇ ਰਹਿੰਦੇ ਆ। ਜਦੋਂ ਜੁਦੇ-ਬਾਹਰੇ ਹੋਇਆਂ ਦੇ ਸਿਰ ਪਈ ਤਾਂ ਫੇ ਪਤਾ ਲੱਗੂ ਕਿ ਦਾਲਾਂ-ਆਟੇ ਦੇ ਕੀ ਭਾਅ ਆ। ਨਾਲੇ ਘਰ ਕਿੱਦਾਂ ਚਲਦੇ ਆ।’

‘ਜਿਹੜਾ ਅੱਠ ਸੌ ਪਿੰਡ ਭੇਜਦਾਂ, ਉਹ ਕਿਸੇ ਗਿਣਤੀ ਵਿਚ ਨਹੀਂ?’ ਮੈਂ ਦਲੀਲ ਦਿੱਤੀ, ‘ਨਾਲੇ ਪਹਿਲਾਂ ਤੁਸੀਂ ਕਹਿੰਦੇ ਸੀ - ਕੋਈ ਨਹੀਂ ਫੰਡ ਕਢਾ ਲਾ, ਰਲਮਿਲ ਕੇ ਗੁਜ਼ਾਰਾ ਕਰ ਲਮਾਂਗੇ!’

‘ਤੁਸੀਂ ਇੱਥੋਂ ਜਾਓ, ਜਿੰਦਗੀ ਦੇ ਚਾਰ ਦਿਨ ਅਸੀਂ ਬੀ ਸਉਖੇ ਕੱਟ ਲਈਏ!’ ਭਾਬੀ ਨੇ ਸੌ ਦੀ ਇਕ ਸੁਣਾ ਦਿੱਤੀ।

ਮੈਨੂੰ ਲੱਗਿਆ ਜਿਵੇਂ ਘਰ-ਪਰਿਵਾਰ ਨੂੰ ਅੱਗੇ ਲਿਜਾਣ ਦੇ ਮੇਰੇ ਖ਼ਿਆਲਾਂ ਦੀ ਇਮਾਰਤ ਪਿਛਲੇ ਦਿਨੀਂ ਢਾਹੀ ਬਾਬਰੀ ਮਸਜਿਦ ਵਾਂਗ ਢਹਿ ਢੇਰੀ ਕਰ ਦਿੱਤੀ ਗਈ ਹੋਵੇ ਜਿਸ ਨੂੰ ਬਰਕਰਾਰ ਰੱਖਣ ਦਾ ਮੇਰਾ ਦ੍ਰਿੜ੍ਹ ਇਰਾਦਾ ਸੀ। ਮੈਨੂੰ ਜਾਪਿਆ ਜਿਵੇਂ ਵਾਦ-ਸੰਵਾਦ ਦੀ ਜੜ੍ਹ ਖਤਮ ਕਰ ਦਿੱਤੀ ਗਈ ਹੋਵੇ ਤੇ ਭਵਿੱਖ ਨੂੰ ਵਿਚਾਰਿਆ ਹੀ ਨਾ ਗਿਆ ਹੋਵੇ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਉਨ੍ਹਾਂ ਲਈ ਪੈਸੇ ਬਣਾਉਣ ਵਾਲੀ ਮਸ਼ੀਨ ਤੋਂ ਵੱਧ ਕੁਝ ਨਾ ਹੋਵਾਂ।

ਉਸ ਸਵੇਰ ਮੈਂ ਆਪਣੇ ਦੋਸਤ, ਵਿਚੋਲੇ ਤੇ ਪਤਨੀ ਦੇ ਮਾਮੇ ਦੇ ਪੁੱਤ ਮਿਸਰਦੀਪ ਭਾਟੀਆ ਕੋਲ ਗਿਆ। ਦੱਖਣ-ਪੱਛਮ ਦਿੱਲੀ ਦੀਆਂ ਦੂਰ-ਨੇੜੇ ਦੀਆਂ ਬਸਤੀਆਂ ਵਿਚ ਖੱਜਲ-ਖੁਆਰ ਹੋਣ ਪਿੱਛੋਂ ਸਾਨੂੰ ਮੁਨੀਰਕਾ ਵਿਚ ਕਮਰਾ ਮਿਲ ਗਿਆ। ਮੇਰਾ ਦਫ਼ਤਰ ਤੇ ਵੱਡੀ ਧੀ ਦਾ ਸਕੂਲ ਕਿਲੋਮੀਟਰ ਦੇ ਕਰੀਬ। ... ਨਵੇਂ-ਨਵੇਂ ਬਣੇ ਮਕਾਨ ਵਿਚ ਅਸੀਂ ਨਵੇਂ ਭਾਂਡਿਆਂ ਵਿਚ ਦਾਲ-ਸਬਜ਼ੀ ਰਿੱਧੀ ਤੇ ਰੋਟੀ ਖਾਧੀ। ਪੰਜ ਜਣਿਆਂ ਦਾ ਸਾਡਾ ਟੱਬਰ ਇਕ ਰਜਾਈ ਵਿਚ ਬੈੱਡ ਉੱਤੇ ਸੁੱਤਾ। ਨਾ ਹੋਰ ਮੰਜਾ ਨਾ ਕੱਪੜਾ, ਪਰ ਕਿਤਾਬਾਂ ਮੇਰੇ ਅੰਗ-ਸੰਗ।

ਇੱਥੇ ਰਹਿਣ ਦੇ ਪਹਿਲੇ ਦੋ-ਤਿੰਨ ਦਿਨਾਂ ਵਿਚ ਛੋਟੇ ਭਰਾ ਵਰਗਾ ਮਦਨ ਵੀਰਾ ਆਪਣੀ ਪਤਨੀ ਨਾਲ ਜੁੜਵੇਂ ਬੱਚਿਆਂ ਨੂੰ ਲੈ ਕੇ ਮਿਲਣ ਆਇਆ। ਅਸੀਂ ਪਤੀ-ਪਤਨੀ ਇਕ ਦੂਜੇ ਦੇ ਮੂੰਹ ਵਲ ਦੇਖਣ ਲੱਗੇ।

‘ਮਦਨ, ਆਹ ਰੱਦੀ ਬਿੱਲੇ ਲਾਈਏ ਪਹਿਲਾਂ, ਗੰਦ ਪਿਆ ਆ’ ਬਹਾਨੇ ਨਾਲ ਮੈਂ ਖੰਡ ਤੇ ਬਿਸਕੁਟ ਲੈ ਆਇਆ। ਤਨਖ਼ਾਹ ਮਕਾਨ ਦਾ ਅਗਾਉਂ ਕਿਰਾਇਆ ਤੇ ਰਸੋਈ ਦਾ ਨਿਕਸੁਕ ਲਿਆਉਣ ਨਾਲ ਪਹਿਲਾਂ ਹੀ ਮੁੱਕ ਗਈ ਸੀ।

‘ਪਹਿਲੀ ਵਾਰੀ ਨਿਆਣੇ ਲੈ ਕੇ ਆਈ ਸੀ - ਸਾਡੇ ਕੋਲੋਂ ਦਸ ਰੁਪਏ ਵੀ ਨਾ ਜੁੜੇ ਉਨ੍ਹਾਂ ਲਈ!’ ਪਤਨੀ ਨੇ ਭਰੇ ਮਨ ਨਾਲ ਕਿਹਾ।

ਦੂਜੇ ਬੰਨੇ, ਮੈਂ ਆਪਣੀਆਂ ਸੋਚਾਂ ਵਿਚ ਭੱਜ-ਟੁੱਟ ਰਿਹਾ ਸੀ। ਮੈਂ ਜਦੋਂ ਦਫ਼ਤਰੋਂ ਆਉਂਦਾ ਤਾਂ ਮਕਾਨ ਮਾਲਕ ਆਪਣੀ ਬੈਠਕ ਮੋਹਰੇ ਹੁੱਕਾ ਪੀਂਦਾ ਅਕਸਰ ਪੁੱਛਦਾ, ,ਭਾਈ, ਨਰਾਜ ਮੱਤ ਹੋਨਾ, ਆਪ ਕਿਸ ਜਾਤੀ ਕੇ ਹੋ?’

‘ਹਮ ਸਿੱਖ ਹੈਂ!’ ਮੈਂ ਆਪਣੀ ਪੱਗ ਸੁਆਰਦਿਆਂ ਦੱਸਿਆ।

'ਗੁੱਸਾ ਨਾ ਕਰਨਾ, ਮੈਂ ਏਕ ਵਾਰ ਰੇਲ ਗਾੜੀ ਮੇਂ ਬੈਠ ਕਰ ਆਗਰਾ ਸੇ ਦਿੱਲੀ ਆ ਰਹਾ ਥਾ - ਏਕ ਸਰਦਾਰ ਔਰ ਉਸ ਕੀ ਬੀਵੀ ਭੀ ਪਾਸ ਬੈਠੇ ਥੇ। ਅੱਛੇ ਕੱਪੜੇ ਪਹਿਨੇ ਹੂਏ ਥੇ, ਆਦਮੀ ਪੜ੍ਹਾ-ਲਿਖਾ ਲਗਤਾ ਥਾ। ਔਰ ਮੈਂ ਪੰਜਾਬ ਕੇ ਬਾਰੇ ਕਈ ਬਾਤੇਂ ਉਸ ਸੇ ਪੂਛਤਾ ਰਹਾ - ਜਾਨਤਾ ਰਹਾ ...।’

‘ਅੱਛਾ!’

‘... ਤੋ ਮੈਂ ਉਸ ਸੇ ਉਸ ਕੀ ਜਾਤੀ ਪੂਛੀ! ਤੁਮ੍ਹਾਰੀ ਤਰਹ ਉਸ ਨੇ ਭੀ ਅਪਨੇ ਕੋ ਸਿੱਖ ਬਤਾਇਆ। ਮੈਨੇ ਕਹਾ - ਸਿਖੋਂ ਮੇਂ ਭੀ ਜਾਤੀਆਂ ਹੈਂ, ਆਪ ਕਿਸ ਜਾਤੀ ਕੇ ਹੋ? ਪਹਿਲੇ ਤੋ ਵੋਹ ਝਿਜਕਤਾ ਰਹਾ - ਆਖ਼ਿਰ ਉਸ ਨੇ ਬਤਾਇਆ ਕਿ ਮੈਂ ਰਾਮਦਾਸੀਆ ਹੂੰ ...।’

‘ਚਲੋ ਬਾਤਚੀਤ ਮੇਂ ਅੱਛਾ ਵਕਤ ਕਟ ਗਯਾ ਹੋਗਾ ...।’

‘ਜਬ ਉਸ ਨੇ ਅਪਨੇ ਕੋ ਰਾਮਦਾਸੀਆ ਬਤਾ ਦੀਆ ਤੋ ਉਸ ਕੇ ਆਗੇ ਮੈਂ ਕਿਆ ਬਾਤ ਕਰਨੀ ਥੀ - ਮੈਂ ਦੂਸਰੀ ਤਰਫ਼ ਮੂੰਹ ਕਰ ਕੇ ਬੈਠ ਗਯਾ!’ ਬਜ਼ੁਰਗ ਗੁੱਜਰ ਨੇ ਫ਼ਖ਼ਰ ਨਾਲ ਦੱਸਿਆ।

‘ਅਗਰ ਵੋਹ ਝੂਠ ਬੋਲ ਕਰ ਊਂਚੀ ਜਾਤੀ ਕਾ ਬਤਾ ਦੇਤਾ ਤੋ?’

‘... ਤੋ ਪਾਪ ਕਾ ਅਧਿਕਾਰੀ ਹੋਤਾ!’ ਇਹ ਕਹਿ ਕੇ ਉਹਨੇ ਕੋਲ ਪਈ ਰੰਮ ਦੀ ਬੋਤਲ ਗਲਾਸ ਵਿਚ ਉਲੱਦੀ ਤੇ ਸੁੱਕੀ ਹੀ ਇੱਕੋ ਸਾਹੇ ਚਾੜ੍ਹ ਗਿਆ।

ਮੇਰੇ ਮਨ ਵਿਚ ਉਸ ਅਨਪੜ੍ਹ ਬਜ਼ੁਰਗ ਬਾਰੇ ਬੁਰੇ ਖ਼ਿਆਲ ਆਉਂਦੇ। ਮੈਨੂੰ ਲੱਗਿਆ ਜ਼ਲਾਲਤ ਦਾ ਦੌਰ ਸ਼ੁਰੂ ਹੋ ਗਿਆ ਹੈ। ਨਿੱਤ ਦੀ ਪੁੱਛ-ਪੜਤਾਲ ਤੋਂ ਤੰਗ ਆ ਕੇ ਮੈਂ ਹੋਰ ਮਕਾਨ ਦੀ ਤਲਾਸ਼ ਕਰਨ ਲੱਗਾ।

ਇਕ ਵਾਕਿਫ਼ ਪਰਿਵਾਰ ਦੀ ਔਰਤ ਕੋਲ ਮੈਂ ਆਰ.ਕੇ. ਪੁਰਮ ਦੇ ਸੈਕਟਰ ਸੱਤ ਵਿਚ ਗਿਆ। ਉਹ ਛੱਤ ਉੱਤੇ ਧੁੱਪੇ ਬੈਠੀ ਸਵੈਟਰ ਬੁਣ ਰਹੀ ਸੀ।

‘ਤੁਸੀਂ ਪੰਜ ਹਜ਼ਾਰ ਅਡਵਾਂਸ ਦੇ ਜਾਓ, ਇਹ ਕੁਆਟਰ ਅਸੀਂ ਧੁਆਨੂੰ ਦੇ ਦਿਆਂਗੇ। ਅੱਜਕੱਲ੍ਹ ਇਨ੍ਹਾਂ ਕਲਾਸ ਫੋਰ ਕੁਆਟਰਾਂ ਦਾ ਦਸ-ਦਸ ਹਜ਼ਾਰ ਅਡਵਾਂਸ ਚਲਦਾ। ਆਪਣੀ ਤਾਂ ਘਰ ਆਲੀ ਗੱਲ ਆ!’

ਅਸੀਂ ਨਵੇਂ ਮਕਾਨ ਵਿਚ ਚਾਅ ਨਾਲ ਰਹਿਣ ਲੱਗੇ। ਪਰ ਬੇਟੀ ਦਾ ਸੈਕਟਰ ਤਿੰਨ ਵਿਚਲਾ ਸਕੂਲ ਦੂਰ ਹੋ ਗਿਆ। ਨਾ ਮੇਰੇ ਕੋਲ ਸਾਇਕਲ ਤੇ ਨਾ ਬੱਸ ਤੋਂ ਸਿਵਾ ਕੋਈ ਸਾਧਨ। ਗਰਮੀਆਂ ਦੀਆਂ ਸਿਖਰ ਦੁਪਹਿਰਾਂ ਨੂੰ ਉਹਨੂੰ ਸਕੂਲੇ ਲੈਣ ਜਾਂਦਾ, ਘਰ ਛੱਡ ਕਾਹਲੀ ਨਾਲ ਦਫ਼ਤਰ ਨੂੰ ਮੁੜਦਾ। ਸੋਚਾਂ ਆਉਂਦੀਆਂ, ਜੇ ਵੱਡਾ ਭਰਾ ਸਕੂਲ ਦਾ ਸੈਸ਼ਨ ਪੂਰਾ ਕਰਵਾ ਦਿੰਦਾ ਤਾਂ ਕੀ ਲੋਹੜਾ ਆ ਜਾਣਾ ਸੀ? ਮਾਂ ਦੇ ਉਹ ਬੋਲ ਮੈਨੂੰ ਮੁੜ-ਮੁੜ ਯਾਦ ਆਉਂਦੇ, ‘ਹੁਣ ਤਿੰਨ ਘਰ ਬਣ ਗਏ। ‘ਕੱਠੇ ਰਹਿੰਦੇ ਤਾਂ ਇਨ੍ਹਾਂ ਦੋਹਾਂ ਛੋਟੇ ਕੁੜੀ-ਮੁੰਡੇ ਦੇ ਵਿਆਹ ਕਰ ਕੇ ਜਿੱਦਾਂ ਮਰਜੀ ਜੁਦੇ ਜੁਦੇ ਰਹਿ ਲੈਂਦੇ।’

ਖ਼ੈਰ, ਇਸੇ ਹਾਲਤ ਵਿਚ ਪੰਜ ਮਹੀਨੇ ਲੰਘ ਗਏ ਕਿ ਇਕ ਮੋਟੀ ਜ਼ਨਾਨੀ ਸਾੜ੍ਹੀ ਸੰਭਾਲਦੀ ਅੰਦਰ ਆ ਵੜੀ। ਉੱਚੀ-ਉੱਚੀ ਬੋਲਣ ਲੱਗੀ, ‘ਤੁਮ ਕੌਨ ਹੋ? ਮੇਰੇ ਕਵਾਟਰ ਮੇਂ ਬਿਨਾਂ ਪੂਛੇ ਕੈਸੇ ਘੁਸ ਆਏ ਹੋ?’

ਔਰਤ ਦੇ ਰੂਪ ਵਿਚ ਆਈ ਇਸ ਨਵੀਂ ਸਮੱਸਿਆ ਨੇ ਸਾਡੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਦਿੱਤਾ। ਉਹ ਜ਼ਨਾਨੀ ਬੈੱਡ ਉੱਤੇ ਬਹਿ ਗਈ ਤੇ ਰੋਹਬ ਨਾਲ ਗੱਲ ਕਰਨ ਲੱਗੀ। ਅਸੀਂ ਇਕ-ਦੂਜੇ ਵੱਲ ਦੇਖਣ ਲੱਗੇ। ਨਿਆਣੇ ਕੰਨ ਕੋਲ ਮੂੰਹ ਕਰ ਕੇ ਸਾਨੂੰ ਪੁੱਛਦੇ, ‘ਇਹ ‘ਟੁਨਟੁਨ’ ਕਦੋਂ ਜਾਵੇਗੀ - ਸਾਰਾ ਬੈੱਡ ਮੱਲ ਕੇ ਪੈ ਗਈ ਆ - ਅਸੀਂ ਕਿੱਥੇ ਸੌਣਾ?’

‘ਮੇਰੇ ਪਾਸ ਕਿਰਾਇਆ ਪਹੁੰਚਤਾ ਰਹਤਾ ਤੋ ਮੇਰੇ ਕੋ ਕਿਆ ਇਤਰਾਜ ਥਾ ...।’ ਉਸ ‘ਮਾਲਕਣ’ ਨੇ ਚਾਹ-ਪਾਣੀ ਪੀਣ ਪਿੱਛੋਂ ਕਿਹਾ।

‘ਹਮਾਰੇ ਸੇ ਤੋ ਵੋਹ ਪਾਂਚ ਹਜ਼ਾਰ ਅਡਵਾਂਸ ਲੇ ਗਏ ਥੇ ਔਰ ਪਾਂਚ ਸੌ ਰੁਪਏ ਮਹੀਨਾ ਕਿਰਾਏ ਕਾ ਵਸੂਲ ਕਰ ਰਹੇ ਹੈਂ। ਉਨਹੋਂ ਨੇ ਹਮਾਰੇ ਕੋ ਕਹਾ ਥਾ, ਬੇਫ਼ਿਕਰ ਹੋ ਕਰ ਰਹੋ। ਹਮ ਨੇ ਸਾਰੀ ਬਾਤ ਕਰ ਰੱਖੀ ਹੈ, ਪਾਂਚ ਸੌ ਅਡਵਾਂਸ ਮੇਂ ਕਟਤਾ ਰਹੇਗਾ!’ ਅਸੀਂ ਦੱਸਿਆ।

‘ਯਾਨੀ ਏਕ ਹਜ਼ਾਰ ਕਿਰਾਇਆ! ਖ਼ੁਦ ਤੋ ਪਾਂਚ ਸੌ ਦੇਤੀ ਰਹੀ ਅਬ ਤਕ ਅਪਨੇ ਕਿਰਾਏ ਕਾ!’ ਮਾਲਕਣ ਨੇ ਦੱਸਿਆ। ਗੱਲਾਂ ਸੁਣ-ਸੁਣ ਅਸੀਂ ਹੈਰਾਨ ਹੁੰਦੇ ਗਏ। ਉਹਤੋਂ ਥੋੜ੍ਹਾ ਵਕਤ ਲੈ ਕੇ ਜਿਵੇਂ-ਕਿਵੇਂ ਅਸੀਂ ਉਹਨੂੰ ਪਿਛਲਾ ਕਿਰਾਇਆ ਦਿੱਤਾ।

ਦਰਅਸਲ ਸਾਡੇ ਉਸ ਚਿਰੋਕਣੇ ਜਾਣਕਾਰ ਪਰਿਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਤਾ ਸੀ ਕਿ ਇਨ੍ਹਾਂ ਕੁਆਟਰਾਂ ਦੇ ਅੱਗੇ ਕਿਰਾਏ ਉੱਤੇ ਦੇਣ ਦੀ ਜਾਂਚ-ਪੜਤਾਲ ਹੋਣ ਵਾਲੀ ਹੈ। ਉਨ੍ਹਾਂ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਸੀ ਤੇ ਆਪ ਉੱਥੋਂ ਜਾਂਦਿਆਂ ਕੁੰਜੀ ਸਾਡੇ ਹੱਥ ਫੜਾ ਦਿੱਤੀ ਸੀ। ਇਸ ਸਾਰੀ ਹੇਰਾ-ਫੇਰੀ ਦਾ ਸਾਡੇ ਪੁੱਛਣ ’ਤੇ ਉਨ੍ਹਾਂ ਝਿੜਕ ਕੇ ਆਖਿਆ, ‘ਪ੍ਰਾਪਰਟੀ ਡੀਲਰ ਜਿਹੜੇ ਕਿਰਾਏ ਦੇ ਕਮਰੇ ਦੁਆਉਂਦੇ ਆ। ਤਿੰਨ ਮਹੀਨਿਆਂ ਦਾ ਕਿਰਾਇਆ ਲੈਂਦੇ ਆ ਤੇ ਤੁਸੀਂ ਸਾਨੂੰ ਵਾਰ-ਵਾਰ ਪੈਸੇ ਪੁੱਛ ਕੇ ਸਾਡੀ ਬੇਇੱਜ਼ਤੀ ਕਰਦੇ ਹੋ। ਖ਼ਬਰਦਾਰ ਜੇ ਮੁੜ ਪੈਸਿਆਂ ਦਾ ਪੁੱਛਣ ਆਏ!’

ਕੇਂਦਰੀ ਲੋਕ ਨਿਰਮਾਣ ਵਿਭਾਗ ਵਲੋਂ ਦਿਨ-ਰਾਤ ਛਾਪੇ ਮਾਰੇ ਜਾਣ ਲੱਗੇ। ਪਤਾ ਲੱਗਾ ਕਿ ਸਾਡੇ ਵਾਲੇ ਕੁਆਟਰ ਦਾ ਨਾ ਕਿਸੇ ਨੇ ਪਿਛਲੇ ਦਸਾਂ ਸਾਲਾਂ ਤੋਂ ਬਿਜਲੀ ਦਾ ਬਿਲ ਤਾਰਿਆ ਸੀ ਤੇ ਨਾ ਹੀ ਕਿਰਾਇਆ ਜਮ੍ਹਾਂ ਕਰਾਇਆ ਸੀ। ਕਾਰਨ, ‘ਟੁਨਟੁਨ’ ਕੁਝ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਤੇ ਉਸ ਨੇ ਕਿਰਾਇਆ ਵਸੂਲਣ ਤੋਂ ਇਲਾਵਾ ਕੁਝ ਨਾ ਸੋਚਿਆ। ਉਂਜ ਵੀ ਕਲਾਸ ਫੋਰ ਕੁਆਟਰਾਂ ਦਾ ਬਿਜਲੀ-ਪਾਣੀ ਨਹੀਂ ਕੱਟਿਆ ਜਾਂਦਾ ਸੀ।

ਓਧਰ ਡਾਕਟਰ ਗੁਰਚਰਨ ਸਿੰਘ ਮੋਹੇ ਮੇਰੇ ਖਹਿੜੇ ਪਏ ਹੋਏ ਸਨ ਕਿ ਸਾਡੇ ਨਾਲ ਕੇਰਲ ਚੱਲ। ਐੱਲ ਟੀ ਸੀ ਲੈ ਕੇ। ਦੂਜਾ ਬੱਚਿਆਂ ਦੇ ਨੌਮਾਹੀ ਇਮਤਿਹਾਨ। ਪਤਨੀ ਨਰਾਜ਼ ਹੋਣ ਦਾ ਡਰ। ਜਦੋਂ ਦੱਖਣ ਤੋਂ ਬਾਰਾਂ ਦਿਨਾਂ ਉਪਰੰਤ ਪਰਤਿਆ ਤਾਂ ਗੁਆਂਢੀਆਂ ਨੇ ਹੇਠਾਂ ਪੌੜੀਆਂ ਕੋਲ ਮੈਨੂੰ ਦੱਸਿਆ, ‘ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ, ਅਸੀਂ ਸਾਰਿਆਂ ਨੇ ਮਿਲ ਕੇ ਕਿਹਾ, ‘ਦੋ ਦਿਨਾਂ ਵਿਚ ਖਾਲੀ ਕਰ ਦੇਣਗੇ।’

ਅਗਲੇ ਦਿਨ ਅਸੀਂ ਇਕ ਮਿੱਤਰ ਕੋਲ ਆਰਜ਼ੀ ਤੌਰ ’ਤੇ ਸਮਾਨ ਟਿਕਾ ਲਿਆ। ਹਫ਼ਤੇ ਅੰਦਰ ਸਾਨੂੰ ਆਰ.ਕੇ. ਪੁਰਮ ਦੇ ਸੈਕਟਰ ਅੱਠ ਵਿਚ ਪੰਜ ਹਜ਼ਾਰ ਰੁਪਏ ਪੇਸ਼ਗੀ ਸਣੇ ਸਖ਼ਤ ਸ਼ਰਤਾਂ ਉੱਤੇ ਕਮਰਾ ਮਿਲ ਗਿਆ।

ਇਸ ਸਰਕਾਰੀ ਮਕਾਨ ਦੀ ਮਾਲਕਣ ਇਕ ਕਰੈੱਚ ਚਲਾਉਂਦੀ ਸੀ। ਬੱਚਿਆਂ ਨੂੰ ਦਬਕੇ ਮਾਰ-ਮਾਰ ਸੁਲਾ ਰੱਖਦੀ। ਸਾਡਿਆਂ ਨੂੰ ਦਿਨ ਵੇਲੇ ਨਾ ਬਾਹਰ ਨਿਕਲਣ ਦਿੰਦੀ ਤੇ ਨਾ ਹੀ ਬੋਲਣ। ਉਹਨੇ ਮਜਬੂਰੀ ਖੜ੍ਹੀ ਕਰ ਦਿੱਤੀ, ‘ਭਾਈ ਸਾਹਬ ਆਪ ਕੇ ਬੱਚੇ ਬਹੁਤ ਸ਼ੋਰ ਕਰਤੇ ਹੈਂ। ਆਪ ਕਾ ਪਰਿਵਾਰ ਭੀ ਬੜਾ ਹੈ। ਕੱਪੜੇ ਧੋਨੇ ਮੇਂ ਪਾਣੀ ਬਹੁਤ ਲਗਤਾ ਹੈ। ਦੋ-ਚਾਰ ਦਿਨ ਮੇਂ ਕਮਰਾ ਖ਼ਾਲੀ ਕਰ ਦੋ!’

ਉਹਦੇ ਪਤੀ ਦਾ ਪਿਛਲੇ ਦਿਨੀਂ ਮੈਨੂੰ ਕਿਹਾ ਇਕ ਵਾਕ ਚੇਤੇ ਆਇਆ, ‘ਭਾਈ ਸਾਹਬ ਆਪ ਸਾਰਾ ਬਾਥਰੂਮ ਗੀਲਾ ਕਰ ਦੇਤੇ ਹੋ। ਜਰਾ ਆਗੇ ਕੋ ਹੋ ਕਰ ਇਸ਼ਨਾਨ ਕੀਆ ਕਰੋ! ਪੜ੍ਹੇ ਲਿਖੇ ਹੋ, ਜ਼ਿਆਦਾ ਕਹਤੇ ਭੀ ਹਮ ਅੱਛੇ ਨਹੀਂ ਲਗਤੇ।’

ਮੇਰੇ ਹੌਸਲੇ ਨੂੰ ਢਾਹ ਲਾਉਣ ਵਾਲਾ ਇਕ ਨਵਾਂ ਸਿਲਸਿਲਾ ਸਾਹਮਣੇ ਆ ਗਿਆ। ਝੋਰਾ ਹੁੰਦਾ, ਨਵੇਂ ਸਕੂਲ ਵਿਚ ਬੱਚਿਆਂ ਦੇ ਦਾਖ਼ਲੇ ਉੱਤੇ ਹਜ਼ਾਰਾਂ ਰੁਪਏ ਲੱਗੇ। ਹੁਣ ਤਿੰਨਾਂ ਮਹੀਨਿਆਂ ਬਾਅਦ ਫਿਰ ਘਰੋਂ-ਬੇਘਰ। ਉਧਾਰ ਕਿੱਥੋਂ ਚੁੱਕੀ ਜਾਵਾਂ। ਮੈਨੂੰ ਭਾਈਆ ਯਾਦ ਆਉਂਦਾ। ਸਮੱਸਿਆਵਾਂ ਤੇ ਮਜਬੂਰੀਆਂ ਦੌਰਾਨ ਉਹਦਾ ਦ੍ਰਿੜ ਇਰਾਦਾ, ਉਹਦੇ ਵਲੋਂ ਚੁੱਕੇ ਉਧਾਰ-ਕਰਜ਼ੇ। ਤੇ ਕਮਾਈ? ਖੂਹ ਦੀ ਮਿੱਟੀ ਖੂਹ! ਉਹਦੀ ਸੂਰਮਗਤੀ ਤੇ ਪੱਕੇ ਇਰਾਦੇ ਤੋਂ ਮੈਨੂੰ ਅੱਗੇ ਵਧਣ ਦੀ ਹਿੰਮਤ ਮਿਲਦੀ ਕਿ ਮੈਨੂੰ ਤਾਂ ਬੱਝਵੀਂ ਤਨਖ਼ਾਹ ਮਿਲਦੀ ਹੈ।

ਮੈਂ ਮਨ ਵਿਚ ਤੇ ਪਤਨੀ ਨਾਲ ਸਲਾਹ ਕਰ ਕੇ ਫ਼ੈਸਲਾ ਕਰ ਲਿਆ ਕਿ ਸਰਕਾਰੀ ਕੁਆਟਰਾਂ ਦੇ ਗੇੜ ਵਿਚ ਨਹੀਂ ਪੈਣਾ। ਮੈਨੂੰ ਰਹਿ-ਰਹਿ ਗੁੱਸਾ ਆਉਂਦਾ ਜੋ ਕਹਿੰਦੇ, ‘ਐੱਸ. ਸੀ. ਲੋਕਾਂ ਨੂੰ ਝੱਟ ਕੁਆਟਰ ਮਿਲ ਜਾਂਦਾ!’ ਮੇਰੀ ਨੌਕਰੀ ਪੰਦਰਾਂ ਸਾਲ ਹੋ ਚੱਲੀ ਆ, ਹਰ ਸਾਲ ਕੁਆਟਰ ਲਈ ਅਰਜ਼ੀ ਦਿੰਦਾਂ - ਮਿਲਣਾ ਕਦੋਂ ਨੂੰ? ਜਦੋਂ ਦੋ-ਚਾਰ ਸਾਲ ਨੌਕਰੀ ਰਹਿ ਜਾਊ?

ਤੇ ਉਹ ਮਾਲਕਣ ਕਹਿਣ ਲੱਗੀ, ‘ਜਬ ਜਾਨਾ ਹੀ ਹੈ, ਸਾਮਾਨ ਭੀ ਬੰਧਾ ਹੂਆ। ਬੂੰਦਾ-ਬਾਂਦੀ ਇਤਨੀ ਤੋ ਹੈ ਨਹੀਂ, ਫੁਹਾਰ ਸੀ ਹੈ। ... ਬਾਦਲ ਕੁਝ ਐਸਾ ਹੀ ਰਹਨੇ ਵਾਲਾ ਹੈ ...।’

ਅਸੀਂ ਸਾਮਾਨ ਟੈਂਪੂ ਵਿਚ ਲੱਦਿਆ ਤੇ ਪਾਲਮ ਪਿੰਡ ਦੇ ਜੈਨ ਮੁਹੱਲੇ ਵਿਚ ਕਿਰਾਏ ਦੇ ਮਕਾਨ ਮੋਹਰੇ ਜਾ ਰੋਕਿਆ। ਨਿਆਣੇ ਨਾਲ਼ੀਆਂ ਵਿਚ ਤਰਦੀਆਂ ਟੱਟੀਆਂ ਦੇਖ ਕੇ ਨੱਕ ਚਾੜ੍ਹਨ ਲੱਗੇ। ਪਤਨੀ ਕਾਫ਼ੀ ਬੁਖ਼ਾਰ ਦੌਰਾਨ ਵੀ ਨਿਆਣੇ ਲੈ ਕੇ ਅੰਦਰ ਬੈਠੀ ਹੀ ਸੀ ਕਿ ਮਾਲਕਣ ਉਹਦੇ ਕੋਲ ਆ ਬੈਠੀ।

ਬਾਰਿਸ਼ ਜਾਰੀ ਸੀ ਜਦੋਂ ਅਸੀਂ ਸਾਮਾਨ ਲਾਹਿਆ। ਪਤਨੀ ਦਾ ਬੁਖ਼ਾਰ ਨਾਲ ਮੂੰਹ ਲਾਲ ਹੋਇਆ ਦਿਖਾਈ ਦਿੰਦਾ। ਉਹ ਮਾਲਕਣ ਨਾਲ ਗੱਲਾਂ ਕਰਦੀ ਤਕਲੀਫ਼ ਮਹਿਸੂਸ ਕਰਦੀ ਦਿਸਦੀ। ਉਹਦੇ ਜਾਣ ਪਿੱਛੋਂ ਮੈਨੂੰ ਦੱਸਣ ਲੱਗੀ, ‘ਬੁੜ੍ਹੀ ਪੁੱਛਦੀ ਗਈ ਆ, ਤੁਮ ਕੌਨ ਹੋਤੇ ਹੋ, ਜੈਸੇ ਪੰਡਿਤ ਔਰ ਦੂਸਰੇ ਲੋਗ ਹੋਤੇ ਹੈਂ!’

‘ਤੇ ਤੂੰ ਕੀ ਕਿਹਾ?’

‘ਮੈਂ ਕਿਹਾ, ਅਸੀਂ ਸਰਦਾਰ ਹੁੰਨੇ ਆਂ। ਆਪਾਂ ਸਲਾਹ ਕਰ ਲਈਏ ਕਿ ਜਾਤ ਕੀ ਦੱਸਣੀ ਆ ਜੇ ਉਹਨੇ ਫਿਰ ਪੁੱਛਿਆ ਤਾਂ! ਇਹ ਨਾ ਹੋਵੇ ਪਈ ਤੁਸੀਂ ਕੁਛ ਹੋਰ ਦੱਸ ਦਿਓ ਤੇ ਮੈਂ ਕੁਛ ਹੋਰ!’

ਅਸੀਂ ਅੱਧੀ ਰਾਤ ਤਕ ਵਿਚਾਰੀਂ ਪਏ ਰਹੇ। ਖ਼ਿਆਲ ਆਉਂਦਾ - ਇਨ੍ਹਾਂ ਲੋਕਾਂ ਨੂੰ ਕਿਰਾਏ ਨਾਲ ਮਤਲਬ ਹੈ - ਸਾਡੀ ਜਾਤ ਵਿੱਚੋਂ ਇਨ੍ਹਾਂ ਨੇ ਛਿੱਕੂ ਲੈਣਾ? ਜਾਤ ਦੇ ਕਲੰਕ ਨੇ ਸ਼ਹਿਰ ਆ ਕੇ ਵੀ ਸਾਡਾ ਪਿੱਛਾ ਨਹੀਂ ਛੱਡਿਆ, ਕਹਿਣ ਨੂੰ ਇੱਥੇ ਪੜ੍ਹੇ-ਲਿਖੇ ਲੋਕ ਰਹਿੰਦੇ ਹਨ।

'ਗੱਲੀਂ-ਗੱਲੀਂ ਕਰੈੱਚ ਵਾਲੀ ਸ਼ੇਸ਼ਾ ਜਾਤ ਦਾ ਬਥੇਰਾ ਪੁੱਛਦੀ ਰਹੀ ਪਰ ਮੈਂ ਪੱਲਾ ਨਹੀਂ ਫੜਾਇਆ ਸੀ। ਇਸ ਬੁੜ੍ਹੀ ਨੇ ਸਮਾਨ ਵੀ ਨਹੀਂ ਰੱਖਣ ਦਿੱਤਾ ਤੇ ਪੁਣ-ਛਾਣ ਕਰਨ ਡਹਿ ਪਈ ...।’ ਉਹਨੇ ਜ਼ਰਾ ਕੁ ਰੁਕ ਕੇ ਫਿਰ ਆਖਿਆ, ‘ਜੇ ਸ਼ੇਸ਼ਾ ਬੱਚਿਆਂ ਦਾ ਸੈਸ਼ਨ ਪੂਰਾ ਕਰਾ ਦਿੰਦੀ ਤਾਂ ਉਹਨੂੰ ਕੀ ਫ਼ਰਕ ਪੈ ਜਾਣਾ ਸੀ। ਮੀਟਰ ਬੰਦ ਕੀਤਾ ਹੋਇਆ ਸੀ। ਘਾਹ ਤੇ ਸਬਜ਼ੀ ਨੂੰ ਪਾਣੀ ਛੱਡ ਰੱਖਦੀ ਆ। ਸਾਡੀ ਵਾਰੀ ਕਹਿੰਦੀ; ਅਖੇ ਧੁਆਡਾ ਪਰਿਵਾਰ ਵੱਡਾ ਆ, ਉਹਦੇ ਦੋ ਨਿਆਣੇ ਤੇ ਸਾਡੇ ਤਿੰਨ ...।’

‘ਉਹਨੂੰ ਵੀ ਕਿਤੇ ਜਾਤ ਦੀ ਭਿਣਕ ਤਾਂ ਨਹੀਂ ਪੈ ਗਈ ਸੀ? ਕੁਆਟਰ ਦੇ ਬਾਹਰ ਮੋਟੇ-ਵੱਡੇ ਅੱਖਰਾਂ ਦੀ ਨੇਮ ਪਲੇਟ ਨਹੀਂ ਦੇਖੀ - ਗੋਪਾਲ ਸਿੰਘ ਗੌੜ!’

‘ਇਹਦੇ ਬਾਰੇ ਮੈਂ ਕੀ ਕਹਿ ਸਕਦੀ ਆਂ ਪਰ ਪੁੱਛਦੀ ਸੀ ਕਿ ਜੇ ਤੁਸੀਂ ਸਰਦਾਰ ਹੋ ਤਾਂ ਜੂੜੀ ਕਿਉਂ ਨਹੀਂ ਰੱਖਦੇ?’

‘ਨਵਾਂ ਸਕੂਲ ਮੀਲ ਭਰ ਦੂਰ ਆ - ਕਮਾਈ ਕੀ ਕਰੇ! ਸਾਇਕਲ ਲੈ ਲਓ - ਨਹੀਂ ਤਾਂ ਰਿਕਸ਼ਾ ਲੁਆ ਲਓ ਨਿਆਣਿਆਂ ਲਈ।’

ਮੁੜ-ਘਿੜ ਕੇ ਮੇਰੀਆਂ ਸੋਚਾਂ ਦੀ ਸੂਈ ਵੱਡੇ ਭਰਾ ਉੱਤੇ ਟਿਕ-ਟਿਕ ਕਰਦੀ ਰੁਕਦੀ ਕਿ ਉੱਥੇ ਇਕ-ਇਕ ਕੁਆਟਰ ਵਿਚ ਪੰਦਰਾਂ-ਪੰਦਰਾਂ ਜੀਅ ਰਹਿੰਦੇ ਆ - ਮਾਂ-ਪਿਓ, ਭੈਣ-ਭਰਾ ਤੇ ਉਨ੍ਹਾਂ ਦੇ ਬੱਚੇ! ਜੇ ਅਸੀਂ ਉੱਥੇ ਟਿਕੇ ਰਹਿੰਦੇ ਤਾਂ ਚੌਥੀ ਭੈਣ ਦਾ ਵਿਆਹ ਕਰਨਾ ਸੌਖਾ ਹੋ ਜਾਣਾ ਸੀ।

ਪਤਨੀ ਮੇਰੇ ਮਨ ਦੀ ਸਥਿਤੀ ਨੂੰ ਜਾਂਚ ਲੈਂਦੀ ਤੇ ਕਹਿੰਦੀ, ‘ਬਹੁਤੀਆਂ ਸੋਚਾਂ ਵਿਚ ਨਹੀਂ ਪਈਦਾ - ਬਾਪ ਦੀ ਕਬੀਲਦਾਰੀ ਪੁੱਤ ਈ ਨਜਿੱਠਦੇ ਹੁੰਦੇ ਆ - ਤੰਦਰੁਸਤੀ ਰਹਿਣੀ ਚਾਹੀਦੀ ਆ - ਸਭ ਕੁਛ ਠੀਕ ਹੋ ਜਾਣਾ! ਆਰਾਮ ਨਾਲ ਸੌਂ ਜਾਓ!’

ਮੈਨੂੰ ਧਰਵਾਸ ਜਿਹਾ ਮਿਲਦਾ ਕਿ ਮੈਂ ਇਕੱਲਾ ਨਹੀਂ, ਦੋ ਜਣੇ ਹਾਂ । ਇਕ-ਇਕ ਗਿਆਰਾਂ ਹੁੰਦੇ ਹਨ।

ਪਾਲਮ ਦੇ ਜੈਨ ਪਰਿਵਾਰ ਦੇ ਕਿਰਾਏ ’ਤੇ ਸਾਡੇ ਨਾਲ ‘ਮਰਦਾ ਕੀ ਨਾ ਕਰਦਾ’ ਵਾਲੀ ਗੱਲ ਹੋਈ। ਮੀਟਰ ਦਾ ਪੁਰਾਣਾ ਬਿਲ ਸਾਨੂੰ ਤਾਰਨਾ ਪਿਆ। ਸਾਡੇ ਕਮਰੇ ਵਿਚ ਜਦੋਂ ਬਿਜਲੀ ਨਾ ਹੁੰਦੀ, ਮਾਲਕਾਂ ਦੇ ਤਾਂ ਵੀ ਹੁੰਦੀ। ਰੋਜ਼ਾਨਾ ਦੀ ਸਮੱਸਿਆ ਤੋਂ ਤੰਗ ਹੋ ਕੇ ਇਕ ਦਿਨ ਮੈਂ ਕਿਹਾ, ‘ਮੱਛਰ ਬਹੁਤ ਹੈ, ਤੁਹਾਡੇ ਪਲੱਗ ਵਿੱਚੋਂ ਤਾਰ ਲਾ ਕੇ ਪੱਖਾ ਚਲਾ ਲੈਂਦੇ ਹਾਂ - ਬੱਚੇ ਸੌਂ ਜਾਣਗੇ।’

‘ਨਹੀਂ, ਹਮਾਰੇ ਲੋਡ ਕਮ ਹੋ ਜਾਏਗਾ।’ ਮਾਈ ਦੀ ਨੂੰਹ ਨੇ ਸਾਫ਼ ਮਨ੍ਹਾਂ ਕਰ ਦਿੱਤਾ ਜਦ ਕਿ ਉਨ੍ਹਾਂ ਨੇ ਖੰਭੇ ਤੋਂ ਸਿੱਧੀਆਂ ਤਾਰਾਂ ਖਿੱਚੀਆਂ ਹੋਈਆਂ ਸਨ।

ਪਾਣੀ ਦੀ ਉਡੀਕ ਵਿਚ ਮੈਂ ਕਦੇ ਅੱਧੀ ਰਾਤ ਨੂੰ ਤੇ ਕਦੇ ਤੜਕੇ ਨੂੰ ਉੱਠਦਾ। ਪਾਣੀ ਦੇ ਘੱਟ ਦਬਾਅ ਕਾਰਨ ਮੇਰੇ ਦੋ-ਢਾਈ ਘੰਟੇ ਪਾਣੀ ਭਰਨ ਨੂੰ ਲਗਦੇ। ਨੀਂਦ ਪੂਰੀ ਨਾ ਹੁੰਦੀ। ਪੜ੍ਹਾਈ-ਲਿਖਾਈ ਦੀ ਸਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਦਾ ਗਲ਼ਾ ਘੁਟਦਾ ਮਹਿਸੂਸ ਹੁੰਦਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਮਕਾਨ ਸਕੂਲ ਨੇੜੇ ਲੈਣ ਦਾ ਫ਼ੈਸਲਾ ਕੀਤਾ।

ਹੁਣ ਅਸੀਂ ਮਹਾਂਵੀਰ ਐਨਕਲੇਵ, ਪਾਲਮ ਪਿੰਡ ਦੇ ਵਿਸਤਾਰ ਦੀ ਇਕ ਕਾਲੋਨੀ ਵਿਚ ਬੀ.ਡੀ. ਸ਼ਰਮਾ ਦੇ ਘਰ ਮਕਾਨ ਲੈ ਲਿਆ। ਉਹ ਪੰਜਾਬ ਦੇ ਅੱਤਵਾਦ ਦੌਰਾਨ ਉੱਜੜ ਕੇ ਤੇ ਆਪਣਾ ਸਭ ਕੁਝ ਵੇਚ-ਵੱਟ ਕੇ ਇੱਥੇ ਆ ਟਿਕੇ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤੇ ਵਪਾਰੀਆਂ ਦੇ ਇੱਥੇ ਕਾਰੋਬਾਰ ਹਨ। ਉਨ੍ਹਾਂ ਦੀਆਂ ਧੀਆਂ ਮੇਰੀ ਪਤਨੀ ਨੂੰ ਗੱਲੀਂ-ਬਾਤੀਂ ਜਾਤ ਪੁੱਛਦੀਆਂ। ਉਹ ਵੀ ਕਿਸੇ ਅਨੁਭਵੀ ਵਿਅਕਤੀ ਵਾਂਗ ਗੱਲ ਗੋਲਮੋਲ ਕਰਦੀ ਤੇ ਕਹਿੰਦੀ, ‘ਲੋਕਾਂ ਨੂੰ ਖਬਰੇ ਰੋਟੀ ਨਹੀਂ ਪਚਦੀ ਜਿੰਨਾ ਚਿਰ ਜਾਤ ਦਾ ਪਤਾ ਨਹੀਂ ਲਾ ਲੈਂਦੇ।’

ਕਿਰਾਇਆਂ ਉੱਤੇ ਰਹਿਣ ਦੀਆਂ ਸਮੱਸਿਆਵਾਂ ਬਾਰੇ ਇਕ ਦਿਨ ਮੈਂ ਆਪਣੇ ਇਕ ਕੁਲੀਗ ਨਾਲ ਗੱਲ ਕੀਤੀ ਤੇ ਉਸ ਨੇ ਅੱਗੋਂ ਜੁਗਤ ਦੱਸੀ, ‘ਦੇਖ ਹੁਣ ਤੂੰ ਪੱਗ ਤਾਂ ਬੰਨ੍ਹਦਾ ਨਹੀਂ, ਕਮਰਾ ਸਸਤੇ ਕਿਰਾਏ ’ਤੇ ਲੈਣ ਲਈ ਨਾਟਕ ਕਰਨਾ ਪੈਂਦਾ। ਸੁਣ ਜਰਾ, ਇਕ ਦਿਨ ਮੈਂ ਜੈਨੀਆਂ ਦੇ ਮੁਹੱਲੇ ਛੱਤ ਉੱਤੇ ਟਹਿਲ ਰਿਹਾ ਸੀ ਕਿ ਇਕ ਆਦਮੀ ਨਾਲ ਦੀ ਛੱਤ ਉੱਤੇ ਘੁੰਮ ਰਿਹਾ ਸੀ। ਉਹਨੇ ਜਨੇਊ ਕੰਨ ਉੱਤੇ ਚੜ੍ਹਾਇਆ ਹੋਇਆ ਤਾਂ ਕਿ ਦੂਰੋਂ ਹੀ ਉਹਦੀ ਪਛਾਣ ਹੋ ਸਕੇ। ਮੈਂ ਉਹਨੂੰ ਦੇਖਿਆ ਤੇ ਪੁੱਛਿਆ, ਪ੍ਰਸ਼ੋਤਮ, ਯਾਰ ਤੂੰ? ਇੱਥੇ ਕਦੋਂ ਆਇਆਂ? ਨਾਲੇ ਕਦੋਂ ਦਾ ਬਾਹਮਣ ਬਣ ਗਿਆਂ? ਮੈਨੂੰ ਤੂੰ ਦੱਸਿਆ ਸੀ ਕੋਟੇ ਵਿਚ ਆਇਆਂ। ਉਹ ਅੱਗੋਂ ਕਹਿੰਦਾ, “ਹੌਲੀ ਬੋਲ, ਲੋਕ ਮਕਾਨ ਦੇਣ ਲਈ ਪਹਿਲਾਂ ਸੌ ਗੱਲਾਂ ਪੁੱਛਦੇ, ਨਖ਼ਰੇ ਕਰਦੇ ਸੀ। ਯਾਰਾਂ ਨੂੰ ਜੁਗਤ ਸੁੱਝੀ, ਚੁਆਨੀ ਦਾ ਧਾਗਾ ਲਿਆਂਦਾ ਤੇ ਜਨੇਊ ਬਣਾ ਕੇ ਪਾ ਲਿਆ। ਹੁਣ ਇਹ ਸਾਰੇ ਜਾਟ-ਜੈਨੀ ਪੰਡਤ ਜੀ, ਪੰਡਤ ਜੀ ਕਹਿੰਦੇ ਅੱਗੇ-ਪਿੱਛੇ ਫਿਰਦੇ ਆ।’

‘ਮੇਤੋਂ ਨਹੀਂ ਏਦਾਂ ਦੀ ਦੋਹਰੀ-ਤੇਹਰੀ ਜ਼ਿੰਦਗੀ ਬਤੀਤ ਹੋ ਸਕਦੀ। ਆਪਾਂ ਨੂੰ ਇਸ ਬੀਮਾਰੀ ਵਿਰੁੱਧ ਚੇਤਨਾ ਲਿਆਉਣੀ ਚਾਹੀਦੀ ਆ ...।’ ਮੈਂ ਸਹਿਜ ਹੀ ਆਖਿਆ, ‘ਬਹੁਤਾ ਕਿਰਾਇਆ ਦੇ ਕੇ ਸ਼ਾਨ ਨਾਲ ਰਹਿਣਾ ਮੇਰੇ ਵੱਸ ਦੀ ਗੱਲ ਨਹੀਂ।’

‘ਖਾਹ ਫੇ ਧੱਕੇ, ਸਾਨੂੰ ਕੀ!’ ਉਸ ਮਲਕਚਾਰੇ ਕਿਹਾ।

ਬੀ.ਡੀ. ਸ਼ਰਮਾ ਨੇ ਅਚਾਨਕ ਅਗਲੇ ਮਹੀਨੇ ਤੋਂ ਕਮਰੇ ਦਾ ਕਿਰਾਇਆ ਤਿੰਨ ਸੌ ਰੁਪਏ ਵਧਾ ਦਿੱਤਾ। ਦੂਜੀ ਸ਼ਰਤ ਇਹ ਰੱਖੀ ਕਿ ਜੇ ਕਿਰਾਇਆ ਨਹੀਂ ਵਧਾਉਣਾ ਤਾਂ ਆਪਣੇ ਤਿੰਨੋਂ ਬੱਚੇ ਸਾਡੇ ਸਕੂਲ ਪੜ੍ਹਨ ਪਾਓ।

... ਤੇ ਫਿਰ ਦੋ ਹਫ਼ਤੇ ਮਕਾਨ ਭਾਲਦਿਆਂ ਲੱਗ ਗਏ। ਇਕ ਬਿਹਾਰੀ ਔਰਤ ਨੇ ਕਿਹਾ, ‘ਆਪ ਕਾ ਪਰਿਵਾਰ ਬਹੁਤ ਬੜਾ ਹੈ।’ ਇਕ ਹਿਮਾਚਲੀ ਨੇ ਮੇਰੇ ਤੇ ਮੇਰੀ ਨੌਕਰੀ ਬਾਰੇ ਜਾਣਨ ਤੋਂ ਬਾਅਦ ਆਖਿਆ, ‘ਇੰਨੇ ਸਾਲ ਹੋ ਗਏ ਦਿੱਲੀ ਰਹਿੰਦਿਆਂ, ਅਜੇ ਐਦਾਂ ਈ ਤੁਰੇ ਫਿਰਦੇ ਹੋ? ਸ਼ਰਾਬੀ-ਕਬਾਬੀ ਜਾਂ ਐਬੀ ਤਾਂ ਨਹੀਂ ਹੋ?”

ਕਈ ਮਕਾਨ-ਮਾਲਕ ਸਾਰੀ ਪੁੱਛ-ਪ੍ਰਤੀਤ ਤੋਂ ਬਾਅਦ ਕਿਰਾਇਆ ਇੰਨਾ ਵਧਾ ਕੇ ਦੱਸ ਦਿੰਦੇ ਕਿ ਅਸੀਂ ਉਹ ਮਕਾਨ ਲੈਣ ਦੀ ਸਥਿਤੀ ਵਿਚ ਨਾ ਹੁੰਦੇ। ਪਤਨੀ ਦੀ ਪਹਿਲੀ ਤੋਂ ਲੈ ਕੇ ਬੀ.ਏ. ਤਕ ਦੀ ਸਹੇਲੀ ਕਈ ਵਾਰ ਸਾਨੂੰ ਖ਼ਾਲੀ ਹੋਏ ਮਕਾਨਾਂ ਦੀ ਦੱਸ ਪਾਉਂਦੀ। ਉਹੀ ਸਾਨੂੰ ਆਪਣੀ ਇਸ ਕਾਲੋਨੀ ਵਿਚ ਲੈ ਕੇ ਆਈ ਸੀ। ਉਹਦੇ ਯਤਨਾਂ ਨਾਲ ਉਹਦੇ ਘਰ ਪਿਛਲੀ ਗਲ਼ੀ ਵਿਚ ਸਾਨੂੰ ਹੇਠਲਾ ਨ੍ਹੇਰੇ ਨਾਲ ਭਰਿਆ ਮਕਾਨ ਮਿਲ ਗਿਆ।

ਦੋ-ਚਾਰ ਦਿਨਾਂ ਮਗਰੋਂ ਹਰਿਆਣਵੀ ਮਾਲਕਣ ਨੇ ਮੇਰੀ ਪਤਨੀ ਨੂੰ ਪੁੱਛਿਆ, ‘ਤੁਮ ਭੀ ਬਲਜੀਤ (ਪਤਨੀ ਦੀ ਸਹੇਲੀ) ਕੀ ਜਾਤ ਕੇ ਜਾਟ ਭਾਈ ਹੋ? ਉਨ ਕੀ ਤੋਂ ਬਹੁਤ ਜਮੀਨ ਹੈ!’

ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬਲਜੀਤ ਦੇ ਨਿਆਣੇ ‘ਮਾਸੀ ਜੀ-ਮਾਸੀ ਜੀ’ ਕਰਦੇ ਆ ਗਏ ਤੇ ਮਾਲਕਣ ਚੁੱਪ ਕਰ ਕੇ ਆਪਣੇ ਕਮਰੇ ਅੰਦਰ ਚਲੇ ਗਈ।

ਜਾਤੀ ਦੀ ਜਾਣਕਾਰੀ ਲਈ ਘੋਖ ਦਾ ਕੰਮ ਸ਼ਾਇਦ ਅਜੇ ਮੁੱਕਿਆ ਨਹੀਂ ਸੀ।

‘ਬਲਬੀਰ ਜੀ ਆ ਜਾਓ! ਏਕ-ਏਕ ਰੰਮ ਕਾ ਪੈੱਗ ਲੇਂਗੇ।’ ਮਕਾਨ ਮਾਲਕ ਸਾਬਕਾ ਫ਼ੌਜੀ ਨੇ ਆਖਿਆ ਤੇ ਮੈਨੂੰ ਸੋਫ਼ੇ ਉੱਤੇ ਬਹਿੰਦੇ ਨੂੰ ਪੁੱਛਿਆ, ‘ਅੱਛਾ ਤੋ ਆਪ ਕਾ ਘਰ ਗਾਂਵ ਮੇਂ ਹੈ! ਗਾਂਵ ਕੇ ਅੰਦਰ ਹੈ ਕਿ ਬਾਹਰ!’

‘ਗਾਂਵ ਮੇਂ ਹੈ ...।’ ਇਸ ਨਵੀਂ ਪੜਤਾਲੀਆ ਜੁਗਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ‘ਮੈਂ ਪੀਂਦਾ ਨਹੀਂ’ ਕਹਿ ਕੇ ਉੱਠ ਪਿਆ ਨਹੀਂ ਤਾਂ ਖ਼ਬਰੇ ਹੋਰ ਕੀ-ਕੀ ਜਵਾਬ ਦੇਣੇ ਪੈਂਦੇ।

ਇਸ ਮਕਾਨ ਵਿਚ ਅਸੀਂ ਦਸ ਕੁ ਮਹੀਨੇ ਰਹਿ ਕੇ ਉਨ੍ਹਾਂ ਨੂੰ ਦੱਸਿਆ, ‘ਬੱਚਿਆਂ ਨੂੰ ਸੜਕ ਪਾਰ ਕਰਦਿਆਂ ਦੇਖ ਕੇ ਡਰ ਲਗਦਾ ਰਹਿੰਦਾ, ਅਸੀਂ ਉੱਧਰਲੇ ਪਾਸੇ ਪਲਾਟ ਲੈ ਲਿਆ। ਬੱਸ ਹੁਣ ਮਕਾਨ ਬਣਾਉਣਾ ਸ਼ੁਰੂ ਕਰਨਾ।’

ਮੈਂ ਪਤਨੀ ਨੂੰ ਮੁਸਕਰਾਉਂਦਿਆਂ ਦੇਖਿਆ, ਸ਼ਾਇਦ ਉਹਨੂੰ ਮੇਰੇ ਬੋਲ ਸੁਣ ਪਏ ਸਨ। ਅਗਲੇ ਦਿਨ ਅਸੀਂ ‘ਆਪਣੇ’ ਨਵੇਂ ਮਕਾਨ ਦੀ ਤੀਜੀ ਮੰਜ਼ਿਲ ਉੱਤੇ ਸਾਮਾਨ ਟਿਕਾ ਲਿਆ।

ਸਾਢੇ ਚਾਰ ਸਾਲਾਂ ਵਿਚ ਕਿਰਾਏ ਦਾ ਛੇਵਾਂ ਮਕਾਨ ਤੇ ਵੱਡੀ ਧੀ ਦਾ ਛੇਵਾਂ ਸਕੂਲ ਹੋ ਗਿਆ। ਹਰ ਨਵੇਂ ਸਕੂਲ ਵਿਚ ਪੈਸੇ ਦੀ ਲੁੱਟ। ਮੇਰੇ ਘਰਦੇ ਸੁਨੇਹੇ ਘੱਲਦੇ, ‘ਨਿਆਣੇ ਲੈ ਕੇ ਲਾਂਭੇ ਹੋਇਆ - ਚਿੱਤ ਵਿਚ ਆਵੇ ਤਾਂ ਦੋ-ਚਹੁੰ ਮਹੀਨੀਂ ਪੰਜ-ਸੱਤ ਸੌ ਭੇਜ ਦਿੰਦਾ - ਨਹੀਂ ਤਾਂ ਅੱਲਾ-ਅੱਲਾ, ਖ਼ੈਰ-ਸੱਲਾ।’

ਮਨ ਵਿਚ ਉਬਾਲ ਜਿਹਾ ਚੜ੍ਹਦਾ ਕਿ ਆਪਣੇ ਇਨ੍ਹਾਂ ਹਾਲਾਤ ਦਾ ਦੋਸ਼ ਕਿਸ ਸਿਰ ਧਰਾਂ? ਇਹਦੇ ਲਈ ਕਿਹੜੀਆਂ-ਕਿਹੜੀਆਂ ਧਿਰਾਂ ਜ਼ਿੰਮੇਵਾਰ ਹਨ! ਸੋਚਦਾ, ਇਹ ਸੋਚਾਂ ਮੈਨੂੰ ਕਿਤੇ ਪੜ੍ਹਾਈ-ਲਿਖਾਈ ਤੋਂ ਦੂਰ ਨਾ ਕਰ ਦੇਣ। ਮੇਰੀ ਕਵਿਤਾ ਨੂੰ ਮਾਨਤਾ ਮਿਲ ਰਹੀ ਹੈ। ਕੁਝ ਪੁਰਸਕਾਰ ਤੇ ਸਨਮਾਨ ਹਾਸਿਲ ਹੋਏ ਹਨ। ਇਸ ਤੋਂ ਮੋਹ-ਭੰਗ ਨਹੀਂ ਹੋਣਾ ਚਾਹੀਦਾ। ਇਨ੍ਹਾਂ ਵਿਚਾਰਾਂ ਤੇ ਹੋਰ ਘਰੇਲੂ ਹਾਲਾਤ ਦੀ ਪੜਤਾਲ ਕਰਦਿਆਂ ਮੈਂ ਹਿੰਦੀ-ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਨੂੰ ਵਧੇਰੇ ਸ਼ਿੱਦਤ ਨਾਲ ਕਰਨ ਲੱਗਾ। ਮੈਂ ਮੇਜ਼-ਕੁਰਸੀ ਉੱਤੇ ਪਹਿਲੀ ਵਾਰ ਪੜ੍ਹਨ-ਲਿਖਣ ਲੱਗਾ, ਨਹੀਂ ਤਾਂ ਹੁਣ ਤਕ ਇਸ ਦੀ ਅਣਹੋਂਦ ਕਾਰਨ ਬੈੱਡ ਉੱਤੇ ਚੌਕੜੀ ਮਾਰ ਕੇ ਹੀ ਕੰਮ ਕਰਦਾ ਰਿਹਾ ਸੀ। ਲੱਕ-ਲੱਤਾਂ ਤਾਂ ਦੁਖਣ ਲੱਗ ਪੈਂਦੇ ਸਨ।

‘ਲੱਜਾ’ ਦਾ ਆਰਸੀ ਪਬਲਿਸ਼ਰਜ ਤੇ ‘ਐਡਵਿਨਾ ਤੇ ਨਹਿਰੂ’ ਦਾ ਅਨੁਵਾਦ ਨਵਯੁਗ ਪਬਲੀਸ਼ਰਜ਼ ਵਾਸਤੇ ਕੀਤਾ। ਭਾਪਾ ਪ੍ਰੀਤਮ ਸਿੰਘ ਜੀ ਦੇ ਚਾਂਦਨੀ ਚੌਕ ਵਾਲੇ ਦਫ਼ਤਰ ਦਾ ਮੈਨੂੰ ਅਚਨਚੇਤ ਚੇਤੇ ਆਇਆ ਜਦੋਂ ਲਾਲ ਕਿਲੇ ਦੇ ਸਾਹਮਣੇ ਉਨ੍ਹਾਂ ਕੋਲ ਜਾਂਦਿਆਂ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੇ ਵੱਡਿਆਂ ਨੂੰ ਲੋਕਾਂ ਦੀਆਂ ਜੂਠੀਆਂ ਕੂੜੇ ਵਜੋਂ ਸੁੱਟੀਆਂ ਪੱਤਲਾਂ ਚੱਟਦਿਆਂ ਕਈ ਵਾਰ ਦੇਖਿਆ ਸੀ। ਫੁੱਟਪਾਥ ਉੱਤੇ ਉਨ੍ਹਾਂ ਦੇ ਬਿਨਾਂ ਛੱਤ ਦੇ ‘ਘਰ’ ਅਤੇ ਉਨ੍ਹਾਂ ਦੇ ਨੰਗੇ ਪੈਰਾਂ ਤੇ ਗੰਦੇ ਲੀੜਿਆਂ ਤੇ ਕੇਲਿਆਂ-ਸੇਬਾਂ ਦੀਆਂ ਰੇਹੜੀਆਂ ਥੱਲੇ ਬੰਨ੍ਹੀਆਂ ਪੱਲੀਆਂ ਵਿਚ ਸੁੱਤੇ ਬੰਦਿਆਂ ਨੂੰ ਦੇਖ ਕੇ ਮੈਂ ਕੰਬ ਜਿਹਾ ਗਿਆ ਸੀ।

ਮੈਨੂੰ ਇਨ੍ਹਾਂ ਖ਼ਿਆਲਾਂ ਨੇ ਕਾਫ਼ੀ ਊਰਜਾ ਦਿੱਤੀ ਕਿ ਜ਼ਿੰਦਗੀ ਦਾ ਸੰਘਰਸ਼ ਹਰ ਥਾਂ ਹੈ। ਲੱਤਾਂ ਪਸਾਰਨ ਲਈ ਮੈਨੂੰ ਆਪਣੀ ਚਾਦਰ ਵੱਡੀ ਕਰਨ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਖ਼ਿਆਲ ਆਉਂਦਾ, ਬੇਗਾਨੇ ਘਰ ਵਿਚ ਕਿਰਾਏਦਾਰੀ ਲਾਹਨਤ ਹੈ, ਅਪਮਾਨ ਤੇ ਹੇਠੀ ਕਰਾਉਣ ਤੁੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਮੈਂ ਉੱਚੇ ਕਿੰਗਰਿਆਂ ਵਾਲੇ ਚੁਬਾਰਿਆਂ ਦੇ ਹਾਣ ਦਾ ਹੋਣ ਲਈ ਉਪਰਾਲੇ ਕਰਨ ਲੱਗਾ।

Exclusive Interview with
Balbir Madhopuri

What Client's Say?